Share on Facebook

Main News Page

ਗੁਰਬਚਨ ਸਿੰਘ ਬਨਾਮ ਗੁਰਬਚਨ ਸਿੰਘ
-: ਬਲਰਾਜ ਸਿੰਘ ਸਪੋਕਨ

ਅੱਜ ਇੱਕ ਗੁਰਮੁੱਖ ਪਿਆਰੇ ਦਾ ਫੂਨ ਆਇਆ। ਥੋੜੀ ਦੇਰ ਗੁਰਮਿਤ ਵਿਚਾਰਾਂ ਕਰਣ ਉਪਰੰਤ ਉਨ੍ਹਾਂ ਇਕ ਸਵਾਲ ਕੀਤਾ, ਜਿਸ ਦਾ ਦਾਸ ਕੋਲ ਕੋਈ ਜਵਾਬ ਨਹੀਂ ਸੀ।

ਕਹਿੰਦੇ ! 1978 ਵਿੱਚ ਟਕਸਾਲ ਅਤੇ ਨਿਰੰਕਾਰੀ ਦੋ ਡੇਰਿਆਂ ਦਾ ਆਪਸ ਵਿੱਚ ਟਕਰਾਅ ਹੋਇਆ। ਨਿਰੰਕਾਰੀਆਂ ਨੇ ਟਕਸਾਲ ਅਤੇ ਅਖੰਡ ਕੀਰਤਨੀ ਜਥੇ ਦੇ ੧੩ ਸਿੰਘ ਸ਼ਹੀਦ ਕਰ ਦਿਤੇ। ਕੁੱਝ ਅਰਸੇ ਬਾਅਦ ਭਾਈ ਰਣਜੀਤ ਸਿੰਘ ਨੇ ਨਰਕਧਾਰੀ ਗੁਰਬਚਨਾ ਮਾਰ ਕੇ ਹਿਸਾਬ ਬਰਾਬਰ ਕਰ ਲਿਆ। ਗਲ ਖਤਮ ਹੋ ਗਈ, ਹਿਸਾਬ ਬਰਾਬਰ ਹੋ ਗਿਆ। ਫਿਰ 1984 ਤੋ 1995 ਤੱਕ ਸਿੱਖ ਕੌਮ ਦਾ ਟਕਸਾਲ ਨੇ ਘਾਣ ਕਿਉਂ ਕਰਵਾਇਆ ? ਟਕਸਾਲ ਦਾ ਨਿਰੰਕਾਰੀ ਸੰਪਰਦਾ ਨਾਲ ਕਿਸ ਗਲ ਦਾ ਝਗੜਾ ਸੀ ?

ਦਾਸ ਨੇ ਆਪਣੀ ਜਾਣਕਾਰੀ ਅਨੁਸਾਰ ਜਵਾਬ ਦਿਤਾ ਕਿ ਨਿਰੰਕਾਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਅਤੇ ਗੁਰਮਤਿ ਸਿਧਾਤਾਂ ਦਾ ਨਿਰਾਦਰ ਕਰਦੇ ਸਨ।

ਉਨ੍ਹਾਂ ਅਗਿਉਂ ਦੂਸਰਾ ਸਵਾਲ ਕਰ ਦਿਤਾ, ਜਿਸ ਦਾ ਮੇਰੇ ਕੋਲ ਕੋਈ ਜਵਾਬ ਨਹੀਂ ਸੀ ।

ਵੀਰ ਜੀ ਕਹਿੰਦੇ, ਜੇਕਰ ਨਿਰੰਕਾਰੀ ਸੰਪਰਦਾ ਗੁਰੂ ਸਾਹਿਬ ਜਾਂ ਗੁਰਬਾਣੀ ਦਾ ਨਿਰਾਦਰ ਕਰਦੇ ਸੀ, ਤਾਂ ਕੀ ਟਕਸਾਲ ਨਹੀਂ ਕਰਦੀ ?

ਸੰਤ ਗੁਰਬਚਨ ਸਿੰਘ ਭਿੰਡਰਾਵਾਲੇ ਦੀ ਲਿਖੀ ਕਿਤਾਬ "ਗੁਰਬਾਣੀ ਪਾਠ ਦਰਪਣ" ਦੇ ਕਿਸ ਪੰਨੇ 'ਤੇ ਗੁਰੂ ਸਾਹਿਬ ਜਾਂ ਗੁਰਬਾਣੀ ਦਾ ਨਿਰਾਦਰ ਨਹੀਂ ਹੈ ?

ਸੰਤ ਕਰਤਾਰ ਸਿੰਘ ਨੇ ਸਾਰੀ ਉਮਰ ਬਿਪਰਵਾਦ ਦਾ ਪ੍ਰਚਾਰ ਕੀਤਾ, ਗੁਰਬਾਣੀ ਵਿਚ ਆਏ ਸ਼ਬਦ "ਭਾਂਗ" ਨੂੰ ਮਾਸ ਕਹਿ ਪ੍ਰਚਾਰਦੇ ਰਹੇ। ਦੁਨੀਆ ਦੇ ਕਿਸੇ ਕੋਸ਼ ਵਿਚ ਵੀ ਭਾਂਗ ਦਾ ਅਰਥ ਮਾਸ ਨਹੀਂ ਲਿਖਿਆ। ਕੀ ਇਹ ਸ਼ਬਦ ਗੁਰੂ ਦੀ ਤੌਹੀਨ ਨਹੀਂ?

