Share on Facebook

Main News Page

ਕੀ ਸਿਰਫ ਸ਼ਹੀਦ, ਗੋਲ਼ੀ ਖਾਣ, ਫਾਂਸੀ 'ਤੇ ਚੜ੍ਹਨ, ਜੰਗ ਦੇ ਮੈਦਾਨ 'ਚ ਲੜ੍ਹਨ ਵਾਲੇ ਨੂੰ ਹੀ ਸੂਰਾ (ਸੂਰਮਾ) ਕਿਹਾ ਜਾਂਦਾ ਹੈ ?
-: ਸੰਪਾਦਕ ਖ਼ਾਲਸਾ ਨਿਊਜ਼

ਜਦੋਂ ਵੀ ਕੋਈ ਦਲੀਲ ਨਾਲ ਗਲ ਕਰਦਾ ਹੈ ਤਾਂ, ਹੂੜਮਤ ਵਾਲੇ ਲੋਕ ਇਹੀ ਤਾਹਨਾ ਮਾਰਦੇ ਹਨ, ਤੁਸੀਂ ਕੀ ਕੀਤਾ ਕੌਮ ਲਈ, ਤੁਸੀਂ ਜੇਲ ਵਿੱਚ ਰਹਿ ਕੇ ਦੇਖੋ, ਤੁਸੀਂ ਗੋਲੀ ਖਾ ਕੇ ਦੇਖੋ ਵਗੈਰਾ ਵਗੈਰਾ...

ਅਸੀਂ ਕਦੋਂ ਸਮਝਾਂਗੇ ਕਿ ਹਰ ਕਿਸੇ ਦਾ ਆਪਣਾ ਦਾਇਰਾ ਹੁੰਦਾ ਹੈ, ਇਹ ਜ਼ਰੂਰੀ ਨਹੀਂ ਕਿ ਗੋਲੀ ਖਾਣ ਵਾਲਾ, ਜੇਲ ਕੱਟਣ ਵਾਲਾ ਵਿਦਵਾਨ ਵੀ ਹੋਵੇ, ਤੇ ਹਰ ਵਿਦਵਾਨ ਵਿੱਚ ਆਗੂ ਬਣਨ ਦੀ ਸਮਰੱਥਾ ਹੋਵੇ, ਹਰ ਆਗੂ ਵਿਦਵਾਨ ਹੋਵੇ, ਜਾਂ ਹਰ ਆਗੂ ਮਰਣ ਲਈ ਤਿਆਰ ਹੋਵੇ... ਹਰ ਕਿਸੇ ਦਾ ਆਪਣਾ ਦਾਇਰਾ ਹੈ। ਅਸੀਂ ਤਾਂ ਸਿੱਖ ਹੀ ਉਸਨੂੰ ਮੰਨ ਬੈਠੇ ਹਾਂ... ਜਿਸਨੇ ਗੋਲ਼ੀ ਚਲਾਈ ਜਾਂ ਖਾਦੀ, ਜੇਲ ਕੱਟੀ, ਜਾਂ ਲੜਾਈਆਂ ਕੀਤੀਆਂ... ਕਿਸੇ ਵਿਦਵਾਨ ਦੀ, ਕਿਸੇ ਸੱਚ ਲਿਖਣ ਬੋਲਣ ਵਾਲੇ ਦੀ, ਗੁਰਬਾਣੀ ਅਨੁਸਾਰ ਜੀਊਣ ਵਾਲੇ ਨੂੰ, ਇੱਕ ਗੁਰੂ ਨੂੰ ਮੰਨਣ ਵਾਲੇ ਅਸੀਂ ਕਦੇ ਸੂਰਾ ਮੰਨਿਆ ਹੀ ਨਹੀਂ।

