Share on Facebook

Main News Page

ਬਾਦਲ ਦਲ ਨਾਲ ਸਬੰਧਿਤ ਦਿੱਲੀ ਕਮੇਟੀ ਮੈਬਰਾਂ ਨੇ ਸ੍ਰੀ ਦਰਬਾਰ ਸਾਹਿਬ ਵਿਖੇ ਸ਼ਾਹੀ ਮੱਥਾ ਟੇਕਿਆ; ਸ਼੍ਰੋਮਣੀ ਕਮੇਟੀ ਵੱਲੋ ਬਰਾਤ ਵਾਂਗ ਮੈਬਰਾਂ ਦਾ ਕੀਤਾ ਸ਼ਾਹੀ ਸੁਆਗਤ
-: ਜਸਬੀਰ ਸਿੰਘ ਪੱਟੀ
9356024684

ਅੰਮ੍ਰਿਤਸਰ 7 ਫਰਵਰੀ () ਦਿੱਲੀ ਸਿੱਖ ਗੁਰੂਦੁਆਰਾ ਪ੍ਰਬੰਧਕ ਕਮੇਟੀ ਦੇ ਸ਼੍ਰੋਮਣੀ ਅਕਾਲੀ ਦਲ ਬਾਦਲ ਨਾਲ ਸਬੰਧਿਤ ਮੈਬਰਾਂ ਦਾ ਸ਼੍ਰੋਮਣੀ ਗੁਰੂਦੁਆਰਾ ਪ੍ਰਬੰਧਕ ਕਮੇਟੀ ਨੇ ਸ਼ਾਹੀ ਸੁਆਗਤ ਕਰਦਿਆ ਪੰਗਤ ਤੇ ਸੰਗਤ ਦੇ ਗੁਰੂ ਦੇ ਸੰਕਲਪ ਨੂੰ ਦਰਕਿਨਾਰ ਕਰਕੇ ਦਿੱਲੀ ਵਾਲਿਆ ਲਈ ਵਿਸ਼ੇਸ਼ ਪੰਡਾਲ ਲਗਾਇਆ ਜਿਥੇ ਮਹਿੰਗੇ ਭਾਅ ਦੇ ਸੋਫੇ ਤੇ ਕੁਰਸੀਆ ਲਗਾ ਕੇ ਕਈ ਪਰਕਾਰ ਦੇ ਪਕਵਾਨ ਪਰੋਸੇ ਗਏ ਜਿਹਨਾਂ ਦਾ ਅਨੰਦ ਦਿੱਲੀ ਵਾਲਿਆ ਨੇ ਮਾਣਿਆ।

ਦਿੱਲੀ ਸਿੱਖ ਗੁਰੂਦੁਆਰਾ ਪ੍ਰਬੰਧਕ ਕਮੇਟੀ ਦੇ ਮੈਬਰ ਸ੍ਰ ਮਨਜੀਤ ਸਿੰਘ ਜੀ ਕੇ ਦੀ ਅਗਵਾਈ ਹੇਠ ਦਿੱਲੀ ਕਮੇਟੀ ਵਿੱਚ ਅਕਾਲੀ ਦਲ ਦੀ ਹੋਈ ਹੂੰਝਾ ਫੇਰ ਜਿੱਤ ਉਪਰੰਤ ਗੁਰੂ ਸਾਹਿਬ ਦਾ ਸ਼ੁਕਰਾਨਾ ਕਰਨ ਲਈ ਸੱਚਖੰਡ ਸ੍ਰੀ ਦਰਬਾਰ ਸਾਹਿਬ ਵਿਖੇ ਸ਼ਤਾਬਦੀ ਗੱਡੀ ਰਾਹੀ ਪੁੱਜੇ ਜਦ ਕਿ ਸ਼੍ਰੋਮਣੀ ਅਕਾਲੀ ਦਲ (ਬਾਦਲ) ਦੇ ਪ੍ਰਧਾਨ ਸ੍ਰ ਸੁਖਬੀਰ ਸਿੰਘ ਬਾਦਲ ਤੇ ਮਨਜਿੰਦਰ ਸਿੰਘ ਸਿਰਸਾ ਹਵਾਈ ਜਹਾਜ ਰਾਹੀ ਆਏ।