- ਗੁਰੂ ਨੂੰ ਲਵ-ਕੁਸ਼ ਦੀ ਔਲਾਦ ਦਸਣਾ, ਕੀ ਇਹ ਗੁਰੂ ਦੀ ਨਿੰਦਿਆ ਨਹੀਂ?

- ਪੰਜਾਂ ਪਿਆਰਿਆਂ ਨੂੰ ਅਵਤਾਰਵਾਦ ਨਾਲ ਜੋੜਣਾ, ਕੀ ਇਹ ਨਿਰਾਦਰ ਨਹੀਂ ?

- ਗੁਰਬਾਣੀ ਦੀ ਬ੍ਰਾਹਮਣੀ ਮਤਿ ਅਨੁਸਾਰ ਵਿਆਖਿਆ ਕਰਣੀ, ਕੀ ਇਹ ਗੁਰਬਾਣੀ ਦਾ ਨਿਰਾਦਰ ਨਹੀਂ ?

- ਟਕਸਾਲ ਖੰਡੇ ਬਾਟੇ ਦਾ ਅੰਮ੍ਰਿਤ ਛਕਾਉਣ ਵੇਲੇ ਜਾਤਪਾਤ ਦਾ ਵਿਤਕਰਾ ਕਰਦੀ ਹੈ, ਕੀ ਇਹ ਜਾਤ ਪਾਤ ਖਤਮ ਕਰਣ ਵਾਲੇ ਗੁਰੂ ਦੀ ਨਿੰਦਿਆ ਨਹੀਂ ?

- ਸਿਰਫ ਕਛਿਹਰਾ ਪਹਿਨ ਗੁਰੂ ਗ੍ਰੰਥ ਸਾਹਿਬ ਦੀ ਤਾਬਿਆ ਬੈਠਣਾ ਟਕਸਾਲ ਦੀ ਮਰਿਯਾਦਾ ਹੈ, ਫਿਰ ਬੀਬੀਆਂ ਗੁਰੂ ਗ੍ਰੰਥ ਸਾਹਿਬ ਦੀ ਤਾਬਿਆ ਕਿੰਝ ਬਹਿਣ ?

- ਹਵਨ ਚਾਲੀਹੇ, ਜੋਤਾਂ, ਸੁੱਚ - ਜੂਠ, ਪਵਿੱਤਰ ਅਪਵਿੱਤਰ, ਆਰਤੀਆਂ, ਗਿਣਤੀਆਂ ਮਿਣਤੀਆਂ ਦੇ ਪਾਠ, ਯਾਨੀ ਕਿ ਇਨ੍ਹਾਂ ਦੀ ਸਾਰੀ ਮਰਿਯਾਦਾ ਗੁਰਮਤਿ ਵਿਰੋਧੀ ਹੈ। ਕੀ ਇਹ ਗੁਰਬਾਣੀ ਅਤੇ ਗੁਰਬਾਣੀ ਰਚਣ ਵਾਲੇ ਮਹਾਪੁਰਖਾਂ ਦਾ ਨਿਰਾਦਰ ਨਹੀਂ ?

ਟਕਸਾਲ ਨੂੰ ਆਪਣੀ ਗੁਰੂ ਨਿੰਦਿਆ ਕਿਉਂ ਨਹੀਂ ਦਿਸੀ, ਸਿਰਫ ਨਿਰੰਕਾਰੀਆਂ ਦੀ ਹੀ ਕਿਉਂ ਦਿਸੀ ?

ਅਸੀਂ ਵੀ ਖਾਲਿਸਤਾਨੀ ਹਾਂ, ਖਾਲਸਾ ਰਾਜ ਦੇ ਮੁਦਈ ਹਾਂ। ਪਰ ਇੱਕ ਗਲ ਦਾ ਤੌਖਲਾ ਜ਼ਰੂਰ ਹੈ ਕਿ ਟਕਸਾਲ ਦੇ ਬਣਾਏ ਖਲਿਸਤਾਨ ਅਤੇ ਭਾਜਪਾ ਦੇ ਬਣਾਏ ਹਿੰਦੂ ਰਾਸ਼ਟਰ ਵਿੱਚ ਕੀ ਫਰਕ ਹੋਵੇਗਾ ? ਖਾਲਸਾ ਪੰਥ ਦਾ ਗੁਰਬਾਣੀ ਅਧਾਰਤ ਖਾਲਸਾ ਰਾਜ ਦਾ ਸੰਕਲਪ ਤੱਦ ਤੱਕ ਪੂਰਾ ਨਹੀਂ ਹੋਵੇਗਾ, ਜਦ ਤੱਕ ਬਿਪਰਵਾਦੀ ਟਕਸਾਲੀ ਅਮਰਵੇਲ ਨੂੰ ਗੁਰੂ ਨਾਨਕ ਦੇ ਸਾਜੇ ਨਿਆਰੇ ਗੁਰਬਾਣੀ ਰੂਪੀ ਦਰਖਤ ਤੋਂ ਹਟਾ ਨਹੀਂ ਦਿਤਾ ਜਾਂਦਾ।


ਜੇ ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ।


ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org  and cannot be held responsible for their views.  Read full details....

Go to Top