Share on Facebook

Main News Page

ਗੁਰ ਬਿਲਾਸ ਪਾਤਸ਼ਾਹੀ ੬ ਦੇ ਸੰਦਰਭ ਵਿੱਚ ਡਾ. ਅਮਰਜੀਤ ਸਿੰਘ ਦੇ ਨਾਮ ਪੱਤਰ
-: ਸਰਵਜੀਤ ਸਿੰਘ ਸੈਕਰਾਮੈਂਟੋ

ਡਾ. ਅਮਰਜੀਤ ਸਿੰਘ ਜੀ,

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫ਼ਤਿਹ।

ਵਿਸ਼ਾ:- ਗੁਰ ਬਿਲਾਸ ਪਾਤਸ਼ਾਹੀ ੬
ਮਿਤੀ:- ਮਾਰਚ 17, 2017 ਈ:

ਡਾ. ਅਮਰਜੀਤ ਸਿੰਘ ਜੀ ਆਪ ਨੂੰ ਯਾਦ ਹੋਵੇਗਾ ਕਿ ਮਾਰਚ 12, 2017 ਈ: ਦਿਨ ਐਤਵਾਰ ਨੂੰ ਤੁਸੀਂ, ਰੇਡੀਓ ਖ੍ਰਫੀ 1550 ਅੰ (ਪੁਰਾਣਾ ਨਾਮ ‘ਸ਼ੇਰ ਏ ਪੰਜਾਬ’) 'ਤੇ ਸ. ਕੁਲਦੀਪ ਸਿੰਘ ਵੱਲੋਂ ਕੀਤੇ ਗਏ ਇਕ ਸਵਾਲ, “ਗੁਰ ਬਿਲਾਸ ਪਾਤਸ਼ਾਹੀ ੬, ਜਿਸ ਦੇ ਤੁਸੀਂ ਸਹਿ ਸੰਪਾਦਕ ਸੀ, ਇਸ ਕਿਤਾਬ ਦੇ ਬੰਦ ਹੋਣ ਦੇ ਕੀ ਕਾਰਨ ਸਨ”? ਤੁਸੀਂ ਕਿਹਾ ਕਿ ਜਦੋਂ ਗਿਆਨੀ ਵੇਦਾਂਤੀ ਜੀ ਅਕਾਲ ਤਖਤ ਸਾਹਿਬ ਦੇ ਜੱਥੇਦਾਰ ਬਣੇ ਤਾਂ ਉਨ੍ਹਾਂ ਨੂੰ ਘੇਰਾ ਪਾਉਣ ਲਈ ਇਹ ਮੁੱਦਾ ਉਲਝਾਇਆ ਗਿਆ। ਇਸ ਚਾਲ ਨੂੰ ਬੇ ਅਸਰ ਕਰਨ ਲਈ ਕਿਤਾਬ ਨੂੰ ਵਾਪਿਸ ਲਿਆ ਗਿਆ ਸੀ। ਤੁਹਾਡੇ ਵੱਲੋਂ ਬੋਲੇ ਗਏ ਹੋਰ ਝੂਠਾਂ ਦੀ ਤਰ੍ਹਾਂ ਇਹ ਜਵਾਬ ਵੀ 100% ਸ਼ੁੱਧ ਝੂਠ ਸੀ। ਤੁਹਾਡੇ ਇਸ ਜਵਾਬ ਤੋਂ ਪਿਛੋਂ, ਮੈਂ ਤੁਹਾਡਾ ਝੂਠ ਨੰਗਾ ਕਰਦਿਆਂ ਇਸ ਕਿਤਾਬ ਤੇ ਪਾਬੰਦੀ ਲੱਗਣ ਦਾ ਅਸਲ ਕਾਰਨ ਸਰੋਤਿਆਂ ਨਾਲ ਸਾਂਝਾ ਕਰਦਿਆਂ ਕਿਹਾ ਸੀ ਕਿ ਇਸ ਕਿਤਾਬ ਵਿੱਚ ਲਿਖਿਆ ਹੋਇਆ ਹੈ ਕਿ “ਗੁਰੂ ਜੀ ਕੌਲਾ ਨੂੰ ਕੱਢ ਕੇ ਲਿਆਏ ਸਨ” ਅਤੇ ਹੇਠ ਲਿਖੀਆਂ ਪੰਗਤੀਆਂ ਇਸ ਕਿਤਾਬ ਵਿਚ ਹਨ;

