ਇਸ
ਸੰਸਾਰ ਵਿੱਚ ਹਰ ਤਰਾਂ ਦੇ ਲੋਕ ਵੱਸਦੇ ਹਨ, ਜਿਨ੍ਹਾਂ ਵਿੱਚ ਬਹੁਤੇ ਆਮ ਅਤੇ
ਕੁੱਝ ਖ਼ਾਸ ਹੁੰਦੇ ਹਨ । ਖ਼ਾਸ ਲੋਕਾਂ ਵਿੱਚ ਵੀ ਦੋ ਤਰਾਂ ਦੇ ਲੋਕ ਹੁੰਦੇ
ਹਨ, ਇੱਕ ਸ਼ੈਤਾਨ ਜੋ ਆਮ ਲੋਕਾਂ ਨੂੰ ਗ਼ਲਤ ਰਸਤੇ ਪਾ ਕੇ ਉਹਨਾ ਦੇ ਹੱਕਾਂ
ਨੂੰ ਮਾਰਨ ਵਾਲੇ ਅਤੇ ਜੁਰਮ ਕਰਨ ਵਾਲੇ ਹੁੰਦੇ ਹਨ । ਦੂਜੇ ਇਨਸਾਨ ਜੋ ਆਮ
ਲੋਕਾਂ ਦੇ ਹੱਕਾਂ ਦੀ ਰਾਖੀ ਕਰਨ ਵਾਲੇ, ਜੁਰਮ ਦੇ ਵਿਰੁੱਧ ਆਪਾ ਕੁਰਬਾਨ
ਕਰਕੇ ਸਹੀ ਰਸਤਾ ਵਿਖਾਉਣ ਵਾਲੇ ਹੁੰਦੇ ਹਨ । ਜਿੱਥੇ ਪਹਿਲੀ ਕਿਸਮ ਦੇ
ਸ਼ੈਤਾਨਾ ਨੂੰ ਅੰਨ੍ਹੇ, ਲੁਟੇਰੇ ਤੇ ਜ਼ਾਲਮ ਕਿਹਾ ਜਾਂਦਾ ਹੈ ਉੱਥੇ ਦੂਜੀ
ਕਿਸਮ ਦੇ ਇਨਸਾਨਾਂ ਨੂੰ ਸੂਰਮੇ, ਗੁਰੂ/ਭਗਤ ਤੇ ਰਹਿਬਰ ਜਿਹੇ ਸਤਿਕਾਰਤ
ਸ਼ਬਦਾਂ ਨਾਲ ਪੁਕਾਰਿਆ ਜਾਂਦਾ ਹੈ । ਜਦੋਂ ਦੀ ਮਨੁੱਖਤਾ ਹੋਂਦ ਵਿੱਚ ਆਈ ਹੈ
ਉਸ ਸਮੇਂ ਤੋਂ ਲੈ ਕੇ ਹੀ ਦੋਹਾਂ ਤਰਾਂ ਦੇ ਚੰਗੇ ਅਤੇ ਮੰਦੇ ਲੋਕ ਵੀ
ਮੌਜੂਦ ਹਨ । ਜਿੱਥੇ ਆਮ ਲੋਕਾਂ ਦੇ ਹੱਕਾਂ ਨੂੰ ਮਾਰਨ ਵਾਲੇ ਜ਼ਾਲਮ ਸ਼ੈਤਾਨਾਂ
ਦਾ ਘਾਟਾ ਨਹੀਂ ਹੁੰਦਾ ਉੱਥੇ ਆਮ ਲੋਕਾਂ ਦੇ ਹੱਕਾਂ ਸੱਚ ਲਈ ਆਪਾ ਵਾਰਨ
ਵਾਲੇ ਦਿਆਲੂ ਇਨਸਾਨਾਂ ਦੀ ਵੀ ਕਮੀ ਨਹੀਂ ਹੁੰਦੀ । ਇਸ ਸੰਸਾਰ ਵਿੱਚ ਲੋਕ
ਯਾਦ ਵੀ ਬੁਰਾਈ ਲਈ ਸ਼ੈਤਾਨਾਂ ਤੇ ਭਲਾਈ ਲਈ ਇਨਸਾਨਾਂ ਨੂੰ ਹੀ ਕਰਦੇ ਹਨ,
ਆਮ ਲੋਕਾਂ ਦੀ ਕਿਤੇ ਗੱਲ ਨਹੀਂ ਚਲਦੀ ਹੁੰਦੀ । ਪਰ ਸ਼ੈਤਾਨ ਤੇ ਇਨਸਾਨ ਦੀ
ਲੜਾਈ ਹੁੰਦੀ ਆਮ ਲੋਕਾਂ ਵਾਸਤੇ ਹੀ ਹੈ । ਸ਼ੈਤਾਨ ਆਪਣੇ ਭਲੇ (ਨਿੱਜ) ਲਈ
ਲੜਦਾ ਹੈ, ਇਨਸਾਨ ਮਨੁੱਖਤਾ ਦੇ ਭਲੇ ਲਈ ਆਪਾ (ਨਿੱਜ) ਨੂੰ ਕੁਰਬਾਨ ਕਰ
ਦਿੰਦਾ ਹੈ । ਇਸ ਲਈ ਜਿੱਥੇ ਸ਼ੈਤਾਨਾਂ ਨੂੰ ਫਿਟਕਾਰਾਂ ਪੈਂਦੀਆਂ ਹਨ ਅਤੇ
ਕੋਈ ਵੀ ਉਹਨਾ ਦਾ ਵਾਰਸ ਜਾਂ ਪੈਰੋਕਾਰ ਨਹੀਂ ਕਹਾਉਣਾ ਚਾਹੁੰਦਾ ਹੁੰਦਾ,
ਉੱਥੇ ਇਨਸਾਨਾਂ ( ਸੂਰਮੇ, ਗੁਰੂਆਂ, ਭਗਤਾਂ ) ਦੀ ਉਸਤਤ ਹੁੰਦੀ ਹੈ ਅਤੇ
ਉਹਨਾ ਦੇ ਵਾਰਸ ਤੇ ਪੈਰੋਕਾਰ ਕਹਾਉਣ ਵਾਲਿਆਂ ਦੀ ਬਹੁਤ ਵੱਡੀ ਭੀੜ ਹੁੰਦੀ
ਹੈ ।
ਪਰ ਅਫ਼ਸੋਸ ਕਿ ਇਹ ਭੀੜ ਹੀ ਹੌਲੀ ਹੌਲੀ ਨਿੱਜ ਤੋਂ ਉੱਪਰ ਉੱਠੇ ਇਨਸਾਨਾਂ
ਨੂੰ ਆਪਣੇ ਨਿੱਜ ਲਈ ਵਰਤਣਾ ਸ਼ੁਰੂ ਕਰਕੇ ਇੱਕ ਫ਼ਿਰਕੇ ਨਾਲ ਜੋੜ ਦਿੰਦੀ ਹੈ
। ਸੁਆਰਥੀ ਕਿਸਮ ਦੇ ਲੋਕ ਸਮੁੱਚੀ
ਮਨੁੱਖਤਾ ਦੇ ਭਲੇ ਹਿਤ ਆਪਾ ਕੁਰਬਾਨ ਕਰਕੇ ਏਕਤਾ ਦਾ ਪਾਠ ਪੜਾਉਣ ਵਾਲੇ
ਇਨਸਾਨਾਂ (ਰਹਿਬਰਾਂ) ਨੂੰ ਆਪਣਾ ਕੌਮੀ ਆਗੂ ਥਾਪ ਕੇ ਉਸ ਦੇ ਨਾਮ ਤੇ ਹੀ
ਵੱਖਰੀ ਕੌਮ ਦੀ ਇੱਕ ਹੋਰ ਵੰਡੀ ਪਾ ਦਿੰਦੇ ਹਨ । ਮੈਨੂੰ ਸੰਸਾਰ ਦੀਆਂ ਕੌਮਾਂ
ਵਾਰੇ ਤਾਂ ਜਾਣਕਾਰੀ ਨਹੀਂ ਹੈ, ਹਾਂ ਇੰਨਾ ਕੁ ਪਤਾ ਹੈ ਕਿ ਸਾਡੇ ਕਹੇ
ਜਾਂਦੇ ਦੇਸ਼ ਵਿੱਚ ਹਿੰਦੂ, ਮੁਸਲਿਮ, ਇਸਾਈ ਤੇ ਸਿੱਖ ਰਹਿੰਦੇ ਹਨ । ਸਿੱਖ
ਹੋਣ ਦੇ ਨਾਂਅ ਤੇ ਸਿੱਖ ਕੌਮ ਵਾਰੇ ਜਿੰਨੀ ਕੁ ਮੈਨੂੰ ਜਾਣਕਾਰੀ ਹੈ ਮੈਂ
ਉਸ ਦੇ ਆਧਾਰ ਤੇ ਹੀ ਵਿਚਾਰ ਸਾਂਝੇ ਕਰਨ ਦੀ ਕੋਸ਼ਿਸ਼ ਕਰ ਰਿਹਾ ਹਾਂ, ਜ਼ਰੂਰੀ
ਨਹੀਂ ਕਿ ਇਹ ਕਿਸੇ ਨੂੰ ਚੰਗੇ ਲੱਗਣ ਜਾਂ ਸਹੀ ਹੋਣ ਕਿਉਂਕਿ ਇਹ ਮੇਰੀ
ਨਿੱਜ ਮੱਤ ਹੀ ਹੈ । ਮੇਰੀ ਮੱਤ ਅਨੁਸਾਰ ਆਮ ਲੋਕਾਂ ਨੂੰ ਛੱਡ ਕੇ ਖ਼ਾਸ
ਕਿਸਮ ਦੇ ਲੋਕਾਂ ਸ਼ੈਤਾਨ ਜ਼ਾਲਮਾਂ ਤੇ ਇਨਸਾਨ ਰਹਿਬਰਾਂ ਵਿੱਚੋਂ ਜੇ ਕਿਸੇ
ਨਾਲ ਬੇਇਨਸਾਫ਼ੀਆਂ ਹੁੰਦੀਆਂ ਹਨ ਤਾਂ ਉਹ ਇਨਸਾਨ ਰਹਿਬਰਾਂ ਨਾਲ ਹੀ ਹੁੰਦੀਆਂ
ਹਨ, ਅਤੇ ਕੀਤੀਆਂ ਵੀ ਉਹਨਾ ਨੂੰ ਕੌਮੀ ਆਗੂ ਜਾਂ ਗੁਰੂ ਮੰਨਣ ਵਾਲੇ
