Share on Facebook

Main News Page

ਮੱਖਣ ਸ਼ਾਹ ਲੁਬਾਣਾ ਦੀ ਕਹਾਣੀ ਦਾ ਸੱਚੋ-ਸੱਚ
-: ਡਾ. ਹਰਜਿੰਦਰ ਸਿੰਘ ਦਿਲਗੀਰ
(ਕਿਤਾਬ 'ਸਿੱਖ ਤਵਾਰੀਖ਼', ਪ੍ਰਕਾਸ਼ਿਤ 2008 ਵਿਚੋਂ)

ਅਕਤੂਬਰ 1664 ਦੇ ਦਿਨ ਹਿੰਦੂਆਂ ਦਾ ਦੀਵਾਲੀ ਦਾ ਤਿਉਹਾਰ ਸੀ। ਇਸ ਵੇਲੇ ਗੁਰੂ ਤੇਗ਼ ਬਹਾਦਰ ਸਾਹਿਬ ਬਕਾਲਾ ਵਿਚ ਸਨ। ਹਰ ਸਾਲ ਇਸ ਮੌਕੇ ਤੇ ਸਿੱਖ ਆਪਣਾ ਦਸਵੰਧ ਭੇਟ ਕਰਨ ਵਾਸਤੇ ਗੁਰੂ ਸਾਹਿਬਾਨ ਕੋਲ ਆਇਆ ਕਰਦੇ ਸਨ। ਗੁਰੂ ਹਰਕਿਸ਼ਨ ਸਾਹਿਬ ਦੇ ਜੋਤੀ-ਜੋਤ ਸਮਾਉਣ ਮਗਰੋਂ ਅਜੇ ਕਾਫ਼ੀ ਸੰਗਤਾਂ ਨੂੰ ਪਤਾ ਨਹੀਂ ਸੀ ਕਿ ਨੌਵੇਂ ਗੁਰੂ ਤੇਗ਼ ਬਹਾਦਰ ਕਿੱਥੇ ਹਨ। ਇਨ੍ਹਾਂ ਸਿੱਖਾਂ ਵਿਚ ਭਾਈ ਮੱਖਣ ਸ਼ਾਹ ਲੁਬਾਣਾ ਵੀ ਸੀ। ਜਦੋਂ ਉਸ ਨੂੰ ਪਤਾ ਕਿ ਗੁਰੂ ਤੇਗ਼ ਬਹਾਦਰ ਸਾਹਿਬ ਕੀਰਤਪੁਰ ਵਿਚ ਨਹੀਂ ਬਲਕਿ ਬਕਾਲਾ ਵਿਚ ਹਨ, ਤਾਂ ਉਹ ਲਭਦਾ-ਲਭਦਾ ਬਕਾਲੇ ਪੁੱਜਾ।

