Share on Facebook

Main News Page

ਗੁਰੂ ਨਾਨਕ ਆਗਮਨ ਪੁਰਬ ਤੇ ਸ਼੍ਰੀ ਅਨੰਦਪੁਰੀ ਵੈਸਾਖੀ ਦੇ ਸੁਮੇਲ ਦਾ ਰਹੱਸ
-: ਗਿਆਨੀ ਜਗਤਾਰ ਸਿੰਘ ਜਾਚਕ

ਸਿੱਖ ਇਤਿਹਾਸ ਅਤੇ ਮੂਲ ਨਾਨਕਸ਼ਾਹੀ ਕੈਲੰਡਰ ਮੁਤਾਬਿਕ ਵੈਸਾਖੀ (14 ਅਪਰੈਲ) ਅਸਲ ਵਿੱਚ ਬ੍ਰਹਮ ਸਮਸਰਿ, ਜਗਤ-ਗੁਰੂ ਬਾਬੇ ਨਾਨਕ ਪਾਤਸ਼ਾਹ ਜੀ ਦੇ ਆਗਮਨ ਪੁਰਬ ਦਾ ਦਿਹਾੜਾ ਹੈ। ਇਹੀ ਕਾਰਨ ਸੀ ਕਿ ਪਹਿਲਾਂ ਤੀਸਰੇ ਪਾਤਸ਼ਾਹ ਸ੍ਰੀ ਗੁਰੂ ਅਮਰਦਾਸ ਜੀ ਮਹਾਰਾਜ ਨੇ ਗੁਰਸਿੱਖਾਂ ਦੇ ਸਲਾਨਾ ਜੋੜ-ਮੇਲੇ ਲਈ ਵੈਸਾਖੀ ਨੂੰ ਹੀ ਚੁਣਿਆ, ਤਾਂ ਕਿ ਇਸ ਜੋੜ-ਮੇਲੇ ਦੁਆਰਾ ਗੁਰਸਿੱਖਾਂ ਅੰਦਰ ਭਾਈਚਾਰਕ ਪਿਆਰ ਵਧੇ ਅਤੇ ਪੰਥਕ ਮਰਯਾਦਾ ਵਿੱਚ ਇੱਕਸੁਰਤਾ ਤੇ ਪਰਪੱਕਤਾ ਵੀ ਪੈਦਾ ਹੋ ਸਕੇ । ਲਿਖਿਆ ਹੈ "ਸਗਰੇ ਆਵਹਿਂ ਦਿਵਸ ਬਸੋਏ । ਸਿੱਖ ਸਿੱਖ ਕੋ ਧਾਰੇ ਪ੍ਰੇਮ । ਬਢੇ ਭਗਤਿ ਹੋਏ ਪੂਰਨ ਨੇਮ "। ਇਸ ਉਪਰੰਤ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਵੀ ਗੁਰੂ ਬਾਬੇ ਨਾਨਕ ਦੇ ਸਿਰਜੇ ਨਿਰਮਲ-ਪੰਥ ਨੂੰ ਸਦੀਵ ਕਾਲ ਲਈ ਨਿਰਮਲ ਤੇ ਨਿਆਰਾ ਰੱਖਣ ਦਾ ਬਾਨ੍ਹਣੂ ਬੰਨ੍ਹਦਿਆਂ ਸੰਨ ੧੬੯੯ ਮੁਤਾਬਿਕ ਸੰਮਤ ੧੭੫੬ ਦੀ ਵੈਸਾਖੀ ਦੇ ਦਿਹਾੜੇ ਨੂੰ ਹੀ ਮਹੱਤਵ ਦਿੱਤਾ ।

ਕੁਦਰਤੀ ਵਰਤਾਰੇ ਦੀ ਇਹ ਸਚਾਈ ਤਾਂ ਅਸੀਂ ਪ੍ਰੱਤਖ ਰੂਪ ਵਿੱਚ ਦੇਖ ਸਕਦੇ ਹਾਂ ਰੁੱਤੀ ਪ੍ਰਭਾਵ ਨੂੰ ਸਾਡਾ ਤਨ ਅਤੇ ਮਨ ਦੋਵੇਂ ਹੀ ਕਬੂਲਦੇ ਹਨ। ਗੁਰਵਾਕ ਵੀ ਹੈ ਜੇਹੀ ਰੁਤਿ ਕਾਇਆ ਸੁਖੁ ਤੇਹਾ ਤੇਹੋ ਜੇਹੀ ਦੇਹੀ॥ (ਗੁਰੂ ਗ੍ਰੰਥ.੧੨੫੪) ਸ੍ਰੀ ਗੁਰੂ ਨਾਨਕ ਪਾਤਸ਼ਾਹ ਜੀ ਨੇ ਇਹ ਵੀ ਮੰਨਿਆ ਹੈ ਕਿ ਵੈਸਾਖ ਦਾ ਮਹੀਨਾ ਬਸੰਤ ਰੁੱਤ ਦਾ ਸਿਖਰ ਹੈ । ਇਸ ਮਹੀਨੇ ਬਨਾਸਪਤੀ ਜਦੋਂ ਸੱਜ-ਵਿਆਹੀ ਮੁਟਿਆਰ ਵਾਂਗ ਹਰੀਆਂ ਭਰੀਆਂ ਕੋਮਲ ਲਗਰਾਂ ਦਾ ਹਾਰ-ਸ਼ਿੰਗਾਰ ਕਰਕੇ ਸਾਰੇ ਵਾਤਾਵਰਣ ਨੂੰ ਆਪਣੇ ਜੋਬਨ ਦਾ ਹੁਲਾਰਾ ਦਿੰਦੀ ਹੈ ਤਾਂ ਉਸ ਦੀ ਸੁੰਦਰਤਾ ਤੇ ਖੇੜੇ ਨੂੰ ਤੱਕ ਕੇ ਬ੍ਰਿਹੁੰ ਕੁੱਠੇ ਜਗਿਆਸੂਆਂ ਦੇ ਮਨਾਂ ਵਿੱਚ ਵੀ ਆਪਣੇ ਮਾਲਕ ਪ੍ਰਭੂ ਦੇ ਮਿਲਾਪ ਲਈ ਇੱਕ ਤਾਂਘ ਪੈਦਾ ਹੁੰਦੀ ਹੈ ।

