Share on Facebook

Main News Page

ਗੁਰਬਾਣੀ ਪਰਿਪੇਖ ਵਿੱਚ ਗੀਤਾ ਦਰਸ਼ਨ
-: ਜਗਤਾਰ ਸਿੰਘ ਜਾਚਕ

ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਮਾਨਵ-ਵਾਦੀ ਤੇ ਮਾਨਵ-ਦਰਦੀ ਬਾਣੀਕਾਰ (ਗੁਰੂ ਸਾਹਿਬਾਨ ਤੇ ਭਗਤ-ਜਨ ਆਦਿਕ) ਸੱਚ-ਧਰਮ ਦੇ ਪਰਉਪਕਾਰੀ ਪ੍ਰਚਾਰਕ ਸਨ । ਉਹ ਧਾਰਮਿਕ ਕਰਮਕਾਂਡ ਤੇ ਪਖੰਡਵਾਦ, ਸਮਾਜਿਕ ਊਚ-ਨੀਚ ਤੇ ਛੂਤ-ਛਾਤ ਅਤੇ ਰਾਜਨੀਤਕ ਧੱਕੇ ਤੇ ਅਨਿਆਂ ਦੇ ਕੱਟੜ ਵਿਰੋਧੀ ਸਨ । ਇਹੀ ਕਾਰਣ ਹੈ ਕਿ ਗੁਰਬਾਣੀ ਵਿੱਚ ਸਮਕਾਲੀ ਧਰਮ ਗ੍ਰੰਥਾਂ ਅਤੇ ਧਾਰਮਿਕ ਆਗੂਆਂ ਤੋਂ ਇਲਾਵਾ ਰਾਜਨੀਤਕ ਹਾਕਮਾਂ ਪ੍ਰਤੀ ਵੀ ਸੁਧਾਰਕ ਟਿਪਣੀਆਂ ਕੀਤੀਆਂ ਮਿਲਦੀਆਂ ਹਨ । ਗੁਣ-ਗ੍ਰਾਹਕ ਬਿਰਤੀ ਦੇ ਮਾਲਕ ਹੋਣ ਕਰਕੇ ਉਨ੍ਹਾਂ ਦੀ ਵਿਚਾਰਧਾਰਾ ਨਕਾਰਤਮਿਕ ਤੇ ਇੱਕ-ਪਾਸੜ ਹੋਣ ਦੀ ਥਾਂ ਸਮਦ੍ਰਿਸ਼ਟ, ਸਕਾਰਤਮਿਕ ਤੇ ਸੰਤੁਲਤ ਹੈ । ਇਹੀ ਕਾਰਣ ਹੈ ਕਿ ਉਨ੍ਹਾਂ ਨੇ ਗੁਰਬਾਣੀ ਵਿੱਚ ਵੇਦ ਪੁਰਾਣ ਤੇ ਕਤੇਬ ਕੁਰਾਣ ਆਦਿਕ ਸਮਕਾਲੀ ਧਰਮ ਗ੍ਰੰਥਾਂ ਦੇ ਹਵਾਲੇ ਦੇ ਕੇ ਸਮਝਾਉਣ ਤੋਂ ਸੰਕੋਚ ਵੀ ਨਹੀਂ ਕੀਤਾ । ਪਰ, ਅਜਿਹਾ ਪਰਉਪਕਾਰੀ ਪ੍ਰਚਾਰ ਕਰਦਿਆਂ ਗ੍ਰੰਥਾਂ ਵਿੱਚਲੇ ਉਹ ਅੰਸ਼ ਵੀ ਪ੍ਰਗਟਾਉਣ ਤੋਂ ਭੈ ਨਹੀਂ ਖਾਧਾ, ਜਿਹੜੇ ਮਨੁੱਖੀ ਭਾਈਚਾਰੇ ਲਈ ਹਾਨੀਕਾਰਕ ਸਿੱਧ ਹੋ ਰਹੇ ਸਨ ।

ਜਿਵੇਂ ਗੁਰੂ ਸਾਹਿਬਾਨ ਇੱਕ ਪਾਸੇ ਤਾਂ ਅਬਿਨਾਸ਼ੀ ਬ੍ਰਹਮ ਦੀ ਗੁਣਵੰਤੀ ਬਿਅੰਤਤਾ ਪ੍ਰਗਟਾਉਣ ਹਿੱਤ ਫ਼ਰਮਾਂਦੇ ਹਨ ਸਿਮ੍ਰਿਤਿ, ਸਾਸਤ੍ਰ, ਬੇਦ, ਪੁਰਾਣ ॥ ਪਾਰਬ੍ਰਹਮ ਕਾ ਕਰਹਿ ਵਖਿਆਣ ॥ ਜੋਗੀ, ਜਤੀ, ਬੈਸਨੋ, ਰਾਮਦਾਸ ॥ ਮਿਤਿ ਨਾਹੀ, ਬ੍ਰਹਮ ਅਬਿਨਾਸ ॥ {ਪੰ.867} ਪਾਰਬ੍ਰਹਮ (ਪਰਬ੍ਰਹਮ) ਨਾਂਵ ਦਾ ਅਰਥ ਹੈ - ਉਹ ਬ੍ਰਹਮ ਜੋ ਤ੍ਰਿਗੁਣੀ ਸੰਸਾਰ ਤੋਂ ਪਰ੍ਹੇ ਹੈ; ਅ੍ਰਥਾਤ ਵੱਖ ਹੈ, ਦੂਰ ਹੈ । ਅਤੇ ਦੂਜੇ ਪਾਸੇ ਆਖਦੇ ਹਨ ਕਿ ਜੋ ਤਾਲੀਮ ਵੇਦਾਂ ਨੇ ਦਿੱਤੀ ਹੈ, ਬਸ ! ਉਸ ਵਿਚ ਮੁੱਖ ਵਿਚਾਰ ਇਹੀ ਹੈ ਕਿ ਪਾਪ ਕੀ ਹੈ ਤੇ ਪੁੰਨ ਕੀ ਹੈ ? ਸੁਰਗ ਨਰਕ ਤੇ ਦਾਨ ਦੀ ਵਪਾਰਕ ਪ੍ਰਥਾ ਨੂੰ ਪ੍ਰਚਾਰਨ ਹਿੱਤ ਆਖਿਆ ਗਿਆ ਹੈ ਕਿ ਕਿ ਹੱਥੋਂ ਦੇ ਕੇ ਹੀ ਮੁੜ ਲਈਦਾ ਹੈ ਅਤੇ ਜੋ ਕੁਝ ਕਿਸੇ ਤੋਂ ਲੈਂਦੇ ਹਾਂ ਉਹੀ ਅਗਲੇ ਜਨਮ ਵਿੱਚ ਮੋੜੀਦਾ ਹੈ । ਆਪਣੇ ਕੀਤੇ ਕਰਮਾਂ ਅਨੁਸਾਰ ਨਰਕ ਵਿਚ ਜਾਂ ਸੁਰਗ ਵਿਚ ਅੱਪੜੀਦਾ ਹੈ । ਇਸ ਤਾਲੀਮ ਦੇ ਸਿੱਟੇ ਵਜੋਂ ਦੁਨੀਆ ਉੱਚੀਆਂ ਨੀਵੀਆਂ ਜਾਤਾਂ ਤੇ ਕਈ ਕਿਸਮਾਂ ਦੇ ਵਹਿਮਾਂ ਭਰਮਾਂ ਵਿਚ ਭਟਕਦੀ ਹੋਈ ਖ਼ੁਆਰ ਹੋ ਰਹੀ ਹੈ । ਸਾਰਭੂਤ ਗੁਰਵਾਕ ਹੈ :

