Share on Facebook

Main News Page

ਗੁਰਦੁਆਰਾ ਹੇਵਰਡ ਦੇ ਉਦਘਾਟਨ ਮੌਕੇ ਅਰਦਾਸ ਵਿੱਚ
"
ਪ੍ਰਿਥਮ ਅਕਾਲਪੁਰਖ ਸਿਮਰ ਕੈ..." ਪੜ੍ਹ ਕੇ ਜੈਕਾਰਿਆਂ ਦੀ ਗੂੰਜ ਨਾਲ ਭਗਉਤੀ (ਦੁਰਗਾ) ਭਜਾਈ ਗਈ !

ਅਸਲੀ ਨਾਨਕਸ਼ਾਹੀ ਕੈਲੰਡਰ ਮੁਤਾਬਿਕ ਗੁਰੂ ਅਰਜਨ ਸਾਹਿਬ ਜੀ ਦੇ ਸ਼ਹੀਦੀ ਦਿਵਸ ਅਤੇ ਗੁਰਦੁਵਾਰੇ ਦੀ ਨਵੀਂ ਇਮਾਰਤ ਦੇ ਉਦਘਾਟਨ ਤੇ ਸਾਬਕਾ ਸਾਬਕਾ ਮੁੱਖ ਸੇਵਾਦਾਰ ਸ੍ਰੀ ਅਕਾਲ ਤਖਤ ਸਾਹਿਬ (ਅੰਮ੍ਰਿਤਸਰ) ਪ੍ਰੋ. ਦਰਸ਼ਨ ਸਿੰਘ ਖਾਲਸਾ, ਸ਼੍ਰੋਮਣੀ ਖਾਲਸਾ ਪੰਚਾਇਤ ਦੇ ਮੁਖੀ ਸ੍ਰ. ਰਜਿੰਦਰ ਸਿੰਘ ਖਾਲਸਾ, ਗੁਰਦਵਾਰਾ ਗੁਰੂ ਗ੍ਰੰਥ ਫਾਊਂਡੇਸ਼ਨ ਹੇਵਰਡ ਦੇ ਪ੍ਰਬੰਧਕਾਂ ਅਤੇ ਸਿੱਖ ਸੰਗਤਾਂ ਦੇ ਭਰਵੇਂ ਸਹਿਯੋਗ ਨਾਲ 18 ਜੂਨ ਦਿਨ ਐਤਵਾਰ ਤੋਂ 21 ਜੂਨ ਬੁੱਧਵਾਰ ਤੱਕ ਗੁਰਦੁਵਾਰਾ ਹੇਵਰਡ ਵਿਖੇ ਲੜੀਵਾਰ ਦਿਵਾਨ ਸਜੇ ਜਿੰਨ੍ਹਾਂ ਵਿੱਚ ਗੁਰਬਾਣੀ ਗੁਰਮਤਿ ਵਿਚਾਰਾਂ ਦੇ ਨਾਲ ਨਾਲ ਮਜੂਦਾ ਸਿੱਖੀ ਦੇ ਭਖਦੇ ਮਸਲੇ ਜਿਵੇਂ ਅਕਾਲ ਤਖਤ, ਜਥੇਦਾਰ, ਮਰਯਾਦਾ, ਡੇਰਾਵਾਦ, ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ, ਗੁਰੂ ਗ੍ਰੰਥ ਸਾਹਿਬ ਦੀ ਸਰਬਉਚਤਾ ਅਤੇ ਬਚਿੱਤ੍ਰ ਨਾਟਕ (ਅਖੌਤੀ ਦਸਮ ਗ੍ਰੰਥ) ਆਦਿਕ ਵਿਸ਼ਿਆਂ 'ਤੇ ਪ੍ਰੋ. ਦਰਸ਼ਨ ਸਿੰਘ ਜੀ ਖਾਲਸਾ ਨੇ ਕੀਰਤਨ ਵਖਿਆਨਾਂ ਅਤੇ ਸ੍ਰ. ਰਜਿੰਦਰ ਸਿੰਘ ਖਾਲਸਾ ਜੀ ਨੇ ਗੁਰਮਤਿ ਲੈਕਚਰਾਂ ਨਾਲ ਖੁੱਲ੍ਹੇ ਵਿਚਾਰ ਕੀਤੇ।

