Share on Facebook

Main News Page

30 ਅਪ੍ਰੈਲ 1877 ਦੇ ਦਿਨ ਦਰਬਾਰ ਸਾਹਿਬ ਦੇ ਅੰਦਰ ਵਾਪਰੇ ਅਖੌਤੀ ਚਮਤਕਾਰ ਦੀ ਕਹਾਣੀ
-: ਡਾ. ਹਰਜਿੰਦਰ ਸਿੰਘ ਦਿਲਗੀਰ

ਦਰਬਾਰ ਸਾਹਿਬ ਵਿਚ ਦਰਸ਼ਨੀ ਡਿਉਢੀ ਦੇ ਖੱਬੇ ਪਾਸੇ ਕੰਧ ਤੇ ਇਕ ਚਮਤਕਾਰ ਦੀ ਕਹਾਣੀ ਉਕਰੀ ਹੋਈ ਹੈ। ਇਸ ਮੁਤਾਬਿਕ

ਸਭਨਾਂ ਦੀ ਗਿਆਤ ਲਈ ਦੱਸਿਆ ਜਾਂਦਾ ਹੈ ਕਿ 30 ਅਪ੍ਰੈਲ 1877 ਦੇ ਦਿਨ ਸਵੇਰ ਦੇ 4.30 ਵਜੇ ਇਕ ਅਜਬ ਖੇਲ ਵਰਤਿਆ। ਕੋਈ ਚਾਰ ਕੂ ਸੌ ਪ੍ਰੇਮੀ ਸ੍ਰੀ ਹਰਿੰਦਰ ਸਾਹਿਬ ਜੀ ਵਿਚ ਕੀਰਤਨ ਦਾ ਅਨੰਦ ਲੈ ਰਹੇ ਸਨ ਜਦ ਅਚਨਚੇਤ ਹੀ ਬਿਜਲੀ ਦੀ ਇਕ ਲਿਸ਼ਕ ਦਿੱਸੀ। ਉਹ ਇਕ ਵੱਡੀ ਰੌਸ਼ਨੀ ਦੀ ਸ਼ਕਲ ਵਿਚ ਪਹਾੜ ਦੀ ਬਾਹੀ ਦੇ ਦਰਵਾਜ਼ੇ ਵਿਚੋਂ ਆਈ, ਠੀਕ ਗੁਰੂ ਗ੍ਰੰਥ ਸਾਹਿਬ ਦੇ ਸਾਹਮਣੇ ਗੋਲਾ ਜਿਹਾ ਬਣ ਕੇ ਫਟੀ ਅਤੇ ਚਾਨਣ ਹੀ ਚਾਨਣ ਕਰ ਕੇ ਦੱਖਣੀ ਦਰਵਾਜ਼ੇ ਥਾਣੀ ਇਕ ਰੌਸ਼ਨੀ ਦੀ ਲੀਕ ਬਣ ਕੇ ਨਿਕਲ ਗਈ। ਭਾਵੇਂ ਇਸ ਦੇ ਫੱਟਣ ਸਮੇਂ ਭਿਆਨਕ ਤੇ ਜ਼ੋਰ ਦੀ ਆਵਾਜ਼ ਆਈ, ਪਰ ਅੰਦਰ ਬੈਠੇ ਕਿਸੇ ਪ੍ਰੇਮੀ, ਇਮਾਰਤ ਜਾਂ ਚੀਜ਼ ਨੂੰ ਕਿਸੇ ਪ੍ਰਕਾਰ ਦਾ ਨੁਕਸਾਨ ਨਾ ਪੁੱਜਾ। ਇਸ ਅਲੌਕਿਕ ਦ੍ਰਿਸ਼ ਨੂੰ ਸਭ ਲੋਕੀਂ ਸ੍ਰੀ ਗੁਰੂ ਰਾਮਦਾਸ ਜੀ ਦਾ ਕੌਤਕ ਦਸਦੇ ਹਨ।

ਇਸ ਕਹਾਣੀ ਨਾਲ ਨਿਰਮਲੇ ਪੁਜਾਰੀਆਂ ਨੇ ਸੂਰਜ ਦੀਆਂ ਕਿਰਨਾਂ ਦੇ ਇਕ ਲਿਸ਼ਕਾਰੇ ਨੂੰ ਚਮਤਕਾਰ ਤੇ ਜਾਦੂ ਬਣਾਉਣ ਦੀ ਕੋਸ਼ਿਸ਼ ਕੀਤੀ। ਹੋਰ ਤਾਂ ਹੋਰ ਉਨ੍ਹਾਂ ਨੇ ਦਰਬਾਰ ਸਾਹਿਬ ਵਿਚ ਇਸ ਘਟਨਾ ਨੂੰ ਲਿਖਤੀ ਰੂਪ ਵਿਚ ਸੁਨਹਿਰੀ ਅੱਖਰਾਂ ਵਿਚ ਉਕਰਵਾ ਕੇ ਦਰਬਾਰ ਸਾਹਿਬ ਦੀ ਦਰਸ਼ਨੀ ਡਿਉਢੀ ਦੇ ਦਰਵਾਜ਼ੇ ਵਾਲੀ ਕੰਧ ਤੇ ਮੜ੍ਹ ਵੀ ਦਿੱਤਾ।

