Share on Facebook

Main News Page

ਅਫਲਾਤੂਨ ਕੌਣ ਸੀ ?
- aphalātūna - अफलातून

Source: ਮਹਾਨ ਕੋਸ਼ ਦੀ PDF ਦੇ ਪੰਨਾਂ 288 ਤੋਂ

ਅ਼. [افلاطوُن] ਯੂ ਪਲਾਟੋਨ. ਅੰ. Plato. ਪੱਛਮ ਦੇ ਪ੍ਰਾਚੀਨ ਫ਼ਿਲਾਸਫ਼ਰਾਂ ਵਿੱਚੋਂ ਇੱਕ ਵੱਡੀ ਉੱਚੀ ਪਦਵੀ ਦਾ ਮਹਾਤਮਾ। ਇਸ ਦਾ ਜਨਮ ਯੂਨਾਨ ਦੀ ਰਾਜਧਾਨੀ ਐਥਿਨਜ਼ (Athens) ਵਿੱਚ ਈਸਵੀ ਸਨ ਦੇ ਆਰੰਭ ਤੋਂ ਪਹਿਲਾਂ ੪੨੮ ਵਿੱਚ ਹੋਇਆ। ਇਸ ਦਾ ਪਿਤਾ ਐਰਿਸਟਨ (Ariston) ਅਤੇ ਮਾਤਾ ਪ੍ਰਿਕ੍ਸ਼ੋਨੀ ਸੀ। ਅਫਲਾਤੂਨ ਦਾ ਅਸਲੀ ਨਾਉਂ ਐਰਿਸ੍ਟੋਕਲੀਜ਼ (Aristocles) ਸੀ, ਪਰ ਇਸ ਦੀ ਛਾਤੀ ਅਤੇ ਮਸਤਕ ਦੀ ਵਿਸ਼ਾਲਤਾ ਤੋਂ ਇਸ ਦਾ ਨਾਉਂ ਪਲਾਟੋਨ (ਚੌੜਾ) ਪੈ ਗਿਆ।

ਪ੍ਰਾਚੀਨ ਇਤਿਹਾਸਕਾਰ ਓਲਿੰਪੂਡੋਰਸ ਲਿਖਦਾ ਹੈ ਕਿ ਦੁੱਧ ਚੁੰਘਦੇ ਅਫਲਾਤੂਨ ਨੂੰ ਇਸ ਦੇ ਮਾਤਾ ਪਿਤਾ ਨੇ ਜਦ ਪਹਾੜੀ ਦੇਵਤਿਆਂ ਤੋਂ ਵਰ ਪ੍ਰਾਪਤੀ ਲਈ ਹੀਮੈਟਸ ਪਰਬਤ ਤੇ ਰੱਖਿਆ, ਤਾਂ ਸ਼ਹਦ ਦੀ ਮੱਖੀਆਂ ਨੇ ਇਸ ਦੇ ਹੋਠਾਂ ਨੂੰ ਸ਼ਹਦ ਲਾ ਦਿੱਤਾ, ਜਿਸ ਤੋਂ ਇਸ ਦਾ ਵਿਸ਼ੇਸਣ ਐਥਿਨਜ਼੍ਵੀ 'ਮਧੁਕਰ' ਹੋਇਆ, ਅਰ ਕਵੀਆਂ ਨੇ ਇਸ ਦਾ ਭਾਵ ਕੱਢਿਆ ਕਿ ਇਸ ਦੇ ਮੁਖ ਤੋਂ ਸ਼ਹਦ ਥੀਂ ਭੀ ਅਧਿਕ ਮਿੱਠੀ ਬਾਣੀ ਦਾ ਪ੍ਰਵਾਹ ਚਲੇਗਾ।

