- ਹੁਣ ਸਿੱਖ, ਨਾਨਕ
ਵਿਚਾਰਧਾਰਾ ਨਾਲੋਂ, ਗੁਰੂ ਨਾਨਕ ਸਾਹਿਬ ਦੀ ਧਰਮਸ਼ਾਲਾ ਨਾਲੋਂ
‘ਜ਼ਾਤਾਂ/ਪਾਤਾਂ ਦੇ ਨਾਮ ਤੇ ਬਣੇ ਸੰਗਮਰਮਰ’ ਵਾਲੇ ਗੁਰਦੁਆਰੇ ਨੂੰ
ਮਾਨਤਾ ਦਿੰਦੇ ਹਨ।
- ਹੁਣ ਸਿੱਖ, ਕਾਹਲੀ
ਨਾਲ ਗੁਰੂ ਗ੍ਰੰਥ ਸਾਹਿਬ ਜੀ ਨੂੰ ਨਤਮਸਤਕ ਹੋਣ ਤੋਂ ਬਾਅਦ, ਜੋਤ ਨੂੰ
ਮੱਥਾ ਟੇਕਣ ਲਈ ਬੜੀ ਹੀ ਸ਼ਿੱਦਤ ਅਤੇ ਸਬਰ ਨਾਲ ਇੰਤਜ਼ਾਰ ਕਰਦੇ ਹਨ।
- ਹੁਣ ਸਿੱਖ, ਤਖਤੀ
'ਤੇ ਲਿਖਿਆ ਹੋਇਆ ਹੁਕਮਨਾਮਾ ਅਤੇ ਭਾਵ, ਕੜਾਵ ਪ੍ਰਸਾਦਿ ਲੈਣ ਵਾਲੇ
ਕਾਉਂਟਰ ਤੱਕ ਪੁੱਜਦਿਆਂ ਭੁੱਲ ਜਾਂਦੇ ਹਨ, ਪਰ ਨਿਸ਼ਾਨ ਸਾਹਿਬ 'ਤੇ ਜਾ
ਕੇ ਨੱਕ/ਸਿਰ ਰਗੜਨਾ ਨਹੀਂ ਭੁੱਲਦੇ।
- ਹੁਣ ਸਿੱਖਾਂ,
ਨੂੰ ਆਪਣੇ ਘਰਾਂ ਵਿੱਚ ਗੁਰਮਤਿ/ਪੰਜਾਬੀ ਨਾਲ ਸਬੰਧਿਤ ਕਿਸੇ ਵੀ ਤਰ੍ਹਾਂ
ਦੇ ਸਾਹਿਤ ਦੀ ਲੋੜ ਨਹੀਂ ਰਹੀ। ਹਿੰਦੀ/ਅੰਗਰੇਜੀ ਸਾਹਿਤ ਅਤੇ ਬੱਚਿਆਂ
ਨਾਲ ਹਿੰਦੀ ਅੰ੍ਰਗੇਜੀ ਵਿੱਚ ਗੱਲ ਕਰਨਾ ਅਤੇ ਆਪਣੇ ਆਪ ਅਗਾਂਹਵਧੂ ਅਤੇ
ਪੜ੍ਹੇ-ਲਿਖੇ ਸਿੱਖ ਸਾਬਤ ਕਰਨਾ ਪਸੰਦ ਹੈ।
- ਹੁਣ ਸਿੱਖ, ਨੂੰ
ਰੋਜ਼ਾਨਾ ਨਿਤਨੇਮ ਦੀ ਲੋੜ ਉਕਾ ਹੀ ਨਹੀਂ ਰਹੀ, ਕਿਉਂਕਿ ਹਰ ਘਰ/ਦੁਕਾਨ
ਵਿੱਚ ਡੇਢ-ਦੋ ਫੁੱਟ ਦਾ ਮੰਦਰਨੁਮਾ ਗੁਰਦੁਆਰਾ ਕੰਧਾਂ 'ਤੇ ਟੰਗ ਲਿਆ
ਹੈ, ਜਿਸ ਵਿੱਚ ਗੁਰੂਆਂ ਦੀਆਂ ਕਾਲਪਨਿਕ ਫੋਟੋਆਂ ਸਮੇਤ ਅਨਮਤੀ ਫੋਟੋਆਂ
ਦੇ, ਧੂਫ/ਬੱਤੀ, ਜਗਮਗ ਕਰਦੇ ਬਿਜਲਈ ਲਾਟੂ, ਅਗਰਬੱਤੀ, ਗੋਲਕ ਆਦਿ ਦੀ
ਪੂਜਾ ਕਰਨ ਨਾਲ ਹੀ ਹੁਣ ਮਾਨਸਿਕ ਸ਼ਾਤੀ ਪ੍ਰਾਪਤ ਹੋ ਜਾਂਦੀ ਹੈ।
