Share on Facebook

Main News Page

ਗੁਰਬਾਣੀ ਵਿੱਚ "ਆਈ" ਸ਼ਬਦ ਦੀ ਸਮੀਖਿਆ
-: ਦਲੇਰ ਸਿੰਘ ਜੋਸ਼

ਗੁਰਬਾਣੀ ਸ਼ਬਦ ਦੀ ਫੁਲਵਾੜੀ ਵਿੱਚੋ ਇਕ ਫੁਲ ਪਰਾਪਤ ਹੋਇਆ ਜਿਸਦਾ ਨਾਮ ਹੈ "ਆਈ"

"ਆਈ" ਸ਼ਬਦ ਜਿਵੇ ਕਿਸੇ ਆਉਣ ਵਾਸਤੇ ਵਰਤਦੇ ਹਾਂ ਜਿਵੇਂ "ਸੁਰਜੀਤ ਮੇਰੇ ਕੋਲ ਆਈ।" "ਆਈ" ਸ਼ਬਦ ਜਿਥੇ ਆਉਣ ਵਾਸਤੇ ਅਰਥ ਦੇਂਦਾ ਹੈ, ਉਥੇ ਜਾਣ ਵਾਸਤੇ ਭੀ ਵਰਤਿਆ ਜਾਂਦਾ ਹੈ, ਜਿਵੇਂ ਮਾਂ ਦੀ ਆਵਾਜ਼ ਮਾਰਨ 'ਤੇ ਸੁਰਜੀਤ ਕਹਿ ਰਹੀ ਸੀ, ਮਾਂ ਜੀ ਮੈ ਆਈ, ਮਾਂ ਕੋਲ ਜਾਣ ਵਾਸਤੇ। ਜਿਥੇ ਇਹ ਸ਼ਬਦ ਆਉਣ ਅਤੇ ਜਾਣ ਲਈ ਅਰਥ ਦੇ ਰਿਹਾ ਹੈ, ਉਵੇਂ ਇਸਦਾ ਅਰਥ ਪਹੁੰਚਨ ਵਾਸਤੇ ਭੀ ਵਰਤਿਆ ਜਾਂਦਾ ਹੈ, ਜਿਵੇਂ ਸੁਰਜੀਤ ਨੂੰ ਪੁਛਿਆ ਗਿਆ ਤੂੰ ਕਦੋਂ ਆਈ ਹੈਂ, ਕਹਿ ਰਹੀ ਸੀ ਮੈਂ ਹੁਣੇ ਹੀ ਆਈ ਹਾਂ। ਭਾਵ ਹੁਣੇ ਹੀ ਪਹੁੰਚੀ ਹਾਂ। ਇਸ ਤਰ੍ਹਾਂ ਇਸਦੇ ਇਹ ਤਿੰਨ ਅਰਥ ਬਣ ਗਏ, ਪਰ ਇਹੋ ਹੀ ਇਸਦੇ ਅਰਥ ਨਹੀਂ ਹੋਰ ਭੀ ਬਹੁਤ ਸਾਰੇ ਇਸਦੇ ਅਰਥਾਂ ਨਾਲ ਆਪ ਜੀ ਦੀ ਸਾਂਝ ਪੁਆਵਾਂਗੇ। "ਆਈ" ਸ਼ਬਦ ਉਮਰ ਦੇ ਅਰਥਾਂ ਵਿੱਚ ਭੀ ਵਰਤਿਆ ਜਾਂਦਾ ਹੈ।

ਸਿੰਧੀ ਲੋਕ ਅਪਣੀ ਮਾਂ ਨੂੰ "ਆਈ" ਕਹਿ ਕੇ ਬੁਲਾਦੇ ਹਨ।

ਰਾਜਪੁਤਾਨੇ ਦੇ ਲੋਕ ਇਕ ਮਾਤਾ ਦੇਵੀ ਦੀ ਪੂਜਾ ਕਰਦੇ ਹਨ, ਜਿਸਨੂੰ "ਆਈ ਮਾਤਾ" ਕਹਿ ਕੇ ਪੂਜਿਆ ਜਾਂਦਾ ਹੈ। ਅਸਲ ਵਿੱਚ ਇਹ ਨਾਮ ਦੁਰਗਾ ਮਾਤਾ ਦਾ ਹੀ "ਆਈ ਮਾਤਾ" ਹੈ। ਇਸ ਨਾਮ ਦਾ ਮੰਦਰ ਬੈਭਿਲਰਾ ਨਗਰ ਵਿੱਚ ਹੈ ਜੋ ਰਾਜਪੁਤਾਨੇ ਵਿੱਚ ਸਥਿਤ ਹੈ।

ਇਸ ਸ਼ਬਦ ਨੂੰ ਭੂਤਕਾਲ ਤੇ ਵਰਤਮਾਨ ਕਾਲ ਵਿੱਚ ਭੀ ਵਰਤ ਲਿਆ ਜਾਂਦਾ ਹੈ। ਸੁਰਿਦੰਰ ਕੱਲ ਆਈ ਸੀ, ਭੁਪਿੰਦਰ ਅੱਜ ਆਈ ਹੈ।

