ਕੈਪਟਨ ਨੇ ਕਿਹਾ, 'ਖਾਲਿਸਤਾਨੀ ਸਮਰਥਕ' ਹੈ ਸੱਜਣ
ਔਟਵਾ,
15 ਅਪ੍ਰੈਲ (ਹਮਦਰਦ ਨਿਊਜ਼ ਸਰਵਿਸ) : 6 ਦਿਨਾਂ ਦੇ ਦੌਰੇ 'ਤੇ ਭਾਰਤ ਆ ਰਹੇ ਕੈਨੇਡਾ ਦੇ
ਰੱਖਿਆ ਮੰਤਰੀ ਹਰਜੀਤ ਸਿੰਘ ਸੱਜਣ ਨੂੰ ਮਿਲਣ ਤੋਂ ਇਨਕਾਰ ਕਰਕੇ ਪੰਜਾਬ ਦੇ ਮੁੱਖ ਮੰਤਰੀ
ਕੈਪਟਨ ਅਮਰਿੰਦਰ ਸਿੰਘ ਨੇ ਵਿਵਾਦਾਂ ਨੂੰ ਹਵਾ ਦੇ ਦਿੱਤੀ ਹੈ। ਕੈਪਟਨ ਦਾ ਕਹਿਣਾ ਹੈ ਕਿ
ਹਰਜੀਤ ਸਿੰਘ ਸੱਜਣ ਖ਼ਾਲਿਸਤਾਨੀ ਸਮਰਥਕ ਹਨ ਅਤੇ ਉਹ ਕਿਸੇ ਖ਼ਾਲਿਸਤਾਨੀ ਸਮਰਥਕ ਨੂੰ ਨਹੀਂ
ਮਿਲਣਗੇ। ਪਰ ਦੂਜੇ ਪਾਸੇ ਭਾਰਤੀ ਵਿਦੇਸ਼ ਮੰਤਰਾਲੇ ਨੇ ਹਰਜੀਤ ਸਿੰਘ ਸੱਜਣ ਨੂੰ 'ਜੰਗ ਦਾ
ਹੀਰੋ' ਦੱਸਿਆ ਹੈ। ਵਿਦੇਸ਼ ਮੰਤਰਾਲੇ ਨੇ 5 ਅਪ੍ਰੈਲ ਨੂੰ ਪੰਜਾਬ ਸਰਕਾਰ ਨੂੰ ਭੇਜੇ
ਆਪਣੇ ਇਕ ਪੱਤਰ 'ਚ ਕੈਨੇਡਾ ਦੇ ਰੱਖਿਆ ਮੰਤਰੀ ਦੀਆਂ ਤਰੀਫਾਂ ਦੇ ਪੁਲ ਬੰਨ੍ਹੇ ਹਨ।
ਮੰਤਰਾਲੇ ਦਾ ਕਹਿਣਾ ਹੈ ਕਿ ਸੱਜਣ
ਨੇ ਕੈਨੇਡਾ ਦੀ ਫੌਜ ਵਿੱਚ ਸੇਵਾਵਾਂ ਨਿਭਾਉਂਦੇ ਸਮੇਂ ਬੇਮਿਸਾਲ ਬਹਾਦਰੀ ਦਾ ਮੁਜ਼ਾਹਰਾ
ਕੀਤਾ ਅਤੇ ਕੈਨੇਡਾ ਅਤੇ ਭਾਈਚਾਰੇ ਦੀ ਸੇਵਾ ਕੀਤੀ। ਅਫਗਾਨਿਸਤਾਨ ਵਿੱਚ
ਉਨ੍ਹਾਂ ਨੇ ਉਸ ਸਮੇਂ ਸੇਵਾਵਾਂ ਨਿਭਾਈਆਂ, ਜਦੋਂ ਉੱਥੇ ਤਾਲਿਬਾਨ ਦੇ ਅੱਤਵਾਦ ਦੀ ਅੱਗ
ਭੜਕ ਰਹੀ ਸੀ। ਅਫਗਾਨਿਸਤਾਨ ਦੇ ਫੌਜੀ ਮਿਸ਼ਨ ਵਿੱਚ ਦਿਖਾਈ ਬਹਾਦਰੀ ਕਰਕੇ ਉਨ੍ਹਾਂ ਨੂੰ 'ਰੋਲ
ਆਫ ਆਨਰ' ਨਾਲ ਵੀ ਸਨਮਾਨਤ ਕੀਤਾ ਗਿਆ। ਅਫਗਾਨਿਸਤਾਨ 'ਚ ਤਿੰਨ ਮਿਸ਼ਨ ਪੂਰੇ ਕਰਨ ਵਾਲੇ ਉਹ
ਪਹਿਲੇ ਸਿੱਖ ਹਨ। ਹਰਜੀਤ ਸਿੰਘ ਸੱਜਣ ਦਾ ਵਿਆਹ ਡਾ. ਕੁਲਜੀਤ ਕੌਰ ਨਾਲ ਹੋਇਆ ਹੈ। ਉਨ੍ਹਾਂ
ਦਾ ਇਕ ਪੁੱਤਰ ਅਤੇ ਇਕ ਧੀ ਹੈ। ਉਨ੍ਹਾਂ ਦੇ ਪਿਤਾ ਵੀ ਕੁੰਦਨ ਸਿੰਘ ਸੱਜਣ ਵੀ ਪੰਜਾਬ
