Share on Facebook

Main News Page

ਕਿੰਤੂ ਪਰੰਤੂ ਕੌਣ ਕਰਦਾ ਹੈ ?
-: ਸੰਪਾਦਕ ਖ਼ਾਲਸਾ ਨਿਊਜ਼

ਜਦੋਂ ਵੀ ਕੋਈ ਗੁਰਬਾਣੀ ਦੇ ਆਧਾਰ 'ਤੇ ਸੱਚਾਈ ਪ੍ਰਗਟ ਕਰਦਾ ਹੈ, ਤਾਂ ਸੀਨਾ ਬਸੀਨਾ ਦਾ ਰੱਟਾ ਡਾਹੁਣ ਵਾਲੇ ਲੋਕ ਉਨ੍ਹਾਂ ਨੂੰ ਕਿੰਤੂ ਪਰੰਤੂ ਕਰਣ ਵਾਲਾ ਕਹਿ ਕੇ ਭੰਡਣ ਦੀ ਕੋਸ਼ਿਸ਼ ਕਰਦੇ ਹਨ... ਆਓ ਦੇਖੀਏ ਕਿੰਤੂ ਪਰੰਤੂ ਕਰਦਾ ਕੌਣ ਹੈ?

ਸਿੱਖਾਂ ਵਿੱਚ ਗੁਰਬਾਣੀ ਪੜ੍ਹਨ ਸੁਣਨ ਦਾ ਰੁਝਾਨ ਭਾਂਵੇਂ ਹੈ, ਪਰ ਸਮਝਣ, ਵੀਚਾਰਣ ਅਤੇ ਜੀਵਨ 'ਤੇ ਲਾਗੂ ਕਰਣ ਦੀ ਆਦਤ ਹਾਲੇ ਤੱਕ ਵਿਰਲਿਆਂ ਵਿੱਚ ਹੀ ਬਣੀ ਹੈ। ਅਖੰਡ ਪਾਠ, ਸੰਪਟ ਪਾਠ, ਮਹਾਂ ਸੰਪਟ ਪਾਠ... ਜੋ ਕਿ ਅਸਲ ਵਿੱਚ "ਲੁੱਟ ਪਾਠ" ਹਨ, ਨੇ ਸਿੱਖਾਂ ਦਾ ਕੁੱਝ ਨਹੀਂ ਸਵਾਰਿਆ, ਸਿਵਾਏ ਗੋਲਕਦੁਅਰਿਆਂ, ਸਾਧਾਂ ਦੇ ਡੇਰਿਆਂ ਦੀ ਇਮਾਰਤਾਂ ਨੂੰ ਵੱਡਾ ਤੇ ਪ੍ਰਬੰਧਕਾਂ ਤੇ ਸਾਧਾਂ ਨੂੰ ਮਾਲਮਾਲ ਜ਼ਰੂਰ ਕਰ ਗਿਆ।

ਗੁਰਬਾਣੀ ਦੀ ਸਮਝ ਨਾ ਹੋਣ ਕਰਕੇ ਹੀ ਗੱਪ ਕਹਾਣੀਆਂ, ਗੁਰਮਤਿ ਵਿਰੋਧੀ ਸਾਖੀਆਂ, ਕਥਿਤ ਇਤਿਹਾਸ ਪ੍ਰਚਲਿਤ ਹੋਇਆ, ਤੇ ਇਨ੍ਹਾਂ ਦੇ ਆਧਾਰ 'ਤੇ ਹੀ ਕਥਿਤ ਧਾਰਮਕਿ ਅਸਥਾਨ ਬਣਾ ਲਏ ਗਏ, ਜਿਨ੍ਹਾਂ ਨੂੰ ਇਤਿਹਾਸਿਕ ਗੁਰਦੁਆਰੇ ਪ੍ਰਚਲਿਤ ਕੀਤਾ ਗਿਆ।

ਸੌ ਵਾਰੀ ਬੋਲਿਆ ਗਿਆ ਝੂਠ ਭਾਂਵੇਂ ਸੱਚ ਨਹੀਂ ਬਣ ਜਾਂਦਾ, ਪਰ ਸਿੱਖਾਂ ਨੇ ਇਸ ਪ੍ਰਚਾਰੇ ਗਏ ਝੂਠ ਨੂੰ ਹੀ ਸੱਚ ਮੰਨ ਲਿਆ, ਕਥਿਤ ਇਤਿਹਾਇਕ ਅਸਥਾਨਾਂ ਨੂੰ ਪ੍ਰਮਾਣਿਕ ਮੰਨ ਲਿਆ।