ਬਕਾਲੇ ਪੁੱਜਣ ਤੇ ਉਸ ਨੂੰ ਅੱਗੋਂ ਧੀਰ ਮੱਲ ਦਾ ਇਕ ਦਲਾਲ ਮਿਲ ਪਿਆ। ਉਹ ਉਸ ਨੂੰ ਗੁਰੂ ਸਾਹਿਬ ਨੂੰ ਮਿਲਾਉਣ ਦਾ ਝੂਠ ਬੋਲ ਕੇ ਧੀਰ ਮਲ ਦੇ ਡੇਰੇ ਤੇ ਲੈ ਗਿਆ। ਮੱਖਣ ਸ਼ਾਹ ਹਰ ਸਾਲ ਇਕ ਸੌ ਮੁਹਰਾਂ ਗੁਰੂ ਦਰਬਾਰ ਵਿਚ ਭੇਟ ਕਰਿਆ ਕਰਦਾ ਸੀ। ਧੀਰ ਮੱਲ ਨੂੰ ਵੇਖਦਿਆਂ ਹੀ ਮੱਖਣ ਸਾਹ ਨੂੰ ਸ਼ੱਕ ਪੈ ਗਿਆ ਕਿ ਇਹ ਗੁਰੂ ਤੇਗ਼ ਬਹਾਦਰ ਸਾਹਿਬ ਨਹੀਂ ਹੋ ਸਕਦਾ। ਇਸ ਕਰ ਕੇ ਉਸ ਨੇ ਧੀਰ ਮੱਲ ਨੂੰ ਸਿਰਫ਼ ਪੰਜ ਮੁਹਰਾਂ ਭੇਟ ਕੀਤੀਆਂ। ਪਰ ਜਦ ਧੀਰ ਮੱਲ ਨੇ ਉਹ ਪੰਜ ਮੁਹਰਾਂ ਚੁਪ ਕਰ ਕੇ ਬੋਝੇ ਵਿਚ ਪਾ ਲਈਆਂ ਤਾਂ ਭਾਈ ਮੱਖਣ ਸ਼ਾਹ ਨੇ ਪੁੱਛਿਆ ਕਿ ਕੀ ਤੁਸੀਂ ਹੀ ਗੁਰੂ ਤੇਗ਼ ਬਹਾਦਰ ਹੋ? ਇਹ ਸੁਣ ਕੇ ਧੀਰ ਮੱਲ ਦਾ ਇਕ ਚੇਲਾ ਬੋਲਿਆ ਕਿ ਇਹ ਗੁਰੂ ਧੀਰ ਮੱਲ ਜੀ ਹਨ। ਇਹ ਸੁਣ ਕੇ ਮੱਖਣ ਸ਼ਾਹ ਇਕ ਦਮ ਉੱਥੋਂ ਆ ਗਿਆ।

ਇਸ ਮਗਰੋਂ ਉਸ ਨੇ ਗੁਰੂ ਤੇਗ਼ ਬਹਾਦਰ ਸਾਹਿਬ ਨੂੰ ਵੀ ਲੱਭ ਲਿਆ ਤੇ ਆਪਣੇ ਸਾਥੀਆਂ ਨੂੰ ਸੱਦਣ ਵਾਸਤੇ ਉੱਚੀ-ਉੱਚੀ ਬੋਲਣਾ ਸ਼ੁਰੂ ਕਰ ਦਿਤਾ ਗੁਰੂ ਲਾਧੋ ਰੇ। ਹੁਣ ਸਾਰੇ ਲੋਕ ਧੀਰ ਮੱਲ ਅਤੇ ਹੋਰਨਾਂ ਦੰਭੀਆਂ ਨੂੰ ਛੱਡ ਕੇ ਗੁਰੂ ਸਾਹਿਬ ਵਲ ਆਉਣੇ ਸ਼ੁਰੂ ਹੋ ਗਏ। ਉਸ ਦਿਨ ਤੋਂ ਕੁਝ ਸਿੱਖ ਨੌਂ ਅਕਤੂਬਰ ਦਾ ਦਿਨ ਹਰ ਸਾਲ ਗੁਰੂ ਲਾਧੋ ਰੇ ਦਿਨ ਵਜੋਂ ਮਨਾਉਂਦੇ ਹਨ। ਹਾਲਾਂ ਕਿ ਗੁਰੂ ਸਾਹਿਬ ਗੁਆਚੇ ਜਾਂ ਲੁਕੇ ਹੋਏ ਨਹੀਂ ਸਨ, ਪਰ ਮੱਖਣ ਸ਼ਾਹ ਨੂੰ ਉਨ੍ਹਾਂ ਦਾ ਪਤਾ ਨਹੀਂ ਸੀ ਤੇ ਧੀਰ ਮੱਲ ਦੇ ਚੇਲੇ ਸਾਰੇ ਸਿੱਖਾਂ ਨੂੰ ਗ਼ਲਤ ਦਸ ਕੇ ਉਸ ਕੋਲ ਲੈ ਆਉਂਦੇ ਸਨ। ਦੂਜਾ ਭਾਈ ਮੱਖਣ ਸ਼ਾਹ ਨੇ ਗੁਰੂ ਜੀ ਨੂੰ ਪਰਗਟ ਨਹੀਂ ਕੀਤਾ ਸੀ ਬਲਕਿ ਉਸ ਨੇ ਉਨ੍ਹਾਂ ਦਾ ਨਿਵਾਸ ਲੱਭਿਆ ਸੀ।