ਤਿਸੀ ਛਿਨਕ ਮਾਤਾ ਉਦਿਰ ਕੀਨੋ ਪਾਉਨ ਨਿਬਾਸ॥
ਮਾਤਾ ਮਨਿ ਹਰਖਤ ਭਈ ਚਿਤ ਮੈ ਬਢਿਓ ਹੁਲਾਸ॥

ਅਤੇ ਇਨ੍ਹਾਂ ਪੰਗਤੀਆਂ ਦਾ ਮੈਂ ਭਾਵ ਅਰਥ ਵੀ ਦੱਸਿਆ ਸੀ ਕਿ, “ਮਾਤਾ ਗੰਗਾ ਜੀ ਬਾਬਾ ਬੁੱਢਾ ਜੀ ਦੀ ਬੀੜ (ਡੇਰਾ) ਤੋਂ Pregnant ਹੋ ਕੇ ਆਈ ਸੀ”। ਡਾ. ਅਮਰਜੀਤ ਇਹ ਜਵਾਬ ਦੇਵੇ ਕਿ ਕੀ ਇਹ ਸੱਚ ਹੈ ਜਾਂ ਨਹੀਂ?

ਮੇਰੇ ਸਵਾਲ ਦੇ ਜਵਾਬ ਵਿਚ ਤੁਸੀਂ ਕਿਹਾ ਕਿ, “ਇਹ ਇਧਰੋਂ ਉਧਰੋ ਗੱਲ ਫੜਕੇ, ਸੁਣੀ ਸੁਣਾਈ ਜਿਆਦਾ ਕਰਦੇ ਹਨ।... ਬਾਕੀ ਜਿਹੜੀਆਂ ਗੱਲਾਂ ਇਹ ਬੋਲ ਕੇ ਗਏ ਹਨ, ਮੈਂ ਪੜ੍ਹ ਕੇ ਸੁਣਾ ਦਿੰਦਾ ਹਾਂ। ਜਿਥੇ ਇਹ ਪ੍ਰਸੰਗ ਚਲ ਰਿਹਾ, ਉਹ ਦੇ ਥੱਲੇ ਜਿਹੜੇ ਅਰਥ ਲੱਗੇ ਹੋਏ ਹਨ ਉਥੇ ਕੀ ਲਿਖਿਆ ਹੋਇਆ ਹੈ ਉਹ ਪੜ੍ਹ ਕੇ ਵੇਖ ਲੈਣ, ਜਵਾਬ ਆਪਣੇ ਆਪ ਹੀ ਮਿਲ ਜਾਵੇਗਾ। ਗੁਝੀ ਛੰਨੀ ਨਾਹੀ ਬਾਤ ਗੁਰੁ ਨਾਨਕੁ ਤੁਠਾ ਕੀਨੀ ਦਾਤਿ, ਇਹ ਪਾਠ ਹੈ ਗੁਰ ਬਿਲਾਸ ਵਿਚ ਵੀ, ਇਹਦੇ ਥੱਲੇ ਅਰਥ ਲੱਗੇ ਹੋਵੇ ਹਨ। ਇੰਨੀ ਪੜਿਆ ਨਹੀਂ, ਇਹ ਸੁਣੀਆਂ ਸੁਣਾਈਆਂ ਗੱਲਾ ਕਰਦੇ ਹਨ”

