Share on Facebook

Main News Page

ਦਿੱਲੀ ਦੀਆਂ ਸਿੱਖ ਸੰਗਤਾਂ ਕਿਵੇਂ ਦੀ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਚੁਣਨ ?
-: ਗਿਆਨੀ ਕੇਵਲ ਸਿੰਘ
ਸਾਬਕਾ ਜਥੇਦਾਰ ਤਖਤ ਸ੍ਰੀ ਦਮਦਮਾ ਸਾਹਿਬ
95920-93472

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੋਂ ਬਾਅਦ ਦੂਜੀ ਵੱਡੀ ਸਿੱਖ ਸੰਸਥਾ ਹੈ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ। ਇਹ ਬਿਲਕੁਲ ਸੱਚ ਹੈ ਗੁਰਦੁਆਰਾ ਪ੍ਰਬੰਧ ਲਈ ਜਿਹੜਾ ਚੋਣ ਢੰਗ ਸਿੱਖ ਕੌਮ ਨੇ ਪ੍ਰਵਾਨ ਕਰ ਲਿਆ ਹੈ ਇਹ ਗੁਰਮਤਿ ਵੀਚਾਰਧਾਰਾ ਉੱਪਰ ਖਰਾ ਨਹੀਂ ਉੱਤਰਦਾ ਹੈ। ਇਸ ਢੰਗ ਨਾਲ ਧੜਿਆਂ ਦੇ ਪੈਰੋਕਾਰ ਪੈਸਾ, ਸਮਰੱਥਾ ਤੇ ਨਸ਼ਾ ਆਦਿ ਦੀ ਵਰਤੋਂ ਕਰਕੇ ਸਿੱਖ ਕੌਮ ਨੂੰ ਵਿਸ਼ਵ ਦੇ ਦੂਜੇ ਭਾਈਚਾਰਿਆਂ ਸਾਹਮਣੇ ਸ਼ਰਮਿੰਦਾ ਹੋਣ ਲਈ ਮਜਬੂਰ ਕਰਦੇ ਹਨ। ਵਰਤਮਾਨ ਚੋਣ ਪ੍ਰਬੰਧ ਵਿਸ਼ਵ ਲੋਕਤੰਤਰੀ ਨਿਜ਼ਾਮ ਦੀ ਸਥਾਪਨਾ ਲਈ ਵਧੇਰੇ ਕਰਕੇ ਵਧੇਰੇ ਕਰਕੇ ਵੱਖ ਵੱਖ ਮੁਲਕਾਂ ਵਿਚ ਪ੍ਰਚੱਲਿਤ ਹੈ। ਜਿੱਥੋਂ ਤੱਕ ਸਿੱਖ ਗੁਰਦੁਆਰਾ ਪ੍ਰਬੰਧ ਦਾ ਸਬੰਧ ਹੈ ਇਹ ਸਾਡੇ ਧਰਮ ਅਸਥਾਨ ਹਨ, ਇਹਨਾਂ ਦਾ ਪ੍ਰਬੰਧ ਗੁਰਮਤਿ ਜੁਗਤਿ ਵਿਚ ਹੋਣਾ ਬੜਾ ਜ਼ਰੂਰੀ ਹੈ। ਕਿਉਂਕਿ ਸਿੱਖ ਕੌਮ ਕੌਮੀ ਸਰਮਾਏ ਅਤੇ ਕੌਮੀ ਜੁਗਤਾਂ ਨੂੰ ਖੁਦ ਸੰਭਾਲਣ ਦੇ ਯੋਗ ਨਹੀਂ ਬਣ ਸਕੀ, ਇਸ ਲਈ ਧਰਮ ਅਸਥਾਨਾਂ ਦੇ ਪ੍ਰਬੰਧ ਉੱਪਰ ਗੁਰਮਤਿ ਸੋਚ ਤੋਂ ਵਿਹੂਣੇ ਸਵਾਰਥੀ ਮਨੁੱਖ ਸਮੇਂ ਸਮੇਂ ਕਾਬਜ ਰਹੇ ਹਨ। ਇਹ ਵੀ ਸੱਚ ਦਾ ਸੂਰਜ ਚੜ੍ਹਦਾ ਰਿਹਾ ਕਿ ਪੰਥ-ਦਰਦੀ ਲੰਮੇ ਸੰਘਰਸ਼ ਕਰਕੇ ਅਤੇ ਕੁਰਬਾਨੀਆਂ ਦੇ ਕੇ ਧਾੜਵੀਆਂ ਤੋਂ ਕਬਜੇ ਛਡਾ ਕੇ ਸੇਵਾ ਸਿਮਰਨ ਦਾ ਪਾਠ ਪੜ੍ਹਦੇ ਪੜ੍ਹਾਉਂਦੇ ਰਹੇ।

ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਘੇਰਾ ਭਾਵੇਂ ਦਿੱਲੀ ਸ਼ਹਿਰ ਤੱਕ ਹੀ ਸੀਮਤ ਹੈ, ਪਰ ਦੇਸ਼ ਦੀ ਰਾਜਧਾਨੀ ਅੰਦਰ ਹੋਣ ਕਰਕੇ ਇਸ ਦੀ ਮਹੱਤਤਾ ਹੋਰ ਵਧੇਰੇ ਵਧ ਜਾਂਦੀ ਹੈ। ਸਿੱਖ ਕੌਮ ਦੀ ਅਬਾਦੀ ਪੰਜਾਬ ਅਤੇ ਹਰਿਆਣਾ ਤੋਂ ਬਾਅਦ ਤੀਜੇ ਪ੍ਰਭਾਵਸ਼ਾਲੀ ਰੂਪ ਵਿਚ ਹੈ।

ਸਿੱਖ ਕੌਮ ਦੀਆਂ ਧਾਰਮਿਕ ਅਤੇ ਸਿਆਸੀ ਸਰਗਰਮੀਆਂ ਦਾ ਕੇਂਦਰ ਵੀ 1947 ਤੋਂ ਦਿੱਲੀ ਸ਼ਹਿਰ ਹੀ ਬਣਦਾ ਆਇਆ ਹੈ। 1947 ਤੋਂ ਪਹਿਲਾਂ ਅੰਗਰੇਜ਼ ਹਕੂਮਤ ਵੇਲੇ ਵੀ ਗੁਰਦੁਆਰਾ ਰਕਾਬਗੰਜ ਸਾਹਿਬ ਦੀ ਕੰਧ ਦਾ ਮੁੱਦਾ ਮੋਰਚਾ ਲਾ ਕੇ ਹੀ ਸਿੱਖ ਕੌਮ ਨੇ ਹੱਲ ਕਰਵਾਇਆ ਸੀ। ਹਰ ਚਾਰ ਸਾਲ ਬਾਅਦ ਏਥੋਂ ਦੇ ਪ੍ਰਬੰਧ ਵਾਸਤੇ ਚੋਣ ਮਰਯਾਦਾ ਨਿਭਣੀ ਹੁੰਦੀ ਹੈ। ਰਾਜਸੀ ਅਤੇ ਧਾਰਮਿਕ ਰਹੁਰੀਤਾਂ ਪ੍ਰਤੀ ਜ਼ਿੰਮੇਵਾਰ ਵਜੋਂ ਸ਼੍ਰੋਮਣੀ ਅਕਾਲੀ ਦਲ ਹੀ ਸਰਗਰਮ ਰਿਹਾ, ਜਿਸ ਕਰਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦਦਾ ਪ੍ਰਬੰਧ ਵੀ ਇਸੇ ਪਾਸ ਹੀ ਆਮ ਤੌਰ ਤੇ ਰਿਹਾ ਹੈ। ਦਿੱਲੀ ਅੰਦਰ ਸ: ਸੰਤੋਖ ਸਿੰਘ ਜੀ ਸਰਗਰਮ ਰਹੇ ਹਨ ਅਤੇ ਉਹਨਾਂ ਦਾ ਲੰਮਾ ਸਮਾਂ ਕੌਮ ਦੇ ਆਗੂ ਵਜੋਂ ਖਾਸ ਰੁਤਬਾ ਸੀ। ਸਮੇਂ ਸਮੇਂ ਆਗੂ ਬਦਲਦੇ ਰਹੇ ਹਨ। ਮਗਰ ਸ਼੍ਰੋਮਣੀ ਅਕਾਲੀ ਦਲ ਹੀ ਪ੍ਰਬੰਧ ਲਈ ਵਾਰਸ ਵਜੋਂ ਸਥਾਪਤ ਤੁਰਿਆ ਆਇਆ ਹੈ।

