Share on Facebook

Main News Page

ਬਚਿੱਤਰ ਨਾਟਕ ਗ੍ਰੰਥ ਸੰਬੰਧੀ ਸੰਵਾਦ ਤੋਂ ਪਹਿਲਾਂ ਹੀ ਫੇਸਬੁੱਕੀ ਭਲਵਾਨਾਂ ਦੀਆਂ ਜੁਗਾਲ਼ੀਆਂ ਸ਼ੁਰੂ
-: ਸੰਪਾਦਕ ਖ਼ਾਲਸਾ ਨਿਊਜ਼

ਬੀਤੇ ਦਿਨ ਜਦੋਂ ਦਾ ਬਚਿੱਤਰ ਨਾਟਕ ਗ੍ਰੰਥ ਸੰਬੰਧੀ ਸੰਵਾਦ ਬਾਰੇ ਖਬਰ ਫੈਲੀ ਤਾਂ ਬਹੁਤੇਰੇ ਪਾਠਕ ਖੁਸ਼ ਸੀ, ਕਿ ਚਲੋ ਕੋਈ ਗਲਬਾਤ ਦਾ ਦੌਰ ਤਾਂ ਸ਼ੁਰੂ ਹੋਇਆ, ਤੇ ਕਈ ਐਸੇ ਵੀ ਸੀ, ਜਿਹੜੇ ਕਹਿੰਦੇ ਦੇਖੇ ਗਏ ਕਿ "ਕੁੱਝ ਨਹੀਂ ਨਿਕਲਣਾ ਇਸ ਬਹਿਸ ਵਿੱਚੋਂ", ਤੇ ਕਈ ਆਪਣੀ ਲੱਤ ਖਿੱਚੂ ਪਰਵਿਰਤੀ ਕਾਰਣ ਆਪਣੇ ਹੀ ਕਿਆਸ ਲਾਈ ਜਾ ਰਹੇ ਹਨ... ਅਖੇ ਗੱਲ ਕਾਹਦੇ ਲਈ ਕਰਨੀ, ਜਦੋਂ ਤੁਸੀਂ ਮੰਨਦੇ ਹੀ ਨਹੀਂ, ਤਾਂ ਗਲਬਾਤ 'ਚੋਂ ਕੱਢਣਾ ਕੀ ਹੈ... ਕਈ ਕਹੀ ਜਾਣ ਇਸ ਨੂੰ ਨਹੀਂ ਬੁਲਾਇਆ, ਉਹਨੂੰ ਨਹੀਂ ਬੁਲਾਇਆ ਆਦਿ...

ਹੈਰਾਨੀ ਹੁੰਦੀ ਹੈ ਇਸ ਤਰ੍ਹਾਂ ਦੇ ਲੋਕਾਂ ਨੂੰ ਦੇਖਕੇ ਤੇ ਭਗਤ ਕਬੀਰ ਜੀ ਦਾ ਸਬਦ ਯਾਦ ਆਉਂਦਾ ਹੈ ਕਿ :

ਗਉੜੀ ਚੇਤੀ ੴ ਸਤਿਗੁਰ ਪ੍ਰਸਾਦਿ ॥ ਹਰਿ ਜਸੁ ਸੁਨਹਿ ਨ ਹਰਿ ਗੁਨ ਗਾਵਹਿ ॥ ਬਾਤਨ ਹੀ ਅਸਮਾਨੁ ਗਿਰਾਵਹਿ ॥੧॥ ਐਸੇ ਲੋਗਨ ਸਿਉ ਕਿਆ ਕਹੀਐ ਜੋ ਪ੍ਰਭ ਕੀਏ ਭਗਤਿ ਤੇ ਬਾਹਜ ਤਿਨ ਤੇ ਸਦਾ ਡਰਾਨੇ ਰਹੀਐ ॥੧॥ ਰਹਾਉ ॥ ਆਪਿ ਨ ਦੇਹਿ ਚੁਰੂ ਭਰਿ ਪਾਨੀ ॥ ਤਿਹ ਨਿੰਦਹਿ ਜਿਹ ਗੰਗਾ ਆਨੀ ॥੨॥ ਬੈਠਤ ਉਠਤ ਕੁਟਿਲਤਾ ਚਾਲਹਿ ॥ ਆਪੁ ਗਏ ਅਉਰਨ ਹੂ ਘਾਲਹਿ ॥੩॥ ਛਾਡਿ ਕੁਚਰਚਾ ਆਨ ਨ ਜਾਨਹਿ ॥ ਬ੍ਰਹਮਾ ਹੂ ਕੋ ਕਹਿਓ ਨ ਮਾਨਹਿ ॥੪॥ ਆਪੁ ਗਏ ਅਉਰਨ ਹੂ ਖੋਵਹਿ ॥ ਆਗਿ ਲਗਾਇ ਮੰਦਰ ਮੈ ਸੋਵਹਿ ॥੫॥ ਅਵਰਨ ਹਸਤ ਆਪ ਹਹਿ ਕਾਂਨੇ ॥ ਤਿਨ ਕਉ ਦੇਖਿ ਕਬੀਰ ਲਜਾਨੇ ੬॥੧॥੪੪॥ {ਪੰਨਾ 332}