ਸ. ਕੁਲਦੀਪ ਸਿੰਘ ਦੇ ਅਗਲੇ ਸਵਾਲ, “ਵੀਰ ਜੀ ਮੈਂ ਇਹ ਜਾਨਣਾ ਚਾਹੁੰਦਾ ਹਾਂ ਕਿ, ਇਹਦੇ ਵਿਚ ਇਹ ਜਿਕਰ ਹੈ ਕਿ ਮਾਤਾ ਗੰਗਾ ਜੀ ਜਦੋਂ ਬਾਬਾ ਬੁੱਢਾ ਜੀ ਕੋਲ ਗਏ, ਉਥੋਂ Pregnant ਹੋ ਕੇ ਆਏ ਸਨ”? ਤਾਂ ਤੁਸੀਂ ਕਿਹਾ, “ਬਿਲਕੁਲ ਨਹੀਂ, ਬਿਲਕੁਲ ਨਹੀਂ। ਇਹ ਤਾਂ ਇਹੀ ਸੋਚ ਸਕਦੇ ਹਨ ਜਿਹੜੇ ਬਹੁਤ ਹੀ ਮੂਰਖਾਨਾ ਗੱਲਾ ਕਰਨ ਵਾਲੇ ਬੰਦੇ ਹਨ, ਜਿਨ੍ਹਾਂ ਨੂੰ ਕੋਈ ਸਮਝ ਨਹੀਂ, ਜੇ ਇਹ ਸ਼ਬਦ ਉਸ ਵਿਚ ਲਿਖੇ ਹੋਏ ਹੋਣ, ਇਹ ਤੁਸੀਂ ਵੀ ਕਹਿੰਦੇ ਹੋ ਕਿ ਤੁਹਾਡੇ ਕੋਲ ਪਈ ਹੈ, ਮੈਂ ਖੋਲ ਕੇ ਪੜ੍ਹ ਕੇ ਸੁਣਾ ਵੀ ਦਿੰਦਾ ਹਾਂ ਉਸ ਪੰਨੇ ਨੂੰ”

ਡਾ ਅਮਰਜੀਤ ਸਿੰਘ ਜੀ, ਤੁਹਾਡਾ ਜਵਾਬ ਸੁਣ ਕੇ ਮੈਨੂੰ ਬਹੁਤ ਦੁਖ ਹੋਇਆ ਸੀ ਕਿ ਕਿਵੇਂ ਇਕ ਅਮ੍ਰਿਤਧਾਰੀ ਸਿੱਖ ਵਿਦਵਾਨ ਅੰਤਰਰਾਸ਼ਟਰੀ ਮੀਡੀਏ ਵਿੱਚ ਝੂਠ ਬੋਲ ਰਿਹਾ ਹੈ! ਤੁਹਾਡੀ ਜਾਣਕਾਰੀ ਲਈ ਬੇਨਤੀ ਹੈ ਕਿ ਜਿਹੜੀਆਂ ਪੰਗਤੀਆਂ ਮੈਂ ਸੁਣਾਈਆਂ ਸਨ ਉਹ ਤੁਹਾਡੇ ਵੱਲੋਂ ਸੰਪਾਦਿਤ ਕੀਤੀ ਗਈ ‘ਗੁਰ ਬਿਲਾਸ ਪਾਤਸ਼ਾਹੀ ੬’ ਦੇ ਪਹਿਲੇ ਅਧਿਆਇ ਵਿਚ ਹੇਠ ਲਿਖੇ ਅਨੁਸਾਰ ਦਰਜ ਹਨ।

ਦੋਹਰਾ॥ ਸੰਮਤ ਸੋਹਰ ਸੈ ਭਏ ਇਕਵੰਜਾ ਉਪ੍ਰਿ ਜਾਨ॥
ਅੱਸੂ ਦਿਨ ਇੱਕੀਸਵੀਂ ਬੁੱਢੇ ਬਚਨ ਬਖਾਨੁ॥
੧੩੭॥

ਤਿਸੀ ਛਿਨਕ ਮਾਤਾ ਉਦਿਰ ਕੀਨੋ ਪਾਉਨ ਨਿਬਾਸ॥
ਮਾਤਾ ਮਨਿ ਹਰਖਤ ਭਈ ਚਿਤ ਮੈ ਬਢਿਓ ਹੁਲਾਸ॥
੧੩੮॥ (ਪੰਨਾ 15)