ਪੈਰੋਕਾਰਾਂ ਵੱਲੋਂ ਹੀ ਜਾਂਦੀਆਂ ਹਨ । ਮਨੁੱਖਤਾ ਦੇ ਹੱਕਾਂ ਦੀ ਰਾਖੀ ਕਰਨ
ਵਾਲੇ, ਜੁਰਮ ਦੇ ਵਿਰੁੱਧ ਆਪਾ ਕੁਰਬਾਨ ਕਰਕੇ ਸਹੀ ਰਸਤਾ ਵਿਖਾਉਣ ਵਾਲਿਆਂ
ਰਹਿਬਰਾਂ ਦੀ ਮੱਤ ਸਦਾ ਇੱਕ ਹੀ ਰਹੀ ਹੈ ਤੇ ਰਹੇਗੀ ਵੀ । ਉਹ ਚਾਹੇ ਕਹੇ
ਜਾਂਦੇ ਕਿਸੇ ਵੀ ਦੇਸ਼, ਧਰਮ ਜਾਂ ਜਾਤ ਵਿੱਚ ਪੈਦਾ ਹੋਏ ਹੋਣ ਪਰ ਉਹ ਸਦਾ
ਦੇਸ਼, ਧਰਮ ਜਾਂ ਜਾਤ ਤੋਂ ਉੱਪਰ ਉੱਠ ਕੇ ਸਮੁੱਚੀ ਮਨੁੱਖਤਾ ਨੂੰ ਹੀ ਸਹੀ
ਤੇ ਸਰਬ-ਸਾਂਝਾ ਰਸਤਾ ਵਿਖਾਉਂਦੇ ਹਨ ।ਇਸ ਸਬੰਧ ਵਿੱਚ ਵਿਚਾਰ ਦੇ ਲਈ ਮੈਂ
ਗੁਰਬਾਣੀ ਅਤੇ ਸਿੱਖ ਕੌਮ ਦੀ ਗੱਲ ਕਰਨੀ ਚਾਹਾਂਗਾ ।
ਗੁਰੂਆਂ/ਭਗਤਾਂ ਦੀ ਵਿਚਾਰਧਾਰਾ ਗੁਰਬਾਣੀ ਨਾ ਤਾਂ ਕਿਸੇ ਦੇਸ ਧਰਮ ਜਾਂ
ਜਾਤ ਦੀ ਦੁਸ਼ਮਣ ਹੈ ਨਾਂ ਮਿੱਤਰ । ਇਹ ਸੱਚ ਤਾਂ ਦੱਬੇ ਕੁਚਲੇ ਮਜਲੂਮਾਂ ਅਤੇ
ਕਿਰਤੀਆਂ ਦੇ ਹੱਕ ਵਿੱਚ ਅਤੇ ਲੁਟੇਰੇ ਜਰਵਾਣਿਆਂ ਮਲਕ ਭਾਗੋਆਂ ਦੇ ਵਿਰੁੱਧ
ਹੈ ।ਜਿਵੇਂ ਕਿ ਜਿੱਥੇ ਗੁਰੂ ਗੋਬਿੰਦ ਸਿੰਘ ਜੀ ਦੀਆਂ ਜੁਰਮ ਦੇ ਵਿਰੁੱਧ
ਸ਼ੈਤਾਨ ਹਿੰਦੂ, ਮੁਸਲਮਾਨਾਂ ਨਾਲ ਜੰਗਾਂ ਹੋਈਆਂ ਸਨ ਉੱਥੇ ਗੁਰੂ ਗੋਬਿੰਦ
ਸਿੰਘ ਜੀ ਬਚਨਾਂ ਉੱਤੇ ਆਪਣੀਆਂ ਜਾਨਾਂ ਕੁਰਬਾਨ ਕਰਨ ਵਾਲੇ ਇਨਸਾਨ ਹਿੰਦੂ,
ਮੁਸਲਮਾਨ ਉਹਨਾ ਦੇ ਹਮਦਰਦ ਵੀ ਸਨ । ਮਜ਼ਲੂਮ ਤੇ ਜਰਵਾਣਾ ਚਾਹੇ ਇੱਕੋ ਦੇਸ਼
ਧਰਮ ਜਾਤ ਦੇ ਹੋਣ ਜਾਂ ਵੱਖੋ ਵੱਖਰੇ ਹੋਣ ਇਸ ਗੱਲ ਨਾਲ ਉਹਨਾ ਦਾ ਕੋਈ
ਵਾਸਤਾ ਨਹੀਂ ਹੁੰਦਾ ਕਿਉਂਕਿ ਉਹ ਤਾਂ ਸਮੁੱਚੀ ਮਨੁੱਖਤਾ ਨੂੰ ਇੱਕ ਪਿਤਾ
ਦੀ ਸੰਤਾਨ ਅਤੇ ਆਪਣੇ ਭੈਣ ਭਰਾ ਸਮਝਦੇ ਹਨ, ਇਸੇ ਲਈ ਉਹ ਸਭਨਾਂ ਦੇ ਸਾਂਝੇ
ਹੁੰਦੇ ਹਨ । ਪਰ ਅਫ਼ਸੋਸ ਕਿ ਏਕੁ
ਪਿਤਾ ਏਕਸ ਕੇ ਹਮ ਬਾਰਿਕ (ਪੰਨਾ ਨੰ: 611) ਦੇ
ਸ਼ਬਦਾਂ ਰਾਹੀਂ ਏਕਤਾ ਦਾ ਪਾਠ ਪੜਾਉਣ ਵਾਲੇ ਰਹਿਬਰਾਂ ਦੇ ਨਾਮ ਤੇ ਹੀ ਅਸੀਂ
ਵੱਖਰੇ ਧਰਮ ਖੜੇ ਕਰ ਲੈਂਦੇ ਹਾਂ ।
ਅਸੀਂ ਤਾਂ ਇੱਕ ਵਿਚਾਧਾਰਾ ਦੇ ਰਹਿਬਰਾਂ ਜਿੰਨਾ ਦੀ ਸਰਬ-ਸਾਂਝੀ ਵਿਚਾਰ
ਗੁਰੂ ਗ੍ਰੰਥ ਸਾਹਿਬ ਜੀ ਅੰਦਰ ਇੱਕੋ ਥਾਂ ਦਰਜ ਹੈ ਦੀ ਏਕਤਾ ਨੂੰ ਅਨੇਕਤਾ
ਵਿੱਚ ਵੰਡਦਿਆਂ ਉਹਨਾ ਦੇ ਨਾਵਾਂ ਉੱਪਰ ਹੀ ਵੱਖੋ ਵੱਖਰੇ ਗੁਰਦੁਆਰੇ ਮੰਦਰ
ਉਸਾਰ ਕੇ ਫ਼ਿਰਕਿਆਂ ਦੀ ਵੰਡਾਂ ਪੱਕੀਆਂ ਕਰਨ ਲੱਗੇ ਹੋਏ ਹਾਂ । ਹਿੰਦੂ
ਤੁਰਕ ਕਾ ਸਾਹਿਬੁ ਏਕ॥(ਪੰਨਾ ਨੰ: 1158) ਅਤੇ ਹਿੰਦੂ
ਅੰਨਾ ਤੁਰਕੂ ਕਾਣਾ॥ਦੁਹਾਂ ਤੇ ਗਿਆਨੀ ਸਿਆਣਾ॥ ਹਿੰਦੂ ਪੂਜੈ ਦੇਹੁਰਾ
ਮੁਸਲਮਾਣੁ ਮਸੀਤਿ ॥ ਨਾਮੇ ਸੋਈ ਸੇਵਿਆ ਜਹ ਦੇਹੁਰਾ ਨਾ ਮਸੀਤਿ ॥(ਪੰਨਾ
ਨੰ: 875) ਦਾ
ਸੁਨੇਹਾ ਦੇਣ ਵਾਲੇ ਰਹਿਬਰਾਂ ਦੀ ਹੀ ਦੇਹੁਰੇ/ਮੰਦਰ, ਮਸੀਤਾਂ ਵਾਂਗ
ਗੁਰਦੁਆਰਿਆਂ ਵਿੱਚ ਪੂਜਾ ਕਰਨੀ ਕਿਵੇਂ ਜਾਇਜ਼ ਹੋ ਸਕਦੀ ਹੈ । ਹਿੰਦੂ
ਤੁਰਕ ਕਹਾ ਤੇ ਆਏ ਕਿਨਿ ਏਹ ਰਾਹ ਚਲਾਈ॥( ਪੰਨਾ ਨੰ: 477) ਦੇ
ਸ਼ਬਦਾਂ ਰਾਹੀਂ ਹਿੰਦੂ ਮੁਸਲਿਮਾਂ ਦੇ ਵੱਖਰੇ ਫ਼ਿਰਕਿਆਂ ਦਾ ਖੰਡਨ ਕਰਨ ਵਾਲੇ
ਗੁਰੂਆਂ/ਭਗਤਾਂ ਦੇ ਨਾਮ ਤੇ ਹੀ ਇੱਕ ਹੋਰ ਤੀਜਾ ਫ਼ਿਰਕਾ (ਸਿੱਖ ਕੌਮ ਦਾ)
ਖੜ੍ਹਾ ਕਰ ਦੇਣਾ ਸੋਭਾ ਨਹੀਂ ਦਿੰਦਾ । ਕੀ ਜੇਕਰ ਇਹ ਰਹਿਬਰ ਸਰੀਰ ਕਰਕੇ
ਅੱਜ ਸਾਡੇ ਵਿਚਕਾਰ ਹੁੰਦੇ ਤਾਂ ਇਹ ਹਿੰਦੂ
ਤੁਰਕ ਕਾ ਸਾਹਿਬੁ ਏਕ॥ ਦੀ
ਥਾਂ ਹਿੰਦੂ
ਤੁਰਕ ਸਿੱਖ ਕਾ ਸਾਹਿਬੁ ਏਕ॥ ਜਾਂ ਹਿੰਦੂ
ਤੁਰਕ ਕਹਾ ਤੇ ਆਏ ਕਿਨਿ ਏਹ ਰਾਹ ਚਲਾਈ॥ ਦੀ
ਥਾਂ ਹਿੰਦੂ
ਤੁਰਕ ਸਿੱਖ ਕਹਾ ਤੇ ਆਏ ਕਿਨਿ ਏਹ ਰਾਹ ਚਲਾਈ॥ ਨਾ
