Share on Facebook

Main News Page

ਖੂਬੁ ਤੇਰੀ ਪਗਰੀ ਮੀਠੇ ਤੇਰੇ ਬੋਲ
ਸੱਚਾ ਤੇ ਪੱਕਾ ਅਕਾਲੀ ਦਸਤਾਰ ਲੁਹਾਉਣ ਤੇ ਛਿੱਤਰ ਪੋਲੇ ਤੋਂ ਬਾਅਦ ਹੀ ਬਣਦਾ ਹੈ
-: ਜਸਬੀਰ ਸਿੰਘ ਪੱਟੀ
093560 24684

ਭਗਤ ਨਾਮਦੇਵ ਜੀ ਨੇ ਪਗੜੀ ਦੀ ਵਿਸ਼ੇਸ਼ ਸਿਫਤ ਕਰਦਿਆਂ ਲਿਖਿਆ ਹੈ: 'ਖੂਬੁ ਤੇਰੀ ਪਗਰੀ ਮੀਠੇ ਤੇਰੇ ਬੋਲ॥ ਦ੍ਵਾਰਿਕਾ ਨਗਰੀ ਕਾਹੇ ਕੇ ਮਗੋਲ॥' (ਪੰਨਾ 727) ਇੱਕ ਪਾਸੇ ਤਾਂ ਫਰਾਂਸ ਸਮੇਤ ਹੋਰ ਦੇਸ਼ਾਂ ਵਿੱਚ ਪਗੜੀ ਦੇ ਮੁੱਦੇ ਨੂੰ ਲੈ ਕੇ ਸਿੱਖ ਜਦੋ ਜਹਿਦ ਕਰ ਰਹੇ ਹਨ ਤੇ ਦੂਸਰੇ ਪਾਸੇ ਸਿੱਖਾਂ ਦੀਆ ਦਸਤਾਰਾਂ ਵਿਧਾਨ ਸਭਾ ਤੋ ਲੈ ਕੇ ਪੰਚਾਇਤ ਤੱਕ, ਹਰ ਸ਼ਹਿਰ ਤੇ ਲੈ ਕੇ ਪਿੰਡ ਤੱਕ, ਹਰ ਗਲੀ ਮੁਹੱਲੇ ਤੱਕ ਅਤੇ ਧਾਰਮਿਕ ਅਸਥਾਨਾਂ ਵਿੱਚ ਕੁਰਸੀਆ ਨੂੰ ਲੈ ਕੇ ਦਸਤਾਰਾਂ ਲਾਹੀਆ ਜਾ ਰਹੀਆ ਹਨ, ਪਰ ਕਦੇ ਵੀ ਕਿਸੇ ਜਥੇਦਾਰ ਦੀਆ ਧਾਰਮਿਕ ਭਾਵਨਾ ਨਹੀਂ ਭੜਕੀਆ ਅਤੇ ਕਿਸੇ ਜਥੇਦਾਰ ਨੂੰ ਕੋਈ ਚੇਤਾ ਨਹੀਂ ਆਇਆ। ਦਸਤਾਰ ਸਿੱਖ ਪੰਥ ਦੇ ਪੰਜ ਕਰਾਰਾਂ ਵਿੱਚ ਸ਼ਾਮਲ ਨਹੀਂ ਹੈ ਪਰ ਫਿਰ ਵੀ ਸਾਰੇ ਸਿੱਖ ਧਰਮ ਇਸ ਨੂੰ ਧਾਰਮਿਕ ਚਿੰਨ ਮੰਨਿਆ ਜਾਂਦਾ ਹੈ। ਦਸਤਾਰ ਇਕੱਲੇ ਸਿੱਖਾਂ ਦੀ ਹੀ ਨਹੀਂ, ਸਗੋ ਦੁਨੀਆ ਭਰ ਦੇ ਲੋਕਾਂ ਦੀ ਆਨ ਤੇ ਸ਼ਾਨ ਦੀ ਪ੍ਰਤੀਕ ਹੈ ਜਿਸ ਨੂੰ ''ਇੱਜ਼ਤ'' ਦਾ ਦਰਜਾ ਦਿੱਤਾ ਗਿਆ ਹੈ ਜਿਸ ਨੂੰ ਲੱਗਪੱਗ ਹਰ ਧਰਮ ਦੇ ਲੋਕ ਪਹਿਨਦੇ ਹਨ ਅਤੇ ਹਰ ਧਰਮ ਦੇ ਰਹਿਬਰ ਦੇ ਸਿਰ ਤੇ ਦਸਤਾਰ ਦਿਖਾਈ ਦਿੰਦੀ ਹੈ।

ਸਿੱਖਾਂ ਦੀਆ ਦਸਤਾਰਾਂ ਖਿਲਾਰਨ ਤੇ ਲਾਹੁਣ ਦਾ ਦਸਤੂਰ ਕੋਈ ਨਵਾ ਨਹੀਂ ਸਗੋ ਜਦੋਂ ਤੋ ਹੀ ਅਕਾਲੀ ਦਲ ਨੇ ਸੁਰਤ ਸੰਭਾਲੀ ਹੈ ਉਦੋਂ ਤੋ ਹੀ ਦਸਤਾਰਾਂ ਲੱਥਣ ਦਾ ਸਿਲਸਿਲਾ ਨਾਲ ਨਾਲ ਹੀ ਸ਼ੁਰੂ ਹੋ ਗਿਆ ਸੀ। ਅਕਾਲੀ ਦਲ ਵਿੱਚ ਇਹ ਮੰਨਿਆ ਜਾਂਦਾ ਹੈ ਕਿ ਪੱਕਾ ਸੱਚਾ ਅਕਾਲੀ ਉਦੋਂ ਹੀ ਬਣਦਾ ਹੈ ਜਦੋਂ ਇੱਕ ਦੋ ਵਾਰੀ ਦਸਤਾਰ ਲੱਥ ਜਾਵੇ ਛਿੱਤਰੇ ਪੋਲੇ ਨਾਲ ਸੇਵਾ ਵਗੈਰਾ ਹੋ ਜਾਵੇ।

ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੰਤ ਫਤਹਿ ਸਿੰਘ ਦੇ ਸਮੇਂ ਪੰਜਾਬ ਵਿੱਚ ਜਦੋਂ ਪਹਿਲੀ ਅਕਾਲੀ ਦਲ ਦੀ ਸਰਕਾਰ ਬਣੀ ਸੀ ਤਾਂ ਉਸ ਵਿੱਚ ਆਤਮਾ ਸਿੰਘ ਮੰਤਰੀ ਸਨ। ਉਸ ਕੋਲੋ ਜਦੋਂ ਕੁਝ ਅਕਾਲੀ ਵਰਕਰ ਤੇ ਤੱਤਕਾਲੀ ਅਕਾਲੀ ਦਲ ਦੇ ਦਫਤਰ ਸਕੱਤਰ ਅਰਜਨ ਸਿੰਘ ਬੁੱਧੀਰਾਜਾ (ਭਾਪਾ ਭਾਈਚਾਰਾ) ਦੀ ਅਗਵਾਈ ਹੇਠ ਚੰਡੀਗੜ੍ਹ ਵਿਖੇ ਕੰਮ ਕਰਾਉਣ ਗਏ ਤਾਂ ਕਿਸੇ ਗੱਲ ਨੂੰ ਲੈ ਕੇ ਦੋਹਾਂ ਵਿਚਕਾਰ ਤੱਤਕਾਰ ਹੋ ਗਿਆ ਤਾਂ ਆਤਮਾ ਸਿੰਘ ਨੇ ਪੁਲੀਸ ਕੋਲੋ ਅਕਾਲੀ ਵਰਕਰਾਂ ਦੀ ਡਾਂਗਾ ਨਾਲ ਗਿੱਦੜ ਕੁੱਟ ਕਰਵਾਈ ਸੀ। ਅਕਾਲੀ ਵਰਕਰਾਂ ਨੇ ਇਹ ਕਿੜ੍ਹ ਦਿਲ ਵਿੱਚ ਰੱਖੀ ਤੇ ਜਦੋਂ ਆਤਮਾ ਸਿੰਘ ਅੰਮ੍ਰਿਤਸਰ ਵਿਖੇ ਸ਼੍ਰੋਮਣੀ ਕਮੇਟੀ ਕੰਪਲੈਕਸ ਵਿੱਚ ਬਣੇ ਸ਼੍ਰੋਮਣੀ ਅਕਾਲੀ ਦਲ ਦੇ ਦਫਤਰ ਵਿਖੇ ਆਏ ਤਾਂ ਅੰਮ੍ਰਿਤਸਰੀਆ ਨੇ ਵੀ ਉਹਨਾਂ ਦਾ ਸੁਆਗਤ ਜੁੱਤੀਆ ਨਾਲ ਕੀਤਾ। ਆਤਮਾ ਸਿੰਘ ਧੱਕਾ ਮੁੱਕੀ ਵਿੱਚੋਂ ਭੱਜ ਗਿਆ, ਪਰ ਉਸਦਾ ਇੱਕ ਸਾਥੀ ਕਾਬੂ ਆ ਗਿਆ ਜਿਸ ਨੂੰ ਪੂਰੀ ਤਰਾਂ ਚੌਕੜੀ ਮਾਰ ਕੇ ਬੈਠਾਇਆ ਗਿਆ, ਸਿਰ ਵਿੱਚ ਜੁੱਤੀਆ ਮਾਰਨ ਤੋ ਦਾ ਕਾਰਜ ਸ਼ੁਰੂ ਕੀਤਾ ਜਾਣ ਲੱਗਾ ਤਾਂ ਪਿੱਛੋ ਇੱਕ ਵਿਅਕਤੀ ਬੋਲਿਆ 'ਛਿੱਤਰ ਨਾ ਮਾਰਸੀ, ਛਿੱਤਰ ਨਾ ਮਾਰਸੀ, ਦਸਤਾਰ ਲਾਹ ਲੈਸੇ।' ਦਸਤਾਰ ਲਾਹ ਕੇ ਸਤਿਕਾਰ ਨਾਲ ਪਾਸੇ ਕਰ ਦਿੱਤੀ ਗਈ ਤੇ ਉਸ ਦੇ ਕੇਸ ਖਿਲਾਰ ਕੇ ਜਦੋਂ ਫਿਰ ਛਿੱਤਰ ਮਾਰਨ ਲੱਗੇ ਤਾਂ ਪਿੱਛੋ ਫਿਰ ਅਵਾਜ ਆਈ ' ਛਿੱਤਰ ਨਾ ਮਾਰਸੀ, ਛਿੱਤਰ ਨਾ ਮਾਰਸੀ, ਮਤੈ ਕੇਸਾ ਦੀ ਬੇਅਦਬੀ ਨਾ ਹੋਛੀ। ਇਸ ਤੋਂ ਬਾਅਦ ਸਿਰ ਤੇ ਅਖਬਾਰ ਰੱਖੀ ਗਈ ਤਾਂ ਛਿੱਤਰ ਮਾਰਨ ਲੱਗੇ ਤਾਂ ਫਿਰ ਪਿੱਛੋ ਅਵਾਜ ਆਈ 'ਛਿੱਤਰ ਨਾ ਮਾਰਸੀ, ਛਿੱਤਰ ਨਾ ਮਾਰਸੀ' ਖਿੱਝੇ ਹੋਏ ਛਿੱਤਰ ਮਾਰਨ ਵਾਲੇ ਨੇ ਕਿਹਾ ਕਿ 'ਹੁਣ ਕੇ ਹੋਸੀ' ਤਾਂ ਦੂਸਰੇ ਨੇ ਕਿਹਾ ਕਿ ਅਖਬਾਰ ਗੁਰੁਮੱਖੀ (ਅਕਾਲੀ ਪੱਤਰਕਾ) ਦੀ ਹੈ। ਫਿਰ ਉਸ ਦੇ ਸਿਰ ਤੋ ਪੰਜਾਬੀ ਦੀ ਅਖਬਾਰ ਚੁੱਕੀ ਤੇ ਉਰਦੂ ਦੀ ਹਿੰਦ ਸਮਾਚਾਰ ਅਖਬਾਰ ਰੱਖ ਕੇ ਕਰੀਬ 11 ਛਿੱਤਰਾਂ ਦਾ ਉਸ ਨੂੰ ਪਰਸ਼ਾਦ ਦਿੱਤਾ ਗਿਆ ਤੇ ਨਾਲ ਕਿਹਾ ਕਿ,''ਤੇ ਹੁਣ ਠੀਕ ਐ।''

