Share on Facebook

Main News Page

ਪੁਜਾਰੀਆਂ ਕੋਲੋਂ ਮੇਰੇ ਖ਼ਿਲਾਫ਼ ਕਾਰਵਾਈ ਕਰਨ ਦੇ ਡਰਾਮੇ ਦੀ ਸਾਜ਼ਿਸ਼ ਹਰਨਾਮ ਸਿੰਘ ਧੁੰਮਾ ਨੇ ਰਚੀ
-: ਡਾ. ਹਰਜਿੰਦਰ ਸਿੰਘ ਦਿਲਗੀਰ

ਭਾਵੇਂ ਸਿੱਖ ਹਿਸਰੀ ਰੀਸਰਚ ਬੋਰਡ ਦੇ ਡਾਇਰੈਕਟਰ ਦੇ ਅਹੁਦੇ ਤੋਂ ਅਸਤੀਫ਼ਾ ਦਿੱਤੇ ਨੂੰ ਮੈਨੂੰ ਸਾਢੇ ਸੋਲਾਂ ਸਾਲ ਹੋ ਗਏ ਹਨ, ਪਰ ਇਸ ਦੇ ਬਾਵਜੂਦ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਤਕਰੀਬਨ ਸਾਰੇ ਸਿਰਕਰਦਾ ਮੁਲਾਜ਼ਮਾਂ ਅਤੇ ਉਥੋਂ ਦੀ ਕੁਰਪਸ਼ਨ ਤੋਂ ਦੁਖੀ ਸੇਵਾਦਾਰਾਂ ਦਾ ਮੇਰੇ ਨਾਲ ਰਾਬਤਾ ਬ-ਦਸਤੂਰ ਬਣਿਆ ਹੋਇਆ ਹੈ ਤੇ ਉਹ ਮੈਂਨੂੰ ਹਰ ਵੱਡੀ ਹੇਰਾਫੇਰੀ ਅਤੇ ਫ਼ਰਾਡ ਦੀ ਖ਼ਬਰ ਦੇਂਦੇ ਰਹਿੰਦੇ ਹਨ। ਅੱਜ ਤੜਕੇ ਹੀ ਉਹਨਾਂ ਵਿਚੋਂ ਇਕ ਦਾ ਮੈਸਜ ਆਇਆ ਕਿ ਮੈਂ ਉਸ ਨੂੰ ਫ਼ੋਨ ਕਰਾਂ। ਉਥੇ ਸਵੇਰ ਦੇ ਸਾਢੇ ਸੱਤ ਵੱਜੇ ਸਨ ਤੇ ਡੇਢ ਘੰਟੇ ਮਗਰੋਂ ਉਸ ਨੇ ਦਫ਼ਤਰ ਜਾਣਾ ਸੀ। ਉਸ ਵੇਲੇ ਇੱਥੇ ਇੰਗਲੈਂਡ ਵਿਚ ਦੋ ਵੱਜੇ ਸਨ। ਖ਼ੈਰ ਮੈਂ ਉਠ ਕੇ ਚਾਹ ਬਣਾਈ ਤੇ ਉਸ ਮਗਰੋਂ ਫ਼ੋਨ ਕੀਤਾ। ਉਸ ਨੇ ਜੋ ਰਾਜ਼ ਖੋਲ੍ਹਿਆ ਉਸ ਨਾਲ ਅਕਾਲ ਬੁੰਗਾ ਦੇ ਪੁਜਾਰੀਆਂ ਤੋਂ ਮੇਰੇ ਖ਼ਿਲਾਫ਼ ਐਕਸ਼ਨ ਕਰਵਾਉਣ ਦੀ ਸਾਜ਼ਿਸ਼ ਦਾ ਪਰਦਾ ਹਟ ਗਿਆ।

