Share on Facebook

Main News Page

ਸ. ਹਰਜੀਤ ਸਿੰਘ ਸੱਜਣ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਹੋਏ ਨਤਮਸਤਕ

* ਸਿੱਖ ਕੌਮ ਨੂੰ ਫਖਰ ਹੈ ਸ. ਸੱਜਣ ਦੇ ਕੈਨੇਡਾ ਦਾ ਰੱਖਿਆ ਮੰਤਰੀ ਬਣਨ ‘ਤੇ - ਪ੍ਰੋ: ਬਡੂੰਗਰ
* ਸ੍ਰੀ ਅਕਾਲ ਤਖਤ ਸਾਹਿਬ ‘ਤੇ ਗਿਆਨੀ ਗੁਰਬਚਨ ਸਿੰਘ ਨੇ ਕੀਤਾ ਸਿਰੋਪਾ ਤੇ ਸਿਹਰਾ ਭੇਟ
* ਮੇਰੀ ਸਫਲਤਾ ਗੁਰੂ ਸਾਹਿਬ ਦੀ ਬਖਸ਼ਿਸ਼ - ਸ. ਹਰਜੀਤ ਸਿੰਘ ਸੱਜਣ

ਅੰਮ੍ਰਿਤਸਰ 20 ਅਪ੍ਰੈਲ (ਜਸਬੀਰ ਸਿੰਘ ਪੱਟੀ) ਸੁਰਮਈ ਰੰਗ ਦੀ ਦਸਤਾਰ ਸਜਾਈ ਤੇ ਸਫੈਦ ਕਮੀਜ਼ ਤੇ ਸੁਰਮਈ ਰੰਗ ਦੀ ਪੈਂਟ ਪਹਿਨੀ ਕੈਨੇਡਾ ਦੇ ਪਹਿਲੇ ਸਿੱਖ ਰੱਖਿਆ ਮੰਤਰੀ ਸ. ਹਰਜੀਤ ਸਿੰਘ ਸੱਜਣ ਨੇ ਅੱਜ ਰੂਹਾਨੀਅਤ ਦੇ ਕੇਂਦਰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਕੜੇ ਸੁਰੱਖਿਆ ਪ੍ਰਬੰਧਾਂ ਹੇਠ ਪੂਰੀ ਸ਼ਰਧਾ ਤੇ ਸਤਿਕਾਰ ਨਾਲ ਮੱਥਾ ਟੇਕ ਕੇ ਗੁਰੂ ਸਾਹਿਬ ਦੀ ਬਖਸ਼ਿਸ਼ ਹਾਸਲ ਕੀਤੀ। ਸ਼੍ਰੋਮਣੀ ਕਮੇਟੀ ਨੇ ਭਾਂਵੇ ਸੁਰੱਖਿਆ ਦੇ ਮਾਕੂਲ ਪ੍ਰਬੰਧ ਕੀਤੇ ਪਰ ਜਿਲਾ ਪ੍ਰਸ਼ਾਸ਼ਨ ਮੁੱਖ ਮੰਤਰੀ ਵੱਲੋ ਸ੍ਰ ਸੱਜਣ ਦੀ ਵਿਰੋਧਤਾ ਕਾਰਨ ਪੂਰੀ ਤਰਾ ਇਸ ਸਮੇਂ ਗੈਰ ਹਾਜ਼ਰ ਰਿਹਾ ਜੋ ਪ੍ਰੋਟੋਕੋਲ ਦੀ ਉਲੰਘਣਾ ਹੈ।

ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਪ੍ਰੋ: ਕਿਰਪਾਲ ਸਿੰਘ ਬਡੂੰਗਰ, ਅਹੁਦੇਦਾਰਾਂ ਤੇ ਅਧਿਕਾਰੀਆਂ ਵੱਲੋਂ ਸ੍ਰ ਸੱਜਣ ਦਾ ਭਰਵਾਂ ਸਵਾਗਤ ਕੀਤਾ ਗਿਆ। ਜਿਉ ਉਹ ਆਪਣੇ ਸਾਥੀਆ ਤੇ ਕਨੇਡੀਆਨ ਹਾਈ ਕਮਿਸ਼ਨਰ ਨਾਲ ਘੰਟਾ ਘਰ ਵਾਲੇ ਪਾਸਿਉ ਪਰਕਰਮਾ ਵਿੱਚ ਦਾਖਲ ਹੋਏ ਤਾਂ ਸ਼ਰੋਮਣੀ ਕਮੇਟੀ ਦੇ ਲੱਠਮਾਰਾਂ ਨੇ ਉਹਨਾਂ ਨੂੰ ਮਨੁੱਖੀ ਕੜੀ ਬਣਾ ਕੇ ਘੇਰਾ ਪਾ ਲਿਆ। ਪਰਕਰਮਾ ਵਿੱਚ ਉਹਨਾਂ ਨੂੰ ਇਸ ਤਰ੍ਹਾਂ ਲਿਜਾਇਆ ਜਾ ਰਿਹਾ ਸੀ ਜਿਵੇਂ ਕਿਸੇ ਵੱਡੇ ਅਪਰਾਧੀਆ ਨੂੰ ਸੁਰੱਖਿਆ ਘੇਰਾ ਦਿੱਤਾ ਗਿਆ ਹੋਵੇ। ਸ਼੍ਰੋਮਣੀ ਕਮੇਟੀ ਦਾ ਸਾਰਾ ਸਟਾਫ ਪਰਕਰਮਾ ਵਿੱਚ ਤਾਇਨਾਤ ਸੀ ਅਤੇ ਸੰਗਤਾਂ ਨੂੰ ਵੱਜੇ ਧੱਕੇ ਧੋੜਿਆ ਦਾ ਕੋਈ ਹਿਸਾਬ ਕਿਤਾਬ ਨਹੀਂ ਸੀ। ਮੁੱਖ ਰਸਤੇ ਦੇ ਪੁੱਲ ਦਾ ਛੋਟਾ ਰਸਤਾ ਖਾਲੀ ਕਰਵਾਇਆ ਹੋਇਆ ਸੀ ਤੇ ਸ੍ਰ ਸੱਜਣ ਜਦੋਂ ਅੰਦਰ ਦਾਖਲ ਹੋਏ ਤਾਂ ਸਾਰੀ ਸੰਗਤ ਨੂੰ ਰੋਕ ਦਿੱਤਾ ਗਿਆ। ਇਥੋ ਤੱਕ ਜਦੋ ਉਹ ਅੰਦਰ ਬੈਠ ਕੇ ਇੱਕ ਸ਼ਬਦ ਸੁਣ ਰਹੇ ਸਨ ਤਾਂ ਪਹਿਲੀ ਵਾਰੀ ਹੋਇਆ ਕਿ ਸੰਗਤ ਨੂੰ ਮੱਥਾ ਟੇਕਣ ਤੋ ਰੋਕੀ ਰੱਖਿਆ। ਸ੍ਰ ਸੱਜਣ ਜਦੋਂ ਪਰਕਰਮਾ ਵਿੱਚ ਦਾਖਲ ਹੋਏ ਤਾਂ ਉਹਨਾਂ ਦਾ ਸੁਆਗਤ ਕਰਦਿਆ ਰਾਗੀ ਸਿੰਘਾਂ ਨੇ ਇਹ ਸ਼ਬਦ ਗਾਇਨ ਕੀਤਾ ਕਿ ,‘‘ਹਉ ਆਇਆ ਦੂਰਹੁ ਚਲਿ ਕੈ ਮੈ ਤਕੀ ਤਉ ਸਰਣਾਇ ਜੀਉ॥’’ ਜਦੋ ਵੀ ਕੋਈ ਕਾਂਗਰਸੀ ਲੀਡਰ ਮੱਥਾ ਟੇਕਣ ਲਈ ਆਵੇ ਤਾਂ ਉਸ ਸਮੇਂ ਤਾਂ ਬੱਸ, ‘‘ਕੁਤਾ ਰਾਜ ਬਹਾਲੀਏ ਫਿਰ ਚੱਕੀ ਚੱਟੇ,’’ ਸ਼ਬਦ ਹੀ ਸ਼੍ਰੋਮਣੀ ਕਮੇਟੀ ਵੱਲੋ ਰਾਗੀ ਸਿੰਘਾਂ ਨੂੰ ਸਿਆਸੀ ਰੰਜਿਸ਼ ਕੱਢਣ ਦੇ ਮੱਦੇ ਨਜ਼ਰ ਪੜਣ ਲਈ ਕਿਹਾ ਜਾਂਦਾ ਹੈ।

