Share on Facebook

Main News Page

ਕਾਮ ਵਿਸ਼ੇ ਦੀ ਸਾਰਥਕ ਵਿਆਖਿਆ
-:
ਅਵਤਾਰ ਸਿੰਘ ਮਿਸ਼ਨਰੀ  510 432 5827

ਪੰਜ ਵਿਸ਼ੇ ਕਾਮ, ਕ੍ਰੋਧ, ਲੋਭ, ਮੋਹ ਅਤੇ ਹੰਕਾਰ ਮੰਨੇ ਗਏ ਹਨ। ਆਪਾਂ ਸਿਲਸਲੇ ਵਾਰ ਇਨ੍ਹਾਂ ਦੀ ਵਿਆਖਿਆ ਕਰਦੇ ਹਾਂ।

 

ਕਾਮ ਦੇ ਅੱਖਰੀ ਅਰਥ ਵੱਖ ਵੱਖ ਹਨ ਜਿਵੇਂ- ਆਹਰ, ਕੰਮ, ਕਾਰਜ, ਹਿੱਤ, ਲਾਭ, ਕਾਮਨਾ, ਮਨੋਰਥ, ਸੰਕਲਪ, ਸੁੰਦਰਤਾ, ਇਛਾ, ਵਾਸ਼ਨਾ, ਭੋਗ, ਬਿੰਦ, ਵੀਰਜ ਅਤੇ ਵਿਭਚਾਰਕ ਆਦਿਕ।

 

ਕੰਮ, ਕਾਰਜ ਅਤੇ ਆਹਰ- ਗੁਰ ਸਤਿਗੁਰ ਸੇਵਾ ਲਾਇ ਹਮ ਕਾਮ॥ (੧੬੬) ਬੁਰੇ ਕਾਮ ਕਉ ਊਠਿ ਖਲੋਇਆ॥ ਨਾਮ ਕੀ ਬੇਲਾ ਪੈ ਪੈ ਸੋਇਆ॥(੭੩੯) 

 

ਹਿੱਤ ਤੇ ਲਾਭ- ਅਵਰਿ ਕਾਜ ਤੇਰੈ ਕਿਤੈ ਨ ਕਾਮ॥ (੧੨) ਤੇਰੇ ਹਿੱਤ ਜਾਂ ਲਾਭ ਵਿੱਚ ਨਹੀਂ। 

 

ਮਨੋਰਥ, ਇਛਾ ਤੇ ਸੰਕਲਪ- ਪਾਇਆ ਲਾਹਾ ਲਾਭੁ ਨਾਮੁ ਪੂਰਨ ਹੋਏ ਕਾਮ॥ (੪੬) ਪੂਰਨ ਹੋਏ ਸਗਲੇ ਕਾਮ॥ (੧੯੫) ਅਤੇ ਪੂਰਨ ਹੋਵਹਿ ਮਨ ਕੇ ਕਾਮ॥ (੭੪੩) ਇਨ੍ਹਾਂ ਪੰਗਤੀਆਂ ਵਿੱਚ ਕਾਮ ਦੇ ਅਰਥ ਮਨੋਰਥ, ਇਛਾ ਤੇ ਸੰਕਲਪ ਹਨ। 

 

ਭੋਗ, ਕਾਮਨਾ, ਮੈਥਨੁ- ਕਾਮ ਕ੍ਰੋਧ ਮਦਿ ਬਿਆਪਿਆ ਫਿਰਿ ਫਿਰਿ ਜੋਨੀ ਪਾਇ॥ (੫੦) ਮੂਰਖ ਭੋਗੇ ਭੋਗੁ ਦੁਖ ਸਬਾਇਆ॥ (੧੩੯) 

 