ਕੁਝ ਲੇਖਕਾਂ ਨੇ ਇਸ ਘਟਨਾ ਵਿਚੋਂ ਮੱਖਣ ਸ਼ਾਹ ਦਾ ਬੇੜਾ ਡੁੱਬਣ ਵੇਲੇ ਗੁਰੂ ਤੇਗ਼ ਬਹਾਦਰ ਸਾਹਿਬ ਵਲੇਂ ਆਪਣਾ ਮੋਢਾ ਲਾ ਕੇ ਜਹਾਜ਼ ਡੁੱਬਣੋਂ ਬਚਾਉਣ ਦੀ ਕਰਾਮਾਤ ਦੀ ਕਹਾਣੀ ਘੜ ਲਈ ਸੀ। ਸਿੱਖ ਧਰਮ ਅਖੌਤੀ ਕਰਾਮਾਤ ਦੇ ਫ਼ਲਸਫ਼ੇ ਨੂੰ ਮੂਲੋਂ ਹੀ ਰੱਦ ਕਰਦਾ ਹੈ। ਇੰਞ ਹੀ ਇਕ ਸੌ ਮੁਹਰ ਜਾਂ ਘਟ-ਵਧ ਗੁਰੂ ਦੀ ਭੇਂਟ ਕਰਨਾ ਸਿਰਫ਼ ਮੱਖਣ ਸ਼ਾਹ ਹੀ ਨਹੀਂ ਬਲਕਿ ਹੋਰ ਵੀ ਬਹੁਤ ਸਾਰੇ ਸਿਖ ਪਰਵਾਰ ਕਰਿਆ ਕਰਦੇ ਸਨ। ਮੱਖਣ ਸ਼ਾਹ ਲੁਬਾਣਾ ਵਲੋਂ ਇਕ ਸੌ ਮੁਹਰਾਂ ਭੇਟ ਕਰਨ ਸਬੰਧੀ ਭੱਟ ਵਹੀ ਤੂੰਮਰ ਬਿੰਜਲਉਂਤੋ ਕੀ ਵਿਚ ਇੰਵ ਜ਼ਿਕਰ ਮਿਲਦਾ ਹੈ (ਏਥੇ ਵੀ ਭਾਈ ਮੱਖਣ ਸ਼ਾਹ ਦਾ ਬੇੜਾ ਡੁੱਬਣ, ਅਖੌਤੀ ਸੁਖਨਾ ਸੁਖਣ ਜਾਂ ਗੁਰੂ ਜੀ ਨੂੰ ਲੱਭਣ ਦਾ ਕੋਈ ਜ਼ਿਕਰ ਨਹੀਂ ਹੈ):

ਮੱਖਣ ਸ਼ਾਹ ਬੇਟਾ ਦਾਸੇ ਕਾ ਪੋਤਾ ਅਰਥੇ ਕਾ ਪੜਪੋਤਾ ਬਿੰਨੇ ਕਾ ਬੰਸ ਬਹੋੜੂ ਕੀ। ਲਾਲ ਚੰਦ ਮੱਖਣ ਸ਼ਾਹ ਕਾ, ਚੰਦੂ ਲਾਲ ਮੱਖਣ ਸ਼ਾਹ ਕਾ, ਕੁਸ਼ਾਲ ਚੰਦ ਮੱਖਣ ਸ਼ਾਹ ਕਾ, ਸੋਲਜ਼ਈ ਇਸਤਰੀ ਮੱਖਣ ਸ਼ਾਹ ਕੀ, ਗੋਤਰ ਪੇਲੀਆ ਬਨਜਾਰਾ, ਬਾਸੀ ਮੋਟਾ ਟਾਂਡਾ, ਪਰਗਣਾ ਮੁਜ਼ਫ਼ਰਾਬਾਦ, ਕਸ਼ਮੀਰ, ਸਾਲ ਸਤਰਾਂ ਸੈ ਇਕੀਸ ਦੀਵਾਲੀ ਤੇ ਸ਼ਨੀਵਾਰ ਦੇ ਦਿੰਹ ਬਕਾਲੇ ਨਗਰ ਆਇਆ। ਗੁਰੁ ਤੇਗ਼ ਬਹਾਦਰ ਮਹਲ ਨਾਮੇਂ ਕੇ ਦਰਬਾਰ ਮੇਂ ਇਕ ਸੌ ਮੋਹਰੇਂ ਭੇਂਟ ਕੀ। ਗੈਲ ਧੂੰਮਾ ਬੇਟਾ ਨਾਇਕ ਕਾਨ੍ਹੇ ਬਿੰਜਲਉਂਤ ਕਾ ਆਇਆ।