ਉਪ੍ਰੋਕਤ ਵਿਸ਼ਿਆਂ ਬਾਰੇ ਸੰਗਤਾਂ ਵਿੱਚ ਡੇਰੇਦਾਰਾਂ, ਸੰਪ੍ਰਦਾਈਆਂ ਅਤੇ ਅਖੌਤੀ ਪ੍ਰਚਾਰਕਾਂ ਵੱਲੋਂ ਪਾਏ ਗਏ ਭੰਬਲਭੂਸੇ ਦੂਰ ਕੀਤੇ ਅਤੇ ਸੰਗਤਾਂ ਦੇ ਭਰਮ-ਭੁਲੇਖੇ ਸ਼ੰਕੇ ਨਵਿਰਤ ਹੋਏ। ਇਸ ਗੁਰਦੁਆਰਾ ਸਾਹਿਬ ਦੇ ਜਨਰਲ ਸਕੱਤਰ ਸ੍ਰ. ਸੁਖਵਿੰਦਰ ਸਿੰਘ ਵੜੈਚ ਗੁਰਮਤਿ, ਮਰਯਾਦਾ ਅਤੇ ਸਿੱਖ ਇਤਹਾਸ ਦੇ ਚੰਗੇ ਜਾਣੂ ਹਨ। ਉਹ ਗੁਰਦੁਆਰੇ ਵਿਖੇ ਗੁਰੂ ਗ੍ਰੰਥ ਸਾਹਿਬ ਜੀ ਤੋਂ ਬਾਹਰੀ ਕੱਚੀ ਰਚਨਾ ਖਾਸ ਕਰ ਅਖੌਤੀ ਦਸਮ ਗ੍ਰੰਥ ਅਤੇ ਸੂਰਜ ਪ੍ਰਕਾਸ਼ ਆਦਿਕ ਗ੍ਰੰਥਾਂ ਦੀ ਕਥਾ ਇਜਾਜਿਤ ਨਹੀਂ ਦਿੰਦੇ। ਕੀਰਤਨ ਵੀ ਕੇਵਲ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ, ਭਾਈ ਗੁਰਦਾਸ ਦੀਆਂ ਵਾਰਾਂ ਤੇ ਭਾਈ ਨੰਦ ਲਾਲ ਦੀਆਂ ਰਚਨਾਵਾਂ ਜੋ ਪੰਥ ਪ੍ਰਵਾਣਿਤ ਹਨ ਦਾ ਹੁੰਦਾ ਹੈ।

