ਜਰਮਨ : ਗੁਰਦੁਆਰਾ ਸਿੱਖ ਸੈਂਟਰ ਫਰੈਂਕਫਰਟ ਵਿੱਚ ਭਾਈ ਪੰਥਪ੍ਰੀਤ
ਸਿੰਘ ਦੇ ਦੀਵਾਨ ਦਾ ਵਿਰੋਧ ਕਰਦਿਆਂ ਜੋ ਕੁਝ ਜਥੇਬੰਦੀਆਂ ਵੱਲੋਂ ਆਪਣੇ ਹੀ ਸਿੱਖ ਭਰਾਵਾਂ
ਉੱਤੇ ਜਾਨਲੇਵਾ ਹਮਲਾ ਕੀਤਾ, ਗੁਰਦੁਆਰਾਂ ਸਾਹਿਬ ਦੀ ਮਰਿਆਦਾ ਭੰਗ ਕਰਦਿਆਂ ਗਾਲੀ ਗਲੋਚ
ਕੀਤਾ ਤੇ ਗੁਰੂ ਸਾਹਿਬ ਦੀ ਹਜ਼ੂਰੀ ਵਿੱਚ ਪੁਲਿਸ ਨੂੰ ਬੂਟਾਂ ਸਮੇਤ ਜਾਣ ਲਈ ਮਜਬੂਰ ਕੀਤਾ,
ਦਲ ਖਾਲਸਾ ਇੰਟਰਨੈਸ਼ਨਲ ਦੇ ਪ੍ਰਧਾਨ ਭਾਈ ਗੁਰਦੀਪ ਸਿੰਘ ਪ੍ਰਦੇਸੀ ਹਾਈਜੈਕਰ, ਸਿੱਖ
ਫੈਡਰੇਸ਼ਨ ਜਰਮਨੀ ਦੇ ਭਾਈ ਅਵਤਾਰ ਸਿੰਘ ਪ੍ਰਧਾਨ ਭਾਈ ਬਲਕਾਰ ਸਿੰਘ ਦਿਉਲ,ਅਤੇ ਬੱਬਰ ਖਾਲਸਾ
ਇੰਟਰਨੈਸ਼ਨਲ ਜਰਮਨੀ ਦੇ ਜਥੇਦਾਰ ਹਰਦਵਿੰਦਰ ਸਿੰਘ ਬੱਬਰ ਨੇ ਪ੍ਰੈਸ ਦੇ ਨਾ ਜਾਰੀ ਬਿਆਨ
ਕਰਦਿਆ ਹੋਇਆ ਕਿਹਾ ਅਸੀ ਇਸ ਦੀ ਘੋਰ ਨਿੰਦਾ ਕਰਦੇ ਹਾ ਉਹਨਾਂ ਦੀ ਇਸ ਹਰਕਤ ਨਾਲ ਸਿੱਖ
ਧਰਮ ਦਾ ਨਾਮ ਨੂੰ ਪੂਰੀ ਦੁਨੀਆਂ ਵਿੱਚ ਢਾਹ ਲੱਗੀ ਹੈ ਜੋ ਕਿ ਨਿੰਦਣਯੋਗ ਹੈ ।
ਪਿਛਲੇ ਕੁਝ ਸਮੇਂ ਤੋਂ ਵਿਦੇਸ਼ਾਂ ਵਿੱਚ ਸਿੱਖਾਂ ਦੀ ਹੋ ਰਹੀ ਚੜ੍ਹਤ
ਨੂੰ ਸਿੱਖ ਵਿਰੋਧੀ ਤਾਕਤਾਂ ਨੂੰ ਬਰਦਾਸ਼ਤ ਨਹੀਂ ਸੀ ਕੀਤਾ ਜਾ ਰਿਹਾ । ਭਾਰਤ ਸਰਕਾਰ
ਵਿਦੇਸ਼ੀ ਸਿੱਖਾਂ ਦੇ ਖਿਲਾਫ ਮਨਸੂਬਿਆਂ ਤੇ ਕੰਮ ਕਰ ਰਹੀ ਹੈ । ਆਪਣੇ ਆਪ ਨੂੰ ਪੰਥ ਦੀਆਂ
ਦੀਆਂ ਵਾਰਸ ਅਖਵਾਉਣ ਵਾਲੀਆਂ ਕੁਝ ਕੁ ਜਥੇਬੰਦੀਆਂ ਦੇ ਹਮਾਇਤੀਆਂ ਵੱਲੋਂ ਸਿੱਖਾਂ ਦੀ ਗੁਰੂ
ਵੱਲੋਂ ਦਿੱਤੀ ਦਸਤਾਰ ਪੂਰੀ ਦੁਨੀਆਂ ਸਾਹਮਣੇ ਪੈਰਾਂ ਵਿੱਚ ਰੋਲ ਕੇ ਸਿੱਖ ਦੁਸ਼ਮਣ ਤਾਕਤਾਂ