ਬਾਬਾ ਗੁਰਦਿੱਤਾ ਦੀ ਪਤਨੀ, ਗੁਰੂ ਹਰਿ ਰਾਇ ਸਾਹਿਬ ਜੀ ਦੀ ਮਾਤਾ, ਗੁਰੂ ਹਰਕਿਸ਼ਨ ਜੀ ਦੀ ਦਾਦੀ ਤੇ ਗੁਰੂ ਤੇਗ਼ ਬਹਾਦਰ ਸਾਹਿਬ ਦੀ ਭਰਜਾਈ, ਮਾਤਾ ਬਸੀ 29 ਸਤੰਬਰ 1664 ਦੇ ਦਿਨ ਕੀਰਤਪੁਰ ਵਿਚ ਚੜ੍ਹਾਈ ਕਰ ਗਈ ਸੀ। ਉਸ ਸਬੰਧ ਵਿਚ ਰੱਖੇ ਪਾਠ ਦੀ ਅਰਦਾਸਿ ਚੌਦਾਂ ਅਕਤੂਬਰ ਨੂੰ ਹੋਣੀ ਸੀ। ਇਤਲਾਹ ਮਿਲਦਿਆਂ ਹੀ ਗੁਰੂ ਤੇਗ਼ ਬਹਾਦਰ ਸਾਹਿਬ, ਭਾਈ ਮੱਖਣ ਸ਼ਾਹ ਲੁਬਾਣਾ, ਦੀਵਾਨ ਦਰਗਹ ਮੱਲ ਅਤੇ ਕੁਝ ਹੋਰ ਦਰਬਾਰੀ ਸਿੱਖ ਦੀਵਾਲੀ ਤੋਂ ਅਗਲੇ ਦਿਨ ਚੱਲ ਕੇ ਇਸ ਅਰਦਾਸ ਵਿਚ ਸ਼ਾਮਿਲ ਹੋਣ ਵਾਸਤੇ ਬਾਰ੍ਹਾਂ ਅਕਤੂਬਰ 1664 ਦੇ ਦਿਨ ਕੀਰਤਪੁਰ ਪੁੱਜੇ ਤੇ ਤਿੰਨ ਦਿਨ ਉੱਥੇ ਰਹੇ।

ਕੀਰਤਪੁਰ ਦੀ ਫੇਰੀ ਮਗਰੋਂ ਗੁਰੂ ਸਾਹਿਬ ਵਾਪਿਸ ਬਕਾਲਾ ਆ ਗਏ। ਕੁਝ ਦਿਨ ਇੱਥੇ ਰਹਿਣ ਮਗਰੋਂ ਆਪ ਮਾਝਾ ਤੇ ਮਾਲਵਾ ਵਿਚ ਧਰਮ ਪਰਚਾਰ ਦੇ ਦੌਰੇ ਤੇ ਚਲ ਪਏ। ਆਪ ਸਭ ਤੋਂ ਪਹਿਲਾਂ 22 ਨਵੰਬਰ 1664 ਦੇ ਦਿਨ ਗੁਰੂ ਦਾ ਚੱਕ (ਅੰਮ੍ਰਿਤਸਰ) ਗਏ। ਗੁਰੂ ਦਾ ਚੱਕ ਵਿਚ ਹਰਿ ਜੀ (ਪੁਤਰ ਮਿਹਰਬਾਨ) ਅਤੇ ਉਸ ਦੇ ਪੁੱਤਰਾਂ ਨੇ ਆਪ ਜੀ ਨੂੰ ਜੀ ਆਇਆਂ ਆਖਿਆ। ਗੁਰੂ ਸਾਹਿਬ ਨੇ ਦਰਬਾਰ ਸਾਹਿਬ ਦੇ ਮੁੱਖ ਗੇਟ ਤੇ, ਅਕਾਲ ਤਖਤ ਸਾਹਿਬ ਦੇ ਨੇੜੇ, ਇਕ ਟਿੱਬੇ ਤੇ ਦੀਵਾਨ ਸਜਾਇਆ (ਇਸ ਥਾਂ ਹੁਣ ਗੁਰਦੁਆਰਾ ਥੜ੍ਹਾ ਸਾਹਿਬ ਬਣਿਆ ਹੋਇਆ ਹੈ)। ਇਸ ਸਬੰਧੀ ਇਕ ਇੰਦਰਾਜ ਭੱਟ ਵਹੀਆਂ ਵਿਚ ਇੰਞ ਮਿਲਦਾ ਹੈ:

ਗੁਰੂ ਤੇਗ਼ ਬਹਾਦਰ ਜੀ ਮਹਲ ਨਾਮਾਂ ਬੇਟਾ ਗੁਰੂ ਹਰਿਗੋਬਿੰਦ ਜੀ ਕਾ ਪੋਤਾ ਗੁਰੂ ਅਰਜਨ ਜੀ ਕਾ, ਸਾਲ ਸਤਰਾਂ ਸੈ ਇਕੀਸ ਮਘਸਰ ਕੀ ਪੂਰਨਿਮਾ ਕੇ ਦਿਹੁੰ ਗੁਰੂ ਕੇ ਚੱਕ ਮਲਹਾਨ ਪਰਗਨਾ ਅਜਨਾਲਾ ਆਏ। ਸਾਥ ਦਵਾਰਕਾ ਦਾਸ ਬੇਟਾ ਅਰਜਾਨੀ ਸਾਹਿਬ ਭੱਲਾ ਕਾ, ਦੀਵਾਨ ਦਰਘਾ ਮਲ ਬੇਟਾ ਦਵਾਰਕਾ ਦਾਸ ਛਿਬਰ ਕਾ, ਮਖਣ ਸ਼ਾਹ ਬੇਟਾ ਦਾਸੇ ਕਾ ਪੇਲੀਆ ਬਣਜਾਰਾ ਹੋਰ ਸਿੱਖ ਫਕੀਰ ਆਏ। ਗੁਰੂ ਜੀ ਨੇ ਦਰਬਾਰ ਕੇ ਆਗੇ ਇਕ ਉਚੇ ਚਬੂਤਰੇ ਤੇ ਆਸਨ ਲਾਇਆ। ਸਤਿਗੁਰੂ ਕਾ ਨਗਰੀ ਆਨਾ ਸੁਣ ਹਰਿ ਜੀ ਬੇਟਾ ਮਨੋਹਰ ਜੀ ਕਾ ਪੋਤਾ ਪ੍ਰਿਥੀ ਚੰਦ ਜੀ ਕਾ ਬੰਸ ਗੁਰੂ ਰਾਮਦਾਸ ਜੀ ਮਹਲ ਚੌਥੇ ਕੀ ਸੰਗਤ ਕੋ ਗੈਲ ਲੈ ਦਰਸ਼ਨ ਪਾਣੇ ਆਏ। (ਭੱਟ ਵਹੀ ਤੂਮਰ ਬਿੰਜਲਉਂਤੋਂ ਕੀ)।