ਉਸ ਨੇ ਦੱਸਿਆ ਕਿ ਇਹ ਹਰਕਤ 30 ਦਸੰਬਰ ਨੂੰ ਨਹੀਂ ਕੀਤੀ ਗਈ ਸੀ। ਪਹਿਲਾਂ ਦੋ ਵਾਰ ਇਸ ਬਾਰੇ ਗੱਲ ਚੱਲੀ ਸੀ। ਇਕ ਤਾਂ ਉਦੋਂ ਜਦੋਂ ਮੈਂ ‘ਦਮਦਮੀ ਟਕਸਾਲ ਤੇ ਹੋਰ ਲੇਖ’ ਕਿਤਾਬ ਛਾਪੀ ਸੀ। ਉਸ ਵਿਚ ਮੈਂ ਰਾਜ਼ ਖੋਲ੍ਹਿਆ ਸੀ ਕਿ ਅਖੌਤੀ ਦਮਦਮੀ ਟਕਸਾਲ ਨਾਂ ਦੀ ਕੋਈ ਜਮਾਤ ਨਹੀਂ ਤੇ ਇਸ ਦਾ ਡਰਾਮਾ 1977 ਵਿਚ ਗਿਆਨੀ ਕਰਤਾਰ ਸਿੰਘ ਭਿੰਡਰਾਂ ਨੇ ਸ਼ੁਰੂ ਕੀਤਾ ਸੀ। ਇਹ ਟਕਸਾਲ ਅਸਲ ਵਿਚ ਭਿੰਡਰਾਂ-ਮਹਿਤਾ ਜੱਥਾ ਉਰਫ਼ ਡੇਰਾ ਹੈ। ਮੈਂ ਇਹ ਵੀ ਲਿਖਿਆ ਸੀ ਕਿ ਧੁੰਮਾ ਨੂੰ ਜ਼ਾਲਮ ਪੁਲਸ ਅਫ਼ਸਰ ਕੇ.ਪੀ. ਗਿੱਲ ਨੇ ਹੀ ਡੇਰੇ ਦਾ ਮੁਖੀ ਬਣਾ ਕੇ ਅਮਰੀਕਾ ਤੋਂ ਲਿਆਂਦਾ ਸੀ।

ਧੁੰਮੇ ਨੇ ਉਦੋਂ ਵੀ ਅਵਤਾਰ ਸਿੰਘ ਮੱਕੜ ਰਾਹੀਂ ਕੋਈ ਬਹਾਨਾ ਬਣਾ ਕੇ ਮੈਨੂੰ ਤਲਬ ਕਰਵਾਉਣ ਦੀ ਕੋਸ਼ਿਸ਼ ਕੀਤੀ ਸੀ। ਸ਼੍ਰੋਮਣੀ ਕਮੇਟੀ ਨੇ ਇਸ ਕਿਤਾਬ ਦੀਆਂ ਪੰਜ ਕਾਪੀਆਂ ਵੀ ਖ਼ਰੀਦੀਆਂ ਸਨ ਤੇ ਇਸ ਦਾ ਬਿਲ ਵੀ, ਕਮੇਟੀ ਵੱਲੋਂ, ਕਾਗ਼ਜ਼ਾਂ ਵਿਚ ਅਦਾ ਕੀਤਾ ਸੀ। ਪਰ ਉਦੋਂ ਇਕ ਸਕੱਤਰ, ਜੋ ਮੱਕੜ ਦੇ ਬਹੁਤ ਨੇੜੇ ਸੀ ਨੇ ਮੈਨੂੰ ਦਸ ਦਿੱਤਾ ਤੇ ਮੈਂ ਉਸ ਨੂੰ ਸਮਝਾ ਦਿੱਤਾ ਸੀ ਕਿ ਮੈਂ ਤਾਂ ਪੇਸ਼ ਹੋਣਾ ਨਹੀਂ, ਅਤੇ ਇਸ ਦੇ ਜਵਾਬ ਵਿਚ ਮੈਂ ਜੋ ਕਰਾਂਗਾ ਉਸ ਦੀ ਰੂਪ ਰੇਖਾ ਵੀ ਦਸ ਦਿੱਤੀ ਸੀ। ਉਧਰ ਗੁਰਬਚਨ ਸਿੰਘ ਨੇ ਵੀ ਧੁੰਮੇ ਨੂੰ ਸਮਝਾ ਦਿੱਤਾ ਸੀ ਕਿ ਇਸ ਨਾਲ ਕੋਈ ਲਾਭ ਨਹੀਂ ਹੋਣਾ ਸਗੋਂ ਉਲਟਾ ਸਾਡਾ ਹੀ ਨੁਕਸਾਨ ਹੈ। ਖ਼ੈਰ ਉਦੋਂ ਐਕਸ਼ਨ ਤਾਂ ਰੁਕ ਗਿਆ ਪਰ ਧੁੰਮੇ ਨੇ ਰੜਕ ਨਾ ਛੱਡੀ। ਉਸ ਨੇ ਆਪਣੇ ਬੰਦਿਆਂ ਰਾਹੀਂ ਦੁਕਾਨਦਾਰਾਂ ਨੂੰ ਦੁਕਾਨਾਂ ਸਾੜ ਦੇਣ ਦੀਆਂ ਧਮਕੀਆਂ ਦੇ ਕੇ ਉਹ ਕਿਤਾਬ ਵੇਚਣ ਤੋਂ ਰੋਕ ਦਿੱਤਾ (ਜੋ ਅੱਜ ਵੀ ਕਾਇਮ ਹੈ)।