ਕਥਾ ਕਹਾਣੀ, ਬੇਦੀ ਆਣੀ ; ਪਾਪੁ ਪੁੰਨੁ ਬੀਚਾਰੁ ॥
ਦੇ ਦੇ ਲੈਣਾ, ਲੈ ਲੈ ਦੇਣਾ ; ਨਰਕਿ ਸੁਰਗਿ ਅਵਤਾਰ ॥
ਉਤਮ ਮਧਿਮ ਜਾਤੀਂ ਜਿਨਸੀ ; ਭਰਮਿ ਭਵੈ ਸੰਸਾਰੁ ॥
{ਪੰ.1243}

ਸ਼੍ਰੀਮਦ ਭਗਵਦ ਗੀਤਾ ਸ਼੍ਰੀ ਵਿਆਸ ਮੁਨੀ ਕ੍ਰਿਤ ਮਹਾਂਭਾਰਤ ਦੇ ਭੀਸ਼ਮ ਪਰਵ ਦਾ ਸਰਲ ਪਾਠ ਹੋਣ ਕਰਕੇ ਉਪਰੋਕਤ ਵੈਦਿਕ ਵਿਚਾਰਧਾਰਾ ਦਾ ਹੀ ਇੱਕ ਅੰਗ ਮੰਨੀ ਜਾਂਦੀ ਹੈ । ਗੀਤਾ ਨੂੰ ਮਹਾਂਪੁਰਾਣ ਵੀ ਲਿਖਿਆ ਜਾਂਦਾ ਹੈ । ਭਾਰਤੀ ਸੰਵਿਧਾਨ ਦੇ ਮੂਲ ਲੇਖਕ ਸ਼੍ਰੀ ਭੀਮਰਾਵ ਅੰਬੇਡਕਰ ਵਰਗਾ ਵਿਦਵਾਨ ਤਾਂ ਭਾਵੇਂ ਗੀਤਾ ਨੂੰ ਧਰਮ-ਪੁਸਤਕ ਨਹੀਂ ਸੀ ਮੰਨਦਾ । ਪਰ, ਇਸ ਸੱਚ ਤੋਂ ਵੀ ਇਨਕਾਰੀ ਨਹੀਂ ਹੋਇਆ ਜਾ ਸਕਦਾ ਕਿ ਧਾਰਮਿਕ ਸ਼੍ਰੇਣੀ ਦੀ ਬਾਈਬਲ ਤੋਂ ਪਿੱਛੋਂ ਕੇਵਲ ਗੀਤਾ ਹੀ ਇੱਕੋ-ਇੱਕ ਪੁਸਤਕ ਹੈ, ਜਿਸ ਦੇ ਟੀਕੇ ਤੇ ਅਨੁਵਾਦ ਸੰਸਾਰ ਭਰ ਦੀਆਂ ਭਾਸ਼ਾਵਾਂ ਵਿੱਚ ਉੱਪਲਬਧ ਹਨ । ਸ਼ੰਕਰਾਚਾਰ੍ਯ, ਰਾਮਾਨੁਜਾਚਾਰ੍ਯ, ਤਿਲਕ, ਗਾਂਧੀ ਅਤੇ ਵਿਨੋਬਾ ਭਾਵੇ ਆਦਿਕ ਵਿਦਵਾਨਾਂ ਨੇ ਇਸ ਦੇ ਟੀਕੇ ਲਿਖੇ ਹਨ । ਇਸ ਦੇ ਕੁੱਲ 18 ਅਧਿਆਇ ਹਨ ਅਤੇ ਉਨ੍ਹਾਂ ਵਿਖੇ ਸ਼ਲੋਕਾਂ ਦੀ ਗਿਣਤੀ 700 ਹੈ ।

ਮੰਨਿਆ ਜਾਂਦਾ ਹੈ ਕਿ ਸ਼੍ਰੀ ਕ੍ਰਿਸ਼ਨ ਜੀ ਨੇ ਕੁਰਸ਼ੇਤਰ ਦੇ ਮੈਦਾਨਿ-ਜੰਗ ਵਿੱਚ ਪਾਂਡਵ ਅਰਜੁਨ ਨੂੰ ਯੁੱਧ ਤੋਂ ਉਪਰਾਮ ਹੁੰਦਿਆਂ ਵੇਖ ਕੇ ਜੋ ਉਪਦੇਸ਼ ਕੀਤਾ ਸੀ, ਗੀਤਾ ਉਸ ਦਾ ਕਾਵਿਕ ਸਾਰ-ਅੰਸ਼ ਹੈ । ਭਾਵੇਂ ਕਿ ਗੀਤਾ ਨੂੰ ਮਾਂ ਕਹਿਣ ਵਾਲੇ ਮਹਾਤਮਾ ਗਾਂਧੀ ਅਨੁਸਾਰ ਇਹ ਜੰਗ ਬਾਹਰੀ ਨਹੀਂ, ਅੰਤਰੀਵ ਹੈ । ਜਿਸ ਥਾਂ ਤੇ ਸ਼੍ਰੀ ਕ੍ਰਿਸ਼ਨ ਤੇ ਅਰਜੁਨ ਦਾ ਸੰਵਾਦ ਹੋਇਆ ਮੰਨਿਆ ਜਾਂਦਾ ਹੈ, ਉਸ ਦਾ ਨਾਂ ਹੁਣ ਜਯੋਤੀਸਰ ਹੈ, ਜਿਥੇ ਬੜਾ ਸੁੰਦਰ ਗੀਤਾ-ਭਵਨ ਉਸਾਰਿਆ ਗਿਆ ਹੈ । ਹੁਣ ਜਦੋਂ 6 ਦਸੰਬਰ ਤੋਂ 10 ਦਸੰਬਰ (2016) ਤਕ ਭਾਰਤ ਸਰਕਾਰ ਵੱਲੋਂ ਅੰਤਰਾਸ਼ਟਰੀ ਗੀਤਾ ਮਹਾਂਉਤਸ਼ਵ ਮਨਾਇਆ ਜਾ ਰਿਹਾ ਹੈ, ਤਾਂ ਕੁਝ ਪੁਰਾਣਿਕ-ਮਤੀ ਪ੍ਰਚਾਰਕ ਤੇ ਯੂਨੀਵਰਸਿਟੀਆਂ ਦੇ ਕੁਝ ਵਿਦਵਾਨ ਬੜੇ ਜ਼ੋਰਦਾਰ ਢੰਗ ਨਾਲ ਪ੍ਰਚਾਰ ਰਹੇ ਹਨ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਵੀ ਗੀਤਾ ਦੀ ਮਹਿਮਾ ਗਾਈ ਗਈ ਹੈ ਅਤੇ ਵਿਚਾਰਧਾਰਕ ਪੱਖੋਂ ਵੀ ਇਹ ਦੋਵੇਂ ਧਰਮ ਗ੍ਰੰਥ ਇੱਕ ਸਮਾਨ ਹਨ । ਕਿਉਂਕਿ, ਅਜਿਹੀ ਹਿੰਦੂਤਵੀ ਪ੍ਰਚਾਰ ਪਧਤੀ ਦੀ ਅਧਾਰ ਮੰਨੀ ਜਾ ਰਹੀ ਹੈ ਅਜੋਕੇ ਰਾਜਸੀ ਦੌਰ ਵਿੱਚ ਵਿਦਿਅਕ ਖੇਤਰ ਦੀਆਂ ਉੱਚ-ਪਦਵੀਆਂ ਦੀ । ਉਪਰੋਕਤ ਗੁੰਮਰਾਹਕੁੰਨ ਵਿਚਾਰ ਦੀ ਪ੍ਰੋੜਤਾ ਲਈ ਗੁਰਬਾਣੀ ਦੀਆਂ ਹੇਠ ਲਿਖੀਆਂ ਪਾਵਨ ਤੁਕਾਂ ਦੀ ਵਰਤੋਂ ਕੀਤੀ ਜਾ ਰਹੀ ਹੈ :

