Share on Facebook

Main News Page

"ਸਾਹਿਬ" ਸ਼ਬਦ ਦੀ ਸਮੀਖਿਆ
-: ਦਲੇਰ ਸਿੰਘ ਜੋਸ਼

ਜੇ ਕਰ ਗਹੁ ਨਾਲ ਵੇਖਿਆ ਜਾਵੇ ਤਾਂ ਬੰਦਾਂ ਪਦਾਰਥਾਂ ਦਾ ਇਤਨਾਂ ਭੁੱਖਾ ਨਹੀਂ, ਜਿਤਨਾ ਆਪਣੀ ਸ਼ੁਹਰਤ ਦਾ ਭੁੱਖਾ ਹੈ।  ਬਸ ਬੰਦਾ ਫੂਕ ਦਾ ਭੁੱਖਾ ਹੈ। ਆਪਣੀ ਵਡਿਆਈ ਆਪਣੀ ਸ਼ੋਭਾ ਸੁਣ ਕੇ ਬਹੁਤ ਪ੍ਰਸੰਨ ਹੁੰਦਾ ਹੈ।

- ਕਿਸੇ ਗਰੀਬ ਬੰਦੇ ਨੂੰ ਸ਼ਾਹ ਜੀ ਕਹਿ ਕੇ ਵੇਖੋ, ਉਸਦਾ ਧਰਤੀ 'ਤੇ ਪੈਰ ਨਹੀਂ ਲਗਦਾ।
- ਕਿਸੇ ਕਮਜ਼ੋਰ ਨੂੰ ਭਲਵਾਨ ਜੀ ਕਹਿ ਕੇ ਬੁਲਾਵੋ, ਉਸ ਦੀਆਂ ਵਾਂਛਾ ਖਿੱੜ ਜਾਣ ਗੀਆਂ।
- ਕਿਸੇ ਸ਼ੂਮ ਨੂੰ ਦਾਤਾ ਜੀ ਕਹਿ ਸੰਬੋਧਨ ਕਰੋ, ਤਾਂ ਉਸ ਦੇ ਭਾ ਦਾ ਰੱਬ ਦਾ ਦਰਜ਼ਾ ਮਿਲ ਗਿਆ ਸਮਝਦਾ ਹੈ।
- ਕਿਸੇ ਨੂੰ ਸਹੀ ਪਾਠ ਭੀ ਨਾ ਕਰਨਾ ਆਉਂਦਾ ਹੋਵੇ, ਪਰ ਗਿਆਨੀ ਜੀ ਕਹਾ ਕੇ ਖੁਸ਼ ਹੁੰਦਾ ਹੈ।
- ਡੰਡਉਤ ਕਰਨ ਦਾ ਢੰਗ ਹੀ ਨਾ ਆਉਂਦਾ ਹੋਵੇ, ਪਰ ਪ੍ਰਸਿਧ ਵਿਦਵਾਨ ਅਖਵਾ ਕਿ ਫੁਲਿਆ ਨਹੀਂ ਸਮਾਉਂਦਾ,
- ਰਾਗ ਦੀ ਸੋਝੀ ਨਹੀਂ ਪਰ ਗੰਧਰਬ ਬਨਣਾ ਚਾਹੁੰਦਾ ਹੈ।

ਇਸੇ ਤਰ੍ਹਾਂ ਸਾਡੇ ਵਿੱਚ ਇੱਕ ਸ਼ਬਦ ਬੜਾ ਮਸ਼ਹੂਰ ਹੋ ਗਿਆ ਹੈ। ਉਹ ਹੈ ਸਾਹਿਬਸਰਦਾਰ ਸਾਹਿਬ; ਪ੍ਰੌਫੈਸਰ ਸਾਹਿਬ, ਪ੍ਰਿੰਸੀਪਲ ਸਾਹਿਬ; ਪਰਧਾਨ ਸਾਹਿਬ; ਸਕੱਤਰ ਸਾਹਿਬ; ਸਰਪੰਚ ਸਾਹਿਬ; ਆਦਿ ਆਦਿ ਕਿਤਨੇ ਹੀ "ਸਾਹਿਬ" ਸਾਡੇ ਵਿੱਚ ਉਜਾਗਰ ਹੋ ਗਏ ਹਨ।

