Share on Facebook

Main News Page

ਭਾਈ ਦੀ ਜੂਨ ਤੋਂ ਕਿਰਤੀ ਪ੍ਰਚਾਰਕ ਸ. ਸੁਖਵਿੰਦਰ ਸਿੰਘ
-: ਖ਼ਾਲਸਾ ਨਿਊਜ਼ ਟੀਮ

ਬਾਰੀ ਬਰਸੀ ਖੱਟਣ ਗਿਆ ਸੀ, ਖੱਟ ਕੇ ਲਿਆਂਦਾ ਗੋਟਾ
ਭਾਈ ਨਾ ਬਣਾਈ ਮਾਲਕਾ, ਮੰਜੂਰ ਮੈਨੂੰ ਗੁੱਜਰਾਂ ਦਾ ਝੋਟਾ

ਇਹ ਮਾਰਕੀਟ ਵਿੱਚ ਨਵੀਂ ਬੋਲੀ ਨਹੀਂ ਇਜਾਦ ਹੋਈ, ਸਗੋਂ ਇੱਕ ਚੀਖ਼ ਹੈ, ਇੱਕ ਦਰਦ-ਏ-ਦਾਸਤਾਨ ਹੈ। ਬਾਹਰੀ ਤੌਰ ਤੇ ਜਦੋਂ ਦੇਖੀਏ ਤਾਂ ਕੌਣ ਹੈ ਭਾਈ? ਗੁਰਦਵਾਰਿਆਂ ਦੀਆਂ ਸਟੇਜਾਂ ਤੋਂ ਖਾਸ ਕਰਕੇ ਪ੍ਰਬੰਧਿਕਾਂ ਵੱਲੋਂ ਇਹਨਾਂ ਨੂੰ ਗੁਰੂ ਕੇ ਕੀਰਤਨੀਏ, ਗੁਰੂ ਕੇ ਵਜੀਰ, ਭਾਈ ਸਾਹਿਬ ਭਾਈ, ਗੁਰੂ ਦਰਬਾਰ ਦੇ ਕਾਥਾਵਾਚਕ ਆਤੀਆਦਿ ਸ਼ਬਦਾਂ ਨਾਲ ਸੰਬੋਧਨ ਕੀਤਾ ਜਾਂਦਾ ਹੈ, ਪਰ ਜਦੋਂ ਕਿਤੇ ਉਹੋ ਪ੍ਰਬੰਧਿਕ ਸੰਗਤ ਦੀਆਂ ਨਜਰਾਂ ਤੋਂ ਥੋੜਾ ਜਿਹਾ ਓਹਲੇ ਕਿਤੇ ਇਸੇ ਵਜੀਰ ਨੂੰ ਮਿਲ ਜਾਵੇ ਤਾਂ ਫਿਰ ਤੇ ਸਿਰਫ ਇਸ਼ਾਰਾ ਹੀ ਮਾਰਦਾ ਹੈ ਤੇ ਗੁਰੂ ਕਾ ਵਜੀਰ ਵੀ ਝੱਟ ਪੱਟ ਚਾਹ ਤੇ ਪਕੌੜੇ ਤਿਆਰ ਕਰਕੇ ਸੜੇ ਜਿਹੇ ਪ੍ਰਬੰਧਿਕ ਦੇ ਅੱਗੇ ਮਜਬੂਰਨ ਰੱਖ ਕੇ ਅਗਲੀ ਵਗਾਰ ਲਈ ਹੱਥ ਜੋੜ ਕੇ ਖੜ ਜਾਂਦਾ ਹੈ।