- ਹੁਣ ਸਿੱਖ, ਕਿਤੇ ਗੁਰੂ ਗ੍ਰੰਥ ਸਾਹਿਬ
ਜੀ ਦੀ ਬੇਅਦਬੀ ਦੀ ਖਬਰ ਸੁਣ ਲੈਣ ਤਾਂ ਬਰਦਾਸ਼ਤ ਨਹੀਂ ਕਰਦੇ, ਉਸੇ
ਵੇਲੇ ਇਹ ਖ਼ਬਰ ਸਾਰੀਆਂ ਸੋਸ਼ਲਾਂ ਸਾਈਟਾ/ਵੱਟਸਐਪ 'ਤੇ ਪਾ ਕੇ ਸੱਚੇ
ਸਿੱਖ ਹੋਣ ਦਾ ਫ਼ਰਜ਼ ਅਦਾ ਕਰ ਦਿੰਦੇ ਹਨ।
- ਹੁਣ ਸਿੱਖ, ਅੰਮ੍ਰਿਤ (ਪ੍ਰਚੱਲਿਤ ਸ਼ਬਦ)
ਅਸਲ ‘ਪਾਹੁਲ’ ਲੈਣ ਤੋਂ ਬਾਅਦ ਆਪਣੀ ਸੋਖ ਅਨੁਸਾਰ ਗਾਤਰੇ ਦੀ ਥਾਂ
ਜਨੇਊ ਦੀ ਇੱਕ ਕਿਸਮ ਵਰਗੀ ਡੋਰੀ/ਧਾਗਾ ਪਾ ਕੇ, ਉਸ ਵਿੱਚ ਇੱਕ ਤੋਂ
ਤਿੰਨ ਇੰਚ ਤੱਕ ਦੀ ਵੱਡੀ ਕ੍ਰਿਪਾਨ ਪਾ ਲੈਂਦੇ ਹਨ।
- ਹੁਣ ਸਿੱਖ, ਬੱਚੇ/ਬੱਚੀ
ਦਾ ਅਨੰਦ ਕਾਰਜ ਕਰਨ ਤੋਂ ਪਹਿਲਾਂ ਜ਼ਾਤ/ਪਾਤ, ਸਾਹਾ ਕਢਵਾਉਣਾ, ਬਾਅਦ
ਵਿੱਚ ਜੈ-ਮਾਲਾ, ਅਖੌਤੀ ਸੱਭਿਆਚਾਰ ਗਰੁੱਪ, ਸ਼ਰਾਬ-ਸ਼ਬਾਬ ਅਤੇ ਸਾਰੀਆਂ
ਅਨਮਤੀ ਰਸਮਾਂ ਮੰਗਣੀ ਤੋਂ ਲੈ ਕੇ ਵਿਆਹ ਤੋਂ ਬਾਅਦ ਨਿਆਣਾ ਜੰਮਣ ਤੱਕ
ਕਰਦੇ ਹਨ, ਪਰ ਅਨੰਦ ਕਾਰਜ ਵੇਲੇ ‘ਲਾਵਾਂ’ ਵਾਲੀ ਰਸਮ 15-20 ਮਿੰਟ
ਵਿੱਚ ਮੁਕਾ ਲੈਂਦੇ ਹਨ, ਕਿਉਂਕਿ ਭਾਈ ਸਮਾਂ ਬਹੁਤ ਕੀਮਤੀ ਹੈ।
- ਹੁਣ ਸਿੱਖ,
ਗੁਰਦੁਆਰਿਆਂ ਵਿੱਚ ਰਜ ਕੇ ਸੇਵਾ ਕਰਦੇ ਹਨ, ਪਰ ਮਾਤਾ/ਪਿਤਾ ਨੂੰ
ਬਿਰਧ ਆਸ਼ਰਮਾਂ ਵਿਚ ਛੱਡ ਆਉਂਦੇ ਹਨ, ਘਰ ਦਾ ਮਾਹੌਲ ਖੁਸ਼ਨੁਮਾ ਨਹੀਂ
ਕਰ ਪਾਉਂਦੇ।
- ਹੁਣ ਸਿੱਖ,
ਬਰਦਾਸ਼ਤ ਨਹੀਂ ਕਰਦੇ ਕਿ ਕੋਈ ਟੋਪੀ/ਜ਼ੁਰਾਬਾਂ ਪਾ ਕੇ ਗੁਰਦੁਆਰੇ ਆਵੇ,
ਪਰ ਆਪਣੇ ਘਰਾਂ ਵਿੱਚ ਨਿਆਣੇ ਪਤਿੱਤ ਅਤੇ ਨਸ਼ਿਆਂ ਦੇ ਆਦੀ ਹਨ (ਸ਼ਰਾਬ
ਤਾਂ ਬਹੁਤੇ ਘਰਾਂ ਵਿੱਚ ਆਮ ਗੱਲ ਹੈ, ਜੇ ਨਹੀਂ ਵੀ ਹੈ ਤਾਂ ਖੁਸ਼ੀ ਗਮੀ