ਜੇ ਧਰਮ ਪਖੋਂ ਵੇਖੀਏ ਤਾਂ, ਸ਼ਹਿਰਾਂ ਨੂੰ ਸਾਹਿਬੀ, ਪਿੰਡਾਂ ਨੂੰ ਸਾਹਿਬੀ, ਦਰਖਤਾਂ ਨੂੰ ਸਾਹਿਬੀ, ਟੋਬਿਆਂ ਨੂੰ ਸਾਹਿਬੀ, ਮੰਜਿਆਂ ਨੂੰ ਸਾਹਿਬੀ, ਜੋੜਿਆਂ ਨੂੰ ਸਾਹਿਬੀ... ਜਿਵੇਂ ਸਾਹਿਬੀ ਦੇ ਲੰਗਰ ਹੀ ਲਾ ਕੇ ਵੰਡੀ ਹੋਵੇ। ਪਤਾ ਨਹੀਂ ਇਹ ਸਮਝ ਦਾ ਸੌਦਾ ਹੈ ਕਿ ਅਗਿਆਨਤਾ ਦਾ ਸਬੂਤ? ਵਿਚਾਰ ਦੇ ਨੇਤ੍ਰਾਂ ਨਾਲ ਵੇਖਿਆ ਜਾਵੇ ਤਾਂ ਪਤਾ ਚਲੇਗਾ ਕਿ ਸਾਹਿਬੀ ਹੈ ਕੀ? ਅਤੇ ਸਤਿਗੁਰੂ ਜੀ ਨੇ "ਸਾਹਿਬ" ਕਿਸ ਨੂੰ ਆਖਿਆ ਹੈ। ਜੇ ਅਸੀਂ ਸਿੱਖ ਹਾਂ, ਤਾਂ ਅਸੀਂ ਉਹ ਕਰਮ ਕਰੀਏ, ਜੋ ਸਾਡੇ ਸਤਿਗੁਰਾਂ ਨੇ ਕੀਤੇ ਹਨ, ਜਾਂ ਸਾਨੂੰ ਕਰਨ ਲਈ ਉਪਦੇਸ਼ ਦਿਤਾ ਹੈ।

ਗੁਰੂ ਦੇ ਬਚਨਾਂ ਵਿੱਚ "ਸਾਹਿਬ" ਕੌਣ ਹੈ? ਸਾਹਿਬ ਦੇ ਅਰਥ ਕੀ ਹਨ? ਜੇਕਰ ਸਾਨੂੰ ਇਹ ਦੋ ਗੱਲਾਂ ਦਾ ਅਰਥ ਭਾਵ ਦਾ ਪਤਾ ਲੱਗ ਜਾਵੇ, ਤਾਂ ਸ਼ਾਇਦ ਇਸ ਸਾਹਿਬ ਸ਼ਬਦ ਨੂੰ ਐਨਾਂ ਸਸਤਾ ਕਰ ਕੇ ਨਹੀਂ ਵੰਡਾਂਗੇ। ਕਿਉਕਿ ਹਮੇਸ਼ਾਂ ਕੀਮਤੀ ਚੀਜ਼ ਸੋਚ ਸਮਝ ਕੇ ਹੀ ਕਿਸੇ ਨੂੰ ਦਿੱਤੀ ਜਾਂਦੀ ਹੈ। ਆਉ ਹੁਣ ਇਸ ਸ਼ਬਦ ਦੇ ਅਰਥ ਜਾਨਣ ਦਾ ਜਤਨ ਕਰੀਏ ਜੀ।