ਇਸਤਰੀ ਪੁਰਖ ਦਾ ਵਿਲਾਸੀ ਸੰਗਮ-ਜੇ ਲਖ ਇਸਤਰੀਆ ਭੋਗ ਕਰਹਿ ਨਵ ਖੰਡ ਰਾਜੁ ਕਮਾਹਿ॥ (੧੬) ਕਿਆ ਕਪੜੁ ਕਿਆ ਸੇਜ ਸੁਖਾਲੀ ਕੀਜਹਿ ਭੋਗ ਬਿਲਾਸ॥ (੧੪੨) ਨਾਮੁ ਬਿਸਾਰਿ ਕਰੇ ਰਸ ਭੋਗ॥ ਸੁਖੁ ਸੁਪਨੈ ਨਹੀ ਤਨ ਮਹਿ ਰੋਗ॥ (੨੪੦) ਭੋਗਹਿ ਭੋਗ ਅਨੇਕ ਵਿਣੁ ਨਾਵੈ ਸੁੰਞਿਆ॥ (੩੯੮) ਖਸਮੁ ਵਿਸਾਰਿ ਕੀਏ ਰਸ ਭੋਗ॥ ਤਾਂ ਤਨਿ ਉਠਿ ਖਲੋਏ ਰੋਗ॥(੧੨੫੬) 

 

ਭੋਗ ਵਿਲਾਸ ਕਰਕੇ- ਢਕਿ ਲੈ ਚਲੀ ਚੂਹੜੀ ਕਰਿ ਭੋਗ ਬਿਲਾਸੁ।(ਵਾਰ ੩੫, ਭਾ.ਗੁ) 

 

ਬਿੰਦ, ਵੀਰਜ-ਬਨਵਾਸ, ਡੂਗਰਵਾਸ, ਹਠ, ਨਿਗ੍ਰਹ ਅਤੇ ਤੀਰਥ ਇਸ਼ਨਾਨ ਆਦਿਕ ਜਤਨ ਮਨੁੱਖ ਕਰਦਾ ਹੈ, ਪਰ ਅਜਿਹੇ ਕਿਸੇ ਵੀ ਤਰੀਕੇ ਨਾਲ ਕਾਮ-ਵਾਸ਼ਨਾ ਰੋਕੀ ਨਹੀਂ ਜਾ ਸਕਦੀ- ਜਤਨ ਕਰੈ ਬਿੰਦੁ ਕਿਵੇਂ ਨ ਰਹਾਈ॥ (੯੦੬) ਬਿੰਦ ਨੂੰ ਜਿੰਨ੍ਹਾਂ ਮਰਜੀ ਦਬਾਈਏ, ਸਾਂਭ ਕੇ ਰੱਖੀਏ, ਇਸ ਨਾਲ ਪਰਮਗਤੀ ਪ੍ਰਾਤਪ ਨਹੀਂ ਹੁੰਦੀ- ਬਿੰਦੁ ਰਾਖਿ ਜੌ ਤਰੀਐ ਭਾਈ ਖੁਸਰੈ ਕਿਉਂ ਨ ਪਰਮ ਗਤਿ ਪਾਈ॥ (੩੨੪) ਰਕਤੁ ਬਿੰਦੁ ਕਾ ਇਹੁ ਤਨੋ ਅਗਨੀ ਪਾਸਿ ਪਿਰਾਣੁ॥ (੬੩) 

 

