Share on Facebook

Main News Page

ਧੋਖੇ ਨਾਲ ਗੁਰੂ ਸਾਹਿਬ ਦੇ ਨਾਮ ਨਾਲ ਜੋੜੀ ਗਈ ਇਹ ਰਚਨਾ "ਮਿਤ੍ਰ ਪਿਆਰੇ ਨੂੰ ਹਾਲ ਮੁਰੀਦਾਂ ਦਾ ਕਹਿਣਾ॥"
-: ਪ੍ਰੋ. ਕਸ਼ਮੀਰਾ ਸਿੰਘ ਯੂ.ਐਸ.ਏ.

ਦਸੰਬਰ ਮਹੀਨੇ ਵਿੱਚ ਵਿੱਚ ਗੁਰਦੁਆਰਿਆਂ ਵਿੱਚ ਜੰਗ ਚਮਕੌਰ ਅਤੇ ਸਰਹੰਦ ਦੀ ਗੱਲ ਚੱਲ ਰਹੀ ਹੈ। ਸਾਹਿਬਜ਼ਾਦਿਆਂ ਅਤੇ ਹੋਰ ਸਿੰਘਾਂ ਦੀਆਂ ਸਿੱਖੀ ਲਈ ਦਿੱਤੀਆਂ ਸ਼ਹੀਦੀਆਂ ਦੀ ਮਹਾਨਤਾ ਪ੍ਰਗਟ ਕੀਤੀ ਜਾ ਰਹੀ ਹੈ ਜੋ ਚੰਗੀ ਗੱਲ ਹੈ । ਕੌਮ ਨੂੰ ਆਪਣਾ ਇਤਿਹਾਸ ਨਹੀਂ ਭੁੱਲਣਾ ਚਾਹੀਦਾ। ਇਹ ਵੀ ਸੁਣਨ ਅਤੇ ਦੇਖਣ ਵਿੱਚ ਆਇਆ ਹੈ ਕਿ ਦਸਵੇਂ ਗੁਰੂ ਜੀ ਵਲੋਂ ਮਾਛੀਵਾੜੇ ਦੇ ਇੱਕ ਬਾਗ਼ ਵਿੱਚ ਜਾ ਕੇ ਆਰਾਮ ਕਰਨ ਦੀ ਘਟਨਾ ਨੂੰ ਗੁਰੂ ਜੀ ਦੇ ਮਨ ਦੀ ਢਹਿੰਦੀ ਕਲਾ ਵਜੋਂ ਬਿਆਨ ਕੀਤਾ ਜਾ ਰਿਹਾ ਹੈ।

ਬਿਆਨ ਵਜੋਂ ਇੱਕ ਗੀਤ ਇਤਿਹਾਸਕ ਅਤੇ ਹੋਰ ਗੁਰਦੁਆਰਿਆਂ ਵਿੱਚ ਰਾਗੀ ਜਥਿਆਂ ਵਲੋਂ ਗਾਇਆ ਜਾ ਰਿਹਾ ਹੈ, ਉਹ ਗੀਤ ਹੈ-

ਖਿਆਲ ਪਾਤਿਸ਼ਾਹੀ ੧੦॥
ਮਿਤ੍ਰ ਪਿਆਰੇ ਨੂੰ ਹਾਲ ਮੁਰੀਦਾਂ ਦਾ ਕਹਿਣਾ ॥ ਤੁਧੁ ਬਿਨੁ ਰੋਗੁ ਰਜਾਈਆਂ ਦਾ ਓਢਣ ਨਾਗ ਨਿਵਾਸਾਂ ਦੇ ਰਹਿਣਾ ॥
ਸੂਲ ਸੁਰਾਹੀ ਖੰਜਰੁ ਪਿਆਲਾ ਬਿੰਗ ਕਸਾਈਆਂ ਦਾ ਸਹਿਣਾ ॥ ਯਾਰੜੇ ਦਾ ਸਾਨੂੰ ਸੱਥਰੁ ਚੰਗਾ ਭੱਠ ਖੇੜਿਆਂ ਦਾ ਰਹਿਣਾ ॥
੧॥੧॥