ਕਦੀ ਕਿਸੇ ਨੇ ਭਾਈ ਗੁਰਦਾਸ ਜੀ, ਭਾਈ ਨੰਦਲਾਲ ਜੀ, ਦੀ ਗੱਲ ਕੀਤੀ, ਕਿ ਉਹ ਵੀ ਸੂਰੇ ਸੀ। ਕਦੀ ਕਿਸੇ ਨੇ ਭਾਈ ਕਾਹਨ ਸਿੰਘ ਨਾਭਾ, ਗਿਆਨੀ ਗੁਰਦਿੱਤ ਸਿੰਘ ਆਦਿ ਵਿਦਵਾਨਾਂ ਨੂੰ ਸੂਰੇ ਕਿਹਾ? ਅੱਜ ਦੇ ਸਮੇਂ ਵਿੱਚ ਵੀ ਦੁਬਿਧਾ ਤੋਂ ਦੂਰ, ਗੁਰੂ ਦੇ ਪਿਆਰ ਵਿਚ ਸੱਚ ਬੋਲਣ ਤੇ ਉਸ 'ਤੇ ਪਹਿਰਾ ਦੇਣ ਵਾਲੇ ਮੌਜੂਦ ਨੇ, ਪਰ ਸਾਡੀ ਉਹੀ ਸੋਚ... ਉਨ੍ਹਾਂ ਦਾ ਬਣਦਾ ਮਾਣ ਨਾ ਦੇਣਾ, ਬਸ ਮਾਰ ਦਿਆਂਗੇ, ਛੇਕ ਦਿਆਂਗੇ ਵਾਲੀ ਹੂੜਮੱਤ!!

ਆਓ ਦੇਖੀਏ ਗੁਰਬਾਣੀ ਕਿਸਨੂੰ ਸੂਰਾ (ਸੂਰਮਾ) ਮੰਨਦੀ ਹੈ...

ਮਾਰੂ ਮਹਲਾ 1 ॥
ਸਤ ਸੰਤੋਖੀ ਸਤਿਗੁਰੁ ਪੂਰਾ ॥ ਗੁਰ ਕਾ ਸਬਦੁ ਮਨੇ ਸੋ ਸੂਰਾ ਪੰਨਾਂ 1024

ਅਰਥ: ਪੂਰਾ ਗੁਰੂ (ਭੀ) ਸਤ ਤੇ ਸੰਤੋਖ ਦਾ ਮਾਲਕ ਹੈ । ਜੇਹੜਾ ਮਨੁੱਖ ਗੁਰੂ ਦਾ ਸ਼ਬਦ ਮੰਨਦਾ ਹੈ (ਆਪਣੇ ਹਿਰਦੇ ਵਿਚ ਟਿਕਾਂਦਾ ਹੈ) ਉਹ ਸੂਰਮਾ (ਬਣ ਜਾਂਦਾ) ਹੈ (ਵਿਕਾਰ ਉਸ ਨੂੰ ਜਿੱਤ ਨਹੀਂ ਸਕਦੇ)

ਮਾਰੂ ਮਹਲਾ 3 ॥
ਆਪੇ ਸਤਿਗੁਰੁ ਮੇਲੇ ਪੂਰਾ ॥ ਸਚੈ ਸਬਦਿ ਮਹਾਬਲ ਸੂਰਾ ॥ ਪੰਨਾਂ 1060

ਅਰਥ: ਹੇ ਭਾਈ! (ਪਰਮਾਤਮਾ) ਆਪ ਹੀ (ਮਨੁੱਖ ਨੂੰ) ਪੂਰਾ ਗੁਰੂ ਮਿਲਾਂਦਾ ਹੈ, ਤੇ, ਸਿਫ਼ਤਿ-ਸਾਲਾਹ ਵਾਲੇ ਸ਼ਬਦ ਵਿਚ ਜੋੜ ਕੇ (ਵਿਕਾਰਾਂ ਦੇ ਟਾਕਰੇ ਤੇ) ਆਤਮਕ ਬਲ ਵਾਲਾ ਸੂਰਮਾ ਬਣਾ ਦੇਂਦਾ ਹੈ ।

ਸਿਰੀਰਾਗ ਕੀ ਵਾਰ ਮਹਲਾ 4
ਨਾਨਕ ਸੋ ਸੂਰਾ ਵਰੀਆਮੁ ਜਿਨਿ ਵਿਚਹੁ ਦੁਸਟੁ ਅਹੰਕਰਣੁ ਮਾਰਿਆ ॥ ਪੰਨਾਂ 86

