Share on Facebook

Main News Page

ਭਿੰਡਰਾਂਵਾਲਿਆਂ ਦੇ ਬਿਗਾੜੇ ਗਏ ਨਾਮ 'ਤੇ ਵਲੂੰਧਰੇ ਹਿਰਦੇ, ਗੁਰਮਤਿ ਪ੍ਰਚਾਰਕਾਂ ਦੇ ਵਿਗਾੜੇ ਨਾਵਾਂ 'ਤੇ ਚੁੱਪ ਕਿਉਂ ਰਹਿੰਦੇ ਹਨ?

ਦਲ ਖਾਲਸਾ ਦੀ ਪੰਥਿਕ ਪ੍ਰਚਾਰਕਾਂ ਨੂੰ ਤਾੜਨਾ ਪਿੱਛੇ ਲੁਕੀ ਪੱਗਾਂ ਲਾਉਣ ਵਾਲੇ ਸਰਕਾਰੀ ਅਨਸਰਾਂ ਦੀ ਹਮਾਇਤ ਜੱਗ ਜਾਹਿਰ
-: ਨਿਰਮਲ ਸਿੰਘ ਹੰਸਪਾਲ, ਜਰਮਨੀ

ਜੂਨ ੧੯੮੪ ਨੂੰ ਸਿੱਖ ਕਦੇ ਨਹੀਂ ਭੁੱਲ ਸਕਦੇ ਅਤੇ ਨਾਂ ਹੀ ਧਰਮੀ ਸੂਰਬੀਰ ਯੋਧੇ ਖਾਲਸਾ ਜਰਨੈਲ ਸਿੰਘ ਜੀ ਅਤੇ ਸਾਥੀ ਯੋਧੇ ਆਪਣੇ ਦੀਨ, ਧਰਮ, ਕੌਮ ਅਤੇ ਮਨੁੱਖਤਾ ਦੀ ਖ਼ਾਤਰ ਅਤੇ ਸਿੱਖੀ ਦੇ ਧੁਰੇ ਸ੍ਰੀ ਦਰਬਾਰ ਸਾਹਿਬ ਦੀ ਰਾਖੀ ਕਰਦੇ ਆਪਣੀਆਂ ਜਾਨਾਂ ਦੀ ਅਹੂਤੀ ਦੇ ਗਏ। ਹਰ ਸਿੱਖ ਖਾਲਸਾ ਜਰਨੈਲ ਸਿੰਘ ਜੀ ਭਿੰਡਰਾਵਾਲੇ ਜੀ ਨੂੰ ਰਹਿੰਦੀ ਦੁਨੀਆਂ ਤੱਕ ਸਿੱਖ ਸਿੱਝਦਾ ਕਰਦੇ ਰਹਿਣਗੇ ।

ਲੇਕਿਨ ਮੈਨੂੰ ਦਲ ਖਾਲਸਾ ਦਾ ਇਹ ਬਿਆਨ ਪੜ੍ਹਕੇ ਬਹੁਤ ਹੈਰਾਨੀ ਹੋਈ ਕਿ "ਦਲ ਖਾਲਸਾ" ਦੇ ਆਗੂਆਂ ਵਿੱਚ ਤਾਂ ਬਹੁਤ ਸੂਝਵਾਨ ਪੜ੍ਹੇ ਲਿਖੇ ਵੀਰ ਜਥੇਬੰਦੀ ਦੀ ਅਗਵਾਈ ਕਰਦੇ ਲੇਕਨ ਅਫ਼ਸੋਸ ਬਿਨਾ ਛਾਨਬੀਨ ਕੀਤੇ ਕਿ ਕਿਸ ਦੀ ਆਈ. ਡੀ. ਹੈ ਫੇਕ ਤਾਂ ਨਹੀਂ, ਬੱਸ ਮੂੰਹ ਚੱਕ ਲਾ ਤੀ ਤਾੜਨਾ ਦੀ ਧਮਕੀ।