ਇਸੇ ਤਰ੍ਹਾਂ ਇੱਕ ਵਾਰੀ ਦਿੱਲੀ ਵਿੱਚ ਅਕਾਲੀ ਆਗੂ ਸੰਤੋਖ ਸਿੰਘ ਨੇ ਮਨਜੀਤ ਸਿੰਘ ਕਲਕੱਤਾ ਦੀ ਦਸਤਾਰ ਲਾਹੀ ਗਈ ਤੇ ਉਸ ਦਾ ਜੁੱਤ ਪਤਾਨ ਕਰਵਾਇਆ ਸੀ ਅਤੇ ਜਦੋਂ ਸੰਤੋਖ ਸਿੰਘ ਅੰਮ੍ਰਿਤਸਰ ਆਇਆ ਤੇ ਉਸ ਨੇ ਤਿੰਨ ਫੁੱਟੀ ਗਲ ਵਿੱਚ ਕਿਰਪਾਨ ਪਾਈ ਹੋਈ ਸੀ ਤੇ ਇੱਕ ਪਾਸੇ ਪਿਸਤੌਲ ਟੰਗਿਆ ਹੋਇਆ ਸੀ। ਇਸ ਦਰਸ਼ਨੀ ਸਿੱਖ ਤੋਂ ਵੀ ਸ੍ਰੀ ਕਲਕੱਤਾ ਨੇ ਵੀ ਆਪਣਾ ਬਦਲਾ ਲੈਦਿਆ ਉਸ ਦੀ ਦਸਤਾਰ ਲਾਹ ਕੇ ਉਹ ਗਿੱਦੜ ਕੁੱਟ ਕਰਵਾਈ ਸੀ ਜਿਹੜੀ ਉਸ ਨੂੰ ਆਖਰੀ ਦਮ ਤੱਕ ਯਾਦ ਰਹੀ ਤੇ ਉਹ ਹਮੇਸ਼ਾਂ ਹੀ ਕਹਿੰਦਾ ਰਹਿੰਦਾ ਸੀ ਕਿ,''ਉਸ ਨੂੰ ਜੁੱਤੀਆ ਅੰਮ੍ਰਿਤਸਰ ਵਿੱਚ ਕਲਕੱਤੇ ਨੇ ਪਵਾਈਆ ਹਨ ਜਿਹੜੀਆ ਉਹਨਾਂ ਨੂੰ ਭੁੱਲ ਨਹੀਂ ਸਕਦੀਆ।''

ਸੰਨ 1983 ਵਿੱਚ ਜਦੋਂ ਅਕਾਲੀ ਆਗੂ ਹਰਭਜਨ ਸਿੰਘ ਸੰਧੂ ਤੇ ਹਰੀ ਸਿੰਘ ਆਰੇਵਾਲੇ ਦੇ ਵਿਚਕਾਰ ਜਿਲੇ ਦੀ ਪ੍ਰਧਾਨਗੀ ਨੂੰ ਲੈ ਕੇ ਰੱਫੜ ਚੱਲ ਰਿਹਾ ਸੀ ਤਾਂ ਸ਼੍ਰੋਮਣੀ ਕਮੇਟੀ ਦੇ ਦਫਤਰ ਤੇਜਾ ਸਿੰਘ ਸਮੁੰਦਰੀ ਹਾਲ ਵਿਖੇ ਅਕਾਲੀ ਦਲ ਦੀ ਮੀਟਿੰਗ ਸੀ ਤਾਂ ਉਸ ਸਮੇਂ ਉਪਰ ਪੌੜੀਆ ਚੜ੍ਹ ਤੇ ਜਦੋਂ ਹਰੀ ਸਿੰਘ ਆਰੇਵਾਲਾ ਜੁੱਤੀ ਲਾਹ ਕੇ ਹਾਲ ਦੇ ਅੰਦਰ ਜਾਣ ਲੱਗਾ ਸੀ ਤਾਂ ਸੰਧੂ ਧੜੇ ਦੇ ਬਦਮਾਸ਼ ਟੋਲੇ ਨੇ ਉਸ ਨੂੰ ਜੁੱਤੀਆ ਵਿੱਚ ਹੀ ਬਿਠਾ ਕੇ ਛਿੱਤਰ ਫੇਰਿਆ ਤੇ ਉਸ ਦੀ ਦਸਤਾਰ ਵੀ ਪੈਰਾਂ ਵਿੱਚੋਂ ਰੋਲੀ ਸੀ। ਥੱਲੇ ਬੈਠਾ ਹਰੀ ਸਿੰਘ ਆਰੇਵਾਲਾ ਮੋਟੀਆ ਮੋਟੀਆ ਗਾਲਾ ਕੱਢਦਾ ਹੋਇਆ ਕਹਿ ਰਿਹਾ ਸੀ,'' ਹੋਰ ਮਾਰੋ ਛਿੱਤਰ ਪੰਥ ਦੇ ਸਿਰ ਵਿੱਚ, ਇਹ ਸਿਰ ਮੇਰਾ ਨਹੀਂ, ਪੰਥ ਦਾ ਸਿਰ ਹੈ, ਦਸਤਾਰ ਪੰਥ ਦੀ ਰੁਲੀ ਹੈ।''

ਇਸ ਤੋ ਬਾਅਦ ਵੀ ਦਸਤਾਰ ਲਾਹੁਣ ਦਾ ਸਿਲਸਿਲਾ ਜਾਰੀ ਰਿਹਾ ਤੇ 1986 ਵਿੱਚੋ ਜਦੋ ਸ੍ਰ.ਕਾਬਲ ਸਿੰਘ ਟੌਹੜੇ ਨੂੰ ਲਾਹ ਕੇ ਸ਼੍ਰੋਮਣੀ ਕਮੇਟੀ ਦੇ ਇੱਕ ਸਾਲ ਲਈ ਪ੍ਰਧਾਨ ਬਣੇ ਸਨ ਤਾਂ ਸ਼੍ਰੋਮਣੀ ਕਮੇਟੀ ਕਮੇਟੀ ਪ੍ਰਧਾਨ ਕਾਬਲ ਸਿੰਘ ਨਾਲ ਵੀ ਬਾਦਲਕੇ ਤੇ ਟੌਹੜਕਿਆ ਜੁੱਤੀ ਪਤਾਨ ਕੀਤਾ ਉਸ ਦੀ ਦਸਤਾਰ ਖਿਲਾਰੀ ਸੀ।

