Share on Facebook

Main News Page

ਕਥਾ/ਕੀਰਤਨ ਸਰਵਣ ਕਰੋ ਕਿ ਸ਼੍ਰਵਣ ਕਰੋ ?
-: ਪ੍ਰੋ. ਕਸ਼ਮੀਰਾ ਸਿੰਘ ਯੂ.ਐਸ.ਏ.

ਸ਼੍ਰੋਤਿਆਂ ਵਲੋਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸ਼ਬਦਾਵਲੀ ਵਲ ਵਿਸ਼ੇਸ਼ ਧਿਆਨ ਨਾ ਦੇਣ ਕਰ ਕੇ ਪ੍ਰਚਾਰਕ ਸੱਜਣ ਗੁਰਬਾਣੀ ਦੇ ਸ਼ਬਦਾਂ ਨੂੰ ਸੰਗਤ ਵਿੱਚ ਜਿਵੇਂ ਵੀ ਪੜ੍ਹਦੇ ਹਨ ਸ਼੍ਰੋਤਿਆਂ ਨੇ ਓਵੇਂ ਹੀ ਮੰਨ ਲਿਆ ਹੋਇਆਂ ਹੈ । ਮੰਨਣ ਵੀ ਕਿਵੇਂ ਨਾ, ਉਨ੍ਹਾਂ ਬਹੁਤਿਆਂ ਦੀ ਗੁਰਬਾਣੀ ਨੂੰ ਸਮਝਣ ਦੀ ਆਪਣੀ ਕੋਈ ਮਿਹਨਤ ਨਹੀਂ ਹੈ। ਜੇ ਕਿਸੇ ਦੀ ਮਿਹਨਤ ਹੈ ਅਤੇ ਉਹ ਪ੍ਰਚਾਰਕ ਦੇ ਕਹੇ ਨੂੰ ਗ਼ਲਤ਼ ਕਹਿੰਦਾ ਹੈ ਤਾਂ ਪ੍ਰਬੰਧਕਾਂ ਨੂੰ ਹੀ ਚੰਗਾ ਨਹੀਂ ਲੱਗਦਾ।

ਇਹ ਠੀਕ ਹੈ ਕਿ ਪ੍ਰਚਾਰਕਾਂ ਤੋਂ ਗੁਰਬਾਣੀ ਦੇ ਸ਼ਬਦਾਂ ਨੂੰ ਠੀਕ ਪੜ੍ਹਨ ਦੀ ਉਮੀਦ ਕੀਤੀ ਜਾਂਦੀ ਹੈ ਕਿਉਂਕਿ ਉਹ ਸ਼੍ਰੋਤਿਆਂ ਨਾਲੋਂ ਵੱਧ ਸਮਝਦਾਰ ਮੰਨੇ ਜਾਂਦੇ ਹਨ। ਪ੍ਰਚਾਰਕਾਂ ਦੇ ਇਸ ਗੁਣ ਦੀ ਪ੍ਰਚਾਰਕ ਆਪ ਹੀ ਦੁਰਵਰਤੋਂ ਕਰ ਰਹੇ ਜਾਪਦੇ ਹਨ। ਪ੍ਰਚਾਰਕ ਇਹ ਕਹਿੰਦੇ ਸੁਣੇ ਗਏ ਹਨ ਕਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਇੱਕ-ਇੱਕ ਪੰਕਤੀ ਨੂੰ ਅਰਥਾਂ ਸਮੇਤ ਸਮਝ ਨਾਲ਼ ਪੜ੍ਹ ਕੇ ਪਾਠ ਕਰਨਾ ਚਾਹੀਦਾ ਹੈ। ਇਹ ਬੜਾ ਚੰਗਾ ਉਪਦੇਸ਼ ਹੈ ਜੇ ਇਸ ਨੂੰ ਪ੍ਰਚਾਰਕ ਆਪਿ ਵੀ ਅਪਨਾਉਣ। ਅਜਿਹੇ ਪ੍ਰਚਾਰਕਾਂ ਦੇ ਮੂਹੋਂ ਜੇ ਆਪ ਹੀ ਗੁਰਬਾਣੀ ਦੇ ਸ਼ਬਦਾਂ ਦਾ ਪਾਠ ਗ਼ਲਤ਼ ਹੋਵੇ ਤਾਂ ਫਿਰ ਕੀ ਕੀਤਾ ਜਾਵੇ? ਫਿਰ ਤਾਂ ਇਹ ਹੀ ਕਹਿਣਾ ਬਣਦਾ ਹੈ ਕਿ- ਅੰਧਾ ਆਗੂ ਜੇ ਥੀਐ ਸਭੁ ਸਾਥ ਮੁਹਾਵੈ॥ ਅੰਨ੍ਹੇ ਆਗੂ ਮਗਰ ਲੱਗ ਕੇ ਆਪਿ ਡੁੱਬਣ ਦੀ ਲੋੜ ਨਹੀਂ ਸਗੋਂ ਗੁਰਬਾਣੀ ਦੀ ਆਪਿ ਸਮਝ ਅਤੇ ਸੋਝੀ ਪ੍ਰਾਪਤ ਕਰਨ ਦੀ ਲੋੜ ਹੈ।