ਰੇਲਵੇ ਸਟੇਸ਼ਨ ਤੋ ਸ਼੍ਰੋਮਣੀ ਕਮੇਟੀ ਦੀ ਗੱਡੀਆ ਰਾਹੀ ਸਾਰੇ ਮੈਂਬਰ ਸ੍ਰੀ ਦਰਬਾਰ ਸਾਹਿਬ ਪੁੱਜੇ ਤੇ ਉਹਨਾਂ ਨੇ ਪਹਿਲਾਂ ਸ੍ਰੀ ਪਰਕਰਮਾ ਵਿੱਚ ਹੀ ਮੱਥਾ ਟੇਕਿਆ ਤੇ ਫਿਰ ਸ੍ਰੀ ਗੁਰੂ ਰਾਮਦਾਸ ਲੰਗਰ ਹਾਲ ਵਿੱਚ ਜਾ ਕੇ ਲੰਗਰ ਛੱਕਿਆ ਜਦ ਕਿ ਸ਼੍ਰੋਮਣੀ ਕਮੇਟੀ ਨੇ ਉਹਨਾਂ ਲਈ ਵਿਸ਼ੇਸ਼ ਪ੍ਰਬੰਧ ਕੀਤਾ ਹੋਇਆ ਸੀ। ਸ਼੍ਰੋਮਣੀ ਕਮੇਟੀ ਦੇ ਦਫਤਰ ਦੇ ਅਹਾਤੇ ਵਿੱਚ ਤੇਜਾ ਸਿੰਘ ਸਮੁੰਦਰੀ ਹਾਲ ਤੇ ਗੁਰੂ ਨਾਨਕ ਨਿਵਾਸ ਵਿਚਾਲੇ ਖਾਲੀ ਪਈ ਥਾਂ ਤੇ ਇੱਕ ਮਹਿੰਗੇ ਭਾਅ ਦਾ ਵਿਸ਼ਾਲ ਪੰਡਾਲ ਲਗਾਇਆ ਜਿਹੜਾ ਕਿਸੇ ਬਰਾਤ ਦੇ ਸੁਆਗਤ ਦੀ ਦਿਖ ਪੇਸ਼ ਕਰਦਾ ਸੀ। ਮਨਜੀਤ ਸਿੰਘ ਜੀ ਕੇ ਆਪਣੇ ਸਾਥੀਆ ਨਾਲ ਜਦੋ ਦਫਤਰ ਵਿੱਚ ਪੁੱਜੇ ਤਾਂ ਉਹਨਾਂ ਦਾ ਸੁਆਗਤ ਦਮਦਮੀ ਟਕਸਾਲ ਦੇ ਮੁੱਖੀ ਬਾਬਾ ਹਰਨਾਮ ਸਿੰਘ ਧੁੰਮਾਂ, ਸ਼ਰੋਮਣੀ ਕਮੇਟੀ ਪ੍ਰਧਾਨ ਸ੍ਰ ਕਿਰਪਾਲ ਸਿੰਘ ਬਡੂੰਗਰ ਨੇ ਗਰਮਜੋਸ਼ੀ ਨਾਲ ਕੀਤਾ। ਪੰਗਤ ਵਿੱਚ ਬੈਠ ਕੇ ਪਦਾਰਥ ਛੱਕਣ ਦੀ ਬਜਾਏ ਨਵੇ ਸੋਫਿਆ ਤੇ ਕੁਰਸੀਆ ਤੇ ਬੈਠ ਕੇ ਛੱਕੇ। ਸ੍ਰ ਕਿਰਪਾਲ ਸਿੰਘ ਬਡੂੰਗਰ ਤੇ ਬਾਬਾ ਧੁੰਮਾਂ ਨੇ ਸਵਾਗਤ ਕਰਦਿਆ ਕਿਹਾ ਕਿ ਦਿੱਲੀ ਵਿੱਚ ਪੰਥ ਪ੍ਰਸਤਾ ਦੀ ਜਿੱਤ ਹੋਈ ਹੈ ਅਤੇ ਪੰਥ ਵਿਰੋਧੀਆ ਨੂੰ ਕਰਾਰੀ ਹਾਰ ਹੋਈ ਹੈ। ਉਹਨਾਂ ਕਿਹਾ ਕਿ ਦਸਮ ਪਿਤਾ ਦੀ ਗੁਰਬਾਣੀ ਦਾ ਵਿਰੋਧ ਕਰਨ ਵਾਲਿਆ ਨੂੰ ਗੁਰੂ ਸਾਹਿਬ ਨੇ ਅਜਿਹਾ ਹਾਸ਼ੀਏ ਤੇ ਸੁੱਟਿਆ ਹੈ ਕਿ ਉਹ ਦੁਬਾਰਾ ਕਦੇ ਵੀ ਅਕਾਲੀ ਦਲ ਦੇ ਖਿਲਾਫ ਚੋਣ ਲੜਣ ਦੀ ਹਿੰਮਤ ਨਹੀਂ ਜੁਟਾ ਸਕਣਗੇ।