ਆਓ, ਤੁਹਾਡੇ ਵੱਲੋਂ ਕੀਤੇ ਹੋਏ ਅਰਥ ਵੀ ਵੇਖ ਲਈਏ। ਇਸੇ ਪੰਨੇ 'ਤੇ ਤੁਸੀਂ, ਛਿਨਕ ਦੇ ਅਰਥ ਉਸੀ ਸਮੇਂ, ਉਦਿਰ- ਪੇਟ, ਨਿਵਾਸ- ਹਵਾ ਨੇ ਪ੍ਰਵੇਸ਼ ਕਰ ਲਿਆ, ਹਰਖਤ- ਪ੍ਰਸੰਨ, ਅਤੇ ਹੁਲਾਸ ਦੇ ਅਰਥ ਖੁਸ਼ੀ ਲਿਖੇ ਹਨ। ਇਥੇ ਹੀ ਬੱਸ ਨਹੀਂ, ਤੁਸੀਂ ‘ਪਾਉਨ’ ਦੀ ਵਿਆਖਿਆ ਮਹਾਨ ਕੋਸ਼ ਦੇ ਹਵਾਲੇ ਨਾਲ ਇਨ੍ਹਾਂ ਸ਼ਬਦਾਂ 'ਚ ਕੀਤੀ ਹੈ, “ਪੁਰਾਣਾਂ ਅਨੁਸਾਰ ਇਹ ਖਿਆਲ ਹੈ ਕਿ ਅਵਤਾਰ ਗਰਭ ਵਿੱਚ ਨਹੀਂ ਆਉਂਦਾ, ਕਿੰਤੂ ਮਾਤਾ ਦੇ ਉਦਰ ਵਿਚ ਪੌਣ ਦੇਵਤਾ ਪ੍ਰਵੇਸ਼ ਕਰਦਾ ਹੈ, ਜੋ ਗਰਭ ਦੇ ਸਮੇਂ ਤੀਕ ਪੇਟ ਵਿਚ ਰਹਿ ਕੇ ਐਸੀ ਸੂਰਤ (ਸ਼ਕਲ) ਕਰ ਦਿੰਦਾ ਹੈ ਕਿ ਜਿਸ ਤੋਂ ਲੋਕ ਜਾਣਨ ਕਿ ਮਾਤਾ ਨੂੰ ਗਰਭ ਹੈ। ਦਸਵੇਂ ਮਹੀਨੇ ਪਵਨ ਖ਼ਾਰਿਜ ਹੋ ਜਾਂਦੀ ਹੈ ਅਰ ਦੇਵਤਾ ਬਾਲ ਦੀ ਸ਼ਕਲ ਧਾਰ ਕੇ ਪ੍ਰਗਟ ਹੋ ਜਾਂਦਾ ਹੈ”। (ਪੰਨਾ 15)

ਜਿਹੜੀ ਪੰਗਤੀ ਤੁਸੀਂ ਉਚਾਰਨ ਕੀਤੀ ਸੀ, “ਗੁਝੀ ਛੰਨੀ ਨਾਹੀ ਬਾਤ ਗੁਰੁ ਨਾਨਕੁ ਤੁਠਾ ਕੀਨੀ ਦਾਤਿ” (ਮਹਲਾ ੫, ਪੰਨਾ 396) ਮੈਂ ਨੇੜੇ ਦੀਆਂ ਐਨਕਾਂ ਲਾ ਕੇ ਪੰਨਾ ਨੰਬਰ 15 ਪੜਿਆ, ਮੈਨੂੰ ਕਿਤੇ ਨਜ਼ਰ ਨਹੀਂ ਆਈ। ਜੇ ਤੁਹਾਡੇ ਮੁਤਾਬਕ ਇਹ ਪੰਗਤੀ ਇਸੇ ਪੰਨੇ ਤੇ ਹੈ ਤਾਂ, ਮੈਨੂੰ ਮੂਰਖ ਦੀ ਉਪਾਧੀ ਨਾਲ ਨਿਵਾਜਣ ਵਾਲੇ ਦੁਨਿਆਵੀ ਡਿਗਰੀਆਂ ਨਾਲ ਸ਼ਿੰਗਾਰੇ ਹੋਏ ਵਿਦਵਾਨ ਜੀਓ, ਮੇਰੀ ਜਾਣਕਾਰੀ ਵਿੱਚ ਵਾਧਾ ਕਰਨਾ ਜੀ।

ਡਾ ਅਮਰਜੀਤ ਸਿੰਘ ਜੀ, ਕੀ ਹੇਠ ਲਿਖੀਆਂ ਗੱਲਾਂ ਤੁਹਾਡੇ ਵੱਲੋਂ ਸੰਪਾਦਿਤ ਕੀਤੀ ਗਈ ‘ਗੁਰ ਬਿਲਾਸ ਪਾਤਸ਼ਾਹੀ ੬’ ਵਿੱਚ ਦਰਜ ਨਹੀਂ ਹਨ?