ਇਹ ਤਾਂਘ ਇਉਂ ਹੁੰਦੀ ਹੈ ਜਿਵੇਂ ਕੋਈ ਬ੍ਰਿਹਣੀ ਨਾਰ ਘਰ ਦੇ ਦਰਵਾਜ਼ੇ ਵਿੱਚ ਆਪਣੇ ਪਤੀ ਦੀ ਉਡੀਕ ਵਿੱਚ ਖੜੀ ਹੋਵੇ । ਕਿਉਂਕਿ, ਮਾਨਵੀ ਜ਼ਿੰਦਗੀ ਵਿੱਚ ਬਸੰਤ ਵਾਲਾ ਸਦੀਵੀ ਖੇੜਾ ਤਦੋਂ ਹੀ ਪਸਰਦਾ ਹੈ, ਜਦੋਂ ਕਿਸੇ ਵਡਭਾਗੀ ਨੂੰ ਅੰਤਰ-ਆਤਮੇ ਪ੍ਰਭੂ ਜੀ ਦੇ ਅੰਗ-ਸੰਗ ਜੀਊਣ ਦਾ ਅਨੁਭਵ ਹੁੰਦਾ ਹੈ । ਪਰ, ਇਹ ਵੀ ਸੱਚ ਹੈ ਕਿ ਕੁਦਰਤ ਰਾਣੀ ਦਾ ਸੋਹਜ-ਸ਼ਿੰਗਾਰ ਦੇਖ ਕੇ ਵੀ ਓਹੀ ਜੀਵ-ਇਸਤ੍ਰੀ ਪ੍ਰਭੂ ਪਤੀ ਦਾ ਮਿਲਾਪ ਹਾਸਲ ਕਰ ਸਕਦੀ ਹੈ, ਜਿਸ ਦੀ ਸੁਰਤ ਗੁਰਸ਼ਬਦ ਵਿੱਚ ਜੁੜੀ ਹੋਵੇ । ਕਿਉਂਕ ਉਸ ਨੂੰ ਸੋਝੀ ਹੋ ਜਾਂਦੀ ਹੈ ਮਾਲਕ ਦੇ ਮਿਲਾਪ ਬਿਨਾਂ ਜੀਊਣਾ ਬਿਅਰਥ ਹੈ। ਉਸ ਦਾ ਕੌਡੀ ਮੁੱਲ ਨਹੀਂ। ਤੁਖਾਰੀ ਰਾਗ ਦੇ ਬਾਰਹਮਾਹਾ ਵਿੱਚ ਇਸ ਭਾਵ ਦਾ ਗੁਰੂ ਜੀ ਦਾ ਬਹੁਤ ਪਿਆਰਾ ਅੰਮ੍ਰਿਤ ਬਚਨ ਹੈ:

ਵੈਸਾਖੁ ਭਲਾ ਸਾਖਾ ਵੇਸ ਕਰੇ॥ ਧਨ ਦੇਖੈ ਹਰਿ ਦੁਆਰਿ ਆਵਹੁ ਦਇਆ ਕਰੇ ॥ ਘਰਿ ਆਉ ਪਿਆਰੇ ਦੁਤਰ ਤਾਰੇ ਤੁਧੁ ਬਿਨੁ ਅਢੁ ਨ ਮੋਲੋ॥ ਕੀਮਤਿ ਕਉਣ ਕਰੇ ਤੁਧੁ ਭਾਵਾਂ ਦੇਖਿ ਦਿਖਾਵੈ ਢੋਲੋ॥ ਦੂਰਿ ਨ ਜਾਨਾ ਅੰਤਰਿ ਮਾਨਾ ਹਰਿ ਕਾ ਮਹਲੁ ਪਛਾਨਾ ॥ ਨਾਨਕ ਵੈਸਾਖੀਂ ਪ੍ਰਭੁ ਪਾਵੈ ਸੁਰਤਿ ਸਬਦਿ ਮਨੁ ਮਾਨਾ॥ ੬॥ {ਗੁਰੂ ਗ੍ਰੰਥ.੧੧੦੮}