ਦਾ ਹੱਥ ਮਜ਼ਬੂਤ ਕੀਤਾ ਹੈ ।
ਅੱਜ ਪੰਜਾਬ ਅੰਦਰ ਸਿੱਖ ਕੌਮ ਸੰਕਟ ਦੇ ਸਮੇਂ ਵਿੱਚੋਂ ਲੰਘ ਰਹੀ ਹੈ
। ਇੱਕ ਪਾਸੇ ਤਾਂ ਹਿੰਦ ਸਰਕਾਰ ਵੱਲੋਂ ਸਿੱਖਾਂ ਦੇ ਪਾਣੀ ਤੇ ਡਾਕਾ ਮਾਰ ਕੇ ਪੰਜਾਬ ਨੂੰ
ਬੰਜਰ ਬਣਾਇਆ ਜਾ ਰਿਹਾ ਹੈ ਉੱਥੇ ਅਜੇ ਤੱਕ ਸਿੱਖ ਨੌਜਵਾਨਾਂ ਨੂੰ ਝੂਠੇ ਕੇਸਾਂ ਵਿੱਚ ਉਲਝਾ
ਕੇ ਜੇਲ੍ਹਾਂ ਵਿੱਚ ਸੁੱਟਿਆ ਜਾ ਰਿਹਾ ਹੈ । ਹਿੰਦ ਸਰਕਾਰ ਸਿੱਖ ਧਰਮ ਉੱਤੇ ਵੀ ਲੁਕਵੇਂ
ਤੇ ਸਿੱਧੇ ਵਾਰ ਕਰ ਰਹੀ ਹੈ, ਜੋ ਸਭ ਸਿੱਖਾਂ ਦੇ ਸਾਹਮਣੇ ਹੈ । ਇਹੋ ਜਿਹੀ ਸਥਿਤੀ ਵਿੱਚ
ਇਹ ਚਾਹੀਦਾ ਸੀ ਕਿ ਸਭ ਸਿੱਖ ਮਿਲ ਕੇ ਦੁਸ਼ਮਣ ਦਾ ਮੁਕਾਬਲਾ ਕਰਨ ਦੀ ਰਣਨੀਤੀ ਬਣਾਉਂਦੇ ।
ਵਿਦੇਸ਼ ਬੈਠੇ ਸਿੱਖ ਹਿੰਦ ਸਰਕਾਰ ਦੀਆਂ ਜ਼ਿਆਦਤੀਆਂ, ਗੈਰ ਕਾਨੂੰਨੀ ਕੰਮਾਂ ਅਤੇ ਮਨੁੱਖੀ
ਅਧਿਕਾਰਾਂ ਦੇ ਉਲੰਘਣ ਪ੍ਰਤੀ ਪੂਰੀ ਦੁਨੀਆਂ ਵਿੱਚ ਪ੍ਰਚਾਰ ਕਰਦੇ ਉਸ ਦੇ ਉਲਟ ਇੱਕ ਧਿਰ
ਸਿੱਖਾਂ ਦੀਆਂ ਪੱਗਾਂ ਚੌਰਾਹੇ ਵਿੱਚ ਉਛਾਲਣ ਨੂੰ ਤਰਜੀਹ ਦੇ ਰਹੀ ਹੈ ਜੋ ਕਿ ਮੰਦਭਾਗਾ ਹੈ
।
ਸਿੱਖ ਕੌਮ ਅੰਦਰ ਮਰਿਆਦਾ ਦੇ ਵਿਵਾਦ ਬਹੁਤ ਲੰਮੇ ਸਮੇਂ ਤੋਂ ਚਲਦੇ ਆ ਰਹੇ ਹਨ ਅਤੇ ਕਦੇ
ਵੀ ਹੁਣ ਦੀ ਤਰ੍ਹਾਂ ਸਿੱਖਾਂ ਨੇ ਸਿੱਖਾਂ ਦਾ ਖੂਨ ਪੀਣ ਦਾ ਯਤਨ ਨਹੀਂ ਸੀ ਕੀਤਾ । ਅੱਜ
ਤਾਂ ਗੁਰਬਾਣੀ ਦੇ ਸਤਿਕਾਰ, ਇਤਿਹਾਸ ਪਰੰਪਰਾਵਾਂ ਅਤੇ ਬਾਬਾ ਜਰਨੈਲ ਸਿੰਘ ਜੀ ਦਾ ਨਾਮ ਲੈ
ਕੇ ਸਿੱਖ ਭਰਾਵਾਂ ਨੂੰ 'ਛਬੀਲਾਂ' ਲਾਉਣ ਦੀਆਂ ਗੱਲਾਂ ਹੋ ਰਹੀਆ ਹਨ, ਜਿਨ੍ਹਾਂ ਨੂੰ ਹਰ
ਹਾਲਤ ਵਿੱਚ ਰੋਕਣਾ ਬਣਦਾ ਹੈ । ਅਸੀਂ ਸਿੱਖ ਕੌਮ ਨਾਲ ਸੁਹਿਰਦ ਜਥੇਬੰਦੀਆਂ ਨੂੰ ਬੇਨਤੀ
