Share on Facebook

Main News Page

ਦਿੱਲੀ ਕਮੇਟੀ ਦੀ ਪ੍ਰਧਾਨਗੀ ਨੂੰ ਲੈ ਸਿਰਸਾ ਤੇ ਜੀ. ਕੇ. ਹੋ ਸਕਦੇ ਆਹਮੋ ਸਾਹਮਣੇ
-: ਜਸਬੀਰ ਸਿੰਘ ਪੱਟੀ
93560 24684

ਦਿੱਲੀ ਸਿੱਖ ਗੁਰੂਦੁਆਰਾ ਪ੍ਰਬੰਧਕ ਕਮੇਟੀ ਦੀਆ ਚੋਣਾਂ ਵਿੱਚ ਸ਼੍ਰੋਮਣੀ ਅਕਾਲੀ ਦਲ (ਬਾਦਲ) ਦੀ ਹੋਈ ਹੂੰਝਾ ਫੇਰ ਜਿੱਤ ਇਸ ਵਾਰੀ ਬਾਦਲ ਦਲ ਦੇ ਗਲੇ ਦੀ ਹੱਡੀ ਬਣ ਸਕਦੀ ਹੈ ਕਿਉਕਿ ਪ੍ਰਧਾਨਗੀ ਦੇ ਵਕਾਰੀ ਆਹੁਦੇ ਨੂੰ ਲੈ ਕੇ ਮਨਜਿੰਦਰ ਸਿੰਘ ਸਿਰਸਾ ਤੇ ਮਨਜੀਤ ਸਿੰਘ ਜੀ ਕੇ ਆਹਮੋ ਸਾਹਮਣੇ ਹੋ ਸਕਦੇ ਹਨ। ਸਿਰਸਾ ਪਹਿਲਾਂ ਵੀ ਇੱਕ ਵਾਰੀ ਇਸ ਆਹੁਦੇ ਲਈ ਆਪਣਾ ਹੱਕ ਜਿੱਤਾ ਚੁੱਕੇ ਹਨ ਅਤੇ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਪ੍ਰਧਾਨ ਸ੍ਰ ਸੁਖਬੀਰ ਸਿੰਘ ਬਾਦਲ ਨੇ ਉਹਨਾਂ ਨੂੰ ਪੰਜਾਬ ਸਰਕਾਰ ਵਿੱਚ ਕੈਬਨਿਟ ਮੰਤਰੀ ਦੇ ਰੈਂਕ ਦਾ ਦਰਜਾ ਦੇ ਕੇ ਸੰਤੁਸ਼ਟ ਕੀਤਾ ਸੀ।

ਸਾਲ 2013 ਵਿੱਚ ਜਦੋਂ ਅਕਾਲੀ ਦਲ ਬਾਦਲ ਨੇ ਦਿੱਲੀ ਕਮੇਟੀ ਦੀਆ ਚੋਣਾਂ ਵਿੱਚ ਹੂੰਝਾ ਫੇਰ ਜਿੱਤ ਦਰਜ ਕਰਵਾਈ ਸੀ ਤਾਂ ਉਸ ਸਮੇਂ ਯੋਗਤਾ ਤੇ ਸੀਨੀਅਰਤਾ ਦੇ ਹਿਸਾਬ ਨੂੰ ਮੁੱਖ ਰੱਖਦਿਆ ਮਨਜੀਤ ਸਿੰਘ ਜੀ ਕੇ ਨੂੰ ਪਰਧਾਨ ਤੇ ਸੁਖਬੀਰ ਸਿੰਘ ਬਾਦਲ ਦੇ ਸੱਜੇ ਲੈਫਟੈਣ ਮੰਨੇ ਜਾਂਦੇ ਸ੍ਰ ਮਨਜਿੰਦਰ ਸਿਰਸਾ ਨੂੰ ਜਨਰਲ ਸਕੱਤਰ ਬਣਾਇਆ ਗਿਆ ਸੀ ਪਰ ਪ੍ਰਧਾਨਗੀ ਦੇ ਆਹੁਦੇ ਨੂੰ ਲੈ ਕੇ ਦੋਹਾਂ ਆਗੂਆਂ ਵਿੱਚ ਕਾਫੀ ਕਮਸਕੱਸ ਚੱਲਦੀ ਰਹੀ ਸੀ। ਇੱਕ ਵਾਰੀ ਤਾਂ ਇਥੋ ਤੱਕ ਨੌਬਤ ਪਹੁੰਚ ਗਈ ਸੀ ਕਿ ਮਨਜੀਤ ਸਿੰਘ ਜੀ. ਕੇ. ਆਪਣਾ ਅਸਤੀਫਾ ਦੇ ਕੇ ਘਰ ਨੂੰ ਚੱਲੇ ਗਏ ਸਨ ਅਤੇ ਸੁਖਬੀਰ ਸਿੰਘ ਬਾਦਲ ਵੱਲੋ ਮਨਾਉਣ ਉਪਰੰਤ ਹੀ ਦਫਤਰ ਵਾਪਸ ਪਰਤੇ ਸਨ। ਦੂਜੇ ਪਾਸੇ ਮਨਜਿੰਦਰ ਸਿੰਘ ਸਿਰਸਾ ਨੂੰ ਸੁਖਬੀਰ ਸਿੰਘ ਬਾਦਲ ਨੇ ਚੰਡੀਗੜ ਬੁਲਾ ਕੇ ਲਾਲਬੱਤੀ ਵਾਲੀ ਗੱਡੀ ਦੇ ਕੇ ਮੰਤਰੀ ਪਦ ਵਾਲੀ ਪਦਵੀ ਦੇ ਕੇ ਆਪਣਾ ਸਲਾਹਕਾਰ ਨਿਯੁਕਤ ਕੀਤਾ ਤੇ ਉਸ ਦੀ ਲਾਲਸਾ ਨੂੰ ਪੱਠੇ ਪਾ ਦਿੱਤੇ ਸਨ, ਇਸ ਤੋ ਬਾਅਦ ਸਿਰਸਾ ਆਪਣਾ ਵਧੇਰੇ ਸਮਾਂ ਦਿੱਲੀ ਦੀ ਬਜਾਏ ਚੰਡੀਗੜ ਬਿਤਾਉਣ ਲੱਗ ਪਏ ਸਨ। ਪੰਜਾਬ ਵਿਧਾਨ ਸਭਾ ਦੀਆ ਚੋਣਾਂ ਵਿੱਚ ਸਿਰਸਾ ਨੂੰ ਅੰਮ੍ਰਿਤਸਰ ਦੇ ਵਿਧਾਨ ਸਭਾ ਹਲਕਾ ਦੱਖਣੀ ਅਤੇ ਮੋਹਾਲੀ ਤੋ ਚੋਣ ਲੜਾਉਣ ਦੀ ਚਰਚਾ ਜੋਰਾਂ ਤੇ ਹੋਈ ਸੀ ਤੇ ਸਿਰਸਾ ਨੇ ਇੱਕ ਵਾਰੀ ਅੰਮ੍ਰਿਤਸਰ ਦੱਖਣੀ ਹਲਕੇ ਦਾ ਦੌਰਾ ਵੀ ਕੀਤਾ ਸੀ। ਕਈ ਅਕਾਲੀ ਆਗੂਆਂ ਨਾਲ ਮੁਲਾਕਾਤ ਵੀ ਕੀਤੀ ਪਰ ਉਹਨਾਂ ਵੱਲੋ ਕੋਈ ਹਾਂ ਪੱਖੀ ਹੁੰਗਾਰਾ ਨਾ ਮਿਲਣ ਤੇ ਸਿਰਸਾ ਨੇ ਚੋਣ ਲੜਨ ਦਾ ਵਿਚਾਰ ਤਿਆਗ ਦਿੱਤਾ ਸੀ। ਜੂਨੀਅਰ ਬਾਦਲ ਚਾਹੁੰਦੇ ਸਨ ਕਿ ਦਿੱਲੀ ਵਿੱਚੋ ਸਿਰਸੇ ਨੂੰ ਪੱਕੇ ਤੌਰ ਤੇ ਪੰਜਾਬ ਵਿੱਚ ਤਬਦੀਲ ਕੀਤਾ ਜਾਵੇ ਪਰ ਉਹ ਸਫਲ ਨਹੀਂ ਹੋ ਸਕੇ।