ਦੋ ਦਹਾਕਿਆਂ ਦੌਰਾਨ ਸ: ਪਰਮਜੀਤ ਸਿੰਘ ਜੀ (ਸਰਨਾ) ਨੇ ਵੱਖਰਾ ਸ਼੍ਰੋਮਣੀ ਅਕਾਲੀ ਦਲ ਦਿੱਲੀ ਹੋਂਦ ਵਿੱਚ ਲਿਆਂਦਾ। ਇਹ ਇਕ ਅਸਰ ਰਸੂਖ ਵਾਲੇ ਸਿੱਖ ਹੋਣ ਕਰਕੇ ਇਨ੍ਹਾਂ ਨੇ ਦਿੱਲੀ ਗੁਰਦੁਆਰਾ ਕਮੇਟੀ ਦੀ ਬਾਗਡੋਰ ਵੀ ਸੰਭਾਲੀ ਰੱਖੀ ਹੈ। ਇੱਥੋਂ ਦੀ ਸਿੱਖ ਅਬਾਦੀ ਗਿਣਤੀ ਵਿਚ 20-22 ਲੱਖ ਦੇ ਕਰੀਬ ਹੋਵੇਗੀ। ਏਥੇ ਇਤਿਹਾਸਿਕ ਗੁਰੂ ਘਰਾਂ ਤੋਂ ਇਲਾਵਾ ਸੰਗਤੀ ਤੌਰ 'ਤੇ ਉਸਾਰੇ ਗੁਰੂ ਘਰ ਵੀ ਹਜ਼ਾਰ ਪੰਦਰਾਂ ਸੌ ਹੋਣਗੇ। ਵਿੱਦਿਅਕ ਅਤੇ ਸਮਾਜ ਸੇਵੀ ਸੰਸਥਾਵਾਂ ਵੀ ਸੈਂਕੜਿਆਂ ਦੀ ਤਾਦਾਦ ਵਿਚ ਹਨ। ਗੁਰਮਤਿ ਪ੍ਰਚਾਰ ਲਈ ਇਸਤਰੀ ਸਭਾਵਾਂ ਸੇਵਕ ਜਥੇ ਵੀ ਹਜ਼ਾਰਾਂ ਦੀ ਗਿਣਤੀ ਵਿਚ ਹਨ। ਪੜ੍ਹਿਆ ਲਿਖਿਆ ਸਿੱਖ ਸਮਾਜਿਕ ਵਰਗ ਵੀ ਇਥੇ ਹੀ ਆਬਾਦ ਹੈ। ਫੌਜ ਅਤੇ ਹੋਰ ਮਹੱਤਵਪੂਰਨ ਅਹੁਦਿਆਂ ਤੇ ਸੇਵਾ ਕਰਦੇ ਅਤੇ ਸੇਵਾ-ਮੁਕਤ ਸਿੱਖ ਭਾਈਚਾਰਾ ਵੀ ਇਥੇ ਨਿਵਾਸ ਰੱਖਦਾ ਹੈ। ਜੱਜ, ਵਕੀਲ, ਵਪਾਰੀ, ਕਿਰਤੀ ਅਤੇ ਧਨਾਢ ਸਿੱਖ ਵੀ ਇਸ ਸ਼ਹਿਰ ਦੇ ਵਾਸੀ ਹਨ। ਰੋਜ਼ਾਨਾ, ਹਫਤਾਵਰੀ ਅਤੇ ਤ੍ਰੈ-ਮਾਸਿਕ ਅਖਬਾਰ ਵੀ ਸਿੱਖ ਭਾਈਚਾਰਾ ਇਥੋਂ ਛਾਪਦਾ ਹੈ। ਧਾਰਮਿਕ ਅਤੇ ਰਾਜਸੀ ਖੇਤਰ ਦੀਆਂ ਨਾਮਵਰ ਸਿੱਖ ਸ਼ਖਸੀਅਤਾਂ ਵੀ ਇਥੇ ਹੀ ਰਹਿੰਦੀਆਂ ਹਨ।