ਆਪਾਂ ਅੱਜ ਜਿਸ ਵਿਸ਼ੇ ਦੀ ਗੱਲ ਕਰ ਰਹੇ ਹਾਂ ਉਹ ਕਾਮ-ਵਿਸ਼ੇ ਨਾਲ ਸਬੰਧਤ ਤੇ ਇਸ ਦੇ ਦੋ ਪੱਖ ਹਨ। ਪਹਿਲਾ ਪ੍ਰਵਾਰਕ ਤੇ ਦੂਜਾ ਵਿਭਚਾਰਕ।ਦੁਨੀਆਂ ਦੇ ਹਰੇਕ ਨਰ ਮਾਦਾ ਵਿੱਚ ਇਹ ਵਿਸ਼ਾ ਪਾਇਆ ਜਾਂਦਾ ਹੈ। ਭਾਵੇਂ ਉਹ ਬਨਾਸਪਤੀ, ਜਾਨਵਰ, ਪਸ਼ੂ ਅਤੇ ਇਨਸਾਨ ਹੋਵਣ। ਕਰਤਾ ਖੁਦ ਸੰਸਾਰ ਨੂੰ ਪੈਦਾ ਕਰਨ ਵਾਲਾ ਅਤੇ ਉਸ ਦੀ ਕੁਦਰਤ ਵੀ ਅੱਗੇ ਉਸ ਦੇ ਹੁਕਮ ਵਿੱਚ ਇਹ ਕੰਮ ਕਰ ਰਹੀ ਹੈ। ਸੰਸਾਰ ਨੂੰ ਅੱਗੇ ਚਲਦਾ ਰੱਖਣ ਲਈ ਇਹ ਵਿਸ਼ਾ ਜਾਂ ਜਜਬਾ ਉਸ ਨੇ ਹਰੇਕ ਜੀਵ ਅੰਦਰ ਪਾਇਆ, ਨਰ ਅਤੇ ਮਾਦਾ ਪੈਦਾ ਕੀਤੇ। ਨਰ ਅਤੇ ਮਾਦਾ ਸਮਿਲਤ ਹੋ, ਇਸ ਵਿਸ਼ੇ ਅਨੰਦ ਰਾਹੀਂ ਅੱਗੇ ਬੱਚੇ ਪੈਦਾ ਕਰਦੇ ਹਨ। ਪਸ਼ੂ-ਪੰਛੀਆਂ ਵਿੱਚ ਪਤੀ-ਪਤਨੀ ਵਾਲੀ ਬੰਦਸ਼ ਨਹੀਂ ਪਰ ਇਨਸਾਨ ਜਦ ਦਾ ਸਭਿਅਕ ਹੋਇਆ, ਉਸ ਨੇ ਇਸ ਵਿਸ਼ੇ ਨੂੰ ਕੰਟਰੋਲ ਤੇ ਇਸ ਦੀ ਠੀਕ ਵਰਤੋਂ ਕਰਨ ਵਾਸਤੇ, ਪ੍ਰਵਾਰਕ ਵਾਧੇ ਅਤੇ ਇਸ ਦੀ ਯੋਗ ਵਰਤੋਂ ਕਰਨ ਲਈ, ਗ੍ਰਿਹਸਤ ਦੀ ਮਰਯਾਦਾ ਬਣਾਈ ਹੈ। ਇਸ ਨਾਲ ਸੰਸਾਰ ਦਾ ਬੈਲੰਸ ਬਣਿਆਂ ਰਹਿੰਦਾ ਹੈ।

 