ਗੁਰਬਾਣੀ ਵਿੱਚ (ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿੱਚ) ‘ਸਰਵਣ’ ਸ਼ਬਦ ਸੁਣਨ ਦੇ ਅਰਥਾਂ ਵਿੱਚ ਕਿਤੇ ਨਹੀਂ ਮਿਲ਼ਦਾ, ਫਿਰ ਵੀ ਬਹੁ ਗਿਣਤੀ ਪ੍ਰਚਾਰਕ ਸੰਗਤ ਵਿੱਚ ਪਾਠ ‘ਸਰਵਣ ਕਰੋ’ ਬੋਲਦੇ ਹਨ। ਬਹੁਤੇ ਪ੍ਰਚਾਰਕਾਂ ਅਤੇ ਸਟੇਜ਼ ਸਕੱਤਰਾਂ ਵਲੋਂ ‘ਸਰਵਣ ਕਰੋ’ ਦੇ ਅਰਥ ‘ਸੁਣੋ’ ਸਮਝੇ ਜਾ ਰਹੇ ਹਨ ਜਦੋਂ ਕਿ ਅਜਿਹਾ ਨਹੀਂ ਹੈ। ਪ੍ਰਚਾਰਕਾਂ ਵਲੋਂ ‘ਸਰਵਣ’ ਸ਼ਬਦ ਦੀ ਵਰਤੋਂ ‘ਸ਼੍ਰਵਣ’ ਸ਼ਬਦ ਦੇ ਥਾਂ ਕੀਤੀ ਜਾ ਰਹੀ ਹੈ, ਭਾਵੇਂ, ਇਹ ਠੀਕ ਨਹੀਂ। ਸ੍ਰਵਣ ਅਤੇ ਸ਼੍ਰਵਣ ਸ਼ਬਦਾਂ ਨੂੰ ਸਮਝਣ ਲਈ ਹੇਠ ਲਿਖੀ ਭਾਸ਼ਾ-ਵਿਚਾਰ ਵਲ ਧਿਆਨ ਦੇਣ ਦੀ ਲੋੜ ਹੈ:-

‘ਸ੍ਰਵ’ ਅਤੇ ‘ਸ਼੍ਰਵ’ ਧਾਤੂ ਸ਼ਬਦਾਂ ਦੀ ਵਰਤੋਂ:

ਸੰਸਕ੍ਰਿਤ ਭਾਸ਼ਾ ਅਨੁਸਾਰ ਸ੍ਰਵਣ ਸ਼ਬਦ ਦੇ ਦੋ ਰੂਪ (ਸ੍ਰਵਣ ਅਤੇ ਸ਼੍ਰਵਣ) ਗੁਰਬਾਣੀ ਵਿੱਚ ਮਿਲ਼ਦੇ ਹਨ। ਇਨ੍ਹਾਂ ਦੋ ਰੂਪਾਂ ਦੇ ਧਾਤੂ ਹਨ- ਸ੍ਰਵ ਅਤੇ ਸ਼੍ਰਵ। ‘ਸ੍ਰਵ’ ਦਾ ਅਰਥ ਹੈ ਵਹਿਣਾ ਜਾਂ ਤਰਲ ਵਸਤੂ ਦਾ ਨਿਕਲਣਾ ਜਾਂ ਟਪਕਣਾਂ (to ooze out) ਬੱਚੇ ਨੂੰ ਮਾਂ ਦਾ ਦੁੱਧ ਇਸੇ ਢੰਗ ਨਾਲ਼ ਪ੍ਰਾਪਤ ਹੁੰਦਾ ਹੈ। ‘ਸ੍ਰਵ’ ਸ਼ਬਦ ਤੋਂ ਗੁਰਬਾਣੀ ਵਿੱਚ ‘ਸ੍ਰਵਹਿ’ (ਗਗਸ 998/3) ਸ਼ਬਦ ਦੀ ਵਰਤੋਂ ਹੋਈ ਹੈ, ਜਿਵੇਂ:-