ਦਿੱਲੀ ਦਾ ਜਾਗਰੂਕ ਸਿੱਖ ਭਾਈਚਾਰਾ ਜੇਕਰ ਕਿਸੇ ਪੱਖੋਂ ਪਛੜਿਆ ਹੈ ਤਾਂ ਉਹ ਹੈ ਪੰਥਕ ਸੋਚ, ਸਿਧਾਂਤ ਤੇ ਮਰਯਾਦਾ ਨੂੰ ਪਹਿਲ ਦੇਣ ਤੋਂ ਅਤੇ ਆਪਸੀ ਸਾਂਝ ਦੀ ਮਜ਼ਬੂਤੀ ਤੋਂ। ਬਹੁ-ਗਿਣਤੀ ਆਪੋ ਆਪਣੇ ਕਾਰੋਬਾਰ ਤੇ ਪਰਿਵਾਰ ਦੇ ਸਰੋਕਾਰਾਂ ਤੋਂ ਉੱਪਰ ਉੱਠ ਕੇ ਕੌਮੀ ਸਰੋਕਾਰਾਂ ਪ੍ਰਤੀ ਪਹਿਰੇਦਾਰੀ ਵਾਲੀ ਸੋਚ ਤੋਂ ਵਾਂਝੀ ਹੈ। ਨਤੀਜੇ ਵਜੋਂ ਸਿੱਖ ਕੌਮ ਦਾ ਜਥੇਬੰਦਕ ਸਰੂਪ ਕੌਮੀ ਜਾਹੋ ਜਲਾਲ ਦੇ ਪ੍ਰਗਟਾਵੇ ਲਈ ਸਾਹਮਣੇ ਨਹੀਂ ਹੈ। ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਚੋਣ ਪ੍ਰਣਾਲੀ ਵਿਚ ਵਧੇਰੇ ਕਰਕੇ ਆਮ ਸਿੱਖ ਪਰਿਵਾਰ ਦੀ ਦਿਲਚਸਪੀ ਨਹੀਂ। ਧੜਿਆਂ ਦੇ ਆਗੂ ਜਾਂ ਥੋੜ੍ਹੇ ਜੇਹੇ ਗੁਰੂ ਘਰਾਂ ( ਗੁਰਦੁਆਰਿਆਂ) ਦੇ ਪ੍ਰਬੰਧਕਾਂ ਵਲੋਂ ਆਪਣੀ ਪਹੁੰਚ ਨਾਲ ਵੋਟਰ ਬਣਾਏ ਜਾਂਦੇ ਹਨ। ਨਗਰ ਨਿਗਮ ਅਤੇ ਵਿਧਾਨ ਸਭਾ ਲਈ ਸਿੱਖ ਵੋਟਰਾਂ ਦੇ ਮੁਕਾਬਲੇ ਗੁਰਦੁਆਰਾ ਪ੍ਰਬੰਧ ਲਈ ਵੋਟਰਾਂ ਦੀ ਗਿਣਤੀ ਬੜੀ ਘੱਟ ਹੁੰਦੀ ਹੈ।