ਸਾਹਿਬ ਦੇ ਅਰਥ ਹਨ = ਮਾਲਕ

ਹੁਣ ਇਹ ਵੇਖੀਏ ਕਿ ਗੁਰੂ ਜੀ ਨੇ ਮਾਲਕ ਕਿਸਨੂੰ ਆਖਿਆ ਹੈ।

ਗੁਰਬਾਣੀ ਸਾਡਾ ਗੁਰੂ ਹੈ, ਜੋ ਸਾਡੇ ਜੀਵਨ ਦੀ ਅਗਵਾਈ ਕਰਦੀ ਹੈ, ਜਿਵੇਂ ਮਾਤਾ ਪਿਤਾ ਆਪਣੇ ਬੱਚੇ ਦੀ ਦੇਖ ਭਾਲ ਕਰਦੇ ਹਨ, ਉਵੇਂ ਹੀ ਗੁਰਬਾਣੀ ਸਿੱਖ ਦੀ। ਗੁਰਬਾਣੀ ਸਾਨੂੰ ਮਾਲਕ ਦਾ ਗਿਆਨ ਇਉਂ ਬਖਸ਼ਦੀ ਹੈ।

(1) ਸਾਚਾ ਸਾਹਿਬੁ ਸਾਚੁ ਨਾਇ ਭਾਖਿਆ ਭਾਉ ਅਪਾਰ ॥ਜਪੁ ॥
(2) ਸਾਚਾ ਸਾਹਿਬੁ ਸਾਚੈ ਨਾਇ ॥ ਆਸਾ ਮ: 1॥ ਪੰਨਾਂ 9॥
ਸਚਾ ਸਾਹਿਬੁ ਸਚੀ ਨਾਈ ॥ ਮਾਝ ਮ:5॥ ਪੰਨਾਂ 104 ॥
ਸੋ ਪਾਤਸਾਹਾ ਸਾਹਾ ਪਾਤਸਾਹਿਬੁ ਨਾਨਕ ਰਹਣੁ ਰਜਾਈ
ਵਡੇ ਮੇਰੇ ਸਾਹਿਬਾ ਗਹਿਰ ਗੰਭੀਰਾ ਗੁਣੀ ਗਹੀਰਾ
ਰੰਗਿ ਰਤਾ ਮੇਰਾ ਸਾਹਿਬੁ ਰਵਿ ਰਹਿਆ ਭਰਪੂਰਿ
ਮੇਰੇ ਸਾਹਿਬਾ ਕਉਣੁ ਜਾਣੈ ਗੁਣ ਤੇਰੇ ॥ ਪੰਨਾਂ 156

ਕੀ ਉਪਰੋਕਤ ਗੁਣ ਜੋ ਅਸਲ ਵਿੱਚ ਵਾਹਿਗੁਰੂ ਜੀ ਮਾਲਕ ਸੱਚੇ ਸਾਹਿਬ ਦੇ ਹਨ ਕਿਸੇ ਮਨੁੱਖ ਅੰਦਰ ਹਨ? ਜੇ ਨਹੀਂ ਤਾਂ ਮਨੁਖ ਜਾਂ ਜੱੜ ਵਸਤੂ ਕਿਵੇਂ ਸਾਹਿਬ ਬਣ ਗਈ ?

ਗੁਰੂ ਜੀ ਨੂੰ ਪੁਛੀਏ ਆਪ ਜੀ ਦੇ ਮਾਲਕ ਕਿਤਨੇ ਹਨ।

ਤਾਂ ਉਤਰ ਬਖਸ਼ਸ ਕਰਦੇ ਹਨ:

ਸਾਹਿਬ ਮੇਰਾ ਏਕੋ ਹੈ ॥ ਏਕੋ ਹੈ ਭਾਈ ਏਕੋ ਹੈ॥ ਆਸਾ ਮ: 1 ॥ ਪੰਨਾਂ 350 ॥
ਸਾਹਿਬੁ ਮੇਰਾ ਏਕੁ ਹੈ ਅਵਰੁ ਨਹੀ ਭਾਈ ॥ ਆਸਾ ਮ: 1 ॥ ਪੰਨਾਂ 420 ॥
ਏਕੋ ਸਾਹਿਬੁ ਏਕੁ ਵਜੀਰ ॥ ਆਸਾ ਮ: 1 ॥ ਪੰਨਾਂ 412 ॥
ਤੂ ਏਕੋ ਸਾਹਿਬੁ ਅਵਰੁ ਨ ਹੋਰਿ ॥ ਵਡਹੰਸ ਮ: 5 ॥ ਪੰਨਾਂ 563 ॥
ਕਾਜੀ ਸਾਹਿਬੁ ਏਕੁ ਤੋਹੀ ਮਹਿ ਤੇਰਾ ਸੋਚਿ ਬਿਚਾਰਿ ਨ ਦੇਖੈ ॥ ਆਸਾ ਭਗਤ ਕਬੀਰ ਜੀ ॥ ਪੰਨਾਂ 483 ॥

ਗੁਰੂ ਜੀ ਤਾਂ ਕਹਿ ਰਹੇ ਹਨ ਕਿ ਸਾਡਾ ਸਾਹਿਬ ਇਕ ਹੈ। ਕੀ ਸਾਡਾ ਭੀ ਸਾਹਿਬ ਇੱਕ ਹੈ? ਏਥੇ ਤਾਂ ਹਰ ਬੌਸ ਆਪਣੀ ਥਾਂ ਅਪਣੇ ਮਹਿਕਮੇ ਦਾ ਸਾਹਿਬ ਹੈ।

"ਸਾਹਿਬ" ਦੇ ਸਬੰਧ ਵਿਚ ਇਤਨੇ ਪਰਮਾਣ ਗੁਰੂ ਗ੍ਰੰਥ ਸਾਹਿਬ ਵਿੱਚ ਹਨ, ਕਿ ਆਪ ਜੀ ਪੱੜ ਕੇ ਹੈਰਾਨ ਹੋ ਜਾਵੋਗੇ, ਜਿਨ੍ਹਾਂ ਤੋਂ ਸਾਨੂੰ ਇਸ ਸ਼ਬਦ ਦੇ ਵਾਸਤੇ ਬਹੁਤ ਸਾਰਾ ਗਿਆਨ ਪ੍ਰਾਪਤ ਹੋ ਸਕਦਾ ਹੈ। ਹੁਣ ਸਿੱਖ ਧਰਮ ਦੇ ਮਹਾਨ ਗੁਰਮਤਿ ਦੇ ਤੱਤਵੇਤਾ ਭਾਈ ਗੁਰਦਾਸ ਜੀ ਦੇ ਵਿਚਾਰ ਸਾਡੇ ਪ੍ਰਤੀ ਸੁਣੋ ਜੋ ਲੋਕਾਂ ਵੱਲ ਵੇਖ ਕਿ ਉਹਨਾਂ ਨੂੰ ਲਿਖਣਾ ਪਿਆ।

ਸਤਿਗੁਰ ਸਹਿਬੁ ਛੱਡਿ ਕੇ ਮਨਮੁਖ ਹੋਇ ਬੰਦੇ ਦਾ ਬੰਦਾ।
ਹੁਕਮੀ ਬੰਦਾਂ ਹੋਇ ਕੈ ਨਿਤ ਉਠਿ ਜਾਇ ਸਲਾਮ ਕਰੰਦਾ।
ਆਠ ਪਹਰ ਹੱਥ ਜੋੜਿ ਕੈ ਹੋਇ ਹਜੂਰੀ ਖੜਾ ਰਹੰਦਾ।
ਨੀਦ ਨ ਭੁਖ ਨ ਸੁਖ ਤਿਸ ਸੂਲੀ ਚੜਿਆ ਰਹੇ ਡਰੰਦਾ।
ਪਾਣੀ ਪਾਲਾ ਧੁਪ ਛਾਉ ਸਿਰ ਉਤੇ ਝੱਲ ਦੁਖ ਸਹੰਦਾ।
ਆਤਸ਼ ਬਾਜੀ ਸਾਰ ਦੇਖ ਰਣ ਵਿੱਚ ਘਾਇਲ ਹੋਇ ਮਰੰਦਾ।
ਗੁਰ ਪੂਰੇ ਵਿਣ ਜੂਨਿ ਭਵੰਦਾ ॥