ਕਹਿੰਦੇ ? ਕਿਉਂਕਿ ਮਹਾਂਪੁਰਖਾਂ ਦੀ ਕਹੀ ਗੱਲ ਕਿਸੇ ਇੱਕ ਵਿਸ਼ੇਸ਼ ਫ਼ਿਰਕੇ
ਲਈ ਹੋਣ ਦੀ ਥਾਂ ਸਮੁੱਚੀ ਮਨੁੱਖਤਾ ਲਈ ਹੁੰਦੀ ਹੈ ਜਿਵੇਂ ਕਿ ਗੁਰਵਾਕ ਹੈ
: ਪਰਥਾਇ
ਸਾਖੀ ਮਹਾ ਪੁਰਖ ਬੋਲਦੇ ਸਾਝੀ ਸਗਲ ਜਹਾਨੈ ॥(ਪੰਨਾ ਨੰ: 647) ਫਿਰ
ਅਜਿਹੇ ਮਹਾਂ ਪੁਰਖਾਂ ਦੇ ਬੋਲਾਂ (ਸ਼ਬਦਾਂ) ਨੂੰ ਕਿਸੇ ਇੱਕ ਫ਼ਿਰਕੇ ਵੱਲੋਂ
ਆਪਣੀ ਮਲਕੀਅਤ ਬਣਾ ਲੈਣਾ ਸ਼ਾਇਦ ਠੀਕ ਨਾ ਹੋਵੇ । ਆਪਣੇ ਆਪ ਨੂੰ ਗੁਰੂ
ਨਾਨਕ ਜੀ ਦੇ ਪੈਰੋਕਾਰ ਅਤੇ ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰੂ ਮੰਨਣ
ਵਾਲਿਆਂ (ਅਸੀਂ/ਸਿੱਖਾਂ) ਨੇ ਗੁਰੂ ਦੀ ਗੱਲ ਮੰਨ ਕੇ ਜੀਵਨ ਜਿਊਣ ਦੀ ਥਾਂ
ਵੱਖਰੀ ਕੌਮ ਦੇ ਨਾਮ ਤੇ ਇੱਕ ਹੋਰ ਫ਼ਿਰਕੇ ਨੂੰ ਮਜ਼ਬੂਤ ਕਰਨ ਤੇ ਹੀ ਜ਼ੋਰ
ਲਾਇਆ ਹੋਇਆ ਹੈ ।
ਮਨੁੱਖਤਾ ਤਾਂ ਪਹਿਲਾਂ ਹੀ ਹਿੰਦੂ ਮੁਸਲਮਾਨਾਂ ਦੇ ਧੜਿਆਂ ਦੇ ਭੇੜ ਵਿੱਚ
ਪਿਸ ਰਹੀ ਸੀ ਤਾਂ ਹੀ ਤਾਂ ਗੁਰੂ ਸਾਹਿਬ ਜੀ ਨੇ ਕਿਹਾ ਸੀ ਕਿ : ਭੈਰਉ
ਮਹਲਾ 5 ॥ ਵਰਤ ਨ ਰਹਉ ਨ ਮਹ ਰਮਦਾਨਾ ॥ ਤਿਸੁ ਸੇਵੀ ਜੋ ਰਖੈ ਨਿਦਾਨਾ ॥1॥
ਏਕੁ ਗੁਸਾਈ ਅਲਹੁ ਮੇਰਾ ॥ ਹਿੰਦੂ ਤੁਰਕ ਦੁਹਾਂ ਨੇਬੇਰਾ ॥1॥ ਰਹਾਉ ॥ ਹਜ
ਕਾਬੈ ਜਾਉ ਨ ਤੀਰਥ ਪੂਜਾ ॥ ਏਕੋ ਸੇਵੀ ਅਵਰੁ ਨ ਦੂਜਾ ॥2॥ ਪੂਜਾ ਕਰਉ ਨ
ਨਿਵਾਜ ਗੁਜਾਰਉ ॥ ਏਕ ਨਿਰੰਕਾਰ ਲੇ ਰਿਦੈ ਨਮਸਕਾਰਉ ॥3॥ ਨਾ ਹਮ ਹਿੰਦੂ ਨ
ਮੁਸਲਮਾਨ ॥ ਅਲਹ ਰਾਮ ਕੇ ਪਿੰਡੁ ਪਰਾਨ ॥4॥ ਕਹੁ ਕਬੀਰ ਇਹੁ ਕੀਆ ਵਖਾਨਾ ॥
ਗੁਰ ਪੀਰ ਮਿਲਿ ਖੁਦਿ ਖਸਮੁ ਪਛਾਨਾ ॥5॥3॥ (ਪੰਨਾ ਨੰ: 1136) । ਗੁਰੂ
ਸਾਹਿਬ ਜੀ ਤਾਂ ਉਸ ਸਮੇਂ ਦੇ ਪਰਚਲਿਤ ਦੋਹਾਂ ਧਰਮਾਂ ਦੇ ਕਰਮ ਕਾਂਡਾਂ ਦਾ
ਖੰਡਨ ਕਰ ਰਹੇ ਹਨ । ਫਿਰ ਉਹ ਆਪਣਾ ਨਵਾਂ ਕਰਮ ਕਾਂਡਾਂ ਵਾਲਾ ਧਰਮ ਕਿਵੇਂ
ਸਥਾਪਿਤ ਕਰ ਸਕਦੇ ਸਨ ? ਉਹਨਾ ਦਾ ਮਕਸਦ ਤਾਂ ਇਨਸਾਨੀਅਤ ਦੀ ਸਿੱਖਿਆ ਦੇਣਾ
ਸੀ ਨਾ ਕਿ ਆਪਣਾ ਵੱਖਰਾ ਧਰਮ (ਫ਼ਿਰਕਾ) ਸਥਾਪਿਤ ਕਰਨਾ । ਕਿਉਂਕਿ ਇਹਨਾਂ
ਧਰਮਾਂ ਤੇ ਫ਼ਿਰਕਿਆਂ ਨੇ ਸਦਾ ਨਹੀਂ ਰਹਿਣਾ । ਇਸੇ ਲਈ ਤਾਂ ਗੁਰੂ ਸਾਹਿਬ
ਜੀ ਕਹਿ ਰਹੇ ਹਨ ਕਿ : ਜੋ
ਉਪਜੈ ਸੋ ਸਗਲ ਬਿਨਾਸੈ ਰਹਨੁ ਨ ਕੋਊ ਪਾਵੈ ॥1॥ (ਪੰਨਾ ਨੰ: 1231) ਭਾਵ
ਕਿ ਜੋ ਪੈਦਾ ਹੋਇਆ ਹੈ ਉਹ ਕਦੇ ਨਾ ਕਦੇ ਖ਼ਤਮ ਵੀ ਜ਼ਰੂਰ ਹੋਵੇਗਾ । ਫਿਰ
ਅਜਿਹੇ ਮਹਾਂ ਪੁਰਖ ਖ਼ਤਮ ਹੋਣ ਵਾਲੀ ਵਸਤੂ ਨੂੰ ਕਿਉਂ ਸਥਾਪਿਤ ਕਰਨਗੇ ।
ਕਿਉਂਕਿ ਉਹ ਤਾਂ ਸੱਚ ਦੇ ਹਾਮੀ ਸਨ ਜਿਵੇਂ ਕਿ ਗੁਰਵਾਕ ਹੈ : ਸਚੁ
ਪੁਰਾਣਾ ਹੋਵੈ ਨਾਹੀ ਸੀਤਾ ਕਦੇ ਨ ਪਾਟੈ ॥ (ਪੰਨਾ ਨੰ: 956) ਅਤੇ
: ਸਚੁ
ਪੁਰਾਣਾ ਨਾ ਥੀਐ ਨਾਮੁ ਨ ਮੈਲਾ ਹੋਇ ॥ (ਪੰਨਾ ਨੰ: 1248) ਉਹ
ਸੱਚ ਦੇ ਹੀ ਪਹਿਰੇਦਾਰ ਸਨ ਉਹਨਾ ਨੇ ਤਾਂ ਸੱਚ ਤੇ ਆਪਣੀ ਜਾਨ, ਪਰਿਵਾਰ ਅਤੇ
ਘਰ ਘਾਟ ਨੂੰ ਵੀ ਕੁਰਬਾਨ ਕਰ ਦਿੱਤਾ ਸੀ ਕਿਉਂਕਿ ਸੱਚ ਨੇ ਹੀ ਸਦਾ ਰਹਿਣਾ
ਹੈ । ਮੈਨੂੰ ਲੱਗਦੈ ਇਹ ਉਹੀ ਸੱਚ ਹੈ ਜਿਸ ਨੂੰ ਗੁਰ ਨਾਨਕ ਜੀ ਨੇ ਗੁਰਬਾਣੀ
ਦੇ ਮੁੱਢ ਵਿੱਚ : ਆਦਿ
ਸਚੁ ਜੁਗਾਦਿ ਸਚੁ ॥ ਹੈ ਭੀ ਸਚੁ ਨਾਨਕ ਹੋਸੀ ਭੀ ਸਚੁ ॥1॥ ਲਿਖਿਆ
ਹੈ ।
ਹੁਣ ਜੇ ਇਹ ਮੰਨ ਲਈਏ ਕਿ ਸੱਚ ਸਿਰਫ਼ ਗੁਰ ਨਾਨਕ ਜੀ ਨੇ ਹੀ ਪਰਗਟ ਕੀਤਾ ਹੈ
ਤਾਂ ਇਹ ਵੀ ਸੱਚ ਨਾਲ ਹੀ ਬੇਇਨਸਾਫ਼ੀ ਹੋਵੇਗੀ ਤੇ ਗੁਰੂ ਨਾਨਕ ਜੀ ਨਾਲ ਵੀ,
ਕਿਉਂਕਿ ਗੁਰੂ ਨਾਨਕ ਜੀ ਤਾਂ ਖ਼ੁਦ ਕਹਿ ਰਹੇ ਹਨ ਕਿ
: ਆਦਿ