ਇਸ ਲਈ ਇਹ ਗੱਲ ਧਿਆਨ ਗੋਚਰੇ ਰੱਖਣ ਵਾਲੀ ਹੈ ਕਿ ਭਾਈਆਂ ਦੀ ਵਜ਼ੀਰੀ ਇੰਨ ਬਿੰਨ ਇਹ ਤਰਾਂ ਹੈ ਜਿਵੇ ਕਿਸੇ ਪਾਪਲੀਨ ਦੇ ਕੱਪੜੇ ਦੀ ਮਸ਼ਹੂਰੀ ਵਰ੍ਸਾਚੇ (Versace) ਦਾ ਟੈਗ ਲਾ ਕੇ ਕੀਤੀ ਜਾਵੇ। ਯਾਦ ਰਹੇ ਕਿ "ਭਾਈ ਜੂਨ" ਮਨੁੱਖਾ ਜੂਨ ਦੀ ਇਹ ਇੱਕ ਲੱਤ (Extension) ਹੈ ਇਹ ਜੂਨ ਉਦੋਂ ਇਜਾਦ ਹੋਈ ਸੀ, ਜਦੋਂ ਦਾ ਗੁਰਦਵਾਰਿਆਂ ਦੇ ਪ੍ਰਬੰਧ ਵਿੱਚ ਅਨਪੜ, ਗੁਰਮੱਤ ਤੋਂ ਕੋਰੇ, ਸਿਆਸੀ ਮੋਹਰੇ ਅਤੇ ਸੰਪ੍ਰਦਾਈ ਕਿਸਮ ਦੇ ਜੋਕਾਂ ਦੀ ਸ਼ਮੂਲੀਅਤ ਦੀ ਭਰਮਾਰ ਹੋ ਗਈ ਸੀ।

ਹੁਣ ਆਉ ਮੁੜ ਇਸ ਬੋਲੀ ਵਿੱਚੋਂ ਨਿਕਲੀ ਚੀਖ਼ ਦਾ ਭੇਦ ਸਮਝੀਏ ਕਿ ਆਖਿਰ ਕੌਣ ਹੈ ਜੋ ਭਾਈ ਦੀ ਜੂਨ ਵਿੱਚ ਆਉਣ ਤੋਂ ਬਿਹਤਰ ਗੁੱਜਰਾਂ ਦਾ ਝੋਟਾ ਬਣਨਾ ਪਸੰਦ ਕਰ ਰਿਹਾ ਹੈ?

ਇਹ ਗੁਰਮੁਖ ਪੁਰਸ਼ ਹਨ "ਭਾਈ ਸੁਖਵਿੰਦਰ ਸਿੰਘ" ਜੋ ਪਿਛਲੇ ਕਾਫੀ ਲੰਬੇ ਸਮੇ ਤੋਂ ਸਿੰਘ ਸਭਾ ਸਾਊਥਹਾਲ, ਇੰਗਲੈਂਡ ਵਿੱਚ ਬਤੌਰ ਹੈਡ ਗ੍ਰੰਥੀ ਅਤੇ ਕਥਾਵਾਚਕ ਸੇਵਾਵਾਂ ਨਿਭਾਅ ਰਹੇ ਸਨ। ਪਰ ਜਿਵੇਂ ਕਿ ਇਸ ਵਿੱਚ ਭੀ ਕੋਈ ਹੈਰਾਨੀ ਵਾਲੀ ਗੱਲ ਨਹੀਂ ਕਿ ਬਾਦਲ ਅਤੇ ਮੋਦੀ (ਆਰ ਐਸ ਐਸ) ਦੀ ਪਾਲਸੀ ਨੂੰ ਲਾਗੂ ਕਰਨ ਲਈ ਹਮੇਸ਼ਾ ਤੱਤਪਰ ਰਹਿਣ ਕਰਕੇ ਸੁਰਖੀਆਂ ਵਿੱਚ ਰਹਿਣ ਵਾਲਿਆਂ ਕੋਲੋਂ ਅੱਕ ਕੇ ਗੁੱਜਰਾਂ ਦੇ ਝੋਟੇ ਦੀ ਜੂਨ ਮੰਗ ਰਹੇ ਬੜੇ ਦਾਨੇ ਅਤੇ ਪੰਥਿਕ ਦਰਦ ਰੱਖਣ ਵਾਲੇ ਭਾਈ ਸੁਖਵਿੰਦਰ ਸਿੰਘ ਭੀ ਇਹਨਾਂ ਨਾਗਾਂ ਦੇ ਹੀ ਡੰਗੇ ਹਨ।

