ਹੁਸ਼ਿਆਰਪੁਰ/ਬੰਬੇਲੀ,
15 ਅਪ੍ਰੈਲ (ਹਮਦਰਦ ਨਿਊਜ਼ ਸਰਵਿਸ) : ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ
ਵੱਲੋਂ ਕੈਨੇਡਾ ਦੇ ਰੱਖਿਆ ਮੰਤਰੀ ਨੂੰ ਨਾ ਮਿਲਣ ਅਤੇ ਉਨ੍ਹਾਂ ਨੂੰ ਖ਼ਾਲਿਸਤਾਨ ਨਾਲ ਸਬੰਧ
ਹੋਣ ਦੀ ਗੱਲ ਕਹਿਣ ਮਗਰੋਂ ਹਰਜੀਤ ਸਿੰਘ ਸੱਜਣ ਦੇ ਪਿਤਾ ਕੁੰਦਨ ਸਿੰਘ ਦਾ ਵੱਡਾ ਬਿਆਨ
ਸਾਹਮਣੇ ਆਇਆ ਹੈ। ਸ. ਕੁੰਦਨ ਸਿੰਘ ਨੇ ਕਿਹਾ ਹੈ ਕਿ ਕੈਪਟਨ ਅਮਰਿੰਦਰ ਸਿੰਘ ਦੀ
ਉਨ੍ਹਾਂ ਦੇ ਪੁੱਤਰ ਵਿਰੁੱਧ ਟਿੱਪਣੀ ਠੀਕ ਨਹੀਂ ਹੈ।
ਸ. ਕੁੰਦਨ ਸਿੰਘ ਨੇ ਕਿਹਾ, ''ਉਨ੍ਹਾਂ
ਦਾ ਪੁੱਤਰ ਐਵੇਂ ਹੀ ਕਿਸੇ ਦੇਸ਼ ਦਾ ਰੱਖਿਆ ਮੰਤਰੀ ਨਹੀਂ ਬਣ ਗਿਆ, ਉਸ ਦੇਸ਼ ਦੀ ਸੁਰੱਖਿਆ
ਏਜੰਸੀਆਂ ਨੇ ਜਾਂਚ ਕਰ ਕੇ ਹੀ ਕੈਨੇਡਾ ਦਾ ਸੱਭ ਤੋਂ ਉੱਚਾ ਅਹੁਦਾ ਉਨ੍ਹਾਂ ਨੂੰ ਦਿੱਤਾ
ਹੈ।'' ਉਨ੍ਹਾਂ ਕਿਹਾ ਕਿ ਸਾਡੇ ਪਿੰਡ ਬੰਬੇਲੀ ਦੇ ਲੋਕ ਮੇਰੇ ਪੁੱਤਰ ਦੀ ਖ਼ੁਸ਼ੀ
'ਚ ਪਲਕਾਂ ਵਿਛਾਅ ਕੇ ਉਨ੍ਹਾਂ ਦੇ ਸਵਾਗਤ ਦਾ ਇੰਤਜ਼ਾਰ ਕਰ ਰਹੇ ਹਨ। ਜੇ ਸਰਕਾਰ ਉਨ੍ਹਾਂ
ਦੇ ਪੁੱਤਰ ਨੂੰ ਕੋਈ ਮਾਨ-ਸਨਮਾਨ ਨਹੀਂ ਦੇਣਾ ਚਾਹੁੰਦੀ ਤਾਂ ਕੋਈ ਗੱਲ ਨਹੀਂ ਪਰ ਉਨ੍ਹਾਂ
ਬਾਰੇ ਗ਼ਲਤ ਟਿੱਪਦੀਆਂ ਕਰ ਕੇ ਅਪਮਾਣਿਤ ਨਾ ਕਰੇ। ਉਨ੍ਹਾਂ ਕਿਹਾ, ''ਮੇਰਾ ਪੁੱਤਰ ਹਰਜੀਤ