ਇਸੇ ਤਰ੍ਹਾਂ ਸ੍ਰੀ ਅਕਾਲ ਤਖਤ ਸਾਹਿਬ ਤੇ ਪੁੱਜਣ ਸਮੇਂ ਉਹਨਾਂ ਨੂੰ ਜਥੇਦਾਰ ਗਿਆਨੀ ਗੁਰਬਚਨ ਸਿੰਘ ਨੇ ਸਿਰੋਪਾ ਤੇ ਸਿਹਰਾ ਉਹਨਾਂ ਦੇ ਹੱਥਾਂ ਵਿੱਚ ਭੇਟ ਕੀਤਾ ਕਿਉਕਿ ਮਰਿਆਦਾ ਅਨੁਸਾਰ ਅਕਾਲ ਤਖਤ ਸਾਹਿਬ ਤੇ ਦਾਹੜੀ ਬੰਨੇ ਵਿਅਕਤੀ ਨੂੰ ਸਿਰੋਪਾ ਗੱਲ ਵਿੱਚ ਨਹੀਂ ਪਾਇਆ ਜਾ ਸਕਦਾ। ਸ੍ਰੀ ਅਕਾਲ ਤਖਤ ਤੇ ਮੱਥਾ ਟੇਕਣ ਉਪਰੰਤ ਸਿਹਰਾ ਉਹਨਾਂ ਦੇ ਕਿਸੇ ਸਾਥੀ ਨੇ ਉਹਨਾਂ ਦੇ ਗਲ ਵਿੱਚ ਪਾ ਦਿੱਤਾ। ਸੁਆਗਤ ਕਰਨ ਵਾਲਿਆ ਵਿੱਚ ਜਿਥੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਘੁਰਕੀ ਤੋ ਡਰਦੇ ਕਾਂਗਰਸੀ ਗੈਰ ਹਾਜ਼ਰ ਰਹੇ ਉਥੇ ਬਾਦਲ ਅਕਾਲੀ ਦਲ ਦੇ ਆਗੂ ਵੀ ਛੂ ਮੰਤਰ ਰਹੇ ਸ਼ਾਇਦ ਉਹ ਵੀ ਸਵਾਗਤ ਕਰਤਿਆ ਵਿੱਚ ਸ਼ਾਮਲ ਹੋ ਕੇ ਆਪਣੇ ‘ਤੇ ਖਾਲਿਸਤਾਨੀ ਹੋਣ ਦਾ ਠੱਪਾ ਨਹੀਂ ਲਗਵਾਉਣਾ ਚਾਹੁੰਦੇ ਸੀ।