ਗੁਰਮਤਿ ਰਾਮ ਨਾਮ ਗਹੁ ਮੀਤਾ ॥ ਪ੍ਰਣਵੈ ਨਾਮਾ ਇਉ ਕਹੈ ਗੀਤਾ ॥ {ਨਾਮਦੇਵ. ਪੰ.874}

ਅੰਮ੍ਰਿਤ ਨਾਮ ਦਾਨੁ, ਨਾਨਕ ਕਉ ; ਗੁਣ ਗੀਤਾ ਨਿਤ ਵਖਾਣੀਆ ॥ {ਮਃ 5, ਪੰ.1020}

ਇਸ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਆਨਰੇਰੀ ਅੰਤਰਾਸ਼ਟਰੀ ਸਿੱਖ ਪ੍ਰਚਾਰਕ ਅਤੇ ਸ਼ਹੀਦ ਸਿੱਖ ਮਿਸ਼ਨਰੀ ਕਾਲਜ ਤੋਂ ਕੰਪੈਰੇਟਿਵ ਥਿਆਲੋਜੀ ਦਾ ਵਿਦਿਆਰਥੀ ਹੋਣ ਨਾਤੇ ਮੇਰਾ ਫ਼ਰਜ਼ ਬਣਦਾ ਹੈ ਕਿ ਗੁਰੂ ਬਖਸ਼ੀ ਸੂਝ ਮੁਤਾਬਿਕ ਗੁਰਬਾਣੀ ਦੇ ਪਾਠਕਾਂ ਨੂੰ ਉਪਰੋਕਤ ਤੁਕਾਂ ਦੀ ਅਸਲੀਅਤ ਤੋਂ ਜਾਣੂ ਕਰਵਾਵਾਂ; ਨਹੀਂ ਤਾਂ ਗੁਰੂ ਦ੍ਰਿਸ਼ਟੀ ਵਿੱਚ ਮੇਰੀ ਚੁੱਪ ਇੱਕ ਵੱਡੀ ਕੋਤਾਹੀ ਮੰਨੀ ਜਾਵੇਗੀ । ਭਾਵੇਂ ਕਿ ਆਪਣੇ ਆਪ ਨੂੰ ਉਦਾਰਵਾਦੀ (ਮੌਡਰੇਟ) ਅਖਵਾਉਣ ਵਾਲੇ ਕਈ ਮੇਰੇ ਸੱਜਣ ਔਖੇ ਵੀ ਹੋਣਗੇ ਐਸਾ ਲੇਖ ਲਿਖਣ ਤੇ ਪਰਕਾਸ਼ਤ ਕਰਨ ਤੋਂ । ਪਰ, ਕੀ ਕਰਾਂ ਮੈਂ ਵਾਰ ਵਾਰ ਸੁਣਿਆ ਹੈ ਆਪਣੇ ਸਤਿਕਾਰਯੋਗ ਅਧਿਆਪਕ ਪ੍ਰਿੰਸੀਪਲ ਹਰਿਭਜਨ ਸਿੰਘ (ਭਾਈ ਸਾਹਿਬ) ਜੀ ਪਾਸੋਂ ਇਹ ਸ਼ੇਅਰ ਬਾਤ ਕਰਤਾ ਹੂੰ, ਤੋ ਸ਼ਾਇਦ ਉਨ ਕੋ ਹੋ ਸ਼ਕਾਇਤ; ਚੁੱਪ ਰਹਿਤਾ ਹੂੰ ਤੋ ਮੇਰੀ ਨਾਨਕ ਸੇ ਕੁਤਾਹੀ ਹੋਤੀ ਹੈ ।

ਗੀਤਾ ਨਾਂ ਦੀ ਕੇਵਲ ਇਕ ਹੀ ਪੁਸਤਕ ਨਹੀਂ, ਕਈ ਹਨ । ਬਚਿਤ੍ਰਨਾਟਕ (ਦਸਮ ਗ੍ਰੰਥ) ਵਾਂਗ ਗੋਬਿੰਦ ਗੀਤਾ ਨਾਂ ਦੀ ਇੱਕ ਰਚਨਾ ਦਾ ਸਬੰਧ ਵੀ ਗੁਰੂ ਗੋਬਿੰਦ ਸਿੰਘ ਮਹਾਰਾਜ ਨਾਲ ਵੀ ਜੋੜਿਆ ਜਾਂਦਾ ਹੈ । ਕਿਉਂਕਿ, ਉਸ ਦਾ ਸਿਰਲੇਖ ਹੈ ਸ੍ਰੀ ਮੁਖਵਾਕ ਪਾਤਸ਼ਾਹੀ 10 । ਭਾਵੇਂ ਕਿ ਭਾਈ ਕਾਨ੍ਹ ਸਿੰਘ ਨਾਭਾ ਮੁਤਾਬਿਕ ਇਹ ਲਿਖਤ ਕਾਂਸ਼ੀ ਨਿਵਾਸੀ ਕ੍ਰਿਸ਼ਨਲਾਲ ਨਾਂ ਦੇ ਕਿਸੇ ਕਵੀ ਦੀ ਹੈ । ਪੰਜਾਬੀ ਯੂਨੀਵਰਸਿਟੀ ਦੇ ਰਚਿਤ ਸੰਸਕ੍ਰਿਤ ਪੰਜਾਬੀ ਕੋਸ਼ ਮੁਤਾਬਿਕ ਗੀਤਾ ਇਸਤ੍ਰੀਲਿੰਗ ਨਾਂਵ ਹੈ, ਜਿਹੜਾ ਪੰਜਾਬੀ ਦੇ ਪੁਲਿੰਗ-ਵਾਚਕ ਨਾਂਵ ਗੀਤ ਦਾ ਹੀ ਇੱਕ ਸੰਸਕ੍ਰਿਤਕ ਰੂਪ ਹੈ । ਗੁਰਸ਼ਬਦ ਰਤਨਾਕਰ ਮਹਾਨ ਕੋਸ਼ ਵਿੱਚ ਭਾਈ ਕਾਨ੍ਹ ਸਿੰਘ ਨਾਭਾ ਜੀ ਨੇ ਗੀਤਾ ਨਾਂਵ ਦੇ ਚਾਰ ਅਰਥ ਕੀਤੇ ਹਨ । 1- ਗੀਤ, ਛੰਦ ; 2- ਯਸ਼. ਗੁਣ ਗੀਤਾ ਨਿਤ ਵਖਾਣੀਆ (ਮਃ 5, ਅੰਜੁਲੀ) ; 3- ਮਹਾਭਾਰਤ ਦੇ ਭੀਸ਼ਮ ਪਰਵ ਦਾ ਇੱਕ ਪਾਠ ; 4-ਇੱਕ ਮਾਤ੍ਰਿਕ ਛੰਦ । ਗੁਰੂ ਗ੍ਰੰਥ ਵਿਸ਼ਵ ਕੋਸ਼ ਮੁਤਾਬਿਕ ਮਹਾਭਾਰਤ ਗ੍ਰੰਥ ਦੀ ਮਹੱਤਵਪੂਰਣ ਉੱਪਲਬਧੀ ਭਗਵਦ-ਗੀਤਾ ਹੈ । ਇਸ ਦੇ ਰਚਨਾ ਕਾਲ ਬਾਰੇ ਵਿਦਵਾਨਾਂ ਵਿੱਚ ਮਤ-ਭੇਦ ਹੈ । ਪਰੰਪਰਾਗਤ ਮਾਨਤਾ ਅਨੁਸਾਰ ਇਸ ਦੀ ਰਚਨਾ ਮਹਾਭਾਰਤ ਦੇ ਨਾਲ ਹੋਈ ਸੀ । ਪੱਛਮੀ ਵਿਦਵਾਨ ਇਸ ਨੂੰ ਈਸਵੀ ਸੰਨ ਦੇ ਸ਼ੁਰੂ ਹੋਣ ਦੇ ਨੇੜੇ ਤੇੜੇ ਦੀ ਰਚਨਾ ਮੰਨਦੇ ਹਨ ।