ਹੁਣ ਦੱਸੋ ਭਾਈ ਸਿੱਖਾ ਦਾ ਤਾਂ ਗੁਰੂ ਹੈ "ਸ੍ਰੀ ਗੁਰੂ ਗ੍ਰੰਥ ਸਾਹਿਬ ਜੀ", ਦਲ ਖਾਲਸਾ ਦੀ ਪੰਜਾਬ ਵਿਚ ਲੀਡਰਸ਼ਿਪ ਦੀ ਮਾਨਸਿਕਤਾ ਨੇ ਕਦੋਂ ਤੋਂ ਭਾਈ ਪੰਥਪ੍ਰੀਤ ਸਿੰਘ ਤੇ ਭਾਈ ਰਣਜੀਤ ਸਿੰਘ ਨੂੰ ਗੁਰੂ ਕਦੋਂ ਦੇ ਬਣਾ ਦਿੱਤੇ, ਜਿਹੜਾ ਉਨ੍ਹਾਂ ਦੇ ਚੇਲਿਆਂ ਨੂੰ ਤਾੜਨਾ ਕੀਤੀ ਗਈ ਹੈ। ਫੇਸਬੁਕ 'ਤੇ ਕੋਈ ਬੰਦਾ ਬਾਬਾ ਜਰਨੈਲ ਸਿੰਘ ਜੀ ਦੇ ਖ਼ਿਲਾਫ਼ ਲਿਖਦਾ ਜਿਸ ਬੰਦੇ ਬਾਰੇ ਕੋਈ ਪਤਾ ਨਹੀਂ ਕਿ ਉਹ ਕੌਣ ਹੈ, ਇਸ ਵਿੱਚ ਭਾਈ ਪੰਥਪ੍ਰੀਤ ਤੇ ਭਾਈ ਰਣਜੀਤ ਸਿੰਘ ਦਾ ਕੀ ਕਸੂਰ ?

ਕੀ ਇਨ੍ਹਾਂ ਦੋਵੇਂ ਪ੍ਰਚਾਰਕਾਂ ਨੇ ਉਸ ਦੇ ਲਿਖੇ ਦੀ ਪ੍ਰੋੜ੍ਹਤਾ ਕੀਤੀ ਹੈ? ਜਾਂ ਭਾਈ ਪੰਥਪ੍ਰੀਤ ਸਿੰਘ ਤੇ ਭਾਈ ਰਣਜੀਤ ਸਿੰਘ ਨੇ ਕਦੇ ਸੰਤਾਂ ਖ਼ਿਲਾਫ਼ ਕੁਝ ਬੋਲਿਆ? ਜਾਂ ਕੋਈ ਬਿਆਨ ਜਾ ਪ੍ਰੈਸ ਨੋਟ ਜਾਰੀ ਕੀਤਾ ਹੋਵੇ ਤਾਂ ਸਿੱਖ ਸੰਗਤਾਂ ਨੂੰ ਜਾਣੂ ਕਰਾਉਣਾ ਜੀ। ਜਦੋਂ ਕਿ ਟਕਸਾਲ ਦੇ ਬੰਦੇ ਸ਼ਰੇਆਮ ਪ੍ਰਚਾਰਕਾਂ ਦੇ ਨਾਮ ਗਲਤ ਲੈ ਕਿ ਬੋਲਦੇ ਹਨ, ਕਦੇ ਕਿਸੇ ਦਾ ਬਿਆਨ ਨਹੀਂ ਆਇਆ ਕਿ ਇਸ ਤਰਾਂ ਦੀ ਗਲਤ ਭਾਸ਼ਾ ਨਾ ਵਰਤੀ ਜਾਵੇ।

ਤੁਹਾਡੇ ਵੱਲੋਂ ਇਹ ਬਿਆਨ ਵੀ ਇਕ ਪਾਸੜ ਲੱਗਾ ਹੈ ਜਿਸ ਨਾਲ "ਦਲ ਖਾਲਸਾ" ਦੇ ਕਿਰਦਾਰ ਨੂੰ ਸ਼ੱਕ ਦੇ ਘੇਰੇ ਵਿੱਚ ਲੈ ਆਉਂਦਾ। ਜੱਥੇਬੰਦੀਆਂ ਦੇ ਇਹੋ ਜਿਹੇ ਬਿਆਨਾਂ ਨੇ ਆਮ ਸਿੱਖਾਂ ਨੂੰ ਖਾਲਿਸਤਾਨ ਦੀ ਲਹਿਰ ਤੋਂ ਕੋਹਾਂ ਦੂਰ ਕਰ ਦਿੱਤਾ। ਕੋਈ ਤਾਂ ਇਨਸਾਫ਼ ਦੀ ਗੱਲ ਕਰੋ ਤਾਂ ਕਿ ਕੌਮ ਤੁਹਾਡੇ 'ਤੇ ਵਿਸ਼ਵਾਸ ਕਰੇ, ਤੁਹਾਡੀਆਂ ਇਹਨਾ ਹਰਕਤਾਂ ਨੇ ਹੀ ਸਗੋਂ ਖਾਲਿਸਤਾਨ ਲਹਿਰ ਨੂੰ ਢਾਹ ਲਾਈ ਹੈ।

