Share on Facebook

Main News Page

ਢੱਡਰੀਆਂ ਵਾਲਾ ਬਨਾਮ ਅਜਨਾਲਾ ਵਿਵਾਦ ਮੰਦਭਾਗਾ
ਪਰ
ਅਜੋਕੇ ਇਤਿਹਾਸਕ ਵਿਵਾਦ ਨੇ ਸਿੱਖ ਸੰਗਤ ਨੂੰ ਆਪਣੇ ਵਿਰਸੇ ਦੀ ਸਮਝ ਵੱਲ ਕੀਤਾ ਆਕਰਸ਼ਕ

ਐਡੇ ਗੰਭੀਰ ਮਸਲੇ ’ਤੇ ਸ਼੍ਰੋਮਣੀ ਕਮੇਟੀ ਵੱਲੋਂ ਧਾਰੀ ਚੁੱਪ ਹੈਰਾਨੀਜਨਕ
-: ਕਿਰਪਾਲ ਸਿੰਘ (ਬਠਿੰਡਾ) 98554-80797

ਤਾਜ਼ਾ ਵਿਵਾਦ ਕੁਝ ਲੋਕਾਂ ਦੀਆਂ ਨਜ਼ਰਾਂ ਵਿੱਚ ਭਾਵੇਂ ਢੱਡਰੀਆਂ ਵਾਲਾ ਬਨਾਮ ਅਜਨਾਲਾ, ਜਾਂ ਮਿਸ਼ਨਰੀ ਬਨਾਮ ਟਕਸਾਲ ਵਿਵਾਦ ਲਗਦਾ ਹੋਵੇ, ਪਰ ਅਸਲੀਅਤ ਵਿੱਚ ਇਹ ਗੁਰਮਤਿ ਬਨਾਮ ਮਨਮਤਿ, ਜਾਂ ਇਉਂ ਕਹਿ ਲਵੋ ਕਿ ਸਿੱਖ ਸੋਚ ਬਨਾਮ ਸਾਧ ਸੋਚ ਦਾ ਟਕਰਾਉ ਹੈ।

ਇਸ ਟਕਰਾਉ ਦਾ ਕਾਰਨ ਇੱਕ ਧਿਰ ਵੱਲੋਂ ਧਰਮ ਦੇ ਸਿਧਾਂਤ ਤੇ ਸਿੱਖੀ ਇਤਿਹਾਸ ਸਬੰਧੀ ਜਾਣਕਾਰੀ ਦੀ ਘਾਟ ਤੇ ਨਿੱਜੀ ਸੁਆਰਥ ਹਨ। ਗੁਰਬਾਣੀ ਅਨੁਸਾਰ ‘ਧਰਮ’ ਦੇ ਅਰਥ ਲੱਭਣ ਲਈ ਸਿੱਖ ਧਰਮ ਦੇ ਮਹਾਨ ਵਿਦਵਾਨ ਭਾਈ ਕਾਨ੍ਹ ਸਿੰਘ ਨਾਭਾ ਰਚਿਤ ਗੁਰਮਤਿ ਮਾਰਤੰਡ ਵਿੱਚ ‘ਧਰਮ’ ਦੀ ਵਿਆਖਿਆ ਪੜ੍ਹਨੀ ਲਾਹੇਵੰਦ ਹੋਵੇਗੀ, ਜੋ ਇਸ ਤਰ੍ਹਾਂ ਹੈ:- ਧਾਰਨ ਯੋਗ੍ਯ ਕਰਤਵ੍ਯ, ਜਿਸ ਤੋਂ ਬਿਨਾਂ ਮਨੁੱਖ-ਪੁਣਾ ਨਹੀਂ ਰਹਿ ਸਕਦਾ, ਅਰਥਾਤ-ਈਰਖਾ ਦ੍ਵੈਸ਼ ਬਿਨਾ ਹੋ ਕੇ ਮਨੁੱਖ ਮਾਤ੍ਰ ਨੂੰ ਇਕੇ ਪਿਤਾ ਦੀ ਸੰਤਾਨ ਮੰਨ ਕੇ ਸਭਸ ਦਾ ਭਲਾ ਲੋਚਣਾ, ਆਤਮਿਕ ਤੇ ਸਰੀਰਕ ਉਨਤੀ ਕਰਨੀ, ਸ੍ਵਸਤਕਾਰ ਅਤੇ ਸ੍ਵਬਲ ਦੀ ਮਹਿਮਾ ਸਮਝਣੀ, ਪਰਉਪਕਾਰੀ ਤੇ ਸਦਾਚਾਰੀ ਹੋਣਾ, ਸਾਡਾ ਸਮਾਨ੍ਯ ਧਰਮ ਹੈ’  ਇਸੇ ‘ਧਰਮ’ ਬਾਬਤ ਗੁਰੂ ਸਾਹਿਬ ਜੀ ਨੇ ਫੁਰਮਾਇਆ ਹੈ:-  

“ਸਰਬ ਸਬਦੰ ¹, ਏਕ ਸਬਦੰ ; ਜੇ ਕੋ ਜਾਣੈ ਭੇਉ   ਨਾਨਕੁ, ਤਾ ਕਾ ਦਾਸੁ ਹੈ ; ਸੋਈ ਨਿਰੰਜਨ ਦੇਉ ²  (ਆਸਾ  ਕੀ ਵਾਰ, ਪਉੜੀ ੧੨, ਅੰਕ ੪੬੯)ਭਾਈ ਕਾਨ੍ਹ ਸਿੰਘ ਨਾਭਾ ਨੇ ਇਸ ਪਾਵਨ ਬਚਨ ਦੀ ਹੋਰ ਖੋਲ੍ਹ ਕੇ ਵਿਆਖਿਆ ਕਰਨ ਲਈ ਇਸ ਤੁਕ ਵਿੱਚ ਵਰਤੇ ਗਏ ਸ਼ਬਦ ‘ਸ਼ਬਦੰ’ ਉਪਰ ਛੋਟਾ ਅੰਕ (1) ਅਤੇ ਅਖੀਰਲੀ ਤੁਕ ਦੇ ਅਖੀਰ ’ਤੇ ਛੋਟਾ ਅੰਕ (2) ਦੇ ਕੇ ਹੇਠਾਂ ਫੁੱਟ ਨੋਟ ਵਿੱਚ ਲਿਖਿਆ ਹੈ : (1) ਇੱਥੇ ਸ਼ਬਦ ਦਾ ਅਰਥ ਕਰਤਵ੍ਯ (ਫ਼ਰਜ਼) ਹੈ। (2) ਭਾਵ ਇਹ ਹੈ – ਜੋ ਮਨੁੱਖ ਮਾਤ੍ਰ ਦੇ ਸਾਂਝੇ ਧਰਮ ਨੂੰ ਜਾਣਦਾ ਹੈ, ਨਾਨਕ ਉਸ ਦਾ ਦਾਸ ਹੈ, ਕਿਉਂਕਿ ਉਹ ਸੰਖ ਅਤੇ ਬਾਂਗ ਦਾ ਸ਼ਬਦ ਸੁਣ ਕੇ ਭਾਈਆਂ ਦੇ ਸਿਰ ਪਾੜਨ ਨੂੰ ਤਿਆਰ ਨਹੀਂ ਹੁੰਦਾ।

ਗੁਰੂ ਨਾਨਕ ਸਾਹਿਬ ਜੀ ਨੇ ਆਪਣੇ ਵੱਲੋਂ ਚਿਤਵਿਆ ਐਸਾ ਪਰਉਕਾਰੀ, ਸਦਾਚਾਰੀ ਅਤੇ ਸਰਬ ਕਲਿਆਣਕਾਰੀ ਧਰਮ ਸਥਾਪਤ ਕਰਨ ਲਈ ਜਿੱਥੇ ਪ੍ਰਜਾ ’ਤੇ ਅਤਿਆਚਾਰ ਕਰਨ ਵਾਲੇ ਤੇ ਭ੍ਰਿਸ਼ਟਾਚਾਰ ਰਾਹੀਂ ਮਿਹਨਤਕਸ਼ਾਂ ਦਾ ਖ਼ੂਨ ਪੀ ਰਹੇ ਰਾਜਿਆਂ ਨੂੰ ਰਾਜੇ ਸੀਹ, ਮੁਕਦਮ ਕੁਤੇ (੧੨੮੮) ਅਤੇ ਧਾਰਮਿਕ ਆਗੂਆਂ ਨੂੰ “ਕਾਦੀ ਕੂੜੁ ਬੋਲਿ, ਮਲੁ ਖਾਇ ਬ੍ਰਾਹਮਣੁ ਨਾਵੈ, ਜੀਆ ਘਾਇ ਜੋਗੀ, ਜੁਗਤਿ ਨ ਜਾਣੈ ਅੰਧੁ ਤੀਨੇ, ਓਜਾੜੇ ਕਾ ਬੰਧੁ (੬੬੨) ਕਹਿ ਕੇ ਵੰਗਾਰਿਆ ਉੱਥੇ ਗਿਆਨ ਵਿਹੂਣੀ ਕਸ਼ਟ ਭੋਗ ਰਹੀ ਪਰਜਾ ਨੂੰ ਵੀ “ਅੰਧੀ ਰਯਤਿ ਗਿਆਨ ਵਿਹੂਣੀ; ਭਾਹਿ ਭਰੇ ਮੁਰਦਾਰੁ (੪੬੯) ਆਦਿਕ ਸ਼ਬਦਾਂ ਰਾਹੀਂ ਝੰਝੋੜਿਆ। ਗੁਰੂ ਗ੍ਰੰਥ ਸਾਹਿਬ ਜੀ ਵਿੱਚ ਜਿਤਨੇ ਵੀ ਗੁਰੂ ਸਾਹਿਬਾਨ ਅਤੇ ਭਗਤ ਸਾਹਿਬਾਨ ਦੀ ਬਾਣੀ ਦਰਜ ਹੈ ਉਨ੍ਹਾਂ ਸਾਰਿਆਂ ਨੇ ਭਾਰਤ ਵਿੱਚ ਪ੍ਰਚਲਤ ਸਾਰੇ ਧਰਮਾਂ ਦੇ ਪੁਜਾਰੀਆਂ ਵੱਲੋਂ ਧਰਮ ਦੇ ਨਾਮ ’ਤੇ ਕੀਤੇ ਅਤੇ ਪ੍ਰਚਾਰੇ ਜਾ ਰਹੇ ਕਰਮ ਕਾਂਡਾਂ ਅਤੇ ਵਿਖਾਵੇ ਮਾਤਰ ਜੰਗਲਾਂ ਵਿੱਚ ਜਾ ਕੇ ਜਾਂ ਗੁਫਾਵਾਂ/ਭੋਰਿਆਂ ਵਿੱਚ ਬੈਠ ਕੇ ਸਮਾਧੀਆਂ ਲਾ ਕੇ ਕੀਤੀ ਜਾ ਰਹੀ ਭਗਤੀ ਦਾ ਭਰਵਾਂ ਖੰਡਨ ਕਰਦਿਆਂ ਲਿਖਿਆ ਹੈ- ਪਰਮਾਤਮਾ ਦੇ ਸਿਮਰਨ ਤੋਂ ਬਿਨਾ, ਤੁਹਾਡੇ ਵੱਲੋਂ ਧਰਮ ਦੇ ਨਾਮ ’ਤੇ ਮਿਥੇ ਹੋਏ ਹੋਰ ਸਾਰੇ ਧਾਰਮਿਕ ਕੰਮ ਵਿਅਰਥ ਹਨ (ਦੇਵਤਿਆਂ ਨੂੰ ਪ੍ਰਸੰਨ ਕਰਨ ਵਾਲੇ) ਜਪ ਕਰਨੇ, ਤਪ ਸਾਧਣੇ, ਇੰਦ੍ਰੀਆਂ ਨੂੰ ਵਿਕਾਰਾਂ ਵਲੋਂ ਰੋਕਣ ਲਈ ਹਠ-ਜੋਗ ਦੇ ਸਾਧਨ ਕਰਨੇ-ਇਹ ਸਾਰੇ (ਪ੍ਰਭੂ ਦੀ ਦਰਗਾਹ ਤੋਂ) ਉਰੇ ਉਰੇ ਹੀ ਖੋਹ ਲਏ ਜਾਂਦੇ ਹਨ : “ਹਰਿ ਬਿਨੁ, ਅਵਰ ਕ੍ਰਿਆ ਬਿਰਥੇ ਜਪ ਤਪ ਸੰਜਮ ਕਰਮ ਕਮਾਣੇ, ਇਹਿ ਓਰੈ ਮੂਸੇ ਰਹਾਉ (੨੧੬) ਇਸੇ ਤਰ੍ਹਾਂ ਨਦੀਆਂ ਦੇ ਕੰਢੇ ਤੀਰਥਾਂ ਜਾਂ ਸਰੋਵਰਾਂ ਵਿੱਚ ਇਸ਼ਨਾਨ ਕਰ ਕੇ ਪਾਪ ਉੱਤਰ ਜਾਣ ਦੇ ਭ੍ਰਮ ਪਾਲਣ ਵਾਲਿਆਂ ਨੂੰ ਸੰਬੋਧਨ ਹੁੰਦਿਆਂ ਲਿਖਿਆ ਹੈ ਕਿ ਮਾਇਆ ਦੇ ਮੋਹ ਦੀ ਇਹ ਮੈਲ ਤੀਰਥਾਂ ਉਤੇ ਇਸ਼ਨਾਨ ਕਰ ਕੇ ਨਹੀਂ ਉਤਰੇਗੀ (ਤੀਰਥ-ਇਸ਼ਨਾਨ ਆਦਿਕ ਇਹ) ਸਾਰੇ (ਮਿਥੇ ਹੋਏ) ਧਾਰਮਿਕ ਕੰਮ ਹਉਮੈ ਦਾ ਖਿਲਾਰਾ ਹੀ ਹੈ (ਤੀਰਥ-ਇਸ਼ਨਾਨ ਆਦਿਕ ਕਰਮਾਂ ਦੀ ਰਾਹੀਂ ਆਪਣੇ ਧਾਰਮਿਕ ਹੋਣ ਬਾਰੇ) ਲੋਕਾਂ ਦੀ ਤਸੱਲੀ ਕਰਾਇਆਂ ਉੱਚੀ ਆਤਮਕ ਅਵਸਥਾ ਪ੍ਰਾਪਤ ਨਹੀਂ ਹੋ ਸਕਦੀਪਰਮਾਤਮਾ ਦੇ ਨਾਮ ਤੋਂ ਸੱਖਣੇ ਸਭ ਜੀਵ (ਇਥੋਂ) ਰੋ ਰੋ ਕੇ ਹੀ ਜਾਣਗੇ : “ਤੀਰਥ ਨਾਇ, ਨ ਉਤਰਸਿ ਮੈਲੁ             ਕਰਮ ਧਰਮ ਸਭਿ, ਹਉਮੈ ਫੈਲੁ ਲੋਕ ਪਚਾਰੈ, ਗਤਿ ਨਹੀ ਹੋਇ ਨਾਮ ਬਿਹੂਣੇ ਚਲਸਹਿ ਰੋਇ (੮੯੦)