ਅਜਿਹਾ ਗੀਤ ਪੜ੍ਹਨਾ ਦਸਵੇਂ ਗੁਰੂ ਜੀ ਦੀ ਸ਼ਖ਼ਸੀਅਤ ਨੂੰ ਬਹੁਤ ਛੋਟਾ ਕਰਨ ਵਾਲ਼ੀ ਗੱਲ ਹੈ, ਜੋ ਮੰਦਭਾਗੀ ਹੈ। ਇੱਕ ਪਾਸੇ ਇਹ ਕਿਹਾ ਜਾਂਦਾ ਹੈ ਕਿ ਗੁਰੂ ਜੀ ਨੇ ਆਪਣੇ ਹੱਥੀਂ ਆਪਣੇ ਸਾਹਿਬਜ਼ਾਦਿਆਂ (ਅਜੀਤ ਸਿੰਘ ਅਤੇ ਜੁਝਾਰ ਸਿੰਘ) ਨੂੰ ਓਸ ਜੰਗ ਦੇ ਮੈਦਾਨ ਵਿੱਚ ਦੋ ਹੱਥ ਕਰਨ ਲਈ ਤਿਆਰ ਕਰ ਕੇ ਭੇਜਿਆ ਜਿੱਥੋਂ ਜੀਉਂਦੇ ਵਾਪਿਸ ਮੁੜਨਾ ਅਸੰਭਵ ਸੀ।

- ਕੀ ਇਹ ਗੁਰੂ ਜੀ ਦੀ ਢਹਿੰਦੀ ਕਲਾ ਦੀ ਅਵਸਥਾ ਸੀ ਕਿ ਚੜ੍ਹਦੀ ਕਲਾ ਦੀ?

- ਫਿਰ ਇਹ ਵੀ ਕਿਹਾ ਜਾਂਦਾ ਹੈ ਕਿ ਗੁਰੂ ਜੀ ਸਾਹਿਬਜ਼ਾਦਿਆਂ ਦੇ ਨੇਜ਼ੇ ਅਤੇ ਤੀਰ ਵੱਜਦੇ ਆਪਣੀ ਅੱਖੀਂ ਦੇਖ ਰਹੇ ਸਨ।

- ਕੀ ਇਹ ਗੁਰੂ ਜੀ ਦੀ ਢਹਿੰਦੀ ਕਲਾ ਸੀ ਜਾਂ ਚੜ੍ਹਦੀ ਕਲਾ?

- ਫਿਰ ਇਹ ਵੀ ਕਿਹਾ ਜਾਂਦਾ ਹੈ ਕਿ ਗੁਰੂ ਜੀ ਸਾਹਿਬਜ਼ਾਦਿਆਂ ਦੀ ਸ਼ਹੀਦੀ ਹੋ ਜਾਣ 'ਤੇ ਜੈਕਾਰੇ ਵੀ ਗਜਾਉਂਦੇ ਸਨ। ਕੀ ਇਹ ਗੁਰੂ ਜੀ ਦੀ ਢਹਿੰਦੀ ਕਲਾ ਦੀ ਨਿਸ਼ਾਨੀ ਸੀ ਜਾਂ ਚੜ੍ਹਦੀ ਕਲਾ ਦੀ?

- ਫਿਰ ਇਹ ਵੀ ਕਿਹਾ ਜਾਂਦਾ ਹੈ ਕਿ ਗੁਰੂ ਜੀ ਪੁੱਤਰਾਂ ਦੀਆਂ ਲਾਸ਼ਾਂ ਨੂੰ ਬਿਨਾਂ ਕੱਜਣ ਤੋਂ ਹੀ ਕੋਲ਼ੋਂ ਲੰਘ ਜਾਂਦੇ ਹਨ, ਜਿਵੇਂ ਕੁੱਝ ਹੋਇਆ ਹੀ ਨਾ ਹੋਵੇ। ਕੀ ਇਹ ਗੁਰੂ ਜੀ ਦੀ ਢਹਿੰਦੀ ਕਲਾ ਸੀ ਜਾਂ ਚੜ੍ਹਦੀ ਕਲਾ?