ਅਰਥ: ਹੇ ਨਾਨਕ! ਉਹ ਮਨੁੱਖ ਬਹਾਦੁਰ ਸੂਰਮਾ ਹੈ ਜਿਸ ਨੇ (ਮਨ) ਵਿਚੋਂ ਦੁਸ਼ਟ ਅਹੰਕਾਰ ਨੂੰ ਦੂਰ ਕੀਤਾ ਹੈ ।

ਗਉੜੀ ਮਹਲਾ ੫ ॥
ਜੋ ਇਸੁ ਮਾਰੇ ਸੋਈ ਸੂਰਾ ॥ ਜੋ ਇਸੁ ਮਾਰੇ ਸੋਈ ਪੂਰਾ ॥ ਪੰਨਾਂ 238

ਅਰਥ: (ਹੇ ਭਾਈ!) ਜੇਹੜਾ ਮਨੁੱਖ ਇਸ ਮੇਰ-ਤੇਰ ਨੂੰ ਮੁਕਾ ਲੈਂਦਾ ਹੈ, ਉਹੀ (ਵਿਕਾਰਾਂ ਦੇ ਟਾਕਰੇ ਤੇ) ਬਲੀ ਸੂਰਮਾ ਹੈ, ਉਹੀ ਸਾਰੇ ਗੁਣਾਂ ਦਾ ਮਾਲਕ ਹੈ। ਜੇਹੜਾ ਮਨੁੱਖ ਇਸ ਦੁਬਿਧਾ ਨੂੰ ਮਾਰ ਲੈਂਦਾ ਹੈ, ਉਸ ਨੂੰ (ਹਰ ਥਾਂ) ਆਦਰ ਮਿਲਦਾ ਹੈ, ਉਸ ਮਨੁੱਖ ਦਾ (ਹਰੇਕ ਕਿਸਮ ਦਾ) ਦੁੱਖ ਦੂਰ ਹੋ ਜਾਂਦਾ ਹੈ।1।

ਪਉੜੀ ॥
ਸੋ ਸੂਰਾ ਕੁਲਵੰਤੁ ਸੋਇ ਜਿਨਿ ਭਜਿਆ ਭਗਵੰਤੁ ॥ ਪੰਨਾਂ 300

ਅਰਥ: ਜਿਸ (ਮਨੁੱਖ) ਨੇ ਭਗਵਾਨ ਦਾ ਭਜਨ ਕੀਤਾ ਹੈ, ਉਹੀ ਉੱਚੀ ਕੁਲ ਵਾਲਾ ਹੈ; ਉਹ (ਵਿਕਾਰਾਂ ਦਾ ਟਾਕਰਾ ਕਰ ਸਕਣ ਵਾਲਾ ਅਸਲ) ਸੂਰਮਾ ਹੈ ।

ਧਨਾਸਰੀ ਮਹਲਾ 5 ॥
ਜਾ ਕਉ ਹਰਿ ਰੰਗੁ ਲਾਗੋ ਇਸੁ ਜੁਗ ਮਹਿ ਸੋ ਕਹੀਅਤ ਹੈ ਸੂਰਾ ॥ ਪੰਨਾਂ 680

ਅਰਥ: ਹੇ ਭਾਈ! ਇਸ ਜਗਤ ਵਿਚ ਉਹ ਮਨੁੱਖ ਸੂਰਮਾ ਆਖਿਆ ਜਾਂਦਾ ਹੈ ਜਿਸ ਨੂੰ (ਜਿਸ ਦੇ ਹਿਰਦੇ ਵਿਚ)ਪ੍ਰਭੂ ਦਾ ਪਿਆਰ ਪੈਦਾ ਹੋ ਜਾਂਦਾ ਹੈ।

ਮਾਰੂ ਮਹਲਾ ੫ ਘਰੁ ੮ ਅੰਜੁਲੀਆ
ਜੋ ਸੂਰਾ ਤਿਸ ਹੀ ਹੋਇ ਮਰਣਾ ॥ ਜੋ ਭਾਗੈ ਤਿਸੁ ਜੋਨੀ ਫਿਰਣਾ ॥ ਜੋ ਵਰਤਾਏ ਸੋਈ ਭਲ ਮਾਨੈ ਬੁਝਿ ਹੁਕਮੈ ਦੁਰਮਤਿ ਜਾਲੀਐ ॥੭॥ ਪੰਨਾ 1019