ਅਸਲੀ ਧਰਮ ਕਮਾਉਣ ਦਾ ਤਰੀਕਾ ਸਮਝਾਉਂਦਿਆਂ ਗੁਰੂ ਸਾਹਿਬ ਜੀ ਨੇ ਆਪਣੀ ਉਪਜੀਵਕਾ ਲਈ ਦੂਸਰਿਆਂ ਦੀ ਕਮਾਈ ਜਾਂ ਪੂਜਾ ਦੇ ਧਾਨ ’ਤੇ ਗੁਰਛਰਲੇ ਉਡਾਉਣ ਦੀ ਥਾਂ ’ਤੇ ਹੱਥੀਂ ਕ੍ਰਿਤ ਕਰਨ, ਨਾਮ ਜਪਨ ਤੇ ਵੰਡ ਛਕਨ ਦਾ ਉਪਦੇਸ਼ ਦਿੱਤਾ ਹੈ:  “ਉਦਮੁ ਕਰੇਦਿਆ ਜੀਉ ਤੂੰ; ਕਮਾਵਦਿਆ ਸੁਖ ਭੁੰਚੁ ਧਿਆਇਦਿਆ ਤੂੰ ਪ੍ਰਭੂ ਮਿਲੁ; ਨਾਨਕ ! ਉਤਰੀ ਚਿੰਤ (੫੨੨) ਅਤੇ “ਨਾਮਾ ਕਹੈ ਤਿਲੋਚਨਾ ! ਮੁਖ ਤੇ, ਰਾਮੁ ਸੰਮ੍ਹ੍ਹਾਲਿ ਹਾਥ ਪਾਉ ਕਰਿ ਕਾਮੁ ਸਭੁ; ਚੀਤੁ ਨਿਰੰਜਨ ਨਾਲਿ ੨੧੩ (੧੩੭੬) ਭਗਤ ਸਾਹਿਬਾਨ ਅਤੇ  ਗੁਰੂ ਸਾਹਿਬਨ ਵੱਲੋਂ ਪੇਸ਼ ਕੀਤੇ ਐਸੇ ਸਿਧਾਂਤ ਦਾ, ਕਰਮਕਾਂਡੀ ਪੁਜਰੀ ਮਤ ਦੀ ਸੋਚ ਨਾਲ ਟਕਰਾਉ ਹੋਣਾ ਸੁਭਾਵਿਕ ਹੈਇਹ ਟਕਰਾਉ ਅੱਜ ਦਾ ਨਹੀਂ ਬਲਕਿ ਜਿਸ ਦਿਨ ਗੁਰੂ ਨਾਨਕ ਸਾਹਿਬ ਜੀ ਨੇ ਜਨੇਊ ਪਹਿਨਣ ਤੋਂ ਇਨਕਾਰ ਕਰ ਦਿੱਤਾ ਉਸੇ ਦਿਨ ਤੋਂ ਚੱਲ ਰਿਹਾ ਹੈ। ਜਨੇਊ ਪਹਿਨਾਉਣ ਆਏ ਪੰਡਿਤ ਹਰਦਿਆਲ ਨੂੰ ਜਿਸ ਤਰ੍ਹਾਂ ਕੇਵਲ 10 ਸਾਲ ਦੇ (ਬਾਲਕ) ਗੁਰੂ ਨਾਨਕ ਸਾਹਿਬ ਜੀ ਨੇ ਪੰਡਿਤ ਵੱਲੋਂ ਤਿਆਰ ਕੀਤਾ ਸੂਤ ਦਾ ਜਨੇਊ ਪਹਿਨਣ ਤੋਂ ਇਨਕਾਰ ਕਰਨ ਸਮੇਂ ਜੋਰਦਾਰ ਦਲੀਲਾਂ ਦਿੱਤੀਆਂ ਅਤੇ ਜਿਸ ਗੁਣਾਂ ਦੇ ਜਨੇਊ ਦੀ ਮੰਗ ਕੀਤੀ ਉਸ ਤਰ੍ਹਾਂ ਦਾ ਜਨੇਊ ਉਸ ਪੰਡਿਤ ਸੋਚ ਕੋਲ ਨਾ ਹੋਣ ਕਾਰਨ ਉਸੇ ਦਿਨ ਤੋਂ ਪੁਜਾਰੀ ਸ਼੍ਰੇਣੀ ਇਸ ਚਿੰਤਾ ਵਿੱਚ ਸੀ ਕਿ ਦਲੀਲਾਂ ਨਾਲ ਗੁਰੂ ਨਾਨਕ ਦੇ ਧਰਮ ਨੂੰ ਉਹ ਝੂਠਲਾ ਨਹੀਂ ਸਕਣਗੇ ਅਤੇ ਇਸ ਸਰਬ ਸਾਂਝੇ ਧਰਮ ਦੇ ਪ੍ਰਚਾਰ ਪਾਸਾਰ ਨਾਲ ਉਨ੍ਹਾਂ ਦੀ ਰੋਜ਼ੀ ਰੋਟੀ ਤਾਂ ਖ਼ਤਰੇ ਵਿੱਚ ਪੈ ਹੀ ਜਾਵੇਗੀ ਉਨ੍ਹਾਂ ਦਾ ਧਰਮ ਵੀ ਖੋਖਲਾ ਜਾਣ ਕੇ ਲੋਕਾਂ ਨੇ ਤਿਆਗ ਦੇਣਾ ਹੈ। ਸਦਕੇ ਜਾਈਏ ਉਨ੍ਹਾਂ ਦੀ ਸੋਚ ਦੇ ਜਿਨ੍ਹਾਂ ਨੇ ਉਸ ਸਮੇਂ ਤਾਂ ਚੁੱਪ ਸਾਧ ਲਈ ਪਰ ਗੁਰੂ ਨਾਨਕ ਦੇ ਧਰਮ ’ਚ ਕਰਮਕਾਂਡਾਂ ਦੀ ਘੁਸਪੈਠ ਰਾਹੀਂ ਧੁੰਦਲਾ ਕਰਕੇ ਹਿੰਦੂ ਧਰਮ ਵਿੱਚ ਹੀ ਸਮੇਟਣ ਦੀਆਂ ਲੰਬੇ ਸਮੇਂ ਦੀਆਂ ਯੋਜਨਾਵਾਂ ਉਲੀਕਣ ਲੱਗ ਪਏ। ਉਦਾਸੀ ਮੱਤ ਅਤੇ ਨਿਰਮਲੇ ਸੰਤਾਂ ਦੀ ਸਾਧ ਮੱਤ ਦੀਆਂ ਅਮਰਵੇਲਾਂ ਰਾਹੀਂ ਸਿੱਖ ਧਰਮ ਦੇ ਘਣਛਾਵੇਂ ਬੂਟੇ ਨੂੰ ਸਕਾਉਣ ਲਈ ਕੋਸ਼ਿਸ਼ ਲਗਾਤਾਰ ਜਾਰੀ ਰੱਖੀ ਗਈ ਬਾਈ ਧਾਰ ਦੇ ਹਿੰਦੂ ਪਹਾੜੀ ਰਾਜਿਆਂ ਵੱਲੋਂ ਔਰੰਗਜ਼ੇਬ ਨੂੰ ਅਨੰਦਪੁਰ ਸਾਹਿਬ ’ਤੇ ਹਮਲਾ ਕਰਨ ਲਈ ਸੱਦਾ ਦੇਣਾ ਅਤੇ ਖ਼ੁਦ ਆਪ ਹਮਲਾਵਰ ਫੌਜ ’ਚ ਮੋਹਰੀ ਰੋਲ ਅਦਾ ਕਰਨ ਪਿੱਛੇ ਵੀ ਇਹੋ ਸੋਚ ਕੰਮ ਕਰਦੀ ਸੀ ਨਹੀਂ ਤਾਂ ਦੱਸੋ ਜਿਸ ਗੁਰੂ ਗੋਬਿੰਦ ਸਿੰਘ ਜੀ ਦੇ ਪਿਤਾ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਹਿੰਦੂਆਂ ਦੀ ਧਾਰਮਿਕ ਅਜਾਦੀ ਲਈ ਸ਼ਹੀਦੀ ਦਿੱਤੀ ਹੋਵੇ; ਜਿਸ ਗੁਰੂ ਦੇ ਸਾਹਿਬਜ਼ਾਦਾ ਅਜੀਤ ਸਿੰਘ ਨੇ ਆਪਣੀ ਜਾਨ ਖਤਰੇ ਵਿੱਚ ਪਾ ਕੇ ਗਰੀਬ ਬ੍ਰਾਹਮਣ ਦੀ ਸਜ ਵਿਆਹੀ ਪਤਨੀ ਛੁਡਵਾਈ ਹੋਵੇ; ਉਸ ਗੁਰੂ ’ਤੇ ਦੁਸ਼ਮਨ ਵਾਂਗ ਹਮਲਾ ਕਰਨਾ ਕਿਤਨੀ ਅਹਿਸਾਨ ਫਰਮੋਸ਼ੀ ਹੈ ? ਇਸੇ ਸੋਚ ਅਧੀਨ ਹੀ ਭਾਈ ਬਾਲੇ ਵਾਲੀ ਜਨਮ ਸਾਖੀ, ਗੁਰਬਿਲਾਸ ਪਾਤਸ਼ਾਹੀ ੬, ਬਚਿੱਤਰ ਨਾਟਕ, ਸੂਰਜ ਪ੍ਰਕਾਸ਼ ਆਦਿਕ ਪੁਸਤਕਾਂ ਲਿਖਵਾਈਆਂ ਜਿਨ੍ਹਾਂ ਵਿੱਚ ਸਿਰਫ ਅਣਪ੍ਰਵਾਨਿਤ ਇਤਿਹਾਸ ਹੀ ਨਹੀਂ ਸਗੋਂ ਬਹੁਤ ਕੁਝ ਗੁਰਮਤਿ ਦੇ ਵਿਰੋਧ ਵਿੱਚ, ਇੱਥੋਂ ਤੱਕ ਕਿ ਗੁਰੂ ਸਾਹਿਬ ਜੀ ਦੇ ਆਚਰਨ ’ਤੇ ਵੀ ਉਂਗਲਾਂ ਉਠਾਉਣ ਵਰਗੀਆਂ ਘਟੀਆ ਸਾਖੀਆਂ ਦਰਜ ਹਨ; ਇਸ ਦੇ ਬਾਵਯੂਦ ਇਹ ਸਾਧ ਸੋਚ ਗੁਰੂ ਗ੍ਰੰਥ ਵਿੱਚ ਦਰਜ ਗੁਰਬਾਣੀ ਨਾਲੋਂ ਵੀ ਵੱਧ ਇਨ੍ਹਾਂ ਪੁਸਤਕਾਂ ਨੂੰ ਮਹੱਤਤਾ ਦੇ ਰਹੀ ਹੈ। ਇਹੋ ਹੀ ਮੌਜੂਦਾ ਵਿਵਾਦ ਦਾ ਮੂਲ ਕਾਰਨ ਹੈ।