ਢਹਿੰਦੀ ਕਲਾ ਵਾਲ਼ੇ ਤਾਂ ਇੰਨਾ ਕੁੱਝ ਹੋਇਆ ਦੇਖ ਕੇ ਗਸ਼ ਖਾ ਕੇ ਹੀ ਸਦਾ ਲਈ ਡਿੱਗ ਪੈਣ। ਗੁਰੂ ਜੀ ਤਾਂ ਕਈ ਮੀਲਾਂ ਦਾ ਵਿਖੜਾ ਪੈਂਡਾ ਕਰ ਕੇ ਮਾਛੀਵਾੜੇ ਦੇ ਬਾਗ਼ ਵਿੱਚ ਪਹੁੰਚਕੇ ਆਰਾਮ ਕਰਦੇ ਹਨ। ਢਹਿੰਦੀ ਕਲਾ ਵਾਲ਼ਾ ਤਾਂ ਕੁੱਝ ਕਦਮ ਵੀ ਜੰਗਲੀ ਰਸਤਿਆਂ ਵਿੱਚ ਨਹੀਂ ਚੱਲ ਸਕਦਾ। ਰਾਗੀ ਜਥੇ ਕਹਿੰਦੇ ਹਨ ਕਿ ਮਿੱਤਰ ਪਿਆਰੇ ਵਾਲ਼ੀ ਕਵਿਤਾ ਰਾਹੀਂ ਗੁਰੂ ਜੀ ਆਪਣੀ ਦਸ਼ਾ ਦਾ ਬਿਆਨ ਕਰਦੇ ਹਨ ਭਾਵ ਆਪਣਾ ਹੋਇਆ ਮਾੜਾ ਹਾਲ ਬਿਆਨ ਕਰਦੇ ਹਨ ਜੋ ਸਰਾਸਰ ਗੁਰੂ ਜੀ ਦੀ ਸ਼ਖ਼ਸੀਅਤ ਨਾਲ਼ ਅਨਿਆਇ ਹੈ।

ਹੁਣ ਗਾਏ ਜਾਂਦੇ ਗੀਤ ਦੇ ਅਰਥਾਂ ਵਲ ਝਾਤ ਮਾਰਦੇ ਹਾਂ ਕਿ ਇਹ ਗੀਤ ਗੁਰੂ ਦਾ ਗਾਇਆ ਹੈ ਕਿ ਕਿਸੇ ਕਵੀ ਨੇ ਹੀਰ ਦੀ ਹੂਕ ਨੂੰ ਰਾਂਝੇ ਨਾਲੋਂ ਹੋਏ ਵਿਛੋੜੇ ਵਜੋਂ ਲਿਖਿਆ ਹੈ।

ਗੁਰੂ ਜੀ ਦਾ ਮਿੱਤਰ ਪਿਆਰਾ ਤਾਂ ਹਮੇਸ਼ਾ ਗੁਰੂ ਜੀ ਦੇ ਨਾਲ਼ ਹੀ ਸੀ, ਜਿਸ ਤੋਂ ਗੁਰੂ ਜੀ ਦਾ ਕਦੇ ਵਿਛੋੜਾ ਹੋਇਆ ਖ਼ਿਆਲ ਕਰਨਾ ਹੀ ਮਹਾਂ ਪਾਪ ਹੈ। ਗੁਰੂ ਜੀ ਜੋ ਕੁੱਝ ਵੀ ਕਰ ਰਹੇ ਰਹੇ ਸਨ, ਉਹ ਮਿੱਤਰ ਪਿਆਰੇ ਤੋਂ ਕਦੇ ਵੀ ਗੁੱਝਾ ਨਹੀਂ ਸੀ ਕਿਉਂਕਿ ਮਿੱਤਰ ਪਿਆਰਾ ਪ੍ਰਭੂ ਅਕਾਲ ਪੁਰਖ ਤਾਂ ਗੁਰੂ ਜੀ ਦੇ ਨਾਲ਼ ਹੀ ਸੀ। ਆਪਣਾ ਹਾਲ ਕਿਸੇ ਦੂਰ ਗਏ ਨੂੰ ਦੱਸਣਾ ਹੁੰਦਾ ਹੈ, ਜੋ ਅੱਖਾਂ ਤੋਂ ਓਹਲੇ ਕਿਤੇ ਗਿਆ ਹੁੰਦਾ ਹੈ। ਗੁਰੂ ਜੀ ਪ੍ਰਤੀ ਇਹ ਸੋਚਣਾ ਕਿ ਗੁਰੂ ਜੀ ਦਾ ਮਿੱਤਰ ਪਿਆਰਾ ਕਿਤੇ ਦੂਰ ਰਹਿੰਦਾ ਸੀ ਜਿਸ ਨੂੰ ਗੁਰੂ ਜੀ ਆਪਣਾ ਹਾਲ ਬਿਆਨ ਕਰਦੇ ਪਏ ਹਨ, ਮਹਾਂ ਪਾਪ ਅਤੇ ਗੁਰੂ ਜੀ ਦੀ ਸ਼ਖ਼ਸੀਅਤ ਨੂੰ ਵੱਟਾ ਲਾਉਣ ਵਾਲ਼ੀ ਗੱਲ ਹੈ।