ਸਾਰੇ ਹੀ ਇਤਿਹਾਸਿਕ ਅਸਥਾਨ ਗਲਤ ਨਹੀਂ, ਪਰ ਬਹੁਤਾਤ ਹਨ, ਜਿਹੜੇ ਸਿਰਫ ਝੂਠੀਆਂ ਸਾਖੀਆਂ ਦੇ ਸਹਾਰੇ ਹੀ ਪ੍ਰਚਲਿਤ ਹੋ ਗਏ ਤੇ ਹੁਣ ਜਦੋਂ ਹੁਣ ਜਿਹੜੇ ਸਿੱਖ ਜਾਂ ਪ੍ਰਚਾਰਕ ਗੁਰਬਾਣੀ ਨੂੰ ਸਮਝ ਕੇ ਇਨ੍ਹਾਂ ਸਾਖੀਆਂ ਨੂੰ ਗੁਰਬਾਣੀ ਦੀ ਕਸਵੱਟੀ 'ਤੇ ਪਰਖਦੇ ਹਨ, ਤਾਂ ਸਦੀਆਂ ਤੋਂ ਭਰਮਾਂ ਦੀ ਪਰਤ ਹੇਠ ਜੀਅ ਰਹੇ ਭਰਮੀ ਲੋਕ ਚੀਕ ਚਿਹਾੜਾ ਪਾ ਰਹੇ ਹਨ, ਤੇ ਇਸ ਨੂੰ ਇਤਿਹਾਸ 'ਤੇ ਕਿੰਤੂ ਪਰੰਤੂ ਕਰਾਰ ਦਿੰਦੇ ਹਨ।

ਕੁੱਝ ਕੁ ਸਾਖੀਆਂ ਜਿਵੇਂ :

- ਗੁਰੂ ਨਾਨਕ ਸਾਹਿਬ 'ਤੇ ਸੱਪ ਦੀ ਛਾਂ, ਪਿਤਾ ਕਾਲੂ ਵੱਲੋਂ ਥੱਪੜ ਮਾਰਨਾ, ਰੋਟੀਆਂ 'ਚੋਂ ਦੁੱਧ ਤੇ ਖੂਨ ਨਿਕਲਣਾ, ਮੱਕਾ ਘੁਮਾਉਣਾ, ਇੱਕ ਹੱਥ ਨਾਲ ਪਹਾੜ ਤੋਂ ਰਿੜਦੇ ਵੱਡੇ ਪੱਥਰ ਨੂੰ ਰੋਕਣਾ, ਜੋਤੀ ਜੋਤ ਸਮਾਉਣ 'ਤੇ ਫੁੱਲਾਂ 'ਚ ਬਦਲ ਜਾਣਾ ਆਦਿ...

- ਗੁਰੂ ਅੰਗਦ ਸਾਹਿਬ ਦੇ ਕਹਿਣ 'ਤੇ ਹੁਮਾਯੂੰ ਦਾ ਹੱਥ ਤਲਵਾਰ ਨਾਲ ਚਿਪਕ ਜਾਣਾ...

- ਗੁਰੂ ਅਮਰਦਾਸ ਸਾਹਿਬ ਦਾ ਸਿਰ ਨਾ ਨਹਾਉਣਾ ਤੇ ਸਿਰ 'ਚ ਕੀੜੇ ਪੈ ਜਾਣਾ...

- ਗੁਰੂ ਰਾਮਦਾਸ ਸਾਹਿਬ ਵੱਲੋਂ ਮਨਘੜੰਤ ਰਜਨੀ ਦੇ ਕਹਿਣ 'ਤੇ ਅੰਮ੍ਰਿਤ ਸਰੋਵਰ ਦੀ ਸਥਾਪਨਾ ਕਰਨੀ...

- ਗੁਰੂ ਅਰਜਨ ਸਾਹਿਬ ਦੀ ਸ਼ਹੀਦੀ ਨੂੰ ਸਿਰਫ ਚੰਦੂ ਦੀ ਬੇਟੀ ਨਾਲ ਵਿਆਹ ਨਾ ਕਰਵਾਉਣ ਦਾ ਕਾਰਣ ਲਿਖਣਾ, ਮਾਤਾ ਗੰਗਾ ਨੂੰ ਬਾਬਾ ਬੁੱਢਾ ਜੀ ਕੋਲ ਭੇਜਣਾ ਤੇ ਗੁਰੂ ਹਰਗੋਬਿੰਦ ਸਾਹਿਬ ਦਾ ਜਨਮ ਦਾ ਕਾਰਣ ਬਾਬਾ ਬੁੱਢਾ ਜੀ ਵੱਲੋਂ ਦਿੱਤਾ ਕਥਿਤ ਆਸ਼ਿਰਵਾਦ ਦੱਸਣਾ...