ਦੁੱਖ ਇਸ ਗੱਲ ਦਾ ਹੈ ਕਿ ਇਨ੍ਹਾਂ ਪੁਸਤਕਾਂ ਰਾਹੀਂ ਮਨਮਤਿ ਦੀ ਅਮਰਵੇਲ ਗੁਰਸਿੱਖੀ ਦੇ ਬੂਟੇ ’ਤੇ ਪੂਰੀ ਤਰ੍ਹਾਂ ਛਾਈ ਹੋਈ ਹੈ ਕਿਉਂਕਿ ਅਠਾਰਵੀਂ ਸਦੀ ਤੋਂ ਲੈ ਕੇ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਤੱਕ, ਜਦੋਂ ਮੁਗਲ ਸਰਕਾਰਾਂ ਦੇ ਅਤਿਆਚਾਰਾਂ ਕਾਰਨ ਸਿੰਘਾਂ ਨੂੰ ਘਰ ਘਾਟ ਛੱਡ ਕੇ ਜੰਗਲਾਂ ਵਿੱਚ ਰਹਿਣ ਲਈ ਹੀ ਮਜ਼ਬੂਰ ਹੋਣਾ ਪਿਆ ਤਾਂ ਇਸ ਸਮੇਂ ਦੌਰਾਨ ਗੁਰਦੁਆਰਿਆਂ ਦਾ ਪ੍ਰਬੰਧ ਹਿੰਦੂ ਮੱਤ ਤੋਂ ਪ੍ਰਭਾਵਤ ਉਦਾਸੀ ਤੇ ਨਿਰਮਲੇ ਸੰਤਾਂ ਦੇ ਹੀ ਸਪੁਰਦ ਰਿਹਾ। ਉਸ ਤੋਂ ਬਾਅਦ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਦੌਰਾਨ ਵੀ ਇਸ ਸੰਤਮਤ ਦਾ ਬੋਲਬਾਲਾ ਰਿਹਾ ਜਿਸ ਕਾਰਨ ਇਸ ਲੰਬੇ ਸਮੇਂ ਦੌਰਾਨ ਸਿੱਖੀ ਸਿਧਾਂਤ ਨੂੰ ਬਹੁਤ ਵੱਡਾ ਖੋਰਾ ਲੱਗਿਆ। ਵੀਹਵੀਂ ਸਦੀ ਵਿੱਚ ਸਿੰਘ ਸਭਾ ਲਹਿਰ ਚੱਲੀ ਤਾਂ ਕੁਝ ਸੁਧਾਰ ਹੋਣਾ ਸ਼ੁਰੂ ਹੋਇਆ।ਪਰ ਕੌਮ ਦੀ ਬਦਕਿਸਮਤੀ ਹੈ ਕਿ ਭਾਰਤ ਦੀ ਅਜਾਦੀ ਤੋਂ ਬਾਅਦ ਖਾਸ ਕਰਕੇ ਪੰਜਾਬੀ ਸੂਬਾ ਬਣਨ ਉਪ੍ਰੰਤ ਅਕਾਲੀ ਦਲ ਨੇ ਧਰਮ ਨੂੰ ਵਿਸਾਰ ਕੇ ਸਿਆਸਤ ਨੂੰ ਤਰਜੀਹ ਦੇਣੀ ਸ਼ੁਰੂ ਕਰ ਦਿੱਤੀ ਜਿਸ ਕਾਰਨ ਉਨ੍ਹਾਂ ਭਾਜਪਾ/ਆਰ.ਐਸ.ਐਸ. ਨਾਲ ਗਠਬੰਧਨ ਕਰ ਲਿਆ ਅਤੇ ਦੂਸਰੇ ਨੰ: ’ਤੇ 1982 ਵਿੱਚ ਲੱਗੇ ਧਰਮ ਯੁੱਧ ਮੋਰਚੇ ਤੋਂ 1984 ਦੇ ਘੱਲੂਘਾਰੇ ਦੇ ਸਮੇਂ ਤੱਕ ਦਮਦਮੀ ਟਕਸਾਲ ਚੌਕ ਮਹਿਤਾ ਦੇ ਮੁਖੀ ਬਾਬਾ ਜਰਨੈਲ ਸਿੰਘ ਵੱਲੋਂ ਨਿਭਾਈ ਭੂਮਿਕਾ ਕਾਰਨ ਉਸ ਦਾ ਸਤਿਕਾਰ ਸਿੱਖ ਸੰਗਤਾਂ ਵਿੱਚ ਵਧ ਗਿਆ। ਇਸ ਦਾ ਨਜਾਇਜ਼ ਫਾਇਦਾ ਉਠਾਉਂਦੇ ਹੀ ਟਕਸਾਲੀ ਗਰੁੱਪ ਨੂੰ ਬਾਬਾ ਜਰਨੈਲ ਸਿੰਘ ਦਾ ਨਾਂ ਵਰਤ ਕੇ ਗੁਰਮਤਿ ਦੇ ਹਰ ਪ੍ਰਚਾਰਕ ’ਤੇ ਭਾਰੂ ਹੋਣ ਦਾ ਸੌਖਾ ਰਾਹ ਲੱਭ ਪਿਆ ਹੈ।ਇਸ ਤੋਂ ਵੱਡੇ ਦੁੱਖ ਦੀ ਗੱਲ ਹੈ ਕਿ ਆਰ.ਐਸ.ਐਸ. ਨੇ ਬਾਦਲ ਦਾ ਟਕਸਾਲ ਦੇ ਮੁਖੀ ਧੁੰਮੇ ਨਾਲ ਗਠਜੋੜ ਕਰਵਾ ਦਿੱਤਾ ਤੇ ਇਨ੍ਹਾਂ ਰਾਹੀਂ ਇਸ ਵੇਲੇ ਸ਼੍ਰੋਮਣੀ ਕਮੇਟੀ ਪੂਰੀ ਤਰ੍ਹਾਂ ਆਰ.ਐਸ.ਐਸ. ਦੇ ਕਬਜ਼ੇ ਅਧੀਨ ਹੈ

ਆਰ.ਐਸ.ਐਸ. ਚਾਹੁੰਦੀ ਹੈ ਕਿ ਇਹ ਕਬਜ਼ਾ ਬਾਦਸਤੂਰ ਜਾਰੀ ਰਹੇ। ਇਹੋ ਕਾਰਣ ਹੈ ਕਿ ਜਦੋਂ ਕੋਈ ਵਿਦਵਾਨ ਗੁਰਬਾਣੀ ਦੀ ਕਸਵੱਟੀ ’ਤੇ ਪਰਖ ਕੇ ਇਨ੍ਹਾਂ ਪੁਸਤਕਾਂ ਵਿੱਚ ਦਰਜ ਸਾਖੀਆਂ ਦਾ ਖੰਡਨ ਕਰਦਾ ਹੈ ਤਾਂ ਉਸੇ ਵੇਲੇ ਸਾਧ ਸੋਚ ਵਿਵਾਦ ਖੜ੍ਹਾ ਕਰ ਦਿੰਦੀ ਹੈ ਜਿਵੇਂ ਕਿ ਪਹਿਲਾਂ ਭਾਈ ਰਣਜੀਤ ਸਿੰਘ ਢੱਡਰੀਆਂ ਵਾਲੇ ਵੱਲੋਂ ਸਰੋਵਰ ਦੇ ਜਲ ਨੂੰ ਪਾਣੀ ਕਹਿਣ ’ਤੇ ਅਤੇ ਹੁਣ ਭੱਟ ਬਹੀਆਂ ਤੇ ਹੋਰ ਵਿਦਵਾਨਾਂ ਦੀਆਂ ਪੁਸਤਕਾਂ ਤੋਂ ਇਲਾਵਾ ਸ਼੍ਰੋਮਣੀ ਕਮੇਟੀ ਦੀ ਔਫੀਸ਼ਲ ਵੈੱਬ ਸਾਈਟ ਦੇ ਹਵਾਲੇ ਦੇ ਕੇ ਕਹਿ ਦਿੱਤਾ ਸੀ ਕਿ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ 26 ਸਾਲ 9 ਮਹੀਨੇ 13 ਦਿਨ ਬਕਾਲਾ ਵਿਖੇ ਭੋਰੇ ਵਿੱਚ ਬੈਠ ਕੇ ਕੇਵਲ ਤਪ ਨਹੀਂ ਸੀ ਕੀਤਾ ਬਲਕਿ ਇਸ ਸਮੇਂ ਦੌਰਾਨ ਉਹ ਗੁਰਮਤਿ ਦਾ ਪ੍ਰਚਾਰ ਕਰਨ ਲਈ ਉੱਤਰ ਪ੍ਰਦੇਸ਼, ਬਿਹਾਰ, ਅਸਾਮ ਤੇ ਹੋਰਨਾਂ ਸ਼ਹਿਰਾਂ ਵਿੱਚ ਸਮੇਂ ਸਮੇਂ ’ਤੇ ਪ੍ਰਚਾਰ ਦੌਰਿਆਂ ’ਤੇ ਜਾਂਦੇ ਰਹੇ ਸਨ ਅਤੇ ਵਾਪਸੀ ’ਤੇ ਮੁੜ ਬਾਬਾ ਬਕਾਲਾ ਵਿਖੇ ਆ ਵਿਸ਼ਰਾਮ ਕਰਦੇ ਸਨ। ਭਾਈ ਸਾਹਿਬ ਦਾ ਕਥਨ ਨਾ ਹੀ ਇਤਿਹਾਸ ਦੇ ਵਿਰੋਧ ਵਿੱਚ ਹੈ ਅਤੇ ਨਾ ਹੀ ਗੁਰਬਾਣੀ ਸਿਧਾਂਤ ਦੇ ਪਰ ਇਸ ਦੇ ਬਾਵਯੂਦ ਸਾਧ ਸੋਚ ਭਾਈ ਰਣਜੀਤ ਸਿੰਘ ਦੇ ਮਗਰ ਪਈ ਹੋਈ ਹੈ ਕਿ ਇਸ ਨੇ ਗੁਰੂ ਦੇ ਭੋਰੇ ’ਤੇ ਉਂਗਲ ਉਠਾਈ ਹੈ ਇਸ ਲਈ ਪੰਥ ਤੋਂ ਮੁਆਫੀ ਮੰਗੇ। ਉਕਤ ਸਾਰਿਆਂ ਨੁਕਤਿਆਂ ਨੂੰ ਧਿਆਨ ਵਿੱਚ ਰੱਖਦਿਆਂ ਇਹ ਕੇਵਲ ਭਾਈ ਰਣਜੀਤ ਸਿੰਘ ਢੱਡਰੀਆਂ ਵਾਲਾ ਬਨਾਮ ਅਮਰੀਕ ਸਿੰਘ ਅਜਨਾਲਾ ਵਿਵਾਦ ਜਾਂ ਮਿਸ਼ਨਰੀ ਬਨਾਮ ਟਕਸਾਲ ਵਿਵਾਦ ਨਹੀਂ ਬਲਕਿ ਗੁਰਮਤਿ ਬਨਾਮ ਮਨਮਤਿ; ਸਿੱਖ ਸੋਚ ਬਨਾਮ ਸਾਧ ਸੋਚ ਜਾਂ ਸਿੱਧੇ ਸ਼ਬਦਾਂ ਵਿੱਚ ਇਉਂ ਕਹਿ ਲਵੋ ਕਿ ਇਨਸਾਨੀਅਤ ਦੇ ਧਰਮ ਦੀ ਸੋਚ ਨਾਲ ਕੇਵਲ ਪੁਜਾਰੀ ਵਰਗ ਦੀ ਸੋਚ ਦਾ ਟਕਰਾਉ ਹੈ ਇਸ ਲਈ ਸਿੱਖੀ ਦੇ ਸਹੀ ਪ੍ਰਚਾਰ ਪਾਸਾਰ ਲਈ ਇਸ ਦਾ ਢੁੱਕਵਾਂ ਹੱਲ ਲੱਭਣ ਦੀ ਹਰ ਸਿੱਖ ਦੀ ਮੁਢਲੀ ਜਿੰਮੇਵਾਰੀ ਹੈ ਜੋ ਸਾਨੂੰ ਹਰ ਇੱਕ ਨੂੰ ਆਪਣੀ ਜਿੰਮਵਾਰੀ ਨਿਭਾਉਣੀ ਚਾਹੀਦੀ ਹੈ।