ਭਾਵੇਂ ਕਿ ਹੁਣ ਪ੍ਰਚਾਰਿਆ ਜਾ ਰਿਹਾ ਹੈ ਕਿ 700 ਸਲੋਕਾਂ ਵਾਲੀ ਪ੍ਰਚਲਿਤ ਗੀਤਾ ਅਜੋਕਾ ਰੂਪ ਅੱਠਵੀ ਸਦੀ ਵਿੱਚ ਹੋਏ ਸ਼ੰਕਰਾਚਾਰਯ ਕੋਲ ਮਜੂਦ ਸੀ, ਜਿਸ ਨੇ ਇਸ ਉਪਰ ਭਾਸ਼੍‍ਯ ਲਿਖਿਆ ਸੀ । ਭਾਰਤ ਦੇ ਪ੍ਰਸਿੱਧ ਫ਼ਿਲਾਸਫ਼ਰ ਤੇ ਪਹਿਲੇ ਰਾਸ਼ਟਰਪਤੀ ਡਾ. ਰਾਧਾਕ੍ਰਿਸ਼ਨ ਜੀ ਨੇ ਠਹੲ ਭਹੳਗੳਾੳਦ ਘਟਿੳ ਨਾਂ ਦੀ ਪੁਸਤਕ ਦੇ ਪੰਨਾ 291 ਤੇ ਲਿਖਿਆ ਹੈ ਕਿ ਹਮੇਂ ਗੀਤਾ ਕੇ ਰਚਿਤਾ ਕਾ ਕੁਛ ਪਤਾ ਨਹੀਂ ਹੈ ਕਿ ਵਹ ਕੌਨ ਹੈ । ਗੀਤਾ ਦੀਆਂ ਕਈ ਐਡੀਸ਼ਨਾਂ ਵਿੱਚ ਸ਼ਲੋਕ 745 ਵੀ ਹਨ । ਕਿਉਂਕਿ, ਇਸ ਵਿੱਚ ਯੁੱਗ ਦੇ ਸਮਕਾਲੀਨ ਰਾਜਨੀਤਕ ਤੇ ਸਮਾਜਿਕ ਪ੍ਰਭਾਵਾਂ ਨੂੰ ਧਿਆਨ ਵਿੱਚ ਰੱਖ ਕੇ ਵਿਦਵਾਨ ਪੰਡਤਾਂ ਵੱਲੋਂ ਸਮੇਂ ਸਮੇਂ ਕਈ ਕਿਸਮ ਦੇ ਵਾਧੇ ਘਾਟੇ ਕੀਤੇ ਜਾਂਦੇ ਰਹੇ ਹਨ । ਡਬਲਯੂ. ਵਨ. ਹਮਵੋਲਟ ਅਤੇ ਡਾ. ਰੋਡਲਫ਼ ਵਰਗੇ ਪਛਮੀ ਅਤੇ ਡਾ, ਅੰਬੇਦਕਰ, ਭੂਮਿਤ੍ਰ ਸ਼ਰਮ ਅਤੇ ਡਾ. ਸੁਰਿੰਦਰ ਅਗਿਆਤ ਵਰਗੇ ਪ੍ਰਸਿੱਧ ਭਾਰਤੀ ਵਿਦਵਾਨਾਂ ਦਾ ਮਤ ਹੈ ਕਿ ਵਰਤਮਾਨ ਗੀਤਾ ਉਹ ਨਹੀਂ, ਜੋ ਮੂਲ-ਰੂਪ ਸੀ । ਡਾ. ਰਾਧਾ ਕ੍ਰਿਸ਼ਨ ਜੀ ਨੇ ਉਪਰੋਕਤ ਪੁਸਤਕ ਦੇ ਪੰਨਾ 14 ਤੇ ਸ਼ੰਕਾ ਪ੍ਰਗਟ ਕੀਤਾ ਹੈ ਕਿ ਮੂਲ ਗੀਤਾ ਮੇਂ ਬਾਦ ਮੇਂ ਕਈ ਪ੍ਰੀਵਰਤਨ ਹੂਏ ਹੋਂਗੇ ।

ਗੁਰੂ ਨਾਨਕ ਵਿਚਾਰਧਾਰਾ (ਗੁਰਮਤਿ) ਨੂੰ ਗੀਤਾ ਅਨੁਸਾਰੀ ਪ੍ਰਚਾਰਣ ਹਿੱਤ ਜਿਹੜੀਆਂ ਉਪਰੋਕਤ ਗੁਰਬਾਣੀ ਤੁਕਾਂ ਨੂੰ ਉਭਾਰਿਆ ਤੇ ਪ੍ਰਚਾਰਿਆ ਜਾ ਰਿਹਾ ਹੈ; ਜਦੋਂ ਉਨ੍ਹਾਂ ਦੇ ਮੂਲਕ ਸ਼ਬਦਾਂ ਨੂੰ ਸੰਪੂਰਨ ਰੂਪ ਵਿੱਚ ਵਿਚਾਰਦੇ ਹਾਂ ਤਾਂ ਕਿਸੇ ਵੀ ਕਿਸਮ ਦਾ ਕੋਈ ਭਰਮ-ਭੁਲੇਖਾ ਨਹੀਂ ਰਹਿੰਦਾ ਕਿ ਗੁਰਬਾਣੀਕਾਰਾਂ ਦਾ ਦ੍ਰਿਸ਼ਟੀਕੋਨ ਕੀ ਸੀ ? ਪ੍ਰੋ. ਸਾਹਿਬ ਸਿੰਘ ਕ੍ਰਿਤ ਸ੍ਰੀ ਗੁਰੂ ਗ੍ਰੰਥ ਸਾਹਿਬ ਦਰਪਣ ਵਿੱਚ ਉਹ ਸ਼ਬਦ ਅਰਥਾਂ ਸਮੇਤ ਇਸ ਪ੍ਰਕਾਰ ਹਨ :