ਇਹਨਾਂ ਪ੍ਰਬੰਧਿਕਾ ਵਿੱਚ ਇਸ ਕੇਸ ਸੰਬੰਧੀ ਇੱਕ ਨਾਮ ਜੋ ਖਾਸ ਜਿਕਰ ਮੰਗਦਾ ਹੈ ਉਹ ਹੈ ਸਿੰਘ ਸਭਾ ਦਾ ਸਟੇਜ ਸਕੱਤਰ ਕੁਲਵੰਤ ਸਿੰਘ ਭਿੰਡਰ। ਇਹਨਾਂ ਦੀ ਖਾਸੀਅਤ ਇਹ ਹੈ ਕਿ ਇਹ ਗੁਰਮੱਤ ਦੇ ਫਲਸਫ਼ੇ ਤੋ ਬਿਲਕੁੱਲ ਕੋਰੇ ਹਨ, ਪਰ ਸੰਪਰਦਈ ਮਰਿਯਾਦਾ ਇਹਨਾਂ ਦੀ ਰਗ ਰਗ ਵਿੱਚ ਰਚੀ ਹੋਈ ਹੈ। ਵੱਡੇ-ਵੱਡੇ ਵਿਦਵਾਨਾਂ ਨੂੰ ਉਹਨਾਂ ਦੀ ਕਥਾ ਤੋਂ ਬਾਅਦ ਉਹਨਾਂ ਨੂੰ ਕਥਾ ਸਿਖਾਉਣ ਦਾ ਕੋਈ ਮੌਕਾ ਨਹੀਂ ਛੱਡਦੇ। ਐਸੀ ਹੀ ਮਾਨਸਿਕ ਤਸ਼ਦੱਦ ਵਿੱਚੋਂ ਗੁਰਮੱਤ ਸਿਧਾਂਤ ਨੂੰ ਸਮਰਪਿਤ ਭਾਈ ਸੁਖਵਿੰਦਰ ਸਿੰਘ ਕਥਾਵਾਚਕ ਗੁਜਰ ਰਹੇ ਸਨ, ਜਿਹਨਾਂ ਨੂੰ ਬੜੇ ਲੰਮੇ ਤੋਂ ਇਹ ਭੱਦਰ ਪੁਰਸ਼ ਮਹਲਾ ਨੂੰ ਮਹੱਲਾ, ਮੱਤ ਦਾ ਰਾਖਾ ਦੀ ਜਗ੍ਹਾ.. ਮੱਤ ਪੱਤ ਦਾ ਰਾਖਾ ਅਤੇ ਮੰਗਲਾ ਚਰਨ "ਹੋਸੀ ਭੀ ਸਚ" ਤੱਕ ਪੜਵਾਉਣ ਲਈ ਆਪਣੀ ਪ੍ਰਬੰਧਕੀ ਡਾਂਗ ਦੀ ਵਰਤੋਂ ਕਰ ਰਹੇ ਸਨ।

ਪਰ ਜਿਵੇਂ ਕਿ ਕਿਸੇ ਵੇਲੇ ਇਹਨਾਂ ਵਰਗੇ ਗੁਰੂ ਮਾਰੇ ਪ੍ਰਬੰਧਿਕਾਂ ਨੂੰ ਮੂਹ ਦੀ ਖਾਣੀ ਪੈ ਜਾਂਦੀ ਹੈ, ਬਿਲਕੁਲ ਉਸ ਤਰਾਂ ਹੀ ਹੋਇਆ ਕਿ ਭਾਈ ਸੁਖਵਿੰਦਰ ਸਿੰਘ ਨੇ ਸ਼ਖਤ ਸਟੈਂਡ ਲਿਆ ਕਿ ਇਸ ਤਰਾਂ ਹਰਗਿਜ਼ ਨਹੀਂ ਕਰਨਗੇ, ਕਿਉਂਕਿ ਇਹ ਗੱਲਾਂ ਬਿਲਕੁੱਲ ਗੁਰਮਤਿ ਦੇ ਉਲਟ ਹਨ। ਕਥਾਵਾਚਕ ਭਾਈ ਦੇ ਇਸ ਸਪਸੱਟ ਬਿਆਨ ਨੂੰ ਸੁਣ ਕੇ ਕੁਝ ਕੁ ਸੰਪ੍ਰਦਾਈ ਪ੍ਰਬੰਧਕਾਂ ਦੇ ਸੱਤੇ ਕੱਪੜੀਂ ਅੱਗ ਲੱਗ ਗਈ, ਜਿਹਨਾਂ ਵਿੱਚੋਂ ਮੁੱਖ ਤੌਰ 'ਤੇ ਕੁਲਵੰਤ ਸਿੰਘ ਭਿੰਡਰ (ਸਟੇਜ ਸਕੱਤਰ) ਮੋਹਰੀ ਕਤਾਰ ਵਿੱਚ ਰੋਲ ਨਿਭਾਅ ਰਿਹਾ ਸੀ।