ਦਿੱਲੀ ਕਮੇਟੀ ਦੀਆ ਚੋਣਾਂ ਤੋ ਪਹਿਲਾਂ ਇਹ ਵੀ ਚਰਚਾ ਸੀ ਕਿ ਇਸ ਵਾਰੀ ਮਨਜਿੰਦਰ ਸਿੰਘ ਸਿਰਸਾ ਚੋਣ ਨਹੀਂ ਲੜਣਗੇ ਤੇ ਉਹਨਾਂ ਨੂੰ ਬਾਅਦ ਵਿੱਚ ਲੋੜ ਪੈਣ ਤੇ ਨਾਮਜ਼ਦ ਕਰ ਲਿਆ ਜਾਵੇਗਾ ਪਰ ਸਿਰਸਾ ਇਸ ਲਈ ਤਿਆਰ ਨਹੀਂ ਹੋਏ ਕਿਉਕਿ ਉਹ ਜਾਣਦੇ ਸਨ ਕਿ ਇਸ ਤਰ੍ਹਾਂ ਉਹਨਾਂ ਨੂੰ ਦਿੱਲੀ ਕਮੇਟੀ ਵਿੱਚੋ ਬਾਹਰ ਵੀ ਕੱਢਣ ਦੀ ਰਣਨੀਤੀ ਤਿਆਰ ਕੀਤੀ ਜਾ ਰਹੀ ਹੈ। ਸਿਰਸਾ ਨੇ ਪਾਰਟੀ ਪ੍ਰਧਾਨ ਨਾਲ ਗੱਲਬਾਤ ਕਰਕੇ ਚੋਣ ਲੜਨ ਦੀ ਇੱਛਾ ਪ੍ਰਗਟਾਈ ਤੇ ਉਹਨਾਂ ਨੂੰ ਟਿਕਟ ਦੇ ਦਿੱਤੀ ਗਈ। ਸਿਰਸਾ ਨੂੰ ਬਾਦਲ ਦਲ ਦੀਆ ਕਈ ਮਹਾਨ ਸਖਸ਼ੀਅਤਾਂ ਨੇ ਹਰਾਉਣ ਦੀ ਕੋਸ਼ਿਸ਼ ਵੀ ਕੀਤੀ ਪਰ ਉਹ ਜਿਸ ਹਲਕੇ ਪੰਜਾਬੀ ਬਾਗ ਤੋ ਚੋਣ ਲੜੇ ਉਥੋ ਉਹ ਪਹਿਲਾਂ ਵੀ ਚਾਰ ਚੋਣਾਂ ਲੜ ਲੜ ਚੁੱਕੇ ਸਨ ਜਿਹਨਾਂ ਵਿੱਚੋ ਇੱਕ ਚੋਣ ਨੂੰ ਛੱਡ ਕੇ ਉਹ ਤਿੰਨ ਵਾਰੀ ਜਿੱਤ ਦਰਜ ਕਰਾਉਣ ਵਿੱਚ ਕਾਮਯਾਬ ਰਹੇ, ਹਲਕੇ ਦੇ ਇੱਕ ਇੱਕ ਵੋਟਰ ਨੂੰ ਉਹ ਨਿੱਜੀ ਤੌਰ ਤੇ ਜਾਣਦੇ ਹਨ।