- ਗੁਰੂ ਹਰਕਿਸ਼ਨ ਸਾਹਿਬ ਦਾ ਦਿੱਲੀ 'ਚ ਫੈਲੀ ਚੇਚਕ ਨੂੰ ਆਪਣੇ ਉਪਰ ਲੈਣਾ, ਫਿਰ ਆਪਣੇ ਅੰਤ ਸਮੇਂ ਅਗਲੇ ਗੁਰੂ ਬਾਰੇ ਪੁੱਛਣ 'ਤੇ ਸਿਰਫ "ਬਾਬਾ ਬਕਾਲੇ" ਕਹਿਣ ਵਾਲੀ ਸਾਖੀ ਘੜਨੀ...

- ਬਾਬਾ ਮੱਖਣ ਸ਼ਾਹ ਲੁਬਾਣਾ ਬਾਰੇ ਗਲਤ ਪ੍ਰਚਾਰ ਕਰਨਾ, ਗੁਰੂ ਤੇਗ ਬਹਾਦਰ ਸਾਹਿਬ ਨੂੰ 26 ਸਾਲਾਂ ਤੋਂ ਵੱਧ ਸਮਾਂ ਭੋਰੇ 'ਚ ਵਾੜੀ ਰੱਖਣਾ, ਤੇ ਇਸੇ ਭੋਰੇ ਨੂੰ ਭੋਰਾ ਸਾਹਿਬ ਪ੍ਰਚਾਰਨਾ...

- ਗੁਰੂ ਗੋਬਿੰਦ ਸਿੰਘ ਜੀ ਦੇ ਨਾਮ 'ਤੇ ਤਾਂ ਅੱਤ ਹੀ ਚੱਕ ਦਿੱਤੀ... ਉਨ੍ਹਾਂ ਦੇ ਨਾਮ ਹੇਠ ਜਾਅਲੀ ਗ੍ਰੰਥ "ਬਚਿੱਤਰ ਨਾਟਕ ਗ੍ਰੰਥ ਤੇ ਹੋਰ ਕੂੜ ਕਬਾੜ ਗ੍ਰੰਥ ਮੱੜ ਦੇਣੇ... ਉਸੇ ਗ੍ਰੰਥ ਵਿੱਚੋਂ ਹੇਮਕੁੰਟ ਨਾਂ ਦੇ ਫਰਜ਼ੀ ਅਸਥਾਨ ਦਾ ਨਿਰਮਾਣ ਕਰਨਾ...

ਤੇ ਹਾਲੇ ਇਹ ਤਾਂ ਕੁੱਝ ਕੁ ਹੀ ਉਦਾਹਰਣ ਦਿੱਤੇ ਹਨ... ਬਾਕੀ ਹੋਰ ਬੇਅੰਤ ਫਰਜ਼ੀ ਅਸਥਾਨ ਬਣ ਚੁਕੇ ਹਨ, ਜਿਨ੍ਹਾਂ ਤੋਂ ਪਹਿਲਾਂ ਸਾਖੀ ਘੜੀ ਗਈ ਫਿਰ ਅਸਥਾਨ ਜਿਵੇਂ ... ਪੰਜਾ ਸਾਹਿਬ, ਸੰਨ੍ਹ ਸਾਹਿਬ, ਝੂਲਣੇ ਮਹਿਲ, ਦੁੱਖ ਭੰਜਨੀ ਬੇਰੀ ਆਦਿ...

ਹੋਰ ਤਾਂ ਹੋਰ ਗੁਰਬਾਣੀ ਦੇ ਗਲਤ ਅਰਥ ਕਰਕੇ ਵੀ ਸਾਖੀਆਂ ਘੜੀਆਂ ਗਈਆਂ... ਕਿਸ ਕਿਸ ਦੀ ਗੱਲ ਕਰੀਏ, ਇਥੇ ਤਾਂ ਆਵਾ ਹੀ ਊਤ ਚੁਕਿਆ ਹੈ।

ਤੇ ਜਿਹੜਾ ਇਨ੍ਹਾਂ ਸਾਖੀਆਂ, ਕਥਿਤ ਇਤਿਹਾਸ ਨੂੰ ਗੁਰਬਾਣੀ ਦੇ ਆਧਾਰ ਤੇ ਤੱਥਾਂ ਦੇ ਆਧਾਰ 'ਤੇ ਪ੍ਰਚਾਰੇ ਤੇ ਲੋਕਾਂ ਨੂੰ ਅਸਲੀਯਤ ਦੱਸੇ... ਉਹ ਕਿੰਤੂ ਪਰੰਤੂ ਕਰਣਾ ਵਾਲਾ।