ਬੇਸ਼ੱਕ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਚੋਣ ਲਈ ਦਿੱਲੀ ਦੀ ਸਰਕਾਰ ਦੀ ਹੈ, ਪਰ ਚੋਣ ਅਮਲ ਸਿੱਖ ਆਗੂਆਂ ਅਤੇ ਸਿੱਖ ਜਥੇਬੰਦੀਆਂ ਦੇ ਪੂਰਨ ਸਹਿਯੋਗ ਤੋਂ ਬਗੈਰ ਕਦੀ ਵੀ ਪ੍ਰਭਾਵਸ਼ਾਲੀ ਰੂਪ ਵਿਚ ਸਿਰੇ ਨਹੀਂ ਚੜ ਸਕਦਾ। ਹੁਣ ਜਿਹੜੀਆਂ 26 ਫਰਵਰੀ 2017 ਨੂੰ ਚੋਣਾਂ ਹੋਣ ਜਾ ਰਹੀਆਂ ਹਨ, ਉਸ ਲਈ ਤਿਆਰ ਹੋਈ ਵੋਟਰ ਸੂਚੀ ਦੇ ਅੰਕੜੇ ਦੱਸਦੇ ਹਨ ਕਿ ਸਿੱਖ ਸੰਸਥਾਵਾਂ ਦੀ ਭੂਮਿਕਾ ਬੜੀ ਕਮਜ਼ੋਰ ਰਹੀ ਹੈ। ਸਾਢੇ ਤਿੰਨ ਲੱਖ ਦੇ ਕਰੀਬ ਹੀ ਸਿੱਖ ਵੋਟਰ ਬਣੇ ਹਨ। ਇਸ ਵਾਰ ਚੋਣਾਂ ਵਿਚ ਹਿੱਸਾ ਲੈਣ ਵਾਲੀਆਂ ਧਿਰਾਂ ਦੀ ਗਿਣਤੀ ਪਹਿਲਾਂ ਨਾਲੋਂ ਵਧੇਰੇ ਹੈ। ਸਿੱਖ ਸੰਗਤ ਕਿਸ ਦੀ ਚੋਣ ਕਰੇ, ਇਹ ਇਕ ਅਹਿਮ ਸਵਾਲ ਹੈ। ਸਾਰੇ ਧੜਿਆਂ ਵਲੋਂ ਚੰਗਾ ਗੁਰਦੁਆਰਾ ਪ੍ਰਬੰਧ ਦੇਣ ਦਾ ਵਾਅਦਾ ਤੇ ਦਾਅਵਾ ਹੈ। ਸਿੱਖ ਸੰਗਤਾਂ ਪਾਸ ਦੋ ਕਸਵੱਟੀਆਂ ਹਨ। ਪਹਿਲੀ ਕਸੌਟੀ ਹੈ ਕਿ ਆਗੂ ਤੇ ਉਮੀਦਵਾਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨਾਲ ਮਨ ਕਰਕੇ, ਬਚਨ ਕਰਕੇ, ਕਰਮ ਕਰਕੇ ਜੁੜੇ ਹੋਏ ਹੋਣ ਤੇ ਗੁਰੂ ਤਵ ਪ੍ਰਤੀ ਕਰਤੱਵ ਵਫਾਦਾਰੀ ਨਾਲ ਨਿਭਾਉਂਦੇ ਹੋਣ। ਕਿਧਰੇ ਡੇਰੇਦਾਰ ਪ੍ਰਥਾ, ਨਕਲੀ ਗੁਰੂ ਦੰਭ, ਸੰਪਰਦਾਈ ਸੰਪਰਦਾਈ ਸੋਚ ਵੀਚਾਰ ਦੇ ਪ੍ਰਭਾਵ ਹੇਠ ਨਾ ਹੋਣ। ਦੂਜੀ ਕਸੌਟੀ ਹੈ, ਸਿੱਖ ਰਹਿਤ ਮਰਯਾਦਾ। ਸਿੱਖ ਰਹਿਤ ਮਰਯਾਦਾ ਖਾਲਸਾ ਪੰਥ ਨੇ ਬੜੀ ਮਸ਼ੱਕਤ ਕਰਕੇ ਗੁਰੂ ਆਸ਼ੇ ਅਨੁਸਾਰ ਕਰਕੇ ਕੌਮੀ ਏਕਤਾ ਤੇ ਇਕਸੁਰਤਾ ਦੇ ਆਧਾਰ ਵਜੋਂ ਤਿਆਰ ਕੀਤੀ ਹੈ। ਜਿਹੜਾ ਆਗੂ, ਧੜਾ ਜਾਂ ਸਿੱਖ ਸਿੱਖ ਰਹਿਤ ਮਰਯਾਦਾ ਦੇ ਅਮਲ ਤੋਂ ਕੰਨੀ ਕਤਰਾਉਂਦਾ ਹੈ; ਉਸ ਨੂੰ ਗੁਰੂ ਗ੍ਰੰਥ ਤੇ ਗੁਰੂ ਪੰਥ ਪ੍ਰਤੀ ਵਫਾਦਾਰ ਨਹੀਂ ਮੰਨਿਆ ਜਾ ਸਕਦਾ।