ਅਫਲਾਤੂਨ ਛੋਟੀ ਉਮਰ ਵਿੱਚ ਹੀ ਛੰਦਵਿਦ੍ਯਾ ਦਾ ਪੰਡਿਤ ਹੋ ਗਿਆ ਸੀ। ਇੱਕ ਦਿਨ ਕਿਸੇ ਭੀੜੀ ਗਲੀ ਵਿਚੋਂ ਲੰਘਦਿਆਂ ਇਸ ਨੂੰ ਮਹਾਰਿਖੀ ਸੁਕਰਾਤ ਮਿਲ ਪਿਆ, ਜਿਸ ਦਾ ਦਰਸ਼ਨ ਇਸ ਨੇ ਪਹਿਲਾਂ ਕਦੇ ਨਹੀਂ ਕੀਤਾ ਸੀ। ਸੁਕਰਾਤ ਨੇ ਆਪਣੀ ਸੋਟੀ ਨਾਲ ਅਫਲਾਤੂਨ ਦਾ ਰਸਤਾ ਰੋਕਕੇ ਪੁੱਛਿਆ ਕਿ ਚਿਰੰਜੀਵ! ਮੈਨੂੰ ਨੇਕੀ ਦੇ ਮਦਰਸੇ ਦਾ ਪਤਾ ਦੱਸ! ਸੁਕਰਾਤ ਦੇ ਇਹ ਸ਼ਬਦ ਸੁਣਕੇ ਅਫਲਾਤੂਨ ਵਿਸਮਾਦ ਵਿੱਚ ਹੋ ਗਿਆ, ਅਰ ਕਿਹਾ ਕਿ ਮਹਾਰਾਜ! ਮੈਨੂੰ ਇਸ ਦਾ ਗ੍ਯਾਨ ਨਹੀਂ, ਤਾਂ ਸੁਕਰਾਤ ਨੇ ਇਸ ਵੱਲ ਇਸ਼ਾਰਾ ਕਰਕੇ ਆਪਣੇ ਸਾਥੀਆਂ ਨੂੰ ਕਿਹਾ ਕਿ- ਏਹੋ ਹੰਸ ਹੈ ਜੋ ਰਾਤ ਸੁਪਨੇ ਵਿੱਚ ਮੇਰੀ ਛਾਤੀ ਤੇ ਬੈਠਕੇ ਉਡ ਗਿਆ ਸੀ! ਇਸ ਸਮੇਂ ਅਫਲਾਤੂਨ ਦੀ ਉਮਰ ਵੀਹ ਵਰ੍ਹਿਆਂ ਦੀ ਸੀ। ਇਸ ਦੇ ਚਿੱਤ ਤੇ ਤਤ੍ਵਗ੍ਯਾਨੀ ਸੁਕਰਾਤ ਦਾ ਅਜੇਹਾ ਅਸਰ ਹੋਇਆ ਕਿ ਉਸ ਦੀ ਸੰਗਤਿ ਵਿੱਚ ਰਹਿਕੇ ਅਵਸਥਾ ਵਿਤਾਉਣੀ ਕਲ੍ਯਾਣ ਦਾ ਸਾਧਨ ਸਮਝਿਆ, ਅਰ ਸੁਕਰਾਤ ਦੇ ਦੇਹਾਂਤ ਤੀਕ ਉਸ ਦੀ ਸੇਵਾ ਕਰਕੇ ਸਿਖ੍ਯਾ ਪ੍ਰਾਪਤ ਕੀਤੀ।