ਪਹਿਲੀ ਚੋਣ ਉਹਨਾਂ ਨੇ 2013 ਵਿੱਚ ਦਿੱਲੀ ਕਮੇਟੀ ਦੀ ਲੜੀ ਤੇ ਜਿੱਤ ਪ੍ਰਾਪਤ ਕੀਤੀ, ਦੂਸਰੀ ਚੋਣ ਉਹਨਾਂ ਦੀ ਧਰਮ ਪਤਨੀ ਨੇ ਨਵੀ ਦਿੱਲੀ ਨਗਰ ਨਿਗਮ ਦੀ ਭਾਜਪਾ ਦੀ ਟਿਕਟ ਤੇ ਲੜ ਕੇ ਕਾਮਯਾਬੀ ਹਾਸਲ ਕੀਤੀ, ਤੀਜੀ ਚੋਣ ਉਹਨਾਂ ਨੇ ਦਿੱਲੀ ਵਿਧਾਨ ਸਭਾ ਦੀ ਅਕਾਲੀ ਦਲ ਦੇ ਚੋਣ ਨਿਸ਼ਾਨ ਤੱਕੜੀ ਤੇ ਭਾਜਪਾ ਨਾਲ ਮਿਲ ਕੇ ਲੜੀ ਤਾਂ ਵੀ ਸ਼ਾਨ ਨਾਲ ਜਿੱਤੇ, ਪਰ ਜਲਦੀ ਉਹ ਵਿਧਾਨ ਸਭਾ ਭੰਗ ਹੋ ਗਈ। ਇੱਕ ਸਾਲ ਬਾਅਦ ਜਦੋ ਫਿਰ ਵਿਧਾਨ ਸਭਾ ਦੀ ਚੋਣਾਂ ਹੋਈਆ ਤਾਂ ਉਹ ਆਮ ਆਦਮੀ ਪਾਰਟੀ ਦੇ ਝੂਲੇ ਤੂਫਾਨ ਦਾ ਸ਼ਿਕਾਰ ਹੋ ਕੇ ਚੋਣ ਹਾਰ ਗਏ ਤੇ ਉਹਨਾਂ ਦੀ ਥਾਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਜਰਨੈਲ ਸਿੰਘ ਪੱਤਰਕਾਰ ਵਿਧਾਇਕ ਬਣਨ ਵਿੱਚ ਕਾਮਯਾਬ ਰਹੇ। ਇਸ ਵਾਰੀ ਦਿੱਲੀ ਕਮੇਟੀ ਦੀਆ 26 ਫਰਵਰੀ ਨੂੰ ਪਈਆ ਵੋਟਾਂ ਤੇ ਪਹਿਲੀ ਮਾਰਚ ਨੂੰ ਆਏ ਨਤੀਜੇ ਵਿੱਚ ਉਹ ਆਪਣੇ ਨਿਕਟ ਵਿਰੋਧੀ ਸ਼੍ਰੋਮਣੀ ਅਕਾਲੀ ਦਲ ਦਿੱਲੀ ਦੇ ਪ੍ਰਧਾਨ ਸ੍ਰ ਪਰਮਜੀਤ ਸਿੰਘ ਸਰਨਾ ਨੂੰ 497 ਵੋਟਾਂ ਦੇ ਫਰਕ ਨਾਲ ਹਰਾਉਣ ਵਿੱਚ ਕਾਮਯਾਬ ਹੋ ਕੇ ਇੱਕ ਵਾਰੀ ਫਿਰ ਦਿੱਲੀ ਕਮੇਟੀ ਦੇ ਹਾਊਸ ਦੀ ਬਰੂਹਾਂ ਸਰ ਕਰਨ ਵਿੱਚ ਕਾਮਯਾਬ ਹੋ ਗਏ।

ਦਿੱਲੀ ਕਮੇਟੀ ਦਾ ਸਰਦਾਰ ਕੌਣ ਬਣੇਗਾ ਇਹ ਤਾਂ ਹਾਲੇ ਭਵਿੱਖ ਦੀ ਬੁੱਕਲ ਵਿੱਚ ਛਿਪਿਆ ਹੈ, ਪਰ ਮਨਜਿੰਦਰ ਸਿੰਘ ਸਿਰਸਾ ਵੱਲੋ ਜੇਕਰ ਪ੍ਰਧਾਨਗੀ ਦਾ ਦਾਅਵਾ ਠੋਕਿਆ ਜਾਂਦਾ ਹੈ ਤਾਂ ਅਕਾਲੀ ਦਲ ਦੇ ਸੁਪਰੀਮੋ ਜੂਨੀਅਰ ਬਾਦਲ ਧਰਮ ਸੰਕਟ ਵਿੱਚ ਪੈ ਸਕਦੇ ਹਨ। 