ਇਸ ਤੋਂ ਇਲਾਵਾ ਹੋਰ ਕਸੌਟੀਆਂ ਹਨ ਕਿ ਕਿਹੜਾ ਧੜਾ ਸੱਚੇ ਪਾਤਸ਼ਾਹ ਦੀ ਪਾਤਸ਼ਾਹੀ ਦਾ ਕਾਇਲ ਹੈ ਅਤੇ ਕਿਹੜਾ ਦੁਨੀਆਵੀ ਕੂੜੇ ਬਾਦਸ਼ਾਹਾਂ ਦਾ ਕਾਮਾਂ ਹੈ। ਕੌਣ ਸੇਵਾ ਸਿਮਰਨ ਦੇ ਚਾਉ ਵਿਚ ਅਤੇ ਕੌਣ ਸੱਤਾ ਦੇ ਦਾਉ ਵਿਚ ਤਤਪਰ ਹੈ। ਸਿੱਖ ਵਿੱਦਿਅਕ ਸੰਸਥਾਵਾਂ ਦੇ ਉੱਚ ਮਿਆਰ ਨਾਲ ਕਿਸ ਨੂੰ ਪਿਆਰ ਹੈ ਅਤੇ ਕੌਣ ਲੋਭ ਵਸ ਚਹੇਤਿਆਂ ਦੀ ਭੇਟ ਚੜਾ ਦੇਣ ਦਾ ਵਪਾਰ ਕਰਦਾ ਹੈ। ਗੁਰੂ ਘਰ ਦੀ ਗੋਲਕ ਮਾਨਵਤਾ ਦੀ ਸੇਵਾ-ਸਹੂਲਤ, ਵਿੱਦਿਆ ਪਸਾਰ ਤੇ ਸ਼ਬਦ-ਗੁਰੂ ਦੇ ਪ੍ਰਚਾਰ ਲਈ ਸੰਜਮ ਤੇ ਸਿਆਣਪ ਨਾਲ ਵਰਤਣ ਦਾ ਵਿਧਾਨ ਹੈ, ਕੌਣ ਪਹਿਰਾ ਦੇਣ ਦੇ ਕਾਬਲ ਹੈ; ਬੜਾ ਵੱਡਾ ਸਵਾਲ ਹੈ।