ਗੀਤ ਵਿੱਚ ਕਵੀ {ਜੋ ਪਾ: 10 ਨਹੀਂ, ਕਿਉਂਕਿ ਇਹ ਸਿਰਲੇਖ ਧੋਖੇ ਨਾਲ਼ ਦਸਵੇਂ ਗੁਰੂ ਜੀ ਨਾਲ਼ ਜੋੜਿਆ ਗਿਆ ਹੈ} ਜਿਸ ਦਾ ਹਾਲ ਬਿਆਨ ਕਰ ਰਿਹਾ ਹੈ, ਉਹ ਹੈ ਝੰਗ (ਪੰਜਾਬ, ਪਾਕਿਸਤਾਨ) ਦੇ ਪਿੰਡ ਦੀ ਸਿਆਲ ਕਬੀਲੇ ਦੀ ਰਹਿਣ ਵਾਲੀ ਇੱਕ ਸੁੰਦਰੀ ਹੀਰ ਜੋ ਚੂਚਕ ਅਤੇ ਮਲਕੀ ਦੀ ਬੇਟੀ ਹੈ।

ਜਦੋਂ ਰਾਂਝੇ ਦੇ ਬਾਪ ਦੀ ਮੌਤ ਹੁੰਦੀ ਹੈ ਤਾਂ ਇਸ ਦੇ ਤਿੰਨ ਭਰਾਵਾਂ ਨੇ ਪਿਤਾ ਦੀ ਜ਼ਮੀਨ ਦੇ ਬਟਵਾਰੇ ਵਿੱਚ ਰਾਂਝੇ ਨਾਲ਼ ਧੋਖਾ ਕੀਤਾ। ਭਰਜਾਈਆਂ ਨੇ ਵੀ ਤਾਹਨੇ ਮਾਰਨੇ ਸ਼ੁਰੂ ਕਰ ਦਿੱਤੇ। ਰਾਂਝਾ ਤੰਗ ਹੋ ਕੇ ਘਰ ਛੱਡ ਗਿਆ। ਰਾਂਝਾ ਪਾਕਿਸਤਾਨ ਵਿੱਚ ਚਨਾਬ ਦਰਿਆ ਦੇ ਨੇੜੇ ਪਿੰਡ ਤਖ਼ਤ ਹਜ਼ਾਰੇ ਦਾ ਰਹਿਣ ਵਾਲ਼ਾ ਸੀ ਇਸ ਦਾ ਨਾਂ ਧੀਦੋ ਸੀ ਅਤੇ ਰਾਂਝਾ ਕਬੀਲੇ ਵਿੱਚੋਂ ਹੋਣ ਕਰ ਕੇ ਰਾਂਝਾ ਹੀ ਪ੍ਰਸਿੱਧ ਹੋ ਗਿਆ। ਫਿਰਦਾ ਫਿਰਾਉਂਦਾ ਰਾਂਝਾ ਝੰਗ ਸਿਆਲੀਂ ਪਹੁੰਚ ਗਿਆ। ਓਥੇ ਚੂਚਕ ਨੇ ਰਾਂਝੇ ਨੂੰ ਮੱਝੀਆਂ ਚਾਰਨ ਲਈ ਕਾਮਾ ਰੱਖ ਲਿਆ। ਰਾਂਝੇ ਕੋਲ਼ ਵੰਝਲੀ ਸੀ ਜਿਸ ਵਿੱਚੋਂ ਉਹ ਮਨ ਮੋਹਣੀਆਂ ਤਰਜ਼ਾਂ ਕੱਢ ਲੈਂਦਾ ਸੀ। ਹੀਰ ਨੇ ਰਾਂਝੇ ਦੀ ਵੰਝਲੀ ਉੱਤੇ ਮਸਤ ਹੋ ਕੇ ਲੁਕ ਛਿਪ ਕੇ ਰਾਂਝੇ ਨੂੰ ਮਿਲਣਾ ਸ਼ੁਰੂ ਕਰ ਦਿੱਤਾ।