ਆਪ ਇਕ ਰਾਤ ਇਥੇ ਰਹਿਣ ਮਗਰੋਂ ਵੱਲਾ ਪਿੰਡ ਵਲ ਚਲੇ ਗਏ। ਮਗਰੋਂ ਕਿਸੇ ਲੇਖਕ ਨੇ ਇਹ ਕਹਾਣੀ ਘੜ ਲਈ ਕਿ ਗੁਰੂ ਤੇਗ਼ ਬਹਾਦਰ ਸਾਹਿਬ ਗੁਰੂ ਦਾ ਚੱਕ ਆਏ ਤਾਂ ਧੀਰਮਲੀਆਂ ਨੇ ਦਰਵਾਜ਼ੇ ਬੰਦ ਕਰ ਲਏ। ਇਹ ਗੱਲ ਸਹੀ ਨਹੀਂ ਹੈ ਕਿਉਂਕਿ ਉਸ ਵੇਲੇ ਗੁਰੂ ਦਾ ਚੱਕ ਦੀ ਸੇਵਾ ਸੰਭਾਲ ਧੀਰ ਮੱਲ ਕੋਲ ਨਹੀਂ ਸੀ, ਬਲਕਿ ਪ੍ਰਿਥੀ ਚੰਦ (ਮੀਣਾ) ਦੇ ਪੋਤੇ ਹਰਿ ਜੀ ਕੋਲ ਸੀ। ਇਹ ਲੇਖਕ ਧੀਰ ਮੱਲ ਦੀ ਬਕਾਲਾ ਵਿਚ ਕੀਤੀ ਸਾਜ਼ਿਸ਼ ਨੂੰ ਗੁਰੂ ਦਾ ਚੱਕ (ਅੰਮ੍ਰਿਤਸਰ) ਵਿਚ ਵੀ ਸ਼ਾਮਿਲ ਕਰ ਦੇਂਦੇ ਹਨ। ਦੂਜਾ, ਦਰਵਾਜ਼ੇ ਬੰਦ ਕਰਨਾ ਵੀ ਸਹੀ ਨਹੀਂ ਹੈ। ਉਦੋਂ ਦਰਬਾਰ ਸਾਹਿਬ ਵਿਚ ਕਿਤੇ ਕੋਈ ਦਰਵਾਜ਼ਾ ਨਹੀਂ ਸੀ। ਹੋਰ ਤਾਂ ਹੋਰ ਦਰਬਾਰ ਸਾਹਿਬ ਦੀ ਪਰਕਰਮਾ ਵੀ ਬਹੁਤ ਬਾਅਦ ਵਿਚ (1830 ਤੋਂ ਮਗਰੋਂ) ਬਣੀ ਸੀ। ਤੀਜਾ, ਇਹ ਲੇਖਕ ਗੁਰੂ ਤੇਗ਼ ਬਹਾਦਰ ਸਾਹਿਬ ਵਲੋਂ ਗੁਰੂ ਦਾ ਚੱਕ ਦੇ ਲੋਕਾਂ ਨੂੰ ਅੰਬਰਸਰੀਏ ਅੰਦਰਸੜੀਏ ਦਾ ਸਰਾਪ ਦੇਣ ਦਾ ਜ਼ਿਕਰ ਕਰਦੇ ਹਨ। ਦਿਲਚਸਪ ਗੱਲ ਇਹ ਹੈ ਕਿ ਗੁਰੂ ਸਾਹਿਬ ਦੇ ਵੇਲੇ ਤਾਂ ਕੀ ਇਸ ਤੋਂ ਇਕ ਸੌ ਸਾਲ ਮਗਰੋਂ ਵੀ ਗੁਰੂ ਦਾ ਚੱਕ ਦਾ ਨਾਂ ਅੰਮ੍ਰਿਤਸਰ ਨਹੀਂ ਸੀ ਬਣਿਆ। ਚੌਥਾ, ਗੁਰੂ ਸਾਹਿਬ ਸਰਾਪ ਵੀ ਨਹੀਂ ਸਨ ਦੇ ਸਕਦੇ।