ਨਵੇ ਛਿਦ੍ਰ ਸ੍ਰਵਹਿ ਅਪਵਿਤ੍ਰਾ ॥ ਬੋਲਿ ਹਰਿ ਨਾਮ ਪਵਿਤ੍ਰ ਸਭਿ ਕਿਤਾ ॥

ਅਰਥ:- (ਹੇ ਭਾਈ! ਮਨੁੱਖਾ ਸਰੀਰ ਵਿਚ ਨੱਕ ਕੰਨ ਆਦਿਕ ਨੌ ਛੇਕ ਹਨ, ਇਹ) ਨੌ ਹੀ ਛੇਕ ਸਿੰਮਦੇ ਰਹਿੰਦੇ ਹਨ (ਅਤੇ ਵਿਕਾਰ-ਵਾਸਨਾ ਆਦਿਕ ਦੇ ਕਾਰਨ) ਅਪਵਿੱਤਰ ਭੀ ਹਨ । (ਜਿਹੜਾ ਮਨੁੱਖ ਹਰਿ-ਨਾਮ ਉਚਾਰਦਾ ਹੈ) ਹਰਿ-ਨਾਮ ਉਚਾਰ ਕੇ ਉਸ ਨੇ ਇਹ ਸਾਰੇ ਪਵਿੱਤਰ ਕਰ ਲਏ ਹਨ । ਇਵੇਂ ਹੀ ‘ਸ੍ਰਮਹਿ’ ਸ਼ਬਦ (ਗਗਸ 93/11) ਵੀ ‘ਸ੍ਰਵਹਿ’ ਦੇ ਹੀ ਅਰਥਾਂ ਵਿੱਚ ਆਇਆ ਹੈ।

‘ਸ੍ਰਵ’ ਸ਼ਬਦ ਤੋਂ ‘ਸ੍ਰਵਣਾ’ (ਅਰਥ ਅਸਥਨ, ਥਣ) ਸ਼ਬਦ ਦੀ ਵਰਤੋਂ 1 ਵਾਰੀ (ਗਗਸ 1194/3) ਹੋਈ ਹੈ, ਜਿਵੇਂ:-

ਜੋਇ ਖਸਮੁ ਹੈ ਜਾਇਆ ॥ ਪੂਤਿ ਬਾਪੁ ਖੇਲਾਇਆ॥ ਬਿਨੁ ਸ੍ਰਵਣਾ ਖੀਰੁ ਪਿਲਾਇਆ ॥1॥

ਪਦਅਰਥ:- ਜੋਇ-ਇਸਤ੍ਰੀ (ਨੇ) । ਜਾਇਆ-ਜੰਮਿਆ, ਜਨਮ ਦਿੱਤਾ । ਪੂਤਿ-ਪੁੱਤਰ (ਮਨ) ਨੇ । ਖੇਲਾਇਆ-ਖੇਡੇ ਲਾਇਆ ਹੈ । ਸ੍ਰਵਣ-{ਸ਼ਕਟ. ਢਲੋਾਨਿਗ, ਟਰਚਿਕਲਨਿਗ, ੋਜ਼ਨਿਗ, (ਦੁੱਧ) ਵਗਣਾ, ਸਿੰਮਣਾ} ਥਣ । ਖੀਰੁ-ਦੁੱਧ ।1।

ਅਰਥ: ਇਸਤ੍ਰੀ ਨੇ ਖਸਮ ਨੂੰ ਜਨਮ ਦਿੱਤਾ ਹੈ (ਭਾਵ, ਜਿਸ ਮਨ ਨੂੰ ਮਾਇਆ ਨੇ ਜਨਮ ਦਿੱਤਾ ਹੈ, ਉਹੀ ਇਸ ਨੂੰ ਭੋਗਣਹਾਰਾ ਬਣ ਜਾਂਦਾ ਹੈ) । ਮਨ-ਪੁੱਤਰ ਨੇ ਪਿਉ-ਜੀਵਾਤਮਾ ਨੂੰ ਖੇਡੇ ਲਾਇਆ ਹੋਇਆ ਹੈ । (ਇਹ ਮਨ) ਥਣਾਂ(ਸ੍ਰਵਣਾ) ਤੋਂ ਬਿਨਾ ਹੀ (ਜੀਵਾਤਮਾ ਨੂੰ) ਦੁੱਧ ਪਿਲਾ ਰਿਹਾ ਹੈ (ਭਾਵ, ਨਾਸਵੰਤ ਪਦਾਰਥਾਂ ਦੇ ਸੁਆਦ ਵਿਚ ਪਾ ਰਿਹਾ ਹੈ) ।1।

