Share on Facebook

Main News Page

ਮਧਿ ਦੀ ਅਰਦਾਸ ਅਤੇ ਗੁਰਮਤਿ
-: ਅਵਤਾਰ ਸਿੰਘ ਮਿਸ਼ਨਰੀ  510 432 5827 singhstudent@gmail.com 

ਜੇ ਬਾਈਬਲ ਅਤੇ ਕੁਰਾਨ ਦੇ ਬ੍ਰਾਹਮਣਾਂ ਵਾਂਗ ਤੋਤਾ ਰਟਨ ਪਾਠ ਨਹੀਂ ਕੀਤੇ ਜਾਂਦੇ ਸਗੋਂ ਵਿਚਾਰ ਕੀਤੀ ਜਾਂਦੀ ਹੈ ਤਾਂ ਫਿਰ ਗੁਰੂ ਗ੍ਰੰਥ ਜੋ ਹੈ ਹੀ ਗਿਆਨ ਦਾ ਭੰਡਾਰ ਇਸ ਦੇ ਕਿਉਂ?

ਗੁਰਬਾਣੀ ਦਾ ਪਾਠ ਵਿਚਾਰ ਕੇ ਸਮਝਣ ਲਈ ਕੀਤਾ ਜਾਂਦਾ ਹੈ. ਨਾਂ ਕਿ ਕਿਸੇ ਮੰਤ੍ਰ ਦੇ ਤੋਤਾ ਰਟਨ ਦੀ ਤਰ੍ਹਾਂ। ਗੁਰਬਾਣੀ ਸਿਧਾਂਤਾਂ ਨੂੰ ਨਾਂ ਸਮਝਣ ਕਰਕੇ ਹੀ ਸਾਡੇ ਵਿੱਚ ਕਰਮਕਾਂਡ ਵਧਦੇ ਜਾ ਰਹੇ ਹਨ। ਪਾਠੀ ਨੂੰ ਚੁੱਪ ਕਰਾ ਕੇ ਚਲਦੇ ਪਾਠ ਵਿੱਚ ਹੀ ਅਰਦਾਸ ਕਰਨ ਲੱਗ ਜਾਣਾ ਕਰਮਕਾਂਡੀ ਮਨਮਤਿ ਹੈ।

ਰਹਿਤ ਮਰਯਾਦਾ ਅਨੁਸਾਰ ਅਖੰਡ ਪਾਠ ਅਰਦਾਸ ਨਾਲ ਹੀ ਆਰੰਭ ਕੀਤਾ ਜਾਂਦਾ ਅਤੇ ਅਰਦਾਸ ਨਾਲ ਹੀ ਸਮਾਪਤ ਹੁੰਦਾ ਹੈ। ਇੱਕ ਸਮੇਂ ਇੱਕ ਕਰਮ ਹੋ ਸਕਦਾ ਹੈ, ਪਾਠ, ਕੀਰਤਨ, ਕਥਾ ਜਾਂ ਅਰਦਾਸ। ਵਿੱਚੇ ਪਾਠ, ਕੀਰਤਨ, ਕਥਾ ਜਾਂ ਅਰਦਾਸ ਨਹੀਂ ਹੋ ਸਕਦੀ। ਸੋ ਲੋੜ ਮਧਿ ਸ਼ਬਦ ਨੂੰ ਸਮਝਣ ਦੀ ਹੈ ਇਹ ਸੰਸਕ੍ਰਿਤ ਦਾ ਸ਼ਬਦ ਹੈ ਜਿਸ ਦੇ ਅਰਥ ਹਨ ਵਿੱਚਕਾਰ, ਵਿੱਚ ਅਤੇ ਵਰਤਮਾਨ।

ਇਸ ਸ਼ਬਦ ਦੇ ਚਾਰ ਰੂਪ ਹਨ ਮਧ, ਮਧੁ, ਮਧਿ ਅਤੇ ਮਧਯਮ। ਮਧਿ ਦੇ ਕਈ ਹੋਰ ਵੀ ਅਰਥ ਹਨ, ਪਰ ਆਪਾਂ ਗੁਰੂ ਗ੍ਰੰਥ ਸਾਹਿਬ ਜੀ ਦੇ ਪੰਨਾ ਨੰਬਰ 705 ਤੇ ਆਏ ਮਧਿ ਲਫਜ਼ ਦੇ ਹੀ ਅਰਥ ਕਰਨੇ ਹਨ। ਇਸ ਸ਼ਬਦ ਬਾਰੇ ਸੰਪ੍ਰਾਈਆਂ ਅਤੇ ਡੇਰੇਦਾਰਾਂ ਨੇ ਗਲਤ ਅਰਥ ਕਰਕੇ ਭੁਲੇਖਾ ਪਾਇਆ ਹੈ। ਯਥਾਰਥੀ ਅਰਥ ਕਰਨ ਦੀ ਬਜਾਇ ਇੱਕ ਕਰਮਕਾਂਡ ਨਾਲ ਜੋੜਿਆ ਹੈ। ਜੇ ਮਧਿ ਸ਼ਬਦ ਉੱਤੇ ਹੀ ਅਰਦਾਸ ਦਾ ਵਿਧਾਨ ਹੁੰਦਾ ਤਾਂ ਗੁਰੂ ਗ੍ਰੰਥ ਸਾਹਿਬ ਜੀ ਵਿਖੇ ਹੋਰ ਵੀ ਕਈ ਥਾਂਈ ਇਹ ਸਬਦ ਆਇਆ ਹੈ ਓਥੇ ਕਿਉਂ ਨਹੀਂ ਅਰਦਾਸ ਕੀਤੀ ਜਾਂਦੀ?