ਸ੍ਰੀ ਦਰਬਾਰ ਸਾਹਿਬ ਦੇ ਬਾਹਰ ਬਣੇ ਪਲਾਜਾ ਵਿੱਚ ਉਹਨਾਂ ਦੇ ਸਨਮਾਨ ਲਈ ਇੱਕ ਪੰਡਾਲ ਲਾਇਆ ਹੋਇਆ ਸੀ ਜਿਸ ਵਿੱਚ 300 ਦੇ ਕਰੀਬ ਕੁਰਸੀ ਲਗਾਈ ਸੀ ਜਿਹਨਾਂ ਉਪਰ ਸਿਰਫ ਸ਼੍ਰੋਮਣੀ ਕਮੇਟੀ ਦੇ ਮੁਲਾਜਮ ਤੇ ਮੈਂਬਰ ਹੀ ਬਿਰਾਜਮਾਨ ਸਨ ਕਿਸੇ ਹੋਰ ਪਾਰਟੀ ਦੇ ਬੰਦੇ ਨੂੰ ਅੱਗੇ ਨਹੀਂ ਜਾਣ ਦਿੱਤਾ ਗਿਆ। ਸ੍ਰ ਸੱਜਣ ਦਾ ਸਵਾਗਤ ਕਰਨ ਵਾਲੀਆ ਵੱਖ ਵੱਖ ਜਥੇਬੰਦੀਆ ਨੇ ਹੱਥਾਂ ਵਿੱਚ ਸੁਆਗਤੀ ਬੈਨਰ ਫੜੇ ਹੋਏ ਸਨ ਤੇ ਅਖੰਡ ਕੀਰਤਨੀ ਜੱਥੇ ਦੇ ਭਾਈ ਬਖਸ਼ੀਸ਼ ਸਿੰਘ ਤੇ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਭਾਈ ਜਰਨੈਲ ਸਿੰਘ ਸਖੀਰਾ ਤੇ ਭਾਈ ਹਰਬੀਰ ਸਿੰਘ ਸੰਧੂ ਦੀ ਅਗਵਾਈ ਹੇਠ ਵਰਕਰ ਮੌਜੂਦ ਸਨ। ਕਿਸੇ ਨੂੰ ਪੰਡਾਲ ਵਿੱਚ ਨਹੀਂ ਜਾਣ ਦਿੱਤਾ ਗਿਆ ਅਤੇ ਸ਼ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਵਾਲਿਆ ਨੇ ਰੋਸ ਵਜੋ ਖਾਲਿਸਤਾਨ-ਜਿੰਦਾਬਾਦ, ਭਾਈ ਹਰਜੀਤ ਸਿੰਘ ਸੱਜਣ- ਜਿੰਦਾਬਾਦ ਤੇ ਸ਼੍ਰੋਮਣੀ ਕਮੇਟੀ-ਮੁਰਦਾਬਾਦ ਦੇ ਨਾਅਰੇ ਲੱਗੇ ਅਤੇ ਸ਼੍ਰੋਮਣੀ ਕਮੇਟੀ ਦੇ ਲੱਠਮਾਰਾਂ ਤੇ ਮਾਨ ਦਲੀਆ ਵਿੱਚ ਧੱਕਾ ਮੁੱਕਾ ਸ਼ੁਰੂ ਹੋ ਗਿਆ ਤੇ ਅਖੀਰ ਮਾਨ ਦਲੀਏ ਪੰਡਾਲ ਵਿੱਚ ਦਾਖਲ ਹੋਣ ਵਿੱਚ ਕਾਮਯਾਬ ਹੋ ਗਏ। ਉਹਨਾਂ ਕਿਹਾ ਕਿ ਸ੍ਰ ਹਰਜੀਤ ਸਿੰਘ ਸੱਜਣ ਨੂੰ ਮੰਗ ਪੱਤਰ ਦੇਣਾ ਸੀ। ਇਸੇ ਤਰ੍ਵਾ ਹੋਰ ਵੀ ਕਈ ਜਥੇਬੰਦੀਆ ਮੰਗ ਪੱਤਰ ਦੇਣਾ ਚਾਹੁੰਦੀਆ ਸਨ ਪਰ ਕਿਸੇ ਨੂੰ ਲਾਗੇ ਨਹੀਂ ਫੱਟਕਣ ਦਿੱਤਾ ਗਿਆ। ਧੱਕਾ ਮੁੱਕੀ ਵਿੱਚ ਜਰਨੈਲ ਸਿੰਘ ਸਖੀਰਾ ਨੂੰ ਮਾਮੂਲੀ ਸੱਟ ਵੀ ਲੱਗੀ ਤੇ ਸ਼੍ਰੋਮਣੀ ਕਮੇਟੀ ਦੇ ਲੱਠਮਾਰ ਦੀ ਕਿਰਪਾਨ ਦੀ ਕੋਈ ਅੱਸੀ ਉਹਨਾਂ ਦੇ ਲੱਗ ਗਈ ਜਿਹੜੀ ਜਖਮ ਦਾ ਨਿਸ਼ਾਨ ਦੇ ਗਈ। ਇਸੇ ਤਰ੍ਹਾਂ ਮੀਡੀਆ ਕਰਮੀਆ ਨੂੰ ਲਾਗੇ ਨਹੀਂ ਫੱਟਕਣ ਦਿੱਤਾ ਗਿਆ ਅਤੇ ਲੱਠਮਾਰਾਂ ਨੇ ਮੀਡੀਆ ਕਰਮੀਆ ਨਾਲ ਵੀ ਬਦਤਮੀਜੀ ਕਰਨ ਵਿੱਚ ਕੋਈ ਕਸਰ ਬਾਕੀ ਨਹੀਂ ਛੱਡੀ।