ਸਚੁ ਜੁਗਾਦਿ ਸਚੁ ॥ ਹੈ ਭੀ ਸਚੁ ਨਾਨਕ ਹੋਸੀ ਭੀ ਸਚੁ ॥1॥ ਸੱਚ
ਹਰ ਸਮੇਂ ਇੱਕ ਹੀ ਹੋਣ ਦਾ ਇੱਕ ਹੋਰ ਸਬੂਤ ਵੀ ਗੁਰਬਾਣੀ ਵਿੱਚੋਂ ਹੀ ਮਿਲਦਾ
ਹੈ ਜਿਵੇਂ ਕਿ ਜਿੰਨਾ ਮਹਾਂ ਪੁਰਖਾਂ ਦੀ ਬਾਣੀ ਗੁਰੂ ਗ੍ਰੰਥ ਸਾਹਿਬ ਜੀ
ਵਿੱਚ ਦਰਜ ਹੈ ਉਹਨਾ ਵਿੱਚੋਂ ਕਈ ਭਗਤ ਸਾਹਿਬਾਨ ਗੁਰੂ ਸਾਹਿਬਾਨਾਂ ਤੋਂ
ਸੈਂਕੜੇ ਸਾਲ ਪਹਿਲਾਂ ਹੋਏ ਹਨ ਪਰ ਵਿਚਾਰ ਸਭ ਦੀ ਇੱਕੋ ਹੈ । ਇਸ ਦਾ ਮਤਲਬ
ਇਹ ਹੋਇਆ ਕਿ ਜੋ ਸੱਚ ਗੁਰੂ ਨਾਨਕ ਜੀ ਨੇ ਕਿਹਾ ਉਹ ਭਗਤ ਸਾਹਿਬਾਨਾਂ ਨੇ
ਸੈਂਕੜੇ ਸਾਲ ਪਹਿਲਾਂ ਹੀ ਕਹਿ ਰੱਖਿਆ ਸੀ , ਇਸ ਤੋਂ ਸਪਸ਼ਟ ਹੁੰਦਾ ਹੈ ਕਿ
ਸੱਚ ਇੱਕ ਹੀ ਹੁੰਦਾ ਉਹ ਚਾਹੇ ਕਿਸੇ ਨੇ ਹਜ਼ਾਰ ਸਾਲ ਪਹਿਲਾਂ ਬੋਲਿਆ ਹੋਵੇ
ਜਾਂ ਪੰਜ ਸੌ ਸਾਲ । ਹਾਂ ਸਮੇਂ ਅਨੁਸਾਰ ਭਾਸ਼ਾ ਦਾ ਫ਼ਰਕ ਜ਼ਰੂਰ ਪੈ ਜਾਂਦਾ
ਹੈ ਪਰ ਸੱਚ ਦਾ ਸਿਧਾਂਤ ਨਹੀਂ ਬਦਲਦਾ ਸੱਚ ਸੱਚ ਹੀ ਰਹਿੰਦਾ ਹੈ ।
ਭਗਤ ਸਾਹਿਬਾਨਾਂ ਤੋਂ ਪਹਿਲਾਂ ਵੀ ਇਸੇ ਤਰਾਂ ਕਿਸੇ ਨੇ ਸੱਚ ਜ਼ਰੂਰ ਬੋਲਿਆ
ਹੋਵੇਗਾ
ਪਰ ਉਹਨਾ ਦਾ ਨਾਮ ਪਤਾ, ਧਰਮ ਜਾਂ ਫ਼ਿਰਕੇ ਦਾ ਕਿਸੇ ਨੂੰ ਵੀ ਪਤਾ ਨਹੀਂ ਹੈ
ਇਸ ਦਾ ਮਤਲਬ ਇਹ ਨਹੀਂ ਕਿ ਭਗਤ ਸਾਹਿਬਾਨਾਂ ਤੋਂ ਪਹਿਲਾਂ ਜਾਂ ਜਿਸ ਸਮੇਂ
ਦੀਆਂ ਸਾਡੇ ਕੋਲ ਲਿਖਤਾਂ ਨਹੀਂ ਹਨ ਕਿ ਉਸ ਸਮੇਂ ਸੱਚ ਨਹੀਂ ਸੀ । ਸੱਚ
ਸੀ, ਤੇ ਹੈ ਵੀ ਅਤੇ ਸਦਾ ਰਹੇਗਾ ਵੀ ਪਰ ਸੱਚ ਦੇ ਨਾਮ ਤੇ ਵੰਡੀਆਂ ਪਾ ਕੇ
ਪੈਦਾ ਕੀਤੇ ਧਰਮਾਂ ਜਾਂ ਫ਼ਿਰਕਿਆਂ ਨੇ ਸਦਾ ਨਹੀਂ ਰਹਿਣਾ । ਕੀ ਗੁਰੂ ਨਾਨਕ
ਜੀ ਦੀ ਪੈਰੋਕਾਰ ਕਹਾਉਣ ਵਾਲੀ ਕਹੀ ਜਾਂਦੀ ਸਾਡੀ ਸਿੱਖ ਕੌਮ ਹੋਰ ਪਹਿਲੀਆਂ
ਕੌਮਾਂ (ਹਿੰਦੂ,ਮੁਸਲਮਾਨਾਂ,ਈਸਾਈਆਂ) ਨਾਲੋਂ ਸੱਚ ਮੁਚ ਹੀ ਵੱਖਰੀ ਹੈ ?
ਨਹੀਂ ਬਿਲਕੁਲ ਵੀ ਨਹੀਂ । ਇੱਥੇ ਮੇਰਾ ਇਹ ਕਹਿਣ ਦਾ ਮਤਲਬ ਇਹ ਨਹੀਂ ਹੈ
ਕਿ ਗੁਰੂਆਂ/ਭਗਤਾਂ ਦੀ ਵਿਚਾਰਧਾਰਾ ਗੁਰਬਾਣੀ ਵੱਖਰੀ ਨਹੀਂ ਹੈ । ਗੁਰਬਾਣੀ
ਤਾਂ ਸੌ ਪ੍ਰਤੀਸ਼ਤ ਵੱਖਰੀ ਹੈ ਤੇ ਰਹੇਗੀ ਵੀ ਕਿਉਂਕਿ ਗੁਰਬਾਣੀ ਤਾਂ ਸੱਚ
ਹੈ, ਪਰ ਜਿਵੇਂ ਅਸੀਂ (ਅਜੋਕੇ ਸਿੱਖ) ਆਪਣੇ ਆਪ ਨੂੰ ਹੋਰ ਕੌਮਾਂ ਨਾਲੋਂ
ਵੱਖਰੇ ਤੇ ਉੱਤਮ ਸਮਝਦੇ ਹਾਂ ਉਹ ਗੱਲ ਸਹੀ ਨਹੀਂ ਹੈ । ਅਸੀਂ ਵੱਖਰਿਆਂ ਨੇ
ਤਾਂ ਗੁਰਬਾਣੀ ਦਾ ਵੱਖਰਾਪਣ ਵੀ ਰੋਲ ਕੇ ਰੱਖ ਦਿੱਤਾ ਹੈ, ਭਾਵ ਕੇ ਜਿਸ
ਸੱਚ ਕਾਰਨ ਗੁਰਬਾਣੀ ਵੱਖਰੀ ਸੀ ਅਸੀਂ ਉਸ ਸੱਚ ਦੀ ਥਾਂ ਗੁਰਬਾਣੀ ਨੂੰ
ਪਹਿਲੇ ਸਥਾਪਿਤ ਹੋਏ ਧਰਮਾਂ ਦੇ ਗ੍ਰੰਥਾਂ ਦੇ ਮੁਕਾਬਲੇ ਇੱਕ ਹੋਰ ਗ੍ਰੰਥ
ਦੇ ਰੂਪ ਵਿੱਚ ਵੱਖਰਾ ਸਥਾਪਿਤ ਕਰ ਦਿੱਤਾ ਹੈ ।
ਜਿਵੇਂ ਹਿੰਦੂ ਵੀਰ
ਆਪਣੇ ਬੇਦਾਂ ਸਿਮ੍ਰਿਤੀਆਂ ਨੂੰ ਉੱਤਮ ਮੰਨਦੇ ਹਨ ਉਹ ਆਪਣੇ ਰੀਤੀ ਰਿਵਾਜ,
ਜਨਮ ਸੰਸਕਾਰ, ਵਿਆਹ ਸੰਸਕਾਰ ਅਤੇ ਅੰਤਿਮ (ਮ੍ਰਿਤਕ) ਸੰਸਕਾਰ, ਮੰਤਰਾਂ ਦੇ
ਜਾਪ, ਸਵੇਰੇ ਸ਼ਾਮ ਪਾਠ ਪੂਜਾ, ਮੂਰਤੀਆਂ ਨੂੰ ਭੋਗ, ਚੁੰਨੀਆਂ ਚੜ੍ਹਾਉਣੀਆਂ,
ਮਾਲਾ ਫੇਰਨੀਆਂ, ਆਰਤੀਆਂ, ਦਾਨ ਇਸ਼ਨਾਨ, ਤਿਲਕ, ਜੰਞੂ ਆਦਿ ਧਾਰਮਿਕ ਕਰਮ
ਕਾਂਡ ਕਰਦੇ ਹਨ ।
ਮੁਸਲਮਾਨ ਵੀਰ
ਪਵਿੱਤਰ ਕੁਰਾਨ ਅਨੁਸਾਰ ਪੰਜ ਸਮੇਂ ਪੰਜ ਨਿਮਾਂਜਾਂ ਦਾ ਪਾਠ, ਮੱਕੇ ਦਾ
ਹੱਜ, ਬੱਕਰਿਆਂ ਦੀਆਂ ਬਲੀਆਂ, ਚਾਦਰਾਂ ਚੜ੍ਹਾਉਣੀਆਂ, ਸੁੰਨਤ, ਨਿਕਾਹ,
ਅੰਤਿਮ (ਮੁਰਦੇ ਨੂੰ ਦਫ਼ਨਾਉਣ ਦਾ ) ਸੰਸਕਾਰ ਕਰਦੇ ਹਨ ।
ਸਿੱਖ ਵੀਰ
ਵੀ ਇਹਨਾਂ ਦੋਹਾਂ ਕੌਮਾਂ ਵਾਂਗ ਤੀਜੀ ਧਿਰ (ਵੱਖਰੀ ਕੌਮ ਵਜੋਂ) ਦਾਨ ਪੁੰਨ,