ਸਵਾਲ ਪੁੱਛਿਆ ਜਾ ਸਕਦਾ ਹੈ ਕਿ ਜੇ ਸਿੱਖ ਸੋਚ ਅਤੇ ਸਾਧ ਸੋਚ ਦੇ ਟਕਰਾਉ ਕਾਰਨ ਹੀ ਵਿਵਾਦ ਹੈ ਤਾਂ ਸਿਰਫ ਭਾਈ ਰਣਜੀਤ ਸਿੰਘ ਢੱਡਰੀਆਂ ਵਾਲੇ ਦਾ ਹੀ ਵਿਰੋਧ ਕਿਉਂ ? ਇਸ ਦਾ ਜਵਾਬ ਇਹ ਹੈ ਕਿ ਐਸੀ ਗੱਲ ਨਹੀਂ ਕਿ ਸਿਰਫ ਭਾਈ ਢੱਡਰੀਆਂ ਵਾਲੇ ਦਾ ਵਿਰੋਧ ਹੈ, ਹੋਰ ਕਿਸੇ ਦਾ ਨਹੀਂ। ਸਾਧ ਸੋਚ ਵੱਲੋਂ ਵਿਰੋਧ ਹਰ ਉਸ ਪ੍ਰਚਾਰਕ ਦਾ ਹੈ ਜੋ ਗੁਰਬਾਣੀ ਅਨੁਸਾਰ ਗੁਰਮਤਿ ਦਾ ਪ੍ਰਚਾਰ ਕਰਦਾ ਹੈ; ਉਸ ਨੂੰ ਇਹ ਮਿਸ਼ਨਰੀ ਕਹਿ ਕੇ ਭੰਡਦੇ ਹਨ ਕਿਉਂਕਿ ਸਭ ਤੋਂ ਪਹਿਲਾਂ ਮਿਸ਼ਨਰੀ ਲਹਿਰ ਦੇ ਵਿਦਵਾਨਾਂ ਨੇ ਹੀ ਗੁਰਬਾਣੀ ਦੀ ਕਸਵੱਟੀ ’ਤੇ ਪਰਖ ਕੇ ਇਤਿਹਾਸ ਅਤੇ ਸਿੱਖ ਰਹਿਤ ਮਰਿਆਦਾ ਦਾ ਪ੍ਰਚਾਰ ਸ਼ੁਰੂ ਕੀਤਾ ਸੀ। ਭਾਈ ਰਣਜੀਤ ਸਿੰਘ ਦਾ ਵੱਡੇ ਪੱਧਰ ’ਤੇ ਵਿਰੋਧ ਹੋਣ ਦਾ ਮੁੱਖ ਕਾਰਨ ਇਹ ਹੈ ਕਿ ਮਿਸ਼ਨਰੀ ਪ੍ਰਚਾਰਕਾਂ ਦੇ ਪ੍ਰਚਾਰ ਨੂੰ ਤਾਂ ਇਹ; ਅਖੌਤੀ ਵਿਦਵਾਨ ਜਿਨ੍ਹਾਂ ਨੇ ਕਿਸੇ ਮਹਾਂ ਪੁਰਸ਼ ਤੋਂ ਵਿਦਿਆ ਪ੍ਰਾਪਤ ਜਾਂ ਗਿਆਨ ਹਾਸਲ ਨ ਕੀਤਾ ਹੋਣ ਦਾ ਦੋਸ਼ ਲਾ ਕੇ ਚੁੰਝ ਗਿਆਨੀ ਦੱਸ ਕੇ ਰੱਦ ਕਰ ਦਿੰਦੇ ਸਨ ਪਰ ਭਾਈ ਰਣਜੀਤ ਸਿੰਘ ਤਾਂ ਖ਼ੁਦ ਸਾਧ ਮੱਤ ਵਿੱਚੋਂ ਆਇਆ ਸੀ ਜਿਸ ਨੂੰ ਸੁਣਨ ਵਾਲੇ ਸ੍ਰੋਤਿਆਂ ਦੀ ਵੱਡੀ ਗਿਣਤੀ ਹੈ ਤੇ ਕੁਝ ਸਾਲ ਪਹਿਲਾਂ ਉਹ ਸਾਰੇ ਔਗੁਣ ਇਨ੍ਹਾਂ ਵਿੱਚ ਵੀ ਸਨ ਜਿਹੜੇ ਆਮ ਡੇਰੇਦਾਰਾਂ ਵਿੱਚ ਹੁੰਦੇ ਹਨਤਦ ਇਨ੍ਹਾਂ ਨੂੰ ਇਹੀ ਬ੍ਰਹਮਗਿਆਨੀ ਪੂਰਨ ਸੰਤ ਵੀ ਕਹਿ ਦਿੰਦੇ ਸਨ ਪਰ ਹੁਣ ਜਦੋਂ ਇਨ੍ਹਾਂ ਦਾ ਗੁਰਮਤਿ ਪ੍ਰਚਾਰਕਾਂ ਖਾਸ ਕਰਕੇ ਭਾਈ ਪੰਥਪ੍ਰੀਤ ਸਿੰਘ ਨਾਲ ਮੇਲ ਜੋਲ ਵਧਣ ਅਤੇ ਪ੍ਰਵਾਨਤ ਸਿੱਖ ਇਤਿਹਾਸ ਤੇ ਗੁਰਮਤਿ ਦੀਆਂ ਹੋਰ ਪੁਸਤਕਾਂ ਪੜ੍ਹਨ ਕਰਕੇ ਇਨ੍ਹਾਂ ਨੂੰ ਗੁਰਮਤਿ ਦੀ ਸੋਝੀ ਵਿੱਚ ਵਾਧਾ ਹੋਇਆ ਤਾਂ ਇਨ੍ਹਾਂ ਦੇ ਆਪਣੇ ਪ੍ਰਚਾਰ ਵਿੱਚ ਵੀ ਹੈਰਾਨੀਜਨਕ ਪਲਟਾ ਆ ਗਿਆ। ਉਸ ਸਮੇਂ ਤੋਂ ਅੱਜ ਤੱਕ ਇਨ੍ਹਾਂ ਦੇ ਸਮਾਗਮਾਂ ’ਚ ਸਿਧਾਂਤਕ ਤੌਰ ’ਤੇ ਪ੍ਰਚਾਰ ਢੰਗ ਵਿੱਚ ਵੱਡੀ ਤਬਦੀਲੀ ਆ ਜਾਣ ਕਾਰਨ ਜਦੋਂ ਉਹ ਸਟੇਜ਼ ’ਤੇ ਭਰਵੇਂ ਇਕੱਠ ਵਿੱਚ ਆਪਣੇ ਪਿਛਲੇ ਮਨਮਤੀ ਪ੍ਰਚਾਰ ਨੂੰ ਖੁਲ੍ਹੇ ਦਿਲ ਨਾਲ ਸਵੀਕਾਰ ਕਰਕੇ ਗੁਰਬਾਣੀ ਦੇ ਅਧਾਰ ’ਤੇ ਕੋਈ ਠੋਸ ਗੱਲ ਕਰਦੇ ਰਹਿੰਦੇ ਹਨ ਤਾਂ ਜਿੱਥੇ ਸੰਗਤਾਂ ਦਾ ਹੁੰਗਾਰਾ ਦਿਨੋ ਦਿਨ ਵਧ ਰਿਹਾ ਹੈ ਉੱਥੇ ਧੁੰਮੇ-ਅਮਰੀਕ ਸਿੰਘ ਵਰਗਿਆਂ ਨੂੰ ਧੁਰ ਅੰਦਰੋਂ ਹਿਲਾ ਕੇ ਰੱਖ ਦਿੱਤਾ ਹੈ ਤੇ ਉਹ ਪੂਰੀ ਤਰ੍ਹਾਂ ਬੁਖਲਾਹਟ ਵਿੱਚ ਆਏ ਹੋਏ ਹਨ

ਉਨ੍ਹਾਂ ਦੇ ਤਿਖੇ ਵਿਰੋਧ ਦਾ ਇੱਕ ਕਾਰਨ ਤਾਂ ਉਕਤ ਬਿਆਨ ਕਰ ਦਿੱਤਾ ਹੈ ਅਤੇ ਦੂਜਾ ਕਾਰਨ ਹੈ ਆਰ.ਐਸ.ਐਸ. ਦਾ ਧਾਰਮਿਕ/ਰਾਜਨੀਤਕ ਏਜੰਡਾ। ਆਰ.ਐਸ.ਐਸ. ਦਾ ਧਾਰਮਿਕ ਏਜੰਡਾ ਹੈ ਭਾਰਤ ਵਿੱਚ ਚਾਣਕੀਆ ਨੀਤੀ ਮੁਤਾਬਿਕ ਜਿਵੇਂ ਵੀ ਠੀਕ ਹੋਵੇ ਉਸੇ ਢੰਗ ਨਾਲ ਘੱਟ ਗਿਣਤੀਆਂ ਨੂੰ ਹਿੰਦੂ ਧਰਮ ਵਿੱਚ ਜਜ਼ਬ ਕਰਨਾਰਾਜਨੀਤਕ ਏਜੰਡਾ ਹੈ ਭਾਰਤ ਨੂੰ ਹਿੰਦੂ ਰਾਸ਼ਟਰ ਘੋਸ਼ਿਤ ਕਰਨਾ। ਸਿੱਖ ਡੇਰੇਦਾਰ ਜ਼ਾਹਰਾ ਤੌਰ ’ਤੇ ਭਾਵੇਂ ਆਰ.ਐਸ.ਐਸ. ਦੇ ਵਿਰੋਧ ਵਿੱਚ ਬੋਲਦੇ ਹੋਣ ਪਰ ਧਾਰਮਿਕ ਤੌਰ ’ਤੇ ਇਨ੍ਹਾਂ ਦੀ ਸੋਚ; ਸਿੱਖ ਸੋਚ ਨਾਲੋਂ ਆਰ.ਐਸ.ਐਸ. ਸੋਚ ਦੇ ਬਹੁਤ ਹੀ ਨੇੜੇ ਹੈ ਕਿਉਂਕਿ ਉਹ ਤਾਂ ਪਹਿਲਾਂ ਹੀ ਹਿੰਦੂ ਪ੍ਰਭਾਵ ਵਾਲੇ ਉਦਾਸੀ ਤੇ ਨਿਰਮਲੇ ਸਾਧਾਂ ਦੇ ਪਿਛੋਕੜ ਵਾਲੇ ਹਨ ਤੇ ਉਨ੍ਹਾਂ ਦੀਆਂ ਪੁਸਤਕਾਂ ਵਿੱਚ ਵੀ ਹਿੰਦੂ ਫਿਲਾਸਫੀ ਦੀ ਭਰਮਾਰ ਹੈ ਜਿਸ ਦੇ ਅਧਾਰ ’ਤੇ ਉਨ੍ਹਾਂ ਦਾ ਸਿੱਖ ਸੋਚ ਨਾਲ ਟਕਰਾ ਬਣਿਆ ਰਹਿੰਦਾ ਹੈ। ਆਰ.ਐਸ.ਐਸ. ਪਹਿਲਾਂ ਹੀ ਹਰਨਾਮ ਸਿੰਘ ਧੁੰਮਾ ਨੂੰ ਅੱਗੇ ਲਾ ਕੇ ਪ੍ਰਕਾਸ਼ ਸਿੰਘ ਬਾਦਲ ਰਾਹੀਂ ਸ਼੍ਰੋਮਣੀ ਕਮੇਟੀ ’ਤੇ ਕਾਬਜ਼ ਹੈ। ਜਿਹੜਾ ਕੰਮ ਉਹ ਬਾਹਰ ਰਹਿ ਕੇ ਚਿਰਾਂ ਤੋਂ ਕਰ ਰਹੇ ਸਨ ਉਹ ਹੁਣ ਬੜੀ ਅਸਾਨੀ ਨਾਲ ਸ਼੍ਰੋਮਣੀ ਕਮੇਟੀ ਤੋਂ ਪੰਥ ਦੇ ਸ਼ਰਮਾਏ ਨਾਲ ਹੀ ਕਰਵਾ ਲੈਂਦੇ ਹਨ ਜਿਨ੍ਹਾਂ ਵਿੱਚੋਂ ਮੁੱਖ ਤੌਰ ’ਤੇ ਹਨ

(1) ਜਿਸ ਨਾਨਕਸ਼ਾਹੀ ਕੈਲੰਡਰ ਨੂੰ 2003 ਵਿੱਚ ਲਾਗੂ ਹੋਣ ਤੋਂ ਆਰ.ਐਸ.ਐਸ. ਭਾਰੀ ਕੋਸ਼ਿਸਾਂ ਦੇ ਬਾਵਯੂਦ ਜਾਰੀ ਹੋਣ ਤੋਂ ਰੁਕਵਾ ਨਹੀਂ ਸੀ ਸਕੀ ਉਸ ਨੂੰ 2010 ਵਿੱਚ ਆਪ ਪਿੱਛੇ ਰਹਿ ਕੇ ਬੜੀ ਅਸਾਨੀ ਨਾਲ ਧੁੰਮੇ ਰਾਹੀਂ ਸ਼੍ਰੋਮਣੀ ਕਮੇਟੀ ਤੋਂ ਕਤਲ ਕਰਵਾ ਕੇ ਮੁੜ ਤਿੱਥਾਂ ਤਰੀਕਾਂ ਦੇ ਵਾਧੇ ਘਾਟੇ ਵਾਲਾ ਬਿਕ੍ਰਮੀ ਕੈਲੰਡਰ ਲਾਗੂ ਕਰਵਾ ਕੇ ਸਿੱਖ ਕੌਮ ਨੂੰ ਭੰਬਲ ਭੂਸੇ ਵਿੱਚ ਫਸਾ ਦਿੱਤਾ।

(2) ਜਿਸ ਸ਼੍ਰੋਮਣੀ ਕਮੇਟੀ ਵੱਲੋਂ ਆਪਣੀ ਹੋਂਦ ਵਿੱਚ ਆਉਂਦਿਆਂ ਸਾਰ ਹੀ ਗੁਰਬਿਲਾਸ ਪਾਤਸ਼ਾਹੀ ੬ ਰੱਦ ਕਰ ਦਿੱਤੀ ਗਈ ਸੀ 1998 ਵਿੱਚ ਉਸੇ ਗੁਰਬਿਲਾਸ ਪਾਤਸ਼ਾਹੀ ੬ ਨੂੰ ਮੁੜ ਉਸੇ ਕਮੇਟੀ ਤੋਂ ਦਰਬਾਰ ਸਾਹਿਬ ਦੇ ਗ੍ਰੰਥੀ ਜੋਗਿੰਦਰ ਸਿੰਘ ਵੇਦਾਂਤੀ ਤੇ ਸ਼੍ਰੋਮਣੀ ਕਮੇਟੀ ਵੱਲੋਂ ਹੀ ਚਲਾਏ ਜਾ ਰਹੇ ਸ਼ਹੀਦ ਸਿੱਖ ਮਿਸ਼ਨਰੀ ਕਾਲਜ ਦੇ ਪ੍ਰੋਫੈਸਰ ਅਮਰਜੀਤ ਸਿੰਘ ਤੋਂ ਸੰਪਾਦਨਾ ਕਰਵਾ ਕੇ ਮੁੜ ਛਪਵਾ ਲਈ।

