ਪਿਛਲੇ ਦਿਨੀ ਇੱਕ ਬਾਬੇ ਵਲੋਂ ਮਾਤਾ ਗੁਜਰ ਕੌਰ ਜੀ
ਬਾਰੇ ਬੋਲੇ ਗਏ ਕੁੱਝ ਸ਼ਬਦਾਂ ਦੀ ਸੋਸ਼ਲ ਮੀਡੀਏ ਵਿੱਚ ਖੂਬ ਚਰਚਾ ਹੋਈ । ਇਸ
ਗੱਲ ਪ੍ਰਤੀ ਕੋਈ ਦੋ ਰਾਵਾਂ ਨਹੀਂ ਕੇ ਉਹਨਾਂ ਸ਼ਬਦਾਂ ਨੇ ਸਿੱਖ ਹਿਰਦਿਆਂ
ਨੂੰ ਬਲੂੰਧਰਿਆ । ਕਾਫੀ ਸੱਜਣਾਂ ਨੇ ਆਡੀਓ, ਵੀਡੀਓ ਜਾਂ ਲਿਖਤੀ ਰੂਪ ਵਿੱਚ
ਵਿਰੋਧਤਾ ਵੀ ਕੀਤੀ, ਜੋ ਕੇ ਸਲਾਹੁਣਯੋਗ ਕਦਮ ਹੈ। ਪਰ ਇਸ ਤੋਂ ਅੱਗੇ ਹੋਰ
ਵੀ ਬਹੁਤ ਕੁਝ ਵਿਚਾਰਨਯੋਗ ਹੈ :-
1- ਬਾਬੇ ਜੋ ਕੁਝ
ਵੀ ਬੋਲਿਆ ਕੀ ਉਹ ਆਪਣੇ ਕੋਲੋਂ ਬਣਾ ਕੇ ਬੋਲਿਆ ?
2- ਜਿਹੜੇ ਸੱਜਣਾਂ
ਦੀ ਬਾਬੇ ਦੇ ਬੋਲਣ ਤੇ ਅੱਖ ਖੁੱਲੀ ਕੀ ਉਹਨਾਂ ਨੇ ਉਹ ਗ੍ਰੰਥ ਅੱਜ
ਤੱਕ ਪੜ੍ਹੇ ਹੀ ਨਹੀਂ ਜਿਹਨਾਂ ਵਿੱਚ ਗੁਰੂ ਸਾਹਿਬਾਨ ਪ੍ਰਤੀ ਅਜਿਹੀ
ਸ਼ਬਦਾਵਲੀ ਲਿਖੀ ਹੋਈ ਹੈ ?
3- ਜਿਹੜੇ ਸੱਜਣ
ਬਾਬੇ ਵਿਰੁੱਧ ਕਿਸੇ ਵੀ ਤਰਾਂ ਦੀ ਕਾਰਵਾਈ ਦੀ ਗੱਲ ਕਰ ਰਹੇ ਹਨ ਕੀ
ਉਹ ਉਹਨਾਂ ਲਿਖਤਾਂ ਖਿਲਾਫ ਅਜਿਹੀ ਕਾਰਵਾਈ ਦੀ ਗੱਲ ਕਰਨਗੇ ਜਿਨ੍ਹਾਂ
ਵਿਚ ਗੁਰੂ ਸਾਹਿਬਾਨ ਬਾਰੇ ਇਹ ਕੁਫਰ ਤੋਲਿਆ ਗਿਆ ਹੈ।
ਇਹ ਸਿਰਫ ਇਕੋ ਗੱਲ ਨਹੀਂ ਹੈ ਜੋ ਗੁਰੂ ਸਾਹਿਬਾਨ
ਬਾਰੇ ਗਲਤ ਬੋਲੀ ਗਈ ਹੋਵੇ । ਕਿੰਨਾ ਕੁਝ ਅਜਿਹਾ ਲਿਖਿਆ ਪਿਆ ਜਿਸ ਨੂੰ ਅਸੀਂ
ਫਰੋਲਣ ਨੂੰ ਤਿਆਰ ਨਹੀਂ ਸਗੋਂ ਉਹਨਾਂ ਹੀ ਗ੍ਰੰਥਾਂ ਵਿੱਚੋ ਜੋ ਸਾਨੂੰ ਸਹੀ
ਲਗਦਾ ਅਸੀਂ ਬੋਲ ਵੀ ਰਹੇ ਹਾਂ ।
ਸੂਰਜ ਪ੍ਰਕਾਸ਼, ਮਹਿਮਾ ਪ੍ਰਕਾਸ਼, ਪ੍ਰਾਚੀਨ ਪੰਥ
ਪ੍ਰਕਾਸ਼, ਤਵਾਰੀਖ ਗੁਰੂ ਖਾਲਸਾ ਇਤਿਆਦਿਕ ਪਤਾ ਨਈਂ ਹੋਰ ਕਿੰਨੇ ਹੀ ਅਜਿਹੇ
ਇਤਿਹਾਸਕ ਗਰੰਥ ਹਨ ਜਿਨ੍ਹਾਂ ਵਿਚਲੇ ਹਵਾਲੇ ਅਕਸਰ ਸਟੇਜਾਂ ਉੱਪਰ ਦਿਤੇ
ਜਾਂਦੇ ਹਨ । ਪਰ ਇਹਨਾਂ ਵਿਚਲੀਆਂ ਅਜਿਹੀਆਂ ਝੂਠੀਆਂ ਤੇ ਗੁਰੂ ਸਿਧਾਂਤਾਂ
ਨੂੰ ਰੋਲਣ ਵਾਲੀਆਂ ਅਨੇਕਾਂ ਹੀ ਕਹਾਣੀਆਂ ਨੂੰ ਆਮ ਸੰਗਤ ਤੋਂ ਲਕੋਣ ਦਾ
ਅਸਲ ਜਿੰਮੇਵਾਰ ਕੌਣ ਹੈ
?