ਇਸ ਘਟਨਾ ਨੂੰ ਇਸ ਤੋਂ ਇਲਾਵਾ ਕਿਸੇ ਲਿਖਾਰੀ ਨੇ, 1877 ਵਿਚ ਜਾਂ ਇਸ ਤੋਂ 50 ਸਾਲ ਮਗਰੋਂ ਤੱਕ ਵੀ, ਕਿਸੇ ਵੀ ਅਖ਼ਬਾਰ, ਕਿਤਾਬ ਵਗ਼ੈਰਾ ਵਿੱਚ ਨਹੀਂ ਲਿਖਿਆ ਸੀ। ਇਸ ਦਾ ਜ਼ਿਕਰ ਪ੍ਰੋ. ਸਾਹਿਬ ਸਿੰਘ ਨੇ ਆਪਣੀ ਕਿਤਾ ਮੇਰੀ ਜੀਨ ਕਹਾਣੀ ਵਿਚ ਕਰਦਿਆਂ ਲਿਖਿਆ ਹੈ ਕਿ ਉਨ੍ਹਾਂ ਨੂੰ ਇਹ ਘਟਨਾ ਦਰਬਾਰ ਸਾਹਿਬ ਦੇ ਸਰਬਰਾਹ ਸੁਰਦ ਸਿੰਘ ਰਾਮਗੜ੍ਹੀਆ ਨੇ ਸੁਣਾਈ ਸੀ ਤੇ ਸੁੰਦਰ ਸਿੰਘ ਮੁਤਾਬਿਕ ਉਸ ਨੇ ਇਹ ਆਪਣੇ ਤੋਂ ਪਹਿਲਾਂ ਦੇ ਸਰਬਰਾਹ ਤੋਂ ਸੁਣੀ ਸੀ। (ਉਂਞ ਸੁੰਦਰ ਸਿੰਘ ਦੀ ਇਹ ਗੱਲ ਵੀ ਗ਼ਲਤ ਹੈ ਕਿਉਂ ਕਿ ਉਸ ਤੋਂ ਪਹਿਲਾਂ ਅਰੂੜ ਸਿੰਘ ਸਰਬਰਾਹ ਸੀ ਤੇ ਅਰੂੜ ਸਿੰਘ ਦੇ ਕਾਲ ਵਿਚ ਇਸ ਘਟਨਾ ਬਾਰੇ ਕਿਤੇ ਵੀ ਕੋਈ ਲਿਖਤ ਨਹੀਂ ਮਿਲਦੀ)।

ਮਗਰੋਂ ਦੇ ਲੇਖਕਾਂ ਨੇ ਇਸ ਕਹਾਣੀ ਨੂੰ ਇਸ ਤਰੀਕੇ ਨਾਲ ਪੇਸ਼ ਕੀਤਾ ਕਿ ਅੰਗਰੇਜ਼ਾਂ ਨੇ ਅਕਾਲੀਆਂ ਦੀਆਂ ਐਜੀਟੇਸ਼ਨਾਂ ਤੋਂ ਔਖੇ ਹੋ ਕੇ ਅੰਮ੍ਰਿਤਸਰ ਸਰੋਵਰ ਅਤੇ ਦਰਬਾਰ ਸਾਹਿਬ ਦੀ ਜਗਹ ਨੂੰ ਵੇਚਣ ਦਾ ਫ਼ੈਸਲਾ ਕਰ ਲਿਆ ਸੀ। ਇਸ ਦੀ ਨੀਲਾਮੀ 30 ਅਪ੍ਰੈਲ 1877 ਦੇ ਦਿਨ ਵਾਸਤੇ ਰੱਖੀ ਗਈ ਸੀ।