ਸਮਾਂ ਲੰਘਦਾ ਗਿਆ। ਇੱਕ ਵਾਰੀ ਹੀਰ ਅਤੇ ਰਾਂਝੇ ਨੂੰ ਇਕੱਠਿਆਂ ਹੀਰ ਦੇ ਚਾਚੇ ਕੈਦੋ ਨੇ ਦੇਖਿਆ। ਕੈਦੋ ਨੇ ਚੂਚਕ ਅਤੇ ਮਲਕੀ ਨੂੰ ਇਸ ਵਾਰੇ ਦੱਸ ਦਿੱਤਾ ਜਿਸ ਕਾਰਣ ਚੂਚਕ ਨੇ ਰਾਂਝੇ ਨੂੰ ਘਰੋਂ ਕੱਢ ਦਿੱਤਾ ਅਤੇ ਹੀਰ ਨੂੰ ਵੜੀ ਸੱਟ ਵੱਜੀ ਕਿਉਂਕਿ ਉਹ ਰਾਂਝੇ ਨਾਲ਼ ਵਿਆਹ ਰਚਾਉਣ ਦੀ ਇਛੁੱਕ ਸੀ। ਰਾਂਝਾ ਕੰਨ ਪਾਟੇ ਜੋਗੀਆਂ ਦੀ ਸੰਗਤ ਵਿੱਚ ਜਾ ਕੇ ਕੰਨਾਂ ਵਿੱਚ ਮੁੰਦਰਾਂ ਪਾ ਜੋਗੀ ਬਣ ਚੁੱਕਾ ਸੀ। ਹੀਰ ਦੇ ਮਾਪਿਆਂ ਨੇ ਖੇੜੇ ਪਿੰਡ ਦੇ ਵਾਸੀ ਸੈਦੇ ਨਾਲ਼ ਹੀਰ ਨੂੰ ਧੱਕੇ ਨਾਲ਼ ਵਿਆਹ ਦਿੱਤਾ। ਹੀਰ ਦਾ ਜੋ ਹਾਲ ਖੇੜਿਆਂ ਦੇ ਪਿੰਡ ਰਹਿ ਕੇ ਹੁੰਦਾ ਹੈ ਉਹ ਕਿਸੇ ਕਵੀ ਨੇ ‘ਮਿੱਤਰ ਪਿਆਰੇ ਨੂੰ’ ਵਾਲ਼ੀ ਕਵਿਤਾ ਵਿੱਚ ਬਿਆਨ ਕੀਤਾ ਹੈ। ਗਿਆਨੀ ਭਾਗ ਸਿੰਘ ਅੰਬਾਲ਼ੇ ਵਲ਼ਿਆਂ ਨੇ ਇਸ ਦਾ ਜ਼ਿਕਰ ਦਸਮ ਗ੍ਰੰਥ ਵਾਰੇ ਆਪਣੀ ਪੁਸਤਕ ਵਿੱਚ ਕੀਤਾ ਹੈ ਜਿਸ ਕਾਰਣ ਉਨ੍ਹਾਂ ਦੀ ਵਿਦਵਤਾ ਦੀ ਅਣਦੇਖੀ ਕਰਦਿਆਂ ਉਨ੍ਹਾਂ ਦੇ ਛੇਕਣ ਵਾਲ਼ਾਂ ਕੁਹਾੜਾ ਮਾਰਿਆ ਗਿਆ ਸੀ ਜੋ ਸਮੱਸਿਆ ਦਾ ਹੱਲ ਨਹੀਂ ਸੀ।

ਵਿਛੁੜੇ ਰਾਂਝੇ ਨੂੰ ਹੀਰ ਕਹਿੰਦੀ ਹੈ- ਤੇਰੇ ਤੋਂ ਬਿਨਾਂ ਰਜਾਈਆਂ ਦਾ ਉਢਣਾਂ ਰੋਗ ਜਾਪਦਾ ਹੈ ਅਤੇ ਖੇੜਿਆਂ ਦੇ ਰਹਿਣਾ ਇਉਂ ਹੈ ਜਿਵੇਂ ਸੱਪਾਂ ਨਾਲ਼ ਰਹਿਣਾ। ਹੀਰ ਦਾ ਮਨ ਖੇੜਿਆਂ ਦੇ ਘਰ ਨਹੀਂ ਲੱਗਦਾ।