ਸ਼੍ਰ ਸੱਜਣ ਦਾ ਪ੍ਰੋਗਰਾਮ ਸਵੇਰੇ ਅੱਠ ਵਜੇ ਪੁੱਜਣ ਦਾ ਸੀ ਪਰ ਸੁੱਰਖਿਆ ਕਾਰਨਾਂ ਕਰਕੇ ਉਹ ਸਵੇਰੇ 6 ਵਜੇ ਦੇ ਕਰੀਬ ਤਾਜ ਹੋਟਲ ਵਿੱਚੋ ਨਿਕਲੇ ਤੇ 6.20 ਵਜੇ ਸ੍ਰੀ ਦਰਬਾਰ ਸਾਹਿਬ ਵਿਖੇ ਪੁੱਜ ਗਏ। ਮੱਥਾ ਟੇਕਣ ਉਪਰੰਤ ਉਹ ਪਿੰਗਲਵਾੜਾ ਦੀ ਮਾਨਾਵਾਲਾ ਬਰਾਂਚ ਵੇਖਣ ਲਈ ਪੁੱਜ ਗਏ ਜਿਥੇ ਉਹਨਾਂ ਦਾ ਸੁਆਗਤ ਪਿੰਗਲਵਾੜਾ ਦੀ ਪ੍ਰਧਾਨ ਬੀਬੀ ਡਾਂ ਇੰਦਰਜੀਤ ਕੌਰ ਨੇ ਬਾਕੀ ਕਮੇਟੀ ਮੈਂਬਰਾਂ ਤੇ ਅਧਿਕਾਰੀਆ ਸਮੇਤ ਗਰਮਜੋਸ਼ੀ ਨਾਲ ਕੀਤਾ ਗਿਆ।

ਇਸ ਤੋਂ ਪਹਿਲਾਂ ਜਦੋਂ ਉਹ ਘੰਟਾ ਘਰ ਦਰਵਾਜ਼ੇ ਤੋਂ ਪਰਕਰਮਾ ਵਿੱਚ ਪਹੁੰਚੇ ਤਾਂ ਸ੍ਰੀ ਆਸਾ ਜੀ ਦੀ ਵਾਰ ਦੀ ਸਮਾਪਤੀ ’ਤੇ ਅਰਦਾਸ ਹੋ ਰਹੀ ਸੀ। ਇਸ ’ਤੇ ਉਹ ਮਰਯਾਦਾ ਅਨੁਸਾਰ ਇਕਾਗਰ ਚਿਤ ਹੋ ਕੇ ਅਰਦਾਸ ਵਿਚ ਸ਼ਾਮਲ ਹੋਏ ਅਤੇ ਫਿਰ ਪਰਿਕਰਮਾ ਵਿਚ ਬੈਠ ਕੇ ਪਾਵਨ ਹੁਕਮਨਾਮਾ ਸਰਵਣ ਕੀਤਾ। ਉਹ ਕਾਹਲ਼ੀ ਤੋਂ ਦੂਰ ਪੂਰਨ ਸਹਿਜ ਵਿਚ ਨਜ਼ਰ ਆ ਰਹੇ ਸਨ। ਪਰਿਕਰਮਾ ਕਰਦਿਆਂ ਉਨ੍ਹਾਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੇ ਹੋਰ ਅਸਥਾਨਾਂ ਦੀ ਇਤਿਹਾਸਕ ਮਹਾਨਤਾ ਬਾਰੇ ਜਾਣਕਾਰੀ ਪ੍ਰਾਪਤ ਕਰਨ ਵਿਚ ਵਿਸ਼ੇਸ਼ ਰੁਚੀ ਦਿਖਾਈ। ਇਸ ਦੌਰਾਨ ਸ. ਹਰਜੀਤ ਸਿੰਘ ਸੱਜਣ ਨੇ ਵਿਜ਼ਿਟਰ ਬੁੱਕ ਵਿਚ ‘ਮੇਰੀ ਸਫਲਤਾ ਗੁਰੂ ਸਾਹਿਬ ਜੀ ਦੀ ਬਖਸ਼ਿਸ਼ ਹੈ’ ਦਰਜ ਕਰਕੇ ਸਤਿਗੁਰੂ ਜੀ ਪ੍ਰਤੀ ਡੂੰਘੀ ਸ਼ਰਧਾ ਤੇ ਸਤਿਕਾਰ ਦਾ ਪ੍ਰਗਟਾਵਾ ਕੀਤਾ।