 1. ਇਹ ਸੱਚ ਨਹੀਂ ਹੈ ਕਿ, ਇਸ ਕਿਤਾਬ ਦੀ ਭੂਮਿਕਾ ਵਿਚ 12 ਪ੍ਰਸੰਸਾ ਪੱਤਰ ਲੱਗੇ ਹਨ?

 2. ਕੀ ਇਹ ਦਰਜ ਨਹੀਂ ਹੈ ਕਿ, ਮਾਤਾ ਗੰਗਾ ਜੀ ਨੂੰ ਬਾਬੇ ਬੁੱਢੇ ਨੇ ਸਰਾਪ ਦੇ ਦਿੱਤਾ ਸੀ?

 3. ਕੀ ਇਹ ਦਰਜ ਨਹੀਂ ਹੈ ਕਿ, 10 ਮਹੀਨੇ ਪਿਛੋਂ “ਚਰਤੁ ਭੁਜ”, ਜਿਸ ਦੇ ਅਰਥ ਤੁਸੀਂ “ਚਾਰ ਬਾਹਵਾਂ ਵਾਲੇ” ਲਿਖੇ ਹਨ, ਬਾਲਕ ਪੈਦਾ ਹੋਇਆ ਸੀ? (ਪੰਨਾ 19)

 4. ਕੀ ਇਹ ਦਰਜ ਨਹੀਂ ਹੈ ਕਿ, ਗੁਰੂ ਜੀ ਨੇ ਕੌਲਾ ਨੂੰ ਕਿਹਾ ਸੀ ਕਿ ਬਾਰੀ ਵਿਚ ਨਾ ਬੈਠਿਆ ਕਰ, ਸੰਗਤਾਂ ਦਾ ਮਨ ਭਟਕਦਾ ਹੈ? (ਪੰਨਾ 295)

 5. ਕੀ ਇਹ ਦਰਜ ਨਹੀਂ ਹੈ ਕਿ, ਗੁਰੂ ਜੀ ਨੂੰ ਵੇਖ ਕੇ ਕੌਲਾ ਦਾ ਮਨ ਲਲਚਾਇਆ ਸੀ? (ਪੰਨਾ 296)

 6. ਕੀ ਇਹ ਦਰਜ ਨਹੀਂ ਹੈ ਕਿ, ਕਾਜ਼ੀ ਨੇ ਕਿਹਾ ਸੀ ਕਿ ਹੁਣ ਮੈਂ ਜਵਾਈ ਬਣ ਕੇ ਪੈਸੇ ਲਵਾਂਗਾ?

 7. ਕੀ ਇਹ ਦਰਜ ਨਹੀਂ ਹੈ ਕਿ, ਗੁਰੂ ਜੀ ਨੇ ਕਿਹਾ ਜਵਾਈ ਕੌਣ ਹੋਵੇਗਾ ਸਮਾਂ ਆਉਣ ਤੇ ਤੈਨੂੰ ਪਤਾ ਲਗ ਜਾਵੇਗਾ।

 8. ਕੀ ਇਹ ਦਰਜ ਨਹੀਂ ਹੈ ਕਿ, ਜਦੋਂ ਕਾਜੀ ਪੈਸੇ ਲੈਣ ਆਇਆ ਤਾਂ ਗੁਰੂ ਜੀ ਨੇ ਕੌਲਾਂ ਹੱਥ ਪੈਸੇ ਭੇਜੇ ਸਨ?