ਇਹ ਵੀ ਦਿਲਚਸਪ ਹੈ ਕਿ ਇਹੋ ਜਿਹਾ ਪਰਚਾਰ ਕਰਨ ਵਾਲੇ ਲੇਖਕਾਂ ਮੁਤਾਬਿਕ ਕਿ ਜਦ ਵੱਲੇ ਦੀਆਂ ਬੀਬੀਆਂ ਨੂੰ ਪਤਾ ਲਗਾ ਕਿ ਗੁਰੁ ਤੇਗ਼ ਬਹਾਦਰ ਸਾਹਿਬ ਨੂੰ ਦਰਬਾਰ ਸਾਹਿਬ ਵਿਚ ਵੜਨ ਨਹੀਂ ਦਿਤਾ ਗਿਆ ਤਾਂ ਇਹ ਬੀਬੀਆਂ ਗੁਰੂ ਦਾ ਚੱਕ ਆਈਆਂ ਅਤੇ ਉਨ੍ਹਾਂ ਨੇ ਦਰਬਾਰ ਸਾਹਿਬ ਤੇ ਕਾਬਜ਼ ਟੋਲੇ ਨੂੰ ਲਾਅਨਤਾਂ ਪਾਈਆਂ। ਇਸ ਮਗਰੋਂ ਉਨ੍ਹਾਂ ਨੇ ਗੁਰੁ ਸਾਹਿਬ ਨੂੰ ਦਰਬਾਰ ਵਿਚ ਦਾਖ਼ਲ ਹੋਣ ਦਿਤਾ ਗਿਆ। ਵਾਰੇ ਵਾਰੇ ਜਾਈਏ ਅਜਿਹੇ ਤਵਾਰੀਖ਼ ਲੇਖਕਾਂ ਅਤੇ ਜਿਓਗਰਾਫ਼ੀਏ ਦੇ ਮਾਹਿਰਾਂ ਤੋਂ। ਵੱਲਾ ਪਿੰਡ ਗੁਰੁ ਦਾ ਚੱਕ (ਅੰਮ੍ਰਿਤਸਰ) ਤੋਂ ਨੌਂ ਕਿਲੋਮੀਟਰ ਦੂਰ ਹੈ ਤੇ 1664 ਵਿਚ ਗੁਰੂ ਜੀ ਦਾ ਉੱਥੇ ਜਾਣਾ, ਮਾਈਆਂ ਨੂੰ ਹਾਲ ਦਸਣਾ (ਜਾਂ ਪਤਾ ਲਗਣਾ), ਮਾਈਆਂ ਦਾ ਗੁਰੂ ਦਾ ਚੱਕ ਜਾਣਾ ਤੇ ਫਿਰ ਗੁਰੂ ਸਾਹਿਬ ਦਾ ਮੁੜ ਉੱਥੇ ਜਾਣਾ ਤੇ ਹਰਿਮੰਦਰ ਵਿਚ ਮੱਥਾ ਟੇਕਣਾ; ਇਹ ਸਾਰਾ ਕੁਝ ਅਜੀਬ ਤਵਾਰੀਖ਼ ਲੇਖਕ ਇਕੋ ਦਿਨ ਵਿਚ ਕਰਵਾ ਦੇਂਦੇ ਹਨ। ਸ਼ਾਇਦ ਬੀਬੀਆਂ ਨੂੰ ਮੋਬਾਈਲ ਤੇ ਖ਼ਬਰ ਮਿਲੀ ਹੋਵੇ ਤੇ ਉਨ੍ਹਾਂ ਕੋਲ ਹੈਲੀਕਾਪਟਰ ਵੀ ਹੋਵੇ? ਇਹੋ ਜਿਹੇ ਗਪੌੜੇ-ਹੈਲੀਕਾਪਟਰ ਮਹਾਂਭਾਰਤ ਤੇ ਰਾਮਾਇਣ ਨਾਵਲਾਂ ਵਿਚ ਵੀ ਦੱਸੇ ਹੋਏ ਹਨ। ਅਜਿਹਾ ਜਾਪਦਾ ਹੈ ਕਿ ਇਹ ਕਹਾਣੀ ਕਿਸੇ ਅਜਿਹੇ ਲੇਖਕ ਨੇ ਘੜੀ ਹੋਵੇਗੀ ਜਿਸ ਨੂੰ ਅੰਮ੍ਰਿਤਸਰ ਦੇ ਲੋਕਾਂ ਨੇ ਇਜ਼ਤ ਨਹੀਂ ਸੀ ਬਖ਼ਸ਼ੀ।