ਅਸੀਂ ਪੂਰੇ ਗੁਰੂ ਦੇ ਉਪਦੇਸ਼ ਨੂੰ ਸਮਝਣ ਵਾਲੇ ਬਣੀਏ ਤੇ ਗੁਰ ਕਹਿਆ ਸਾ ਕਾਰ ਕਮਾਵਹੁ ਦੇ ਧਾਰਨੀ ਹੋ ਸਕੀਐ ।

ਪਰ ਸੱਚ ਹੀ ਅਸੀਂ ਬੰਦੇ ਦੇ ਬੰਦੇ ਬਣੇ ਪਏ ਹਾਂ। ਮੈਨੂੰ ਇਕ ਗੱਲ ਚੇਤੇ ਆਈ ਕਿ ਇਕ ਵਾਰ ਇਕ ਆਦਮੀ ਕੋਈ ਕੰਮ ਦੀ ਭਾਲ ਵਿੱਚ ਨਿਕਲਿਆ ਕਿ ਕੋਈ ਨੌਕਰੀ ਮਿਲ ਜਾਵੇ। ਅਗੋ ਇੱਕ ਭੱਦਰ ਪੁਰਸ਼ ਮਿਲ ਪਿਆ ਤੇ ਕਹਿਣ ਲਗਾ ਕੰਮ ਚਾਹੀਦਾ ਹੈ ਕੰਮ ਦੀ ਭਾਲ ਵਾਲਾ ਕਹਿੰਦਾ ਹਾਂ ਜੀ। ਭੱਦਰ ਪੁਰਸ਼ ਕਹਿੰਦਾ ਮੇਰੇ ਘੱਰ ਚੱਲ ਤੈਨੂੰ ਕੰਮ ਦਸਾਂ। ਘਰ ਪਹੁੰਚ ਕੇ ਕਾਮਾ ਕੰਮ ਪੁਛਦਾ, ਜੀ ਕੀ ਕੰਮ ਕਰਨਾ ਪਵੇਗਾ ਤੇ ਤਨਖਾਹ ਕੀ ਦੇਵੋਗੇ? ਤਾਂ ਮਾਲਕ ਕਹਿੰਦਾ ਮਿਤਰਾ ਤਨਖਾਹ ਨਹੀਂ ਮਿਲੇਗੀ, ਪਰ ਰੋਟੀ ਤਿੰਨੇ ਟਾਈਮ ਮਿਲੇਗੀ, ਤੇ ਕੰਮ ਸੁਣ ਲੈ ਤਿੰਨੇ ਟਾਈਮ ਗੁਰਦਵਾਰੇ ਜਾਣਾ, ਆਪਣੇ ਵਾਸਤੇ ਲੰਗਰ ਛੱਕ ਆਉਣਾ ਤੇ ਮੇਰੇ ਲਈ ਆਉਂਦੇ ਹੋਏ ਲਈ ਆਉਣਾ ਹੋਰ ਕੋਈ ਕੰਮ ਨਹੀਂ। ਇਸ ਤਰਾਂ ਦਾ ਸਾਹਿਬ ਕਿਸੇ ਦਾ ਕੀ ਸਵਾਰੇਗਾ। ਗੁਰੂ ਰਾਮਦਾਸ ਜੀ ਨੇ ਗਾਉੜੀ ਦੀ ਵਾਰ ਪੰਨਾਂ 306 'ਤੇ ਬਹੁਤ ਵਧੀਆ ਲਿਖਿਆ ਹੈ।