1986 ਵਿੱਚ ਜਦੋਂ ਅਕਾਲੀ ਦਲ ਦੀ ਮੀਟਿੰਗ ਅਨੰਦਪੁਰ ਸਾਹਿਬ ਵਿਖੇ ਹੋਈ ਸੀ ਤਾਂ ਅਕਾਲੀ ਦਲ ਬਰਨਾਲਾ ਦੇ ਸਕੱਤਰ ਮਨਜੀਤ ਸਿੰਘ ਖਹਿਰਾ ਦੀ ਦਸਤਾਰ ਬਾਦਲਕਿਆ ਨੇ ਲਾਹ ਕੇ ਉਸ ਦੇ ਕੇਸ ਖਿਲਾਰ ਕੇ ਕੁੱਟਮਾਰ ਕੀਤੀ ਗਈ ਸੀ ਤਾਂ ਉਹ ਰੋਦਾ ਹੋਇਆ ਉਸ ਵੇਲੇ ਦੇ ਮਾਲ ਮੰਤਰੀ ਸ੍ਰੀ ਮੇਜਰ ਸਿੰਘ ਉਬੋਕੇ ਕੋਲ ਗਿਆ ਕਿ ਉਸ ਦੀ ਦਸਤਾਰ ਖਿਲਾਰੀ ਗਈ ਹੈ ਤਾਂ ਉਸ ਨੇ ਕਿਹਾ ਸੀ ਕਿ, ''ਕਾਕਾ ਸ਼ਾਇਦ ਤੈਨੂੰ ਪਤਾ ਨਹੀਂ ਅਕਾਲੀ ਦਲ ਵਿੱਚ ਪੱਕਾ ਤੇ ਸੱਚਾ ਅਕਾਲੀ ਉਦੋ ਹੀ ਬਣਦਾ ਹੈ ਜਦੋਂ ਇੱਕ ਦੋ ਵਾਰੀ ਦਸਤਾਰ ਲੁਹਾ ਕੇ ਛਿੱਤਰ ਛੁੱਤਰ ਖਾ ਲਵੇ ਤੇ ਤੂੰ ਵੀ ਤਾਂ ਹੁਣ ਅੱਜ ਹੀ ਅਕਾਲੀ ਬਣਿਆ ਹੈ, ਚਿੰਤਾ ਨਾ ਕਰ ਸਭ ਠੀਕ ਹੋ ਜਾਵੇਗਾ।''

1987 ਵਿੱਚ ਬਰਨਾਲਾ ਸਰਕਾਰ ਸਮੇਂ ਜਦੋਂ ਗਗਨਦੀਪ ਸਿੰਘ ਬਰਨਾਲਾ ਆਪਣੇ ਸਾਥੀਆ ਨਾਲ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਵਿਖੇ ਹਥਿਆਰਾ ਨਾਲ ਲੈਸ ਹੋ ਕੇ ਆਇਆ ਸੀ ਤਾਂ ਉਸ ਸਮੇਂ ਉਸ ਦਾ ਟਾਕਰਾ ਦਮਦਮੀ ਟਕਸਾਲ ਵਾਲਿਆ ਨਾਲ ਹੋ ਗਿਆ ਸੀ। ਦੋਹਾਂ ਧਿਰਾਂ ਵਿੱਚ ਗੋਲੀ ਵੀ ਚੱਲੀ ਸੀ ਅਤੇ ਕਈ ਦਸਤਾਰਾ ਵੀ ਪ੍ਰਕਰਮਾ ਵਿੱਚ ਖਿਲਰੀਆ ਪਈਆ ਵੇਖੀਆ ਗਈਆ ਸਨ। ਇਸ ਸਮੇਂ ਦੌਰਾਨ ਸਰਕਾਰ ਨੇ ਕਈ ਨੌਜਵਾਨਾ ਨੂੰ ਜੇਲ ਵਿੱਚ ਵੀ ਡੱਕ ਦਿੱਤਾ ਸੀ।

ਇਸੇ ਤਰ੍ਹਾਂ 1994 ਵਿੱਚ ਜਦੋਂ ਸਮੁੱਚੇ ਅਕਾਲੀ ਦਲਾਂ ਨੂੰ ਇਕੱਠਾ ਕਰਕੇ ਅੰਮਿਤਸਰ ਐਲਾਨਨਾਮਾ ਤਿਆਰ ਕੀਤਾ ਗਿਆ ਸੀ ਤਾਂ ਤੱਤਕਾਲੀ ਅਕਾਲ ਤਖਤ ਦੇ ਕਾਰਜਕਾਰੀ ਜਥੇਦਾਰ ਗਿਆਨੀ ਮਨਜੀਤ ਸਿੰਘ ਨੂੰ ਸ੍ਰੀ ਦਰਬਾਰ ਸਾਹਿਬ ਕੰਪਲੈਕਸ ਵਿੱਚ ਹੀ ਬਾਦਲ ਸਮੱਰਥਕਾਂ ਤੇ ਰਣਜੀਤ ਸਿੰਘ ਬ੍ਰਹਮਪੁਰੇ ਨੇ ਗਾਲੀ ਗਲੋਚ ਵੀ ਕੀਤਾ ਸੀ ਤੇ ਬ੍ਰਹਮਪੁਰੇ ਨੇ ਤਾਂ ਪ੍ਰੋ.ਮਨਜੀਤ ਸਿੰਘ ਦੀ ਬਾਂਹ ਤੱਕ ਮਰੋੜ ਦਿੱਤੀ ਦੱਸੀ ਜਾਂਦੀ ਹੈ ਅਤੇ ਉਸ ਦੇ ਕਮਰੇ ਦੇ ਦਰਵਾਜੇ ਨੂੰ ਠੁੱਡੇ ਵੀ ਮਾਰੇ ਗਏ ਸਨ, ਪਰ ਜਥੇਦਾਰ ਭਿੱਜੀ ਬਿੱਲੀ ਬਣਿਆ ਰਿਹਾ ਤੇ ਉਸ ਨੇ ਕੋਈ ਕਾਰਵਾਈ ਨਹੀਂ ਕੀਤੀ ਸੀ। ਇਸ ਸਮੇਂ
ਦਸਤਾਰ ਤਾਂ ਭਾਂਵੇ ਨਹੀਂ ਲੱਥੀ ਸੀ ਪਰ ਦਸਤਾਰ ਲੱਥਣ ਤੋਂ ਘੱਟ ਵੀ ਕੁਝ ਨਹੀਂ ਰਹਿ ਗਿਆ ਸੀ।

ਇਸ ਤੋਂ ਬਾਅਦ ਤਾਂ ਅਕਾਲੀ ਲੀਡਰਾਂ ਦੀਆ ਦਸਤਾਰਾ ਆਪਸੀ ਲੜਾਈ ਵਿੱਚ ਨਹੀਂ ਸਗੋਂ ਪੰਜਾਬ ਵਿੱਚ ਅੱਤਵਾਦ ਦਾ ਮਾਹੌਲ ਪਨਪਨ ਕਾਰਨ ਪੁਲੀਸ ਨੇ ਕਈ ਵਾਰੀ ਲਾਹੀਆ ਤੇ ਅਕਾਲੀਆ ਨੂੰ ਜੇਲ ਯਾਤਰਾਵਾਂ ਵੀ ਕਰਵਾਈਆ। 1997 ਵਿੱਚ ਜਦੋ ਅਕਾਲੀ ਦਲ (ਬਾਦਲ) ਦੀ ਸਰਕਾਰ ਹੋਂਦ ਵਿੱਚ ਆਈ ਤਾਂ ਸਿੱਖਾਂ ਦੇ ਦੂਸਰੇ ਪਾਤਸ਼ਾਹ ਸ੍ਰੀ ਗੁਰੂ ਅੰਗਦ ਦੇਵ ਜੀ ਦੀ ਚਰਨ ਛੋਹ ਪ੍ਰਾਪਤ ਪਵਿੱਤਰ ਅਸਥਾਨ ਖਡੂਰ ਸਾਹਿਬ ਵਿੱਖੇ ਅਕਾਲੀਆ ਦੀ ਰੈਲੀ ਹੋਈ ਸੀ ਤਾਂ ਰਣਜੀਤ ਸਿੰਘ ਛੱਜਲਵੱਢੀ ਤੇ ਰਣਜੀਤ ਸਿੰਘ ਬ੍ਰਹਮਪੁਰਾ ਧੜੇ ਵਿੱਚ ਟੱਕਰਾ ਹੋ ਗਿਆ। ਉਸ ਵੇਲੇ ਦੇ ਅਕਾਲੀ ਵਿਧਾਇਕ ਰਣਜੀਤ ਸਿੰਘ ਛੱਜਲਵੱਢੀ ਦੀ ਦਸਤਾਰ ਬ੍ਰਹਮਪੁਰੇ ਦੇ ਸਮੱਰਥਕਾਂ ਨੇ ਖਿਲਾਰੀ ਸੀ ਤੇ ਕੁੱਟ ਕੁੱਟ ਕੇ ਸਿਰ ਵਿੱਚੋਂ ਲਹੂ ਕੱਢ ਦਿੱਤਾ ਸੀ ਤਾਂ ਪੱਤਰਕਾਰਾਂ ਨੇ ਖਿੱਲਰੇ ਵਾਲਾ ਵਿੱਚ ਹੀ ਜਦੋਂ ਛੱਜਲਵੱਢੀ ਨੂੰ ਪੁੱਛਿਆ ਕਿ ਜਥੇਦਾਰ ਜੀ ਕੀ ਹਾਲ ਚਾਲ ਹੈ ਤਾਂ ਉਸ ਨੇ ਮੇਜਰ ਸਿੰਘ ਉਬੋਕੇ ਦੇ ਕਹਿ ਸ਼ਬਦਾਂ ਪੁਸ਼ਟੀ ਕਰਦਿਆ ਜਵਾਬ ਦਿੱਤਾ ਸੀ 'ਚੜਦੀ ਕਲਾ' ਜਦ ਕਿ ਬ੍ਰਹਮਪੁਰੇ ਧੜੇ ਵਾਲੇ ਉਸ ਦੀ ਦਸਤਾਰ ਲਾਹ ਕੇ ਨਾਲ ਹੀ ਲੈ ਗਏ ਸਨ ਜਿਹੜੀ ਅੱਜ ਤੱਕ ਸ਼ਾਇਦ ਵਾਪਸ ਨਹੀਂ ਮਿਲੀ।