(3) 1998 ਵਿੱਚ ਹੀ ਸ਼੍ਰੋਮਣੀ ਕਮੇਟੀ ਦੀ ਪ੍ਰਿੰਟਿੰਗ ਪ੍ਰੈੱਸ ਅਤੇ ਸ਼੍ਰੋਮਣੀ ਕਮੇਟੀ ਦੀ ਹੀ ਮੋਹਰ ਥੱਲੇ ਸਿੱਖ ਇਤਿਹਾਸ ਹਿੰਦੀ ਦੀ ਐਸੀ ਕਿਤਾਬ ਛਪਵਾ ਲਈ ਜਿਸ ਵਿੱਚ ਗੁਰੂ ਸਾਹਿਬਾਨ ਪ੍ਰਤੀ ਅਜਿਹੀ ਇਤਰਾਜ਼ਯੋਗ ਸਮਗਰੀ ਦਰਜ ਹੈ ਜਿਸ ਨੂੰ ਇੱਥੇ ਲਿਖਣਾ ਤੇ ਬੋਲਣਾ ਵੀ ਵਾਜ਼ਬ ਨਹੀਂ ਹੈ। ਹੈਰਾਨੀ ਹੈ ਕਿ ਭਾਈ ਰਣਜੀਤ ਸਿੰਘ ਦੀ 100ਫੀਸਦੀ ਠੀਕ ਕਹੀ ਗੱਲ ਦਾ ਐਡੇ ਵੱਡੇ ਪੱਧਰ ’ਤੇ ਵਿਰੋਧ ਕਰਨ ਵਾਲਿਆਂ ਨੇ ਉਸ ਇਤਰਾਜ਼ਯੋਗ ਪੁਸਤਕ ਦੇ ਵਿਰੋਧ ਵਿੱਚ ਮੂੰਹ ਤੱਕ ਨਹੀਂ ਖੋਲ੍ਹਿਆ ਤੇ ਨਾ ਹੀ ਹੁਣ ਵਾਰ ਵਾਰ ਯਾਦ ਕਰਵਾਉਣ ਦੇ ਬਾਵਯੂਦ ਮੂੰਹ ਖੋਲ੍ਹਣ ਨੂੰ ਤਿਆਰ ਹਨ। ਇਸ ਨੇ ਕੋਈ ਸ਼ੱਕ ਨਹੀਂ ਰਹਿਣ ਦਿੱਤਾ ਕਿ ਭਾਈ ਰਣਜੀਤ ਸਿੰਘ ਦੇ ਕੱਟੜ ਵਿਰੋਧੀ ਸਾਧ ਲਾਣਾ ਅਸਲ ਵਿੱਚ ਆਰ.ਐਸ.ਐਸ. ਦੇ ਹੀ ਮੋਹਰੇ ਹਨਜਿਸ ਦਾ ਸਬੂਤ ਹੈ ਕਥਾਵਾਚਕ ਭਾਈ ਸੰਦੀਪ ਸਿੰਘ ਦੀ ਬਾਬਾ ਨਰਿੰਦਰ ਸਿੰਘ ਹਜੂਰ ਸਾਹਿਬ ਵਾਲੇ ਤੇ ਅਮਰੀਕ ਸਿੰਘ ਅਜਨਾਲਾ ਨਾਲ ਟੈਲੀਫ਼ੋਨ ’ਤੇ ਹੋਈ ਰੀਕਾਰਡਡ ਵਾਰਤਾਲਾਪ(ਇਸ ਲਿੰਕ ’ਤੇ https://youtu.be/mmjV4TonJMU ਸਰਚ ਕਰਕੇ ਵੇਖੀ ਜਾ ਸਕਦੀ ਹੈ)ਇਸ ਵਾਰਤਾਲਾਪ ਦੌਰਾਨ, ਮਹਾਂਰਾਸ਼ਟਰ ਸਰਕਾਰ ਵੱਲੋਂ ਤਖ਼ਤ ਸ਼੍ਰੀ ਹਜੂਰ ਸਾਹਿਬ ਪ੍ਰਬੰਧਕੀ ਬੋਰਡ ਨਾਂਦੇੜ ਦੇ ਨਿਯੁਕਤ ਕੀਤੇ ਚੇਅਰਮੈਨ, ਜਿਸ ਦਾ ਆਰ.ਐਸ.ਐਸ. ਨਾਲ ਗੂੜਾ ਸਬੰਧ ਹੈ; ਸਬੰਧੀ, ਭਾਈ ਸੰਦੀਪ ਸਿੰਘ ਵੱਲੋਂ ਬਾਬਾ ਨਰਿੰਦਰ ਸਿੰਘ ਤੋਂ ਇਹ ਪੁੱਛੇ ਜਾਣ ’ਤੇ ਕਿ ਆਰ.ਐਸ.ਐਸ. ਦੇ ਬੰਦੇ ਨੂੰ ਤੁਸੀਂ ਸਨਮਾਨਤ ਕਿਉਂ ਕੀਤਾ ਹੈ; ਸਿਰਫ ਇਤਨੀ ਗੱਲ ਤੋਂ ਅਮਰੀਕ ਸਿੰਘ ਦਾ ਪਾਰਾ ਅਸੱਭਿਅਕ ਭਾਸ਼ਾ ਵਿੱਚ ਇਤਨਾ ਭੜਕਿਆ ਜਿਸ ਦਾ ਸ਼ਬਦਾਂ ਵਿੱਚ ਬਿਆਨ ਕਰਨਾ ਔਖਾ ਜਾਪਦਾ ਹੈ

ਆਰ.ਐਸ.ਐਸ. ਚਾਹੁੰਦੀ ਹੈ ਕਿ ਉਨ੍ਹਾਂ ਦੀ ਸ਼੍ਰੋਮਣੀ ਕਮੇਟੀ ਵਿੱਚ ਹੁਣ ਵਾਂਙ ਘੁਸਪੈਠ ਜਾਰੀ ਰਹੇ। ਉਨ੍ਹਾਂ ਨੂੰ ਇਹ ਵੀ ਪਤਾ ਹੈ ਕਿ ਇਸ ਸਮੇਂ ਸਿੱਖਾਂ ਦਾ ਬਾਦਲ ਪ੍ਰਵਾਰ+ਧੁੰਮਾ ਗਠਜੋੜ ਤੋਂ ਮੋਹ ਭੰਗ ਹੋਇਆ ਹੈਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦਾ ਕੋਈ ਵੀ ਦੋਸ਼ੀ ਨਾ ਫੜਿਆ ਜਾਣਾ ਅਤੇ ਧੁੰਮੇ ਵੱਲੋਂ ਛਬੀਲ ਦੀ ਆੜ ਵਿੱਚ ਭਾਈ ਰਣਜੀਤ ਸਿੰਘ ਢੱਡਰੀਆਂ ਵਾਲੇ ’ਤੇ ਬਿਨਾ ਕਾਰਨ ਕਾਤਲਾਨਾ ਹਮਲਾ ਕਰਵਾਉਣਾ (ਜਿਸ ਵਿੱਚ ਉਨ੍ਹਾਂ ਦਾ ਬੇਕਸੂਰ ਸਾਥੀ ਭਾਈ ਭੂਪਿੰਦਰ ਸਿੰਘ ਮਾਰਿਆ ਗਿਆ ਸੀ) ਇਸ ਤੋਂ ਉਪ੍ਰੰਤ ਤਾਂ ਇਹ ਨਾਪਾਕ ਗੱਠਜੋੜ ਸਿੱਖਾਂ ਲਈ ਇੱਕ ਤਰ੍ਹਾਂ ਨਫਰਤ ਦਾ ਚਿੰਨ੍ਹ ਹੀ ਬਣ ਗਿਆ ਜਿਸ ਕਾਰਨ ਉਹ ਵਿਧਾਨ ਸਭਾ ਚੋਣਾਂ ਵਿੱਚ ਤਾਂ ਸ਼ਰਮਨਾਕ ਹਾਰ ਦਾ ਸਾਹਮਣਾ ਕਰ ਹੀ ਚੁੱਕੇ ਹਨ ਹੁਣ ਉਨ੍ਹਾਂ ਦਾ ਦੁਬਾਰਾ ਸ਼੍ਰੋਮਣੀ ਕਮੇਟੀ ’ਤੇ ਕਾਬਜ਼ ਰਹਿਣਾ ਵੀ ਅਸਾਨ ਨਹੀਂ ਜਾਪਦਾਇਸ ਲਈ ਆਰ.ਐਸ.ਐਸ. ਨੇ ਪਹਿਲਾਂ ਹੀ ਬਾਦਲ ਦਾ ਬਦਲ ਤਿਆਰ ਕਰਨਾ ਸ਼ੁਰੂ ਕਰ ਦਿੱਤਾ ਹੈ। ਉਨ੍ਹਾਂ ਨੂੰ ਇਹ ਵੀ ਪਤਾ ਹੈ ਕਿ ਸਿੱਖ ਜ਼ਜਬਾਤੀ ਕੌਮ ਹੋਣ ਕਰਕੇ ਗਰਮ ਨਾਹਰਿਆਂ ਤੋਂ ਬਹੁਤ ਛੇਤੀ ਪ੍ਰਭਾਵਤ ਹੋ ਜਾਂਦੀ ਹੈ ਇਸ ਲਈ ਬਰਗਾੜੀ ਵਿਖੇ ਗੁਰੂ ਗ੍ਰੰਥ ਸਾਹਿਬ ਜੀ ਦੀ ਹੋਈ ਘੋਰ ਬੇਦਬੀ ਉਪ੍ਰੰਤ ਸਿੱਖ ਕੌਮ ਦੇ ਜ਼ਖ਼ਮੀ ਹੋਏ ਜਜ਼ਬਾਤਾਂ ਨੂੰ ਆਪਣੀਆਂ ਏਜੰਸੀਆਂ ਰਾਹੀਂ ਹਿੰਸਕ ਦਸ਼ਾ ਵੱਲ ਮੋੜਨ ਦਾ ਯਤਨ ਕੀਤਾ।

ਭਾਈ ਪੰਥਪ੍ਰੀਤ ਸਿੰਘ, ਭਾਈ ਰਣਜੀਤ ਸਿੰਘ ਢੱਡਰੀਆਂ ਵਾਲੇ ਤੇ ਮਿਸ਼ਨਰੀ ਗਰੁੱਪ ਨੇ ਤੁਰੰਤ ਮੋਰਚਿਆਂ ਤੇ ਰਸਤਾ ਰੋਕੋ ਪ੍ਰੋਗਰਾਮਾਂ ਤੋਂ ਆਪਣੇ ਆਪ ਨੂੰ ਪਿੱਛੇ ਕਰ ਲਿਆ ਕਿਉਂਕਿ ਉਨ੍ਹਾਂ ਦਾ ਤਰਕ ਸੀ ਕਿ 1978 ਤੋਂ ਲੈ ਕੇ ਹੁਣ ਤੱਕ ਕੌਮ ਨੇ ਇਸ ਨੀਤੀ ’ਤੇ ਚੱਲ ਕੇ ਪ੍ਰਾਪਤ ਕੁਝ ਵੀ ਨਹੀਂ ਕੀਤਾ ਜਦੋਂ ਕਿ ਗਵਾਇਆ ਬਹੁਤ ਕੁਝ ਹੈ। ਇਸ ਗਰੁੱਪ ਅਨੁਸਾਰ ਕੌਮੀ ਮਸਲਿਆਂ ਦਾ ਹੱਲ ਕੇਵਲ ਗੁਰਬਾਣੀ ਦੀ ਵੀਚਾਰਧਾਰਾ ਘਰ ਘਰ ਪਹੁਚਾਉਣ ਅਤੇ ਆਰ.ਐਸ.ਐਸ. ਵਾਲੇ ਗੱਠਜੋੜ ਤੋਂ ਸਰਕਾਰ ਅਤੇ ਸ਼੍ਰੋਮਣੀ ਕਮੇਟੀ ਨੂੰ ਮੁਕਤ ਕਰਵਾਉਣਾ ਹੀ ਮੰਨਿਆ। ਇਸ ਲਈ ਵਿਖਾਵੇ ਦੇ ਸੰਘਰਸ਼ ਵਾਲੀ ਨੀਤੀ ’ਚੋਂ ਨਿਕਲ ਕੇ ਯੋਜਨਾਵਧ ਪ੍ਰਚਾਰ ਨੂੰ ਹੀ ਉਨ੍ਹਾਂ ਤਰਜੀਹ ਦਿੱਤੀ। ਪਰ ਬਾਦਲ ਵਿਰੋਧੀ ਗਰਮ ਧੜੇ ਜਿਹੜੇ ਜਿਆਦਾਤਰ ਟਕਸਾਲੀ ਸੋਚ ਨੂੰ ਸਮਰਪਤ ਹਨ ਇਸ ਕਾਹਲ ਵਿੱਚ ਸਨ ਕਿ ਗੁਰੂ ਗ੍ਰੰਥ ਸਾਹਿਬ ਜੀ ਦੀ ਹੋਈ ਬੇਅਦਬੀ ਵਜੋਂ ਸਿੱਖਾਂ ਵਿੱਚ ਉਪਜੇ ਰੋਸ ਨੂੰ ਵਰਤ ਕੇ ਸਰਬੱਤ ਖ਼ਾਲਸਾ ਰਾਹੀਂ ਇੱਕ ਮਜ਼ਬੂਤ ਸਿੱਖ ਪਲੇਟਫਾਰਮ ਤਿਆਰ ਕਰ ਲਿਆ ਜਾਵੇ। ਸਿੱਖੀ ਸੋਚ ਵਾਲੇ ਪ੍ਰਚਾਰਕਾਂ ਨੇ ਸਰਬੱਤ ਖ਼ਾਲਸਾ ਤੋਂ ਵੀ ਆਪਣੇ ਆਪ ਨੂੰ ਦੂਰ ਹੀ ਰੱਖਿਆ ਕਿਉਂਕਿ ਉਹ ਇਸ ਨੀਤੀ ’ਤੇ ਚੱਲ ਰਹੇ ਸਨ ਕਿ ਹਿੰਸਕ ਸੰਘਰਸ਼ ਕੌਮ ਲਈ ਘਾਤਕ ਹੋਵੇਗਾ, ਪਰ ਉਹ ਭਲੀ ਭਾਂਤ ਜਾਣਦੇ ਹਨ ਕਿ ਏਜੰਸੀਆਂ ਲਈ ਸਰਬੱਤ ਖ਼ਾਲਸਾ ਬੁਲਾਉਣ ਵਾਲੀਆਂ ਧਿਰਾਂ ਨੂੰ ਮੀਡੀਏ ਰਾਹੀਂ ਹਿੰਸਕ ਵਿਖਾਉਣਾ, ਹਿੰਸਾ ਦੇ ਰਾਹ ਪਾਉਣਾ ਤੇ ਉਸ ਉਪ੍ਰੰਤ ਜਾਨੀ ਮਾਲੀ ਨੁਕਸਾਨ ਤੋਂ ਇਲਾਵਾ ਸਿੱਖ ਕੌਮ ਨੂੰ ਬਦਨਾਮ ਕਰਨਾ ਬਹੁਤ ਹੀ ਅਸਾਨ ਹੈ ਜਿਸ ਦੀ ਪਹਿਲਾਂ ਕਈ ਵਾਰ ਅਮਲੀ ਰੂਪ ਵਿੱਚ ਵਰਤੋਂ ਹੋ ਚੁੱਕੀ ਹੈ।

