Share on Facebook

Main News Page

ਗੁਰੁ ਈਸਰੁ ਗੁਰੁ ਗੋਰਖੁ ਬਰਮਾ ਗੁਰੁ ਪਾਰਬਤੀ ਮਾਈ ਤੋਂ ਕੀ ਭਾਵ ਹੈ ?
-: ਅਵਤਾਰ ਸਿੰਘ ਮਿਸ਼ਨਰੀ  
510 432 5827

ਇੱਥੇ ਗੁਰੂ ਦਾ ਅਰਥ ਗਿਆਨਦਾਤਾ ਪ੍ਰਮੇਸ਼ਰ ਜੋ ਸਰਬ ਵਿਆਪਕ ਹੈ। ਜਦ ਸਿੱਧਾਂ ਨੇ ਬਾਬਾ ਨਾਨਕ ਜੀ ਨੂੰ ਪੁੱਛਿਆ ਕਿ ਤੁਹਾਡਾ ਗੁਰੂ ਕੌਣ ਹੈ? ਤੇਰਾ ਕਵਣੁ ਗੁਰੂ ਜਿਸਕਾ ਤੂ ਚੇਲਾ (੯੪੨) ਤਾਂ ਬਾਬੇ ਨੇ ਕਿਹਾ- ਸਬਦੁ ਗੁਰੂ ਸੁਰਤਿ ਧੁਨਿ ਚੇਲਾ॥ (ਸਿੱਧ ਗੋਸਟ) ਜਿਸ ਸ਼ਬਦ ਨੂੰ ਬਾਬੇ ਨੇ ਗੁਰੂ ਕਿਹਾ ਉਹ ਸਰਬ ਵਿਆਪਕ ਭਾਵ ਪ੍ਰਮਾਤਮਾਂ ਹੈ ਜੋ ਸਦੀਵ ਪ੍ਰਕਾਸ਼ ਰੂਪ ਹੈ। ਜੋ ਗਿਆਨ ਦੇ ਤੇਜ ਪ੍ਰਕਾਸ਼ ਨਾਲ ਅਗਿਆਨਤਾ ਦਾ ਹਨੇਰਾ ਦੂਰ ਕਰ ਦਿੰਦਾ ਹੈ।

 

ਉਪ੍ਰੋਕਤ ਪੰਕਤੀ- ਗੁਰੁ ਈਸ਼ਰੁ ਗੁਰੁ ਗੋਰਖੁ ਬਰਮਾ ਗੁਰੁ ਪਾਰਬਤੀ ਮਾਈ॥ ਜਪੁਜੀ ਸਾਹਿਬ ਦੀ ਪੰਜਵੀਂ ਪਾਉੜੀ ਚੋਂ ਹੈ ਜਿਸ ਬਾਰੇ ਬਾਬਾ ਨਾਨਕ ਜੀ ਫੁਰਮਾਂਦੇ ਹਨ ਕਿ ਗੁਰੂ ਹੀ ਈਸ਼ਰ, ਗੋਰਖ, ਬ੍ਰਹਮਾ ਅਤੇ ਗੁਰੂ ਹੀ ਪਾਰਬਤੀ ਮਾਈ ਹੈ ਭਾਵ ਮੇਰਾ ਗੁਰੂ ਹੀ ਮੇਰੇ ਵਾਸਤੇ ਸਭ ਕੁਝ ਹੈ, ਪਰ ਡੇਰੇਦਾਰ ਅਤੇ ਸੰਪ੍ਰਦਾਈ ਟਕਸਾਲੀ ਇਸ ਪੰਕਤੀ ਦੇ ਅਰਥ ਉਲਟ ਕਰਦੇ ਹਨ ਕਿ ਈਸ਼ਰ, ਗੋਰਖ, ਬ੍ਰਹਮਾਂ ਗੁਰੂ ਤੇ ਪਾਰਬਤੀ ਮਾਂ ਹੈ। ਜਦ ਕਿ ਗੁਰੂ ਨੇ ਗੁਰਬਾਣੀ ਵਿੱਚ ਹੋਰ ਵੀ ਸ਼ਪਸ਼ਟ ਕੀਤਾ ਹੈ ਕਿ- ਗੁਰਦੇਵ ਮਾਤਾ ਗੁਰਦੇਵ ਪਿਤਾ ਗੁਰਦੇਵ ਸੁਆਮੀ ਪਰਮੇਸਰਾ॥(੨੫੦) ਭਾਵ ਪ੍ਰਕਾਸ਼ ਰੂਪ ਗੁਰੂ ਪ੍ਰਮਾਤਮਾਂ ਹੀ ਸਭ ਦਾ ਮਾਤਾ ਪਿਤਾ ਹੈ। ਜਿਹੜੇ ਲੋਕ ਈਸ਼ਰ, ਗੋਰਖ ਤੇ ਬਰਮਾਂ ਨੂੰ ਗੁਰੂ ਅਤੇ ਪਾਰਬਤੀ ਨੂੰ ਮਾਂ ਮੰਨਦੇ ਸਨ, ਇਸ ਪੰਕਤੀ ਵਿੱਚ ਬਾਬੇ ਨਾਨਕ ਨੇ ਉਨ੍ਹਾਂ ਦਾ ਭੁਲੇਖਾ ਦੂਰ ਕੀਤਾ ਹੈ ਪਰ ਅਜੋਕੇ ਡੇਰੇਦਾਰ ਟਕਸਾਲੀ ਸੰਗਤਾਂ ਨੂੰ ਅਜਿਹੇ ਬ੍ਰਾਹਮਣਵਾਦੀ ਭਰਮ ਭੁਲੇਖਿਆਂ ਵਿੱਚ ਪਾ ਰਹੇ ਹਨ।