ਤੁਹਾਡੇ ਇਸ ਬਿਆਨ ਤੋਂ ਲੱਗ ਰਿਹਾ ਕਿ ਤੁਹਾਡੇ ਵੱਲੋਂ ਸਿਰਫ ਪ੍ਰਚਾਰਕਾਂ ਨੂੰ ਹੀ ਦਬਾਇਆ ਜਾ ਰਿਹਾ। ਭਾਈ ਇਨੇ ਸੂਝਵਾਨ ਹੋ ਕੇ ਅਸੀਂ ਆਜ਼ਾਦੀ ਉਸ ਗਲਾਮੀ ਤੋਂ ਲੈਣੀ ਹੈ ਜੋ ਸਾਨੂੰ ਬ੍ਰਾਹਮਣ ਵਾਦ ਜਾਂ ਮਨੂਵਾਦ ਵਿੱਚ ਜਕੜ ਰਿਹਾ ਹੈ, ਸਾਡੇ ਵਿਰਸੇ ਅਤੇ ਸਿੱਖੀ ਨੂੰ ਨਿਗਲ ਰਿਹਾ ਹੈ, ਪਰ ਅਫ਼ਸੋਸ ਹੈ ਅਸੀਂ ਆਪ ਹੀ ਉਸ ਅਜਗਰ ਦੇ ਮੂੰਹ ਵਿੱਚ ਜਾ ਰਹੇ ਹਾਂ ਅਤੇ ਜੋ ਉਸ ਬ੍ਰਾਹਮਣਵਾਦ ਦਾ ਵਿਰੋਧ ਕਰਦੇ ਹਨ ਉਹਨਾਂ ਨੂੰ ਅਸੀਂ ਤਾੜਨਾ ਕਰ ਰਹੇ ਹਾਂ।

ਤੁਹਾਡੇ ਤੋਂ ਕੌਮ ਨੂੰ ਐਸੀ ਹਰਕਤ ਦੀ ਉਮੀਦ ਨਹੀਂ ਸੀ। ਜਦੋਂ ਕਿ ਚਾਹੀਦਾ ਤਾਂ ਇਹ ਸੀ ਕਿ ਜੋ ਬਾਬਾ ਜਰਨੈਲ ਸਿੰਘ ਜੀ ਦੇ ਨਾਮ 'ਤੇ ਗਲਤ ਕੰਮ ਕਰ ਰਹੇ ਹਨ, ਗੁਰਦਵਾਰਿਆਂ ਵਿੱਚ ਹੁੱਲੜਬਾਜ਼ੀ ਕਰ ਰਹੇ ਹਨ, ਕਿ ਉਹਨਾ ਨੂੰ ਤਾੜਨਾ ਕੀਤੀ ਜਾਂਦੀ, ਤਾਂ ਕਿ ਕਿਸੇ ਜਣੇਖਣੇ ਦੀ ਹਿੰਮਤ ਨਾ ਪੈਂਦੀ ਬਾਬਾ ਜਰਨੈਲ ਸਿੰਘ ਜੀ ਬਾਬਤ ਗਲਤ ਕਹਿਣ ਦੀ, ਥੋੜਾ ਬਹੁਤਾ ਐਸੇ ਬਿਆਨ ਜਾਰੀ ਕਰਨ ਤੋਂ ਪਹਿਲਾ ਜ਼ਰੂਰ ਧਿਆਨ ਦੇਵੋ ਕਿ ਇਹ ਕਿਤੇ ਬਲਦੀ 'ਤੇ ਤੇਲ ਦਾ ਕੰਮ ਤਾਂ ਨਹੀਂ?