ਬੇਅਦਬੀ ਵਾਲੇ ਰੋਸ ਸੰਘਰਸ਼ ਅਤੇ ਸਰਬੱਤ ਖ਼ਾਲਸਾ ਤੋਂ ਪਿੱਛੇ ਹਟਣ ਨੂੰ ਟਕਸਾਲੀ ਗਰੁੱਪ ਨੇ ਸੋਸ਼ਲ ਮੀਡੀਏ ਰਾਹੀਂ ਭਾਈ ਪੰਥਪ੍ਰੀਤ ਸਿੰਘ ਤੇ ਭਾਈ ਢੱਡਰੀਆਂ ਵਾਲੇ ’ਤੇ ਪੰਥ ਨਾਲ ਗਦਾਰੀ ਕਰਨ ਅਤੇ ਸਰਕਾਰ ਨਾਲ ਮਿਲੇ ਹੋਣ ਸਮੇਤ ਨਿੱਜੀ ਕਿਸਮ ਦੇ ਨਿਰਾਧਾਰ ਬੇਅੰਤ ਦੋਸ਼ ਇਸ ਸੋਚ ਅਧੀਨ ਲਾਏ ਕਿ ਜਾਂ ਤਾਂ ਇਹ ਤੰਗ ਹੋਏ, ਬਾਦਲ-ਧੁੰਮਾਂ ਵਿਰੁੱਧ ਉਸਰ ਰਹੇ ਆਪਣੇ ਇਸ ਗਰੁੱਪ ਵਿੱਚ ਸ਼ਾਮਲ ਹੋ ਜਾਣਗੇ, ਜਿਸ ਸਦਕਾ ਟਕਸਾਲੀ ਸੋਚ ਦੀ ਸ਼ਕਤੀ ਵਧੇਗੀ ਜਾਂ ਸਿੱਖ ਸਿਧਾਂਤਕ ਪ੍ਰਚਾਰਕਾਂ ਦੀ ਸਿੱਖ ਸੰਗਤਾਂ ਵਿੱਚ ਇਤਨੀ ਬਦਨਾਮੀ ਹੋ ਜਾਵੇਗੀ ਕਿ ਸੰਗਤਾਂ ਇਨ੍ਹਾਂ ਦਾ ਸਾਥ ਹੀ ਛੱਡ ਜਾਣਗੀਆਂ ਜਿਸ ਕਾਰਨ ਇਹ ਸਾਧ ਸੋਚ ਲਈ ਵੱਡੀ ਚੁਣੌਤੀ ਨਹੀਂ ਰਹਿਣਗੇ। ਪਰ ਗੁਰਮਤਿ ਪ੍ਰਚਾਰਕ ਆਪਣੇ ਫੈਸਲੇ ’ਤੇ ਅਡੋਲ ਰਹੇ। ਟਕਸਾਲ ਦੇ ਮੁਖੀ ਦੇ ਅਹੁਦੇ ਦੇ ਰੌਲ਼ੇ ਕਾਰਨ ਤਾਂ ਧੁੰਮੇ ਤੇ ਅਮਰੀਕ ਸਿੰਘ ਅਜਨਾਲਾ ਦੀ ਆਪਸੀ ਦੁਸ਼ਮਨੀ ਹੈ ਪਰ ਸਿੱਖ ਸਿਧਾਂਤਾਂ ਦਾ ਨੁਕਸਾਨ ਕਰਨ ਲਈ ਦੋਵੇਂ ਇੱਕਸੁਰ ਹਨ। ਇਸ ਲਈ ਗੁਰਮਤਿ ਅਨੁਸਾਰ ਤੇਜੀ ਨਾਲ ਚੱਲ ਰਹੇ ਪ੍ਰਚਾਰ ਦਾ ਰਾਹ ਰੋਕਣ ਲਈ ਪਹਿਲਾਂ ਤਾਂ ਛਬੀਲ ਦਾ ਸਹਾਰਾ ਲੈ ਕੇ ਧੁੰਮੇ ਨੇ ਢੱਡਰੀਆਂ ਵਾਲੇ ’ਤੇ ਕਾਤਲਾਨਾ ਹਮਲਾ ਕੀਤਾ ਪਰ ਜਦੋਂ ਅਕਾਲਪੁਰਖ਼ ਨੇ ਆਪ ਹੱਥ ਦੇ ਕੇ ਭਾਈ ਰਣਜੀਤ ਸਿੰਘ ਢੱਡਰੀਆਂ ਵਾਲੇ ਨੂੰ ਬਚਾ ਲਿਆ ਤੇ ਧੁੰਮੇ ਦੀ ਈਰਖਾਲੂ ਹਰਕਤ ਕਾਰਨ ਬਦਨਾਮੀ ਵੀ ਬਹੁਤ ਹੋਈ ਤਾਂ ਇਸ ਨਾਲ ਪ੍ਰਚਾਰ ਵਿੱਚ ਸਗੋਂ ਪਹਿਲਾਂ ਨਾਲੋਂ ਵੱਧ ਤੇਜੀ ਆਉਣੀ ਸ਼ੁਰੂ ਹੋ ਗਈ।ਇਸੇ ਬੁਖਲਾਟ ਕਾਰਨ ਹੁਣ ਸਾਧ ਸੋਚ ਭਾਈ ਢੱਡਰੀਆਂ ਵਾਲੇ ਵੱਲੋਂ ਕਿਸੇ ਨੁਕਤੇ ਨੂੰ ਗੁਰਮਤਿ ਅਨੁਸਾਰ ਸਪਸ਼ਟ ਕਰਨ ਲਈ ਸਹਿਜ ਸੁਭਾ ਬੋਲੇ ਉਨ੍ਹਾਂ ਸ਼ਬਦਾਂ ਦੀ ਚੋਣ ਕਰਨ ਦੀ ਤਾਕ ਵਿੱਚ ਰਹਿੰਦੀ ਹੈ ਜਿਨ੍ਹਾਂ ਨਾਲ ਉਦਾਸੀ ਤੇ ਨਿਰਮਲੇ ਸੰਤ ਮੱਤ ਦੇ ਪ੍ਰਚਾਰਕਾਂ ਰਾਹੀਂ ਢਾਈ ਤਿੰਨ ਸੌ ਸਾਲ ਦੇ ਮਿਲਗੋਭੇ ਪ੍ਰਚਾਰ ਸਦਕਾ ਬਹੁ ਗਿਣਤੀ ਸਿੱਖ ਅਗਿਆਨਤਾ ਵੱਸ ਭਾਵਨਾਤਮਿਕ ਤੌਰ ’ਤੇ ਜੁੜੇ ਹੋਏ ਹਨ ਜਿਵੇਂ ਕਿ ਸਰੋਵਰ ਦਾ ਜਲ ਅਤੇ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਭੋਰਾ ਸਾਹਿਬ। ਅਜੇਹੇ ਸ਼ਬਦਾਂ ਦੇ ਅਧਾਰ ’ਤੇ ਪਹਿਲਾਂ ਤਾਂ ਢੱਡਰੀਆਂ ਵਾਲੇ ’ਤੇ ਸ਼ਬਦੀ ਹਮਲੇ ਕਰਨ ਲਈ ਸੋਸ਼ਲ ਮੀਡੀਏ ਤੋਂ ਇਲਾਵਾ ਦਰਬਾਰ ਸਾਹਿਬ ਅੰਮ੍ਰਿਤਸਰ ਦੇ ਮੰਜੀ ਸਾਹਿਬ ਦੀ ਸਟੇਜ ਦੀ ਦੁਰਵਰਤੋਂ ਕਰਨ ਤੋਂ ਵੀ ਗੁਰੇਜ਼ ਨਹੀਂ ਕੀਤੀ। ਜਦ ਅਜੇਹੀਆਂ ਹਰਕਤਾਂ ਦਾ ਬਹੁਤਾ ਅਸਰ ਨਾ ਹੋਇਆ ਤਾਂ ਅਮਰੀਕ ਸਿੰਘ ਆਪਣਾ ਅਸਲੀ ਚਿਹਰਾ ਦਿਖਾਉਣ ਲਈ ਢੱਡਰੀਆਂ ਵਾਲੇ ਤੋਂ ਮੁਆਫੀ ਮੰਗਾਉਣ ਦੀ ਮੰਗ ਲੈ ਕੇ ਪ੍ਰਮੇਸ਼ਰ ਦੁਆਰ ਗੁਰਦੁਆਰੇ ਦੇ ਗੇਟ ਅੱਗੇ ਧਰਨਾ ਲਾ ਕੇ ਆਪਣੀ ਅਕਲ ਤੇ ਸੋਚ ਦਾ ਜਨਾਜ਼ਾ ਕੱਢਾਉਣ ਲਈ ਚਲੇ ਗਏ