(1) ਗੋਂਡ ॥ ਭੈਰਉ ਭੂਤ ਸੀਤਲਾ ਧਾਵੈ ॥ ਖਰ ਬਾਹਨੁ ਉਹੁ ਛਾਰੁ ਉਡਾਵੈ ॥1॥
ਹਉ ਤਉ ਏਕੁ ਰਮਈਆ ਲੈਹਉ ॥ ਆਨ ਦੇਵ ਬਦਲਾਵਨਿ ਦੈਹਉ ॥1॥ ਰਹਾਉ ॥
ਸਿਵ ਸਿਵ ਕਰਤੇ ਜੋ ਨਰੁ ਧਿਆਵੈ ॥ ਬਰਦ ਚਢੇ ਡਉਰੂ ਢਮਕਾਵੈ ॥2॥
ਮਹਾ ਮਾਈ ਕੀ ਪੂਜਾ ਕਰੈ ॥ ਨਰ ਸੈ ਨਾਰਿ ਹੋਇ ਅਉਤਰੈ ॥3॥
ਤੂ ਕਹੀਅਤ ਹੀ ਆਦਿ ਭਵਾਨੀ ॥ ਮੁਕਤਿ ਕੀ ਬਰੀਆ ਕਹਾ ਛਪਾਨੀ ॥4॥
ਗੁਰਮਤਿ ਰਾਮ ਨਾਮ ਗਹੁ ਮੀਤਾ ॥ ਪ੍ਰਣਵੈ ਨਾਮਾ ਇਉ ਕਹੈ ਗੀਤਾ ॥
5॥ {(ਭ. ਨਾਮਦੇਵ) ਗੁਰੂ ਗ੍ਰੰਥ.874}

ਨੋਟ :- ਅਖ਼ੀਰਲੀ ਤੁਕ ਵਿਚ ਸੰਬੋਧਨ ਕਰ ਕੇ ਜਿਸ "ਮੀਤ" ਨੂੰ ਨਾਮਦੇਵ ਜੀ ਇਸ ਸ਼ਬਦ ਦੀ ਰਾਹੀਂ ਭੈਰਉ, ਸ਼ਿਵ, ਮਹਾ ਮਾਈ ਆਦਿਕ ਦੀ ਪੂਜਾ ਵਲੋਂ ਵਰਜਦੇ ਹਨ ਉਹ ਕੋਈ ਪੰਡਤ ਜਾਪਦਾ ਹੈ, ਕਿਉਂਕਿ ਉਸ ਦਾ ਧਿਆਨ ਉਸ ਦੇ ਆਪਣੇ ਹੀ ਧਰਮ-ਪੁਸਤਕ ਗੀਤਾ ਵਲ ਭੀ ਦਿਵਾਉਂਦੇ ਹਨ ।

ਅਰਥ :- (ਹੇ ਪੰਡਤ !) ਮੈਂ ਤਾਂ ਇੱਕ ਸੋਹਣੇ ਰਾਮ ਦਾ ਨਾਮ ਹੀ ਲਵਾਂਗਾ, (ਤੁਹਾਡੇ) ਹੋਰ ਸਾਰੇ ਦੇਵਤਿਆਂ ਨੂੰ ਉਸ ਨਾਮ ਦੇ ਵੱਟੇ ਵਿਚ ਦੇ ਦਿਆਂਗਾ, (ਭਾਵ, ਪ੍ਰਭੂ-ਨਾਮ ਦੇ ਟਾਕਰੇ ਤੇ ਮੈਨੂੰ ਤੁਹਾਡੇ ਕਿਸੇ ਭੀ ਦੇਵੀ ਦੇਵਤੇ ਦੀ ਲੋੜ ਨਹੀਂ ਹੈ) ।1।ਰਹਾਉ।

ਜੋ ਮਨੁੱਖ ਭੈਰੋਂ ਵਲ ਜਾਂਦਾ ਹੈ (ਭਾਵ, ਜੋ ਭੈਰੋਂ ਦੀ ਅਰਾਧਨਾ ਕਰਦਾ ਹੈ) ਉਹ (ਵਧ ਤੋਂ ਵਧ ਭੈਰੋਂ ਵਰਗਾ ਹੀ) ਭੂਤ ਬਣ ਜਾਂਦਾ ਹੈ । ਜੋ ਸੀਤਲਾ ਨੂੰ ਅਰਾਧਦਾ ਹੈ ਉਹ (ਸੀਤਲਾ ਵਾਂਗ) ਖੋਤੇ ਦੀ ਸਵਾਰੀ ਕਰਦਾ ਹੈ ਤੇ (ਖੋਤੇ ਦੇ ਨਾਲ) ਸੁਆਹ ਹੀ ਉਡਾਉਂਦਾ ਹੈ ।1।

ਜੋ ਮਨੁੱਖ ਸ਼ਿਵ ਦਾ ਨਾਮ ਜਪਦਾ ਹੈ ਉਹ (ਵਧ ਤੋਂ ਵਧ ਜੋ ਕੁਝ ਹਾਸਲ ਕਰ ਸਕਦਾ ਹੈ ਇਹ ਹੈ ਕਿ ਸ਼ਿਵ ਦਾ ਰੂਪ ਲੈ ਕੇ, ਸ਼ਿਵ ਦੀ ਸਵਾਰੀ) ਬਲਦ ਉੱਤੇ ਚੜ੍ਹਦਾ ਹੈ ਤੇ (ਸ਼ਿਵ ਵਾਂਗ) ਡਮਰੂ ਵਜਾਉਂਦਾ ਹੈ ।2।

ਜੋ ਮਨੁੱਖ ਪਾਰਬਤੀ ਦੀ ਪੂਜਾ ਕਰਦਾ ਹੈ ਉਹ ਮਨੁੱਖ ਤੋਂ ਜ਼ਨਾਨੀ ਬਣ ਕੇ ਜਨਮ ਲੈਂਦਾ ਹੈ (ਕਿਉਂਕਿ ਪੂਜਾ ਕਰਨ ਵਾਲਾ ਆਪਣੇ ਪੂਜਯ ਦਾ ਰੂਪ ਹੀ ਬਣ ਸਕਦਾ ਹੈ) ।3।

ਹੇ ਭਵਾਨੀ ! ਤੂੰ ਸਭ ਦਾ ਮੁੱਢ ਅਖਵਾਉਂਦੀ ਹੈਂ, ਪਰ (ਆਪਣੇ ਭਗਤਾਂ ਨੂੰ) ਮੁਕਤੀ ਦੇਣ ਵੇਲੇ ਤੂੰ ਭੀ, ਪਤਾ ਨਹੀਂ, ਕਿੱਥੇ ਲੁਕੀ ਰਹਿੰਦੀ ਹੈਂ (ਭਾਵ, ਮੁਕਤੀ ਭਵਾਨੀ ਪਾਸ ਭੀ ਨਹੀਂ ਹੈ) ।4।

ਸੋ, ਨਾਮਦੇਵ ਬੇਨਤੀ ਕਰਦਾ ਹੈ-ਹੇ ਮਿੱਤਰ (ਪੰਡਤ !) ਸਤਿਗੁਰੂ ਦੀ ਸਿੱਖਿਆ ਲੈ ਕੇ ਪਰਮਾਤਮਾ ਦੇ ਨਾਮ ਦੀ ਓਟ ਲੈ, (ਤੁਹਾਡੀ ਧਰਮ-ਪੁਸਤਕ) ਗੀਤਾ ਭੀ ਇਹੀ ਆਖਦੀ ਹੈ ।5।2।6।