ਸੁਕਰਾਤ ਦੇ ਮਰਨ ਪਿੱਛੋਂ ਕੁਝ ਚਿਰ ਅਫਲਾਤੂਨ ਦੇਸ਼ਾਂਤਰਾਂ ਵਿੱਚ ਫਿਰਦਾ ਰਿਹਾ, ਅਰ ਬੀ. ਸੀ. ੩੮੮ ਦੇ ਲਗ ਪਗ ਜਗਤ ਵਿਖ੍ਯਾਤ ਐਕੈਡਿਮੀ ਬਾਗ ਵਿੱਚ ਇਸਥਿਤ ਹੋਗਿਆ, ਜਿੱਥੇ ਨਿਰੰਤਰ ੪੦ ਵਰ੍ਹਿਆਂ ਤਕ ਆਪ ਸੂਖਮ ਵਿਚਾਰਾਂ ਦਾ ਚਿੰਤਨ, ਅਤੇ ਆਪਣੇ ਸਤਸੰਗੀਆਂ ਨੂੰ ਤਤ੍ਵਵਿਦ੍ਯਾ ਦਾ ਦਾਨ ਕਰਦਾ ਰਿਹਾ। ਇਸ ਦੇ ਚੇਲੇ ਅਤੇ ਸ਼੍ਰੋਤੇ ਪੁਰਖ ਇਸਤਰੀਆਂ ਦੋਵੇਂ ਸਨ, ਅਰ ਉਨ੍ਹਾਂ ਦੀ ਸਚਾਈ ਇਤਨੀ ਉਜਾਗਰ ਹੋ ਗਈ ਸੀ ਕਿ ਜੇ ਉਹ ਅਦਾਲਤ ਵਿੱਚ ਗਵਾਹੀ ਲਈ ਸੱਦੇ ਜਾਂਦੇ, ਤਾਂ ਉਨ੍ਹਾਂ ਤੋਂ ਕਸਮ ਨਹੀਂ ਉਠਵਾਈ ਜਾਂਦੀ ਸੀ।

ਅਫਲਾਤੂਨ ਨੇ ਬਹੁਤ ਉੱਤਮ ਗ੍ਰੰਥ ਲਿਖੇ ਹਨ, ਅਰ ਵਿਦ੍ਵਾਨਾਂ ਦਾ ਸੌਭਾਗ੍ਯ ਹੈ ਕਿ ਉਹ ਸਮੇਂ ਦੀ ਹੇਰਾ ਫੇਰੀ ਦਾ ਸ਼ਿਕਾਰ ਨਹੀਂ ਹੋਏ. ਇਨ੍ਹਾਂ ਗ੍ਰੰਥਾਂ ਦਾ ਸ਼ੁੱਧ ਅਤੇ ਸਰਲ ਅਨੁਵਾਦ (ਉਲਥਾ) ਤਕਰੀਬਨ ਯੂਰਪ ਦੀਆਂ ਸਭ ਬੋਲੀਆਂ ਵਿੱਚ ਹੋ ਗਿਆ ਹੈ। ਹੁਣ ਯੂਰਪ ਅਤੇ ਅਮਰੀਕਾ ਦੇ ਵਿਦ੍ਵਾਨ ਹੀ ਨਹੀਂ, ਬਲਕਿ ਭਾਰਤ ਦੇ ਭੀ ਵਡੇ ਤੋਂ ਵਡੇ ਵਿਚਾਰਸ਼ੀਲ ਪ੍ਰੇਮ ਤੇ ਸਤਕਾਰ ਨਾਲ ਆਖਦੇ ਹਨ ਕਿ ਜੇ ਵੇਦਵ੍ਯਾਸ ਰਿਖੀ ਤੁੱਲ ਕੋਈ ਮਹਾਤਮਾ ਯੂਰਪ ਵਿੱਚ ਪ੍ਰਗਟਿਆ ਹੈ, ਤਾਂ ਉਹ ਕੇਵਲ ਅਫਲਾਤੂਨ ਸੀ। ਇਸ ਤਤ੍ਵਗ੍ਯਾਨੀ ਨੂੰ ਵਿਦ੍ਯਾ ਅਤੇ ਗ੍ਯਾਨ ਦੀ ਮੂਰਤਿ ਕਹਿਣਾ ਅਤ੍ਯੁਕ੍ਤਿ ਨਹੀਂ, ਇਸੇ ਲਈ ਐਮਰਸਨ ਲਿਖਦਾ ਹੈ ਕਿ ਅਫ਼ਲਾਤੂਨ ਫ਼ਿਲਸਫ਼ਾ ਹੈ ਅਤੇ ਫ਼ਿਲਸਫ਼ਾ ਅਫ਼ਲਾਤੂਨ ਹੈ।