ਕੁਝ ਵੀਰ ਆਪਣੇ ਆਪ ਨੂੰ ਬਹੁਤੇ ਸਿਆਣੇ ਤੇ ਨਿਰਪੱਖ ਹੋਣ ਦਾ ਸਬੂਤ ਦੇਣ ਲਈ ਇਹ ਵੀ ਕਹਿੰਦੇ ਸੁਣੇ ਜਾਂਦੇ ਹਨ ਕਿ ਜਿਹੜੀਆਂ ਗੱਲਾਂ ’ਤੇ ਪੰਥ ਵਿੱਚ ਵਿਵਾਦ ਹੈ ਉਹ ਨਾ ਛੇੜੀਆਂ ਜਾਣ। ਅਜਿਹੇ ਸੁਹਿਰਦ ਵੀਰਾਂ ਨੂੰ ਦੱਸਣਾ ਚਾਹੁੰਦਾ ਹਾਂ ਕਿ ਪੰਥ ਵਿਰੋਧੀ ਏਜੰਸੀਆਂ ਨੇ ਕਿਹੜਾ ਸਿੱਖੀ ਸਿਧਾਂਤ ਜਾਂ ਇਤਿਹਾਸਕ ਘਟਨਾ ਵਿਵਾਦ-ਰਹਿਤ ਛੱਡੀ ਹੈ ਜਿਸ ਸਬੰਧੀ ਗੱਲ ਕਰ ਸਕੀਏ। ਇਥੇ ਤਾਂ ਨਾਨਕਸ਼ਾਹੀ ਕੈਲੰਡਰ ਵੀ ਵਿਵਾਦਤ, ਸਿੱਖ ਰਹਿਤ ਮਰਿਆਦਾ ਵੀ ਵਿਵਾਦਤ, ਗੁਰਬਾਣੀ ਦੇ ਅਰਥ ਵੀ ਵਿਵਾਦਤ, ਗੁਰਬਾਣੀ ਦਾ ਉਚਾਰਨ ਵੀ ਵਿਵਾਦਤ। ਹੋਰ ਤਾਂ ਹੋਰ 1984 ਦਾ ਘੱਲੂਘਾਰਾ ਸਾਡੇ ਜਿਉਂਦਿਆਂ ਜਾਗਦਿਆ ਹੋਇਆ ਜਿਸ ਵਿੱਚ ਬਾਬਾ ਜਰਨੈਲ ਸਿੰਘ ਜੀ ਸ਼ਹੀਦੀ ਪ੍ਰਾਪਤ ਕਰ ਗਏ ਸਨ ਜਿਨ੍ਹਾਂ ਦੀ ਲਾਸ਼ ਦੀ ਸ਼ਿਨਾਖਤ ਉਨ੍ਹਾਂ ਦੇ ਸਕੇ ਭਰਾ ਨੇ ਕੀਤੀ ਸੀ। ਇਸ ਦੇ ਬਾਵਯੂਦ 33 ਸਾਲ ਲੰਘ ਜਾਣ ਦੇ ਬਾਵਯੂਦ ਅੱਜ ਵੀ ਕੁਝ ਵਿਅਕਤੀਆਂ ਦੇ ਸੁਆਰਥਾਂ ਕਾਰਨ ਵਿਵਾਦ ਹੈ ਕਿ ਉਹ ਸ਼ਹੀਦ ਹਨ ਜਾਂ ਚੜ੍ਹਦੀ ਕਲਾ ਵਿੱਚ ਹਨ। ਅਸਲ ਵਿੱਚ ਬਾਬਾ ਠਾਕਰ ਸਿੰਘ ਇਸ ਡਰੋਂ 22 ਸਾਲ ਇਹ ਝੂਠ ਬੋਲਦਾ ਹੀ ਮਰ ਗਿਆ ਕਿ ਜੇ ਬਾਬਾ ਜਰਨੈਲ ਸਿੰਘ ਨੂੰ ਸ਼ਹੀਦ ਮੰਨ ਲਿਆ ਤਾਂ ਟਕਸਾਲ ਦਾ ਮੁਖੀ ਪਤਾ ਨਹੀਂ ਕੌਣ ਬਣੇਗਾ ਪਰ ਸੰਤਾਂ ਨੂੰ ਚੜ੍ਹਦੀ ਕਲਾ ਵਿੱਚ ਦੱਸ ਕੇ ਉਹ ਕਾਰਜਕਾਰੀ ਮੁਖੀ ਤਾਂ ਰਹਿ ਹੀ ਸਕਦੇ ਹਨ ਠਾਕਰ ਸਿੰਘ ਦੀ ਮੌਤ ਉਪ੍ਰੰਤ ਜਦੋਂ ਆਰ.ਐਸ.ਐਸ. ਤੇ ਕੇਪੀਐੱਸ ਗਿੱਲ ਦੀ ਮੱਦਦ ਨਾਲ ਧੁੰਮਾ ਮੁਖੀ ਬਣ ਗਿਆ ਤਾਂ ਆਪਣੇ ਆਪ ਨੂੰ ਪੱਕੇ ਪੈਰੀਂ ਵੇਖ ਕੇ ਧੁੰਮੇ ਨੇ ਐਲਾਨ ਕਰ ਦਿੱਤਾ ਕਿ ਸੰਤ ਸ਼ਹੀਦੀ ਪਾ ਗਏ ਸਨ ਪਰ 22 ਸਾਲ ਝੂਠ ਬੋਲਣ ਵਾਲਾ ਫਿਰ ਵੀ ਉਸ ਲਈ ਬ੍ਰਹਮਗਿਆਨੀ ਹੀ ਹੈ। ਅਮਰੀਕ ਸਿੰਘ ਅਜਨਾਲਾ ਜਿਸ ਦਾ ਆਪਣਾ ਦਾਅ ਨਹੀਂ ਲੱਗਿਆ ਤੇ ਧੁੰਮੇ ਦਾ ਵਿਰੋਧੀ ਹੋਣ ਕਰਕੇ ਉਹ ਹਾਲੀ ਵੀ ਕਹਿੰਦਾ ਹੈ ਕਿ ਸੰਤ ਸ਼ਹੀਦ ਨਹੀਂ ਹੋਏ, ਚੜ੍ਹਦੀ ਕਲਾ ਵਿੱਚ ਹਨ। ਹੁਣ ਵੇਖ ਲਵੋ ਜਿਹੜੇ ਟਕਸਾਲੀ ਸਿਰਫ ਆਪਣਾ ਨਿੱਜੀ ਨਫਾ ਨੁਕਸਾਨ ਵੇਖ ਕੇ ਕੋਈ 22 ਸਾਲ ਤੱਕ ਗੁਰੂ ਗ੍ਰੰਥ ਸਾਹਿਬ ਜੀ ਦੀ ਹਜੂਰੀ ਵਿੱਚ ਝੂਠ ਬੋਲ ਸਕਦੇ ਹਨ ਤੇ ਕੋਈ 33 ਸਾਲਾਂ ਤੋਂ ਹਾਲੀ ਤੱਕ ਵੀ ਝੂਠ ਬੋਲੀ ਜਾ ਰਹੇ ਹਨ; ਉਹ ਕਿਤਨੇ ਕੁ ਸੱਚ ਦਾ ਪ੍ਰਚਾਰ ਕਰਦੇ ਹੋਣਗੇ ! ਦੂਸਰੇ ਪਾਸੇ ਭਾਈ ਰਣਜੀਤ ਸਿੰਘ ਜੀ ਹਨ ਜਿਹੜੇ ਪ੍ਰਤੱਖ ਮੌਤ ਦੇ ਮੂੰਹ ਵਿੱਚੋਂ ਨਿਕਲ ਕੇ ਵੀ ਪਹਿਲਾਂ ਨਾਲੋਂ ਵੱਧ ਦ੍ਰਿੜਤਾ ਨਾਲ ਸੱਚ ’ਤੇ ਪਹਿਰਾ ਦੇਣ ਲਈ ਡਟੇ ਹੋਏ ਹਨ। ਸੋਸ਼ਲ ਮੀਡੀਏ ਤੋਂ ਲੈ ਕੇ ਮੰਜੀ ਸਾਹਿਬ ਦੀ ਸਟੇਜ ਤੱਕ, ਤੋਂ ਉਨ੍ਹਾਂ ਵਿਰੁੱਧ ਕੀਤੇ ਕੂੜ ਪ੍ਰਚਾਰ ਤੋਂ ਬੇਫਿਕਰ ਹਨ, ਅੱਗੇ ਤੋਂ ਦਿੱਤੀਆਂ ਧਮਕੀਆਂ ਦਾ ਜਵਾਬ ਦੇਣ ਸਮੇਂ ਵੀ ਬੜੀ ਨਿਮ੍ਰਤਾ, ਦ੍ਰਿੜਤਾ ਤੇ ਸ੍ਵੈਭਰੋਸੇ ਨਾਲ ਕਹਿੰਦੇ ਹਨ ਕਿ ਮੈਨੂੰ ਮਾਰ ਤਾਂ ਸਕਦੇ ਹੋ ਪਰ ਮੇਰਾ ਸਿਰ ਵੱਡੇ ਜਾਣ ਪਿੱਛੋਂ ਵੀ ਜਿਤਨਾ ਚਿਰ ਮੇਰੇ ਮੂੰਹ ਵਿੱਚੋਂ ਆਵਾਜ਼ ਨਿਕਲ ਸਕੀ ਤਾਂ ਵੀ ਗੁਰਬਾਣੀ ਦੇ ਸੱਚ ਨੂੰ ਸੱਚ ਤੇ ਮਨੋ ਕਲਪਿਤ ਝੂਠ ਨੂੰ ਝੂਠ ਹੀ ਕਹਿੰਦਾ ਕਹਾਂਗਾ।

ਚਿਰਾਂ ਤੋਂ ਆਗੂ ਰਹਿਤ ਹੋਈ ਸਿੱਖ ਕੌਮ ਕਿਸੇ ਐਸੇ ਗੁਰਮਤਿ ਦੇ ਗਿਆਤਾ, ਨਿਰਸੁਆਰਥ, ਸਾਰਿਆਂ ਨੂੰ ਨਾਲ ਲੈ ਕੇ ਚੱਲਣ ਦੇ ਸਮਰੱਥ, ਨਿਮ੍ਰਤਾ ਤੇ ਦੀਰਘ ਸੋਚ ਵਾਲੇ ਨੇਤਾ ਦੀ ਭਾਲ ਵਿੱਚ ਸੀ। ਭਾਵੇਂ ਕਿ ਇਸ ਤਰ੍ਹਾਂ ਦੇ ਗੁਣਾਂ ਨਾਲ ਭਰਪੂਰ ਕਈ ਗੁਰਮੁਖ ਪਿਆਰੇ ਕੌਮ ਵਿੱਚ ਮੌਜੂਦ ਹੋਣਗੇ ਪਰ ਇੱਕ ਤਾਂ ਬਿਨਾਂ ਪਰਖ ਕਿਸੇ ਦਾ ਨਾਮ ਲੈਣਾ ਔਖਾ ਜਾਪਦਾ ਸੀ ਅਤੇ ਦੂਸਰਾ ਜੇ ਕਿਸੇ ਦਾ ਕੋਈ ਨਾਮ ਲੈ ਵੀ ਦਿੰਦਾ ਤਾਂ ਉਹ ਇਸ ਦਲੀਲ ਨਾਲ ਅੱਗੇ ਆਉਣ ਤੋਂ ਨਾਂਹ ਕਰ ਦਿੰਦਾ ਸੀ ਕਿ ਜਦ ਤੱਕ ਕੌਮ ਵਿੱਚ ਸਾਧ ਮੱਤ ਦਾ ਬੋਲਬਾਲਾ ਹੈ ਤਦ ਤੱਕ ਇਨ੍ਹਾਂ ਨੇ ਕਿਸੇ ਸੰਘਰਸ਼ ਨੂੰ ਸਿਰੇ ਨਹੀਂ ਲੱਗਣ ਦੇਣਾ ਕਿਉਂਕਿ ਇਨ੍ਹਾਂ ਨੇ ਸੰਘਰਸ਼ ਨੂੰ ਹਿੰਸਾ ਦੇ ਰਾਹ ਤੋਰ ਕੇ ਜਾਂ ਕੌਮ ਵਿੱਚ ਫੁੱਟ ਪਵਾ ਕੇ ਕੌਮ ਦਾ ਨੁਕਸਾਨ ਕਰਵਾ ਦੇਣਾ ਹੈ।

ਹੁਣ ਤੱਕ ਦੇ ਘਟਨਾ ਕ੍ਰਮ ਤੋਂ ਇਹ ਗੱਲ ਤਕਰੀਬਨ ਸਾਹਮਣੇ ਆ ਗਈ ਹੈ ਕਿ ਭਾਈ ਰਣਜੀਤ ਸਿੰਘ ਕੌਮ ਵਿੱਚ ਜਾਗ੍ਰਤੀ ਲਹਿਰ ਚਲਾਉਣ ਲਈ ਯੋਗ ਅਗਵਾਈ ਦੇ ਸਕਦੇ ਹਨ। ਸੋ ਹਰ ਮਸਲੇ ਵਿੱਚ ਨਿਰਪੱਖ ਰਹਿਣ ਦੀ ਆਦਤ ਰੱਖਣ ਵਾਲੇ ਵੀਰਾਂ ਨੂੰ ਬੇਨਤੀ ਹੈ ਕਿ ਸੱਚ ਤੇ ਝੂਠ ਦੀ ਲੜਾਈ ਵਿੱਚ ਨਿਰਪੱਖ ਰਹਿਣਾ ਅਸਿੱਧੇ ਸ਼ਬਦਾਂ ਵਿੱਚ ਝੂਠ ਦਾ ਸਾਥ ਦੇਣ ਬਰਾਬਰ ਹੈ ਇਸ ਲਈ ਨਿਰਪੱਖ ਰਹਿ ਕੇ ਚੰਗੇ ਕਹਾਉਣ ਦਾ ਭ੍ਰਮ ਪਾਲਣ ਨਾਲੋਂ ਚੰਗਾ ਹੈ ਕਿ ਸਾਧ ਮੱਤ ਵੱਲੋਂ ਇਕੋਤਰੀਆਂ ਤੇ ਸੰਪਟ ਪਾਠਾਂ ਦੇ ਜਾਲ ਵਿੱਚੋਂ ਨਿਕਲ ਕਿ ਸੰਪੂਰਨ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਨੂੰ ਅਰਥਾਂ ਸਮੇਤ ਘੱਟ ਤੋਂ ਘੱਟ ਇਕ ਵਾਰ ਜਰੂਰ ਪੜ੍ਹਨਾ ਸ਼ੁਰੂ ਕਰੋ ਤਾ ਕਿ ਸਾਨੂੰ ਸੱਚ ਝੂਠ ਦੀ ਪਛਾਣ ਆ ਜਾਵੇ ਆਪਣੇ ਨਿਜੀ ਕਿਸਮ ਦੇ ਗਿਲੇ ਸ਼ਿਕਵੇ ਦੂਰ ਕਰਕੇ ਸਾਰੇ ਪ੍ਰਚਾਰਕ, ਬੁੱਧੀਜੀਵੀ, ਲੇਖਕ, ਪੱਤਰਕਾਰ ਤੇ ਨਿਸ਼ਕਾਮ ਸਿੱਖ ਜਥੇਬੰਦੀਆਂ ਨੂੰ ਚਾਹੀਦਾ ਹੈ ਕਿ ਭਾਈ ਰਣਜੀਤ ਸਿੰਘ ਢੱਡਰੀਆਂ ਵਾਲੇ, ਭਾਈ ਪੰਥਪ੍ਰੀਤ ਸਿੰਘ ਦੀ ਅਗਵਾਈ ਹੇਠ ਨਿਰੋਲ ਸੱਚ ਦੇ ਅਧਾਰ ’ਤੇ ਮਜਬੂਤ ਸਿੱਖ ਜਾਗ੍ਰਤੀ ਲਹਿਰ ਚਲਾਉਣ ਲਈ ਸਾਂਝਾ ਪਲੇਟਫਾਰਮ ਤਿਆਰ ਕੀਤਾ ਜਾਵੇ।

