22
Mar 2017: ਪੰਜਾਬ ਦੀ ਨਵੀਂ ਸਰਕਾਰ ਵਿੱਚ ਮੁੱਖ ਮੰਤਰੀ ਦੀ ਕੁਰਸੀ 'ਤੇ ਬੈਠੇ
ਕੈਪਟਨ ਅਮਰਿੰਦਰ ਸਿੰਘ ਨੂੰ ਇਕੱਲੀ ਵਧਾਈ ਨਹੀਂ ਨਾਲ ਕੁੱਛ ਜ਼ਰੂਰੀ ਜ਼ੁੰਮੇਵਾਰੀ ਭੀ ਯਾਦ
ਕਰਾਉਣਾ ਚਾਹੁਂਦਾ ਹਾਂ, ਜਿਸ ਜ਼ੁੰਮੇਵਾਰੀ ਨੂੰ ਪਹਿਲ ਦੇ ਅਧਾਰ 'ਤੇ ਹੱਥ ਪਾਉਣਾ ਅਤੇ
ਇਨਸਾਫ ਦੇ ਫੈਸਲੇ ਤੱਕ ਲੈ ਜਾਣਾ ਹੀ ਉਨ੍ਹਾਂ ਦੀ ਸਰਕਾਰ ਨੂੰ ਵਧਾਈ ਦਾ ਪਾਤਰ ਸਾਬਤ ਕਰੇਗਾ।
ਪੰਜਾਬ ਗੁਰੂ ਦੇ ਨਾਮ 'ਤੇ ਵੱਸਿਆ, ਸਿੱਖੀ ਦੇ ਘਰ ਵਜੋਂ ਜਾਣਿਆਂ ਜਾਂਦਾ ਹੈ। ਜਿਥੇ ਗੁਰੂ
ਦਾ ਅਦਬ, ਅਤੇ ਸਿੱਖੀ ਦੀ ਹੋਂਦ 'ਤੇ ਆਏ ਦਿਨ ਮਾਰੂ ਹਮਲੇ ਹੋਣ, ਕਿਤੋਂ ਕੋਈ ਇਨਸਾਫ ਨਾ
ਮਿਲੇ, ਜ਼ਰਾ ਸੋਚੋ ਧਰਤੀ ਦੇ ਉਸ ਹਿੱਸੇ ਨੂੰ ਗੁਰੂ ਦੇ ਨਾਮ 'ਤੇ ਵੱਸਿਆ ਸਿੱਖੀ ਦਾ ਘਰ
ਕਿਵੇਂ ਆਖਿਆ ਜਾਵੇਗਾ। ਸ: ਅਮਰਿੰਦਰ ਸਿੰਘ ਜੀ ਤੁਹਾਨੂੰ ਗੁਰੂ ਦੇ ਅਦਬ ਅਤੇ ਸਿੱਖੀ ਦੀ
ਉਜਲ ਹੋਂਦ ਦੀ ਸੰਭਾਲ ਯਾਦ ਕਰਾਉਣਾ ਚਾਹੁਂਦਾ ਹਾਂ।
ਇਕ ਖਿਆਲ ਰੱਖਿਓ ਅਖੌਤੀ ਅਕਾਲੀ ਸਰਕਾਰ ਦੀ
ਆਪਣੇ ਫਰਜ਼ਾਂ ਤੋਂ ਅਣਗਹਿਲੀ ਅਤੇ ਸਿੱਖ ਦੁਸ਼ਮਣ ਸੋਚ ਦੀ ਗੁਲਾਮੀ ਵਿੱਚ ਘਾਤਕ ਵਰਤਾਰੇ
ਕਾਰਣ ਲੋਕਾਂ ਦੇ ਹਉਕਿਆਂ ਵਿਚੋਂ ਤੁਹਾਡੀ ਕੁਰਸੀ ਦਾ ਜਨਮ ਹੋਇਆ ਹੈ।
1- ਇਸੇ ਧਰਤੀ 'ਤੇ ਆਏ ਦਿਨ ਗੁਰੂ ਦੀ ਬੇਅਦਬੀ ਹੋਂਦੀ ਰਹੀ,