11 ਮਾਰਚ ਨੂੰ ਪੰਜਾਬ ਵਿਧਾਨ ਸਭਾ ਦੇ ਨਤੀਜਿਆ ਤੋ ਬਾਅਦ ਜੇਕਰ ਅਕਾਲੀ ਦਲ ਹਾਰ ਜਾਂਦਾ ਹੈ ਤਾਂ ਫਿਰ ਸਿਰਸੇ ਤੇ ਜੀ ਕੇ ਵਿਚਕਾਰ ਹੋਣ ਵਾਲੀ ਕਬਜ਼ੇ ਦੀ ਲੜਾਈ ਦਿੱਲੀ ਕਮੇਟੀ ਦੀ ਨਵੀ ਬਣਨ ਵਾਲੀ ਕਮੇਟੀ ਵਿੱਚ ਸੰਕਟ ਖੜਾ ਕਰ ਸਕਦੀ ਹੈ ਕਿਉਕਿ ਸਰਨਾ ਧੜੇ ਸਮੇਤ ਬਾਕੀ ਜਿੱਤੇ ਕੁਲ 11 ਮੈਬਰ ਦਿੱਲੀ ਦੇ ਸਿੱਖਾਂ ਦੀਆ ਤਰ੍ਹਾਂ ਆਪਣਾ ਮੁੱਲ ਵੀ ਪਵਾਉਣਗੇ ਤੇ ਆਪਣੀ ਮਰਜੀ ਦਾ ਪ੍ਰਧਾਨ ਬਣਾਉਣ ਵਿੱਚ ਯੋਗਦਾਨ ਵੀ ਪਾਉਣਗੇ। ਨਵੇ ਮੈਂਬਰਾਂ ਦੀ ਪਹਿਲੀ ਮੀਟਿੰਗ 15 ਮਾਰਚ ਨੂੰ ਡਾਇਰੈਕਟਰ ਗੁਰੂਦੁਆਰਾ ਚੋਣ ਡਾਇਰੈਕਟੋਰੇਟ ਦੀ ਅਗਵਾਈ ਹੇਠ ਹੋ ਸਕਦੀ ਹੈਜਿਸ ਵਿੱਚ ਦੋ ਮੈਂਬਰ ਨਾਮਜਦ ਕੀਤੇ ਜਾਣਗੇ ਅਤੇ ਦੋ ਲਾਟਰੀ ਰਾਹੀ ਕੱਢੇ ਜਾਣਗੇ। ਅਗਲੀ ਮੀਟਿੰਗ ਵਿੱਚ ਇੱਕ ਮੈਂਬਰ ਸ਼੍ਰੋਮਣੀ ਕਮੇਟੀ ਵੱਲੋ ਭੇਜੇ ਗਏ ਨਾਮ ਵਾਲੇ ਵਿਅਕਤੀ ਨੂੰ ਨਾਮਜਦ ਕਰਕੇ ਮੈਂਬਰਾਂ ਦੀ ਗਿਣਤੀ 51 ਹੋ ਜਾਵੇਗੀ ਤੇ ਤੀਸਰੀ ਮੀਟਿੰਗ ਵਿੱਚ ਕਰੀਬ 15 ਅਪ੍ਰੈਲ ਦੇ ਨਜਦੀਕ ਪ੍ਰਧਾਨ, ਆਹੁਦੇਦਾਰਾਂ ਤੇ ਕਾਰਜਕਾਰਨੀ ਦੀ ਚੋਣ ਹੋਵੇਗੀ ਜਿਸ ਵਿੱਚ 51 ਮੈਬਰਾਂ ਸਮੇਤ ਚਾਰ ਤਖਤਾਂ ਦੇ ਜਥੇਦਾਰ ਵੀ ਭਾਗ ਲੈ ਸਕਦੇ ਹਨ ਕਿਉਕਿ ਉਹ ਵੀ ਆਪਣੇ ਆਹੁਦੇ ਕਰਕੇ ਮੈਂਬਰ ਹੁੰਦੇ ਹਨ ਪਰ ਉਹਨਾਂ ਨੂੰ ਵੋਟ ਪਾਉਣ ਦਾ ਅਧਿਕਾਰ ਹਾਸਲ ਨਹੀਂ ਹੁੰਦਾ।