ਗੁਰੂ ਦੇ ਸੰਕਲਪ ਅਨੁਸਾਰ ਅਕਬਰ ਬਾਦਸ਼ਾਹ ਵੀ ਜਦੋ ਗੁਰੂ ਸਾਹਿਬ ਨੂੰ ਮਿਲਣ ਲਈ ਆਇਆ ਸੀ ਤਾਂ ਉਸ ਨੂੰ ਆਪਣਾ ਸ਼ਾਨੋ ਸ਼ੋਕਤ ਤਿਆਗ ਕੇ ਪਹਿਲਾਂ ਪੰਗਤ ਵਿੱਚ ਲੰਗਰ ਛੱਕਣਾ ਪਿਆ ਸੀ । ਸਵਾਲ ਇਹ ਪੈਦਾ ਹੁੰਦਾ ਹੈ ਕਿ ਕੀ ਅੱਜ ਦਿੱਲੀ ਕਮੇਟੀ ਦੇ ਮੈਬਰ ਗੁਰੂ ਸਾਹਿਬ ਦੀ ਮਰਿਆਦਾ ਨੂੰ ਭੰਗ ਕਰਨ ਦਾ ਹੱਕ ਰੱਖਦੇ ਹਨ ਜਾਂ ਫਿਰ ਇਹ ਅਕਬਰ ਬਾਦਸ਼ਾਹ ਨਾਲੋ ਵੀ ਵੱਡੇ ਹਨ? ਕੀ ਮਨਜੀਤ ਸਿੰਘ ਜੀ ਕੇ ਕੋਈ ਸਿੱਖ ਪੰਥ ਦੀ ਬਹੁਤ ਵੱਡੀ ਜੰਗ ਜਿੱਤ ਕੇ ਆਏ ਹਨ ਜਾਂ ਫਿਰ ਆਪਣੇ ਹੀ ਭਰਾਵਾਂ ਨੂੰ ਹਰਾਉਣ ਦੇ ਜ਼ਸ਼ਨ ਮਨਾ ਰਹੇ ਹਨ। ਮਨਜੀਤ ਸਿੰਘ ਜੀ ਕੇ ਦਿੱਲੀ ਵਿੱਚ ਮੀਡੀਆ ਨੂੰ ਬਿਆਨ ਦਿੱਤਾ ਸੀ ਕਿ ਜਿੱਤ ਉਪਰੰਤ ਕੋਈ ਵੀ ਮੈਂਬਰ ਢੋਲ ਢਮੱਕੇ ਨਾਲ ਜ਼ਸ਼ਨ ਨਹੀਂ ਮਨਾਏਗਾ ਪਰ ਸ਼੍ਰੋਮਣੀ ਕਮੇਟੀ ਵਿੱਚ ਜਸ਼ਨ ਮਨਾ ਕੇ ਜੀ ਕੇ ਆਪਣੇ ਹੀ ਬਿਆਨ ਦੀ ਉਲੰਘਣਾ ਨਹੀਂ ਕੀਤੀ?