 

ਆਓ ਮਿਥਿਹਾਸਕ ਦੇਵੀ ਪਾਰਬਤੀ ਬਾਰੇ ਵਿਚਾਰ ਕਰੀਏ-

 

ਮਹਾਨ ਕੋਸ਼ ਤੇ ਡਾ. ਰਤਨ ਸਿੰਘ ਜੱਗੀ ਅਨੁਸਾਰ ਹਿਮਾਲੀਆ ਪਰਬਤ ਦੀ ਪੁਤ੍ਰੀ। ਡਾ. ਜੱਗੀ ਜੀ ਲਿਖਦੇ ਹਨ ਕਿ ਬ੍ਰਹਮ-ਪੁਰਾਣ ਅਨੁਸਾਰ ਸ਼ੈਲੇਂਦ੍ਰ (ਹਿਮਾਲਯ ਪਰਬਤ) ਕਠਨ ਤਪੱਸਿਆ ਕਰ ਬ੍ਰਹਮਾਂ ਤੋਂ ਵਰ ਪ੍ਰਾਪਤ ਕੀਤਾ ਜਿਸ ਕਰਕੇ ਉਸ ਦੇ ਘਰ ਮੇਨਾ ਦੀ ਕੁਖੋਂ 3 ਪੁਤ੍ਰੀਆਂ ਅਰਪਣਾ, ਪਰਣਾ ਤੇ ਪਾਟਲਾ ਦਾ ਜਨਮ ਹੋਇਆ। ਇਨ੍ਹਾਂ ਚੋਂ ਪਰਣਾ ਤੇ ਪਾਟਲਾ ਨੇ, ਇੱਕ ਹਜ਼ਾਰ ਵਰ੍ਹੇ ਬਾਅਦ ਭੋਜਨ ਕੀਤਾ ਪਰ ਅਰਪਣਾ ਨੇ ਓਦੋਂ ਵੀ ਕੋਈ ਚੀਜ਼ ਨਾ ਖਾਈ। ਮੇਨਾ ਨੇ ਉਸ ਨੂੰ ‘ਉ+ਮਾ’ ਕਹਿ ਕੇ ਕਠੋਰ ਤਪੱਸਿਆ ਤੋਂ ਰੋਕਿਆ, ਉਸ ਦਿਨ ਤੋਂ ਉਸ ਦਾ ਨਾਂ ‘ਉਮਾ’ ਪ੍ਰਚਲਿਤ ਹੋ ਗਿਆ ਤੇ ਉਸ ਤਪੱਸਿਆ ਤੋਂ ਪ੍ਰਸੰਨ ਹੋ ਕੇ ਸ਼ਿਵ ਨੇ ਉਸ ਅੱਗੇ ਵਿਆਹ ਦਾ ਪ੍ਰਸਤਾਵ ਰੱਖਿਆ ਪਰ ਉਸ ਨੇ ਪਿਤਾ ਸੈਲੇਂਦ੍ਰ ਦੀ ਆਗਿਆ ਲੈਣ ਲਈ ਕਿਹਾ ਤਾਂ ਸ਼ਿਵ ਨੇ ਭਿਆਨਕ ਰੂਪ ਵਿੱਚ ਸ਼ੈਲੇਂਦ੍ਰ ਅੱਗੇ ਅਜਿਹਾ ਕੀਤਾ ਜੋ ਸ਼ੈਲੇਂਦ੍ਰ ਨੂੰ ਨਾਂ ਜਚਿਆ। ਉਸ ਨੇ ਉਮਾਂ ਦਾ ਵਿਆਹ ਸੁਅੰਬਰ ਦੁਆਰਾ ਕਰਨ ਦਾ ਨਿਰਣਾ ਕੀਤਾ। ਸੁਅੰਬਰ ਮੌਕੇ ਸ਼ਿਵ ਨੇ ਬਾਲਕ ਦਾ ਰੂਪ ਧਾਰਨ ਕਰ ਲਿਆ, ਉਮਾ ਨੇ ਉਸ ਨੂੰ ਪਛਾਣ ਗਲੇ ਨਾਲ ਲਾਇਆ ਤਾਂ ਸ਼ਿਵ ਨੇ ਆਪਣਾ ਰੂਪ ਪ੍ਰਗਟ ਕੀਤਾ। ਬ੍ਰਹਮਾ ਨੇ ਦੋਹਾਂ ਦਾ ਵਿਆਹ ਕਰ ਦਿੱਤਾ ਤੇ ਸ਼ਿਵ ਉਮਾਂ ਸਮੇਤ ਮੇਰੁ ਪਰਬਤ ਤੇ ਚਲਾ ਗਿਆ।