"ਆਈ" ਦਾ ਅਰਥ ਵਿਪਦਾ ਭੀ ਮੰਨਿਆ ਜਾਂਦਾ ਹੈ, ਜਿਸਨੂੰ ਮੁਸੀਬਤ ਕਹਿੰਦੇ ਹਨ।

ਹਾਥੀ ਦੇ ਬੰਨਣ ਵਾਲਾ ਰੱਸਾ ਜਿਸਨੂੰ ਡਿੰਗ ਕਹਿੰਦੇ ਹਨ, ਉਸਨੂੰ "ਆਈ" ਭੀ ਕਹਿੰਦੇ ਹਨ।

ਜੋਗੀਆਂ ਦੇ ਬਾਰ੍ਹਾਂ ਪੰਥਾਂ ਵਿਚੋਂ ਇਕ "ਆਈ ਪੰਥ" ਹੈ। ਮਾਇਆ ਦਾ ਨਾਮ ਭੀ "ਆਈ" ਹੈ, ਜੋ ਆਪ ਜੀ ਗੁਰਬਾਣੀ ਵਿਚੋਂ ਪੜੋਗੇ। "ਆਈ" ਸ਼ਬਦ ਮੌਤ ਦਾ ਨਾਮ ਭੀ ਹੈ।

"ਆਈ" ਅੰਗਰੇਜ਼ੀ Alphabet ਦਾ ਨੌਵਾਂ ਸ਼ਬਦ ਹੈ।

ਹੁਣ ਅਸੀਂ ਗੁਰਬਾਣੀ ਅੰਦਰ ਆਈ ਸ਼ਬਦ ਦੇ ਦਰਸ਼ਨ ਕਰਾਂਗੇ।

ਯੋਗੀਆਂ ਦੇ ਫਿਰਕੇ ਦੇ ਸਬੰਧ ਵਿੱਚ :

ਆਈ ਪੰਥੀ ਸਗਲ ਜਮਾਤੀ ਮਨਿ ਜੀਤੈ ਜਗੁ ਜੀਤੁ ॥ ਜਪੁ ॥ਪੰਨਾਂ 6

ਜੋਗੀਆਂ ਦੇ 12 ਫਿਰਕੇ ਹਨ ਉਹਨਾਂ ਵਿਚੋਂ ਸੱਭ ਤੋਂ ਉਚਾ "ਆਈ ਪੰਥ" ਹੈ ।
ਜੋ ਮਨੁੱਖ ਸਾਰੀ ਸ਼੍ਰਿਸ਼ਟੀ ਦੇ ਜੀਵਾਂ ਨੂੰ ਅਪਣੇ ਸੱਜਣ ਮਿਤਰ ਸਮਝਦਾ ਹੈ ਅਸਲ ਵਿੱਚ ਉਹ ਆਈ ਪੰਥ ਵਾਲਾ ਹੈ। ਜੇ ਆਪਣਾ ਮਨ ਜਿਤਿਆ ਜਾਏ ਤਾਂ, ਸਾਰਾ ਜਗ ਹੀ ਜਿਤਿਆ ਜਾਂਦਾ ਹੈ। ਤਾਂ ਜਗਤ ਦੀ ਮਾਇਆ ਪਰਮਾਤਮਾ ਤੋਂ ਵਿਛੋੜ ਨਹੀਂ ਸਕਦੀ।

ਆ ਗਈ ਜਾਂ ਆਕੇ ਦੇ ਸਬੰਧ ਵਿੱਚ :

ਸੁਣਿ ਗਲਾ ਆਕਾਸ ਕੀ ਕੀਟਾ ਆਈ ਰੀਸ॥ ਜਪੁ ॥ਪੰਨਾਂ 7
ਅਕਾਸ਼ ਦੀਆਂ ਗੱਲਾਂ ਸੁਣ ਕੇ ਕੀੜਿਆਂ ਨੂੰ ਭੀ ਰੀਸ ਆ ਗਈ ਹੈ, ਕਿ ਅਸੀਂ ਭੀ ਅਕਾਸ਼ 'ਤੇ ਅੱਪੜ ਜਾਈਏ।

ਹਰਿ ਜੀ ਅਚਿੰਤ ਵਸੈ ਮਨਿ ਆਈ ॥ ਮਾਝ ਮ: 3 ॥ ਪੰਨਾਂ 114
ਉਹ ਅਕਾਲਪੁਰਖ ਜਿਸਦੇ ਮਨ ਵਿੱਚ ਆ ਵਸਦਾ ਹੈ, ਉਸਨੂੰ ਦੁਨੀਆ ਵਾਲੀ ਕੋਈ ਚਿੰਤਾਂ ਪੋਹ ਨਹੀਂ ਸਕਦੀ ।