ਸ਼੍ਰੋਮਣੀ ਕਮੇਟੀ ਕੰਪਲੈਕਸ ਵਿੱਚ 22ਨਵੰਬਰ 2003 ਨੂੰ ਜਦੋਂ ਬਾਬਾ ਧੰਨਵੰਤ ਸਿੰਘ ਦੇ ਕੇਸ ਵਿੱਚ ਤੱਤਕਾਲੀ ਸ੍ਰੀ ਅਕਾਲ ਤਖਤ ਦੇ ਜਥੇਦਾਰ ਗਿਆਨੀ ਜੋਗਿੰਦਰ ਸਿੰਘ ਵੇਦਾਂਤੀ ਵੱਲੋਂ ਲਈ ਰਿਸ਼ਵਤ ਲੈਣ ਦਾ ਰੌਲਾ ਪਿਆ ਤੇ ਕੁਝ ਹੱਦ ਤੱਕ ਸਾਬਤ ਵੀ ਹੋ ਗਿਆ ਸੀ ਤਾਂ ਸ਼੍ਰੋਮਣੀ ਖਾਲਸਾ ਪੰਚਾਇਤ ਦੇ ਮੁੱਖੀ ਰਾਜਿੰਦਰ ਸਿੰਘ ਤੇ ਚਰਨਜੀਤ ਸਿੰਘ ਚੰਨੀ ਨੇ ਇਸ ਮਾਮਲੇ ਨੂੰ ਲੈ ਕੇ ਜਥੇਦਾਰ ਵੇਦਾਂਤੀ ਕੋਲੋ ਅਸਤੀਫਾ ਮੰਗਿਆ ਸੀ ਪਰ ਉਹ ਅਸਤੀਫਾ ਦੇਣ ਲਈ ਤਿਆਰ ਨਹੀਂ ਸੀ। ਉਹਨਾਂ ਨੇ ਸੰਗਤ ਨੂੰ ਨਾਲ ਲੈ ਕੇ ਪਹਿਲਾਂ ਸ੍ਰੀ ਅਕਾਲ ਤਖਤ ਤੇ ਮੱਥਾ ਟੇਕਿਆ ਤੇ ਫਿਰ ਉਹ ਸਤਿਨਾਮ-ਵਾਹਿਗੁਰੂ ਦਾ ਜਾਪ ਕਰਦੇ ਹੋਏ ਜਦੋਂ ਸ਼੍ਰੋਮਣੀ ਕਮੇਟੀ ਦੇ ਦਫਤਰ ਵਿੱਚ ਜਥੇਦਾਰ ਵੇਦਾਂਤੀ ਨੂੰ ਬਰਖਾਸਤ ਕਰਨ ਦਾ ਮੰਗ ਪੱਤਰ ਦੇਣ ਲਈ ਜਾ ਰਹੇ ਸਨ ਤਾਂ ਸ਼੍ਰੋਮਣੀ ਕਮੇਟੀ ਦੇ ਲੱਠਮਾਰਾਂ ਅਤੇ ਰਾਜਿੰਦਰ ਸਿੰਘ ਮਹਿਤੇ ਦੀ ਸਿੱਖ ਸਟੂਡੈਟਸ ਫੈਡਰੇਸ਼ਨ ਜਿਸ ਦੀ ਅਗਵਾਈ ਉਸ ਵੇਲੇ ਗੁਰਚਰਨ ਸਿੰਘ ਗਰੇਵਾਲ ਤੇ ਸ਼ਸ਼ਪਾਲ ਸਿੰਘ ਮੀਰਾਂਕੋਟ ਕਰ ਰਹੇ ਸਨ ਨੇ ਨਿਹੱਥੇ ਤੇ ਵਾਹਿਗੁਰੂ ਦਾ ਜਾਪ ਕਰਦੀਆ ਜਾ ਰਹੀਆ ਸੰਗਤਾਂ 'ਤੇ ਲੱਠਾਂ ਤੇ ਹੋਰ ਹਥਿਆਰਾਂ ਨਾਲ ਐਨ ਸ੍ਰੀ ਦਰਬਾਰ ਸਾਹਿਬ ਦੇ ਸਾਹਮਣੇ ਜਾਨ ਲੇਵਾ ਹਮਲਾ ਕਰ ਦਿੱਤਾ। ਇਸ ਹਮਲੇ ਵਿੱਚ ਅੰਮ੍ਰਿਤਧਾਰੀ ਸਿੰਘਾਂ ਦੀਆ ਦਸਤਾਰਾਂ ਰੋਲੀਆ ਗਈਆ ਤੇ ਉਹਨਾਂ ਦੇ ਗਾਤਰੇ ਤੋੜਣ ਤੋਂ ਇਲਾਵਾ ਉਹਨਾਂ ਨੂੰ ਨੰਗਿਆ ਕਰਨ ਲਈ ਕਛਿਹਰੇ ਦੇ ਨਾਲੇ ਵੀ ਵੱਢੇ ਗਏ ਦੱਸੇ ਜਾਂਦੇ ਹਨ। ਖਾਲਸਾ ਪੰਚਾਇਤ ਦੇ ਮੁੱਖੀ ਰਾਜਿੰਦਰ ਸਿੰਘ ਦੀ ਇੱਕ ਨਕਾਬਪੋਸ਼ ਵੱਲੋ ਦਸਤਾਰ ਲਾਹ ਦਿੱਤੀ ਗਈ ਅਤੇ ਦੂਸਰੇ ਨਕਾਬਪੋਸ਼ ਨੇ ਦਾਹੜੀ ਦਾ ਇੱਕ ਹਿੱਸਾ ਇੰਨੀ ਜ਼ੋਰ ਦੀ ਪੁੱਟਿਆ ਕਿ ਦਾਹੜੀ ਉਖੜ ਗਈ ਅਤੇ ਪੁੱਟੀ ਹੋਈ ਦਾਹੜੀ ਦੀ ਨਿਸ਼ਾਨੀ ਉਹਨਾਂ ਦੇ ਚਿਹਰੇ ਤੇ ਲੰਮਾ ਸਮਾਂ ਵੇਖੀ ਜਾਂਦੀ ਰਹੀ।