 

ਸਕੰਦ ਪੁਰਾਨ ਅਨੁਸਾਰ ਉਮਾ ਪਹਿਲੇ ਕਾਲੇ ਰੰਗ ਦੀ ਸੀ ਪਰ ਅਨਰਕੇਸ਼ਵਰ ਤੀਰਥ ਤੇ ਇਸ਼ਨਾਨ ਕਰ, ਸ਼ਿਵ-ਲਿੰਗ ਨੂੰ ਦੀਪ-ਦਾਨ ਕਰਨ ਨਾਲ ਗੋਰੇ ਰੰਗ ਦੀ ਹੋ ਗੋਰੀ ਅਖਵਾਈ। ਇੱਕ ਵਿਚਾਰ ਅਨੁਸਾਰ ਪਰਬਤ ਦੀ ਪ੍ਰਮੁੱਖ ਦੇਵੀ ਹੋਣ ਕਾਰਣ ਇਸ ਦਾ ਨਾਂ “ਪਾਰਬਤੀ” ਪਿਆ। ਦੁਰਗਾ, ਕਾਲੀ, ਭਵਾਨੀ ਵੀ ਇਸ ਦੇ ਨਾਮ ਮੰਨੇ ਜਾਂਦੇ ਹਨ। ਹਿੰਦੂਆਂ ਵਿੱਚ ਖਾਸ ਕਰਕੇ ਸ਼ਿਵ-ਮੱਤ ਵਾਲਿਆਂ ਅਤੇ ਦੇਵੀ ਦੇ ਉਪਾਸ਼ਕਾਂ ਵਿੱਚ, ਇਸ ਦੀ ਪੂਜਾ ਹੁੰਦੀ ਹੈ। ਗੁਰਮਤਿ ਅਨੁਸਾਰ ਦੇਵੀ ਦੇਵਤਿਆਂ ਦੀ ਕੋਈ ਹੋਂਦ ਨਹੀਂ।

 

ਇੱਕ ਮਨੌਤ ਅਨੁਸਾਰ ਦੁਰਗ ਦੈਂਤ ਨੂੰ ਮਾਰਨ ਕਰਕੇ ਇਸ ਦਾ ਨਾਂ ਦੁਰਗਾ ਪਿਆ। ਇਸਾ ਦਾ ਪ੍ਰਸੰਗ “ਮਾਰਕੰਡੇ ਪੁਰਾਣ” ਦੀ “ਦੁਰਗਾ ਸਪ੍ਰਤਸ਼ਤੀ” ਵਿੱਚ ਵਿਸਥਾਰ ਨਾਲ ਹੈ। ਇਸ ਦੀ ਸਵਾਰੀ ਸ਼ੇਰ ਤੇ ਇਸ ਦੀਆਂ 8 ਭੁਜਾਵਾਂ ਵਿੱਚ ਕਈ ਤਰ੍ਹਾਂ ਦੇ ਸ਼ਸ਼ਤ੍ਰ ਹਨ। ਇੰਦ੍ਰ ਅਤੇ ਹੋਰ ਦੇਵਤਿਆਂ ਦੀ ਸਹਾਇਤਾ ਲਈ ਇਸ ਨੇ ਮਹਿਖਾਸੁਰ ਤੇ ਸ਼ੁੰਭ-ਨਿਸ਼ੁੰਭ ਨਾਂ ਦੇ ਦੈਂਤਾਂ ਨੂੰ ਮਾਰ ਕੇ ਇੰਦ੍ਰਪੁਰੀ ਤੋਂ ਬਾਹਰ ਕੱਢ, ਇੰਦ੍ਰ ਨੂੰ ਫਿਰ ਇੰਦ੍ਰਾਸਨ ਤੇ ਬਿਠਾਇਆ। ਨਿਰਗੁਣਵਾਦੀ ਸੰਤਾਂ ਨੇ ਦੇਵੀ ਦੇਵਤਿਆਂ ਦੀ ਪੂਜਾ ਤੋਂ ਹਟ ਕੇ ਨਿਰਾਕਾਰ ਬ੍ਰਹਮ ਦੀ ਉਪਾਸ਼ਨਾ ਕੀਤੀ।