ਇਸ ਮੌਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸ੍ਰੀ ਦਰਬਾਰ ਸਾਹਿਬ ਦੇ ਪਲਾਜ਼ਾ ਵਿਖੇ ਇਕ ਸਮਾਗਮ ਵਿਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਪ੍ਰੋ: ਕਿਰਪਾਲ ਸਿੰਘ ਬਡੂੰਗਰ, ਜਨਰਲ ਸਕੱਤਰ ਸ. ਅਮਰਜੀਤ ਸਿੰਘ ਚਾਵਲਾ ਅਤੇ ਹੋਰ ਅਹੁਦੇਦਾਰਾਂ ਵੱਲੋਂ ਸ. ਹਰਜੀਤ ਸਿੰਘ ਸੱਜਣ ਨੂੰ ਸ੍ਰੀ ਸਾਹਿਬ, ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦਾ ਸੁਨਹਿਰੀ ਮਾਡਲ, ਵਿਸ਼ੇਸ਼ ਤਸਤਰੀ ਤੇ ਧਾਰਮਿਕ ਪੁਸਤਕਾਂ ਦੇ ਸੈ¤ਟ ਨਾਲ ਸਨਮਾਨਤ ਕੀਤਾ ਗਿਆ। ਸਨਮਾਨ ਲਈ ਵਿਸ਼ੇਸ਼ ਤੌਰ ’ਤੇ ਬਣਵਾਈ ਗਈ ਤਸਤਰੀ ਉ¤ਪਰ ‘ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸ੍ਰੀ ਅੰਮ੍ਰਿਤਸਰ ਸ. ਹਰਜੀਤ ਸਿੰਘ ਸੱਜਣ ਰੱਖਿਆ ਮੰਤਰੀ ਕੈਨੇਡਾ ਨੂੰ ਸਿੱਖ ਕੌਮ ਦੀ ਵਿਲੱਖਣ ਹੋਂਦ ਹਸਤੀ ਤੇ ਪਹਿਚਾਣ ਨੂੰ ਦ੍ਰਿੜ ਕਰਵਾਉਣ ਅਤੇ ਉਨ੍ਹਾਂ ਵੱਲੋਂ ਸਿੱਖ ਕੌਮ ਪ੍ਰਤੀ ਕੀਤੀਆਂ ਮਹਾਨ ਸੇਵਾਵਾਂ ਦਾ ਸਨਮਾਨ ਕਰਦਿਆਂ ਖੁਸ਼ੀ ਤੇ ਮਾਣ ਮਹਿਸੂਸ ਕਰਦੀ ਹੈ’ ਲਿਖਿਆ ਹੋਇਆ ਸੀ।