ਅਰਥ: ਹੇ ਭਾਈ! ਜਿਹੜਾ ਮਨੁੱਖ ਮਾਇਆ ਦੇ ਟਾਕਰੇ ਤੇ ਸੂਰਮਾ ਬਣਦਾ ਹੈ ਉਸੇ ਨੂੰ ਹੀ ਮਾਇਆ ਵਲੋਂ ਉਪਰਾਮਤਾ ਮਿਲਦੀ ਹੈ; ਪਰ ਜਿਹੜਾ ਮਨੁੱਖ (ਮਾਇਆ ਤੋਂ) ਭਾਂਜ ਖਾ ਜਾਂਦਾ ਹੈ ਉਸ ਨੂੰ ਅਨੇਕਾਂ ਜੂਨਾਂ ਵਿਚ ਭਟਕਣਾ ਪੈਂਦਾ ਹੈ । (ਸੂਰਮਾ ਮਨੁੱਖ) ਉਸੇ ਭਾਣੇ ਨੂੰ ਮਿੱਠਾ ਕਰਕੇ ਮੰਨਦਾ ਹੈ ਜਿਹੜਾ ਭਾਣਾ ਪਰਮਾਤਮਾ ਵਰਤਾਂਦਾ ਹੈ; ਉਹ ਮਨੁੱਖ ਰਜ਼ਾ ਨੂੰ ਸਮਝ ਕੇ (ਆਪਣੇ ਅੰਦਰੋਂ) ਖੋਟੀ ਮਤਿ ਨੂੰ ਸਾੜ ਦੇਂਦਾ ਹੈ ।7।

ਸਲੋਕ ਕਬੀਰ ॥
ਗਗਨ ਦਮਾਮਾ ਬਾਜਿਓ ਪਰਿਓ ਨੀਸਾਨੈ ਘਾਉ ॥ ਖੇਤੁ ਜੁ ਮਾਂਡਿਓ ਸੂਰਮਾ ਅਬ ਜੂਝਨ ਕੋ ਦਾਉ ॥੧॥
ਸੂਰਾ ਸੋ ਪਹਿਚਾਨੀਐ ਜੁ ਲਰੈ ਦੀਨ ਕੇ ਹੇਤ ॥ ਪੁਰਜਾ ਪੁਰਜਾ ਕਟਿ ਮਰੈ ਕਬਹੂ ਨ ਛਾਡੈ ਖੇਤੁ ॥੨॥੨॥ ਪੰਨਾ 1105

ਅਰਥ: ਜੋ ਮਨੁੱਖ ਇਸ ਜਗਤ-ਰੂਪ ਰਣ-ਭੂਮੀ ਵਿਚ ਦਲੇਰ ਹੋ ਕੇ ਵਿਕਾਰਾਂ ਦੇ ਟਾਕਰੇ ਤੇ ਅੜ ਖਲੋਤਾ ਹੈ, ਤੇ ਇਹ ਸਮਝਦਾ ਹੈ ਕਿ ਇਹ ਮਨੁੱਖਾ-ਜੀਵਨ ਹੀ ਮੌਕਾ ਹੈ ਜਦੋਂ ਇਹਨਾਂ ਨਾਲ ਲੜਿਆ ਜਾ ਸਕਦਾ ਹੈ, ਉਹ ਹੈ ਅਸਲ ਸੂਰਮਾ । ਉਸ ਦੇ ਦਸਮ-ਦੁਆਰ ਵਿਚ ਧੌਂਸਾ ਵੱਜਦਾ ਹੈ, ਉਸ ਦੇ ਨਿਸ਼ਾਨੇ ਤੇ ਚੋਟ ਪੈਂਦੀ ਹੈ (ਭਾਵ, ਉਸ ਦਾ ਮਨ ਪ੍ਰਭੂ-ਚਰਨਾਂ ਵਿਚ ਉੱਚੀਆਂ ਉਡਾਰੀਆਂ ਲਾਂਦਾ ਹੈ, ਜਿੱਥੇ ਕਿਸੇ ਵਿਕਾਰ ਦੀ ਸੁਣਾਈ ਹੀ ਨਹੀਂ ਹੋ ਸਕਦੀ, ਉਸ ਦੇ ਹਿਰਦੇ ਵਿਚ ਪ੍ਰਭੂ-ਚਰਨਾਂ ਵਿਚ ਜੁੜੇ ਰਹਿਣ ਦੀ ਧ੍ਰੂਹ ਪੈਂਦੀ ਹੈ) ।1।

