Share on Facebook

Main News Page

ਗਤਕਾ ਬਨਾਮ ਸਟੰਟਬਾਜ਼ੀ
-: ਇਕਵਾਕ ਸਿੰਘ ਪੱਟੀ

ਕੌਮ ਦੇ ਮਹਾਨ ਵਿਦਵਾਨ ਭਾਈ ਕਾਨ੍ਹ ਸਿੰਘ ਜੀ ਨਾਭਾ ਹੱਲੇ-ਮੁੱਹਲੇ ਬਾਰੇ ਜਾਣਕਾਰੀ ਦਿੰਦੇ ਹੋਏ ਮਹਾਨਕੋਸ਼ ਦੇ ਪੰਨਾ ਨੰ. 283 'ਤੇ ਲਿਖਦੇ ਹਨ ਕਿ,

ਖ਼ਾਲਸੇ ਨੂੰ ਸ਼ਸਤਰ ਅਤੇ ਯੁੱਧ ਵਿਦਿਯਾ ਵਿੱਚ ਨਿਪੁੰਨ ਕਰਨ ਲਈ ਰੀਤ ਚਲਾਈ ਸੀ ਕਿ ਦੋ ਦਲ ਬਣਾ ਕੇ ਪ੍ਰਧਾਨ ਸਿੰਘਾਂ (ਮੁਖੀ ਸਿੰਘਾਂ) ਦੇ ਹੇਠ ਇੱਕ ਖ਼ਾਸ ਥਾਂ ਤੇ ਕਬਜ਼ਾ ਕਰਨ ਲਈ ਹਮਲਾ ਕਰਨ ਅਤੇ ਕਲਗੀਧਰ ਪਿਤਾ ਖ਼ੁਦ ਇਸ ਮਨਸੂਈ ਜੰਗ (ਮਨਸੂਈ ਭਾਵ ਬਣਾਉਟੀ ਜੋ ਅਸਲ ਨਹੀਂ) ਦਾ ਕਰਤੱਬ ਦੇਖਦੇ ਅਤੇ ਦੋਵੇਂ ਦਲਾਂ ਨੂੰ ਸ਼ੁੱਭ ਸਿਖਿਆ ਦਿੰਦੇ ਅਰ ਜੋ ਦਲ ਕਾਮਯਾਬ ਹੁੰਦਾ, ਉਸਨੂੰ ਦੀਵਾਨ ਵਿੱਚ ਸਿਰੋਪਾਉ ਬਖਸ਼ਦੇ। ਇਸ ਤਰ੍ਹਾਂ ਮਹਾਨਕੋਸ਼ ਦੇ ਪੰਨਾ ਨੰ. 395 ਪੁਰ ਗਤਕਾ ਸਿਰਲੇਖ ਹੇਠ ਲਿਖਦੇ ਹਨ ਕਿ, ਗਦਾਯੁੱਧ ਦੀ ਸਿੱਖਿਆ ਦਾ ਪਹਿਲਾ ਅੰਗ ਸਿਖਾਉਣ ਲਈ ਇੱਕ ਡੰਡਾ, ਜੋ ਤਿੰਨ ਹੱਥ ਲੰਮਾ ਹੁੰਦਾ ਹੈ, ਇਸ ਉੱਤੇ ਚੰਮ ਦਾ ਖੋਲ ਚੜਿਆ ਹੁੰਦਾ ਹੈ। ਸੱਜੇ ਹੱਥ ਵਿੱਚ ਗਤਕਾ ਅਤੇ ਖੱਬੇ ਹੱਥ ਵਿੱਚ ਫਰੀ (ਛੋਟੀ ਢਾਲ) ਲੈ ਕੇ ਦੋ ਆਦਮੀ ਆਪੋ ਵਿੱਚ ਖੇਡਦੇ ਹਨ।