ਪੜਿ ਪੜਿ ਥਾਕੇ ਸਾਂਤਿ ਨ ਆਈ ॥ ਮਾਝ ਮ:3 ॥ਪੰਨਾਂ 119
ਪਰਮਾਤਮਾ ਦਾ ਅੰਤ ਪਾਣ ਵਾਸਤੇ ਅਨੇਕਾਂ ਪੁਸਤਕਾਂ ਪੜ੍ਹ ਪੜ੍ਹ ਕੇ ਵਿਦਵਾਨ ਲੋਕ ਥੱਕ ਗਏ ਪਰ ਪ੍ਰਭੂ ਦਾ ਸਰੂਪ ਸਮਝ ਨਾ ਸਕੇ ਅਤੇ ਆਤਮਿਕ ਅਡੋਲਤਾ ਭੀ ਨਾ ਆਈ

ਚਉਥੈ ਆਈ ਊਂਘ ਅੱਖੀ ਮੀਟਿ ਪਵਾਰਿ ਗਇਆ ॥ ਮਾਝ ਮ: 1 ॥ ਪੰਨਾਂ 145
ਚਉਥੇ ਪਹਰ ਨੀਂਦ ਆ ਦਬਾਦੀ ਹੈ ਅੱਖਾਂ ਮੀਟ ਕੇ ਘੂਕ ਨੀਂਦ ਵਿੱਚ ਸੋ ਜਾਂਦਾ ਹੈ।

ਗੁਰ ਪਰਸਾਦਿ ਵਸੈ ਮਨਿ ਆਈ ॥ ਆਸਾ ਮ:1 ॥ਪੰਨਾਂ 349
ਗੁਰੂ ਦੀ ਕਿਰਪਾ ਨਾਲ ਪ੍ਰਭੂ ਜਿਸਦੇ ਮਨ ਵਿੱਚ ਆ ਵਸਦਾ ਹੈ।

ਜੋ ਆਇਆ ਸੋ ਚਲਸੀ ਸਭ ਕੋ ਆਈ ਵਾਰੀਐ ॥ ਆਸਾ ਮ: 1 ॥ ਪੰਨਾਂ 473
ਜੋ ਸੰਸਾਰ ਵਿੱਚ ਜਨਮ ਲੈ ਕੇ ਆਇਆ ਹੈ ,ਇਹ ਮੌਤ ਦੀ ਵਾਰੀ ਸੱਭ ਨੂੰ ਆੳਣ ਵਾਲੀ ਹੈ।

ਮਾਇਆ ਦੇ ਰੂਪ ਵਿਚ ਅਰਥ :

ਆਈ ਪੂਤਾ ਇਹ ਜਗੁ ਸਾਰਾ ॥ ਬਿਲਾਵਲ ਮ: 1 ਪੰਨਾਂ 838
ਉਹ ਪ੍ਰਭ ਸਾਰੇ ਜਗਤ ਦਾ ਪਿਤਾ ਹੈ ਤੇ ਉਸਦੀ ਪੈਦਾ ਕੀਤੀ ਮਾਇਆ ਸਾਰੇ ਜਗਤ ਦੀ ਮਾਤਾ ਹੈ ਇਹ ਜਗ ਸਾਰਾ ਮਾਇਆ ਰੂਪੀ ਮਾਂ ਦਾ ਪੈਦਾ ਕੀਤਾ ਹੋਇਆ ਪੁਤਰ ਹੈ।

ਆਈ ਨ ਮੇਟਣ ਕੋ ਸਮਰਥੁ ॥ਰਾਮਕਲੀ ਦਖਣੀ ॥ ਪੰਨਾਂ 929
ਮਾਇਆ ਦੀ ਤ੍ਰਿਸ਼ਨਾ ਨੂੰ ਮਿਟਾਣ ਵਾਲਾ ਕੋਈ ਨਹੀਂ।

ਲੋਕਾਈ ਦੇ ਰੂਪ ਵਿੱਚ :
ਨਾਵੈ ਨੋ ਲੋਚੈ ਜੇਤੀ ਸਭ ਆਈ ॥ ਮਾਰੂ ਮ: 3 ॥ ਪੰਨਾਂ 1063
ਜਿਤਨ ਭੀ ਲੋਕਾਈ ਜਗਤ ਵਿੱਚ ਪੈਦਾ ਹੁੰਦੀ ਹੈ, ਉਹ ਸਾਰੀ ਦੀ ਸਾਰੀ ਪਰਮਾਤਮਾ ਦਾ ਨਾਮ ਪ੍ਰਾਪਤ ਕਰਨ ਦੀ ਤਾਂਘ ਕਰਦੀ ਹੈ।

ਦੁਲਭ ਦੇਹ ਆਈ ਪਰਵਾਨੁ ॥ ਭੈਰਉ ਮ: 5 ॥ ਪੰਨਾਂ 1147
ਪਰਮਾਤਮਾ ਦਾ ਨਾਮ ਸਦਾ ਜੱਪ ਕੇ ਉਸ ਦਾ ਇਹ ਸਰੀਰ ਲੋਕ ਪਰਲੋਕ ਵਿੱਚ ਕਬੂਲ ਹੋ ਜਾਂਦਾ ਹੈ।

ਪ੍ਰਕਰਣ ਲਿਖਿਆ 27 ਅਕਤੂਬਰ 2016 ਦਿਨ ਵੀਰਵਾਰ


ਜੇ ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ।


ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org  and cannot be held responsible for their views.  Read full details....

Go to Top