ਇਸ ਸਮੇਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਪ੍ਰੋ: ਕਿਰਪਾਲ ਸਿੰਘ ਬਡੂੰਗਰ ਨੇ ਸੰਬੋਧਨ ਕਰਦਿਆਂ ਕਿਹਾ ਕਿ ਕੈਨੇਡਾ ਦੇ ਰੱਖਿਆ ਮੰਤਰੀ ਸ. ਹਰਜੀਤ ਸਿੰਘ ਸੱਜਣ ਦਾ ਰਵਾਇਤ ਮੁਤਾਬਕ ਸਨਮਾਨ ਕੀਤਾ ਗਿਆ ਹੈ। ਉਨ੍ਹਾਂ ਆਖਿਆ ਕਿ ਸ. ਹਰਜੀਤ ਸਿੰਘ ਦਾ ਵਿਕਸਿਤ ਮੁਲਕ ਕੈਨੇਡਾ ਦੇ ਰੱਖਿਆ ਮੰਤਰੀ ਬਣਨਾ ਸਮੁੱਚੀ ਸਿੱਖ ਕੌਮ ਲਈ ਫ਼ਖਰ ਵਾਲੀ ਗੱਲ ਹੈ। ਅੱਜ ਇਹ ਆਪਣੇ ਪਿੱਤਰੀ ਸੂਬੇ ਵਿਚ ਆਉਣ ’ਤੇ ਮੁਕੱਦਸ ਅਸਥਾਨ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਦਰਸ਼ਨ ਕਰਨ ਆਏ ਹਨ, ਅਸੀਂ ਇਨਾਂ ਦਾ ਦਿਲੋਂ ਸਵਾਗਤ ਕਰਦੇ ਹਾਂ। ਪ੍ਰੋ: ਬਡੂੰਗਰ ਨੇ ਸ. ਸੱਜਣ ਨੂੰ ਸਿੱਖ ਕੌਮ ਦੀ ਸ਼ਾਨ ਤੇ ਪੰਜਾਬੀਆਂ ਦਾ ਮਾਣ ਆਖ ਕੇ ਉਨ੍ਹਾਂ ਦੀ ਪ੍ਰਸ਼ੰਸਾ ਕੀਤੀ। ਉਨ੍ਹਾਂ ਕਿਹਾ ਕਿ ਕੈਨੇਡਾ ਨਾਲ ਭਾਰਤ ਦਾ ਬੜਾ ਵਿਸ਼ਵਾਸ ਵਾਲਾ ਰਿਸ਼ਤਾ ਹੈ। ਕੈਨੇਡਾ ਵਿਚ ਸਿੱਖ ਸੱਭਿਆਚਾਰ ਦੇ ਉਥਾਨ ਦਾ ਖਾਸ ਤੌਰ ’ਤੇ ਜ਼ਿਕਰ ਕਰਦਿਆਂ ਸ਼੍ਰੋਮਣੀ ਕਮੇਟੀ ਪ੍ਰਧਾਨ ਨੇ ਕਿਹਾ ਕਿ ਸਿੱਖ ਇਤਿਹਾਸ ਤੇ ਵਿਰਸੇ ਨਾਲ ਸਬੰਧਤ ਦਿਹਾੜਿਆਂ ਨੂੰ ਉਥੇ ਵੱਸਦੇ ਸਿੱਖਾਂ ਵੱਲੋਂ ਜੋਸ਼ ਅਤੇ ਜਜ਼ਬੇ ਨਾਲ ਮਨਾਇਆ ਜਾਂਦਾ ਹੈ, ਜਿਸ ਵਿਚ ਕੈਨੇਡਾ ਦੇ ਮੂਲ ਨਿਵਾਸੀਆਂ ਵੱਲੋਂ ਵੀ ਭਰਵੀਂ ਸ਼ਮੂਲੀਅਤ ਕੀਤੀ ਜਾਂਦੀ ਹੈ। ਇਹ ਸਿੱਖ ਕੌਮ ਲਈ ਮਾਣ ਵਾਲੀ ਗੱਲ ਹੈ। ਉਨ੍ਹਾਂ ਕਿਹਾ ਕਿ ਸਿੱਖ ਕੈਨੇਡਾ ਵਿਚ ਆਪਣੀ ਮਿਹਨਤ ਤੇ ਸਮਾਜ ਭਲਾਈ ਦੇ ਕਾਰਜਾਂ ਕਰਕੇ ਆਪਣੀ ਸੰਸਕ੍ਰਿਤੀ ਦੀ ਅਮੀਰੀ ਦਾ ਪ੍ਰਗਟਾਵਾ ਕਰ ਰਹੇ ਹਨ। ਇਸੇ ਕਰਕੇ ਹੀ ਉਥੋਂ ਲੋਕ ਅਤੇ ਸਰਕਾਰਾਂ ਸਿੱਖਾਂ ਨੂੰ ਮੰਤਰੀ ਤੇ ਕੈਬਨਿਟ ਮੰਤਰੀ ਬਣਾ ਕੇ ਵੱਡਾ ਸਨਮਾਨ ਦੇ ਰਹੀਆਂ ਹਨ।