ਸੱਚ.... ਕਿੰਤੂ-ਪਰੰਤੂ ਤੇ ਸ਼ੰਕਾ ਨਹੀਂ ਹੁੰਦਾ। ਗੁਰਬਾਣੀ ਸੱਚ ਹੈ, ਤੇ ਸਾਖੀਆਂ ਘੜੀਆਂ ਗਈਆਂ ਹਨ। ਗੁਰਬਾਣੀ ਦੀ ਰੌਸ਼ਨੀ ਵਿੱਚ ਸਾਖੀਆਂ ਜਾਂ ਇਤਿਹਾਸ ਨੂੰ ਵਾਚੋਗੇ ਤਾਂ ਦੁੱਧ ਦਾ ਦੁੱਧ.... ਤੇ ਪਾਣੀ ਦਾ ਪਾਣੀ ਹੋ ਜਾਵੇਗਾ। ਇਹ ਜ਼ਰੂਰੀ ਨਹੀਂ ਕਿ ਸਦੀਆਂ ਤੋਂ ਭਰਮਾਂ ਦੀ ਪਈ ਪਰਤ ਨਾਲ ਸੁਣੀਆਂ ਜਾਂ ਲਿਖਿਆਂ ਸਾਖੀਆਂ ਸਹੀ ਹਨ.... ਗੁਰਬਾਣੀ ਨੂੰ ਕਸੱਵਟੀ ਬਣਾ ਕੇ ਦੇਖੋ...... ਬਹੁਤਾਤ ਸਾਖੀਆਂ ਗੱਪਾਂ ਤੋਂ ਵੱਧ ਕੱਖ ਨਹੀਂ ਨਿਕਲਣੀਆਂ।

ਕਿੰਤੂ ਪਰੰਤੂ ਉਹ ਕਰਦੇ ਹਨ, ਜਿਹੜੇ ਗੁਰਬਾਣੀ ਤੇ ਤੱਥਾਂ ਨੂੰ ਅੱਖੋਂ ਪਰੋਖੇ ਕਰਕੇ ਮਿਥਿਹਾਸਕ ਗੱਪ ਕਹਾਣੀਆਂ ਨੂੰ ਸੱਚ ਸਮਝ ਰਹੇ ਨੇ, ਤੇ ਸੱਚ ਬੋਲਣ ਵਾਲਿਆਂ ਖਿਲਾਫ ਅਸਿਭਯਕ ਭਾਸ਼ਾ ਦਾ ਪ੍ਰਯੋਗ ਕਰਕੇ ਲੜਾਈ ਝਗੜਾ ਖੜਾ ਕਰ ਰਹੇ ਨੇ। ਗੁਰਬਾਣੀ ਦਾ ਫੁਰਮਾਨ ਹੈ:

ਆਸਾ ਮਹਲਾ 5 ॥
ਹਰਿ ਰਸੁ ਛੋਡਿ ਹੋਛੈ ਰਸਿ ਮਾਤਾ ॥ ਘਰ ਮਹਿ ਵਸਤੁ ਬਾਹਰਿ ਉਠਿ ਜਾਤਾ ॥1॥
ਸੁਨੀ ਨ ਜਾਈ ਸਚੁ ਅੰਮ੍ਰਿਤ ਕਾਥਾ ॥ ਰਾਰਿ ਕਰਤ ਝੂਠੀ ਲਗਿ ਗਾਥਾ ॥1॥ ਰਹਾਉ ॥

ਝੂਠੀਆਂ ਗਾਥਾਵਾਂ (ਕਹਾਣੀਆਂ) ਦੇ ਪਿੱਛੇ ਲੱਗੇ ਲੋਕ ਝਗੜਾ ਖੜਾ ਕਰਦੇ ਹਨ... ਤੇ ਕਿੰਤੂ ਪਰੰਤੂ ਇਹ ਲੋਕ ਕਰਦੇ ਹਨ, ਨਾ ਕਿ ਗੁਰੂ ਦਾ ਫੁਰਮਾਨ ਲੋਕਾਈ 'ਚ ਪਹੁੰਚਾਉਣ ਵਾਲੇ।


ਜੇ ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ।


ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org  and cannot be held responsible for their views.  Read full details....

Go to Top