ਦੇ ਮੌਕੇ ਤੇ ਐਂਟਰੀ ਮਾਰ ਹੀ ਲੈਂਦੀ ਹੈ)।
- ਹੁਣ ਸਿੱਖ, ਇਸ
ਵੱਲ ਧਿਆਨ ਨਹੀਂ ਦਿੰਦੇ ਕਿ ਨਿੱਤਨੇਮ ਦੀਆਂ ਬਾਣੀਆਂ ਦਾ ਸ੍ਰੋਤ ਕੀ
ਹੈ? ਧਿਆਨ ਨਹੀਂ ਦਿੰਦੇ ਕਿ ਗੁਰ ਗ੍ਰੰਥ ਸਾਹਿਬ ਜੀ ਵਿੱਚ ਕਿੰਨੇ ਰਾਗ
ਹਨ, ਕੀ ਕਿੱਥੇ ਲਿਖਿਆ ਹੈ, ਪਰ ਇੰਨ੍ਹਾਂ ਗਿਆਨ ਜ਼ਰੂਰ ਹੈ ਕਿ ਸੰਕਟ
ਮੋਚਨ ਗੁਟਕੇ ਵਿੱਚਲੇ ਫਲਾਣੇ ਸ਼ਬਦ ਨਾਲ ਫਲਾਣੀ ਬਿਮਾਰੀ ਤੋਂ ਛੁਟਕਾਰਾ
ਮਿਲ ਜਾਂਦਾ ਹੈ, ਜਾਂ ਮਾਇਆ ਪ੍ਰਾਪਤ ਹੁੰਦੀ ਹੈ।
- ਹੁਣ ਸਿੱਖ, ਸਹਿਜ
ਪਾਠ ਦੀ ਥਾਂ ਅਖੰਡ ਪਾਠ ਕਰਦੇ ਹਨ, ਜੇ ਨਾ ਵੀ ਕਰਨ ਤਾਂ ਉਹ ‘ਆਪ
ਨਿਰੰਜਣ ਨੀਰਿ ਨਰਾਇਣ’ ਵਾਲੇ ਸ਼ਬਦ ਨੂੰ 17 ਵਾਰ ਪੜ੍ਹ ਲੈਂਦੇ ਹਨ।
ਜਾਂ ਕਿਸੇ ਅਖੌਤੀ ਟਕਸਾਲ/ਟਰੱਸਟ ਦੇ ਅਖੌਤੀ ਮਹਾਂਪੁਰਸ਼ਾਂ ਦੇ ਕਹੇ
ਕਿਸੇ ਖਾਸ ਬਾਣੀ ਦਾ ਰਟਨ ਕਰ ਲੈਂਦੇ ਹਨ, ਕਿਉਂਕਿ ਉਸ ਨਾਲ ਉਹਨਾਂ
ਨੂੰ ਅਖੰਡਪਾਠ ਜਿੰਨਾਂ ਮਹਾਤਮ ਮਿਲ ਜਾਂਦਾ ਹੈ।
- ਹੁਣ ਸਿੱਖ, ਗੁਰੂ
ਗ੍ਰੰਥ ਸਾਹਿਬ ਜੀ ਦੀ ਬਾਣੀ ਨਾਲੋਂ ਕਿਸੇ ਡੇਰੇ ਦੇ ਸਾਧ ਵੱਲੋਂ ਦੱਸੀ
ਮਰਿਯਾਦਾ/ਪ੍ਰੰਪਰਾ ਨੂੰ ਵੱਧ ਤਵਜੋਂ ਦਿੰਦੇ ਹਨ, ਕਿਉਂਕਿ ਡੇਰੇ ਦੇ
ਬਾਬਾ ਜੀ ਦਾ ਜੀਵਨ ਬੜਾ ਉੱਚਾ ਹੈ।
- ਹੁਣ ਸਿੱਖ, ਜਿਆਦਾ
ਸਮਝਦਾਰ ਨੇ ਆਪਣੇ ਆਪ ਨੂੰ ਸਮੇਂ ਅਨੁਸਾਰ ਢਾਲਨ ਦੀ ਜਾਚ ਆ ਗਈ ਹੈ,
ਉਹਨਾਂ ਦੀ ਮਰਜ਼ੀ ਹੀ ਗੁਰੂ ਦੀ ਮਰਜ਼ੀ ਹੈ, ਕਿਉਂਕਿ ਉਹ ਜੋ ਕੁੱਝ ਵੀ
ਕਰਦੇ ਹਨ, ਪ੍ਰਮਾਤਮਾ ਆਪ ਹੀ ਉਹਨਾਂ ਕੋਲੋਂ ਕਰਵਾ ਰਿਹਾ ਹੈ, ਇਹ ਉਹਨਾਂ
ਦੀ ਸਭ ਤੋਂ ਵੱਡੀ ਦਲੀਲ ਹੈ।