ਬਿਨ੍ਹਾਂ ਸ਼ੱਕ ਗਤਕਾ ਸਬੰਧੀ ਇਤਿਹਾਸ ਵਿੱਚ ਦਰਜ ਜਾਣਕਾਰੀ ਅਤੇ ਮੌਜੂਦਾ ਦੌਰ ਵਿੱਚ ਪ੍ਰਚੱਲਿਤ ਗਤਕਾ ਖੇਡਣ ਦੀ ਰਿਵਾਇਤ ਵਿੱਚ ਜ਼ਮੀਨ ਅਸਮਾਨ ਦਾ ਫ਼ਰਕ ਨਜ਼ਰੀਂ ਪੈਂਦਾ ਹੈ, ਕਿਉਂਜੁ ਨਿੱਜੀ ਸੁਰੱਖਿਆਂ ਹਿੱਤ ਸ਼ਸਤਰ ਰੱਖਣਾ, ਸ਼ਸਤਰ ਚਲਾਉਣ ਦੀ ਸਿੱਖਿਆ ਲੈਣਾ, ਦੂਜਿਆਂ ਨੂੰ ਸ਼ਸਤਰ ਸੰਭਾਲਣ/ਸਿਖਾਉਣ ਲਈ ਉੱਦਮ ਉਪਰਾਲੇ ਕਰਨਾ ਅਤੇ ਉਹਨਾਂ ਉੱਦਮਾਂ ਵਿੱਚ ਸ਼ਾਮਲ ਗਤਕੇ ਨੂੰ ਖੇਡ ਦੇ ਰੂਪ ਵਿੱਚ ਲੋਕਾਂ ਨੂੰ ਦਿਖਾਉਣਾ ਅਤੇ ਇਸ ਖੇਡ ਪ੍ਰਤੀ ਜਾਗਰੂਕ ਕਰਦੇ ਹੋਏ ਲੋਕਾਂ ਨੂੰ/ਸਿੱਖਾਂ ਨੂੰ ਆਪਣੇ ਗੌਰਵਮਾਈ ਵਿਰਸੇ ਨਾਲ ਜੋੜਨਾ ਕਦਾਚਿਤ ਮਾੜਾ ਨਹੀਂ ਕਿਹਾ ਜਾ ਸਕਦਾ, ਪਰ ਇਸਦੇ ਨਾਲ ਹੀ ਇਸ ਖੇਡ ਨੂੰ ਡਰਾਉਣੇ ਰੂਪ ਵਿੱਚ ਪੇਸ਼ ਕਰਨਾ, ਜਿਸ ਨਾਲ ਲੋਕ ਇਸ ਖੇਡ ਨੂੰ ਖੇਡਣਾ ਤਾਂ ਦੂਰ ਆਪਣੇ ਬੱਚਿਆਂ ਨੂੰ ਦੇਖਣ ਤੋਂ ਵੀ ਰੋਕ ਲੈਣ, ਸੋਚਣ ਲਈ ਮਜ਼ਬੂਰ ਕਰਦਾ ਹੈ ਕਿ ਅਸੀਂ ਕਿੱਧਰ ਨੂੰ ਜਾ ਰਹੇ ਹਾਂ?

ਗੱਤਕਾ ਸਿੱਖਾਂ ਦੇ ਵਿਰਾਸਤੀ ਜੰਗਜੂ (ਜੰਗੀ) ਕਲਾ ਹੈ, ਜਿਸ ਵਿੱਚ ਜੰਗ/ਯੁੱਧ ਸਬੰਧੀ ਦੁਸ਼ਮਣਾਂ ਨਾਲ ਟਾਕਰਾ ਕਰਨ ਦੀ ਪੂਰੀ ਕਲਾ ਸਿਖਾਈ ਜਾਂਦੀ ਹੈ ਅਤੇ ਇਸ ਦੀ ਸਿਖਲਾਈ ਕੋਈ ਵੀ ਸਿੱਖ ਮਰਦ ਜਾਂ ਔਰਤ ਲੈ ਸਕਦਾ ਹੈ। ਇਸ ਖੇਡ ਰਾਹੀਂ ਆਪਣੇ ਬਚਾਉ ਪੱਖ ਨੂੰ ਮਜ਼ਬੂਤ ਰੱਖਣਾ ਅਤੇ ਦੁਸ਼ਮਣ ਪ੍ਰਤੀ ਸਖਤੀ ਵਰਤਣਾ ਸ਼ਾਮਲ ਹੁੰਦਾ ਹੈ। ਇਹ ਪੱਛਮੀ ਖੇਡਾਂ ਜੁੱਡੋਕਰਾਟੇ ਜਾਂ ਹੋਰਨਾਂ ਮਾਰਸ਼ਲ ਕਲਾਵਾਂ ਵਾਂਙ ਖ਼ਾਲਸੇ ਦੀ ਸਿੱਖ ਮਾਰਸ਼ਲ ਕਲਾ ਦੇ ਨਾਂ ਨਾਲ ਪ੍ਰਫੁਲਿੱਤ ਹੋ ਰਹੀ ਹੈ ਅਤੇ ਬਿਨ੍ਹਾਂ ਸ਼ੱਕ ਇਸਦਾ ਸਿਹਰਾ ਜਾਂਦਾ ਹੈ ਗਤਕੇ ਦੇ ਨਾਂ ਤੇ ਬਣੀਆਂ ਸਭਾਵਾਂ/ਸੁਸਾਇਟੀਆਂ, ਐਸੋਸੀਏਸ਼ਨਾਂ/ਫੈਡਰੇਸ਼ਨਾਂ, ਅਖਾੜਿਆਂ ਨੂੰ, ਜਿਨ੍ਹਾਂ ਦੀ ਸਖਤ ਮਿਹਨਤ ਨਾਲ ਇਹ ਅੰਤਰਰਾਸ਼ਟਰੀ ਖੇਡ ਬਣੀ ਅਤੇ ਦੇਸ਼ ਹੀ ਨਹੀਂ ਬਲਕਿ ਵਿਦੇਸ਼ਾਂ ਵਿੱਚ ਵੀ ਗਤਕੇ ਦਾ ਨਾਂ ਤੇ ਕੱਪ ਸ਼ੁਰੂ ਹੋਏ। ਇਸ ਮਾਰਸ਼ਲ ਖੇਡ ਗਤਕਾ ਨੂੰ ਪ੍ਰਫੁਲਿੱਤ ਕਰਨ ਹਿੱਤ ਪੰਜਾਬ ਸਰਕਾਰ ਨੇ ਵੀ ਇਸਨੂੰ ਮਾਨਤਾ ਦੇ ਕੇ ਖੇਡ ਨੀਤੀ 2010 ਦੇ ਪੈਰਾ ਨੰਬਰ 7.2 ਵਿੱਚ ਹੋਰਨਾਂ ਖੇਡਾਂ ਦੇ ਬਰਾਬਰ ਦਾ ਰੁਤਬਾ ਦੇ ਕੇ ਗ੍ਰੇਡੇਸ਼ਨ ਸੂਚੀ ਵਿੱਚ ਵਿੱਚ ਸ਼ਾਮਲ ਕਰ ਲਿਆ ਹੋਇਆ ਹੈ।