ਸ਼ਬਦ ਦਾ ਭਾਵ :- ਪੂਜਾ ਕਰ ਕੇ ਮਨੁੱਖ ਵਧ ਤੋਂ ਵਧ ਆਪਣੇ ਪੂਜਯ ਦਾ ਰੂਪ ਹੀ ਬਣ ਸਕਦਾ ਹੈ; ਸੰਸਾਰ-ਸਮੁੰਦਰ ਤੋਂ ਮੁਕਤੀ ਦਿਵਾਉਣੀ ਕਿਸੇ ਦੇਵੀ ਦੇਵਤੇ ਦੇ ਹੱਥ ਨਹੀਂ; ਇਸ ਵਾਸਤੇ ਪਰਮਾਤਮਾ ਦਾ ਨਾਮ ਹੀ ਸਿਮਰਨਾ ਚਾਹੀਦਾ ਹੈ, ਪ੍ਰਭੂ ਹੀ ਮੁਕਤੀ-ਦਾਤਾ ਹੈ ।

(2) ਮਿਹਰ ਕਰੇ, ਤਾ ਖਸਮੁ ਧਿਆਈ ॥ ਸੰਤਾ ਸੰਗਤਿ, ਨਰਕਿ ਨ ਪਾਈ ॥
ਅੰਮ੍ਰਿਤ ਨਾਮ ਦਾਨੁ, ਨਾਨਕ ਕਉ; ਗੁਣ ਗੀਤਾ ਨਿਤ ਵਖਾਣੀਆ ॥
{ਗੁਰੂ ਗ੍ਰੰਥ.ਪੰ 1020}

ਅਰਥ :- ਹੇ ਭਾਈ ! ਪਰਮਾਤਮਾ ਆਪ ਮਿਹਰ ਕਰੇ, ਤਾਂ ਹੀ ਮੈਂ ਉਸ ਖਸਮ-ਪ੍ਰਭੂ ਨੂੰ ਸਿਮਰ ਸਕਦਾ ਹਾਂ । (ਜਿਹੜਾ ਮਨੁੱਖ ਸਿਮਰਦਾ ਹੈ) ਉਹ ਸੰਤ ਜਨਾਂ ਦੀ ਸੰਗਤਿ ਵਿਚ ਰਹਿ ਕੇ ਨਰਕ ਵਿਚ ਨਹੀਂ ਪੈਂਦਾ । ਹੇ ਪ੍ਰਭੂ ! ਨਾਨਕ ਨੂੰ ਆਤਮਕ ਜੀਵਨ ਦੇਣ ਵਾਲਾ ਆਪਣਾ ਨਾਮ-ਦਾਨ ਦੇਹ, (ਤਾ ਕਿ ਮੈਂ ਨਾਨਕ) ਸਦਾ ਤੇਰੀ ਸਿਫ਼ਤਿ-ਸਾਲਾਹ ਦੇ ਗੀਤ ਸਦਾ ਗਾਂਦਾ ਰਹਾਂ ।

ਉਪਰੋਕਤ ਅਰਥਾਂ ਤੋਂ ਸਪਸ਼ਟ ਹੈ ਕਿ (1) ਨੰਬਰ ਸ਼ਬਦ ਦੀ ਤੁਕ ਵਿੱਚ ਗੀਤਾ ਇਸਤ੍ਰੀ ਲਿੰਗ ਨਾਂਵ ਹੈ ਅਤੇ ਪਦ-ਅਰਥ ਹੈ -ਸ਼੍ਰੀ-ਮਦ ਭਾਗਵਦ ਗੀਤਾ, ਜੋ ਕਿਸੇ ਇਸ ਗ੍ਰੰਥ ਦੇ ਉਪਾਸ਼ਕ ਪੰਡਿਤ ਨੂੰ ਸਮਝਾਉਣ ਲਈ ਉਚਾਰਿਆ ਗਿਆ ਹੈ ; ਨਾ ਕਿ ਗੀਤਾ ਦਾ ਮਹੱਤਵ ਪ੍ਰਟਾਉਣ ਜਾਂ ਗੁਰਮਤਿ ਨੂੰ ਗੀਤਾ ਅਨੁਸਾਰੀ ਦਰਸਾਉਣ ਲਈ । ਅਤੇ (2) ਨੰਬਰ ਪਦੇ ਦੀ ਤੁਕ ਵਿੱਚ ਗੀਤਾ (ਗੀੱਤਾ) ਪਦ ਬਹੁਵਚਨੀ ਨਾਂਵ ਹੈ ਅਤੇ ਪਦ-ਅਰਥ ਹੈ- ਰੱਬੀ ਸਿਫ਼ਤ-ਸਾਲਾਹ ਦੇ ਸੰਗੀਤਮਈ ਗੀਤ; ਨਾ ਕਿ ਸ਼੍ਰੀ ਗੀਤਾ । ਭਗਤ ਬਾਬਾ ਨਾਮਦੇਵ ਜੀ ਦੇ ਸ਼ਬਦ ਵਿੱਚਲੀ ਜਿਹੜੀ ਰੱਬੀ ਸਿਮਰਨ ਦੀ ਪ੍ਰੇਰਨਾਦਾਇਕ ਸਾਂਝ ਪ੍ਰਗਟ ਹੁੰਦੀ ਹੈ, ਉਹ ਕੇਵਲ ਗੀਤਾ ਤੇ ਗੁਰੂ ਗ੍ਰੰਥ ਸਾਹਿਬ ਦੀ ਨਹੀਂ; ਲਗਭਗ ਉਨ੍ਹਾਂ ਸਾਰੇ ਗ੍ਰੰਥਾਂ ਵਿੱਚ ਹੈ, ਜਿਨ੍ਹਾਂ ਦੇ ਕਰਤਾ ਰੱਬੀ-ਹੋਂਦ ਨੂੰ ਸਵੀਕਾਰਦੇ ਹਨ । ਅਜਿਹੀ ਵਿਚਾਰਧਾਰਕ ਸਾਂਝ ਐਸੀ ਹੈ, ਜਿਵੇਂ ਕੋਈ ਪ੍ਰਬਤ ਅਰੋਹੀ ਹਿਮਾਲਾ ਦੇ ਕੁਦਰਤੀ ਦ੍ਰਿਸ਼ਾਂ ਬਾਰੇ ਤਾਂ ਵੱਖ ਵੱਖ ਵਿਚਾਰ ਦੇਣ, ਪਰ ਕੜਾਕੇ ਦੀ ਠੰਡਕ ਹੋਣ ਦੀ ਗੱਲ ਸਾਰਿਆਂ ਵਿੱਚ ਸਾਂਝੀ ਹੋਵੇ । ਕਿਉਂਕਿ, ਠੰਡਕ ਤਾਂ ਸਾਰਿਆਂ ਦਾ ਸਾਂਝਾ ਅਨੁਭਵ ਹੈ ।