ਇਸ ਸਟੇਜ ਤੇ ਚੰਗੇ ਚੰਗੇ ਵਿਦਵਾਨ ਅਤੇ ਖਾਸ ਕਰ ਮਿਸ਼ਨਰੀ ਪ੍ਰਚਾਰਕ ਕਥਾ ਪ੍ਰਚਾਰ ਕਰਦੇ ਹਨ। ਸੰਗਤਾਂ ਦੀ ਸਹੂਲਤ ਵਾਸਤੇ ਪ੍ਰਬੰਧਕਾਂ ਅਤੇ ਦਾਨੀ ਸਜਨਾਂ ਦੇ ਸਹਿਯੋਗ ਨਾਲ ਬਿਲਡਿੰਗ ਨੂੰ ਨਵੀਂ ਦਿੱਖ ਦਿੱਤੀ ਜਾ ਰਹੀ ਹੈ। ਗੁਰਦੁਆਰੇ ਦੀ ਕਾਰ ਸੇਵਾ ਪ੍ਰਬੰਧਕ, ਦਾਨੀ ਸੱਜਨ, ਗੁਰਮਤਿ ਪ੍ਰੇਮੀ ਅਤੇ ਮਿਸਤਰੀ ਬੜੇ ਉਤਸ਼ਾਹ ਨਾਲ ਜੰਗੀ ਪੱਧਰ ਤੇ ਕਰ ਰਹੇ ਹਨ। ਖਾਸ ਕਰਕੇ ਗੁਰਦੁਆਰੇ ਦੇ ਫਾਊਂਡਰ ਮੈਂਬਰ ਸ੍ਰ. ਪਾਲ ਸਿੰਘ ਪਾਲੀ ਸੱਭਰਵਾਲ ਅਤੇ ਦੌਲਤ ਸਿੰਘ ਨਿੱਝਰ ਬੜੀ ਤਨਦੇਹੀ ਨਾਲ ਵੱਧ ਤੋਂ ਵੱਧ ਸਮਾਂ ਦੇ ਕੇ ਸੇਵਾ ਨਿਭਾ ਰਹੇ ਹਨ। ਮੁੱਖ ਗ੍ਰੰਥੀ ਭਾਈ ਧਰਮਵੀਰ ਸਿੰਘ, ਭਾਈ ਹਰਜਿੰਦਰ ਸਿੰਘ ਤੇ ਬਾਕੀ ਰਾਗੀ ਤੇ ਸੇਵਾਦਾਰ ਬਾਖੂਬੀ ਸੇਵਾ ਨਿਭਾ ਰਹੇ ਅਤੇ ਸੰਗਤਾਂ ਨੂੰ ਮਨਮੱਤਾਂ ਛੱਡਣ ਦੀ ਪ੍ਰੇਰਣਾ ਦਿੰਦੇ ਹਨ।

ਅਕਾਲ ਪੁਰਖ ਨੇ ਕਲਾ ਵਰਤਾਈ-ਬੁੱਧਵਾਰ ਸ਼ਾਮ ਦੇ ਆਖਰੀ ਭਰੇ ਦੀਵਾਨ ਵਿੱਚ ਪ੍ਰੋ. ਦਰਸ਼ਨ ਸਿੰਘ ਖਾਲਸਾ ਦੇ ਵਿਦਵਤਾ ਭਰੇ ਵਖਿਆਨ ਅਤੇ ਪ੍ਰੇਰਨਾ ਸਦਕਾ ਸੰਗਤਾਂ ਨੇ ਦੋਵੇਂ ਹੱਥ ਖੜੇ ਕਰਕੇ, ਜੈਕਾਰਿਆਂ ਦੀ ਗੂੰਜ ਵਿੱਚ ਕੇਵਲ ਤੇ ਕੇਵਲ ਗੁਰੂ ਗ੍ਰੰਥ ਸਾਹਿਬ ਨੂੰ ਸ਼ਬਦ ਗੁਰੂ ਮੰਨਣ ਦਾ ਪ੍ਰਣ ਪੱਤ੍ਰਾਂ ਰਾਹੀਂ ਅਹਿਦ ਲੈਂਦੇ, ਅਖੌਤੀ ਦਸਮ ਗ੍ਰੰਥ ਅਤੇ ਭਗਾਉਤੀ (ਦੁਰਗਾ) ਨੂੰ ਕੰਡਮ ਕਰਦੇ ਅਰਦਾਸ ਵਿੱਚ ਭਗਾਉਤੀ ਅਰਾਧਨ ਦੀ ਬਜਾਇ ਅਕਾਲ ਪੁਰਖ ਆਰਧਨ ਦਾ ਪ੍ਰਣ ਕੀਤਾ। ਗੁਰਦੁਆਰੇ ਦੇ ਮੁੱਖ ਗ੍ਰੰਥੀ ਭਾਈ ਧਰਮਵੀਰ ਸਿੰਘ ਨੇ ਪ੍ਰਿਥਮ ਅਕਾਲ ਪੁਰਖ ਸਿਮਰ ਕੈ ਗੁਰੂ ਨਾਨਕ ਲਈਂ ਧਿਆਇ ਅਰਦਾਸ ਕੀਤੀ ਅਤੇ ਹੁਕਮਨਾਮਾ ਲੈ ਸਮਾਪਤੀ ਕੀਤੀ ਗਈ। ਇਉਂ ਸਿੱਖ ਸੰਗਤਾਂ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਪ੍ਰਤੀ ਦ੍ਰਿੜ ਹੋਈਆਂ। ਇਸ ਸਾਰੇ ਪ੍ਰੋਗਰਾਮਾਂ ਬਾਰੇ ਖਬਰਾਂ ਤੇ ਇਸ਼ਤਿਹਾਰ ਸ੍ਰ. ਸਤਨਾਮ ਸਿੰਘ ਖਾਲਸਾ ਜੀ ਨੇ ਸਾਡੇ ਲੋਕ ਅਖਬਾਰ ਵਿੱਚ ਕਵਰ ਕੀਤੇ।