ਤੀਰਥ ਯਾਤਰਾ, ਜਨਮ, ਵਿਆਹ, ਅੰਮ੍ਰਿਤ, ਮ੍ਰਿਤਕ ਸੰਸਕਾਰ ਕਰਦੇ ਹਨ, ਪੰਜ
ਰਹਿਤਾਂ, ਪੰਜ ਕੁਰਹਿਤਾਂ, ਸਵੇਰੇ ਸ਼ਾਮ ਪਾਠ ਪੂਜਾ, ਪੰਜ ਬਾਣੀਆਂ ਦਾ ਪਾਠ,
ਆਰਤੀਆਂ ਕਰਨੀਆਂ, ਭੋਗ ਲਵਾਉਣੇ, ਰੁਮਾਲੇ ਚੜ੍ਹਾਉਣੇ, ਬੱਕਰਿਆਂ ਦੀਆਂ
ਬਲੀਆਂ ਦੇਣੀਆਂ ਆਦਿ ਧਾਰਮਿਕ ਕਰਮ ਕਾਂਡ (ਕਹਿਣ ਨੂੰ) ਗੁਰੂ ਗ੍ਰੰਥ ਸਾਹਿਬ
ਜੀ ਅਨੁਸਾਰ ਕਰਦੇ ਹਨ, ਬੇਸ਼ੱਕ ਗੁਰਬਾਣੀ ਇਹਨਾਂ ਸਾਰੇ ਕਰਮ ਕਾਂਡਾਂ ਦਾ
ਖੰਡਨ ਕਰਦੀ ਹੈ ਪਰ ਅਸੀਂ ਵੱਖਰੀ ਕੌਮ ਦੇ ਨਾਮ ਤੇ ਇਹ ਸਾਰਾ ਕੁੱਝ ਕਰਦੇ
ਹਾਂ । ਜਿਹੜੀ ਜੀਵਨ ਜਾਂਚ (ਸੱਚ) ਸਿਖਾਉਣ ਲਈ ਮਹਾਂ ਪੁਰਖਾਂ ਨੇ ਸਾਨੂੰ
ਵਿਚਾਰਾਂ ਦਾ ਭੰਡਾਰ ਗੁਰੂ ਗ੍ਰੰਥ ਸਾਹਿਬ ਜੀ ਦੇ ਰੂਪ ਵਿੱਚ ਦਿੱਤਾ ਸੀ,
ਉਸ ਤੋਂ ਅਸੀਂ ਭੋਰਾ ਵੀ ਸਿੱਖਿਆ ਨਹੀਂ ਲਈ । ਅਸੀਂ ਤਾਂ ਇਨਸਾਨੀਅਤ, ਏਕਤਾ
ਅਤੇ ਸੱਚ ਦਾ ਸੁਨੇਹਾ ਦੇਣ ਵਾਲੇ ਗੁਰੂ ਗ੍ਰੰਥ ਸਾਹਿਬ ਜੀ ਨੂੰ ਇਨਸਾਨਾਂ
ਵਿੱਚ ਵੱਖਰੀ ਕੌਮ ਦੇ ਨਾਮ ਤੇ ਇੱਕ ਹੋਰ ਵੰਡੀ ਪਾਉਣ ਲਈ ਹੀ ਵਰਤਿਆ ਹੈ ।
ਮੁਸਲਮਾਨ ਸਭ ਨੂੰ ਮੁਸਲਮਾਨ ਬਣਾਉਣਾ ਚਾਹੁੰਦੇ ਹਨ, ਹਿੰਦੂ ਸਭ ਨੂੰ ਹਿੰਦੂ
ਬਣਾਉਣਾ ਚਾਹੁੰਦੇ ਹਨ, ਇਸਾਈ ਸਭ ਨੂੰ ਇਸਾਈ ਬਣਾਉਣਾ ਚਾਹੁੰਦੇ ਹਨ, ਅਸੀਂ
ਸਭ ਨੂੰ ਉਹਨਾ ਤਿੰਨਾਂ ਤੋਂ ਵੱਖਰੀ ਕੌਮ ਦਾ ਸਿੱਖ ਬਣਾਉਣਾ ਚਾਹੁੰਦੇ ਹਾਂ
ਫਿਰ ਅਸੀਂ ਵੱਖਰੇ ਕਿਵੇਂ ਹੋਏ ? ਬੱਸ ਇੰਨੇ ਕੁ ਹੀ ਵੱਖਰੇ ਹਾਂ ਕਿ ਅਸੀਂ
ਉਹਨਾ ਤਿੰਨਾਂ ਹਿੰਦੂਆਂ, ਮੁਸਲਮਾਨਾਂ ਤੇ ਈਸਾਈਆਂ ਵਿੱਚੋਂ ਨਹੀਂ, ਅਸੀਂ
ਤਾਂ ਤਿੰਨਾਂ ਦੇ ਬਰਾਬਰ ਚੌਥੇ ਰੂਪ ਵਿੱਚ ਵੱਖਰੇ ਹਾਂ, ਕਿਉਂਕਿ ਅਸੀਂ
ਉਨ੍ਹਾਂ ਤਿੰਨਾਂ ਧਰਮਾਂ ਵਾਂਗ ਆਪਣੇ ਚੌਥੇ ਧਰਮ (ਸਿੱਖ ਧਰਮ) ਅਨੁਸਾਰ
ਵੱਖਰੇ ਧਾਰਮਿਕ ਕਰਮ ਕਾਂਡ ਕਰਦੇ ਹਾਂ, ਸਾਡਾ ਧਾਰਮਿਕ ਕਰਮ ਕਾਂਡ ਦਾ
ਅਸਥਾਨ ਵੀ ਉਹਨਾ ਤੋਂ ਵੱਖਰਾ ਹੈ, ਹਿੰਦੂਆਂ ਦੇ ਮੰਦਰ ਹਨ, ਮੁਸਲਮਾਨਾਂ
ਦੀਆਂ ਮਸੀਤਾਂ ਹਨ, ਈਸਾਈਆਂ ਦੇ ਗਿਰਜੇ ਹਨ, ਸਾਡੇ ਗੁਰਦੁਆਰੇ ਹਨ ਇਸ ਲਈ
ਅਸੀਂ ਇੱਕ ਵੱਖਰੀ ਕੌਮ ਹਾਂ । ਗੁਰੂਆਂ/ਭਗਤਾਂ ਦੀ ਸੋਚ ਗੁਰਬਾਣੀ ਕਿਸੇ
ਇੱਕ ਫ਼ਿਰਕੇ ਜਾਂ ਕੌਮ ਲਈ ਨਹੀਂ ਸੀ ਇਸ ਦੀ ਦੁਰਵਰਤੋਂ ਕਹੀ ਜਾਂਦੀ ਸਾਡੀ
ਸਿੱਖ ਕੌਮ ਨੇ ਹੀ ਕੀਤੀ ਹੈ । ਇਹ ਮੁੱਢ ਤੋਂ ਹੀ ਹੁੰਦਾ ਆਇਆ ਹੈ ਜਿਵੇਂ
ਕਿ ਗੁਰੂਆਂ ਭਗਤਾਂ ਜਾਂ ਗੁਰੂਆਂ ਭਗਤਾਂ ਤੋਂ ਪਹਿਲਾਂ ਹੋਏ ਦੇਵੀ ਦੇਵਤਿਆਂ,
ਪੀਰ ਪੈਗ਼ੰਬਰਾਂ ਦੀ ਵਿਚਾਰਧਾਰਾ ਨੂੰ ਸਰਬ ਸਾਂਝੀ ਹੋਣ ਦੇ ਬਾਵਜੂਦ ਉਹਨਾ
ਦੇ ਕਹੇ ਜਾਂਦੇ ਪੈਰੋਕਾਰਾਂ ਵੱਲੋਂ ਆਪਣੇ ਵਿਸ਼ੇਸ਼ ਫ਼ਿਰਕੇ ਲਈ ਰਾਖਵੀਂ ਕਰ
ਲਿਆ ਜਾਂਦਾ ਹੈ, ਫਿਰ ਉਸ ਦੇ ਮਾਲਕ ਬਣ ਕੇ ਉਸ ਨੂੰ ਮੰਨਣ ਦੀ ਥਾਂ ਉਸ ਦੀ
ਪਾਠ ਪੂਜਾ ਸ਼ੁਰੂ ਕਰਕੇ ਆਪਣੀ ਵੱਖਰੀ ਮਰਯਾਦਾ ਘੜ ਲਈ ਜਾਂਦੀ ਹੈ ।
ਇਹੀ ਵੱਖਰੀ ਮਰਯਾਦਾ ਉਸ ਕੌਮ ਦਾ ਸੰਵਿਧਾਨ ਬਣ ਜਾਂਦੀ ਹੈ ।
ਫਿਰ ਉਸ ਕੌਮ ਦੇ ਲੋਕਾਂ ਲਈ ਉਸ ਰਹਿਬਰ ਦੀ ਬਾਣੀ ਸਿੱਖਣ ਜਾਂ ਮੰਨਣ ਦੀ
ਥਾਂ ਤੇ ਆਪੂੰ ਘੜੀ ਮਰਯਾਦਾ ਵਿੱਚ ਰਹਿਣਾ ਲਾਜ਼ਮੀ ਹੋ ਜਾਂਦਾ ਹੈ । ਕਹੀ
ਜਾਂਦੀ ਸਾਡੀ ਸਿੱਖ ਕੌਮ ਨੇ ਵੀ ਇਸੇ ਰਾਹ ਤੇ ਚਲਦਿਆਂ ਇੱਕ ਦੀ ਥਾਂ
ਅਣਗਿਣਤ ਰਹਿਤ ਮਰਯਾਦਾ ਘੜ ਲਈਆਂ ਹਨ । ਹੋਰਾਂ ਨੂੰ ਏਕਤਾ ਦਾ ਪਾਠ ਪੜਾਉਣ
ਵਾਲਿਆਂ ਅਸੀਂ (ਸਿੱਖਾਂ) ਨੇ ਗੁਰਬਾਣੀ ਅਨੁਸਾਰ ਜੀਵਨ ਤਾਂ ਕੀ ਜਿਊਣਾ ਸੀ
, ਅਸੀਂ ਤਾਂ ਆਪੂੰ ਘੜੀ ਮਰਯਾਦਾ ਵੀ ਇੱਕ ਨਹੀਂ ਰੱਖ ਸਕੇ, ਜਿੰਨੇ