ਪਹਿਲੀ ਗੱਲ ਤਾਂ ਇਹ ਪ੍ਰਚਾਰ ਝੂਠਾ ਹੈ ਕਿਉਂ ਕਿ ਅਕਾਲੀਆਂ ਦੀਆਂ ਐਜੂਟੇਸ਼ਨਾਂ ਤਾਂ 1920 ਤੋਂ ਮਗਰੋਂ ਸ਼ੁਰੂ ਹੋਈਆਂ ਸਨ। ਕੂਕਾ ਰਾਮ ਸਿੰਘ ਦੀ ਗ੍ਰਿਫ਼ਤਾਰੀ (1872) ਤੋਂ ਮਗਰੋਂ ਸਿੱਖਾਂ ਦੀ ਜ਼ਰਾ ਮਾਸਾ ਵੀ ਸਿਆਸੀ ਸਰਗਰਮੀ ਨਹੀਂ ਸੀ। ਉਸ ਤੋਂ ਪਹਿਲਾਂ ਵੀ ਅੰਮ੍ਰਿਤਸਰ ਤੇ ਖ਼ਾਸ ਕਰ ਕੇ ਦਰਬਾਰ ਸਾਹਿਬ ਵਿਚ ਤਾਂ ਕੂਕਿਆਂ ਦਾ ਕੋਈ ਅਸਰ ਨਹੀਂ ਸੀ; ਦਰਬਾਰ ਸਾਹਿਬ ਤੇ ਤਾਂ ਸਗੋਂ ਸਰਕਾਰ ਦੇ ਥਾਪੇ ਸਰਬਰਾਹਾਂ ਦਾ ਕਬਜ਼ਾ ਸੀ। ਸਰਕਾਰ ਤਾਂ ਸਗੋਂ ਉਨ੍ਹਾਂ ਨੂੰ ਆਪਣੇ ਫ਼ਾਇਦੇ ਵਾਸਤੇ ਵਰਤਦੀ ਰਹਿੰਦੀ ਸੀ। ਸੋ, ਦਰਬਾਰ ਸਾਹਿਬ ਤੇ ਕਬਜ਼ਾ ਕਰ ਕੇ ਨਿਲਾਮੀ ਕਰਨਾ ਤਾਂ ਅੰਗਰੇ ਕਦੇ ਨਹੀਂ ਸਨ ਕਰ ਸਕਦੇ।

ਦੂਜਾ, ਅੰਗਰੇਜ਼ਾਂ ਵੱਲੋਂ ਦਰਬਾਰ ਸਾਹਿਬ ਬਾਰੇ ਅਜਿਹਾ ਕਰ ਸਕਣ ਤਾਂ ਕੀ ਸੋਚਣ ਦੀ ਹਰਕਤ ਬਾਰੇ ਮੰਨਣਾ, ਤੇ ਫਿਰ ਅੰਗਰੇਜ਼ਾਂ ਵੱਲੋਂ ਇਹ ਹਰਕਤ ਉਦੋਂ ਕਰਨ ਦੀ ਗੱਲ ਸੋਚਣਾ ਜਦੋਂ ਸਿੰਘ ਸਭਾ ਲਹਿਰ ਸ਼ੁਰੂ ਹੋ ਚੁਕੀ ਸੀ ਤੇ ਗੁਰਮੁਖੀ ਵਿਚ ਅਖ਼ਬਾਰਾਂ ਵੀ ਛਪਣੀਆਂ ਸ਼ੁਰੂ ਹੋ ਚੁਕੀਆਂ ਸਨ; ਇਹ ਬੂਝੜਤਾ ਦੀ ਹੱਦ ਹੈ । ਫਿਰ ਇਹ ਕਹਿਣਾ ਕਿ ਇਸ ਅਖੌਤੀ ਕੌਤਕ ਤੋਂ ਅੰਗਰੇਜ਼ ਡਰ ਗਏ ਅਤੇ ਉਨ੍ਹਾਂ ਨੇ ਅੰਮ੍ਰਿਤਸਰ ਸਰੋਵਰ ਅਤੇ ਦਰਬਾਰ ਸਾਹਿਬ ਵਾਲਾ ਥਾਂ ਨੀਲਾਮ ਕਰਨ ਤੋਂ ਤੌਬਾ ਕਰ ਲਈ; ਇਹ ਵੀ ਨਿਰੀ ਗੱਪ ਹੈ। ਜੇ ਅੰਗਰੇਜ਼ਾਂ ਨੂੰ ਇਸ ਅਖੌਤੀ ਚਮਤਕਾਰ ਤੋਂ ਡਰ ਲੱਗ ਗਿਆ ਹੁੰਦਾ ਤਾਂ ਉਹ ਚਾਬੀਆਂ ਦੇ ਮੋਰਚੇ ਵੇਲੇ ਦਰਬਾਰ ਸਾਹਿਬ ਦੀਆਂ ਚਾਬੀਆਂ ਹੀ ਕਿਉਂ ਲੈਂਦੇ ਜਾਂ ਗੁਰੂ ਦਾ ਬਾਗ਼ ਵਿਚ ਡਾਂਗਾਂ ਕਿਉਂ ਚਲਉਂਦੇ ਤੇ ਜੈਤੋ ਵਿਚ ਗੋਲੀਆਂ ਕਿਉਂ ਚਲਾਉਂਦੇ।