ਉਪ੍ਰੋਕਤ ਵਿਸ਼ਿਆਂ ਬਾਰੇ ਪ੍ਰੋ. ਦਰਸ਼ਨ ਸਿੰਘ ਖਾਲਸਾ ਅਤੇ ਸ੍ਰ. ਰਜਿੰਦਰ ਸਿੰਘ ਖਾਲਸਾ ਨਾਲ ਡਾ. ਗੁਰਮੀਤ ਸਿੰਘ ਬਰਸਾਲ, ਸ੍ਰ. ਨਗਿੰਦਰ ਸਿੰਘ ਬਰਸਾਲ ਵਰਲਡ ਸਿੱਖ ਫੈਡਰੇਸ਼ਨ, ਸ੍ਰ. ਤਰਲੋਚਨ ਸਿੰਘ ਦੁਪਾਲਪੁਰ ਸਾਬਕਾ ਮੈਂਬਰ ਸ੍ਰੋਮਣੀ ਕਮੇਟੀ, ਸ੍ਰ. ਕੁਲਦੀਪ ਸਿੰਘ ਮਜੀਠੀਆ, ਸ੍ਰ. ਦਰਸ਼ਨ ਸਿੰਘ ਕੈਬ ਡ੍ਰਾਈਵਰ, ਬੀਬੀ ਹਰਸਿਮਰਤ ਕੌਰ ਖਾਲਸਾ ਪ੍ਰਧਾਨ ਗੁਰੂ ਗ੍ਰੰਥ ਪ੍ਰਚਾਰ ਮਿਸ਼ਨ ਯੂ.ਐੱਸ.ਏ. ਅਤੇ ਦਾਸ ਅਵਤਾਰ ਸਿੰਘ ਮਿਸ਼ਨਰੀ ਆਦਿਕਾਂ ਦੀਆਂ ਖੁੱਲ੍ਹੀਆਂ ਵਿਚਾਰਾਂ ਹੋਈਆਂ। ਅਸੀਂ ਸਾਰੇ ਸਮੁੱਚੀਆਂ ਸਿੱਖ ਸੰਗਤਾਂ ਨੂੰ ਅਪੀਲ ਕਰਦੇ ਹਾਂ ਕਿ ਹੋਰ ਹੋਰ ਸੰਤਾਂ ਤੇ ਗ੍ਰੰਥਾਂ ਨੂੰ ਛੱਡ ਕੇ, ਕੇਵਲ ਤੇ ਕੇਵਲ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਹੀ ਪੜ੍ਹੀ, ਵਿਚਾਰੀ, ਧਾਰੀ ਤੇ ਪ੍ਰਚਾਰੀ ਜਾਵੇ। ਗੁਰੂ ਦਾ ਵੀ ਇਹੀ ਹੁਕਮ ਹੈ ਜੋ ਹਰ ਰੋਜ ਆਰਦਾਸ ਵਿਖੇ ਦੁਹਰਾਉਂਦੇ ਹਾਂ-ਸਭ ਸਿਖਨ ਕਉ ਹੁਕਮ ਹੈ ਗੁਰੂ ਮਾਨਿਓਂ ਗ੍ਰੰਥ॥ ਪਰ ਮੰਨੀ ਕਿਸੇ ਹੋਰ ਗ੍ਰੰਥ ਤੇ ਸੰਤ ਨੂੰ ਵੀ ਜਾਂਦੇ ਹਾਂ।


ਜੇ ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ।


ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org  and cannot be held responsible for their views.  Read full details....

Go to Top