ਗੁਰਦੁਆਰੇ ਜਾਂ ਡੇਰੇ ਉਨੀਆਂ ਹੀ ਮਰਯਾਦਾ ਪਰ ਫਿਰ ਵੀ ਕਹਿੰਦੇ ਹਾਂ ਕਿ ਅਸੀਂ
ਇੱਕ ਵੱਖਰੀ ਕੌਮ ਹਾਂ, ਜਦ ਕਿ ਕਹਿਣਾ ਇਹ ਚਾਹੀਦਾ ਹੈ ਕਿ ਅਸੀਂ ਵੱਖਰੀਆਂ
ਕੌਮਾਂ ਹਾਂ । ਬਾਬੇ ਨਾਨਕ ਜੀ ਦੇ ਨਾਮ ਤੇ ਬਣਾਈ ਗਈ ਵੱਖਰੀ ਕੌਮ ਜਿਸ ਨੂੰ
ਹਾਲੇ ਕੁੱਝ ਹੀ ਸਦੀਆਂ ਹੋਈਆਂ ਹਨ ਦੇ ਹਾਲਾਤ ਵੇਖ ਕੇ ਮੈਨੂੰ ਸਾਰੀਆਂ ਕੌਮਾਂ
ਦੇ ਰਹਿਬਰ ਖ਼ਾਸ ਕਰਕੇ ਹਿੰਦੂ ਦੇਵੀ ਦੇਵਤੇ ਜੋ ਮਾੜੇ ਲੱਗਦੇ ਸਨ ਹੁਣ ਚੰਗੇ
ਲੱਗਣ ਲੱਗ ਗਏ ਹਨ । ਹਿੰਦੂ ਦੇਵੀ ਦੇਵਤਿਆਂ ਦੇ ਘਟੀਆ ਆਚਰਨ ਦੀਆਂ ਕਹਾਣੀਆਂ
ਤਾਂ ਬਹੁਤ ਹਨ ਪਰ ਉਦਾਰਣ ਦੇ ਤੌਰ ਤੇ ਕ੍ਰਿਸ਼ਨ ਭਗਵਾਨ ਦੀ ਗੱਲ ਕਰਦੇ ਹਾਂ
ਕਿ ਉਹ ਛੋਟੇ ਹੁੰਦਿਆਂ ਗ਼ੁਲੇਲ ਨਾਲ ਇਸਤਰੀਆਂ ਦੇ ਪਾਣੀ ਵਾਲੇ ਘੜੇ ਭੰਨ
ਦਿੰਦੇ ਸਨ, ਤਲਾਬ ਵਿੱਚ ਨਹਾ ਰਹੀਆਂ ਲੜਕੀਆਂ ਦੇ ਕੱਪੜੇ ਚੁੱਕ ਕੇ ਉਹਨਾ
ਨੂੰ ਨੰਗਿਆਂ ਬਾਹਰ ਆਉਣ ਲਈ ਕਹਿੰਦੇ ਸਨ । ਅਜਿਹੀਆਂ ਕਹਾਣੀਆਂ ਸੁਣ ਕੇ
ਲੱਗਦਾ ਸੀ ਕਿ ਕੀ ਅਜਿਹਾ ਬੰਦਾ ਵੀ ਭਗਵਾਨ ਹੋ ਸਕਦਾ ਹੈ ? ਭਗਵਾਨ ਤਾਂ ਕੀ
ਇਹ ਤਾਂ ਆਮ ਬੰਦਿਆਂ ਨਾਲੋਂ ਵੀ ਗਿਰਿਆ ਹੋਇਆ ਹੈ ਜੋ ਸ਼ਰੇਆਮ ਲੜਕੀਆਂ ਨੂੰ
ਛੇੜਦਾ ਸੀ ਇਹ ਤਾਂ ਬਲਾਤਕਾਰੀ ਸੀ । ਪਰ ਹੁਣ ਜਦੋਂ ਦੇ ਕਹੇ ਜਾਂਦੇ ਦਸਮ
ਗ੍ਰੰਥ ਦੇ ਦਰਸ਼ਨ ਹੋਏ ਹਨ ਉਦੋਂ ਤੋਂ ਅੱਖਾਂ ਖੁੱਲ੍ਹ ਗਈਆਂ, ਜਿੰਨਾ ਹਿੰਦੂ
ਦੇਵੀ ਦੇਵਤਿਆਂ ਨੂੰ ਨਫ਼ਰਤ ਦੀ ਨਜ਼ਰ ਨਾਲ ਵੇਖਦਾ ਸੀ ਉਹਨਾ ਦਾ ਤਰਸ ਤੇ
ਪਿਆਰ ਆਉਣ ਲੱਗ ਗਿਆ । ਹੁਣ ਸੋਚਦਾ ਹਾਂ ਕਿ ਮਨਾ ਹਿੰਦੂ ਦੇਵੀ ਦੇਵਤਿਆਂ
ਦਾ ਇਤਿਹਾਸ (ਮਿਥਿਹਾਸ) ਲੱਖਾਂ ਸਾਲ ਪੁਰਾਣਾ ਤੇ ਪੁਜਾਰੀਆਂ ਦੇ ਕਬਜ਼ੇ
ਵਿੱਚ ਹੈ ਇਸ ਨਾਲ ਕਿੰਨੀਆਂ ਬੇਇਨਸਾਫ਼ੀਆਂ ਹੋਈਆਂ ਹੋਣਗੀਆਂ । ਕਿਉਂਕਿ ਜਦੋਂ
ਕੁੱਝ ਕੁ ਸਦੀਆਂ ਪਹਿਲਾਂ ਹੋਏ ਗੁਰੂ ਨਾਨਕ ਜੀ ਤੋਂ ਲੈ ਕੇ ਗੁਰੂ ਗੋਬਿੰਦ
ਸਿੰਘ ਜੀ ਨਾਲ ਕਿੰਨੀਆਂ ਗੱਪ ਕਹਾਣੀਆਂ, "ਕਹਾਣੀਆਂ ਵੀ ਉਹ ਜੋ ਉਹਨਾ ਦੀ
ਸੋਚ ਦੇ ਵਿਰੁੱਧ ਹਨ' ਜੋੜ ਦਿੱਤੀਆਂ ਗਈਆਂ ਹਨ ਤਾਂ ਫਿਰ ਉਨ੍ਹਾਂ ਲੱਖਾਂ
ਸਾਲ ਪਹਿਲਾਂ ਆਏ ਕਹੇ ਜਾਂਦੇ ਦੇਵੀ ਦੇਵਤਿਆਂ ਨਾਲ ਕੀ ਵਾਪਰਿਆ ਹੋਵੇਗਾ ।
ਕਿਸੇ ਵੀ ਰਹਿਬਰ ਦੇ ਇਸ ਦੁਨੀਆ ਤੋਂ ਚਲੇ ਜਾਣ ਬਾਅਦ ਕੁੱਝ ਹੀ ਸਮੇਂ ਮਗਰੋਂ
ਜੋ ਉਸ ਦੇ ਪੈਰੋਕਾਰ ਹੁੰਦੇ ਹਨ ਉਹ ਪੁਜਾਰੀ ਹੀ ਹੁੰਦੇ ਹਨ
ਜੋ ਉਸ ਦੇ ਪਦ ਚਿੰਨ੍ਹਾਂ ਤੇ ਚੱਲਣ ਦੀ ਵਜਾਏ ਉਸ ਦੇ ਪ੍ਰਚਾਰਕ ਹੀ ਹੁੰਦੇ
ਹਨ , ਬੱਸ ਫਿਰ ਇਹ ਪੁਜਾਰੀ ਸਭ ਨਾਲ ਓਵੇਂ ਹੀ ਕਰਦੇ ਆਏ ਹਨ ਜਿਵੇਂ ਅੱਜ
ਵੀ ਕਰ ਰਹੇ ਹਨ । ਜਿਵੇਂ ਕਿ ਬਾਬੇ ਨਾਨਕ ਜੀ ਬਾਰੇ ਦੱਸਣ ਲਈ ਕਿ ਉਹ ਕਿਹੋ
ਜਿਹੇ ਸਨ, ਉਹਨਾ ਦੀ ਸਹੀ ਪਹਿਚਾਣ ਗੁਰਬਾਣੀ ਨੂੰ ਛੱਡ ਕੇ ਨਵੇਂ ਘੜੇ ਗਏ
ਪਾਤਰ ਬਾਲੇ ਵਾਲੀ ਸਾਖੀ ਹੀ ਮੁੱਖ ਇਤਿਹਾਸ ਬਣ ਗਈ, ਗੁਰੂ ਗੋਬਿੰਦ ਸਿੰਘ
ਜੀ ਦੇ ਬਹਾਦਰੀ ਭਰੇ ਇਤਿਹਾਸ ਦੀ ਥਾਂ ਕਾਲਪਨਿਕ ਬਚਿੱਤਰ ਨਾਟਕ (ਅਖੌਤੀ
ਦਸਮ ਗ੍ਰੰਥ) ਨੂੰ ਸੱਚਾ ਇਤਿਹਾਸ ਬਣਾ ਧਰਿਆ । ਜਿਸ ਰਾਹੀਂ ਗੁਰੂ ਗੋਬਿੰਦ
ਸਿੰਘ ਜੀ ਦੇ ਪਵਿੱਤਰ ਮੁੱਖ ਵਿੱਚ ਜਿੱਥੇ ਹਿੰਦੂ ਮਿਥਿਹਾਸ ਅਤੇ ਕਹਾਣੀਆਂ
ਦਾ ਗੰਦ ਪਾਇਆ ਗਿਆ, ਉੱਥੇ ਗੁਰੂ ਗੋਬਿੰਦ ਸਿੰਘ ਜੀ ਨੂੰ ਵੀ ਕ੍ਰਿਸ਼ਨ
ਭਗਵਾਨ ਵਾਂਗ ਇਸਤਰੀਆਂ ਦੇ ਘੜਿਆਂ ਵਿੱਚ ਤੀਰ ਮਾਰਦਾ ਵਿਖਾਉਣ ਦੇ ਨਾਲ ਨਾਲ
ਵੇਸਵਾ ਦੇ ਡੇਰੇ ਜਾਂਦਾ ਅਤੇ ਲੋਕਾਂ ਦੀ ਪੱਗਾਂ ਲਾਹੁੰਦਾ ਵੀ ਵਿਖਾ ਦਿੱਤਾ
ਗਿਆ ਹੈ ।
ਇਸ ਸਬੰਧ ਵਿੱਚ ਸਿਰਫ਼ ਦੋ ਵੰਨਗੀਆਂ ਹੀ ਪੇਸ਼ ਕਰਾਂਗਾ ।