ਅਫਲਾਤੂਨ ਦੇ ਬਹੁਤ ਸਿੱਧਾਂਤ ਗੁਰੁਮਤ ਅਨੁਕੂਲ ਹਨ, ਇੱਥੋਂ ਤੱਕ ਕਿ ਕੇਸ਼ਾਂ ਦੇ ਸੰਬੰਧ ਵਿੱਚ ਭੀ ਦਸ਼ਮੇਸ਼ ਦੀ ਮਰਯਾਦਾ ਦੀ ਅਨੁਕੂਲਤਾ ਹੈ। (ਦੇਖੋ, ਉਸ ਦਾ ਗ੍ਰੰਥ Timaeus ਅਤੇ ਉਸ ਦੇ ਬੁਤ). ਇਸ ਵਿਸੇ 'ਤੇ ਸਿੱਖ ਖੋਜ ਭਾਈ ਧਰਮ ਅਨੰਤ ਸਿੰਘ ਜੀ ਨੇ ੩੦੦ ਤੋਂ ਉੱਪਰ ਸਫਿਆਂ ਦਾ, "ਅਫਲਾਤੂਨ ਤੇ ਸਤਿਗੁਰੂ" (Plato and the True Enlightener of the Soul) ਨਾਮੇ ਪੁਸਤਕ ਅੰਗ੍ਰੇਜ਼ੀ ਵਿੱਚ, ਮੂਲ ਯੂਨਾਨੀ ਗ੍ਰੰਥ ਵਿਚਾਰਕੇ ਰਚਿਆ ਹੈ, ਜੋ ਲੰਡਨ ਤੋਂ ਸਨ ੧੯੧੨ ਵਿੱਚ (Ludac and Co. , ਦ੍ਵਾਰਾ) ਪ੍ਰਕਾਸ਼ਿਤ ਹੋਇਆ ਸੀ।

#ਅਫਲਾਤੂਨ ਬੀ. ਸੀ. ੩੪੮ ਵਿੱਚ ਆਪਣੇ ਜਨਮ ਦਿਨ, ਜਦ ਕਿ ਉਹ ਕੁਝ ਸੱਜਨਾਂ ਨੂੰ ਭੋਜਨ ਛਕਾ ਰਿਹਾ ਸੀ ਅਰ ਠੀਕ ੮੧ ਵਰ੍ਹਿਆਂ ਦਾ ਹੋ ਚੁੱਕਾ ਸੀ, ਕਾਲਵਸ ਹੋ ਗਿਆ। ਕਈ ਲਿਖਦੇ ਹਨ ਕਿ ਉਹ ਸਰੀਰ ਤਿਆਗਣ ਵੇਲੇ ਲਿਖਣ ਵਿੱਚ ਮਸਰੂਫ ਸੀ। ਅਫਲਾਤੂਨ ਦੀ ਦਾਨਾਈ ਅਤੇ ਵਿਦ੍ਵੱਤਾ ਦਾ ਸਿੱਕਾ ਲੋਕਾਂ ਦੇ ਚਿੱਤ ਤੇ ਅਜਿਹਾ ਬੈਠਾ ਹੈ ਕਿ ਜਦ ਕਿਸੇ ਯੋਗ੍ਯ ਆਦਮੀ ਦੀ ਉਸਤਤਿ ਕਰਦੇ ਹਨ, ਤਦ ਉਸ ਨੂੰ ਅਫਲਾਤੂਨ ਦੀ ਉਪਮਾਂ ਦਿੰਦੇ ਹਨ।


ਜੇ ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ।


ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org  and cannot be held responsible for their views.  Read full details....

Go to Top