ਸੰਨ 2005 ਵਿੱਚ ਵੀ ਸ਼੍ਰੋਮਣੀ ਅਕਾਲੀ ਦਲ(ਬਾਦਲ) ਦੀ ਸਰਪ੍ਰਸਤੀ ਵਾਲੀ ਸ਼੍ਰੋਮਣੀ ਕਮੇਟੀ ਨੇ ਛੇਵੇ ਪਾਤਸ਼ਾਹ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਦੀ ਪਵਿੱਤਰ ਧਰਤੀ ਗੁਰੂਦੁਆਰਾ ਗੁਰੂਸਰ ਸਤਲਾਣੀ ਜਿਸ ਨੂੰ ਮਰਹੂਮ ਬਾਬਾ ਮੰਗਲ ਸਿੰਘ ਤੇ ਉਹਨਾਂ ਦੇ ਉਤਰਾਧਿਕਾਰੀ ਬਾਬਾ ਗੁਰਪਿੰਦਰ ਸਿੰਘ ਵਡਾਲਾ ਨੇ ਦਿਨ ਰਾਤ ਮਿਹਨਤ ਕਰਕੇ ਲਹੂ ਪਸੀਨੇ ਨਾਲ ਸਿਜਿਆ ਤੇ ਅਬਾਦ ਕੀਤਾ ਸੀ ਤੇ ਵੀ ਸ਼੍ਰੋਮਣੀ ਕਮੇਟੀ ਵਾਲਿਆ ਨੇ ਪੰਜਾਬ ਐਂਡ ਹਰਿਆਣਾ ਹਾਈਕੋਰਟ ਦੇ ਹੁਕਮਾਂ ਦੇ ਬਾਵਜੂਦ ਵੀ ਬੰਦੂਕਾਂ, ਪਿਸਤੌਲਾ ਤੇ ਹੋਰ ਤੇਜ਼ ਹਥਿਆਰਾਂ ਨਾਲ ਹਮਲਾ ਕੀਤਾ ਤੇ ਬਾਬਾ ਵਡਾਲਾ ਦੇ ਦੋ ਸੇਵਾਦਾਰਾਂ ਬਲਦੇਵ ਸਿੰਘ ਅਤੇ ਦਾਰਾ ਸਿੰਘ ਦੀਆ ਦਸਤਾਰਾਂ ਖਿਲਾਰਨਾ ਤਾਂ ਦੂਰ ਰਿਹਾ ਸਗੋਂ ਗੋਲੀਆ ਮਾਰ ਕੇ ਉਹਨਾਂ ਦੇ ਕਲਬੂਤ ਹੀ ਖਤਮ ਕਰ ਦਿੱਤੇ ਗਏ ਅਤੇ ਤੱਤਕਾਲੀ ਸ੍ਰੌਮਣੀ ਕਮੇਟੀ ਦੀ ਪ੍ਰਧਾਨ ਬੀਬੀ ਜਗੀਰ ਕੌਰ ਨੇ ਗੁਰੂ ਦੀ ਗੋਲਕ ਦੀ ਦੁਰਵਰਤੋਂ ਕਰਕੇ ਜਿਲਾ ਪੁਲੀਸ ਮੁੱਖੀ ਦੀਆ ਜੇਬਾਂ ਨੂੰ ਲਾਲ ਰੰਗ ਲਗਾ ਕੇ ਉਲਟਾ ਬਾਬੇ ਦੇ ਖਿਲਾਫ ਹੀ ਪਰਚਾ ਦਰਜ ਕਰਵਾ ਦਿੱਤਾ ਤੇ ਉਹਨਾਂ ਵਿਅਕਤੀਆ ਨੂੰ ਪਰਚੇ ਵਿੱਚ ਸ਼ਾਮਲ ਕਰਵਾ ਦਿੱਤਾ ਜਿਹੜੇ ਮੌਕੇ ਤੇ ਵੀ ਮੌਜੂਦ ਵੀ ਨਹੀਂ ਸਨ। ਬਾਬਾ ਵਡਾਲਾ ਨੇ ਆਪਣੇ ਕਰੀਬ 84 ਸਾਥੀਆ ਨਾਲ ਕਈ ਮਹੀਨੇ ਜੇਲ ਕੱਟੀ ਪਰ ਕੁਦਰਤ ਦਾ ਅਸੂਲ ਹੈ ਕਿ ''ਸੱਚਾਈ ਛੁੱਪ ਨਹੀਂ ਸਕਤੀ'' ਤੇ ਅਖੀਰ ਅਦਾਲਤ ਨੇ ਬਾਬੇ ਤੇ ਉਸਦੇ ਸਾਥੀਆ ਨੂੰ ਬਾਇੱਜ਼ਤ ਬਰੀ ਕਰ ਦਿੱਤਾ।

ਜੁਲਾਈ 2006 ਵਿੱਚ ਮਾਨ ਦਲੀਆ ਨੇ ਅੰਮ੍ਰਿਤਸਰ ਦੇ ਗੁਰੂਦੁਆਰਾ ਮੰਜੀ ਸਾਹਿਬ ਵਿਖੇ ਇੱਕ ਸਮਾਗਮ ਦੌਰਾਨ ਸ੍ਰ.ਮਾਨ ਨੂੰ ਸਟੇਜ ਤੋਂ ਬੋਲਣ ਦਾ ਮੌਕਾ ਨਾ ਦੇਣ ਨੂੰ ਲੈ ਕੇ ਰੌਲਾ ਪਾ ਦਿੱਤਾ ਤੇ ਇਸ ਰੌਲੇ ਰੱਪੇ ਤੇ ਧੱਕਾ ਮੁੱਕੀ ਵਿੱਚ ਕੋਈ ਗੁਰੂ ਦਾ ਸਿੱਖ ਸ਼੍ਰੋਮਣੀ ਕਮੇਟੀ ਪ੍ਰਧਾਨ ਸ੍ਰੀ ਅਵਤਾਰ ਸਿੰਘ ਮੱਕੜ ਦੀ ਦਸਤਾਰ ਲਾਹ ਕੇ ਚੱਲਦਾ ਬਣਿਆ ਜਦ ਕਿ ਕੋਸ਼ਿਸ਼ ਤਾਂ ਸ੍ਰ ਪ੍ਰਕਾਸ਼ ਸਿੰਘ ਬਾਦਲ ਦੀ ਦਸਤਾਰ ਲਾਹੁਣ ਦੀ ਵੀ ਕੀਤੀ ਗਈ ਸੀ ਪਰ ਉਹਨਾਂ ਦੇ ਸੁਰੱਖਿਆ ਕਰਮਚਾਰੀ ਉਹਨਾਂ ਨੂੰ ਮੱਥਾ ਟੇਕਣ ਤੋ ਬਗੈਰ ਵੀ ਵਾਪਸ ਲੈ ਗਏ। ਸ੍ਰੀ ਮੱਕੜ ਨੂੰ ਉਸੇ ਵੇਲੇ ਤੱਤਕਾਲੀ ਸੂਚਨਾ ਅਧਿਕਾਰੀ ਸ੍ਰ.ਦਲਬੀਰ ਸਿੰਘ ਨੇ ਆਪਣੀ ਦਸਤਾਰ ਲਾਹ ਕੇ ਦੇ ਦਿੱਤੀ ਜਿਹੜੀ ਸ੍ਰੀ ਮੱਕੜ ਨੇ ਸੁਖ ਆਸਨ ਸਾਹਿਬ ਵਾਲੇ ਕਮਰੇ ਵਿੱਚ ਜਾ ਕੇ ਸਜਾਈ ਸੀ। ਸ੍ਰੀ ਮੱਕੜ ਦੀ ਲੱਥੀ ਹੋਈ ਦਸਤਾਰ ਅੱਜ ਤੱਕ ਨਹੀਂ ਮਿਲੀ ਜਿਸ ਬਾਰੇ ਚਰਚਾ ਹੈ ਕਿ ਉਹ ਇਤਿਹਾਸਕ ਪੱਗ ਮਾਨ ਨੇ ਸ਼ੀਸ਼ੇ ਵਿੱਚ ਮੜਾ ਕੇ ਰੱਖੀ ਹੋਈ ਹੈ ਪਰ ਜਥੇਦਾਰਾਂ ਨੇ ਮੌਨਧਾਰੀ ਰੱਖਿਆ।

ਇਸੇ ਸਾਲ ਅਕਤਬੂਰ 2006 ਵਿੱਚ ਜਦੋਂ ਪੰਜਾਬ ਵਿੱਚ ਕਾਂਗਰਸ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਸੀ ਤਾਂ ਉਸ ਸਮੇਂ ਵੀ ਕੱਥੂ ਨੰਗਲ ਵਿਖੇ 25 ਅਕਤੂਬਰ 2006 ਨੂੰ ਬ੍ਰਹਮ ਗਿਆਨੀ ਬਾਬਾ ਬੁੱਢਾ ਜੀ ਦੀ (500 ਸਾਲਾ) ਪੰਜਵੀ ਸ਼ਤਾਬਦੀ ਮਨਾਈ ਗਈ ਸੀ ਤਾਂ ਸ੍ਰ. ਸਿਮਰਨਜੀਤ ਸਿੰਘ ਮਾਨ ਨੇ ਆਪਣੇ ਸਾਥੀਆ ਨਾਲ ਸਮਾਗਮ ਵਿੱਚ ਜਾਣ ਦੀ ਕੋਸ਼ਿਸ਼ ਕੀਤੀ ਸੀ ਤਾਂ ਉਸ ਸਮੇਂ ਬਾਦਲਕਿਆ ਨੇ ਗੋਲੀਬਾਰੀ ਵੀ ਕੀਤੀ ਤੇ ਮਾਨ ਦਲੀਆ ਦੀ ਕੁੱਟਮਾਰ ਕਰਨ ਦੇ ਨਾਲ ਨਾਲ ਉਸ ਦੀ ਦਸਤਾਰ ਵੀ ਲਾਹੀ ਪਰ ਮਾਨ ਨੇ ਆਪਣੀ ਦਸਤਾਰ ਉਸੇ ਵੇਲੇ ਸੰਭਾਲ ਲਈ ਸੀ ਤੇ ਸਿਰ ਤੇ ਰੱਖ ਲਈ ਸੀ ਪਰ ਬਾਦਲ ਦਲੀਏ ਫਿਰ ਡਰਦੇ ਮਾਨ ਦੇ ਨੇੜੇ ਨਹੀਂ ਢੁੱਕ ਰਹੇ ਸਨ ਕਿ ਮਾਨ ਨੇ ਪਤਾ ਨਹੀਂ ਕਿਹੜਾ ਬ੍ਰਹਮ ਅਸਤਰ ਛੱਡ ਦੇਣਾ ਹੈ ਜਦ ਕਿ ਸ੍ਰੀ ਬਾਦਲ ਤੇ ਉਹਨਾਂ ਦਾ ਹਰਿਆਣੀ ਹਮਸਾਇਆ ਓਮ ਪ੍ਰਕਾਸ਼ ਚੌਟਾਲਾ ਤੇ ਜਥੇਦਾਰ ਅਕਾਲ ਤਖਤ ਗਿਆਨੀ ਜੋਗਿੰਦਰ ਸਿੰਘ ਵੇਦਾਂਤੀ ਸਮਾਗਮ ਛੱਡ ਕੇ ਚੱਲਦੇ ਬਣੇ।