ਅਰਦਾਸ ਕਰਦੇ ਹਾਂ ਅਖੰਡਪਾਠ ਨਿਰਵਿਘਨਤਾ ਸਹਿਤ ਸੰਪੂਰਨ ਹੋਵੇ, ਇਸ 'ਤੇ ਵਿਸ਼ਵਾਸ਼ ਵੀ ਕਰਨਾ ਚਾਹੀਦਾ ਹੈ, ਫਿਰ ਕਿਉਂ ਅਖੰਡ ਪਾਠ ਰੱਖੇ ਦੇ ਦੂਸਰੇ ਦਿਨ ਜਦ ਪਾਠ 705 ਅੰਕ 'ਤੇ - ਆਦਿ ਪੂਰਨ ਮਧਿ ਪੂਰਨ ਅੰਤਿ ਪੂਰਨ ਪਰਮੇਸੁਰਹ 'ਤੇ ਆਉਂਦਾ ਹੈ ਪਾਠੀ ਸਿੰਘ ਅਤੇ ਘਰ ਵਾਲੇ ਚਉਕੰਨੇ ਹੋ ਜਾਂਦੇ ਹਨ ?-ਮਧਿ ਦੀ ਅਰਦਾਸ ਦੀ ਦੌੜ-ਭੱਜ ਸ਼ੁਰੂ ਹੋ ਜਾਂਦੀ ਹੈ। ਜੇ ਪਾਠ 705 ਅੰਕ ਤੋਂ ਪਿਛੇ ਹੈ ਤਾਂ ਤੇਜ ਕਰਨ ਵਾਸਤੇ ਕਿਹਾ ਜਾਂਦਾ ਹੈ ਜੇ ਅਡਵਾਂਸ ਹੈ ਤਾਂ ਹੌਲੀ-ਹੌਲੀ ਕਿਉਂਕਿ ਅਜੇ ਮਧਿ ਦਾ ਟਾਈਮ ਨਹੀਂ ਆਇਆ, ਅਜੇ ਘਰ ਵਾਲੇ ਨਹੀਂ ਆਏ ਜਾਂ ਫਲਾਨਾਂ ਰਿਸ਼ਤੇਦਾਰ ਜਾਂ ਆਗੂ ਨਹੀਂ ਆਇਆ । ਪਾਠੀ ਨੂੰ ਚੁੱਪ ਕਰਵਾ ਕੇ ਉੱਚੀ ਬੋਲ ਕੇ ਮਧਿ ਦੀ ਅਰਦਾਸ ਕੀਤੀ ਜਾਂਦੀ ਹੈ। ਇਵੇਂ ਅਖੰਡ ਪਾਠ ਖੰਡਨ ਕਰ ਦਿੱਤਾ ਜਾਂਦਾ ਹੈ।

ਅਖੰਡ ਪਾਠ ਦਾ ਭਾਵ ਹੈ ਲਗਾਤਾਰ ਬਿਨਾ ਰੁਕੇ ਬੋਲ ਕੇ ਪਾਠ ਕਰਨਾ ਫਿਰ 705 ਅੰਕ ਤੇ ਮਧਿ ਦੀ ਅਰਦਾਸ ਕਿਉਂ ਕੀਤੀ ਜਾਂਦੀ ਹੈ? ਜਿਸ ਦਾ ਗੁਰੂ ਗ੍ਰੰਥ ਸਾਹਿਬ ਜੀ ਦੇ ਅੱਧ (ਮਧਿ ) ਨਾਲ ਕੋਈ ਸਬੰਧ ਨਹੀਂ, ਕਿਉਂਕਿ ਗੁਰੂ ਗ੍ਰੰਥ ਸਾਹਿਬ ਜੀ ਦੇ 1429 ਪੰਨੇ ਹਨ ਤੇ ਮਧਿ 715 ਪੰਨੇ 'ਤੇ ਬਣਦਾ ਹੈ ਨਾਂ ਕਿ 705 'ੇ ਆਦਿ ਪੂਰਨ ਮਧਿ ਪੂਰਨ ਅੰਤਿ ਪੂਰਨ ਪਰਮੇਸੁਰਹ--ਜਿਸਦਾ ਤਾਂ ਭਾਵ ਹੈ ਕਿ ਕਰਤਾਰ ਆਦਿ ਵਿੱਚ ਵੀ ਪੂਰਨ ਸੀ, ਮਧਿ-ਹੁਣ ਵੀ ਪੂਰਨ ਹੈ ਅਤੇ ਅੰਤਿ-ਭਵਿਖ ਵਿੱਚ ਵੀ ਪੂਰਨ ਰਹੇਗਾ। ਇਸ ਭਾਵ ਦੀਆਂ ਤੁੱਕਾਂ ਹੋਰ ਵੀ ਕਈ ਥਾਈਂ ਗੁਰਬਾਣੀ ਵਿੱਚ ਅਈਆਂ ਹਨ ਫਿਰ ਓਥੇ-2 ਕਿਉਂ ਨਹੀਂ ਮਧਿ ਲਵਾਇਆ ਜਾਂਦਾ ?