ਕਰਦੇ ਹਾਂ ਕਿ ਉਹ ਇਹ ਖੂਨੀ ਵਿਵਾਦਾਂ ਨੂੰ ਠੱਲ੍ਹ ਪਾਉਣ ਲਈ ਆਪਣਾ ਯੋਗਦਾਨ ਪਾਉਣ ।
ਸਾਡੀਆਂ ਜਥੇਬੰਦੀਆਂ ਕਿਸੇ ਪ੍ਰਚਾਰਕ ਦੀ ਸ਼ਖਸੀਅਤ ਨਾਲ ਨਹੀਂ ਜੁੜੀਆਂ
ਹੋਈਆਂ ਬਲਕਿ ਸਿਧਾਂਤਾਂ ਨਾਲ ਜੁੜੀਆਂ ਹਨ ਤੇ ਸਿਧਾਂਤਾਂ ਤੇ ਪਹਿਰਾ ਦੇਣ ਖਾਤਰ ਹੀ ਜਰਮਨ
ਦੇ ਕਾਨੂੰਨ ਵਿੱਚ ਰਹਿੰਦਿਆਂ ਹਿੰਦ ਸਰਕਾਰ ਦਾ ਵਿਰੋਧ ਕਰਦੀਆਂ ਹਨ । ਅਸੀਂ ਮੰਨਦੇ ਹਾਂ
ਕਿ ਸਿੱਖ ਕੌਮ ਵਿੱਚ ਸਿਧਾਂਤਕ ਵਖਰੇਵੇਂ ਹਨ ਪਰ ਉਹਨਾਂ ਦਾ ਹਲ ਮਿਲ ਬੈਠ ਕੇ ਸਮੁੱਚੀ
ਸੰਗਤ ਨੂੰ ਭਰੋਸੇ ਵਿੱਚ ਲੈ ਕੇ ਕੀਤਾ ਜਾ ਸਕਦਾ ਹੈ ਨਾਕਿ ਸਿੱਖਾਂ ਨੂੰ ਮਾਰਨ ਦੀਆਂ
ਧਮਕੀਆਂ ਦੇ ਕੇ ਜਾਂ ਸਿੱਖਾਂ ਦੀਆਂ ਦਸਤਾਰਾਂ ਪੈਰਾਂ ਵਿੱਚ ਰੋਲ ਕੇ ।
ਜਰਮਨ ਅੰਦਰ ਭਾਈ ਪੰਥਪ੍ਰੀਤ ਸਿੰਘ ਦੇ ਹੋਰ ੫ ਗੁਰਦੁਆਰਿਆਂ ਵਿੱਚ
ਵੀ ਦੀਵਾਨ ਲੱਗੇ ਸਨ ਉਦੋਂ ਤਾਂ ਕਿਸੇ ਨੇ ਵਿਰੋਧ ਨਹੀਂ ਸੀ ਕੀਤਾ ਪਰ ਸਿਰਫ ਫਰੈਂਕਫਰਟ ਦੇ
ਦੀਵਾਨ ਉੱਤੇ ਹੀ ਕਿਉਂ ਕੁਝ ਜਥੇਬੰਦੀਆਂ ਸਿੱਖਾਂ ਦਾ ਖੂਨ ਡੋਲ੍ਹਣ ਲਈ ਉਤਾਰੂ ਸਨ ਇਸ ਦਾ
ਨਿਰਣਾ ਅਸੀਂ ਜਰਮਨ ਅਤੇ ਪੂਰੀ ਦੁਨੀਆਂ ਦੀ ਸੰਗਤ ਤੇ ਛੱਡਦੇ ਹਾਂ ।
ਅਖੀਰ ਵਿੱਚ ਅਸੀਂ ਭਾਈ ਪੰਥਪ੍ਰੀਤ ਸਿੰਘ ਦੇ ਦੀਵਾਨਾਂ ਦਾ ਵਿਰੋਧ
ਕਰਦਿਆਂ ਗੁਰਦੁਆਰਾ ਸਾਹਿਬ ਅੰਦਰ ਕੀਤੀ ਗਈ ਬੇਅਦਬੀ ਦੀ ਇੱਕ ਵਾਰ ਫਿਰ ਨਿੰਦਾ ਕਰਦੇ ਹਾਂ
ਤੇ ਗੁਰੂ ਚਰਨਾਂ ਵਿੱਚ ਅਰਦਾਸ ਕਰਦੇ ਹਾਂ ਕਿ ਉਹ ਸਮੁੱਚੀ ਸਿੱਖ ਕੌਮ ਨੂੰ ਸੁਮੱਤ ਬਖਸ਼ਣ
ਤਾਂ ਕਿ ਸਿੱਖ ਭਰਾ ਮਾਰੂ ਜੰਗ ਤੋਂ ਬਚ ਸਕੇ ।