ਵਰਤਮਾਨ ਪ੍ਰਬੰਧਕੀ ਧੜਾ ਕਿਉਂਕਿ ਸ਼੍ਰੋਮਣੀ ਅਕਾਲੀ ਦਲ (ਬਾਦਲ) ਦੀ ਇਕ ਸ਼ਾਖ ਹੈ, ਇਸ ਲਈ ਇਸ ਦੀਆਂ ਨੀਤੀਆਂ ਸਿਧਾਂਤਵਾਦੀ ਨਹੀਂ ਬਲਕਿ ਪ੍ਰਭਤਾਵਾਦੀ, ਬ੍ਰਾਹਮਣੀ ਕਰਮ-ਕਾਂਡੀ, ਆਰ.ਐਸ.ਐਸ. ਦੀ ਮਾਰੂ ਸੋਚ ਅਧੀਨ ਰਹੀਆਂ ਹਨ। ਇਸ ਵਾਰ ਸਿੱਖ ਸੰਗਤਾਂ ਨੂੰ ਨਿਰਭਉ ਹੋ ਕੇ ਨਿਰਪੱਖਤਾ ਨਾਲ ਬੜੀ ਸ਼ਿੱਦਤ ਨਾਲ ਧਿਆਨ ਦੇਣਾ ਪਵੇਗਾ ਤੇ ਦੇਣਾ ਚਾਹੀਦਾ ਹੈ। ਸਿੱਖ ਰਹਿਤ ਮਰਯਾਦਾ ਦੀਆਂ ਧੱਜੀਆਂ ਉਡਾਈਆਂ ਗਈਆਂ ਹਨ, ਇਹ ਕੋਈ ਕਿਸੇ ਈਰਖਾਵਸ ਦੋਸ਼ ਨਹੀਂ। ਜਦੋਂ ਮਰਜੀ ਸੱਚ ਨੂੰ ਜਾਣ ਸਕਦੇ ਹਨ ਪ੍ਰਬੰਧਕ ਵੀ। ਗੁਰਦੁਆਰਾ ਬੰਗਲਾ ਸਾਹਿਬ ਜੀ ਵਿਖੇ ਕਥਾ ਕਰਨ ਲਈ ਸੰਪਰਦਾਈ ਡੇਰੇਦਾਰ ਬ੍ਰਾਹਮਣੀ ਸੋਚ ਦੇ ਪੈਰੋਕਾਰ ਪ੍ਰਚਾਰਕਾਂ ਤੇ ਆਗੂਆਂ ਨੂੰ ਉਭਾਰਿਆ ਹੈ। ਜੋ ਨਾ ਤੇ ਗੁਰੂ ਗ੍ਰੰਥ ਸਾਹਿਬ ਸਾਹਿਬ ਜੀ ਦੇ ਗੁਰੂਤਵ ਪ੍ਰਤੀ ਵਫਾਦਾਰ ਆਖੇ ਜਾ ਸਕਦੇ ਹਨ ਅਤੇ ਨਾ ਹੀ ਸਿੱਖ ਰਹਿਤ ਮਰਯਾਦਾ ਦੇ ਵਿਸ਼ਵਾਸ਼-ਪਾਤਰ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਪੰਜਾਬ ਦੀ ਧਰਤੀਤੇ ਵਾਰ ਵਾਰ ਹੋਈ , ਇਹ ਮੌਜੂਦਾ ਪ੍ਰਬੰਧਕ ਪੰਥ ਨਾਲ ਖੜੇ ਤੱਕ ਨਹੀਂ ਹੋਏ। ਪੰਜਾਬ ਦੀ ਅਖੌਤੀ ਅਕਾਲੀ ਹਕੂਮਤ ਤੇ ਸਿਆਸੀ ਧੜੇ ਦੇ ਪਿੱਠੂ ਬਣ ਕੇ ਪੰਥ-ਦਰਦੀਆਂ ਨੂੰ ਝੁਠਲਾਉਂਦੇ ਰਹੇ।