ਦਿੱਲੀ ਦੇ ਪ੍ਰਧਾਨ ਦੀ ਕਿਸਮਤ ਦਾ ਫੈਸਲਾ ਪੰਜਾਬ ਵਿਧਾਨ ਸਭਾ ਚੋਣਾਂ ਤੋ ਬਾਅਦ ਹੋਵੇਗਾ ਤੇ ਇਸ ਵਾਰੀ ਮਨਜਿੰਦਰ ਸਿੰਘ ਸਿਰਸਾ ਦੇ ਪ੍ਰਧਾਨ ਬਨਣ ਦੀ ਵਧੇਰੇ ਸੰਭਾਵਨਾ ਹੈ ਕਿਉਕਿ ਮਨਜੀਤ ਸਿੰਘ ਜੀ ਕੇ ਨੂੰ ਰਾਜ ਸਭਾ ਦਾ ਲਾਲੀਪੋਪ ਦੇ ਕੇ ਚੁੱਪ ਵੀ ਕਰਾਇਆ ਜਾ ਸਕਦਾ ਹੈ। ਉਦਾਰਵਾਦੀ ਸੋਚ ਰੱਖਣ ਵਾਲੇ ਜੀ. ਕੇ. ਜੇਕਰ ਅਕਾਲੀ ਦਲ ਤੋ ਬਾਗੀ ਹੋ ਕੇ ਪ੍ਰਧਾਨਗੀ ਹਥਿਆਉਣ ਦੀ ਕੋਸ਼ਿਸ ਕਰਦੇ ਹਨ ਤਾਂ ਸਰਨਾ ਧੜਾ ਤੇ ਬਾਕੀ ਦੇ ਸਾਰੇ ਵਿਰੋਧੀ ਮੈਂਬਰ ਉਹਨਾਂ ਦਾ ਸਾਥ ਦੇ ਸਕਦੇ ਹਨ ਕਿਉਕਿ ਪਰਮਜੀਤ ਸਿੰਘ ਸਰਨਾ ਤੇ ਭਾਈ ਰਣਜੀਤ ਸਿੰਘ ਨਾਲ ਜੀ ਕੇ ਦੇ ਸੁਖਾਵੇ ਸਬੰਧ ਹਨ।

ਸਿੱਖਾਂ ਦੀ ਅਬਾਦੀ ਦਿੱਲੀ ਵਿੱਚ ਕਰੀਬ ਅੱਠ ਤੋ ਦਸ ਲੱਖ ਦੇ ਕਰੀਬ ਹੈ ਜਿਹਨਾਂ ਵਿੱਚ ਰਾਮਗੜੀਆ ਤੇ ਭਾਪਾ ਭਾਈਚਾਰਾ ਦੀ ਗਿਣਤੀ ਵਧੇਰੇ ਹੈ ਅਤੇ ਮਨਜੀਤ ਸਿੰਘ ਜੀ ਕੇ ਟਾਂਕ ਕਸ਼ੱਤਰੀ ਬਰਾਦਰੀ ਨਾਲ ਸਬੰਧ ਰੱਖਦੇ ਹਨ। ਸਿਰਸਾ ਜੱਟ ਭਾਈਚਾਰਾ ਨਾਲ ਸਬੰਧਿਤ ਹੈ ਜਿਹਨਾਂ ਦੀ ਗਿਣਤੀ ਦਿੱਲੀ ਵਿੱਚ ਕਾਫੀ ਘੱਟ ਗਿਣੀ ਜਾਂਦੀ ਹੈ। ਮਨਜੀਤ ਸਿੰਘ ਜੀ ਕੇ ਪਿਤਾ ਜਥੇਦਾਰ ਸੰਤੋਖ ਸਿੰਘ ਦੀ ਗੁਰੂਦੁਆਰਾ ਸੀਸ ਗੰਜ ਦੇ ਬਾਹਰ ਕਿਸੇ ਵੇਲੇ ਬਹੁਤ ਛੋਟੀ ਦਰਜੀ ਦੀ ਦੁਕਾਨ ਸੀ ਜਿਥੇ ਉਹ ਵਧੇਰੇ ਕਰਕੇ ਕਛਿਹਰੀਆ ਦੀ ਸਿਲਾਈ ਦਾ ਹੀ ਕੰਮ ਕਰਦੇ ਹਨ ਅਤੇ ਕਛਿਹਰੀਆ ਦੀ ਸਿਆਸਤ ਤੋ ਸ਼ੂਰੂ ਹੋ ਕੇ ਉਹ ਸਿੱਖ ਸਿਆਸਤ ਦੇ ਧੁਰੋਧਰ ਬਣਨ ਵਿੱਚ ਕਾਮਯਾਬ ਹੋਏ ਸਨ। ਸਿਰਸੇ ਨੂੰ ਬਾਦਲ ਪਰਿਵਾਰ ਦਾ ਪੂਰਾ ਪੂਰਾ ਅਸ਼ੀਰਵਾਦ ਹਾਸਲ ਹੋਣ ਦੇ ਨਾਲ ਨਾਲ ਸਿਰਸਾ ਨੋਟਾਂ ਦੀ ਬਰਸਾਤ ਕਰਨ ਵਿੱਚ ਵੀ ਮਾਹਿਰ ਮੰਨਿਆ ਜਾਂਦਾ ਹੈ ਤੇ ਦਿੱਲੀ ਦੇ ਸਿੱਖ ਵਪਾਰੀ ਕਿਸਮ ਦੇ ਲੋਕ ਹਨ ਤੇ ਤਜਾਰਤ ਨੂੰ ਹਮੇਸ਼ਾਂ ਪਹਿਲ ਦੇਣ ਵਿੱਚ ਯਕੀਨ ਰੱਖਦੇ ਹਨ। ਪ੍ਰਧਾਨਗੀ ਦਾ ਊਠ ਕਿਸ ਕਰਵੱਟ ਬੈਠੇਗਾ ਇਹ ਤਾਂ ਸਮਾਂ ਹੀ ਦੱਸੇਗਾ ਪਰ ਇਹ ਚਾਰ ਸਾਲ ਦਾ ਸਮਾਂ ਅਕਾਲੀ ਦਲ ਬਾਦਲ ਲਈ ਚੁਨੌਤੀਆ ਭਰਪੂਰ ਹੋਵੇਗਾ। ਇੱਕ ਵਿਸ਼ਲੇਸ਼ਣਕਾਰ ਦਾ ਮੰਨਣਾ ਹੈ ਕਿ ਕੋਈ ਵੱਡਾ ਝਗੜਾ ਪੈਣ ਤੇ ਦਿੱਲੀ ਸਰਕਾਰ ਪ੍ਰਬੰਧਕ ਵੀ ਲਗਾ ਸਕਦੀ ਹੈ ਤੇ ਚੋਣਾਂ ਵੀ ਅਗਲੇ ਸਾਲ ਦੁਬਾਰਾ ਹੋਣ ਤੋ ਇਨਕਾਰ ਨਹੀਂ ਕੀਤਾ ਜਾ ਸਕਦਾ।


ਜੇ ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ।


ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org  and cannot be held responsible for their views.  Read full details....

Go to Top