‘ਸ਼੍ਰਵ’ ਧਾਤੂ ਤੋਂ ਬਣੇ ਸ਼ਬਦ ਕੰਨਾਂ ਜਾਂ ਸੁਣਨ ਲਈ ਵਰਤੇ ਗਏ ਹਨ। ਅਜਿਹੇ ਸ਼ਬਦ ਜੋੜ ਹਨ:-

ਗੁਰਬਾਣੀ ਵਿੱਚ ਸ਼੍ਰਵਣੰ 2 ਵਾਰੀ, ਸ਼੍ਰਵਣ 7 ਵਾਰੀ, ਸ਼੍ਰਵਣਿ 3 ਵਾਰੀ, ਸ਼੍ਰਵਣੁ 1 ਵਾਰੀ, ਸ਼੍ਰਵਣਹਿ 1 ਵਾਰੀ, ਸ਼੍ਰਵਣਹੁ 1 ਵਾਰੀ (ਅਨੰਦੁ ਬਾਣੀ ਵਿੱਚ), ਸ਼੍ਰਵਣੀ 16 ਵਾਰੀ, ਸ਼੍ਰਵਨ 21 ਵਾਰੀ, ਸ਼੍ਰਵਨਿ 2 ਵਾਰੀ, ਸ਼੍ਰਵਨਹੁ 1 ਵਾਰੀ, ਸ਼੍ਰਵਨਨ 1 ਵਾਰੀ, ਸ਼੍ਰਵਨਨ੍‍ 1 ਵਾਰੀ, ਸ਼੍ਰਵਨਾ 2 ਵਾਰੀ, ਸ਼੍ਰਵਨੀ 6 ਵਾਰੀ ਅਤੇ ਸ਼੍ਰਵਨੂ 1 ਵਾਰੀ ਆਇਆ ਹੈ।

ਸਿੱਟਾ:

‘ਪਾਠ ਸ਼੍ਰਵਣ ਕਰੋ’ ਕਹਿਣ ਤੋਂ ਭਾਵ ਹੈ - ਪਾਠ ਕੰਨਾਂ ਨਾਲ਼ ਸੁਣੋ ਜੋ ਬਿਲਕੁਲ ਸਹੀ ਸੰਬੋਧਨ ਹੈ।

‘ਪਾਠ ਸਰਵਣ/ਸ੍ਰਵਣ ਕਰੋ’ ਤੋਂ ਭਾਵ ਹੈ - ਪਾਠ ਸ੍ਰਵਣਾਂ ( ਛਾਤੀਆਂ) ਨਾਲ਼ ਸੁਣੋ। ਪਾਠ ਛਾਤੀਆਂ ਦੁਆਰਾ ਸੁਣਨਾ ਹੈ ਕਿ ਕੰਨਾਂ ਦੁਆਰਾ?