ਭਲੇ ਮਾਣਸੋ, ਪਹਿਲਾਂ ਹੋ ਤਾਂ ਲੈਣ ਦਿਓ, ਫਿਰ ਆਪਣੀ ਜੁਗਾਲ਼ੀ ਕਰ ਲਿਓ, ਘਰੇ ਬੈਠੇ ਫਤਵੇ ਜਾਰੀ ਕਰੀ ਜਾਂਦੇ ਹੋ। ਕੋਈ ਨਹੀਂ ਵਿਕਿਆ, ਨਾ ਹੀ ਕਿਸੇ ਵਿਕਣਾ ਹੈ, ਇਹ ਇਕ ਉਪਰਾਲਾ ਹੈ ਕਿ ਬਚਿੱਤਰ ਨਾਟਕ ਗ੍ਰੰਥ ਦਾ ਸਬੂਤਾਂ ਸਮੇਤ ਸੰਵਾਦ ਹੋਵੇ, ਜਿਸ ਨਾਲ ਆਮ ਲੋਕਾਂ ਨੂੰ ਇਸ ਬਾਰੇ ਪਤਾ ਚਲ ਸਕੇ। ਇਥੇ ਕਿਸੇ ਨੂੰ ਮਨਾਉਣ ਜਾਂ ਹਰਾਉਣ ਦੀ ਗੱਲ ਨਹੀਂ, ਨਾ ਹੀ ਇਹ ਕੋਈ ਮੁਕਾਬਲਾ ਜਾਂ ਛਿੰਝ ਹੈ, ਕਿ ਇਕ ਨੇ ਦੂਸਰੇ ਦੀ ਧੌਣ 'ਤੇ ਗੋਡਾ ਧਰਨਾ ਹੈ।

ਪ੍ਰਬੰਧਕਾਂ ਵੱਲੋਂ ਮਿਲੀ ਜਾਣਕਾਰੀ ਅਨੁਸਾਰ ਜਰਮਨੀ ਦੇ ਸਿੱਖਾਂ ਵਲੋਂ ਕੀਤਾ ਉਪਰਾਲਾ ਕੀਤਾ ਹੈ, ਅਤੇ ਪਿਛਲੇ 4-5 ਮਹੀਨਿਆਂ ਦੀ ਕੋਸ਼ਿਸ਼ਾਂ ਤੋਂ ਬਾਅਦ ਇਹ ਮਾਹੌਲ ਤਿਆਰ ਕੀਤਾ ਜਾ ਸਕਿਆ ਹੈ। ਉਨ੍ਹਾਂ ਦੱਸਿਆ ਕਿ ਦੋਵੇਂ ਧਿਰਾਂ ਨਾਲ ਰਾਬਤਾ ਕਾਇਮ ਕਰਨਾ ਹੀ ਇਕ ਬਹੁਤ ਵੱਡਾ ਕੰਮ ਸੀ, ਤੇ ਦੋਵੇਂ ਧਿਰਾਂ ਦਾ ਆਪਸ ਵਿੱਚ ਬਹਿਣਾ ਕੋਈ ਛੋਟੀ ਗੱਲ ਨਹੀਂ। ਇਥੇ ਕੋਈ ਜਿੱਤ ਹਾਰ ਲਈ ਨਹੀਂ ਆਇਆ, ਸਿਰਫ ਇਕ ਮਾਹੌਲ ਸਿਰਜਣ ਆਏ ਹਨ ਕਿ ਇਸ ਮਸਲੇ ਬਾਰੇ ਦੋਵੇਂ ਧਿਰਾਂ ਦੇ ਵਿਦਵਾਨ ਆਹਮੋ ਸਾਹਮਣੇ ਬੈਠ ਕੇ ਸਬੂਤ ਸਮੇਤ ਆਪਣੇ ਵੀਚਾਰ ਰੱਖਣ, ਨਾ ਕਿ ਸੀਨਾ ਬਸੀਨਾ ਦੀ ਰੱਟ ਲਾਈ ਜਾਣ ਵਾਲੇ ਲੋਕਾਂ ਦੀ ਤਰ੍ਹਾਂ ਕੋਈ ਬਹਿਸ ਬਾਜੀ 'ਚ ਸ਼ਾਮਿਲ ਹੋਣ।