ਪੁਲਿਸ ਅਧਿਕਾਰੀ ਸਨ ਅਤੇ ਹੁਣ ਸਰੀ ਦੇ ਗੁਰਦੁਆਰਾ ਸ੍ਰੀ ਸਿੰਘ ਸਭਾ ਦੇ ਪ੍ਰਧਾਨ ਹਨ।
ਹਰਜੀਤ ਸਿੰਘ
ਸੱਜਣ ਦੇ ਭਾਰਤ ਤੋਂ ਜਾ ਕੇ ਕੈਨੇਡਾ ਵਿੱਚ ਰੱਖਿਆ ਮੰਤਰੀ ਬਣਨ ਤੱਕ ਦਾ ਸਫ਼ਰ ਇਸ ਤਰ੍ਹਾਂ
ਹੈ :
-
ਹਰਜੀਤ ਸਿੰਘ ਸੱਜਣ ਪੰਜ ਸਾਲ ਦੀ ਉਮਰ ਵਿੱਚ ਪੰਜਾਬ ਤੋਂ ਕੈਨੇਡਾ ਆਏ ਸਨ। ਉਨ੍ਹਾਂ
ਦਾ ਸੰਬੰਧ ਪੰਜਾਬ ਦੇ ਹੁਸ਼ਿਆਰਪੁਰ ਜ਼ਿਲ੍ਹੇ ਦੇ ਪਿੰਡ ਬੰਬੇਲੀ ਨਾਲ ਹੈ।
-
ਵੈਨਕੂਵਰ ਪੁਲਿਸ ਵਿਭਾਗ ਵਿੱਚ ਹਰਜੀਤ ਸਿੰਘ ਸੱਜਣ ਨੇ 11 ਸਾਲਾਂ ਤੱਕ ਸੇਵਾਵਾਂ
ਨਿਭਾਈਆਂ। ਇਸ ਦੌਰਾਨ ਉਹ 'ਗੈਂਗ ਕ੍ਰਾਈਮ ਯੂਨਿਟ' ਵਿੱਚ ਬਤੌਰ ਜਾਸੂਸ ਵੀ ਕੰਮ ਕਰਦੇ
ਰਹੇ।
-
1989 ਵਿੱਚ ਹਰਜੀਤ ਸੱਜਣ ਕੈਨੇਡਾ ਦੀ ਫੌਜ ਵਿੱਚ ਸ਼ਾਮਲ ਹੋਏ। ਕੈਨੇਡੀਅਨ ਆਰਮਡ
ਫੋਰਸਜ਼ ਵਿੱਚ ਉਨ੍ਹਾਂ ਨੇ ਉਪ-ਕਰਨਲ ਦੇ ਤੌਰ 'ਤੇ ਸੇਵਾ ਨਿਭਾਈ।
-
ਅਫਗਾਨਿਸਤਾਨ ਵਿੱਚ ਉਨ੍ਹਾਂ ਨੇ ਨੇ ਉਸ ਸਮੇਂ ਕੰਮ ਕੀਤਾ, ਜਦੋਂ ਤਾਲਿਬਾਨ ਦਾ
ਜ਼ੋਰ ਸੀ। ਅਫਗਾਨਿਸਤਾਨ ਤੋਂ ਇਲਾਵਾ ਉਨ੍ਹਾਂ ਨੂੰ ਬੋਸਨੀਆ ਅਤੇ ਹਰਜ਼ੇਗੋਵੀਨਾ ਵਿਖੇ
ਵੀ ਫੌਜੀ ਮਿਸ਼ਨ 'ਤੇ ਭੇਜਿਆ ਗਿਆ। ਹਰਜੀਤ ਸਿੰਘ ਸੱਜਣ ਦੀ ਬਹਾਦਰੀ ਕਰਕੇ ਉਨ੍ਹਾਂ
ਨੂੰ ਕਈ ਐਵਾਰਡ ਦੇ ਕੇ ਸਨਮਾਨਤ ਕੀਤਾ ਗਿਆ।
-
2011 ਵਿੱਚ ਪਹਿਲੇ ਅਜਿਹੇ ਸਿੱਖ ਬਣੇ, ਜਿਨ੍ਹਾਂ ਨੂੰ ਕੈਨੇਡਾ ਦੀ ਰੈਜ਼ੀਮੈਂਟ
ਦੀ ਕਮਾਨ ਸੰਭਾਲਣ ਦਾ ਮੌਕਾ ਮਿਲਿਆ।
-
2013 ਵਿੱਚ ਮੈਰੀਟੋਰੀਅਸ ਸਰਵਿਸ ਮੈਡਲ, ਕੈਨੇਡੀਅਨ ਪੀਸ ਕੀਪਿੰਗ ਮੈਡਲ, ਆਰਡਰ
ਆਫ ਮਿਲਟਰੀ ਮੈਰਿਟ ਐਵਾਰਡ ਸਮੇਤ ਉਨ੍ਹਾਂ ਨੂੰ ਕਈ ਮਾਣ-ਸਨਮਾਨ ਦੇ ਕੇ ਸਨਮਾਨਤ ਕੀਤਾ
ਗਿਆ। ਉਹ ਤਾਲਿਬਾਨ ਵਿਰੁੱਧ ਗੁਪਤ ਸੂਚਨਾ ਇਕੱਠੀ ਕਰਨ ਵਿੱਚ ਮਾਹਰ ਸਨ।
-
2015 ਵਿੱਚ ਉਹ ਕੈਨੇਡਾ ਦੇ ਰੱਖਿਆ ਮੰਤਰੀ ਬਣੇ।