ਸੰਨ 2006 ਵਿੱਚ ਵਾਪਰਨ ਵਾਲੀਆ ਦੋ ਉਪਰਲੀਆ ਘਟਨਾਵਾਂ ਤੋ ਇਲਾਵਾ ਇਸੇ ਸਾਲ ਹੀ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਜਦੋਂ ਜਲੰਧਰ ਦੇ ਨਜ਼ਦੀਕ ਕੁਝ ਸ਼ਰਾਰਤੀ ਅਨਸਰਾਂ ਨੇ ਬੇਅਦਬੀ ਕੀਤੀ ਸੀ ਤਾਂ ਸਿੱਖੀ ਵਿੱਚ ਪੂਰੀ ਤਰ੍ਹਾਂ ਪਰਪੱਕ ਤੇ ਜੁਝਾਰੂ ਕਿਸਮ ਦੀ ਜਥੇਬੰਦੀ ਅਖੰਡ ਕੀਰਤਨੀ ਜੱਥੇ ਦੇ ਸਿੰਘਾਂ ਦੀਆ ਦਸਤਾਰਾਂ ਉਸ ਵੇਲੇ ਸ਼੍ਰੋਮਣੀ ਕਮੇਟੀ ਦੀ ਟਾਸਕ ਫੋਰਸ ਨੇ ਪੈਰਾਂ ਹੇਠ ਰੋਲੀਆ ਸਨ ਜਦੋਂ ਉਹ ਸ਼੍ਰੋਮਣੀ ਕਮੇਟੀ ਪ੍ਰਧਾਨ ਅਵਤਾਰ ਸਿੰਘ ਮੱਕੜ ਨੂੰ ਮਿਲ ਕੇ ਮਾਮਲੇ ਸਬੰਧੀ ਗੱਲਬਾਤ ਕਰਨਾ ਚਾਹੁੰਦੇ ਸਨ। ਮੱਕੜ ਦੀ ਟਾਸਕ ਫੋਰਸ ਨੇ ਅੰਮ੍ਰਿਤਧਾਰੀ ਸਿੰਘਾਂ ਦੀਆ ਦਸਤਾਰਾਂ ਰੋਲਣ ਤੋ ਇਲਾਵਾ ਉਹਨਾਂ ਦੇ ਕੇਸਾਂ ਤੋ ਫੜ ਧੂਹਿਆ ਅਤੇ ਇਹ ਭਿਆਨਕ ਸੀਨ ਭਾਈ ਤਾਰੂ ਸਿੰਘ ਦੀ ਮੁਗਲਾਂ ਦੁਆਰਾ ਲਾਹੀ ਗਈ ਖੋਪੜੀ ਨੂੰ ਵੀ ਮਾਤ ਪਾਉਦਾ ਸੀ। ਉਹਨਾਂ ਨੂੰ ਪੁਲੀਸ ਥਾਣੇ ਵਿੱਚ ਵੀ ਬੰਦ ਕਰਵਾ ਦਿੱਤਾ ਗਿਆ ਸੀ। ਟੀ.ਵੀ. ਚੈਨਲਾਂ ਨੇ ਜਦੋਂ ਇਸ ਕਾਂਡ ਦਾ ਨਜ਼ਾਰਾ ਵਿਖਾਇਆ ਤਾਂ ਸੰਗਤਾਂ ਵੱਲੋ ਲਾਹਨਤਾਂ ਪਾਉਣ 'ਤੇ ਮੱਕੜ ਨੂੰ ਕੇਸ ਵਾਪਸ ਲੈਣਾ ਪਿਆ ਸੀ। ਦਸਤਾਰਾਂ ਰੁਲਣ ਦੇ ਬਾਵਜੂਦ ਵੀ ਜਥੇਦਾਰ ਅਕਾਲ ਤਖਤ ਚੁੱਪ ਰਿਹਾ ਅਤੇ ਉਸ ਨੇ ਕੋਈ ਕਾਰਵਾਈ ਨਹੀਂ ਕੀਤੀ ਸੀ।

ਸੰਨ 2009 ਵਿੱਚ ਵੀ ਸ਼੍ਰੋਮਣੀ ਅਕਾਲੀ ਦਲ (ਬਾਦਲ) ਦੇ ਜਥੇਦਾਰਾਂ ਦੀ ਸਰਪ੍ਰਸਤੀ ਵਾਲੀ ਸ਼੍ਰੋਮਣੀ ਕਮੇਟੀ ਤੇ ਸ੍ਰੀ ਅਵਤਾਰ ਸਿੰਘ ਮੱਕੜ ਦੀ ਪ੍ਰਧਾਨਗੀ ਵਾਲੀ ਸ਼੍ਰੋਮਣੀ ਕਮੇਟੀ ਦੇ ਲੱਠਮਾਰਾਂ ਨੇ ਜਿਲਾ ਗੁਰਦਾਸਪੁਰ ਦੇ ਪਿੰਡ ਖੰਨਾ ਚਮਾਰਾ ਵਿਖੇ ਹਮਲਾ ਕੀਤਾ ਤੇ ਸ਼੍ਰੋਮਣੀ ਕਮੇਟੀ ਦੀ ਜ਼ਮੀਨ ਲੰਮੇ ਸਮੇਂ ਤੋ ਕਾਸ਼ਤ ਕਰਦੇ ਆ ਰਹੇ ਅੰਮ੍ਰਿਤਧਾਰੀ ਸਿੰਘ ਬਲਵਿੰਦਰ ਸਿੰਘ ਤੇ ਕਸ਼ਮੀਰ ਸਿੰਘ ਦੀਆ ਦਸਤਾਰਾਂ ਤਾਂ ਲਾਹੁਣ ਦੀ ਗੱਲ ਬਹੁਤ ਦੂਰ ਦੀ ਹੈ ਸਗੋਂ ਗੁਰੂ ਆਸ਼ੇ ਦੇ 'ਗਰੀਬ ਦਾ ਮੂੰਹ ਗੁਰੂ ਦੀ ਗੋਲਕ' ਦੇ ਵਿਰੁੱਧ ਉਹਨਾਂ ਨੂੰ ਗੋਲੀਆ ਮਾਰ ਕੇ ਸ਼ਹੀਦ ਕਰ ਦਿੱਤਾ ਗਿਆ ਜਿਸ 'ਤੇ ਨਾ ਤਾਂ ਅਕਾਲੀ ਦਲ ਨੇ ਸੋਗ ਮਨਾਇਆ ਅਤੇ ਨਾ ਹੀ ਸ਼੍ਰ੍ਰੋਮਣੀ ਕਮੇਟੀ ਨੇ ਦੋ ਸਿੱਖਾਂ ਦੇ ਸ਼ਹੀਦ ਹੋਣ ਤੇ ਆਪਣੀ ਕੋਈ ਪ੍ਰਤੀਕਿਰਿਆ ਜ਼ਾਹਿਰ ਕੀਤੀ ਸਗੋਂ ਮੱਕੜ ਐੰਡ ਜੁੰਡਲੀ ਨੇ ਖੁਸ਼ੀਆ ਮਨਾਈਆ ਤੇ ਇਸ ਗੋਲੀ ਕਾਂਡ ਦੇ ਦੋਸ਼ੀਆ ਨੂੰ ਤਰੱਕੀਆ ਦੇ ਕੇ ਸਨਮਾਨਿਤ ਵੀ ਕੀਤਾ ਗਿਆ। ਪੰਜਾਬੀ ਦੀ ਇੱਕ ਕਹਾਵਤ ਹੈ ''ਸਿੱਖ ਨੂੰ ਸਿੱਖ ਮਾਰੇ ਜਾ ਕਰਤਾਰ'' ਨੂੰ ਸ਼੍ਰੋਮਣੀ ਕਮੇਟੀ ਦੇ ਲੱਠਮਾਰਾਂ ਨੇ ਦੋ ਗੁਰਸਿੱਖਾਂ ਨੂੰ ਸ਼ਹੀਦ ਕਰਕੇ ਸੱਚ ਕਰ ਵਿਖਾਇਆ।