ਦਾਸਰੇ ਦਾ ਤਾਂ ਅਟੁੱਟ ਵਿਸਵਾਸ਼ ਹੈ ਕਿ ਅਕਾਲਪੁਰਖ ਵਾਹਿਗੁਰੂ ਜੀ ਨੇ ਵੀ ਇਸੇ ਦ੍ਰਿਸ਼ਟੀਕੋਨ ਤੋਂ ਦਇਆ ਕਰਕੇ ਵੈਸਾਖੀ ਦਾ ਹੀ ਦਿਨ ਚੁਣਿਆਂ ਗੁਰੂ ਨਾਨਕ ਸਾਹਿਬ ਜੀ ਨੂੰ ਜਨਮ ਦੇਣ ਅਤੇ ਲੋਕਾਈ ਦੇ ਸੁਧਾਰ ਹਿੱਤ ਸੁਲਤਾਨਪੁਰ ਲੋਧੀ ਦੀ ਧਰਤੀ ਤੋਂ ਸੰਸਾਰ ਵਿੱਚ ਪ੍ਰਗਟਾਉਣ ਲਈ; ਤਾਂ ਕਿ ਉਨ੍ਹਾਂ ਦੇ ਉਪਦੇਸ਼ਮਈ ਵਿਚੋਲਗੀ ਵਾਲੇ ਸੰਯੋਗ ਦੁਆਰਾ ਪ੍ਰਭੂ ਮਿਲਾਪ ਦੀ ਬਦੌਲਤ ਸਾਡੇ ਵਰਗਿਆਂ ਦੀ ਜ਼ਿੰਦਗੀ ਵਿੱਚ ਵੀ ਬਸੰਤੀ ਖੇੜਾ ਪਸਰ ਸਕੇ । ਤਨ ਮਨ ਮੌਲ ਸਕੇ। ਪੰਚਮ ਪਾਤਸ਼ਾਹ ਗੁਰੂ ਅਰਜਨ ਸਾਹਿਬ ਮੰਨਿਆ ਹੈ ਕਿ ਜਦੋਂ ਤੋਂ ਗੋਬਿੰਦ ਦਾ ਭਗਤ ਪੁੱਤਰ (ਗੁਰੂ ਨਾਨਕ) ਜੰਮਿਆ ਹੈ, ਤਦੋਂ ਤੋਂ ਉਨ੍ਹਾਂ ਦੀ ਬਦੌਲਤ ਸਾਡੇ ਜੀਵਾਂ ਦੇ ਅੰਦਰ ਧੁਰ-ਦਰਗਾਹ ਦਾ ਸੇਵਾ-ਭਗਤੀ ਵਾਲਾ ਲੇਖ ਉਘੜ ਰਿਹਾ ਹੈ:

ਜੰਮਿਆ ਪੂਤੁ ਭਗਤੁ ਗੋਵਿੰਦ ਕਾ॥ ਪ੍ਰਗਟਿਆ ਸਭ ਮਹਿ ਲਿਖਿਆ ਧੁਰ ਕਾ॥ {ਗੁਰੂ ਗ੍ਰੰਥ.੩੯੬}

ਇਸ ਲਈ ਅਜਿਹਾ ਕਿਵੇਂ ਹੋ ਸਕਦਾ ਸੀ ਕਿ ਗੁਰੂ ਨਾਨਕ ਸਾਹਿਬ ਜੀ ਦੀ ਜੋਤਿ ਜੁਗਤਿ ਦੇ ਵਾਰਸ ਦਸਵੇਂ ਪਾਤਸ਼ਾਹ ਸਿੱਖ ਸੰਗਤ ਨੂੰ ਖ਼ਾਲਸਈ ਸੁਰਤ ਤੇ ਸਰੂਪ ਬਖ਼ਸ਼ਦਿਆਂ ਗੋਬਿੰਦ ਦੇ ਪਿਆਰੇ ਭਗਤ ਬਣਾ ਕੇ ਸਪੁੱਤਰ ਬਨਾਉਣ ਅਤੇ ਉਨ੍ਹਾਂ ਨੂੰ ਸੰਸਾਰ ਵਿੱਚ ਸਦਾ ਲਈ ਪਰਗਟਾਉਣ ਹਿੱਤ ਵੈਸਾਖੀ ਦਾ ਦਿਨ ਨਾ ਚੁਣਦੇ; ਜਦੋਂ ਧਰਤੀ ਦੇ ਉਤਰੀ ਧਰੁਵ ਵਿੱਚ ਸਾਰੇ ਪਾਸੇ ਪਸਰਿਆ ਕੁਦਰਤੀ ਖੇੜਾ ਰੱਬੀ ਆਸ਼ਕਾਂ ਲਈ ਪ੍ਰੇਮ-ਹੁਲਾਰੇ ਦਾ ਕਾਰਣ ਬਣ ਰਿਹਾ ਹੋਵੇ ।