ਫਿਰ ਜਦ ਧੁੰਮੇ ਨੇ ‘ਛਬੀਲ’ ਲਾ ਕੇ ਭਾਈ ਰਣਜੀਤ ਸਿੰਘ ਢਡਰੀਆਂ ਵਾਲਾ ਨੂੰ ਮਾਰਨ ਦੀ ਕੋਸ਼ਿਸ਼ ਕੀਤੀ ਤਾਂ ਇਸ ਦੇ ਜਵਾਬ ਵਿਚ ਮੈਂ ਦੋ ਵੀਡੀਓ ਜਾਰੀ ਕੀਤੀਆਂ ਜਿਨ੍ਹਾਂ ਵਿਚੋਂ ਇਕ ਵਿਚ ਉਸ ਹਮਲੇ ਵਿਚ ਧੁੰਮਾ ਤੇ ਪੰਜਾਬ ਸਰਕਾਰ ਦੀ ਸ਼ਮੂਲੀਅਤ ਨੂੰ ਨੰਗਾ ਕੀਤਾ ਸੀ ਤੇ ਦੂਜਾ ਅਖੌਤੀ ਦਮਦਮੀ ਟਕਸਾਲ ਦਾ ਅਸਲ ਇਤਿਹਾਸ ਵਾਲੀ ਸੀ। ਇਸ ਵਾਰ ਵੀ ਧੁੰਮੇ ਨੇ ਕੋਸ਼ਿਸ਼ ਕੀਤੀ ਕਿ ਗੁਰਬਚਨ ਸਿੰਘ ਕੋਲੋਂ ਕੋਈ ਐਕਸ਼ਨ ਕਰਵਾ ਦਿੱਤਾ ਜਾਵੇ। ਪਰ ਉਸ ਨੇ ਸਮਝਾਇਆ ਕਿ ਇਸ ਵਾਰ ਵੀ ਦਲੀਲ ਉਸੇ ਕਿਤਾਬ ਵਾਲੀ ਹੀ ਹੈ ਤੇ ਨਾਲੇ ਦਿਲਗੀਰ ਵੱਲੋਂ ਢਡਰੀਆਂ ਵਾਲੇ ਦੀ ਹਿਮਾਇਤ ਕਰਨਾ ਵੀ ਸਾਡੇ ਖ਼ਿਲਾਫ਼ ਜਾਵੇਗਾ। ਸੋ ਉਦੋਂ ਵੀ ਕੋਈ ਐਕਸ਼ਨ ਹੋਣੋਂ ਰੁਕ ਗਿਆ।