ਸ਼੍ਰੋਮਣੀ ਕਮੇਟੀ ਵੱਲੋ ਸਾਲ ਵਿੱਚ ਦੋ ਵਾਰੀ ਜਨਰਲ ਅਜਲਾਸ ਬੁਲਾਏ ਜਾਂਦੇ ਹਨ। ਇੱਕ ਅਜਲਾਸ ਪ੍ਰਧਾਨਗੀ ਦਾ ਨਵੰਬਰ ਵਿੱਚ ਹੁੰਦਾ ਹੈ ਤੇ ਦੂਜਾ ਬੱਜਟ ਇਜਲਾਸ ਮਾਰਚ ਵਿੱਚ ਹੁੰਦਾ ਹੈ। ਉਸ ਸਮੇ ਵੀ ਅਜਿਹੇ ਪ੍ਰਬੰਧ ਨਹੀਂ ਕੀਤੇ ਜਾਂਦੇ ਤੇ ਸ਼੍ਰੋਮਣੀ ਕਮੇਟੀ ਦੇ ਮੈਬਰਾਂ ਨੂੰ ਪੰਗਤ ਵਿੱਚ ਬੈਠ ਕੇ ਲੰਗਰ ਤੇ ਚਾਹ ਪਾਣੀ ਛੱਕਣਾ ਪੈਦਾ ਹੈ। ਕੀ ਸ੍ਰ ਕਿਰਪਾਲ ਸਿੰਘ ਬੰਡੂਗਰ ਦੱਸ ਸਕਦੇ ਹਨ ਕਿ ਉਹਨਾਂ ਮੈਬਰਾਂ ਦੀ ਵੁਕਤ ਦਿੱਲੀ ਦੇ ਮੈਂਬਰਾਂ ਨਾਲੋ ਘੱਟ ਹੁੰਦੀ ਹੈ? ਮਹਾਰਾਜਾ ਰਣਜੀਤ ਸਿੰਘ ਵੀ ਜਦੋਂ ਕੋਈ ਜੰਗ ਜਿੱਤ ਤੇ ਗੁਰੂ ਸਾਹਿਬ ਦਾ ਸ਼ੁਕਰਾਨਾ ਕਰਨ ਵਾਸਤੇ ਆਉਦਾ ਸੀ ਤਾਂ ਉਸ ਵੇਲੇ ਵੀ ਉਹ ਰਾਮ ਬਾਗ ਵਿਖੇ ਬਣੇ ਆਪਣੇ ਸਮਰ ਪੈਲੇਸ ਤੋ ਗਲ ਵਿੱਚ ਪੱਲਾ ਪਾ ਕੇ ਨੰਗੇ ਪੈਰੀ ਸੰਗਤਾਂ ਨਾਲ ਸਤਿਨਾਮ ਵਾਹਿਗੂਰੂ ਦਾ ਜਾਪ ਕਰਦੇ ਹੋਏ ਸ੍ਰੀ ਦਰਬਾਰ ਸਾਹਿਬ ਵਿਖੇ ਪੁੱਜਦੇ ਸਨ ਜਿਥੇ ਉਹਨਾਂ ਦਾ ਕੋਈ ਸ਼ਾਹੀ ਸੁਆਗਤ ਨਹੀਂ ਕੀਤਾ ਜਾਂਦਾ ਸੀ, ਸਗੋ ਉਹ ਨਿਮਾਣੇ ਬਣ ਕੇ ਆਪਣੀ ਸਮੱਰਥਾ ਮੁਤਾਬਕ ਕੜਾਹ ਪ੍ਰਸ਼ਾਦ ਦੀ ਦੇਗ ਕਰਾਉਣ ਤੋ ਇਲਾਵਾ ਜਿਹੜੀ ਉਹਨਾਂ ਕੋਲ ਸਭ ਤੋ ਕੀਮਤੀ ਵਸਤੂ ਹੁੰਦੀ ਸੀ ਉਹ ਗੁਰੁ ਦਰਬਾਰ ਵਿੱਚ ਪੇਸ਼ ਕਰਕੇ ਗੁਰੂ ਸਾਹਿਬ ਅੱਗੇ ਤੁਸ਼ ਭੇਟਾ ਦੀ ਅਰਦਾਸ ਕਰਦੇ ਸਨ। ਕੀ ਅੱਜ ਮਨਜੀਤ ਸਿੰਘ ਜੀ ਕੇ ਮਹਾਰਾਜਾ ਰਣਜੀਤ ਸਿੰਘ ਨਾਲੋ ਵੀ ਵੱਡਾ ਹੋ ਗਿਆ ਹੈ?

ਨਸ਼ੇ ਤੇ ਨੋਟ ਦੀ ਬਰਸਾਤ ਕਰਕੇ ਚੋਣਾਂ ਜਿੱਤਣ ਵਾਲੇ ਬਾਦਲ ਦਲੀਆ ਨੂੰ ਆਪਣੀ ਪੀੜੀ ਥੱਲੇ ਸੋਟਾ ਫੇਰਨਾ ਪਵੇਗਾ ਕਿ ਕੀ ਉਹ ਇੰਨੇ ਉੱਚੇ ਤੇ ਵੱਡੇ ਹੋ ਗਏ ਹਨ ਕਿ ਅੱਜ ਉਹਨਾਂ ਨੂੰ ਮਰਿਆਦਾ ਵੀ ਭੁੱਲ ਗਈ ਹੈ। ਪਰੰਪਰਾ ਦਾ ਘਾਣ ਕਰਨ ਲਈ ਦਮਦਮੀ ਟਕਸਾਲ ਦੇ ਮੁੱਖੀ ਬਾਬਾ ਹਰਨਾਮ ਸਿੰਘ ਧੁੰਮਾਂ ਵੀ ਬਰਾਬਰ ਦੇ ਦੋਸ਼ੀ ਹਨ। ਰੱਬ ਖੈਰ ਕਰੇ!


ਜੇ ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ।


ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org  and cannot be held responsible for their views.  Read full details....

Go to Top