ਗੁਰੂ ਨਾਨਕ ਸਾਹਿਬ ਜੀ ਮਹਾਰਾਜ ਦਾ ਇੱਕ ਬੜਾ ਅਨੋਖਾ ਕਥਨ ਹੈ । ਉਹ ਕਹਿੰਦੇ ਹਨ ਕਿ ਅਕਾਲਪੁਰਖ ਵਾਹਿਗੁਰੂ ਜੀ ਦੀ ਮੈਨੂੰ ਇੱਕ ਸੱਦ ਇਉਂ ਆਈ ਹੇ ਭਾਈ! ਜੇ ਤੈਨੂੰ ਮੇਰੇ ਪਿਆਰ ਦੀ ਖੇਡ ਖੇਡਣ ਦਾ ਚਾਅ ਹੈ । ਭਾਵ, ਜੇ ਤੈਨੂੰ ਮੇਰੇ ਪਿਆਰ ਵਿੱਚ ਭਰ ਕੇ ਜੀਊਣ ਦਾ ਸ਼ੋਕ ਹੈ ਤਾਂ ਆਪਣਾ ਸਿਰ ਤਲੀ 'ਤੇ ਰੱਖ ਕੇ ਮੇਰੀ ਗਲੀ ਵਿੱਚ ਆ। ਭਾਵ, ਲੋਕ ਲਾਜ ਅਤੇ ਹਉਮੈ ਛੱਡ ਕੇ ਮੇਰੇ ਵੱਲ ਕਦਮ ਪੁੱਟ। ਪਰ, ਇਹ ਵੀ ਯਾਦ ਰੱਖ ਕਿ ਇਸ ਪ੍ਰੇਮ ਸੁਮਾਰਗ ਉੱਤੇ ਪੈਰ ਤਦੋਂ ਹੀ ਧਰਿਆ ਜਾ ਸਕਦਾ ਹੈ, ਜਦੋਂ ਬਿਨਾਂ ਕਿਸੇ ਝਿਝਕ ਤੋਂ ਸਿਰ ਦਿੱਤਾ ਜਾਏ। ਭਾਵ, ਬਿਨਾਂ ਕਿਸੇ ਤਰ੍ਹਾਂ ਦੀ ਸੋਚ-ਵਿਚਾਰ ਤੋਂ ਹਉਮੈ ਤੇ ਲੋਕ-ਲਾਜ ਛੱਡੀ ਜਾਏ। ਗੁਰੂ ਵਾਕ ਹੈ:

ਜਉ ਤਉ ਪ੍ਰੇਮ ਖੇਲਣ ਕਾ ਚਾਉ॥ ਸਿਰੁ ਧਰਿ ਤਲੀ ਗਲੀ ਮੇਰੀ ਆਉ॥ ਇਤੁ ਮਾਰਗਿ ਪੈਰੁ ਧਰੀਜੈ॥ ਸਿਰੁ ਦੀਜੈ ਕਾਣਿ ਨ ਕੀਜੈ॥ {ਗੁਰੂ ਗ੍ਰੰਥ.੧੪੧੨}

ਗੁਰਸਿੱਖ ਸੰਗਤ ਨੇ ਸ੍ਰੀ ਅਨੰਦਪੁਰ ਸਾਹਿਬ ਦੀ ਉੱਚੀ ਠੇਰੀ ਤੋਂ (ਜਿਥੇ ਹੁਣ ਤਖ਼ਤ ਸ੍ਰੀ ਕੇਸਗੜ੍ਹ ਸ਼ੋਭਨੀਕ ਹੈ) ਸੰਨ ੧੬੯੯ ਮੁਤਾਬਿਕ ਸੰਮਤ ੧੭੫੬ ਦੀ ਵੈਸਾਖੀ ਨੂੰ ਉਪਰੋਕਤ ਕਿਸਮ ਦਾ ਅਨੁਭਵੀ ਨਜ਼ਾਰਾ ਉਸ ਵੇਲੇ ਪ੍ਰਤੱਖ ਰੂਪ ਵਿੱਚ ਦੇਖਿਆ, ਜਦੋਂ ਗੁਰੂ ਨਾਨਕ ਸਾਹਿਬ ਆਪਣੇ ਦਸਵੇਂ ਜਾਮੇ ਵੇਲੇ ਗੁਰੂ ਗੋਬਿੰਦ ਰਾਇ ਦੇ ਰੂਪ ਵਿੱਚ ਲਹੂ ਲਿਬੜੀ ਤਲਵਾਰ ਹਿਲਾਉਂਦਿਆਂ ਗੁਰਸਿੱਖ ਸੰਗਤਾਂ ਨੂੰ ਸ਼ੇਰ ਵਰਗੀ ਗਰਜਵੀਂ ਅਵਾਜ਼ ਵਿੱਚ ਲਲਕਾਰ ਕੇ ਬੋਲੇ:

ਹੈ ਕੋਈ ਸਿੱਖ ਬੇਟਾ। ਜੋ ਕਰੇ ਸੀਸ ਭੇਟਾ।
ਅਨਿਕ ਸੀਸ ਚਾਹੀਏ। ਜਲਦ ਜਲਦ ਆਈਏ।

ਅਸਲ ਵਿੱਚ ਇਹ ਲਲਕਾਰ ਪ੍ਰਿਖਿਆ ਸੀ ਸੰਗਤੀ ਰੂਪ ਵਿੱਚ ਭਵਿੱਖ ਦੀਆਂ ਪੰਥਕ ਜ਼ਿਮੇਂਵਾਰੀਆਂ ਸੌਂਪਣ ਦੀ ਯੋਗਤਾ ਪਰਖਣ ਲਈ। ਇਹ ਪਰਚਾ ਸੀ ਗੁਰੂ ਨੂੰ ਸਮਰਪਿਤ ਹੋਣ ਦੀ ਭਾਵਨਾ ਵੇਖਣ ਲਈ ਕਿ ਸਿੱਖਾਂ ਵਿੱਚ ਕਿਤਨਾ ਕੁ ਮਾਦਾ ਹੈ ਬਿਨਾਂ ਝਿਝਕ ਗੁਰੂ ਆਸ਼ਿਆਂ ਪ੍ਰਤੀ ਆਪਣਾ ਆਪ ਨਿਸ਼ਾਵਰ ਕਰਨ ਦਾ । ਉਹ ਰੱਬੀ ਮਿਲਾਪ ਲਈ ਸਿੱਖਾਂ ਨੂੰ ਦ੍ਰਿੜ ਕਰਾਉਣਾ ਚਹੁੰਦੇ ਸਨ ਗੁਰੂ ਨਾਨਕ ਦਾ ਸਬਕ ਕਿ ਇਸ ਮਾਰਗ ਉੱਤੇ ਪੈਰ ਧਰਨ ਵਾਲਿਆਂ ਦੇ ਧੜਾਂ 'ਤੇ ਸਿਰ ਨਹੀਂ ਹੁੰਦੇ। ਉਹ ਸਮਝਾਉਣਾ ਚਹੁੰਦੇ ਸਨ ਕਿ ਸਿੱਖੀ ਪ੍ਰੇਮ ਸੁਮਾਰਗ ਹੈ ਅਤੇ ਇਸ 'ਤੇ ਚੱਲਣ ਵਾਲਿਆਂ ਨੂੰ ਸਿਰ ਤਲੀ ੱਤੇ ਧਰ ਕੇ ਚੱਲਣਾ ਪੈਂਦਾ ਹੈ ।

ਗੁਰੂ ਜੀ ਦੀ ਲਲਕਾਰ ਸੁਣ ਕੇ ਜਿਹੜੇ ਪਹਿਲੇ ਪੰਜ ਸਿੱਖ ਨਿੱਤਰੇ, ਉਨ੍ਹਾਂ ਨੂੰ ਵਾਰੀ ਵਾਰੀ ਤੰਬੂ ਵਿੱਚ ਲਿਜਾਣ ਉਪਰੰਤ ਪੰਜ ਕਕਾਰੀ ਵਰਦੀ ਵਿੱਚ ਇਕੱਠਿਆਂ ਹੀ ਸੰਗਤ ਦੇ ਸਾਹਮਣੇ ਲਿਆਂਦਾ ਅਤੇ ਉਨ੍ਹਾਂ ਨੂੰ ਖੰਡੇ ਦਾ ਅੰਮ੍ਰਿਤ ਛਕਾਇਆ । ਬਚਨ ਕੀਤਾ, ਇਹ ਹਨ ਮੇਰੇ ਪੰਜ ਪਿਆਰੇ। ਸਪਸ਼ਟ ਕੀਤਾ ਕਿ ਗੁਰੂ ਜੀ ਦਾ ਪਿਆਰ ਉਨ੍ਹਾਂ ਨੂੰ ਹੀ ਪ੍ਰਾਪਤ ਹੁੰਦਾ ਹੈ, ਜਿਹੜੇ ਆਪਣਾ-ਆਪ ਗੁਰੂ ਨੂੰ ਸਮਰਪਿਤ ਕਰ ਦਿੰਦੇ ਹਨ । ਭਾਈ ਦਇਆ ਰਾਮ ਨੂੰ ਦਇਆ ਸਿੰਘ, ਧਰਮ ਦਾਸ ਨੂੰ ਭਾਈ ਧਰਮ ਸਿੰਘ, ਹਿੰਮਤ ਰਾਇ ਨੂੰ ਭਾਈ ਹਿੰਮਤ ਸਿੰਘ, ਮੁਹਕਮ ਚੰਦ ਨੂੰ ਭਾਈ ਮੁਹਕਮ ਸਿੰਘ ਅਤੇ ਸਾਹਿਬ ਚੰਦ ਨੂੰ ਭਾਈ ਸਾਹਿਬ ਸਿੰਘ ਕਹਿ ਕੇ ਸਤਿਕਾਰਿਆ। ਉਪਦੇਸ਼ ਦਿੰਦਿਆਂ ਆਖਿਆ ਅੱਜ ਤੁਹਾਡਾ ਗੁਰੂ ਘਰ ਨਵਾਂ ਜਨਮ ਹੋਇਆ ਹੈ। ਇਸ ਲਈ ਤੁਹਾਡਾ ਪਹਿਲੀ ਕੁਲ, ਜਾਤ-ਗੋਤ ਅਤੇ ਕਰਮ ਤੇ ਵਰਣ-ਧਰਮ ਸਭ ਨਾਸ਼ । ਗੁਰਬਾਣੀ ਦੀ ਰੌਸ਼ਨੀ ਵਿੱਚ ਇੱਕ ਅਕਾਲਪਰਖ ਦੀ ਉਪਾਸ਼ਨਾ ਕਰਨੀ। ਕਿਸੇ ਦੇਵੀ ਦੇਵਤੇ ਤੇ ਮੜ੍ਹੀ ਮਸਾਣੀ ਨੂੰ ਨਹੀਂ ਮੰਨਣਾ। ਅੱਜ ਤੋਂ ਤੁਸੀਂ ਗੁਰੂ ਕੇ ਖ਼ਾਲਸੇ ਹੋ ।