ਸਾਲ 2011 ਵਿੱਚ ਵੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਬਾਹਰ ਘੰਟਾ ਘਰ ਵਾਲੇ ਪਾਸੇ ਅਕਾਲੀ ਆਗੂ ਸੁਰਜੀਤ ਸਿੰਘ ਭਿੱਟੇਵੱਢ ਨੂੰ ਜਦੋਂ ਇੱਕ ਪੁਲੀਸ ਵਾਲੇ ਨੇ ਗੱਡੀ ਗਲਤ ਪਾਰਕਿੰਗ ਕਰਨ ਤੋਂ ਰੋਕਿਆ ਤਾਂ ਸ਼੍ਰੋਮਣੀ ਕਮੇਟੀ ਮੈਂਬਰ ਜਸਵਿੰਦਰ ਸਿੰਘ ਐਡਵੋਕੇਟ ਨੇ ਉਸ ਦੀ ਪੂਰੀ ਤਰ੍ਹਾਂ ਲਾਹ ਪਾਹ ਕੀਤੀ ਸੀ। ਉਸ ਪੁਲੀਸ ਮੁਲਾਜਮ ਦੀ ਮਦਦ ਜਦੋਂ ਸਿਵਲ ਕੱਪੜਿਆ ਵਿੱਚ ਹੌਲਦਾਰ ਕੁਲਦੀਪ ਸਿੰਘ ਨੇ ਕੀਤੀ ਸੀ ਕਿ ਮੁਲਾਜਮ ਨੇ ਕੁਝ ਵੀ ਗਲਤ ਨਹੀਂ ਕੀਤਾ ਤਾਂ ਸੁਰਜੀਤ ਸਿੰਘ ਭਿੱਟੇਵੱਡ ਤੇ ਜਸਵਿੰਦਰ ਸਿੰਘ ਐਡਵੋਕੇਟ ਤੇ ਉਹਨਾਂ ਦੇ ਚੇਲੇ ਚਾਟੜਿਆ ਨੇ ਉਸ ਹੌਲਦਾਰ ਜਿਹੜਾ ਆਪਣੇ ਪਰਿਵਾਰ ਨਾਲ ਸ੍ਰੀ ਦਰਬਾਰ ਸਾਹਿਬ ਵਿਖੇ ਮੱਥਾ ਟੇਕ ਕੇ ਬਾਹਰ ਆਇਆ ਸੀ ਤੇ ਪਰਸ਼ਾਦ ਵਾਲਾ ਡੂਨਾ ਹਾਲੇ ਉਸ ਦੇ ਹੱਥ ਵਿੱਚ ਹੀ ਸੀ, ਦੀ ਦਸਤਾਰ ਲਾਹ ਦਿੱਤੀ ਤੇ ਕੇਸਾ ਤੋਂ ਫੜ ਘੜੀਸਿਆ ਵੀ ਗਿਆ। ਉਸ ਦੇ ਨਿੱਕੇ ਨਿੱਕੇ ਬੱਚੇ ਆਪਣੇ ਪੁਲੀਸਏ ਬਾਪ ਦੀ ਦੁਗਰਤ ਵੇਖ ਕੇ ਚੀਕ ਰਹੇ ਸਨ ਪਰ ਉਹਨਾਂ ਦੀ ਚੀਕ ਕਿਸੇ ਨਾ ਸੁਣੀ। ਇਸ ਘਟਨਾ ਦੀ ਸ਼ਕਾਇਤ ਬਾਅਦ ਵਿੱਚ ਥਾਣੇ ਵੀ ਗਈ ਪਰ ਪੰਜਾਬ ਵਿੱਚ ਅਕਾਲੀ ਸਰਕਾਰ ਹੋਣ ਕਾਰਨ ਮਾਝੇ ਵਿੱਚ ਉਗੇ ਨਵੇ ਸਿਆਸੀ ਸੂਰਜ ਬਿਕਰਮ ਸਿੰਘ ਮਜੀਠੀਆ ਦੇ ਇਸ਼ਾਰਿਆ ਤੇ ਉਲਟਾ ਹਵਾਲਦਾਰ ਕੋਲੋ ਹੀ ਮੁਆਫੀ ਮੰਗਾਈ ਗਈ ਸੀ। ਇਹ ਮਾਮਲਾ ਸ਼੍ਰੋਮਣੀ ਅਕਾਲੀ ਦਲ (ਪੰਚ ਪ੍ਰਧਾਨੀ) ਦੇ ਮੀਤ ਪ੍ਰਧਾਨ ਸ੍ਰੀ ਬਲਦੇਵ ਸਿੰਘ ਸਿਰਸਾ ਨੇ ਹਿੰਮਤ ਕਰਕੇ ਜਦੋਂ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਦੇ ਨੋਟਿਸ ਵਿੱਚ ਲਿਆਦਾ ਤਾਂ ਅੱਗੋ ਸ੍ਰੀ ਸਿਰਸਾ ਨੂੰ ਜਵਾਬ ਇਹ ਮਿਲਿਆ ਸੀ ਕਿ ''ਜਿਸਦੀ ਦਸਤਾਰ ਲੱਥੀ ਹੈ ਉਹ ਆਇਆ ਨਹੀਂ, ਇਸ ਲਈ ਕਾਰਵਾਈ ਨਹੀਂ ਹੋ ਸਕਦੀ'' ਜਾਨੀ ਜਥੇਦਾਰ ਵਿੱਚ ਹਿੰਮਤ ਨਹੀਂ ਸੀ ਕਿ ਉਹ ਬਾਦਲੀਆ ਦੇ ਖਿਲਾਫ ਕੋਈ ਕਰ ਸਕਦਾ।

ਸਾਲ 2012 ਦਿੱਲੀ ਵਿਖੇ ਅਕਾਲੀ ਦਲ ਦੇ ਦੋ ਧੜਿਆ ਵਿੱਚ ਹੋਈ ਖਾਨਜੰਗੀ ਨੂੰ ਲੈ ਕੇ ਦਸਤਾਰਾਂ ਦੋਹਾ ਧਿਰਾ ਵਾਲੇ ਪਾਸਿਉ ਖਿਲਾਰੀਆ ਤੇ ਪੈਰਾਂ ਵਿੱਚ ਵੀ ਰੋਲੀਆਆ ਸਨ ਜਿਸ ਨੂੰ ਇਲੈਕਟੋਰਨਿਕ ਮੀਡੀਏ ਨੇ ਲਾਈਵ ਤੇ ਬਾਰ ਬਾਰ ਦਿਖਾਇਆ ਸੀ। ਅਕਾਲੀ ਦਲ ਬਾਦਲ ਦੇ ਦਿੱਲੀ ਐਸਟੇਟ ਦੇ ਪ੍ਰਧਾਨ ਮਨਜੀਤ ਸਿੰਘ ਜੀ.ਕੇ ਦੀ ਗਿੱਦੜਕੁੱਟ ਵੀ ਸਰਨੇ ਦੇ ਦਿੱਲੀ ਅਕਾਲੀ ਦਲ ਦੇ ਕਾਰਕੁੰਨਾਂ ਤੇ ਟਾਸਕ ਫੋਰਸ ਵਾਲਿਆ ਨੇ ਖੂਬ ਕੀਤੀ ਸੀ ਜਿਹੜੀ ਉਹਨਾਂ ਨੂੰ ਸ਼ਾਇਦ ਜਿੰਦਗੀ ਭਰ ਯਾਦ ਰਹੇਗੀ। ਇਸ ਲੜਾਈ ਵਿੱਚ ਜੀ.ਕੇ ਦੀ ਦਸਤਾਰ ਲੱਥਣ ਦੇ ਨਾਲ ਨਾਲ ਕਿਰਪਾਨ ਦਾ ਫੱਟ ਵੀ ਵੱਜਾ ਤੇ ਕੇਸ ਵੀ ਖਿਲਰੇ ਹੋਏ ਸਨ। ਕੁਲ ਮਿਲਾ ਕੇ ਮੰਦਾ ਹਾਲ ਹੋਇਆ ਪਿਆ ਸੀ ਤੇ ਮੀਡੀਆ ਬਾਰ ਬਾਰ ਇਸ ਘਟਨਾ ਨੂੰ ਟੀ.ਵੀ ਤੇ ਵਿਖਾ ਰਿਹਾ ਸੀ। ਸ੍ਰੀ ਅਕਾਲ ਤਖਤ ਦੇ ਜਥੇਦਾਰ ਗਿਆਨੀ
ਗੁਰਬਚਨ ਸਿੰਘ ਜਿਹੜੇ ਹਮੇਸ਼ਾਂ ਕਹਿੰਦੇ ਹਨ ਕਿ ਸ਼ਕਾਇਤ ਮਿਲਣ ਤੇ ਕਾਰਵਾਈ ਕੀਤੀ ਜਾਵੇਗੀ ਨੇ ਪਰ ਦਿੱਲੀ ਵਾਲੀ ਘਟਨਾ ਖੁਦ ਹੀ ਨੋਟਿਸ ਲੈਦਿਆ ਕਿਹਾ ਕਿ ਦਿੱਲੀ ਵਿੱਚ ਵਾਪਰੀ ਲੜਾਈ ਦੀ ਇਸ ਘਟਨਾ ਦੀ ਸ੍ਰੀ ਅਕਾਲ ਤਖਤ ਤੋ ਕਾਰਵਾਈ ਕੀਤੀ ਜਾਵੇਗੀ ਤੇ ਜਾਂਚ ਲਈ ਤਿੰਨ ਮੈਂਬਰੀ ਕਮੇਟੀ ਦਾ ਗਠਨ ਵੀ ਕਰ ਦਿੱਤਾ ਗਿਆ।

ਬੀਤੇ ਸਾਲ 7 ਸਤੰਬਰ 2016 ਨੂੰ ਜਦੋ ਪੱਤਰਕਾਰ ਤੱਤਕਾਲੀ ਲੋਕ ਸੰਪਰਕ ਮੰਤਰੀ ਸ੍ਰ ਬਿਕਰਮ ਸਿੰਘ ਮਜੀਠੀਆ ਦੀ ਰਿਹਾਇਸ਼ 'ਤੇ ਉਸ ਨੂੰ ਮੰਗ ਪੱਤਰ ਦੇਣ ਜਾ ਰਹੇ ਸਨ ਤਾਂ ਮਜੀਠੀਆ ਦੀ ਸ਼ਹਿ 'ਤੇ ਪੁਲੀਸ ਨੇ ਲਾਠੀਚਾਰਜ ਕਰ ਦਿੱਤਾ ਜਿਸ ਵਿੱਚ ਇੱਕ ਅੰਮ੍ਰਿਤਧਾਰੀ ਪੱਤਰਕਾਰ ਜੋਗਿੰਦਰ ਸਿੰਘ ਖਹਿਰਾ ਦੀ ਦਸਤਾਰ ਲੱਥ ਗਈ। ਸਰਕਾਰ ਨੇ ਕੋਈ ਕਾਰਵਾਈ ਨਹੀਂ ਕੀਤੀ ਤੇ ਜਥੇਦਾਰ ਅਕਾਲ ਤਖਤ ਨੂੰ ਵੀ ਮੰਗ ਪੱਤਰ ਦਿੱਤਾ ਪਰ ਉਹਨਾਂ ਨੇ ਵੀ ਕੋਈ ਕਾਰਵਾਈ ਕਰਨੀ ਮੁਨਾਸਿਬ ਨਹੀਂ ਸਮਝੀ ਅਤੇ ਇਸ ਘਟਨਾ ਦੀ ਨਿਖੇਧੀ ਤੱਕ ਨਹੀਂ ਕੀਤੀ ਸੀ।