ਮਾਤਾ ਗੁਜਰ ਕੌਰ ਜੀ ਬਾਰੇ ਜੋ ਕੁਝ ਵੀ ਬੋਲਿਆ ਗਿਆ
ਉਹ ਤਾਂ ਕਿੰਨੇ ਹੀ ਗ੍ਰੰਥਾਂ ਵਿੱਚ ਲਿਖਿਆ ਹੋਇਆ ਹੈ । ਆਪਣੇ ਕੋਲੋਂ ਤਾ
ਕੁਝ ਵੀ ਬੋਲਿਆ ਹੀ ਨਹੀਂ ਗਿਆ । ਫਿਰ ਕਦੋ ਅਸੀਂ ਸੱਚ ਤੇ ਝੂਠ ਦੇ
ਨਿਪਟਾਰੇ ਵੱਲ ਅਸਲ ਰੂਪ ਵਿਚ ਕਦਮ ਪੁੱਟਣ ਵੱਲ ਵਧਾਂਗੇ?
ਜੇਕਰ ਅਸੀਂ ਸੱਚਮੁੱਚ ਹੀ ਗੁਰੂ ਸਾਹਿਬਾਨ ਦਾ
ਸਤਿਕਾਰ ਕਰਦੇ ਹਾਂ ਤਾਂ ਨਿਰਾਦਰ ਕਰਨ ਵਾਲੀਆਂ ਲਿਖਤਾਂ ਦੀ ਪੜਚੋਲ ਗੁਰਬਾਣੀ
ਦੀ ਕਸਵੱਟੀ ਉਪਰ ਕਰ ਕੇ ਸੱਚ ਤੇ ਝੂਠ ਦਾ ਨਿਪਟਾਰਾ ਕਦੋ ਕਰਾਂਗੇ ?
ਇਥੇ ਹਰ ਗਰੰਥ ਦੀ ਇੱਕ ਇੱਕ ਪੰਗਤੀ ਲਿਖ ਕੇ
ਹਵਾਲੇ ਦੇਣ ਦੀ ਜਰੂਰਤ ਨਹੀਂ । ਬਸ ਦੁਖਾਂਤ ਤਾ ਇਹ ਹੈ ਕੇ ਅਸੀਂ
ਬਹੁਤੀ ਵਾਰ ਇਸ ਤਰਾਂ ਦੀਆਂ ਘਟਨਾਵਾਂ ਨੂੰ ਮਸਾਲੇ ਦੇ ਤੌਰ 'ਤੇ ਵਰਤ ਕੇ
ਆਪਣਾ ਉੱਲੂ ਸਿੱਧਾ ਕਰਨਾ ਚਾਹੁੰਦੇ ਹਾਂ ਤੇ ਕੁੱਝ ਦਿਨਾਂ ਬਾਅਦ ਹੋਰ ਮਸਲੇ
ਦੀ ਉਡੀਕ ਵਿੱਚ ਲੱਗ ਜਾਂਦੇ ਹਾਂ ਕਿ ਹੋਰ ਕੋਈ ਗੱਲ ਹੋਵੇ ਤੇ ਸਾਨੂੰ ਮੈਟਰ
ਮਿਲੇ ।
ਆਓ ਇਕ ਵਾਰ ਸਵੈ ਪੜਚੋਲ ਕਰਦਿਆਂ ਇਸ ਗੱਲ ਵੱਲ
ਧਿਆਨ ਮਾਰੀਏ ਕੇ ਅਸਲ ਵਿੱਚ ਇਨ੍ਹਾਂ ਬਿਮਾਰੀਆਂ ਦੀ ਅਸਲ ਜੜ੍ਹ ਕੀ ਹੈ ?
ਮੌਕਾਪ੍ਰਸਤ ਨਾ ਬਣ ਕੇ ਪੰਥ ਪ੍ਰਸਤ ਬਣੀਏ । ਕੌਮ ਦੇ ਸੁਨਹਿਰੀ ਭਵਿੱਖ ਲਈ
ਆਪਣੇ ਆਪਣੇ ਫਰਜ਼ ਦੀ ਪਹਿਚਾਣ ਕਰੀਏ ।
ਭੁੱਲਾਂ ਦੀ ਖਿਮਾਂ