 9. ਕੀ ਇਹ ਦਰਜ ਨਹੀਂ ਹੈ ਕਿ, ਆਪਣੀ ਧੀ ਨੂੰ ਵੇਖ ਕੇ ਕਾਜੀ ਤੜਫ ਉਠਿਆ ਸੀ? (ਪੰਨਾ 300)

 10. ਕੀ ਇਹ ਦਰਜ ਨਹੀਂ ਹੈ ਕਿ, ਗੁਰੂ ਹਰਿ ਗੋਬਿੰਦ ਸਾਹਿਬ ਦੇ ਘਰ ਸੇਹਲੀ ਟੋਪੀ, ਸਫੈਦ ਦਾਹੜੇ ਸਮੇਤ ਗੁਰੂ ਨਾਨਕ ਸਾਹਿਬ ਜੀ ਨੇ ਜਨਮ ਲਿਆ ਸੀ ਅਤੇ ਮਾਤਾਵਾਂ ਨੇ ਘੁੰਡ ਕੱਢ ਲਿਆ ਸੀ? (ਪੰਨਾ 330)

 11. ਕੀ ਇਹ ਦਰਜ ਨਹੀਂ ਕਿ ਕੌਲਾਂ ਨੇ ਸੰਤਾਨ ਦੀ ਇੱਛਾ ਜਾਹਿਰ ਕੀਤੀ ਸੀ ਤੇ ਗੁਰੂ ਜੀ ਨੂੰ ਉਲਾਂਭਾ ਦਿੱਤਾ ਕਿ ਤੁਰਕ ਦੀ ਪੁਤਰੀ ਹੋਣ ਕਾਰਨ ਤੁਸੀਂ ਮੈਨੂੰ ਤਿਆਗਿਆ ਹੋਇਆ ਹੈ?

ਡਾ. ਅਮਰਜੀਤ ਸਿੰਘ ਜੀ, ਕੀ ਤੁਸੀਂ ਹੇਠ ਲਿਖੀਆਂ ਪੰਗਤੀਆਂ ਦੇ ਅਰਥ ਕਰਨ ਦੀ ਹਿੰਮਤ ਕਰੋਗੇ?

ਜਾਹਿ ਕੇ ਪੁਤ੍ਰ ਨਹੀਂ ਜਗ ਮੈ, ਸ੍ਰਮ ਪਾਇ ਘਨੋ ਸਮ ਬੰਝ ਅਧੀਨੀ॥
ਭੋਗ ਬਿਨਾ ਸੁਤ ਹੋਤ ਨਹੀਂ, ਇਹ ਜੀਵਨ ਤੇ ਮ੍ਰਿਤੁ ਉੱਤਮ ਕੀਨੀ॥
712॥

ਜੇ ਕਹ ਭੋਗ ਨਹੀਂ ਕਰਤੇ ਗੁਰ, ਕਾਹੇ ਤੇ ਪੁਤ੍ਰ ਸੁ ਚਾਰਿ ਉਪਾਇ॥
ਔਰ ਸੁਤਾ ਸਸਿ ਸੀ ਉਪਜੀ, ਮਨਿ ਐਸ ਚਿਤਾਰ ਘਨੀ ਮੁਰਝਾਈ॥
713॥

ਦਾਸੀ ਬੁਲਾਇ ਨ ਬੋਲਤ ਬੈਨ, ਕਿਸੀ ਬਿਰਥਾ ਚਿੱਤ ਨਾਹਿ ਸੁਨਾਵੈ॥
ਕਾਹੂ ਤੇ ਖੇਦ ਮਿਟਾਤ ਨਹੀਂ, ਸੁਖਸਿੰਧ ਪ੍ਰਭੂ ਦੁਖ ਆਨਿ ਮਿਟਾਵੈ॥
714॥

ਅੰਚਰ ਪਕਰ ਲੀਯੋ ਮਮ ਤੋਰਾਙ ਭਯੋ ਨ ਕਾਜ ਕਛੂ ਜਗਿ ਮੋਰਾ॥
ਜਾਨਿ ਤੁਰਕਨੀ ਮੋਹਿ ਭੁਲਾਇਙ ਕਬੀ ਨ ਸ਼ਿਵ ਅਰਿ ਤੇਜ ਮਿਟਾਇ॥
722॥ (ਪੰਨਾ 377)