ਗੁਰੂ ਦਾ ਚੱਕ ਤੋਂ ਮਗਰੋਂ ਆਪ ਪਿੰਡ ਵੱਲਾ, ਘੁੱਕੇਵਾਲੀ (ਗੁਰੂ ਦਾ ਬਾਗ), ਪਿੰਡ ਨਿੱਝਰਵਾਲਾ (ਨਿੱਝਰਾਂ ਵਾਲਾ), ਤਰਨ ਤਾਰਨ ਤੇ ਖਡੂਰ ਸਾਹਿਬ ਹੁੰਦੇ ਹੋਏ ਸੱਤ ਦਸੰਬਰ ਦੇ ਦਿਨ ਗੋਇੰਦਵਾਲ ਪੁੱਜੇ। ਆਪ ਨੇ ਗੋਇੰਦਵਾਲ ਵਿਚ ਕਈ ਦਿਨ ਦੀਵਾਨ ਸਜਾਏ। ਬਹੁਤ ਸਾਰੀਆਂ ਸਿੱਖ ਸੰਗਤਾਂ ਗੁਰੂ ਸਾਹਿਬ ਦੇ ਦਰਸ਼ਨਾਂ ਨੂੰ ਆਈਆਂ। ਇਸ ਮੌਕੇ ਤੇ ਪਿੰਡ ਖੇਮਕਰਨ ਤੋਂ ਭਾਈ ਰਘੂਪਤਿ ਰਾਇ ਨਿਝਰ-ਕੰਬੋਜ ਵੀ ਪੁੱਜਾ ਹੋਇਆ ਸੀ। ਉਸ ਨੇ ਗੁਰੂ ਸਾਹਿਬ ਨੂੰ ਆਪਣੇ ਘਰ ਲਿਜਾਣ ਦੀ ਖ਼ਾਹਿਸ਼ ਜ਼ਾਹਿਰ ਕੀਤੀ। ਗੁਰੂ ਸਾਹਿਬ ਉਸ ਦੀ ਚਾਹ ਪੂਰੀ ਕਰਨ ਵਾਸਤੇ ਖੇਮਕਰਨ ਜਾਣਾ ਮੰਨ ਗਏ। ਆਪ ਜਨਵਰੀ 1665 ਦੇ ਪਹਿਲੇ ਪੰਦਰਾਂ ਦਿਨ ਖੇਮਕਰਨ ਵਿਚ ਰਹੇ ਅਤੇ ਹਰ ਰੋਜ਼ ਸੈਂਕੜੇ ਸੰਗਤਾਂ ਆਪ ਦੇ ਦਰਸ਼ਨ ਵਾਸਤੇ ਆਉਂਦੀਆਂ ਰਹੀਆਂ। ਤਕਰੀਬਨ ਦੋ ਮਹੀਨੇ ਮਾਝੇ ਵਿਚ ਧਰਮ ਪਰਚਾਰ ਕਰਨ ਮਗਰੋਂ ਗੁਰੂ ਸਾਹਿਬ ਪਿੰਡ ਚੋਹਲਾ, ਮਖੂ ਅਤੇ ਹਰੀਕੇ ਪੱਤਣ ਹੁੰਦੇ ਹੋਏ ਜ਼ੀਰਾ ਪੁਜੇ। ਜ਼ੀਰਾ ਤੇ ਮੋਗਾ ਵਿਚ ਸੰਗਤਾਂ ਨੂੰ ਦਰਸ਼ਨ ਦੇਣ ਮਗਰੋਂ, ਆਪ ਫਰਵਰੀ 1665 ਵਿਚ ਜੰਗਲ ਦੇਸ ਦੇ ਪਿੰਡ, ਡਰੋਲੀ (ਹੁਣ ਡਰੋਲੀ ਭਾਈ) ਗਏ। ਆਪ ਇਸ ਪਿੰਡ ਵਿਚ ਵੀ ਕਈ ਦਿਨ ਰਹੇ ਅਤੇ ਮਾਰਚ ਦੇ ਅੱਧ ਤੱਕ ਤਕਰੀਬਨ ਦੋ ਮਹੀਨੇ ਗੁਰੂ ਸਾਹਿਬ ਨੇ ਇਸ ਇਲਾਕੇ ਵਿਚ ਧਰਮ ਪਰਚਾਰ ਕੀਤਾ।


ਜੇ ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ।


ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org  and cannot be held responsible for their views.  Read full details....

Go to Top