ਆਦਿ ਅੰਤੇ ਮਧਿ ਪੂਰਨ-(548)

ਆਦਿ ਅੰਤੇ ਮਧਿ ਪੂਰਨ-(101)

ਆਦਿ ਮਧਿ ਅੰਤਿ ਹੈ ਸੋਊ-(1001)

ਆਦਿ ਅੰਤੇ ਮਧਿ ਸੋਈ-(458)

ਆਦਿ ਅੰਤਿ ਮਧਿ-(344)

ਆਦਿ ਅੰਤੇ ਤੂੰਹੈਂ-(988)

ਆਦਿ ਅੰਤਿ ਮਧਿ ਨਾਨਕ-(616)

ਆਦਿ ਅੰਤਿ ਮਧਿ ਪ੍ਰਭੁ ਸੋਈ-(1085)

ਆਦਿ ਅੰਤਿ ਮਧਿ ਪ੍ਰਭੁ ਸੋਈ-(10)

ਆਦਿ ਮਧਿ ਅੰਤਿ-(250)

ਆਦਿ ਅੰਤਿ ਮਧਿ ਪ੍ਰਭੁ-(784 )

ਆਦਿ ਮਧਿ ਅੰਤਿ ਪ੍ਰਭੁ- (102)

ਆਦਿ ਮਧਿ ਅੰਤਿ ਪ੍ਰਭੁ-(1082)

ਆਦਿ ਮਧਿ ਅੰਤਿ ਪ੍ਰਭੁ-(1215)

ਆਦਿ ਮਧਿ ਅੰਤਿ ਪ੍ਰਭ-(454)

ਆਦਿ ਮਧਿ ਅੰਤਿ ਪ੍ਰਭੁ-(760)

ਆਦਿ ਮਧਿ ਅੰਤਿ ਪ੍ਰਭੁ-(1079)

ਆਦਿ ਮਧਿ ਅੰਤਿ ਪ੍ਰਭੁ-(1080)

ਆਦਿ ਮਧਿ ਅਰੁ ਅੰਤਿ-(523)

ਆਦਿ ਮਧਿ ਪ੍ਰਭੁ ਅੰਤਿ-(825)

ਆਦਿ ਮਧਿ ਜੋ ਅੰਤਿ ਨਿਬਾਹੇ-(240)

ਉਪ੍ਰੋਕਤ ਹਰੇਕ ਤੁਕ ਵਿੱਚ ਕਰਣਹਾਰ ਕਰਤਾਰ ਦੀ ਗੱਲ ਹੈ ਜੋ ਭੂਤਕਾਲ, ਵਰਤਮਾਨਕਾਲ ਅਤੇ ਭਵਿਖਤਕਾਲ ਭਾਵ ਹਰ ਸਮੇਂ ਸਦੀਵੀ ਹੋਂਦ ਵਾਲਾ ਤੇ ਇੱਕ-ਰਸ ਵਿਆਪਕ ਹੈ। ਉਹ ਹਰ ਵੇਲੇ ਪੂਰਨ ਹੈ।  ਸੰਸਾਰ ਦਾ ਆਦਿ, ਮਧਿ ਅਤੇ ਅੰਤਿ ਵੀ ਉਹੀ ਪਰੀ-ਪੂਰਨ ਪ੍ਰਮਾਤਮਾਂ ਹੈ। ਇਨ੍ਹਾਂ ਤੁਕਾਂ ਦਾ ਮਧਿ ਦੀ ਅਰਦਾਸ ਨਾਲ ਕੋਈ ਸਬੰਧ ਨਹੀਂ। ਸੋ ਚਲਦੇ ਅਖੰਡ ਪਾਠ ਵਿੱਚ ਮਧਿ ਦੀ ਅਰਦਾਸ ਕਰਨਾ ਭਾਰੀ ਮਨਮਤਿ ਹੈ।


ਜੇ ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ।


ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org  and cannot be held responsible for their views.  Read full details....

Go to Top