ਫਿਰ ਅੰਗਰੇਜ਼ੀ ਸਰਕਾਰ ਦੇ ਰਿਕਾਰਡ ਵਿਚ ਇਸ ਦਾ ਜ਼ਰਾ ਮਾਸਾ ਵੀ, ਅਸਿੱਧਾ ਵੀ, ਜ਼ਿਕਰ ਨਹੀਂ ਹੈ। ਇਹੋ ਜਿਹੀ ਘਟਨਾ ਹੋਵੇ, ਅੰਗਰੇਜ਼ ਸਰਕਾਰ ਡਰ ਗਈ ਹੋਵੇ ਤੇ ਪਛਤਾਵੇ ਵਜੋਂ ਕੜਾਹ ਪਰਸ਼ਾਦ ਦੀਆਂ ਦੇਗਾਂ ਚੜ੍ਹਾਈਆਂ ਹੋਣ ਤੇ ਇਸ ਦਾ ਸਰਕਾਰ ਰਿਕਾਰਡ ਜਾਂ ਕਿਸੇ ਅਖ਼ਬਾਰ ਵਿਚ ਜਾਂ ਕਿਸੇ ਅੰਗਰੇਜ਼ ਲਿਖਾਰੀ ਜਾ ਯਾਤਰੂ ਦੀ ਕਿਸੇ ਕਿਤਾਬ ਜ਼ਰਾ ਮਾਸਾ ਵੀ, ਸਿੱਧਾ ਜਾਂ ਅਸਿੱਧਾ ਜ਼ਿਕਰ ਹੀ ਨਾ ਹੋਵੇ। ਇਹੋ ਜਿਹੀਆਂ ਕਈ ਗੱਪਾਂ ਕਵੀ ਸੰਤੋਖ ਸਿੰਘ ਅਤੇ ਗਿਆਨੀ ਗਿਆਨ ਸਿੰਘ ਨੇ ਘੜੀਆਂ ਸਨ।

ਗਿਆਨੀ ਗਿਆਨ ਸਿੰਘ ਉਸ ਵੇਲੇ ਸਿੱਖ ਇਤਿਹਾਸ ਲਿਖ ਰਿਹਾ ਸੀ। ਹੋ ਸਕਦਾ ਹੈ ਕਿ ਇਹ ਗੱਪ ਉਸ ਨੇ ਜਾਂ ਉਸ ਨੇ ਅਤੇ ਨਿਰਮਲਾ ਪੁਜਾਰੀਆਂ ਨੇ ਮਿਲ ਕੇ ਘੜੀ ਹੋਵੇ। ਦਰਬਾਰ ਸਾਹਿਬ ਵਿੱਚ ਇਹ ਨਕਲੀ ਘਟਨਾ 1877 ਵਿਚ ਨਹੀਂ ਉਕਰਵਾਈ ਗਈ ਸੀ; ਇਹ ਬਹੁਤ ਬਾਅਦ ਦੀ ਹੈ।

ਦਰਅਸਲ ਇਹ ਕਹਾਣੀ ਪ੍ਰੋ ਗੁਰਮੁਖ ਸਿੰਘ ਨੂੰ ਅਖੌਤੀ ਤੌਰ ਤੇ ਖਾਰਜ ਕਰਨ ਦੇ ਡਰਾਮੇ ਤੋਂ ਬਹੁਤ ਮਗਰੋਂ ਦੀ ਹੈ। ਉਦੋਂ ਇਸ ਜਗਹ ਤੇ ਖੇਮ ਸਿੰਘ ਬੇਦੀ ਟੋਲੇ ਦੀ ਹਕੂਮਤ ਸੀ। ਉਨ੍ਹਾਂ ਨੇ ਹੀ ਇਸ ਗੱਲ ਨੂੰ ਲੋਕਾਂ ਵਿਚ ਅੰਧ ਵਿਸ਼ਵਾਸ ਪੈਦਾ ਕਰਨ ਵਾਸਤੇ ਪਰਚਾਰਿਆ ਸੀ।

(ਤਸਵੀਰ ਸੁਖ ਭੰਡਾਲ ਤੇ ਰਮਨਦੀਪ ਸਿੰਘ)


ਜੇ ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ।


ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org  and cannot be held responsible for their views.  Read full details....

Go to Top