ਇਸ ਦਾ ਦੂਜਾ ਪਾਸਾ ਵਿਭਚਾਰਕ ਹੈ- ਲੋੜ ਤੋਂ ਵੱਧ ਵਿਸ਼ੇ ਭੋਗਣਾ, ਇਸ ਲੜੀ ਵਿੱਚ ਆਉਂਦਾ ਹੈ। ਪਾਮਰ ਮਨੁੱਖ ਅੱਗੇ ਲੱਖਾਂ ਮਰਦਾਂ ਇਸਤਰੀਆਂ ਨਾਲ ਮਨ ਚਾਹੇ ਵਿਸ਼ੇ ਭੋਗਦਾ ਪਰ ਫਿਰ ਵੀ ਰੱਜਦਾ ਨਹੀਂ ਭਾਵ ਤ੍ਰਿਪਤ ਨਹੀਂ ਹੁੰਦਾ- ਜੇ ਲਖ ਇਸਤਰੀਆ ਭੋਗ ਕਰਹਿ ਨਵ ਖੰਡ ਰਾਜੁ ਕਮਾਹਿ॥ ਬਿਨੁ ਸਤਗੁਰ ਸੁਖੁ ਨ ਪਾਵਈ ਫਿਰਿ ਫਿਰਿ ਜੋਨੀ ਪਾਹਿ॥ (੧੬) ਕਾਮ ਵਿਸ਼ੇ ਦੀ ਦੁਰਵਰਤੋਂ ਕਰਨ ਨਾਲ, ਇਨਸਾਨ ਜਿੱਥੇ ਸਭਿਅਕ ਸਮਾਜ ਵਿੱਚ ਸ਼ਰਮਿੰਦਾ ਹੁੰਦਾ ਤੇ ਕਈ ਵਾਰ ਮੂੰਹ ਵਿਖਾਉਣ ਜੋਗਾ ਨਹੀਂ ਰਹਿੰਦਾ ਓਥੇ ਅਨੇਕ ਤਰ੍ਹਾਂ ਦੇ ਰੋਗ ਵੀ ਸਹੇੜ ਲੈਂਦਾ ਜਿਨ੍ਹਾਂ ਚੋਂ ਏਡਜ ਇੱਕ ਮਾਰੂ ਰੋਗ ਹੈ। ਰੱਬੀ ਭਗਤਾਂ, ਸਿੱਖ ਗੁਰੂਆਂ ਅਤੇ ਬਹੁਤੇ ਧਰਮ ਆਗੂਆਂ ਨੇ ਗ੍ਰਿਹਸਤ ਮਾਰਗ ਨੂੰ ਅਪਣਾਇਆ। ਏਕਾ ਨਾਰੀ ਸਦਾ ਜਤੀ ਪਰ ਨਾਰੀ ਧੀ ਭੈਣ ਵਖਾਣੈ (ਭਾ.ਗ) ਨੂੰ ਮਾਣਤਾ ਦਿੱਤੀ। ਸਿੱਖ ਰਹਿਤ ਮਰਯਾਦਾ ਵਿੱਚ ਤਾਂ ਇੱਥੋਂ ਤੱਕ ਲਿਖਿਆ ਹੋਇਆ ਹੈ ਕਿ ਸਿੱਖ ਆਮ ਹਾਲਤਾਂ ਵਿੱਚ ਇੱਕ ਇਸਤਰੀ ਦੇ ਹੁੰਦਿਆਂ ਦੂਜੀ ਨਾਲ ਵਿਆਹ ਨਾ ਕਰਵਾਏ ਸਗੋਂ-ਦੇਖ ਪਰਾਈਆਂ ਚੰਗੀਆਂ ਮਾਵਾਂ ਧੀਆਂ ਭੈਣਾਂ ਜਾਣੈ॥(ਭਾ.ਗੁ) ਪਰ ਇਸਤਰੀ ਜਾਂ ਪਰ ਮਰਦ ਭੋਗਣ ਵਾਲਾ ਜਾਂ ਵਾਲੀ ਪਤਿਤ ਹੋ ਜਾਂਦੇ ਹਨ।

 

ਅੱਜ ਪਛਮੀ ਚਮਕ-ਦਮਕ ਦੇ ਮਗਰ ਲੱਗ, ਸਾਡੇ ਬਹੁਤਿਆਂ ਵਿੱਚ ਵੀ ਇਹ ਵਿਕਾਰ-ਵਿਭਚਾਰ ਭਾਰੂ ਹੁੰਦਾ ਜਾ ਰਿਹਾ ਹੈ। ਕੁਝ ਪੁਰਾਣਕ ਗ੍ਰੰਥਾਂ ਦੀਆਂ ਵਿਸ਼ੇ-ਵਿਕਾਰਾਂ ਵਾਲੀਆਂ ਕਾਮਕ ਕਥਾ-ਕਹਾਣੀਆਂ ਅਤੇ ੧੮ਵੀਂ ਸਦੀ ਦੇ ਪੈਦਾ ਕੀਤੇ ਗਏ ਬਚਿਤ੍ਰ ਨਾਟਕ (ਦਸਮ ਗ੍ਰੰਥ) ਵਿੱਚ ਇਸ ਵਿਸ਼ੇ ਨੂੰ ਹੱਦੋਂ ਵੱਧ, ਮਾਰੂ ਨਸ਼ੇ ਸੇਵਨ ਕਰਕੇ, ਨੰਗੇ ਨਾਚ ਦੇ ਅਤਿ ਨਿੰਦਣੀਯ ਰੂਪ ਵਿੱਚ ਪੇਸ਼ ਕੀਤਾ ਗਿਆ ਹੈ। ਸਿੱਖਾਂ ਵਿੱਚੋਂ ਇਸ ਬਚਿਤ੍ਰ ਨਾਟਕ ਦੇ ਪੁਜਾਰੀ ਏਨੀਆਂ ਹੱਦ ਬੰਦੀਆਂ ਟੱਪ ਗਏ ਕਿ ਸਿੱਖ ਨੇ "ਤੁਰਕਨੀ ਨਾਲ ਯੁੱਧ ਨਹੀਂ ਕਰਨਾ" ਬਾਕੀ ਭਾਵੇਂ ਕੋਈ ਇਸਤ੍ਰੀ ਹੋਵੇ ਪ੍ਰਵਾਨ ਹੈ। ਕਈ ਰਹਿਤਨਾਮੇ ਵੀ ਇਹੀ ਪ੍ਰਚਾਰ ਕਰਦੇ ਹਨ। ਅੱਜ ਸਾਡੇ ਡੇਰੇ ਤੇ ਟਕਸਾਲ ਸੰਪ੍ਰਦਾਵਾਂ ਵੀ ਇਸ ਗ੍ਰੰਥ ਦਾ ਹੱਦੋਂ ਵੱਧ ਪ੍ਰਚਾਰ ਕਰਨ ਲੱਗ ਪਈਆਂ ਹਨ। ਕਈ ਇਸ ਵਿਸ਼ੇ 'ਤੇ ਕਾਬੂ ਪਾਉਣ ਲਈ ਮਾਸ-ਮਛਲੀ ਖਾਣਾ ਬੰਦ ਕਰਨ ਤੇ ਜੋਰ ਦਿੰਦੇ ਹਨ ਪਰ ਇਸ ਦਾ ਮਾਸ-ਮਛਲੀ ਨਾਲ ਕੋਈ ਸਬੰਧ ਨਹੀਂ ਕਿਉਂਕਿ ਹਾਥੀ ਕਦੇ ਮਾਸ-ਮਛਲੀ ਨਹੀਂ ਖਾਂਦਾ ਪਰ ਸਭ ਤੋਂ ਵੱਧ ਕਾਮੀ ਹੈ।

 

ਦੂਜੇ ਪਾਸੇ ਹਰ ਵੇਲੇ ਮਾਸ ਖਾਣ ਵਾਲਾ ਸ਼ੇਰ ਕਾਮੀ ਨਹੀਂ। ਅਜੋਕੇ ਬਹੁਤੇ ਵੈਸ਼ਨੂੰ ਸਾਧ ਇਸ ਵਿਸ਼ੇ ਦੀ ਗ੍ਰਿਫਤ ਵਿੱਚ ਹਨ, ਜਿੰਨ੍ਹਾਂ ਦੇ ਡੇਰਿਆਂ ਤੇ ਮੁੰਡੇਬਾਜੀ ਅਤੇ ਪਰਾਈਆਂ ਔਰਤਾਂ ਨਾਲ ਵਿਭਚਾਰ ਹੋ ਰਹੇ ਹਨ। ਪਛਮੀ ਮੁਲਕਾਂ ਨੇ ਇਸ ਵਿਸ਼ੇ ਦੇ ਸੁਧਾਰ ਲਈ ਸਕੂਲਾਂ ਕਾਲਜਾਂ ਵਿੱਚ ਇਸ ਦੀ ਦੁਰਵਰਤੋਂ ਤੇ ਹਾਨ ਲਾਭ ਦੀ ਸਿਖਿਆ ਦੇਣੀ ਸ਼ੁਰੂ ਕਰ ਦਿੱਤੀ ਹੈ ਪਰ ਅਸੀਂ ਬਹੁਤੇ ਤੇ ਸਾਡੇ ਅੱਲੜ ਮੁੰਡੇ ਕੁੜੀਆਂ ਨਸ਼ਿਆਂ ਅਤੇ ਤ੍ਰੀਆ-ਚਰਿਤ੍ਰਾਂ ਕਰਕੇ, ਇਸ ਵਿੱਚ ਹੱਦੋਂ ਵੱਧ ਖਚਤ ਹੁੰਦੇ ਜਾ ਰਹੇ ਹਨ। ਇਸੇ ਵਿਸ਼ੇ ਦੀ ਪਰਬਲਤਾ ਕਰਕੇ ਹੀ ਆਏ ਦਿਨ ਅਬਲਾਵਾਂ ਤੇ ਨਾਬਾਲਗ ਧੀਆਂ ਕੁੜੀਆਂ ਨਾਲ ਸ਼ਰੇਆਮ ਬਲਾਤਕਾਰ ਹੋ ਰਹੇ ਹਨ।