ਗੁਰੂ ਜੀ ਨੂੰ ਵੇਸਵਾ ਦੇ ਡੇਰੇ ਭੇਜਣਾ
:(ਚਲਯੋ
ਧਾਰਿ ਆਤੀਤ ਕੋ ਭੇਸ ਰਾਈ ॥ ਮਨਾਪਨ ਬਿਖੈ ਸ੍ਰੀ ਭਗੌਤੀ ਮਨਾਈ ॥ ਚਲਯੋ ਸੋ
ਤਤਾ ਕੇ ਫਿਰਯੋ ਨਾਹਿ ਫੇਰੇ ॥ ਧਸਯੋ ਜਾਇਕੈ ਵਾ ਤ੍ਰਿਯਾ ਕੇ ਸੁ ਡੇਰੇ ॥ (ਅਖੌਤੀ
ਦਸਮ ਗ੍ਰੰਥ ਪੰਨਾ ਨੰ: 838") ਫਿਰ
ਗੁਰੂ ਗੋਬਿੰਦ ਸਿੰਘ ਜੀ ਤੋਂ ਉਸੇ ਵੇਸਵਾਂ ਨੂੰ ਵੀਹ ਹਜ਼ਾਰ ਟਕੇ ਛਿਮਾਹੀ
ਦੇ ਦਿਵਾ ਦਿੱਤੇ : (ਛਿਮਾ
ਕਰਹੁ ਤ੍ਰਿਯਹ ਮੈਂ ਬਹੁਰਿ ਨ ਕਰਯਿਹੁ ਰਾਂਧਿ ॥ ਬੀਸ ਸਹੰਸਰ ਟਕਾ ਤਿਸ ਦਈ
ਛਿਮਾਹੀ ਬਾਂਧਿ ॥(ਅਖੌਤੀ ਦਸਮ ਗ੍ਰੰਥ ਪੰਨਾ ਨੰ: 844")
ਗੁਰੂ ਜੀ ਤੋਂ ਲੋਕਾਂ ਦੀਆਂ ਪੱਗਾਂ ਲਹਾਉਣਾਂ
: (ਚੌਪਈ
॥ ਮੋਲਹਿ ਏਕ ਪਾਗ ਨਹਿ ਪਾਈ ॥ ਤਬ ਮਸਲਤਿ ਹਮ ਜਿਯਹਿ ਬਨਾਈ ॥ ਜਾਹਿ ਇਹਾਂ
ਮੂਤਤਿ ਲਖਿ ਪਾਵੋ ॥ ਤਾਕੀ ਛੀਨ ਪਗਰਿਯਾ ਲਯਾਵੋ ॥ (ਅਖੌਤੀ ਦਸਮ ਗ੍ਰੰਥ
ਪੰਨਾ ਨੰ: 901") ਕਿਸੇ
ਨੇ ਪੂਰੀ ਕਹਾਣੀ ਪੜ੍ਹਨੀ ਹੋਵੇ ਪੰਨਾ ਨੰਬਰ ਲਿਖ ਦਿੱਤੇ ਹਨ ਉਹ ਅਖੌਤੀ
ਦਸਮ ਗ੍ਰੰਥ ਵਿਚੋਂ ਪੜ੍ਹ ਸਕਦਾ ਹੈ ।ਆਹ ਕੁੱਝ ਪੜ੍ਹ ਕੇ ਪਤਾ ਲੱਗਿਆ ਕਿ
ਦੁਨੀਆ ਉੱਤੇ ਕੋਈ ਵੀ ਧਰਮ ਜਾਂ ਕੌਮ ਉੱਤਮ ਨਹੀਂ ਹੁੰਦੀ ।
ਜੋ ਵੀ ਧਰਮ ਜਾਂ ਕੌਮਾਂ ਬਣੀਆਂ ਹਨ ਉਹ ਬਣਦੀਆਂ ਤਾਂ ਸੱਚ ਦਾ ਹੋਕਾ ਦੇਣ
ਵਾਲੇ ਸੱਚੇ ਰਹਿਬਰਾਂ ਦੇ ਨਾਮ ਤੇ ਹੀ ਹਨ, ਪਰ ਬਣਾਈਆਂ ਉਹਨਾ ਦੇ ਕਹੇ
ਜਾਂਦੇ ਪੈਰੋਕਾਰਾਂ ਪੁਜਾਰੀਆਂ ਨੇ ਹੀ ਹੁੰਦੀਆਂ ਹਨ । ਕਿਉਂਕਿ ਸੱਚ ਦੇ
ਆਸ਼ਕਾਂ, ਰਹਿਬਰਾਂ ਦਾ ਕੋਈ ਧਰਮ ਜਾਂ ਕੌਮ ਨਹੀਂ ਹੁੰਦੀ, ਉਹ ਤਾਂ ਸਮੁੱਚੀ
ਲੁਕਾਈ ਨੂੰ ਇੱਕ ਪਿਤਾ ਦੀ ਸੰਤਾਨ ਮੰਨਦੇ ਹਨ ਅਤੇ ਉਹਨਾ ਸਾਰਿਆਂ ਦਾ ਧਰਮ
(ਸੱਚ) ਵੀ ਇੱਕ ਹੀ ਹੁੰਦਾ ਹੈ । ਜਿਸ ਦਾ ਧਰਮ ਜਾਂ ਕੌਮ ਵੱਖਰੀ ਹੈ ਉਹ
ਹਿੰਦੂ, ਮੁਸਲਿਮ, ਸਿੱਖ ਜਾਂ ਇਸਾਈ ਤਾਂ ਹੋ ਸਕਦਾ ਹੈ ਪਰ ਉਹ ਸਮੁੱਚੀ
ਮਨੁੱਖਤਾ ਦਾ ਸੱਚਾ ਰਹਿਬਰ ਨਹੀਂ ਹੋ ਸਕਦਾ । ਮੇਰੇ ਲਈ ਸਾਰੇ ਧਰਮ ਬਰਾਬਰ
ਹਨ ਕੋਈ ਉੱਤਮ ਜਾਂ ਮੱਧਮ ਨਹੀਂ ਹੈ । ਮੈ ਕਿਸੇ ਹਿੰਦੂ, ਮੁਸਲਿਮ, ਸਿੱਖ
ਜਾਂ ਇਸਾਈ ਦਾ ਵਿਰੋਧੀ ਵੀ ਨਹੀਂ ਹਾਂ ਅਤੇ ਸੱਚਾ ਤੇ ਮਨੁੱਖਤਾ ਦਾ ਧਰਮ ਵੀ
ਕਿਸੇ ਨੂੰ ਨਹੀਂ ਮੰਨਦਾ । ਕਿਉਂਕਿ ਸੱਚਾ ਧਰਮ ਤਾਂ ਸਿਰਫ਼ ਇੱਕ ਹੀ ਹੈ
ਇਨਸਾਨੀਅਤ, ਚੰਗੇ ਕਰਮ ਕਰਨੇ, ਰੱਬੀ ਅਸੂਲ, ਕੁਦਰਤ ਦਾ ਨਿਯਮ ਜੋ ਕਹੇ
ਜਾਂਦੇ ਸਾਰੇ ਦੇਸਾਂ, ਧਰਮਾਂ, ਫ਼ਿਰਕਿਆਂ ਲਈ ਇਕਸਾਰ ਹੈ, ਉਹੀ ਸੱਚਾ ਤੇ
ਉੱਤਮ ਧਰਮ ਹੈ ।
ਗੁਰਵਾਕ ਹੈ : ਸਰਬ
ਧਰਮ ਮਹਿ ਸ੍ਰੇਸਟ ਧਰਮੁ ॥ ਹਰਿ ਕੋ ਨਾਮੁ ਜਪਿ ਨਿਰਮਲ ਕਰਮੁ ॥ ( ਪੰਨਾ
ਨੰ: 266) ਮੈ
ਗੁਰੂਆਂ/ਭਗਤਾਂ ਦੀ ਬਾਣੀ (ਗੁਰਬਾਣੀ) ਨੂੰ ਸੱਚ ਮੰਨ ਕੇ ਉਸ ਦਾ ਸਤਿਕਾਰ
ਕਰਦਾ ਹਾਂ ਤੇ ਸੀਸ ਝੁਕਾਉਂਦਾ ਹਾਂ, ਪਰ ਗੁਰਬਾਣੀ ਦੇ ਨਾਮ ਤੇ ਚਲਾਏ ਗਏ
ਅਜੋਕੇ ਸਿੱਖ ਧਰਮ ਨੂੰ ਪਸੰਦ ਨਹੀਂ ਕਰਦਾ ਕਿਉਂਕਿ ਮੈਨੂੰ ਤਾਂ ਅਸੀਂ ਸਿੱਖ
ਹੀ ਗੁਰਬਾਣੀ ਦੇ ਵਿਰੋਧੀ ਲੱਗਦੇ ਹਾਂ ਜੋ ਕਹੇ ਜਾਂਦੇ ਇੱਕ ਗ੍ਰੰਥ ਤੇ ਪੰਥ
ਦੀ ਗੱਲ ਕਰਦੇ ਹੋਏ ਅਣਗਿਣਤ ਗ੍ਰੰਥਾਂ ਦੇ ਪੁਜਾਰੀ ਅਤੇ ਅਣਗਿਣਤ ਹੀ ਪੰਥਾਂ
ਵਿੱਚ ਵੰਡੇ ਹੋਏ ਹਾਂ । ਸਾਡੀ ਸਭ ਦੀ ਆਪੋ ਆਪਣੀ ਮੱਤ ਹੈ ਪਰ ਅਸੀਂ ਸਾਰੇ
ਹੀ ਆਪਣੀ ਦੁਰਮਤਿ ਨੂੰ ਗੁਰੂ ਗ੍ਰੰਥ ਸਾਹਿਬ ਜੀ ਦੀ ਓਟ ਵਿੱਚ ਗੁਰਮਤਿ
ਸਿੱਧ ਕਰਨ ਲੱਗੇ ਹੋਏ ਹਾਂ । ਕੁੱਝ ਸੱਚ ਦੇ ਪਾਂਧੀ ਹੁੰਦੇ ਵੀ ਹਨ ਉਹਨਾ
ਨੂੰ ਅਸੀਂ ਆਪ ਹੀ ਪੰਥ ਵਿਰੋਧੀ, ਨਾਸਤਿਕ, ਪੰਥ ਵਿੱਚੋਂ ਛੇਕੇ ਹੋਏ ਗ਼ੱਦਾਰ