ਪਰ ਬੀਤੇ ਕੁੱਝ ਸਮੇਂ ਤੋਂ ਇਸ ਖੇਡ ਨੂੰ ਐਨੀ ਜ਼ਿਆਦਾ ਡਰਾਵਣੀ ਅਤੇ ਨੁਕਸਾਨਦਾਇਕ ਬਣਾਇਆ ਜਾ ਰਿਹਾ ਹੈ ਅਤੇ ਗਤਕੇ ਦੀ ਅਸਲ ਪਹਿਚਾਣ ਨੂੰ ਲੁਪਤ ਕਰਕੇ ਇੱਕ ਸਟੰਟਬਾਜ਼ੀ ਵਾਂਙ ਦਿਖਾਇਆ ਜਾ ਰਿਹਾ ਹੈ। ਖ਼ਾਸ ਤੌਰ 'ਤੇ ਆਪਣੇ ਸਰੀਰ ਤੋਂ ਭਾਰੀਆਂ ਗੱਡੀਆਂ ਲੰਘਾਉਣੀਆਂ, ਭਾਰੀ ਦੋਪਹੀਆ ਵਾਹਨਾਂ ਨੂੰ ਚੁੱਕਣਾ, ਵਾਹਨਾਂ ਨੂੰ ਸਰੀਰ ਨਾਲ ਖਿੱਚਣਾ, ਸਰੀਰ ਤੇ ਕੱਚ ਦੀਆਂ ਟਿਊਬਾਂ ਦੇ ਵਾਰ ਕਰਵਾਉਣੇ, ਜਾਂ ਕੱਚ ਨੂੰ ਦੰਦਾਂ ਨਾਲ ਚਿੱਥਣਾ ਵਗੈਰਾ ਦੇ ਨਾਲ ਇਹੋ ਜਿਹੇ ਹੋਰ ਕਈ ਕਰਤੱਬ ਕਰਨੇ ਤੇ ਇੱਕ ਅੱਜਕਲ੍ਹ ਅੱਖਾਂ ਤੇ ਪੱਟੀ ਬੰਨ੍ਹ ਕੇ ਵੱਡੇ ਭਾਰੀ ਹਥੌੜੇ ਨਾਲ, ਦੂਸਰੇ ਸਾਥੀ ਤੇ ਵਾਰ ਕਰਨੇ ਅਤੇ ਦੂਸਰੇ ਸਾਥੀ ਦੇ ਸਰੀਰ ਦੇ ਨਾਜ਼ੁਕ ਅੰਗਾਂ ਤੇ ਨਾਰੀਅਲ ਰੱਖ ਕੇ ਤੋੜਨੇ.. ਮੈਨੂੰ ਇਹ ਸਮਝ ਨਹੀਂ ਆਈ ਇਹ ਸਾਡੇ ਵਿਰਸੇ ਦੀ ਕਿਹੜੀ ਖੇਡ ਹੈ ਅਤੇ ਗਤਕੇ ਦੇ ਨਾਂ ਹੇਠ ਕਿਹੜੇ ਗੁਰੂ ਕਾਲ ਜਾਂ ਸਿੰਘਾਂ ਦੇ ਕਾਲ ਦੌਰਾਨ ਚਾਲੂ ਹੋਈ?