 

ਵਿਵਾਹਿਤ ਅਨੰਦ ਅਤੇ ਪ੍ਰਵਾਰਕ ਵਾਦੇ ਲਈ "ਕਾਮ" ਦੀ ਯੋਗ ਵਰਤੋਂ ਠੀਕ ਪਰ ਹੱਦੋਂ ਵੱਧ, ਬੇਹਿਆਈ ਵਿੱਚ ਜਾ, ਇਖਲਾਕ ਤੋਂ ਡਿੱਗ ਅਤੇ ਇਨਸਾਨੀਅਤ ਦੀਆਂ ਕਦਰਾਂ ਕੀਮਤਾਂ ਛਿੱਕੇ ਤੇ ਟੰਗ ਵਿਭਚਾਰੀ ਹੋ ਜਾਣਾ, ਆਪਣੇ ਸਰੀਰ, ਪ੍ਰਵਾਰ ਅਤੇ ਮਨੁੱਖਤਾ ਲਈ ਅਤਿਅੰਤ ਹਾਨੀਕਾਰਕ ਹੈ। ਗੁਰੂ ਗ੍ਰੰਥ ਸਾਹਿਬ ਜੀ ਦੀ ਸੱਚੀ ਬਾਣੀ ਅਤੇ ਸੱਚੇ ਸੁੱਚੇ ਮਹਾਂ ਪੁਰਖਾਂ ਦੇ ਉਪਦੇਸ਼ ਸਾਨੂੰ ਸਦਾਚਾਰਕ ਬਣਾਉਂਦੇ, ਪਰ ਸਾਕਤਮੱਤੀਆਂ ਦੇ ਗ੍ਰੰਥ ਬਚਿਤ੍ਰ ਨਾਟਕ ਵਗੈਰਾ ਸਾਨੂੰ ਵਿਭਚਾਰ ਦੀ ਡੂੰਗੀ ਤੇ ਵਿਕਾਰਾਂ ਦੀ ਗੰਦੀ ਖੱਡ ਵਿੱਚ ਧਕੇਲਦੇ ਹਨ। ਸੋ ਕਿਸੇ ਵੀ ਬਿਰਤੀ, ਵਿਸ਼ੇ, ਚੀਜ ਜਾਂ ਪਦਾਰਥ ਦੀ ਲੋੜ ਤੋਂ ਵੱਧ ਵਰਤੋਂ ਮਾੜੀ ਹੁੰਦੀ ਅਤੇ ਉਸ ਦੇ ਨਤੀਜੇ ਵੀ ਮਾੜੇ ਨਿਕਲਦੇ ਹਨ। ਅਸੀਂ ਡੇਰੇਦਾਰ ਸਾਧਾਂ ਮਗਰ ਲੱਗ ਵੈਸ਼ਨੂੰ ਹੋ ਕੇ ਨਹੀਂ, ਸਗੋਂ ਸਦਾਚਾਰੀ ਜੀਵਨ ਅਪਣਾ ਅਤੇ ਸੰਜਮ ਵਿੱਚ ਰਹਿ ਕੇ ਹੀ ਇਸ ਵਿਸ਼ੇ ਤੇ ਕਾਬੂ ਪਾ ਸਕਦੇ ਹਾਂ।


ਜੇ ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ।


ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org  and cannot be held responsible for their views.  Read full details....

Go to Top