ਤੱਕ ਵੀ ਕਹਿ ਦਿੰਦੇ ਹਾਂ । ਖ਼ੁਦ ਅਸੀਂ ਇੰਨੇ ਝੂਠੇ ਹਾਂ ਕਿ ਕਹਿੰਦੇ ਤਾਂ
ਹਾਂ ਕਿ ਅਸੀਂ ਗੁਰਬਾਣੀ ਨੂੰ ਮੰਨਦੇ ਹਾਂ ਪਰ ਸ਼ਰੇਆਮ ਗੁਰਬਾਣੀ ਦੀਆਂ
ਧੱਜੀਆਂ ਉਡਾਉਂਦੇ ਹੋਏ ਵੀ ਆਪਣੇ ਆਪ ਨੂੰ ਗੁਰਬਾਣੀ ਅਨੁਸਾਰੀ ਤੇ ਹੱਕੀ
ਸਿੱਧ ਕਰਦੇ ਹਾਂ ।
ਉਦਾਹਰਣ ਦੇ ਤੌਰ 'ਤੇ ਗੁਰਬਾਣੀ ਆਰਤੀ ਦਾ ਖੰਡਨ ਕਰਦੀ ਹੈ, ਪਰ ਅਸੀਂ ਗੁਰੂ
ਗ੍ਰੰਥ ਸਾਹਿਬ ਜੀ ਦੇ ਸਾਹਮਣੇ ਖੜ ਕੇ ਆਰਤੀ ਦਾ ਖੰਡਨ ਕਰਨ ਵਾਲਾ ਸ਼ਬਦ
ਪੜ੍ਹ ਕੇ ਹੀ ਆਰਤੀ ਕਰਦੇ ਹਾਂ । ਗੁਰਬਾਣੀ ਮੂਰਤੀ ਪੂਜਾ ਦਾ ਖੰਡਨ ਕਰਦੀ
ਹੈ ਪਰ ਅਸੀਂ ਨੇ ਸਮੂਹ ਬਾਣੀ ਕਾਰਾਂ ਦੀਆਂ ਮੂਰਤੀਆਂ ਬਣਾ ਕੇ ਪੂਜਣੀਆਂ
ਸ਼ੁਰੂ ਕਰ ਦਿੱਤੀਆਂ ਹਨ । ਗੁਰਬਾਣੀ ਮਾਲਾ ਫੇਰਨ ਦਾ ਖੰਡਨ ਕਰਦੀ ਹੈ ਪਰ ਅਸੀਂ
ਨੇ ਸਮੂਹ ਬਾਣੀ ਕਾਰਾਂ ( ਗੁਰੂਆਂ/ਭਗਤਾਂ) ਦੀਆਂ ਦੀਆਂ ਮੂਰਤੀਆਂ ਬਣਾ ਕੇ
ਉਹਨਾ ਦੇ ਗਲ਼ਾਂ ਵਿੱਚ ਮਾਲਾਵਾਂ ਪਾ ਦਿੱਤੀਆਂ ਹਨ । ਗੁਰਬਾਣੀ ਬਿਨਾ ਵਿਚਾਰੇ
ਪੜ੍ਹਨ ਦਾ ਖੰਡਨ ਕਰਦੀ ਹੈ ਪਰ ਅਸੀਂ ਨੇ ਬਾਣੀ ਦੇ ਹੀ ਵਿਰੁੱਧ ਬਿਨਾ
ਵਿਚਾਰੇ ਤਾਂ ਕੀ ਬਿਨਾ ਬੋਲੇ ਮੂੰਹ ਬੰਨ੍ਹ ਕੇ ਇਸੇ ਬਾਣੀ ਦੀਆਂ ਇਕੋਤਰੀਆਂ
ਖੋਲ੍ਹ ਦਿੱਤੀਆਂ ਹਨ । ਇਹ ਤਾਂ ਕੁੱਝ ਕੁ ਗੱਲਾਂ ਹਨ ਅਸੀਂ (ਸਿੱਖਾਂ) ਨੇ
ਤਾਂ ਗੁਰਬਾਣੀ ਦਾ ਉਹ ਕੋਈ ਸ਼ਬਦ ਛੱਡਿਆ ਹੀ ਨਹੀਂ ਜਿਸ ਦੇ ਉਲਟ ਅਸੀਂ ਨੇ
ਕੁੱਝ ਨਾ ਕੀਤਾ ਹੋਵੇ ਜੇ ਫਿਰ ਵੀ ਅਸੀਂ ਸਿੱਖ ਹੀ ਗੁਰਬਾਣੀ ਦੇ ਮਾਲਕ ਤੇ
ਪੈਰੋਕਾਰ ਹਾਂ ਫਿਰ ਗੁਰਬਾਣੀ ਦਾ ਵਿਰੋਧੀ ਵੀ ਇਸ ਦੁਨੀਆ ਤੇ ਕੋਈ ਨਹੀਂ ਹੈ
।
ਮੈ ਗੁਰਬਾਣੀ ਨੂੰ ਸੱਚ ਮੰਨਦਾ ਹਾਂ, ਇਸ ਤੇ ਕੋਈ ਕਿੰਤੂ ਨਹੀਂ ਨਾ ਹੀ ਕੋਈ
ਕਰ ਸਕਦਾ ਹੈ,
ਇਹ ਤਾਂ ਲਿਖਿਆ ਹੈ ਕਿ ਕਈ ਇਸ ਲੇਖ ਨੂੰ ਮੋਟਾ ਮੋਟਾ ਜਾ ਪੜ੍ਹ ਕੇ ਕਹਿਣਗੇ
ਇਹ ਤਾਂ ਬਾਣੀ ਨੂੰ ਨਹੀਂ ਮੰਨਦਾ, ਚਲੋ ਅਗਲਿਆਂ ਦੀ ਸੋਚ ਹੈ ਪਰ ਇਹ ਮੇਰੇ
ਵਿਚਾਰ ਹਨ । ਰਹੀ ਗੱਲ ਸਾਡੀ ਸਿੱਖਾਂ ਦੀ ਵੱਖਰੀ ਕੌਮ ਦੀ , ਸਿੱਖ ਕੌਮ
ਗੁਰਬਾਣੀ ਦੇ ਸਿਧਾਂਤ ਨਾਲੋਂ ਟੁੱਟ ਕੇ ਆਪਣੇ ਅਸਲੀ ਮਾਰਗ ਤੋਂ ਭਟਕ ਚੁੱਕੀ
ਹੈ । ਸਿੱਖ ਕੌਮ ਵੀ ਹੁਣ ਦੂਜੀਆਂ ਕੌਮਾਂ ਹਿੰਦੂਆਂ, ਮੁਸਲਮਾਨਾਂ ਤੇ
ਈਸਾਈਆਂ ਵਾਂਗ ਹੀ ਇੱਕ ਵੱਖਰੀ ਕੌਮ, ਫ਼ਿਰਕਾ ਜਾਂ ਗਰੁੱਪ ਹੀ ਬਣ ਕੇ ਰਹਿ
ਗਈ ਹੈ ਨਾ ਕਿ ਦੂਜੀਆਂ ਕੌਮਾਂ ਦੇ ਮੁਕਾਬਲੇ ਕੋਈ ਉੱਤਮ ਜਾਂ ਬਾਬੇ ਨਾਨਕ
ਦੀ ਸੋਚ ਦੀ ਕੌਮ ਹੈ । ਹਾਂ ਬਾਬਿਆਂ ਨਾਨਕਾਂ ਦੀ ਵੀ ਇੱਕ ਵੱਖਰੀ ਕੌਮ ਹੈ
ਉਹ ਹੈ "ਸੱਚ, ਉਹਨਾ ਦਾ ਕੋਈ ਦੁਨਿਆਵੀ ਧਰਮ, ਦੇਸ਼ ਜਾਂ ਫ਼ਿਰਕਾ ਨਹੀਂ ਹੁੰਦਾ,
ਨਾ ਕੋਈ ਉਹਨਾ ਦਾ ਇੱਟਾਂ ਦਾ ਮੰਦਰ, ਮਸਜਿਦ, ਚਰਚ ਜਾਂ ਗੁਰਦੁਆਰਾ ਆਦਿ
ਪੂਜਾ ਅਸਥਾਨ ਹੁੰਦਾ ਹੈ । ਉਹ ਸੱਚੇ ਰਹਿਬਰ ਸੱਚ ਲਈ ਹੀ ਹੁੰਦੇ ਹਨ, ਜੋ
ਸੱਚ ਬਾਬੇ ਨਾਨਕ ਜੀ ਨੇ ਕਿਹਾ ਉਹ ਸੱਚ ਬਾਬੇ ਨਾਨਕ ਤੋਂ ਪਹਿਲਾਂ ਵੀ ਸੀ,
ਭਗਤਾਂ ਤੋਂ ਪਹਿਲਾਂ ਵੀ ਸੀ, ਅੱਜ ਵੀ ਹੈ ਤੇ ਰਹੇਗਾ ਵੀ । ਬਾਕੀ ਸਭ ਝੂਠ
ਹਨ, ਕਹਾਈ ਬੇਸ਼ੱਕ ਸੱਚ ਜਾਣ । ਸੱਚਿਆਂ ਦੀ ਕੋਈ ਕੌਮ ਨਹੀਂ ਹੁੰਦੀ, ਕਿਸੇ
ਵੀ ਕੌਮ ਵਿੱਚ ਸਾਰੇ ਸੱਚੇ ਨਹੀਂ ਹੁੰਦੇ । ਸੱਚੇ ਲੋਕ ਅੱਜ ਵੀ ਹਨ, ਉਹ
ਬੇਕੌਮੇ ਤੇ ਬੇਧਰਮੇ ਵੀ ਹੋ ਸਕਦੇ ਹਨ ਅਤੇ ਕਿਸੇ ਵੀ ਕੌਮ ਜਾਂ ਧਰਮ ਵਿੱਚ
ਵੀ ਹੋ ਸਕਦੇ ਹਨ । ਕਿਉਂਕਿ ਜੋ ਸੱਚ ਹੈ, ਉਹ ਸੱਚ ਹੈ : ਆਦਿ
ਸਚੁ ਜੁਗਾਦਿ ਸਚੁ ॥ ਹੈ ਭੀ ਸਚੁ ਨਾਨਕ ਹੋਸੀ ਭੀ ਸਚੁ ॥1॥