ਤੁਹਾਡੇ ਜੁਆਬ ਦੀ ਉਡੀਕ ਵਿੱਚ
ਨਿਰਮਲ ਸਿੰਘ ਹੰਸਪਾਲ, ਜਰਮਨੀ


ਭਿੰਡਰਾਂਵਾਲਿਆਂ ਦੇ ਬਿਗਾੜੇ ਗਏ ਨਾਮ 'ਤੇ ਵਲੂੰਧਰੇ ਹਿਰਦੇ, ਗੁਰਮਤਿ ਪ੍ਰਚਾਰਕਾਂ ਦੇ ਵਿਗਾੜੇ ਨਾਵਾਂ 'ਤੇ ਚੁੱਪ ਕਿਉਂ ਰਹਿੰਦੇ ਹਨ?
-: ਬਲਰਾਜ ਸਿੰਘ ਸਪੋਕਨ

- ਕੀ ਦਲ ਖਾਲਸਾ ਦਾ ਕੋਈ ਜ਼ਿੰਮੇਵਾਰ ਸਖਸ਼ ਇਸ ਅਖੌਤੀ ਬਿਆਨ ਦੀ ਪੁਸ਼ਟੀ ਕਰ ਸਕਦਾ ਹੈ ?
- ਕੀ ਦਲ ਖਾਲਸਾ ਵਾਲੇ ਭਾਈ ਗਜਿੰਦਰ ਸਿੰਘ ਜੀ ਦੇ ਚੇਲੇ ਹਨ ?

ਦਾਸ ਨੇ ਇਕ ਵਾਰ ਭਾਈ ਗਜਿੰਦਰ ਸਿੰਘ ਜੀ ਦੀ ਇਕ ਲਿਖਤ ਪੜੀ ਸੀ । ਜਿਸ ਵਿਚ ਉਨ੍ਹਾਂ ਜਿਕਰ ਕੀਤਾ ਸੀ ਕਿ ਅਗਰ ਅਸੀਂ ਕਿਸੇ ਦੂਸਰੇ ਦੀ ਇਜ਼ਤ ਕਰਾਂਗੇ ਤਾਂ ਉਸ ਵਿਚ ਅਗਲੇ ਦੇ ਨਾਲ ਨਾਲ ਤੁਹਾਡੀ ਆਪਣੀ ਇਜ਼ਤ ਵੀ ਵਧਦੀ ਹੈ । ਦਾਸ ਦੀ ਹਮੇਸਾ ਕੋਸ਼ਿਸ ਹੁੰਦੀ ਹੈ ਕਿ ਇਸ ਨੁਕਤੇ 'ਤੇ ਅਮਲ ਕੀਤਾ ਜਾਵੇ। ਗਲਤ ਭਾਸ਼ਾ ਵਰਤਣੀ ਬਿਲਕੁਲ ਗਲਤ ਹੈ, ਭਾਵੇਂ ਉਹ ਬਾਬਾ ਜਰਨੈਲ ਸਿੰਘ ਜੀ ਦੇ ਖਿਲਾਫ ਹੋਵੇ ਜਾਂ ਕਿਸੇ ਪ੍ਰਚਾਰਕ ਜਾਂ ਵਿਦਵਾਨ ਦੇ ਖਿਲਾਫ ਹੋਵੇ ।

ਪਰ ਬੜੇ ਅਫਸੋਸ ਦੀ ਗਲ ਹੈ ਜਿਨ੍ਹਾਂ ਸਜਣਾ ਨੂੰ ਅੱਜ ਬਾਬਾ ਜਰਨੈਲ ਸਿੰਘ ਜੀ ਖਿਲਾਫ ਵਰਤੀ ਗਈ ਗਲਤ ਭਾਸ਼ਾ ਦਾ ਦੁੱਖ ਹੈ ਜਾਂ ਭਾਵਨਾਵਾਂ ਭੜਕੀਆਂ ਹਨ, ਉਨ੍ਹਾਂ ਦੀਆਂ ਭਾਵਨਾਵਾਂ ਉਦੋਂ ਕਿਉਂ ਨਹੀਂ ਭੜਕਦੀਆਂ ਜਦੋਂ ਸੰਪਰਦਾਈ ਡੇਰੇਦਾਰ ਲੋਕ ...ਦਰਸੂ, ਦਰਸ਼ਣ ਰੋਗੀ, ਗੰਦ ਪ੍ਰੀਤ, ਭਈਆ, ਢੱਡਰੀ, 96 ਦੀ ਕਤੀੜ, ਮਿਸ ਨਾਰੀ ਆਦਿ ਸ਼ਬਦ ਪੰਥਿਕ ਵਿਦਵਾਨਾਂ ਜਾਂ ਪ੍ਰਚਾਰਕਾਂ ਲਈ ਵਰਤਦੇ ਹਨ।