ਵਿਛੁੜੇ ਰਾਂਝੇ ਨੂੰ ਹੀਰ ਕਹਿੰਦੀ ਹੈ- ਸੁਰਾਹੀ ਸੂਲ਼ ਅਤੇ ਪਿਆਲਾ ਖੰਜਰ ਲੱਗਦਾ ਹੈ। ਏਥੇ ਖੇੜਿਆਂ ਦਾ ਰਹਿਣਾ ਇਉਂ ਹੈ ਜਿਵੇਂ ਕਸਾਈਆਂ ਦਾ ਨਿਰਦਈਪੁਣਾ ਸਹਾਰਨਾ। ਨੋਟ: ਸੁਰਾਹੀ ਅਤੇ ਪਿਆਲਾ ਦੁਨਿਆਵੀ ਪਿਆਰ ਦੀ ਮਸਤੀ ਵਾਲ਼ਿਆਂ ਲਈ ਨਸ਼ੇ ਦੇ ਸੂਚਕ ਹਨ, ਜਿਨ੍ਹਾਂ ਨੂੰ ਦਸਵੇਂ ਗੁਰੂ ਜੀ ਨਾਲ਼ ਕਿਵੇਂ ਜੋੜਿਆ ਜਾ ਸਕਦਾ ਹੈ?

ਰਾਂਝੇ ਤੋਂ ਵਿਛੁੜੀ ਹੀਰ ਕਹਿੰਦੀ ਹੈ- ਤੂੰ ਨਾਲ਼ ਸੈਂ ਤਾਂ ਸਥਰਾਂ ਉੱਤੇ ਸੌਣਾ ਹੀ ਚੰਗਾ ਸੀ। ਹੁਣ ਤਾਂ ਖੇੜਿਆਂ ਦੇ ਘਰ ਰਹਿਣਾ ਇਉਂ ਹੈ ਜਿਵੇਂ ਤਪਦੀ ਭੱਠੀ ਕੋਲ਼ ਕੋਈ ਪਿਆ ਹੋਵੇ, ਭਾਵ, ਸੈਦਾ ਉਸ ਨੂੰ ਤਪਦੀ ਭੱਠੀ ਵਾਂਗ ਤਪਾ ਰਿਹਾ ਹੈ। ਮੁਰੀਦ ਰੂਪ ਵਿੱਚ ਹੀਰ ਰਾਂਝੇ ਨੂੰ ਆਪਣੀ ਵੇਦਨਾ ਪ੍ਰਗਟ ਕਰਦੀ ਹੈ।

ਸਿੱਟਾ:

ਦਸਵੇਂ ਗੁਰੂ ਜੀ ਆਪ ਸਿੱਖ ਕੌਮ ਨੂੰ 1429 ਪੰਨਿਆਂ ਵਾਲ਼ੀ ਗੁਰਬਾਣੀ ਦੇ ਗਏ ਹਨ, ਜਿੱਸ ਤੋਂ ਬਾਹਰ ਝਾਕਣਾ ਖ਼ਤਰੇ ਤੋਂ ਖਾਲੀ ਨਹੀਂ। ਜਿਸ ਨੂੰ ਗੁਰੂ ਜੀ ਵਲੋਂ ਬਖ਼ਸ਼ੀ ਏਨੀ ਬਾਣੀ ਨਾਲ਼ ਤਸੱਲੀ ਨਹੀਂ ਹੋਈ, ਉਹ ਨੂੰ ਹੋਰ ਲੱਖਾਂ ਗ੍ਰੰਥਾਂ ਦੀ ੲਚਨਾ ਪੜ੍ਹ ਗਾ ਕੇ ਵੀ ਨਹੀਂ ਹੋਣੀ। ਜਿਸ ਇਸਤਰੀ ਨੂੰ ਆਪਣੇ ਪਤੀ ਉੱਪਰ ਹੀ ਭਰੋਸਾ ਨਹੀਂ ਉਸ ਦਾ ਬਾਹਰ ਝਾਕਣਾ ਯਕੀਨੀ ਹੈ ਜੋ ਘਰ ਦੇ ਉਜਾੜੇ ਵਾਲੀ ਗੱਲ ਹੈ।

ਰੱਬ ਸੱਚਾ ਖ਼ੈਰ ਕਰੇ!


ਜੇ ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ।


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਬਾਬੇ, ਪਾਸ਼ਰੂਕ (ਅਖੌਤੀ ਜਾਗਰੂਕ), ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news, articles, audios, videos or any other contents published on www.khalsanews.org and cannot be held responsible for their views.  Read full details...

Go to Top