ਹੁਣ ਪਾਠਕ ਆਪ ਹੀ ਅੰਦਾਜ਼ਾ ਲਾ ਲੈਣ ਕਿ ਕਿੰਨੇ ਪ੍ਰਚਾਰਕ ਆਪ ਅਰਥ ਸਮਝ ਕੇ ਸਹਜ ਪਾਠ ਕਰਦੇ ਹੋਣਗੇ ਅਤੇ ਕਿੰਨੇ ਤੋਤਾ ਰਟਨੀ। ਅਨੰਦੁ ਬਾਣੀ ਵਿੱਚ ਆਈ ਤੁਕ ਨੂੰ ‘ਏ ਸ੍ਰਵਣਹੁ ਮੇਰਿਹੋ ਸਾਚੈ ਸੁਨਣੈ ਨੋ ਪਠਾਏ॥’ ਪੜ੍ਹਨ ਵਾਲ਼ੇ ਹੁਣ ਤਕ ਕਹਿੰਦੇ ਆ ਰਹੇ ਹਨ ਕਿ ਹੇ ਮੇਰੀਓ ਛਾਤੀਓ ਤੁਸੀਂ ਸੱਚੇ ਨੂੰ ਸੁਣਨ ਲਈ ਭੇਜੀਆਂ ਗਈਆਂ ਹੋ ਜਾਂ ਹੇ ਮੇਰੇ ਥਣੋ ਤੁਸੀਂ ਸੱਚੇ ਨੂੰ ਸੁਣਨ ਲਈ ਭੇਜੇ ਗਏ ਹੋ। ਗੁਰਬਾਣੀ ਦੀ ਭਾਸ਼ਾ ਵਿੱਚ ‘ਸ੍ਰਵਣ’ ਦਾ ਅਰਥ ‘ਅਸਥਨ’ ਜਾਂ ‘ਥਣ’ ਹੈ। ਗੁਰਬਾਣੀ ਵਿੱਚ ਵਰਤੀ ਭਾਸ਼ਾ ਅਨੁਸਾਰ ਸ਼ਬਦਾਂ ਨੂੰ ਨਾ ਬੋਲਣਾਂ ਅਨੱਰਥ ਹੀ ਕਰਨਾ ਹੈ।

ਬੇਨਤੀ: ਦਾਸ ਕੋਲ਼ ‘ਗੁਰਬਾਣੀ ਦੀਆਂ ਅਲੋਪ ਹੋ ਰਹੀਆਂ ਪੁਰਾਤਨ ਭਾਸ਼ਾ ਧੁਨੀਆਂ’ ਨਾਂ ਦੀ ਕਿਤਾਬ ਦੀਆਂ ਕੁੱਝ ਕਾਪੀਆਂ ਹਨ। ਇੱਸ ਵਿੱਚ ਗੁਰਬਾਣੀ ਵਿੱਚ ਵਰਤੇ , ਉੱਚਾਰਣ ਨੂੰ ਪ੍ਰਭਾਵਤ ਕਰਦੇ, ਅ਼ਰਬੀ ਫ਼ਾਰਸੀ ਅਤੇ ਸੰਸਕ੍ਰਿਤ ਸ਼ਬਦਾਂ ਦੀ ਪੰਨਾਂ ਵਾਰ, ਅਰਥਾਂ ਸਮੇਤ ਦਿੱਤੀ ਭਾਸ਼ਾ ਦਾ ਨਾਂ ਲਿਖ ਕੇ, ਸੂਚੀ ਦਿੱਤੀ ਹੈ। ਇੱਕ ਹਜ਼ਾਰ ਕਿਤਾਬ ਛਪਵਾ ਕੇ ਧਾਰਮਿਕ ਸੰਸਥਾਵਾਂ, ਸਕੂਲਾਂ, ਕਾਲਜਾਂ, ਮਿਸ਼ਨਰੀ ਕਾਲਜਾਂ ਅਤੇ ਵਿਸ਼ਵਵਿਦਿਆਲਿਆਂ ਨੂੰ 5-5 ਕਾਪੀਆਂ ਵਜੋਂ ਮੁਫ਼ਤ ਵੰਡ ਦਿੱਤੀ ਗਈ ਸੀ।

ਜੇ ਕੋਈ ਸੰਸਥਾ ਇਸ ਨੂੰ ਛਪਵਾ ਕੇ ਅਗਾਂਹ ਸੰਗਤਾਂ ਵਿੱਚ ਪਹੁੰਚਾਉਣਾ ਚਾਹੁੰਦੀ ਹੋਵੇ ਜਾਂ ਈਬੁੱਕ ਬਣਾਉਣਾ ਚਾਹੁੰਦੀ ਹੋਵੇ ਉਸ ਨੂੰ ਇੱਕ ਕਾਪੀ ਮੁਫ਼ਤ ਦੇ ਦਿੱਤੀ ਜਾਵੇਗੀ। ਆਪਣਾ ਪਤਾ ਅਤੇ ਫ਼ੋਨ ਨੰਬਰ ਈਮੇਲ ਰਾਹੀਂ ਖ਼ਾਲਸਾ ਨਿਊਜ਼ khalsanews@yahoo.com ਨੂੰ ਭੇਜ ਦਿੱਤਾ ਜਾਵੇ।


ਜੇ ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ।


ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org  and cannot be held responsible for their views.  Read full details....

Go to Top