ਬੀਤੇ ਦਿਨੀ ਪੰਜਾਬ ਵਿਧਾਨ ਸਭਾ ਵਿੱਚ ਲੱਥੀ ਦਸਤਾਰ ਦਾ ਮੁੱਦਾ ਕਾਫੀ ਗਰਮਾਇਆ ਰਿਹਾ ਹੈ ਅਤੇ ਆਮ ਆਦਮੀ ਪਾਰਟੀ ਦੇ ਵਿਧਾਇਕ ਮਨਜੀਤ ਸਿੰਘ ਬਿਲਾਸਪੁਰ ਦੀ ਦਸਤਾਰ ਲੱਥ ਗਈ ਜਿਸ ਨੂੰ ਲੈ ਕੇ ਆਪ ਵਾਲਿਆ ਨੇ ਤਾਂ ਜੋ ਕੁਝ ਕਰਨਾ ਹੈ ਵੱਖਰਾ ਰਿਹਾ ਪਰ ਸਭ ਤੋ ਵੱਧ ਬਾਦਲਕਿਆ ਨੇ ਰੌਲਾ ਪਾਇਆ ਪਰ ਸਾਬਕਾ ਮੁੱਖ ਮੰਤਰੀ ਸ੍ਰ ਪ੍ਰਕਾਸ਼ ਸਿੰਘ ਬਾਦਲ ਨੇ 1986 ਵਿੱਚ ਵਿਧਾਨ ਸਭਾ ਵਿੱਚ ਅਕਾਲੀ ਸਰਕਾਰ ਦੇ ਸਮੇਂ ਹੀ ਅਕਾਲੀ ਦਲ ਨਾਲ ਸਬੰਧਿਤ ਸਪੀਕਰ ਸੁਰਜੀਤ ਸਿੰਘ ਮਿਨਹਾਸ ਦੀ ਧੂਹ ਘਸੀਟ ਕੀਤੀ ਤੇ ਉਸ ਦੀ ਦਸਤਾਰ ਵੀ ਖਿਲਾਰੀ ਸੀ ਪਰ ਅੱਜ ਸ੍ਰ ਬਾਦਲ ਨੂੰ ਉਸੇ ਹੀ ਹਾਊਸ ਵਿੱਚ ਲੱਥੀ ਦਸਤਾਰ ਇੱਕ ਬੜਾ ਵੱਡਾ ਮਸਲਾ ਦਿਸ ਰਹੀ ਹੈ।

ਸੰਨ 1994 ਵਿੱਚ ਪੰਜਾਬ ਵਿੱਚ ਬੇਅੰਤ ਸਿੰਘ ਦੀ ਸਰਕਾਰ ਸੀ ਤੇ ਅਕਾਲੀ ਵਿਧਾਇਕ ਸ੍ਰ ਇੰਦਰਜੀਤ ਸਿੰਘ ਜੀਰਾ ਦੀ ਦਸਤਾਰ ਤੱਤਕਾਲੀ ਮੰਤਰੀ ਮਾਸਟਰ ਜਗੀਰ ਸਿੰਘ ਤੇ ਮਨਿੰਦਰਜੀਤ ਸਿੰਘ ਬਿੱਟੇ ਨੇ ਇੱਕ ਸਵਾ ਪੁੱਛੇ ਜਾਣ ਤੇ ਲਾਹੀ ਸੀ ਤੇ ਉਹ ਨੰਗੇ ਸਿਰ ਸਪੀਕਰ ਦੇ ਅੱਗੇ ਧਰਤੀ ਬੈਠ ਕੇ ਰੋਸ ਪ੍ਰਗਟ ਕਰਦੇ ਰਹੇ ਪਰ ਕਿਸੇ ਵੀ ਜਥੇਦਾਰ ਜਾਂ ਬਾਦਲਾਂ ਨੇ ਉਸ ਦਾ ਨੋਟਿਸ ਨਾ ਲਿਆ ਅਤੇ ਨਾ ਹੀ ਕਿਸੇ ਜਥੇਦਾਰ ਤੇ ਬਾਦਲ ਦੀਆ ਧਾਰਮਿਕ ਭਾਵਨਾ ਨੂੰ ਠੇਸ ਪੁੱਜੀ। ਸਿੱਖ ਪੰਥ ਦੇ ਪੰਥ ਰਤਨ ਜਥੇਦਾਰ ਗੁਰਚਰਨ ਸਿੰਘ ਟੌਹੜਾ ਦੀ ਵੀ 1952 ਵਿੱਚ ਫਤਹਿਗੜ੍ਹ ਸਾਹਿਬ ਦੀ ਸ਼ਹੀਦੀ ਸਮਾਗਮ ਵਿੱਚ ਭਾਗ ਲੈਣ ਪੁੱਜੇ ਸਨ ਤਾਂ ਕਾਂਗਰਸੀ ਆਗੂ ਪ੍ਰਲਾਦ ਸਿੰਘ ਚੰਡੋਕ ਦੇ ਸਾਥੀਆ ਨੇ ਉਹਨਾਂ ਦੀ ਦਸਤਾਰ ਲਾਹ ਦਿੱਤੀ ਤੇ ਉਸ ਦਿਨ ਤੋ ਹੀ ਉਹ ਵੀ ਪੱਕੇ ਅਕਾਲੀਆ ਦਾ ਕਤਾਰ ਵਿੱਚ ਸ਼ਾਮਲ ਹੋ ਗਏ ਸਨ। ਇਹ ਜਾਣਕਾਰੀ ਪ੍ਰਹਿਲਾਦ ਸਿੰਘ ਚੰਡੋਕ ਨੇ ਖੁਦ ਦਿੱਤੀ ਸੀ।

ਪੰਜਾਬੀ ਦੀ ਕਹਾਵਤ ਹੈ ਕਿ ਚੋਰ ਨਾਲੋ ਪੰਡ ਕਾਹਲੀ ਅਨੁਸਾਰ ਆਪ ਵਾਲੇ ਤਾਂ ਸ਼ਾਇਦ ਕੋਈ ਕਾਰਵਾਈ ਨਾ ਕਰਦੇ ਪਰ ਬਾਦਲਕਿਆ ਨੂੰ ਇਸ ਨੂੰ ਮੁੱਦਾ ਬਣਾ ਕੇ ਜਰੂਰ ਜਥੇਦਾਰ ਨੂੰ ਕਾਰਵਾਈ ਕਰਨ ਲਈ ਦਬਾ ਪਾਇਆ ਹੈ ਪਰ ਜਥੇਦਾਰ ਨੂੰ ਚਾਹੀਦਾ ਹੈ ਕਿ ਉਹ ਹੁਣ ਤੱਕ ਲੱਥੀਆ ਦਸਤਾਰਾਂ ਦੀ ਜਾਂਚ ਲਈ ਇੱਕ ਕਮੇਟੀ ਦਾ ਗਠਨ ਕਰਕੇ ਜਾਂਚ ਕਰਵਾਏ ਤੇ ਸਾਰੀਆ ਲੱਥਾਂ ਦਸਤਾਰਾਂ ਦੀ ਜਾਂਚ ਕਰਵਾ ਕੇ ਸਮੁੱਚੇ ਕਾਰਵਾਈ ਕਰੇ। ਪੰਜਾਬ ਵਿਧਾਨ ਸਭਾ ਵਿੱਚ ਹੋਈ ਲੜਾਈ ਦਾ ਮੁੱਦਾ ਸੰਵਿਧਾਨਕ ਹੈ ਤੇ ਇਸ ਦੀ ਕਨੂੰਨੀ ਕਾਰਵਾਈ ਕਰਨੀ ਬਣਦੀ ਹੈ ਕਿਉਕਿ ਦੋਸ਼ੀ ਮਾਰਸ਼ਲ ਹਨ ਜਿਹੜੇ ਨਾ ਤਾਂ ਗੁਰਸਿੱਖ ਹਨ ਅਤੇ ਨਾ ਹੀ ਅਕਾਲ ਤਖਤ ਦੇ ਅਧਿਕਾਰ ਖੇਤਰ ਵਿੱਚ ਆਉਦੇ ਹਨ।

ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਵੀ ਚਾਹੀਦਾ ਹੈ ਕਿ ਉਹ ਕਿਸੇ ਬਹਿਕਾਵੇ ਵਿੱਚ ਆ ਕੇ ਦਸਤਾਰ ਸਬੰਧੀ ਕੋਈ ਕਾਰਵਾਈ ਨਾ ਕਰੇ ਸਗੋਂ ਪੂਰੀ ਤਰ੍ਹਾਂ ਘੋਖ ਕਰਨ ਅਤੇ ਦੀਰਘ ਵਿਚਾਰ ਕਰਨ ਉਪਰੰਤ ਹੀ ਕੋਈ ਫੈਸਲਾ ਲਿਆ ਜਾਵੇ। ਰੱਬ ਰਾਖਾ!


ਜੇ ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ।


ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org  and cannot be held responsible for their views.  Read full details....

Go to Top