ਇਸ ਦਾ ਜੁਆਬ ਸ਼ਾਇਦ ਕਿਸੇ ਕੋਲ ਨਾ ਹੋਵੇ ਕਿਉਂਕਿ ਇਹ ਸਟੰਟਬਾਜ਼ੀ/ਬਾਜ਼ੀਗਿਰੀ ਕਦੇ ਵੀ ਸਿੱਖ ਮਾਰਸ਼ਲ ਕਲਾ ਗਤਕਾ ਦਾ ਹਿੱਸਾ ਨਹੀਂ ਸੀ ਅਤੇ ਨਾ ਹੀ ਬਣ ਸਕਦੀ ਹੈ। ਜੇਕਰ ਕੋਈ ਵਿਅਕਤੀ ਜਾਂ ਕੋਈ ਵੀ ਸੰਸਥਾ ਆਪਣੇ ਤੌਰ 'ਤੇ ਕੇਵਲ ਆਪਣੀ ਹਊਮੈ ਨੂੰ ਪੱਠੇ ਪਾਉਣ ਖਾਤਰ ਇਹੋ ਜਿਹੀਆਂ ਗ਼ੈਰ-ਮਨੁੱਖੀ ਅਤੇ ਮਨੁੱਖੀ ਕਦਰਾਂ ਕੀਮਤਾਂ ਨੂੰ ਟਿੱਚ ਜਾਣਦੀਆਂ ਗਲਤ ਰਿਵਾਇਤਾਂ (ਜੋ ਕਿਸੇ ਦੀ ਜਾਨ ਲੈ ਸਕਦੀਆਂ ਹਨ) ਨੂੰ ਇਸ ਗਤਕਾ ਦੇ ਨਾਂ ਹੇਠ ਪ੍ਰਚਾਰਣਗੀਆਂ ਤਾਂ ਇਸਦੇ ਨਤੀਜੇ ਬਹੁਤ ਖਤਰਨਾਕ ਨਿਕਲਣਗੇ। ਜਿਵੇਂ ਹਾਲ ਵਿੱਚ ਹੀ ਗਤਕਾ ਖੇਡ ਦੇ ਨਾਮ ਹੇਠ ਇੱਕ (ਗਤਕੇ ਤੋਂ ਬਾਹਰੀ ਕਰਤੱਬ ਦਿਖਾਉਂਦੇ ਹੋਏ) ਖਤਰਨਾਕ ਸਟੰਟ ਕਰਦਿਆਂ ਆਪਣੇ ਹੀ ਸਾਥੀ ਦਾ ਸਿਰ ਹਥੌੜੇ ਨਾਲ ਫੇਹ ਦਿੱਤਾ ਗਿਆ। ਕਿੰਨਾ ਦੁਖਦਾਇਕ ਅਤੇ ਦਰਦਨਾਕ ਦ੍ਰਿਸ਼ ਹੈ..

ਖੈਰ! ਕੌਮ ਦੀਆਂ ਸਿਰਕੱਢ/ਸਿਰਮੌਰ ਸੰਸਥਾਵਾਂ ਨੂੰ ਇਸ ਪਾਸੇ ਧਿਆਨ ਦੇ ਕੇ ਕੁੱਝ ਦਿਸ਼ਾ ਨਿਰਦੇਸ਼ ਗਤਕਾ ਖੇਡ ਬਾਰੇ ਬਣਾਉਣੇ ਚਾਹੀਦੇ ਹਨ ਤਾਂ ਕਿ ਨਿੱਜੀ ਗਤਕਾ ਸੰਸਥਾਵਾਂ ਗਤਕੇ ਦੀ ਪ੍ਰਾਪੰਰਾਵਾਂ ਵਿੱਚ ਵਿਗਾੜ ਪੈਦਾ ਨਾ ਕਰ ਸਕਣ।


ਜੇ ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ।


ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org  and cannot be held responsible for their views.  Read full details....

Go to Top