ਸਿੰਘ ਸੱਜਣ ਤਾਂ ਮੇਰੇ ਨਾਲ ਉਸ ਵੇਲੇ ਕੈਨੇਡਾ ਗਿਆ ਸੀ ਜਦੋਂ ਉਹ ਸਿਰਫ਼ 6 ਸਾਲਾਂ ਦਾ
ਸੀ।''
ਇਸ ਮੌਕੇ ਪਿੰਡ ਦੇ ਸਾਬਕਾ ਸਰਪੰਚ
ਅਤੇ ਇਸ ਵੇਲੇ ਮੌਜੂਦਾ ਲੰਬਡਦਾਰ ਸਰਦਾਰ ਪਰਮਜੀਤ ਸਿੰਘ ਦਾ ਕਹਿਣਾ ਹੈ ਕਿ ਪੰਜਾਬ
ਦੇ ਮੁੱਖ ਮੰਤਰੀ ਵੱਲੋਂ ਹਰਜੀਤ ਸਿੰਘ ਸੱਜਣ ਅਤੇ ਉਨ੍ਹਾਂ ਦੇ ਪਿਤਾ ਨੂੰ ਖ਼ਾਲਿਸਤਾਨੀ
ਸਮਰਥਕ ਕਹਿਣਾ ਗ਼ਲਤ ਹੈ। ਪਿੰਡ ਦਾ ਬੱਚਾ-ਬੱਚਾ ਕੁੰਦਰ ਸਿੰਘ ਅਤੇ ਉਨ੍ਹਾਂ ਦੇ ਪੁੱਤਰ
ਹਰਜੀਤ ਸਿੰਘ ਨੂੰ ਚੰਗੀ ਤਰ੍ਹਾਂ ਜਾਣਦਾ ਹੈ। ਉਨ੍ਹਾਂ ਦਾ ਇਸ ਤਰ੍ਹਾਂਦੀ ਕਿਸੇ ਵੀ
ਗਤੀਵਿਧੀ ਨਾਲ ਕੋਈ ਲੈਣਾ-ਦੇਣਾ ਨਹੀਂ। ਜਦੋਂਕਿ ਹਰਜੀਤ ਸਿੰਘ ਦੇ ਪਿਤਾ ਤਾਂ ਕੈਨੇਡਾ
ਤੋਂ ਹਰ ਸਾਲ ਪਿੰਡ ਆਉਂਦੇ-ਜਾਂਦੇ ਰਹਿੰਦੇ ਹਨ। ਜੇ ਉਨ੍ਹਾਂ ਦੀ ਖ਼ਾਲਿਸਤਾਨੀ ਲਹਿਰ 'ਚ
ਹਿੱਸੇਦਾਰੀ ਸੀ ਤਾਂ ਪਹਿਲਾਂ ਕਦੇ ਸਰਕਾਰ ਅਤੇ ਉਨ੍ਹਾਂ ਦੀਆਂ ਏਜੰਸੀਆਂ ਨੇ ਕੋਈ ਟਿੱਪਣੀ
ਕਿਉਂ ਨਹੀਂ ਕੀਤੀ ਹੁਣ ਕੈਪਟਨ ਅਮਰਿੰਦਰ ਸਿੰਘ ਲੋਕਾਂ ਨੂੰ ਗੁੰਮਰਾਹ ਕਰ ਕੇ ਰਾਜਨੀਤਕ
ਰੋਟੀਆਂ ਸੇਕਣ ਦਾ ਕੰਮ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਪਿੰਡ ਵਾਸੀ ਹਰਜੀਤ ਸਿੰਘ ਦਾ
ਉਨ੍ਹਾਂ ਦੇ ਪਿੰਡ ਪੁੱਜਣ 'ਤੇ ਜ਼ੋਰਦਾਰ ਸਵਾਗਤ ਲਈ ਤਿਆਰ ਹਨ।