ਜਿਸ ਨੂੰ ਕਿਸੇ ਤਰਾਂ ਭੀ ਕਿਸੇ ਕਾਨੂੰਨ ਨੇ ਨੱਥ ਨਾ ਪਾਈ, ਬਲਕਿ ਅਦਬ ਲਈ ਆਵਾਜ਼
ਉਠਾਉਣ ਵਾਲਿਆਂ ਤੇ ਬਰਗਾੜੀ ਵਰਗੇ ਕਾਂਡ ਰਾਹੀਂ ਗੋਲੀਆਂ ਵਰਾਈਆਂ ਗਈਆਂ, ਸਿੰਘ ਸ਼ਹੀਦ
ਹੋਏ, ਅੱਜ ਤੱਕ ਇਨਸਾਫ ਨਾ ਮਿਲਿਆ।
2- ਅੱਜ ਹੁਣ ਗੁਰੂ ਅਤੇ ਗੁਰਬਾਣੀ ਦੀ ਗੱਲ ਕਰ ਰਹੇ ਭਾਈ
ਰਣਜੀਤ ਸਿੰਘ ਢੱਡਰੀਆਂ ਵਾਲੇ ਦੀ ਜ਼ੁਬਾਨ ਬੰਦ ਕਰਣ ਲਈ, ਉਨ੍ਹਾਂ 'ਤੇ ਮਾਰੂ ਹਮਲੇ
ਹੋਏ, ਉਨ੍ਹਾਂ ਛੋਟੇ ਛੋਟੇ ਬੱਚਿਆਂ ਵਾਲੇ ਨਜ਼ਦੀਕੀ ਸਾਥੀ ਭਾਈ ਭੁਪਿੰਦਰ ਸਿੰਘ ਨੂੰ
ਮਾਰ ਦਿਤਾ ਗਿਆ, ਕਾਤਲਾਂ ਦੇ ਸਬੂਤ ਸਾਹਮਣੇ ਆ ਗਏ, ਕਾਤਲ ਦਨਦਨਾਦੇ ਫਿਰਦੇ ਹਨ, ਪਰ
ਭਾਈ ਰਣਜੀਤ ਸਿੰਘ ਜਾਂ ਭੁਪਿੰਦਰ ਸਿੰਘ ਦੇ ਪ੍ਰਵਾਰ ਨੂੰ ਅੱਜ ਤਕ ਇਨਸਾਫ ਨਾ ਮਿਲਿਆ।
ਕੀ ਇਹ ਸਭ ਕੁਛ ਗੁਰੂ ਅਦਬ ਅਤੇ ਗੁਰੂ ਦੇ ਸਿੱਖ ਦੀ ਹੋਂਦ
ਲਈ ਖਤਰਾ ਨਹੀਂ?
ਸ. ਅਮਰਿੰਦਰ ਸਿੰਘ ਜੀ, ਹੁਣ ਗੁਰੂ ਰਹਿਮਤ ਸਦਕਾ ਤੁਹਾਨੂੰ ਇਨਸਾਫ
ਦੀ ਕੁਰਸੀ ਮਿਲੀ ਹੈ, ਗੁਰਬਾਣੀ ਦੇ ਹੁਕਮ ਅਨਸਾਰ “ਰਾਜੇ ਚੁਲੀ
ਨਿਆਵ ਕੀ ਪੜਿਆ ਸਚੁ ਧਿਆਨ॥” ਦੀ ਅਗਵਾਈ ਵਿੱਚ ਇਨ੍ਹਾਂ ਅਤੇ ਅਜਿਹੇ ਹੋਰ ਮੁਦਿਆਂ
ਨੂੰ ਹੱਥ ਪਾਓ, ਤਾਂ ਕਿ ਇਨਸਾਫ ਲਈ ਤਰਸਦੇ ਹਿਰਦਿਆਂ ਨੂੰ ਧੀਰਜ ਮਿਲੇ ਅਤੇ ਗੁਰੂ ਅੰਗ
ਸੰਗ ਹੋਵੇ।