ਇਹ ਹੈ ਗਿਆਨੀ ਜੋਗਿੰਦਰ ਸਿੰਘ ਵੇਦਾਂਤੀ ਅਤੇ ਡਾ. ਅਮਰਜੀਤ ਸਿੰਘ ਵੱਲੋਂ ਸੰਪਾਦਿਤ ਕੀਤੀ ਗਈ ਅਤੇ ਧਰਮ ਪ੍ਰਚਾਰ ਕਮੇਟੀ ਵੱਲੋਂ ਪੰਥਕ ਸਰਮਾਏ ਨਾਲ 1998 ਈ: ਵਿੱਚ, ‘ਗੋਲਡਨ ਆਫਸੈਟ ਪ੍ਰੈਸ’ ਵਿੱਚ ਛਾਪੀ ਗਈ ‘ਗੁਰ ਬਿਲਾਸ ਪਾਤਸ਼ਾਹੀ ੬’ 'ਚ ਕੁਝ ਨਮੂਨੇ। ਜਿਸ ਬਾਰੇ ਦੋਵੇਂ ਸੱਜਣ ਲਿਖਦੇ ਹਨ, “ਜੇ ਕਰ ਇਸ ਗ੍ਰੰਥ ਦੀ ਗੁਰਦੁਆਰਿਆਂ ਵਿੱਚ ਮੁੜ ਕਥਾ ਆਰੰਭ ਹੋ ਸਕੇ ਤਾਂ ਅਸੀਂ ਸਮਝਾਂਗੇ ਕਿ ਕੀਤਾ ਕਾਰਜ ਸਾਰਥਕ ਹੋ ਨਿਬੜਿਆ ਹੈ” (ਕੁਝ ਆਪਣੇ ਵੱਲੋਂ, ਪੰਨਾ 52)

ਜਦੋਂ ਇਸ ਕਿਤਾਬ ਦੀ ਸ. ਗੁਰਬਖਸ਼ ਸਿੰਘ ਕਾਲਾ ਅਫ਼ਗਾਨਾ ਜੀ ਨੇ ਗੁਰਬਾਣੀ ਦੀ ਕਸਵੱਟੀ 'ਤੇ ਪਰਖ-ਪੜਚੋਲ ਕਰਕੇ ਇਹ ਮਸਲਾ ਪੰਥ ਦੇ ਸਾਹਮਣੇ ਰੱਖਿਆ ਤਾਂ ਸ਼੍ਰੋਮਣੀ ਕਮੇਟੀ ਨੇ ਇਸ ਕਿਤਾਬ 'ਤੇ 6 ਜਨਵਰੀ 2001 ਈ: ਪਾਬੰਦੀ ਲਾ ਦਿੱਤੀ ਸੀ।

SGPC stops sale of book edited by Vedanti

Tribune News Service AMRITSAR, Jan 6 — The Shiromani Gurdwara Parbandhak Committee has stopped the sale of controversial book "Gur Bilas Patshahi 6", edited by Giani Joginder Singh Vedanti, Jathedar Akal Takht, and an eminent Sikh scholar, Dr Amarjit Singh… The book carries information on the life of the sixth Guru, however, many Sikh scholars raised eyebrows over certain ‘distorted’ facts regarding the life of Guru Hargobind… It is for the first time that the SGPC has stopped the sale of a book edited by any Jathedar.

ਡਾ. ਅਮਰਜੀਤ ਸਿੰਘ ਜੀ, ਮੈਨੂੰ ਪੂਰੀ ਆਸ ਹੈ ਕਿ ਆਪ ਜੀ, ‘ਗੁਰ ਬਿਲਾਸ ਪਾਤਸ਼ਾਹੀ ੬’ ਦੇ ਸਹਿ ਸੰਪਾਦਕ ਹੋਣ ਦੇ ਨਾਤੇ, ਆਪਣੀ ਜ਼ਿੰਮੇਵਾਰੀ ਸਮਝਦੇ ਹੋਏ ਉਪ੍ਰੋਕਤ ਸਵਾਲਾਂ ਸਬੰਧੀ ਆਪਣਾ ਪੱਖ ਪੇਸ਼ ਕਰਦੇ ਸਮੇਂ ਝੂਠ ਦਾ ਸਹਾਰਾ ਨਹੀਂ ਲਵੋਗੇ।

ਹੁੰਗਾਰੇ ਦੀ ਉਡੀਕ 'ਚ

ਸਰਵਜੀਤ ਸਿੰਘ ਸੈਕਰਾਮੈਂਟੋ

  ਕਾਲਪਨਿਕ ਕੌਲਾਂ ਬਾਰੇ ਵਰਣਨ

ਜੇ ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ।


ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org  and cannot be held responsible for their views.  Read full details....

Go to Top