ਪਰੰਪਰਾਗਤ ਇਤਿਹਾਸ ਵਿੱਚ ਜ਼ਿਕਰ ਹੈ ਕਿ ਉਹ ਪੰਜੇ ਸਿੱਖ ਦੋਵੇਂ ਹੱਥ ਜੋੜ ਕੇ ਅਦਬ ਸਹਿਤ ਸਤਿਗੁਰੂ ਜੀ ਸਨਮੁਖ ਖੜੇ ਸਨ । ਗੁਰਉਪਦੇਸ਼ ਸੁਣਦਿਆਂ ਬਾਰ ਬਾਰ ਗੁਰੂ ਜੀ ਨੂੰ ਨਮਸ਼ਕਾਰਾਂ ਕਰਦੇ ਹੋਏ ਮਾਨੋਂ ਉਹ ਵਾਰਨੇ-ਬਲਿਹਾਰਨੇ ਹੋ ਰਹੇ ਸਨ । ਕਿਉਂਕਿ, ਚਰਨ ਕਮਲ, ਹਿਰਦੈ ਨਿਤ ਧਾਰੀ॥ ਗੁਰੁ ਪੂਰਾ, ਖਿਨੁ ਖਿਨੁ ਨਮਸਕਾਰੀ॥ ਤਨੁ ਮਨੁ ਅਰਪਿ ਧਰੀ ਸਭੁ ਆਗੈ; ਜਗ ਮਹਿ ਨਾਮੁ ਸੁਹਾਵਣਾ॥ {ਗੁਰੂ ਗ੍ਰੰਥ.੧੦੮੫} ਵਾਲਾ ਅਧਿਆਤਮੀ ਸੱਚ, ਉਨ੍ਹਾਂ ਦੇ ਸਾਹਮਣੇ ਪ੍ਰਤੱਖ ਹੋ ਰਿਹਾ ਸੀ । ਸ੍ਰੀ ਗੁਰੂ ਰਾਮਦਾਸ ਜੀ ਮਹਾਰਾਜ ਦੇ ਹੇਠ ਲਿਖੇ ਅੰਮ੍ਰਿਤ ਬਚਨਾਂ ਦੀ ਰੌਸ਼ਨੀ ਵਿੱਚ ਉਹ ਆਪਣੇ ਆਪ ਨੂੰ ਅਤਿਅੰਤ ਖੁਸ਼ਕਿਸਮਤ ਸਮਝ ਰਹੇ ਸਨ। ਕਿਉਂਕਿ, ਉਨ੍ਹਾਂ ਦਾ ਖ਼ਾਕ ਵਿੱਚ ਮਿਲ ਜਾਣ ਵਾਲਾ ਸਿਰ ਬੜੇ ਮਹਿੰਗੇ ਮੁੱਲ ਵਿਕ ਚੁੱਕਾ ਸੀ। ਇਸ ਲਈ ਉਨ੍ਹਾਂ ਦੇ ਅੰਦਰੋਂ ਬੇ-ਮੁਹਾਰੇ ਇਹ ਧੁਨੀ ਉੱਠ ਰਹੀ ਸੀ :

ਮੇਰੇ ਮਨ ਭਜੁ ਰਾਮ ਨਾਮ ਅਤਿ ਪਿਰਘਾ॥ ਮੈ ਮਨੁ ਤਨੁ ਅਰਪਿ ਧਰਿਓ ਗੁਰ ਆਗੈ ਸਿਰੁ ਵੇਚਿ ਲੀਓ ਮੁਲਿ ਮਹਘਾ॥ {ਗੁਰੂ ਗ੍ਰੰਥ.੭੩੧}