 

ਪਤਾ ਨਹੀਂ ਟਕਸਾਲੀ ਭੱਦ੍ਰਪੁਰਸ਼ਾਂ ਨੇ ਮੰਨੇ ਗਏ ਭੰਗ ਤੇ ਸੱਪਾਂ ਦੇ ਜਹਿਰ ਦੇ ਨਸ਼ਈ ਸ਼ਿਵਜੀ ਦੀ ਪਤਨੀ ਪਾਰਬਤੀ ਨੂੰ ਜਗਤ ਮਾਤਾ ਕਿਵੇਂ ਬਣਾ ਦਿੱਤਾ, ਪਰ ਜੇ ਉਸ ਨੇ ਕੋਈ ਬੱਚਾ ਜੰਮਿਆਂ ਤਾਂ ਉਹ ਉਸਦੀ ਮਾਂ ਜਰੂਰ ਹੈ।

 

ਸੋ ਉਪ੍ਰੋਕਤ ਮਿਥਿਹਾਸਕ ਹਵਾਲੇ ਅਤੇ ਗੁਰਬਾਣੀ ਸਿਧਾਂਤ ਅਨੁਸਾਰ ਇਹ ਇੱਕ ਊਟ-ਪਟਾਂਗ ਕਹਾਣੀ ਹੈ ਤਾਂ ਹੀ ਬਾਬਾ ਗੁਰੂ ਨਾਨਕ ਸਾਹਿਬ ਨੇ ਕਥਿਤ ਦੇਵੀ ਦੇਵਤਿਆਂ ਨੂੰ ਨਕਾਰ ਦੇ ਕਿਹਾ ਕਿ ਮੇਰਾ ਨਿਰੰਕਾਰ ਗੁਰੂ ਹੀ ਮੇਰਾ ਈਸ਼ਰ, ਗੋਰਖ, ਬ੍ਰਹਮਾਂ ਅਤੇ ਪਾਰਬਤੀ ਮਾਂ ਹੈ, ਇਹ ਹੋਏ ਜਾਂ ਨਹੀਂ ਹੋਏ ਮੇਰਾ ਇਸ ਨਾਲ ਕੋਈ ਸਰੋਕਾਰ ਨਹੀਂ।

 

ਯਾਦ ਰਹੇ ਕਿ ਗੁਰੂ ਨਾਨਕ ਸਾਹਿਬ ਵੇਲੇ  ਹਿੰਦੂਆਂ ਤੇ ਮੁਸਲਮਾਨਾਂ ਦਾ ਬੋਲਬਾਲਾ ਸੀ, ਇਸ ਕਰਕੇ ਉਨ੍ਹਾਂ ਨਾਲ ਹਰ ਰੋਜ ਗੁਰੂ ਜੀ ਦਾ ਵਾਹ ਪੈਂਦਾ ਸੀ ਤੇ ਗੁਰੂ ਜੀ ਉਨ੍ਹਾਂ ਨੂੰ ਰੱਬੀ ਗਿਆਨ ਦੀ ਬਖਸ਼ਿਸ਼ ਕਰਦੇ ਸਨ ਤਾਂ ਹੀ ਅਜਿਹੇ ਦੇਵੀ, ਦੇਵ, ਨਰਕ, ਸਵਰਗ, ਬਹਿਸ਼ਤ, ਦੋਜ਼ਕ, ਮੁਲਾਂ ਮੁਲਾਣੇ, ਬ੍ਰਾਹਮਣ, ਵੇਦ, ਪੁਰਾਣ ਅਤੇ ਕੁਰਾਨ ਸ਼ਬਦ ਗੁਰਬਾਣੀ ਵਿਖੇ ਆਏ ਹਨ, ਨੂੰ ਵਿਚਾਰਨ ਦੀ ਲੋੜ ਹੈ ਨਾਂ ਕਿ ਲਕੀਰ ਦੇ ਫਕੀਰ ਬਣ, ਡੇਰੇਦਾਰ ਸੰਪ੍ਰਦਾਈਆਂ ਤੇ ਅਖੌਤੀ ਦਸਮ ਗ੍ਰੰਥ ਦੇ ਕਹੇ ਕਹਾਏ ਅੰਨ੍ਹੇਵਾਹ ਪੂਜੀ ਜਾਣ ਦੀ। 


ਜੇ ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ।


ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org  and cannot be held responsible for their views.  Read full details....

Go to Top