ਇਸ ਸੰਵਾਦ ਵਿੱਚ ਕਿਸੇ ਵੀ ਤਰ੍ਹਾਂ ਦੀ ਹੁੱਲੜਬਾਜ਼ੀ ਨਾ ਹੋਵੇ, ਇਸ ਦਾ ਪੁੱਖ਼ਤਾ ਇੰਤਜ਼ਾਮ ਕੀਤਾ ਗਿਆ ਹੈ, ਤੇ ਸਿਰਫ ਸੱਦਾ ਪੱਤਰ 'ਤੇ ਆਉਣ ਦੀ ਇਜ਼ਾਜ਼ਤ ਹੈ। ਇਹ ਸੰਵਾਦ ਪੂਰੀ ਤਰ੍ਹਾਂ ਕਾਇਦੇ ਦੇ ਅੰਦਰ, ਬਿਨਾਂ ਕਿਸੀ ਨਿਜੀ ਇਲਜ਼ਾਮ ਤਰਾਸ਼ੀ ਦੇ ਹੋਵੇਗਾ, ਤੇ ਇਸ ਨੂੰ ਸੰਚਾਲਨ ਕਰਣ ਵਾਲੇ ਦਾ ਪੂਰਾ ਅਧਿਕਾਰ ਹੋਵੇਗਾ ਕਿ ਉਹ ਇਸ ਤਰ੍ਹਾਂ ਦੀ ਕੋਸ਼ਿਸ਼ ਕਰਣ ਵਾਲੇ ਨੂੰ ਥਾਂ 'ਤੇ ਹੀ ਰੋਕੇ।

ਪ੍ਰਬੰਧਕਾਂ ਨੇ ਦੱਸਿਆ ਕਿ ਭਰੋਸਾ ਰੱਖੋ, ਅਸੀਂ ਕੋਈ ਸਮਝੌਤਾ ਕਰਵਾਉਣ ਜਾਂ ਕਿਸੇ ਦਬਾਅ ਹੇਠ ਐਸਾ ਨਹੀਂ ਕਰਵਾ ਰਹੇ, ਸਿਰਫ ਸਿੱਖਾਂ ਤੱਕ ਵਿਦਵਾਨਾਂ ਦੀ ਖੋਜ਼ ਮੁਤਾਬਿਕ, ਗੁਰਬਾਣੀ ਦੀ ਰੌਸ਼ਨੀ ਵਿੱਚ ਪੁਖ਼ਤਾ ਜਾਣਕਾਰੀ ਦੇਣ ਦੀ ਕੋਸ਼ਿਸ਼ ਹੈ। ਅਸੀਂ ਕੋਈ ਫੈਸਲਾ ਨਹੀਂ ਕਰਵਾਉਣਾ, ਨਾ ਹੀ ਕਿਸੇ ਤਰ੍ਹਾਂ ਦਾ ਹੁਕਮ ਸੁਣਾਉਣਾ ਹੈ। ਜਿਹੜੇ ਲੋਕ ਆਪਣੇ ਕਿਆਸ ਲਾਈ ਜਾ ਰਹੇ ਹਨ, ਉਨ੍ਹਾਂ ਨੂੰ ਬੇਨਤੀ ਹੈ ਕਿ ਉਹ ਸਹਿਜ ਵਿੱਚ ਰਹਿਣ। ਲੱਤ ਖਿੱਚੂ ਆਦਤਾਂ ਛੱਡ ਕੇ ਵਿਰੋਧੀਆਂ ਨਾਲ ਵੀ ਕਿਸ ਤਰ੍ਹਾਂ ਸਾਹਿਜ ਵਿੱਚ ਵੀਚਾਰ ਕਰਨੀ ਹੈ, ਇਹ ਸਿਖਣ ਦੀ ਕੋਸ਼ਿਸ਼ ਕਰਣ।


ਜੇ ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ।


ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org  and cannot be held responsible for their views.  Read full details....

Go to Top