(ਹਾਂ, ਇਕ ਹੋਰ ਭੀ ਸੂਰਮਾ ਹੈ) ਉਸ ਮਨੁੱਖ ਨੂੰ ਭੀ ਸੂਰਮਾ ਹੀ ਸਮਝਣਾ ਚਾਹੀਦਾ ਹੈ ਜੋ ਗ਼ਰੀਬਾਂ ਦੀ ਖ਼ਾਤਰ ਲੜਦਾ ਹੈ, (ਗ਼ਰੀਬਾਂ ਵਾਸਤੇ ਲੜਦਾ ਲੜਦਾ) ਟੋਟੇ ਟੋਟੇ ਹੋ ਮਰਦਾ ਹੈ, ਪਰ ਲੜਾਈ ਦਾ ਮੈਦਾਨ ਕਦੇ ਨਹੀਂ ਛੱਡਦਾ (ਪਰ ਪਿਛਾਂਹ ਪੈਰ ਨਹੀਂ ਹਟਾਂਦਾ, ਆਪਣੀ ਜਿੰਦ ਬਚਾਣ ਦੀ ਖ਼ਾਤਰ ਗ਼ਰੀਬ ਦੀ ਫੜੀ ਹੋਈ ਬਾਂਹ ਨਹੀਂ ਛੱਡਦਾ) ।2।2।

ਇਨ੍ਹਾਂ ਸਾਰੇ ਪ੍ਰਮਾਣਾਂ ਤੋਂ ਕੀ ਸਾਬਿਤ ਹੁੰਦਾ ਹੈ, ਇਹ ਸਮਝਾਉਣ ਦੀ ਵੀ ਜੇ ਹਾਲੇ ਜ਼ਰੂਰਤ ਰਹਿ ਜਾਂਦੀ ਹੈ, ਤਾਂ ਭਾਈ ਗੁਰਬਾਣੀ ਨੂੰ ਸਮਝੇ ਬਿਨਾਂ ਬਾਹਾਂ ਉਲਾਰੀ ਜਾਣ ਵਾਲੇ ਗੁਰਬਾਣੀ ਦਾ ਇਹ ਫੁਰਮਾਨ ਵੀ ਪੜ੍ਹ ਲੈਣ:

ਸਲੋਕ ਮਃ 4 ॥
ਮਨਮੁਖ ਮੂਲਹੁ ਭੁਲਿਆ ਵਿਚਿ ਲਬੁ ਲੋਭੁ ਅਹੰਕਾਰੁ
ਝਗੜਾ ਕਰਦਿਆ ਅਨਦਿਨੁ ਗੁਦਰੈ ਸਬਦਿ ਨ ਕਰਹਿ ਵੀਚਾਰੁ ॥ ਪੰਨਾਂ 316

ਅਰਥ: ਸਤਿਗੁਰੂ ਤੋਂ ਭੁੱਲੇ ਹੋਏ ਮਨੁੱਖ ਮੂਲ ਤੋਂ ਭੁੱਲੇ ਹੋਏ ਹਨ, ਕਿਉਂਕਿ ਉਹਨਾਂ ਦੇ ਅੰਦਰ ਲੱਬ, ਲੋਭ ਤੇ ਅਹੰਕਾਰ ਹੈ, ਉਹਨਾਂ ਦਾ ਹਰੇਕ ਦਿਹਾੜਾ (ਭਾਵ, ਸਾਰੀ ਉਮਰ) ਲੱਬ ਲੋਭ ਅਹੰਕਾਰ (ਸੰਬੰਧੀ) ਝਗੜਾ ਕਰਦਿਆਂ ਗੁਜ਼ਰਦਾ ਹੈ, ਉਹ ਸਤਿਗੁਰੂ ਦੇ ਸ਼ਬਦ ਵਿਚ ਵਿਚਾਰ ਨਹੀਂ ਕਰਦੇ।

ਗੁਰੂ ਭਲੀ ਕਰੇ।


ਜੇ ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ।


ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org  and cannot be held responsible for their views.  Read full details....

Go to Top