ਕਿਉਂਕਿ, ਦਸ਼ਮੇਸ਼ ਗੁਰੂ ਪਾਸੋਂ ਬਦਲੇ ਵਿੱਚ ਉਹ ਅੰਮ੍ਰਿਤ ਨਾਮ ਪ੍ਰਾਪਤ ਹੋ ਗਿਆ ਸੀ, ਜਿਸ ਨੂੰ ਮਿਥਿਹਾਸਕ ਮਨੌਤ ਮੁਤਾਬਿਕ ਬੇਅੰਤ ਦੇਵੀ ਦੇਵਤੇ, ਰਿਸ਼ੀ-ਮੁਨੀ ਅਤੇ ਅਮਰ ਹੋ ਕੇ ਦੁਨਿਆਵੀ ਰਸ ਮਾਨਣ ਦੀ ਇੱਛਾ ਰੱਖਣ ਵਾਲੇ ਰਾਜੇ-ਮਹਾਰਾਜੇ ਜੰਗਲਾਂ, ਪਹਾੜਾਂ ਤੇ ਸਮੁੰਦਰਾਂ ਦੀਆਂ ਢੂੰਘਾਂਈਆਂ ਵਿੱਚ ਖੋਜਦੇ ਮਰ ਮੁੱਕੇ ਸਨ, ਪਰ ਉਨ੍ਹਾਂ ਦੇ ਕਿਧਰੇ ਵੀ ਹੱਥ ਨਹੀਂ ਸੀ ਲੱਗਾ। ਉਹ ੱਤੇ ਪੰਜੇ ਮਿਲ ਕੇ ਉੱਚੀ ਉੱਚੀ ਇਉਂ ਗਾ ਰਹੇ ਸਨ:

ਸੁਰਿ ਨਰ ਮੁਨਿ ਜਨ ਅੰਮ੍ਰਿਤੁ ਖੋਜਦੇ ਸੁ ਅੰਮ੍ਰਿਤੁ ਗੁਰ ਤੇ ਪਾਇਆ॥
ਪਾਇਆ ਅੰਮ੍ਰਿਤੁ ਗੁਰਿ ਕ੍ਰਿਪਾ ਕੀਨੀ ਸਚਾ ਮਨਿ ਵਸਾਇਆ॥
. . {ਗੁਰੂ ਗ੍ਰੰਥ.੯੧੮}

ਸਾਰੇ ਇਤਿਹਾਸਕਾਰਾਂ ਲਿਖਿਆ ਹੈ ਅੰਤ ਨੂੰ ਸਤਿਗੁਰੂ ਜੀ ਬੜੀ ਗੰਭੀਰਤਾ ਸਹਿਤ ਉਨ੍ਹਾਂ ਪੰਜਾਂ ਪਿਆਰਿਆਂ ਦੇ ਸਨਮੁਖ ਹੱਥ ਜੋੜ ਖੜੇ ਹੋਏ ਅਤੇ ਬੇਨਤੀ ਕੀਤੀ ਖ਼ਾਲਸਾ ਜੀ! ਹੁਣ ਗੋਬਿੰਦ ਰਾਇ ਨੂੰ ਵੀ ਉਸੇ ਢੰਗ ਨਾਲ ਅੰਮ੍ਰਿਤ ਦੀ ਦਾਤ ਬਖ਼ਸ਼ ਕੇ ਗੋਬਿੰਦ ਸਿੰਘ ਸਜਾਉਣ ਤੇ ਖ਼ਾਲਸੇ ਵਿੱਚ ਰਲਾਉਣ ਦਾ ਉਪਕਾਰ ਕਰੋ, ਤਾਂ ਕਿ ਖ਼ਾਲਸਾ ਪੰਥ ਦਾ ਅੰਗ ਬਣ ਕੇ ਜੀਊਣ ਲਈ ਅਜਿਹੀ ਪ੍ਰਕਿਰਿਆ ਸਦਾ ਲਈ ਚੱਲਦੀ ਰਹੇ। ਜ਼ਿਕਰ ਹੈ ਕਿ ਉਸ ਦਿਹਾੜੇ ਗੁਰੂ ਜੀ ਸਮੇਤ ੨੦੦੦੦ ਤੋਂ ਵੱਧ ਪ੍ਰਾਣੀ ਖੰਡੇ ਦਾ ਅੰਮ੍ਰਿਤ ਛਕ ਕੇ ਗੁਰੂ ਕੇ ਸਿੰਘ ਸੱਜੇ। ਇਹ ਸੀ ਵੈਸਾਖੀ ਦੇ ਦਿਹਾੜੇ ਗੁਰੂ ਜੀ ਨੂੰ ਸੀਸ ਭੇਟ ਦੇ ਰੂਪ ਵਿੱਚ ਸਮਰਪਿਤ ਹੋ ਕੇ ਜੀਊਣ ਦਾ ਸਿਖਰ, ਜਦੋਂ ਗੁਰੂ ਤੇ ਸਿੱਖ ਆਪਸ ਵਿੱਚ ਅਭੇਦ ਹੋ ਗਏ। ਗੁਰੂ ਸਿੱਖ ਤੇ ਸਿੱਖ ਗੁਰੂ ਰੂਪ ਹੋ ਗਏ।