ਸ਼੍ਰੋਮਣੀ ਕਮੇਟੀ ਦੇ ਇਸ ਸੀਨੀਅਰ ਅਧਿਕਾਰੀ ਨੇ ਮੈਨੂੰ ਦੱਸਿਆ ਕਿ ਹੁਣ ਵਾਲੀ ਸਾਜ਼ਿਸ਼ 29 ਦਸੰਬਰ ਨੂੰ ਘੜੀ ਗਈ ਸੀ। ਇਸ ਵਾਰ ਇੰਗਲੈਂਡ ਵਿਚ ਮਿਡਲੈਂਡ ਇਲਾਕੇ ਵਿਚ ਇਕ ‘ਦਸਮਗ੍ਰੰਥੀ ਗੁਰਦੁਆਰੇ’ ਦੇ ਇਕ ਸੀਨੀਅਰ ਚੌਧਰੀ ਨੇ ਧੁੰਮੇ ਨੂੰ ਕਿਹਾ ਕਿ ਦਿਲਗੀਰ ਦੀ ਇਕ ਵੀਡੀਓ ਦੇ ਸਬੰਧ ਵਿਚ ਦਿਲਗੀਰ ਦੇ ਵਿਰੁੱਧ ਮੈਂ ਇਥੇ ਪੈਸੇ ਦੇ ਕੇ ਖ਼ਬਰ ਲੁਆ ਦੇਂਦਾ ਹਾਂ ਤੇ ਤੁਸੀਂ ਬਡੂੰਗਰ ਤੇ ਗੁਰਬਚਨ ਸਿੰਘ ਰਾਹੀਂ ਐਕਸ਼ਨ ਕਰਵਾ ਲਓ।

ਸੋ, ਉਸ ਦਿਨ ਇਕ ਅਖ਼ਬਾਰ ਦੇ ਪਤਰਪ੍ਰੇਰਕ (ਜੋ ਪਹਿਲਾਂ ਵੀ ਪੈਸੇ ਲੈ ਕੇ ਖ਼ਬਰਾਂ ਛਾਪਣ ਵਾਸਤੇ ਚਰਚਿਤ ਹੈ) ਰਾਹੀਂ ਅਗਲੇ ਦਿਨ 30 ਦਸੰਬਰ ਨੂੰ ਇਕ ਅਖ਼ਬਾਰ ਵਿਚ ਮੇਰੇ ਵਿਰੁੱਧ ਖ਼ਬਰ ਲੁਆ ਦਿੱਤੀ ਕਿ ਦਿਲਗੀਰ ਨੇ ਆਪਣੀ ਵੀਡਓ ਵਿਚ ਗੰਗੂ ਬ੍ਰਾਹਮਣ ਨੂੰ ਨਿਰਦੋਸ਼ ਸਾਬਿਤ ਕੀਤਾ ਹੈ ਤੇ ਮੋਤੀ ਰਾਮ ਮਹਿਰਾ ਨੂੰ ਕਲਪਿਤ ਪਾਤਰ ਕਿਹਾ ਹੈ। ਕਿਸੇ ਹੋਰ ਅਖ਼ਬਾਰ ਨੇ ਇਹ ਖ਼ਬਰ ਨਹੀਂ ਛਾਪੀ। ਉਸੇ ਦਿਨ ਦੋ ਘੰਟੇ ਬਾਅਦ ਹੀ ਸ਼੍ਰੋਮਣੀ ਕਮੇਟੀ ਨੇ ਗੁਰਬਚਨ ਸਿੰਘ ਨੂੰ ਦਿਲਗੀਰ ਤੇ ਕਾਰਵਾਈ ਕਰਨ ਲਈ ਚਿੱਠੀ ਵੀ ਲਿਖ ਦਿੱਤੀ ਤੇ ਨਾਲ ਹੀ ਵੈਬਸਾਈਟ 'ਤੇ ਵੀ ਪਾ ਦਿੱਤਾ ਤੇ ਨਾਲ ਹੀ ਪਲਾਂ ਵਿਚ ਹੀ ਗੁਰਬਚਨ ਸਿੰਘ ਦਾ ਬਿਆਨ ਵੀ ਆ ਗਿਆ ਕਿ ਅਸੀਂ ਇਸ ਨੂੰ ਅਗਲੀ ਮੀਟਿੰਗ ਵਿਚ ਵਿਚਾਰਾਂਗੇ। ਇਹ ਸਾਰੀਆਂ ਤਿੰਨੇ ਕਾਰਵਾਈਆਂ ਸਿਰਫ਼ 2 ਘੰਟੇ ਵਿਚ ਮੁਕਮੰਲ ਕੀਤੀਆਂ ਗਈਆਂ।


ਜੇ ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ।


ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org  and cannot be held responsible for their views.  Read full details....

Go to Top