ਬੱਸ ਫਿਰ ਕੀ ਹੋਣਾ ਸੀ ਜਿਵੇਂ ਫੌਜ ਵਾਲੇ ਕਿਸੇ ਫੌਜੀ ਨੂੰ ਸਬਕ ਸਿਖਾਉਣ ਲਈ ਸਖਤ ਡਿਉਟੀਆਂ 'ਤੇ ਚਾੜ ਦਿੰਦੇ ਹਨ, ਇਸੇ ਤਰਾਂ ਭਿੰਡਰ ਹੁਰਾਂ ਨੇ ਇਸ ਕਥਾਵਾਚਕ ਭਾਈ ਨਾਲ ਕੀਤਾ। ਭਾਈ ਸੁਖਵਿੰਦਰ ਸਿੰਘ ਨੇ ਅਖੀਰ ਇਸ ਜਮੀਰੀ ਤਸ਼ੱਦਦ ਤੋਂ ਤੰਗ ਆ ਕੇ ਸਿੰਘ ਸਭਾ ਸਾਉਥਹਾਲ ਤੋਂ ਆਪਣੀ ਡਿਊਟੀ ਤੋਂ ਅਸਤੀਫ਼ਾ ਦੇ ਕੇ ਇਸ ਭਾਈ-ਪੁਣੇ ਦੀ ਜਿੰਦਗੀ ਨੂੰ ਤਿਆਗ ਕੇ, ਇੱਕ ਕਿਰਤੀ ਪ੍ਰਚਾਰਕ ਹੋ ਨਿਬੜਣ ਦਾ ਪ੍ਰਣ ਲੈ ਲਿਆ, ਜੋ ਕਿ ਬਹੁਤ ਦਲੇਰਾਨਾ ਕਾਰਾ ਹੈ। ਹਰ ਇੱਕ ਭਾਈ, ਰਾਗੀ, ਢਾਡੀ, ਕਥਾਵਾਚਕ ਤਾਂ ਹੀ ਗੁਰਮਤਿ ਨਾਲ ਨਿਆਂ ਕਰ ਸਕਦਾ ਹੈ, ਜੇ ਉਸਦੀ ਆਪਦੀ ਜਿੰਦਗੀ ਵਿੱਚ ਸਵਾਭੀਮਾਨ ਹੈ। ਗੁਰਮਤਿ ਦਾ ਪ੍ਰਚਾਰ ਐਸੇ ਪ੍ਰਬੰਧਕਾਂ ਦੇ ਥੱਲੇ ਲੱਗ ਕੇ ਨਹੀਂ, ਸਗੋਂ ਇਹਨਾਂ ਨੂੰ ਇਹਨਾਂ ਦੀ ਕਮਜੋਰੀਆਂ ਇਹਨਾਂ ਦੇ ਮੂੰਹ ਦੱਸ ਕੇ ਹੀ ਹੋ ਸਕਦਾ ਹੈ, ਪਰ ਜਿਹੜੇ ਭਾਈਆਂ ਨੂੰ ਪ੍ਰਬੰਧਕਾਂ ਅੱਗੇ ਪੂਛ ਹਿਲਾਉਣ ਦੀ ਆਦਤ ਪੈ ਜਾਂਦੀ ਹੈ, ਉਹ ਸਮਝ ਲੈਣ ਕਿ ਉਹ ਕੇਵਲ ਇੱਕ ਜੂਨ ਕੱਟਣ ਹੀ ਆਏ ਹਨ ਅਤੇ ਗੁੱਜਰਾਂ ਦਾ ਝੋਟਾਂ ਉਹਨਾਂ ਨਾਲੋ ਲੱਖ ਦਰਜੇ ਚੰਗਾ ਹੈ, ਜੋ ਪੱਠੇ-ਦੱਤੇ ਖਾ ਕੇ ਆਪਣੇ ਕਰਮ ਨਾਲ ਵਫ਼ਾ ਤਾਂ ਕਰ ਰਿਹਾ ਹੁੰਦਾ ਹੈ।


ਜੇ ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ।


ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org  and cannot be held responsible for their views.  Read full details....

Go to Top