ਇਸ ਲਈ ਸਾਨੂੰ ਦ੍ਰਿੜ ਕਰ ਲੈਣਾ ਚਾਹੀਦਾ ਹੈ ਕਿ ਗੁਰਸਿੱਖਾਂ ਲਈ ਵੈਸਾਖੀ ਹੋਰ ਲੋਕਾਂ ਵਾਂਗ ਕੇਵਲ ਮੌਜ-ਮੇਲੇ ਵਾਲਾ ਮੌਸਮੀ ਤਿਉਹਾਰ ਹੀ ਨਹੀਂ, ਇਹ ਤਾਂ ਸਤਿਗੁਰੂ ਜੀ ਨੂੰ ਸਮਰਪਿਤ ਹੋ ਕੇ ਪ੍ਰਭੂ-ਮਿਲਾਪ ਲਈ ਪ੍ਰੇਮ ਦੀ ਖੇਡ ਵਿੱਚ ਦਾਖਲਾ ਲੈਣ ਦਾ ਦਿਹਾੜਾ ਹੈ । ਇਸ ਪ੍ਰਕਾਰ ਗੁਰੂ ਨਾਲ ਅਭੇਦ ਹੋ ਕੇ ਖ਼ਾਲਸਾ-ਪੰਥ ਦਾ ਅੰਗ ਬਣ ਕੇ ਜੀਊਣ ਅਤੇ ਗੁਰਸਿੱਖਾਂ ਵਾਲੀ ਗੁਰੂ ਦੀ ਪੀੜ੍ਹੀ ਨੂੰ ਅੱਗੇ ਚਲਾਈ ਰੱਖਣ ਵਾਲੇ ਪ੍ਰਣ ਕਰਣ ਦਾ ਦਿਹਾੜਾ ਹੈ । ਜਾਂ ਇਉਂ ਕਹੀਏ ਕਿ ਗੁਰੂ ਨੂੰ ਸਮਰਪਿਤ ਹੋ ਕੇ ਜੀਊਣ ਦਾ ਸੰਦੇਸ਼ ਹੈ ਵੈਸਾਖੀ। ਗੁਰੂ ਵਾਕ ਇਸ ਪੱਖੋਂ ਸਾਡਾ ਰਾਹ ਇਉਂ ਰਸ਼ਨਾਉਂਦੇ ਹਨ :

ਗੁਰੂ ਸਿਖੁ ਸਿਖੁ ਗੁਰੂ ਹੈ ਏਕੋ ਗੁਰ ਉਪਦੇਸੁ ਚਲਾਏ॥

ਰਾਮ ਨਾਮ ਮੰਤੁ ਹਿਰਦੈ ਦੇਵੈ ਨਾਨਕ ਮਿਲਣੁ ਸੁਭਾਏ॥ {ਗੁਰੂ ਗ੍ਰੰਥ. ੪੪੪}

ਹੁਣ ਜਦੋਂ ਅਮਰੀਕਾ ਦੀਆਂ ਸਿੱਖ ਜਥੇਬੰਦੀਆਂ ਵੈਸਾਖੀ ਪੁਰਬ 'ਵਿਸ਼ਵ ਸਿੱਖ ਦਿਵਸ' ਪ੍ਰਵਾਣ ਕਰਾਉਣ ਲਈ ਯਤਨਸ਼ੀਲ ਹਨ, ਤਦੋਂ ਮੂਲ ਨਾਨਕਸ਼ਾਹੀ ਕੈਲੰਡਰ ਦੀ ਲੋੜ ਤੇ ਮਹਤਵ ਹੋਰ ਵੀ ਵਧ ਜਾਂਦਾ ਹੈ । ਕਿਉਂਕਿ, ਵਿਸ਼ਵ ਦਿਵਸ ਪ੍ਰਵਾਨ ਕਰਵਾਉਣ ਲਈ ਜ਼ਰੂਰੀ ਹੈ ਕਿ ਕੋਈ ਇੱਕ ਦਿਹਾੜਾ ਪੱਕਾ ਨਿਸ਼ਚਤ ਹੋਵੇ ਤੇ ਇਹ ਨਿਸ਼ਚਤ ਮਿਤੀ 14 ਅਪ੍ਰੈਲ ਪ੍ਰਦਾਨ ਕਰਦਾ ਹੈ ਨਾਨਕਸ਼ਾਹੀ ਕੈਲੰਡਰ । ਸੰਸਾਰ ਭਰ ਦੇ ਉਹ ਸਾਰੇ ਸਿੱਖ ਅਦਾਰੇ ਤੇ ਸੰਸਥਾਵਾਂ ਵਧਾਈ ਦੇ ਪਾਤਰ ਹਨ, ਜਿਹੜੇ ਗੁਰੂ ਨਾਨਕ ਸਾਹਿਬ ਜੀ ਦਾ ਆਗਮਨ ਪੁਰਬ ਅਤੇ ਖ਼ਾਲਸਾ ਪ੍ਰਗਟ ਦਿਵਸ ਵੈਸਾਖੀ 14 ਅਪ੍ਰੈਲ ਨੂੰ ਮਨਾ ਰਹੇ ਹਨ । ਕਿਉਂਕਿ, ਇਹ ਸਮਾਗਮ ਖ਼ਾਲਸਾ ਪੰਥ ਲਈ ਵੈਸਾਖੀ ਨੂੰ 'ਵਿਸ਼ਵ ਸਿੱਖ ਦਿਵਸ' ਵਜੋਂ ਪ੍ਰਵਾਨ ਕਰਵਾਉਣ ਲਈ ਵੀ ਭਵਿੱਖ ਵਿੱਚ ਇਕ ਮੀਲ-ਪੱਥਰ ਸਾਬਿਤ ਹੋਣਗੇ।
 


ਜੇ ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ।


ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org  and cannot be held responsible for their views.  Read full details....

Go to Top