ਇਥੋਂ ਤੱਕ ਜਦੋਂ ਭਾਈ ਇੰਦਰ ਸਿੰਘ ਘੱਗਾ ਜੀ ਦੀ ਮਲੇਸ਼ੀਆ ਵਿੱਚ ਕੁੱਝ ਸੰਪਰਦਾਈ ਲੋਕਾਂ ਵਲੋਂ ਪੱਗ ਉਤਾਰੀ ਗਈ ਸੀ, ਤਾਂ ਸਰਬਜੀਤ ਸਿੰਘ ਘੁਮਾਣ ਵਰਗੇ ਸੱਜਣ ਉਨ੍ਹਾਂ ਲੋਕਾਂ ਨੂੰ ਹੱਲਾਸ਼ੇਰੀ ਦੇ ਰਹੇ ਸਨ। ਅਸਿੱਧੇ ਰੂਪ ਵਿੱਚ ਉਨ੍ਹਾਂ ਲੋਕਾਂ ਨੂੰ ਕਹਿ ਰਹੇ ਸਨ ਕਿ ਗੁਰੂ ਗ੍ਰੰਥ ਸਾਹਿਬ ਜੀ ਦੀ ਹਜੂਰੀ ਵਿੱਚ ਨਹੀਂ, ਪਰ ਬਾਹਰ ਜ਼ਰੂਰ ਇਨ੍ਹਾਂ ਵਿਦਵਾਨਾਂ ਨੂੰ ਸਬਕ ਸਿਖਾਇਆ ਜਾਵੇ। ਨਿਰੋਲ ਗੁਰੂ ਗ੍ਰੰਥ ਸਾਹਿਬ ਜੀ ਦੀ ਵਿਚਾਰਧਾਰਾ ਦਾ ਪ੍ਰਚਾਰ ਕਰਣ ਵਾਲਿਆਂ ਨੂੰ ਸਬਕ ਸਿਖਾਉਣੀ ਪਤਾ ਨਹੀਂ ਕਿਹੜੀ ਪੰਥਿਕ ਸੇਵਾ ਹੈ ??

ਹੁਣ ਜਦ ਕਿਸੇ ਫੇਕ ਆਈ ਡੀ ਵਾਲੇ ਨੇ ਬਾਬਾ ਜਰਨੈਲ ਸਿੰਘ ਜੀ ਦੇ ਨਾਮ ਨੂੰ ਵਿਗਾੜ ਕੇ ਲਿਖਿਆ ਹੈ, ਤਾਂ ਇਨ੍ਹਾਂ ਨੂੰ ਹਜ਼ਮ ਨਹੀਂ ਹੋ ਰਿਹਾ। ਇਕ ਵਾਰ ਫਿਰ ਬੇਨਤੀ ਹੈ, ਆਪਣੀ ਸੋਚ ਦਾ ਮਾਪਦੰਡ ਹਰ ਇੱਕ ਸ਼ਖਸੀਅਤ ਲਈ ਬਰਾਬਰ ਰਖੋ। ਦੂਸਰੇ ਦੀ ਇਜ਼ਤ ਕਰੋ ਅਤੇ ਆਪਣੀ ਕਰਵਾਉ। ਜੇਕਰ ਦੂਸਰੇ 'ਤੇ ਚਿਕੜ ਸੁੱਟੋਗੇ ਤਾਂ ਤੁਹਾਡੇ 'ਤੇ ਵੀ ਪਵੇਗਾ।


ਜੇ ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ।


ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org  and cannot be held responsible for their views.  Read full details....

Go to Top