ਇਸ ਲਈ ਉਪਰੋਕਤ ਕਿਸਮ ਦੀ ਅਧਿਆਤਮਿਕ ਸਾਂਝ ਤੋਂ ਇਹ ਸਿੱਟਾ ਕਦਾਚਿਤ ਨਹੀਂ ਕੱਢਿਆ ਜਾ ਸਕਦਾ ਕਿ ਸ੍ਰੀ ਗਰੂ ਗ੍ਰੰਥ ਸਾਹਿਬ ਤੇ ਸ਼੍ਰੀ ਗੀਤਾ ਦੀ ਵਿਚਾਰਧਾਰਾ ਸਮਾਨ ਹੈ ਜਾਂ ਇਹ ਇੱਕ ਦੂਜੇ ਤੋਂ ਪ੍ਰਭਾਵਤ । ਦੋਹਾਂ ਵਿੱਚ ਸਭ ਤੋਂ ਵੱਡਾ ਫ਼ਰਕ ਇਹ ਹੈ ਕਿ ਗੁਰਬਾਣੀ ਜਾਤ-ਪਾਤ ਤੇ ਛੂਤ-ਛਾਤ ਵਾਲੇ ਮਨੂੰਵਾਦੀ ਵਰਣ-ਵੰਡ ਦੀ ਵਿਰੋਧੀ ਹੈ ਅਤੇ ਗੀਤਾ ਜ਼ੋਰਦਾਰ ਸਮਰਥਕ । ਜਿਵੇਂ ਗੁਰਬਾਣੀ ਤਾਂ ਜਾਣਹੁ ਜੋਤਿ, ਨ ਪੂਛਹੁ ਜਾਤੀ {ਪੰ.349} ਅਤੇ ਜਾਤਿ ਕਾ ਗਰਬੁ ਨ ਕਰਿ, ਮੂਰਖ ਗਵਾਰਾ ॥ {ਪੰ.1127} ਆਦਿਕ ਗੁਰਵਾਕਾਂ ਦੁਆਰਾ ਮਨੁੱਖ ਨੂੰ ਸਮਾਜਿਕ ਜਾਤ-ਪਾਤ ਅਪੁੱਛ ਕਰਕੇ ਸਾਰਿਆਂ ਵਿੱਚ ਵਿਆਪਕ ਰੱਬੀ-ਜੋਤਿ ਨੂੰ ਪਛਾਨਣ ਦੀ ਤਾਕੀਦ ਕਰਦੀ ਹੈ । ਜਾਤੀ ਅਹੰਕਾਰ ਨੂੰ ਮੂਰਖਤਾ ਤੇ ਗਵਾਰਪੁਣਾ ਦਸਦੀ ਹੈ ।

ਪਰ, ਗੀਤਾ ਪ੍ਰੈਸ ਗੋਰਖਪੁਰ ਦੇ ਹਿੰਦੀ ਟੀਕੇ ਮੁਤਾਬਿਕ ਗੀਤਾ ਦੇ ਹੇਠ ਲਿਖੇ ਸ਼ਲੋਕ ਜਾਤਿ-ਪਾਤਿ ਦਾ ਕੇਵਲ ਜ਼ੋਰਦਾਰ ਸਮਰਥਨ ਹੀ ਨਹੀਂ ਕਰਦੇ । ਸਗੋਂ ਭਗਵਾਨ ਰੂਪ ਵਿੱਚ ਸ਼੍ਰੀ ਕ੍ਰਿਸ਼ਨ ਜੀ ਆਪਣੇ ਆਪ ਨੂੰ ਵਰਣਵੰਡ ਦਾ ਕਰਤਾ ਵੀ ਦੱਸਦੇ ਹਨ । ਜਿਵੇਂ:-

(1) ਹੇ ਅਰਜੁਨ ! ਗੁਣ ਔਰ ਕਰਮੋਂ ਕੇ ਵਿਭਾਗ ਸੇ ਬ੍ਰਾਹਮਣ, ਕਸ਼ਤ੍ਰੀ, ਵੈਸ਼੍ਯ ਔਰ ਸ਼ੂਦਰ ਮੇਰੇ ਦੁਆਰਾ ਰਚੇ ਗਏ ਹਨ (ਅਧਿਆਇ 3, ਸ਼ਲੋਕ 13)

(2) ਬ੍ਰਾਹਮਣ, ਕਸ਼ਤ੍ਰੀਓਂ ਔਰ ਵੈਸ਼ੋਂ ਤਥਾ ਸ਼ੁਦਰੋਂ ਕੇ ਭੀ ਕਰਮ, ਪੂਰਵਕ੍ਰਿਤ ਕਰਮੋਂ ਕੇ ਸੰਸਕਾਰ ਰੂਪ ਸਭਾਵ ਸੇ ਉਤਪਨ ਹੋਏ ਗੁਣੋਂ ਕੇ ਅਨੁਸਾਰ ਬਾਂਟੇ ਗਏ ਹੈਂ।(ਅਧਿਆਏ 18, ਸਲੋਕ 41)

ਗੁਰਬਾਣੀ ਸਾਂਤੀ ਵਿਚਿ ਕਾਰ ਕਮਾਵਣੀ ਸਾ ਖਸਮੁ ਪਾਏ ਥਾਇ ॥{ਪੰ.551} ਦਾ ਉਪਦੇਸ਼ ਅਤੇ ਜਗਤੁ ਜਲੰਦਾ ਰਖਿ ਲੈ ਆਪਣੀ ਕਿਰਪਾ ਧਾਰਿ ॥ {ਪੰ.853} ਕਰਦੀ ਹੋਈ ਵਿਸ਼ਵ-ਸ਼ਾਂਤੀ ਦੀ ਵੱਡੀ ਪ੍ਰੇਰਿਕ ਹੈ । ਪਰ, ਇਸ ਵਿਚਾਰ ਦੇ ਟਾਕਰੇ ਕ੍ਰਿਸ਼ਨ ਜੀ ਦੀ ਗੀਤਾ ਜੰਗ-ਜੁਧ ਲਈ ਉਤਸ਼ਾਹਤ ਕਰਨ ਵਾਲੀ ਹੈ । ਕਿਉਂਕਿ, ਇਸ ਦੇ ਪਹਿਲੇ ਦੋ ਅਧਿਆਵਾਂ ਵਿੱਚ ਅਰਜਨ ਸ੍ਰੀ ਕ੍ਰਿਸ਼ਨ ਨੂੰ ਵਾਰ ਵਾਰ ਇਹੀ ਕਹਿੰਦੇ ਦਿਖਾਈ ਦਿੰਦੇ ਹਨ ਕਿ ਉਹ ਆਪਣੇ ਸਕੇ ਸਬੰਧੀਆਂ ਨਾਲ ਲੜਾਈ ਨਹੀਂ ਕਰਨਾ ਚਹੁੰਦਾ । ਪ੍ਰੰਤੂ, ਕ੍ਰਿਸ਼ਨ ਉਸ ਨੂੰ ਕਈ ਪ੍ਰਕਾਰ ਦੀਆਂ ਤਰਕ-ਯੁਗਤ ਦਲੀਲਾਂ ਦੇ ਕੇ ਯੁੱਧ ਕਰਨ ਲਈ ਮਜਬੂਰ ਕਰਦਾ ਹੈ । ਇਹ ਵੀ ਆਖਦਾ ਹੈ ਕਿ ਜੇ ਤੂੰ ਧਰਮ-ਜੁੱਧ ਨਹੀਂ ਕਰੇਂਗਾ ਤਾਂ ਤੇਰੀ ਅਪਕੀਰਤੀ ਹੋਏਗੀ । ਤੈਨੂੰ ਬੀਰ ਜੋਧਾ ਨਹੀਂ ਮੰਨਿਆ ਜਾਏਗਾ । ਯਸ਼ਵੀ ਪੁਰਸ਼ ਵਾਸਤੇ ਅਯਸ਼ਵੀ (ਨਿੰਦਾ-ਯੁਕਤ) ਹੋਣਾ ਤਾਂ ਮਰਨ ਤੋਂ ਵੀ ਬੁਰਾ ਹੈ । ਆਖ਼ਰ ਹੇਠ ਲਿਖੇ ਤੀਜੇ ਅਧਿਆਇ ਦੇ 30ਵੇਂ ਸ਼ਲੋਕ ਦੁਆਰਾ ਆਖਦਾ ਹੈ ਕਿ (ਹੇ ਅਰਜੁਨ ! ਤੂੰ ਕਰਮ-ਫਲ ਤੋਂ ਨਾ ਡਰ) ਅਧਿਆਤਮ-ਚਿੱਤ ਸੇ ਮੁਝੇ ਹੀ ਸਭੀ ਕਰਮ ਸਮਰਪਤ ਕਰ, ਆਸ਼ਾ ਤਥਾ ਮਮਤਾ ਕਾ ਤਿਆਗ ਕਰ ਅਤੇ ਨਿਸ਼ਚਿੰਤ ਹੋ ਕਰ ਯੁੱਧ ਕਰ ।