ਸੌਦਾ ਸਾਧ ਦੇ ਮੁਆਫੀਨਾਮੇ ਮੌਕੇ ਵੀ ਪੰਥ ਭਾਵਨਾਵਾਂ ਨੂੰ ਛੱਡ ਕੇ ਪੰਥ-ਧ੍ਰੋਹੀ ਅਖੌਤੀ ਜਥੇਦਾਰ ਦੀ ਪਿੱਠ ਪੂਰਦੇ ਰਹੇ। ਨਕਾਰੇ ਹੋਏ ਜਥੇਦਾਰਾਂ ਨੂੰ ਮਾਨ-ਸਨਮਾਨ ਦਿੰਦੇ ਰਹੇ ਅਤੇ ਉਹਨਾਂ ਦੇ ਹੱਥੀਂ ਉਦਘਾਟਨ ਕਰਵਾ ਕੇ ਕੌਮ ਨੂੰ ਚਿੜਾਉਂਦੇ ਰਹੇ। ਪੰਥ ਵਾਸਤੇ ਹਾਅ ਦੇ ਨਾਅਰੇ ਦੀ ਇਹਨਾਂ ਤੋਂ ਆਸ ਹੀ ਕੀ ਹੋ ਸਕਦੀ ਸੀ। ਫਰਵਰੀ 2017 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਮੌਕੇ ਇਹਨਾਂ ਦੇ ਆਕਾ ਬਾਦਲ ਦਲ ਨੇ ਸਿਰਸਾ ਵਾਲੇ ਸੌਧਾ ਸਾਧ ਨਾਲ ਪੈਰੀਂ ਪੈ ਕੇ ਸਮਝੌਤਾ ਕੀਤਾ ਅਤੇ ਪੰਥ ਦੀ ਰੂਹ ਰਾਹੀਂ ਸ੍ਰੀ ਅਕਾਲ ਤਖਤ ਸਾਹਿਬ ਤੋਂ ਹੋਏ ਹੁਕਮਨਾਮੇ ਨੂੰ ਵੰਗਾਰਿਆ। ਪੰਜਾਬ ਚੋਣਾਂ ਲੰਘਣ ਤੋਂ ਬਾਅਦ ਸੱਪ ਦੀ ਲਕੀਰ ਨੂੰ ਕੁੱਟਣ ਦੇ ਫਕੀਰ ਬਣ ਗਏ।

ਇਸ ਸਿਆਸੀ ਧੁੰਦ ਦੇ ਸ਼ਿਕਾਰ ਵਰਤਮਾਨ ਪ੍ਰਬੰਧਕੀ ਧੜੇ ਨੂੰ ਸ਼੍ਰੋਮਣੀ ਅਕਾਲੀ ਦਲ (ਦਿੱਲੀ) ਸਰਨਾ ਧੜਾ ਹੀ ਚੁਣੌਤੀ ਦੇ ਸਕਦਾ ਹੈ। ਹੋਂਦ ਵਿਚ ਆਏ ਹੋਰ ਧੜਿਆਂ ਪੰਥਕ ਸੇਵਾ ਦਲ, ਅਕਾਲ ਸਹਾਇ ਸੁਸਾਇਟੀ, ਆਮ ਅਕਾਲੀ ਦਲ ਆਦਿ ਦੀ ਸਿਆਣਪ ਇਸੇ ਵਿਚ ਹੀ ਹੈ ਕਿ ਉਹ ਸਰਨਾ ਨਾਲ ਮਿਲ ਬੈਠ ਕੇ ਪੰਥ ਹਿਤ ਵਿਚ ਦਰਿਆਦਿਲੀ ਵਾਲਾ ਰਸਤਾ ਅਖਤਿਆਰ ਕਰਨ। ਸਰਨਾ ਧੜਾ ਵੀ ਇਹ ਵਡੱਪਨ ਦਿਖਾਵੇ ਕਿ ਇਹਨਾਂ ਧੜਿਆਂ ਨੂੰ ਪੂਰਾ ਪਿਆਰ ਸਤਿਕਾਰ ਦੇ ਕੇ ਕੌਮ ਨੂੰ ਉਸਾਰੂ ਨਤੀਜੇ ਦੇਣ ਦੀ ਅਹਿਮ ਭੂਮਿਕਾ ਨਿਭਾਵੇ। ਸਮੇਂ ਦੀ ਮੰਗ ਹੈ ਕਿ ਹਉਮੈ ਹੰਕਾਰ ਦੇ ਵਾਰ ਤੋਂ ਬਚ ਕੇ ਗੁਰਦੁਆਰਾ ਸਾਹਿਬਾਨ ਅਤੇ ਹੋਰ ਸਿੱਖ ਸੰਸਥਾਵਾਂ ਦਾ ਪ੍ਰਬੰਧ ਪੰਥ ਨੂੰ ਸਮਰਪਿਤ ਪੰਥ-ਦਰਦੀ ਗੁਰਸਿੱਖਾਂ ਦੇ ਹੱਥ ਵਿਚ ਆਵੇ।


ਜੇ ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ।


ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org  and cannot be held responsible for their views.  Read full details....

Go to Top