ਇੱਕ ਗੱਲ ਧਿਆਨ ਵਿੱਚ ਰੱਖੀ ਜਾਵੇ ਕਿ ਸਿਆਸੀ ਖ਼ਾਹਸ਼ਾਂ ਰੱਖਣ ਵਾਲੇ ਕਿਸੇ ਵੀ ਵਿਅਕਤੀ ਨੂੰ ਸਿੱਖ ਜਾਗ੍ਰਤੀ ਲਹਿਰ ਦੀ ਨੀਤੀ ਘਾੜੀ ਕਮੇਟੀ ਦੇ ਨੇੜੇ ਨਾ ਢੁੱਕਣ ਦਿੱਤਾ ਜਾਵੇ ਕਿਉਂਕਿ ਹੁਣ ਤੱਕ ਸਿੱਖ ਪੰਥ ਦਾ ਸਭ ਤੋਂ ਵੱਧ ਨੁਕਸਾਨ ਧਰਮ ਨੂੰ ਪੌੜੀ ਬਣਾ ਕੇ ਸਤਾ ਦੀ ਕੁਰਸੀ ’ਤੇ ਬੈਠਣ ਵਾਲੇ ਸਿਆਸੀ ਆਗੂਆਂ ਨੇ ਹੀ ਕੀਤਾ ਹੈ। ਇਹ ਵੀ ਧਿਆਨ ਰੱਖਿਆ ਜਾਵੇ ਕਿ ਸਿੱਖ ਲਹਿਰ ਲਈ ਅਕਾਲੀ ਦਲ, ਕਾਂਗਰਸ, ਆਮ ਆਦਮੀ ਪਾਰਟੀ ਆਦਿਕ ਸਾਰੀਆਂ ਹੀ ਪਾਰਟੀਆਂ ਦਾ ਕੋਈ ਵੀ ਸਮਰਥਕ ਜਾਂ ਆਗੂ ਸਾਡੇ ਲਈ ਅਛੂਤ ਨਹੀਂ। ਸਿਸ਼ਾਸੀ ਪਾਰਟੀਆਂ ਦੇ ਅਧਾਰ ’ਤੇ ਸਿੱਖਾਂ ਵਿੱਚ ਵੰਡ ਪਾੳਣ ਦੀ ਨੀਤੀ ਨੇ ਪਹਿਲਾਂ ਸਿੱਖਾਂ ਦੀ ਸ਼ਕਤੀ ਨੂੰ ਬਹੁਤ ਕਮਜੋਰ ਕੀਤਾ ਹੈ ਇਸ ਲਈ ਹੁਣ ਇਸ ਵੰਡ ਤੋਂ ਬਚਣਾਂ ਚਾਹੀਦਾ ਹੈ। ਸਿਆਸੀ ਪਾਰਟੀਆਂ ਦੇ ਮੈਂਬਰ ਸਿੱਖਾਂ ਨੂੰ ਗੁਰੂ ਸਾਹਿਬ ਜੀ ਦੇ ਇਨ੍ਹਾਂ ਬਚਨਾਂ ਦਾ ਚੇਤਾ ਕਰਵਾ ਕੇ ਸਮਝਾਉਣਾ ਚਾਹੀਦਾ ਹੈ ਕਿ - ਅਨੇਕਾਂ ਚੋਜ ਤਮਾਸ਼ੇ, ਰਾਜਭਾਗ ਦੀਆਂ ਮੌਜਾਂ, ਸੁੰਦਰਤਾ, (ਸਿਰ ਤੇ) ਛਤਰ ਚਉਰ, ਤੇ ਬੈਠਣ ਨੂੰ ਸ਼ਾਹੀ ਤਖ਼ਤ- ਇਹਨਾਂ ਪਦਾਰਥਾਂ ਵਿਚ ਅੰਨ੍ਹੇ ਮੂਰਖ ਅਗਿਆਨੀ ਬੰਦੇ ਹੀ ਮਸਤ ਹੁੰਦੇ ਹਨ, ਮਾਇਆ ਦੇ ਇਹ ਕੌਤਕ ਤਾਂ ਸੁਪਨੇ ਦੀਆਂ ਚੀਜ਼ਾਂ ਹਨ : “ਅਨਿਕ ਲੀਲਾ ਰਾਜ ਰਸ ਰੂਪੰ; ਛਤ੍ਰ, ਚਮਰ, ਤਖਤ ਆਸਨੰ ਰਚੰਤਿ, ਮੂੜ ਅਗਿਆਨ ਅੰਧਹ, ਨਾਨਕ ! ਸੁਪਨ ਮਨੋਰਥ ਮਾਇਆ (ਮਃ ੫/ ਅੰਕ ੭੦੭) ਇਸ ਲਈ ਜਿਸ ਵੀ ਪਾਰਟੀ ਵਿੱਚ ਮਰਜੀ ਰਹੋ ਪਰ ਸਤਾ ਦੀਆਂ ਸੁਪਨੇ ਮਾਤ੍ਰ ਮੌਜਾਂ ਮਾਨਣ ਦੇ ਚਾਅ ਵਿੱਚ ਧਰਮ ਨੂੰ ਸਿਆਸਤ ਤੋਂ ਹਮੇਸ਼ਾਂ ਉੱਪਰ ਰੱਖਣ ਵਾਲੇ ਵਿਅਕਤੀਆਂ ਦਾ ਸਾਥ ਜਰੂਰ ਲੈਣਾ ਚਾਹੀਦਾ ਹੈ।

ਜਿੱਥੇ ਇਸ ਵਿਵਾਦ ਸਦਕਾ ਆਮ ਲੋਕਾਂ ਦੀ ਸਿੱਖ ਇਤਿਹਾਸ ਤੇ ਗੁਰਮਤਿ ਸਿਧਾਂਤ ਨੂੰ ਗੁਰਬਾਣੀ ਦੀ ਕਸਵੱਟੀ ’ਤੇ ਪਰਖਣ ਦੀ ਰੁਚੀ ਵੱਲ ਅਕਰਸ਼ਤ ਹੋਣ ਦਾ ਵਾਧਾ ਸ਼ੁਭ ਸੰਕੇਤ ਹੈ ਉੱਥੇ ਸ਼੍ਰੋਮਣੀ ਕਮੇਟੀ ਵੱਲੋਂ ਧਾਰੀ ਚੁੱਪ ਹੈਰਾਨੀਜਨਕ ਤੇ ਦੁਖਦਾਇਕ ਵੀ ਜਾਪਦੀ ਹੈ। ਅਸਲ ਵਿੱਚ ਹੁਣ ਤੱਕ ਸਿੱਖ ਧਰਮ ਦੇ ਸਿਧਾਂਤਕ ਤੇ ਇਤਿਹਾਸਕ ਪੱਖ ਵਿੱਚ ਵਖਰੇਵਿਆਂ ਨੂੰ ਕਿਸੇ ਯੋਗ ਵਿਧੀ ਰਾਹੀਂ ਘਟਾਉਣ ਦਾ ਯਤਨ ਨਾ ਕਰਨਾ ਹੀ ਮੌਜੂਦਾ ਵਿਵਾਦਾਂ ਦਾ ਮੁੱਖ ਕਾਰਨ ਹੈ। ਜੇ ਸ਼੍ਰੋਮਣੀ ਕਮੇਟੀ ਨੇ ਸਮੇਂ ਸਿਰ ਆਪਣੀ ਜਿੰਮੇਵਾਰੀ ਨਿਭਾਈ ਹੁੰਦੀ ਤਾਂ ਅੱਜ ਜਿੰਨੇ ਵਿਵਾਦਾਂ ਵਿੱਚ ਕੌਮ ਘਿਰੀ ਹੋਈ ਹੈ ਇਨ੍ਹਾਂ ਤੋਂ ਬਚਿਆ ਜਾ ਸਕਦਾ ਸੀ ਪਰ ਪਤਾ ਨਹੀਂ ਸ਼੍ਰੋਮਣੀ ਕਮੇਟੀ ਦੀ ਕੀ ਮਜ਼ਬੂਰੀ ਹੈ ਕਿ ਗੰਭੀਰ ਤੋਂ ਗੰਭੀਰ ਮਸਲੇ ’ਤੇ ਵੀ ਇਸ ਤਰ੍ਹਾਂ ਮੌਨ ਧਾਰ ਕੇ ਬੈਠ ਜਾਂਦੀ ਹੈ ਕਿ ਕੁਝ ਵਾਪਰਿਆ ਹੀ ਨਹੀਂ; ਸ਼ਾਇਦ ਇਸ ਦੇ ਆਕਿਆਂ ਨੂੰ ਇਸ ਤੋਂ ਵੱਡੇ ਨੁਕਸਾਨ ਦੀ ਤਾਕ ਵਿੱਚ ਹੋਣ।

ਆਖਰ ’ਤੇ ਸੋਸ਼ਲ ਮੀਡੀਏ ਦੀ ਵਰਤੋਂ ਕਰਨ ਵਾਲੇ ਦੋਹਾਂ ਪੱਖਾਂ ਦੇ ਵੀਰਾਂ ਨੂੰ ਬੇਨਤੀ ਹੈ ਕਿ ਇੱਕ ਦੂਸਰੇ ਦਾ ਪੱਖ ਪੂਰਨ ਸਮੇਂ ਸਿਆਣਪ ਅਤੇ ਦਲੀਲ ਦਾ ਪੱਲਾ ਨਾ ਛੱਡਿਆ ਜਾਵੇ। ਬੇਦਲੀਲੀ ਤੇ ਅਸਭਿਅਕ ਭਾਸ਼ਾ ਨਾਲ ਜੋ ਨੁਕਸਾਨ ਇੰਟਰਨੈਸ਼ਨਲ ਪੱਧਰ ’ਤੇ ਗੁਰੂ ਨਾਨਕ ਦੀ ਸਿੱਖੀ ਦਾ ਕੀਤਾ ਜਾ ਰਿਹਾ ਹੈ ਇਸ ਦਾ ਅਨੁਮਾਨ ਸ਼ਾਇਦ ਜਜ਼ਬਾਤਾਂ ਵਿੱਚ ਆਏ ਸਮਰਥਕਾਂ ਨੂੰ ਨਹੀਂ ਹੋ ਸਕਦਾ। ਖਾਸ ਕਰਕੇ ਗੁਰਮਤਿ ਪ੍ਰਚਾਰਕਾਂ ਦੇ ਸਮਰਥਕਾਂ ਨੂੰ ਤਾਂ ਬੇਨਤੀ ਹੈ ਕਿ ਉਹਨਾਂ ਕੋਲ ਗੁਰਬਾਣੀ ਅਨੁਸਾਰ ਢੁਕਵੀਆਂ ਦਲੀਲਾਂ ਦੀ ਕਮੀ ਨਹੀਂ ਹੈ, ਇਸ ਲਈ ਉਨ੍ਹਾਂ ਨੂੰ ਭਾਸ਼ਾ ਪੱਖੋਂ ਇੱਟ ਦਾ ਜਵਾਬ ਘਟੀਆ ਸ਼ਬਦਾਂ ਨਾਲ ਦੇਣ ਦੀ ਉੱਕਾ ਹੀ ਕੋਈ ਲੋੜ ਨਹੀਂ ਹੈ। ਉਹ ਤਾਂ ਸਿਰਫ ਇਨ੍ਹਾਂ ਹੀ ਕਰਨ ਕਿ ਅਮਰੀਕ ਸਿੰਘ ਤੇ ਉਸ ਦੇ ਸਮਰਥਕਾਂ ਵੱਲੋਂ ਵਰਤੀ ਗਈ ਘਟੀਆ ਤੇ ਅਸ਼ਲੀਲ ਭਾਸ਼ਾ ਦੇ ਦਰਸ਼ਨ ਆਮ ਸਿੱਖਾਂ ਨੂੰ ਕਰਵਾ ਕੇ ਉਨ੍ਹਾਂ ਤੋਂ ਪੁੱਛਣ ਕਿ ਕੀ ਐਸੇ ਖਿਆਲ ਤੇ ਐਸੀ ਭਾਸ਼ਾ ਵਰਤਣ ਵਾਲਿਆਂ ਤੋਂ ਸਿੱਖਾਂ ਦੇ ਕਿਸੇ ਭਲੇ ਦੀ ਆਸ ਰੱਖੀ ਜਾ ਸਕਦੀ ਹੈ ਜਾਂ ਇਹ ਸਿੱਖ ਅਖਵਾਉਣ ਦੇ ਕਾਬਲ ਵੀ ਹਨ। ਆਮ ਸਿੱਖਾਂ ਨੂੰ ਦੱਸਿਆ ਜਾਵੇ ਕਿ ਹਾਲੀ ਤੱਕ ਤਾਂ ਇਨ੍ਹਾਂ ਨੇ ਬਾਬਾ ਜਰਨੈਲ ਸਿੰਘ ਦੀ ਸ਼ਹੀਦੀ ਹੀ ਰੋਲ਼ੀ ਹੈ ਜੇ ਕੌਮ ਨੇ ਇਨ੍ਹਾਂ ਨੂੰ ਨਾ ਪਛਾਣਿਆਂ ਤਾਂ ਇਹ ਸਿੱਖੀ ਤੇ ਬਾਬਾ ਜਰਨੈਲ ਸਿੰਘ (ਦੋਵਾਂ) ਨੂੰ ਹੀ ਦੁਨੀਆਂ ਭਰ ਵਿੱਚ ਬਦਨਾਮ ਕਰਕੇ ਰੋਲ਼ ਦੇਣਗੇ। 


ਜੇ ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ।


ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org  and cannot be held responsible for their views.  Read full details....

Go to Top