ਇਸ ਮੌਕੇ ਸ਼੍ਰੋਮਣੀ ਕਮੇਟੀ ਦੇ ਸੀਨੀਅਰ ਮੀਤ ਪ੍ਰਧਾਨ ਬਲਦੇਵ ਸਿੰਘ ਕਾਇਮਪੁਰ, ਜਨਰਲ ਸਕੱਤਰ ਸ. ਅਮਰਜੀਤ ਸਿੰਘ ਚਾਵਲਾ, ਅੰਤ੍ਰਿੰਗ ਮੈਂਬਰ ਭਾਈ ਰਾਮ ਸਿੰਘ, ਗੁਰਚਰਨ ਸਿੰਘ ਗਰੇਵਾਲ, ਭਾਈ ਰਾਮ ਸਿੰਘ, ਸ. ਸੁਰਜੀਤ ਸਿੰਘ ਭਿੱਟੇਵਡ, ਜੈਪਾਲ ਸਿੰਘ ਮੰਡੀਆ ਤੇ ਸ. ਸੁਰਜੀਤ ਸਿੰਘ ਕਾਲਾਬੂਲਾ, ਸ਼੍ਰੋਮਣੀ ਕਮੇਟੀ ਮੈਂਬਰ ਭਾਈ ਮਨਜੀਤ ਸਿੰਘ, ਬਾਵਾ ਸਿੰਘ ਗੁਮਾਨਪੁਰਾ, ਮੰਗਵਿੰਦਰ ਸਿੰਘ ਖਾਪੜਖੇੜੀ, ਬੀਬੀ ਕਿਰਨਜੋਤ ਕੌਰ, ਹਰਜਾਪ ਸਿੰਘ ਸੁਲਤਾਨਵਿੰਡ ਤੇ ਜਰਨੈਲ ਸਿੰਘ ਡੋਗਰਾਂਵਾਲਾ, ਧਰਮ ਪ੍ਰਚਾਰ ਕਮੇਟੀ ਦੇ ਮੈਂਬਰ ਅਜਾਇਬ ਸਿੰਘ ਅਭਿਆਸੀ ਤੇ ਸੁਖਵਰਸ਼ ਸਿੰਘ ਪੰਨੂੰ, ਮੁੱਖ ਸਕੱਤਰ ਸ. ਹਰਚਰਨ ਸਿੰਘ, ਸਕੱਤਰ ਡਾ. ਰੂਪ ਸਿੰਘ, ਸ੍ਰੀ ਦਰਬਾਰ ਸਾਹਿਬ ਦੇ ਮੈਨੇਜਰ ਸੁਲੱਖਣ ਸਿੰਘ ਭੰਗਾਲੀ ਤੇ ਸ. ਰਘਬੀਰ ਸਿੰਘ ਮੰਡ ਆਦਿ ਹਾਜ਼ਰ ਸਨ। ਇਸੇ ਤਰ੍ਹਾਂ ਸਾਈ ਮੀਆਂ ਮੀਰ ਇੰਟਰਨੈਸ਼ਨਲ ਸੁਸਾਇਟੀ ਦੇ ਪ੍ਰਧਾਨ ਸ੍ਰ ਹਰਭਜਨ ਸਿੰਘ ਵੀ ਹਾਜਰ ਸਨ।


ਜੇ ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ।


ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org  and cannot be held responsible for their views.  Read full details....

Go to Top