ਸਾਹਿਬੁ ਜਿਸ ਕਾ ਨੰਗਾ ਭੁਖਾ ਹੋਵੈ ਤਿਸ ਦਾ ਨਫਰੁ ਕਿਥਹੁ ਰਜਿ ਖਾਇ ॥
ਜਿ ਸਾਹਿਬ ਕੈ ਘਰਿ ਵਥੁ ਹੋਵੈ ਸੁ ਨਫਰੈ ਹਥਿ ਆਵੈ ਅਣਹੋਦੀ ਕਿਥਹੁ ਪਾਏ ॥

ਪ੍ਰਭੂ ਪਰਮਾਤਮਾ ਸਾਹਿਬ ਦੇ ਘੱਰ ਸੱਭ ਕੁਛ ਹੈ, ਉਸ ਨੇ ਤਾਂ ਇਹ ਹੁਕਮ ਦੇ ਦਿਤਾ ਹੋਇਆ ਹੈ ਕਿ ਮੇਰਾ ਇਹ ਬੱਚਾ ਜੋ ਭੀ ਮੰਗੇ ਉਹੋ ਕੁਝ ਇਸ ਨੂੰ ਦੇ ਦੇਣਾ।

ਪਿਤਾ ਕ੍ਰਿਪਾਲ ਆਗਿਆ ਇਹ ਦੀਨੀ ਬਾਰਿਕ ਮੁਖ ਮਾਂਗੈ ਸੋ ਦੇਨਾ॥
ਨਾਨਕ ਬਾਰਿਕੁ ਦਰਸੁ ਪ੍ਰਭ ਚਾਹੈ ਮੋਹਿ ਹ੍ਰਿਦੈ ਬਸਹਿ ਨਿਤ ਚਰਨਾ ॥
ਮਲਾਰ ਮ: 5॥ ਪੰਨਾਂ 1226

ਅਜੋਕੇ ਸਮੇਂ ਅਸੀਂ ਵੇਖਦੇ ਹਾਂ ਕਿ ਇਤਨੇ ਸਾਹਿਬ ਹਨ, ਜਿਨ੍ਹਾਂ ਦੀ ਗਿਣਤੀ ਨਹੀਂ ਕੀਤੀ ਜਾ ਸਕਦੀ ਅਤੇ ਹੋਰ ਸਾਹਿਬ ਉਤਪੰਨ ਹੋ ਰਹੇ ਹਨ। ਛੰਨ ਸਾਹਿਬ, ਨਲਕਾ ਸਾਹਿਬ, ਜੰਡੀ ਸਾਹਿਬ, ਵੇਈਂ ਸਾਹਿਬ, ਇਹ ਸੱਭ ਕੁੱਝ ਇਸੇ ਕਰਕੇ ਹੀ ਪ੍ਰਚਲਤ ਹੋਇਆ ਕਿ ਸਾਨੂੰ "ਸਾਹਿਬ" ਦੇ ਅਰਥ ਹੀ ਨਹੀਂ ਆਏ। ਕਿਨਾਂ ਚੰਗਾਂ ਹੋਵੇ ਕਿ ਅਸੀਂ ਦੇਹ ਪੂਜਾ ਛੱਡ ਕੇ ਸ਼ਬਦ ਦੇ ਪੁਜਾਰੀ ਬਣੀਏ। ਜਿਸ ਦਿਨ ਗੁਰਬਾਣੀ ਦੀ ਰੌਸ਼ਨੀ ਵਿੱਚ ਮਨੁੱਖ ਜਾਗ ਪਵੇਗਾ, ਉਸ ਦਿਨ ਅਗਿਆਨਤਾ ਦੀ ਧੁੰਧ ਮਿਟ ਜਾਵੇਗੀ ਅਤੇ ਸੱਚ ਦੇ ਸੂਰਜ ਦਾ ਪ੍ਰਕਾਸ਼ ਹੋ ਜਾਵੇਗਾ।

ਪਰਕਰਣ ਲਿਖਿਆ 18 ਜਨਵਰੀ 2017 ਦਿਨ ਬੁਧਵਾਰ


ਜੇ ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ।


ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org  and cannot be held responsible for their views.  Read full details....

Go to Top