ਗੁਰਬਾਣੀ ਤਖਤਿ ਬਹੈ ਤਖਤੈ ਕੀ ਲਾਇਕ ॥ {ਪੰ.1039} ਦਾ ਸਿਧਾਂਤ ਸਥਾਪਿਤ ਕਰਦੀ ਯੋਗਤਾ ਅਧਾਰਿਤ ਹਰੇਕ ਮਨੁਖ ਨੂੰ ਹਰੇਕ ਕੰਮ ਕਰਨ ਅਤੇ ਹਰੇਕ ਪਦ-ਪਦਵੀ ਤੇ ਨਿਯੁਕਤ ਹੋਣ ਦਾ ਅਧਿਕਾਰ ਦਿੰਦੀ ਹੈ । ਪਰ ਗੀਤਾ ਯੋਗਤਾ ਦੀ ਥਾਂ ਵਰਣ ਵੰਡ ਅਨੁਸਾਰ ਅਧਿਕਾਰਤ ਕਰਦੀ ਹੈ । ਜਿਵੇਂ ਤੀਜੇ ਅਧਿਆਇ ਦੇ 35ਵੇਂ ਸ਼ਲੋਕ ਵਿਚ ਆਖਿਆ ਹੈ- ਹੇ ਅਰਜੁਨ ! ਅਪਨਾ ਕਰਮ ਅ੍ਰਥਾਤ ਜਾਤੀ ਕਾ ਪੇਸ਼ਾ ਵਾ ਕਰਤਵ ਆਦਿ ਗੁਣ ਰਹਿਤ ਹੋਨੇ ਪਰ ਭੀ ਦੂਸਰੇ ਕੇ ਕਰਮ ਸੇ ਸ੍ਰੇਸ਼ਠ ਹੈ । ਅਪਨੀ ਜਾਤੀ ਕੇ ਨਿਸ਼ਚਤ ਕਰਤਵੋਂ ਵਾ ਪੇਸ਼ੇ ਕੋ ਨਿਭਾਤੇ ਹੂਏ ਮਰਨਾ ਭੀ ਭਲਾ ਹੈ, ਦੂਸਰੇ ਕੇ ਕਰਮ ਕੋ ਅਪਨਾਨਾ ਭਯਾਵਹ ਹੈ ।

ਇਸ ਪ੍ਰਕਾਰ ਦੇ ਹੋਰ ਵੀ ਕਈ ਵਿਚਾਰਧਾਰਕ ਅੰਤਰ ਪ੍ਰਗਟਾਏ ਜਾ ਸਕਦੇ ਹਨ । ਪਰ, ਵਿਸਥਾਰਕ ਡਰੋਂ ਭੁੱਲ-ਚੁੱਕ ਲਈ ਖ਼ਿਮਾਂ ਦੇ ਜਾਚਕ ਹੁੰਦੇ ਹੋਏ ਇਥੇ ਹੀ ਸਮਾਪਤ ਕਰਦੇ ਹਾਂ । ਕਿਉਂਕਿ, ਸਿਆਣੇ ਤਾਂ ਚੌਲਾਂ ਦੀ ਦੇਗ ਚੋਂ ਇੱਕ ਦਾਣਾ ਟੋਹ ਕੇ ਹੀ ਘੋਸ਼ਣਾ ਕਰਨ ਦੇ ਸਮਰਥ ਹੁੰਦੇ ਹਨ ਕਿ ਦੇਗ ਕੱਚੀ ਹੈ ਜਾਂ ਪੱਕੀ । ਐਮ. ਐਨ. ਰਾਇ ਨਾਂ ਦੇ ਇੱਕ ਪ੍ਰਸਿੱਧ ਵਿਦਵਾਨ ਨੇ ਅੰਗਰੇਜ਼ੀ ਵਿੱਚ ਲਿਖੀ ਫਾਸਿਇਜ਼ਮ (Facism} ਨਾਂ ਦੀ ਪੁਸਤਕ ਦੇ ਪੰਨਾ 33 ਤੇ ਗੀਤਾ ਸਬੰਧੀ ਟਿਪਣੀ ਕਰਦਿਆਂ ਲਿਖਿਆ ਹੈ ਕਿ ਸਮਾਜ ਦੇ ਸਮਾਨਾਧਿਕਾਰਵਾਦ (ਫਾਸਿਇਜ਼ਮ) ਦੇ ਆਧੁਨਿਕ ਜਨਕ ਨਿਤਸ਼ੇ ਦੇ ਗੁਰੂ ਸ਼ਾਪਨਹਾਰ ਸਪਸਟ ਤੌਰ ਤੇ ਉਪਨਿਸ਼ਦਾਂ ਅਤੇ ਗੀਤਾ ਦੇ ਪ੍ਰਸ਼ੰਸਕ ਸਨ । ਮੁਕਦੀ ਗੱਲ, ਨਿਤਸ਼ੇ ਦੀਆਂ ਸਿਖਆਵਾਂ ਦਾ ਮੂਲ ਇਹੀ ਗ੍ਰੰਥ ਹੈ । ਨਿਤਸ਼ੇ ਅਤੇ ਗੀਤਾ ਦੇ ਸਿਧਾਂਤਾਂ ਦਾ ਵਿਸਤਰਤ ਅਧਿਐਨ ਇਸ ਸੱਚਾਈ ਦਾ ਅਕੱਟ ਪ੍ਰਮਾਣ ਹੈ ।

ਗੁਰੂ ਗ੍ਰੰਥ ਪੰਥੀਆਂ ਦਾ ਦਾਸਨਿਦਾਸ
ਜਗਤਾਰ ਸਿੰਘ ਜਾਚਕ, ਨਿਊਯਾਰਕ
ਸਾਬਕਾ ਗ੍ਰੰਥੀ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ, ਮੁਬਾਈਲ
1.516.323.9188


ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org  and cannot be held responsible for their views.  Read full details....

Go to Top