Share on Facebook

Main News Page

ਸ਼੍ਰੀਚੰਦ ਖੋਟੇ ਦਿਲ ਵਾਲਾ; ਪਿਤਾ ਗੁਰੂ ਨਾਨਕ ਸਾਹਿਬ ਜੀ ਤੋਂ ਬਾਗੀ ਤੇ ਗੁਰਮਤਿ ਤੋਂ ਭਗੌੜਾ ਹੈ
- ਭਾਈ ਪੰਥਪ੍ਰੀਤ ਸਿੰਘ

* ਗੁਰੂ ਗ੍ਰੰਥ ਸਾਹਿਬ ਜੀ ਦੀ ਸੱਚੀ ਅੰਮ੍ਰਿਤ ਕਥਾ ਸੁਣਨ ਤੋਂ ਆਕੀ ਬੂਬਨਿਆਂ ਨੇ ਸੁਖਮਨੀ ਸਾਹਿਬ ਦੀ ਬਾਣੀ ਤਾਂ ਬਾਅਦ ਵਿੱਚ ਛਾਪੀ ਹੈ ਪਰ ਗੁਰੂ ਅਰਜੁਨ ਸਾਹਿਬ ਜੀ ਦੀ ਨਿੰਦਾ ਪਹਿਲਾਂ ਹੀ ਲਿਖ ਦਿੱਤੀ ਹੈ ਕਿ ਸੁਖਮਨੀ ਸਾਹਿਬ ਦੀ ਬਾਣੀ ਉਚਾਰਣ ਸਮੇਂ 16 ਅਸਟਪਦੀਆਂ ਤੋਂ ਬਾਅਦ ਗੁਰੂ ਜੀ ਨੂੰ ਬਾਣੀ ਉਤਰਨੀ ਬੰਦ ਹੋ ਗਈ

ਬਠਿੰਡਾ, 6 ਜੂਨ 2013 (ਕਿਰਪਾਲ ਸਿੰਘ): ਜਿਹੜੀ ਸੁਆਹ ਗੁਰੂ ਨਾਨਕ ਨੇ ਜੋਗੀਆਂ ਦੇ ਸਿਰਾਂ ਚੋਂ ਕੱਢੀ ਸੀ ਸ਼੍ਰੀ ਚੰਦ ਨੇ ਉਹ ਸੁਆਹ ਆਪਣੇ ਸਿਰ ਵਿੱਚ ਪਾ ਕੇ ਆਪਣੇ ਪਿਤਾ ਗੁਰੂ ਨਾਨਕ ਨੂੰ ਕਿਹਾ ਬਾਪੂ ਜੋ ਤੂੰ ਕਹਿੰਦਾ ਹੈਂ; ਮੈਂ ਸਾਰੇ ਕੰਮ ਉਸ ਤੋਂ ਉਲਟ ਕਰਾਂਗਾ। ਇਹ ਸ਼ਬਦ ਪਿੰਡ ਜੰਗੀਆਣਾ ਵਿਖੇ ਚੱਲੇ ਤਿੰਨ ਦਿਨਾਂ ਗੁਰਮਤਿ ਸਮਾਗਮ ਦੇ ਆਖਰੀ ਦੀਵਾਨ ਵਿੱਚ ਬੀਤੇ ਦਿਨੀਂ ਭਾਈ ਪੰਥਪ੍ਰੀਤ ਸਿੰਘ ਖ਼ਾਲਸਾ ਭਾਈ ਬਖ਼ਤੌਰ ਵਾਲਿਆਂ ਨੇ ਗੁਰਬਾਣੀ ਵਿੱਚੋਂ ਪ੍ਰਮਾਣ ਦਿੰਦੇ ਹੋਏ ਕਹੇ। ਗੁਰੂ ਨਾਨਕ ਨੇ ਬਾਣੀ ਵਿੱਚ ਕਿਹਾ:

ਬਸਤ੍ਰ ਨ ਪਹਿਰੈ ॥ ਅਹਿਨਿਸਿ ਕਹਰੈ ॥ ਮੋਨਿ ਵਿਗੂਤਾ ॥ ਕਿਉ ਜਾਗੈ ਗੁਰ ਬਿਨੁ ਸੂਤਾ ॥ ਪਗ ਉਪੇਤਾਣਾ ॥ ਅਪਣਾ ਕੀਆ ਕਮਾਣਾ ॥ ਅਲੁ ਮਲੁ ਖਾਈ ਸਿਰਿ ਛਾਈ ਪਾਈ ॥ ਮੂਰਖਿ ਅੰਧੈ ਪਤਿ ਗਵਾਈ ॥ ਵਿਣੁ ਨਾਵੈ ਕਿਛੁ ਥਾਇ ਨ ਪਾਈ ॥ ਰਹੈ ਬੇਬਾਣੀ ਮੜੀ ਮਸਾਣੀ ॥ ਅੰਧੁ ਨ ਜਾਣੈ ਫਿਰਿ ਪਛੁਤਾਣੀ ॥ ਸਤਿਗੁਰੁ ਭੇਟੇ ਸੋ ਸੁਖੁ ਪਾਏ ॥ ਹਰਿ ਕਾ ਨਾਮੁ ਮੰਨਿ ਵਸਾਏ ॥ ਨਾਨਕ ਨਦਰਿ ਕਰੇ ਸੋ ਪਾਏ ॥ ਆਸ ਅੰਦੇਸੇ ਤੇ ਨਿਹਕੇਵਲੁ ਹਉਮੈ ਸਬਦਿ ਜਲਾਏ ॥2॥ (ਆਸਾ ਕੀ ਵਾਰ ਮ: 1, ਗੁਰੂ ਗ੍ਰੰਥ ਸਾਹਿਬ ਪੰਨਾ 468) ਜਿਸ ਦੇ ਅਰਥ ਹਨ ਕਿ ਕੋਈ ਕੱਪੜੇ ਨਹੀਂ ਪਾਂਦਾ ਤੇ ਦਿਨ ਰਾਤ ਔਖਾ ਹੋ ਰਿਹਾ ਹੈ। (ਸਮਾਧੀਆਂ ਲਾ ਕੇ) ਚੁੱਪ ਵੱਟ ਕੇ (ਅਸਲੀ ਰਾਹ ਤੋਂ) ਖੁੰਝਿਆ ਹੋਇਆ ਹੈ, ਭਲਾ, ਦੱਸੋ (ਮਾਇਆ ਦੀ ਨੀਂਦਰ ਵਿਚ) ਸੁੱਤਾ ਹੋਇਆ ਉਹ ਮਨੁੱਖ ਗੁਰੂ ਤੋਂ ਬਿਨਾ ਕਿਵੇਂ ਜਾਗ ਸਕਦਾ ਹੈ? (ਕੋਈ) ਪੈਰਾਂ ਤੋਂ ਨੰਗਾ ਫਿਰਦਾ ਹੈ ਅਤੇ ਆਪਣੀ ਇਸ ਕੀਤੀ ਹੋਈ ਭੁੱਲ ਦਾ ਦੁੱਖ ਸਹਿ ਰਿਹਾ ਹੈ। (ਸੁੱਚਾ ਚੰਗਾ ਭੋਜਨ ਛੱਡ ਕੇ) ਜੂਠਾ ਮਿੱਠਾ ਖਾਂਦਾ ਹੈ ਅਤੇ ਸਿਰ ਵਿਚ ਸੁਆਹ ਪਾ ਰੱਖੀ ਹੈ, ਅਗਿਆਨੀ ਮੂਰਖ ਨੇ (ਇਸ ਤਰ੍ਹਾਂ) ਆਪਣੀ ਪੱਤ ਗਵਾ ਲਈ ਹੈ। ਪ੍ਰਭੂ ਦੇ ਨਾਮ ਤੋਂ ਬਿਨਾ ਹੋਰ ਕੋਈ ਉੱਦਮ ਪਰਵਾਨ ਨਹੀਂ ਹੈ। ਅੰਨ੍ਹਾ (ਮੂਰਖ) ਉਜਾੜਾਂ ਵਿਚ, ਮੜ੍ਹੀਆਂ ਵਿਚ, ਮਸਾਣਾਂ ਵਿਚ ਜਾ ਰਹਿੰਦਾ ਹੈ, (ਰੱਬ ਵਾਲਾ ਰਸਤਾ) ਨਹੀਂ ਸਮਝਦਾ ਤੇ ਸਮਾਂ ਵਿਹਾ ਜਾਣ ਤੇ ਪਛਤਾਂਦਾ ਹੈ। ਜਿਸ ਮਨੁੱਖ ਨੂੰ ਗੁਰੂ ਮਿਲ ਪਿਆ ਹੈ (ਅਸਲੀ) ਸੁਖ ਉਹੀ ਮਾਣਦਾ ਹੈ, ਉਹ (ਵਡਭਾਗੀ) ਰੱਬ ਦਾ ਨਾਮ ਆਪਣੇ ਹਿਰਦੇ ਵਿਚ (ਟਿਕਾਂਦਾ) ਹੈ। (ਪਰ) ਗੁਰੂ ਭੀ ਉਸੇ ਨੂੰ ਹੀ ਮਿਲਦਾ ਹੈ ਜਿਸ ਉੱਤੇ ਆਪ ਦਾਤਾਰ ਮਿਹਰ ਦੀ ਨਜ਼ਰ ਕਰਦਾ ਹੈ। ਉਸ ਸੰਸਾਰ ਦੀਆਂ ਆਸਾਂ ਤੇ ਫ਼ਿਕਰਾਂ ਤੋਂ ਨਿਰਲੇਪ ਹੋ ਕੇ ਗੁਰੂ ਦੇ ਸ਼ਬਦ ਦੁਆਰਾ ਆਪਣੀ ਹਉਮੈ ਨੂੰ ਸਾੜ ਦੇਂਦਾ ਹੈ ॥2॥

ਸਿਰ ਵਿੱਚ ਸੁਆਹ ਪਾ ਕੇ ਸਾਧੂ ਬਣ ਕੇ ਨੰਗੇ ਰਹਿਣ ਅਤੇ ਘਰਬਾਰ ਛੱਡਣ ਵਾਲੇ ਸਾਧੂਆਂ ਨੂੰ ਇਹ ਉਪਦੇਸ਼ ਦੇਣ ਪਿੱਛੋਂ ਗੁਰੂ ਜੀ ਨੇ ਕਿਹਾ (ਕਈ ਅਜਿਹੇ ਹਨ ਜੋ ਆਪਣੇ ਆਪ ਨੂੰ) ਜਤੀ ਅਖਵਾਂਦੇ ਹਨ ਪਰ ਜਤੀ ਹੋਣ ਦੀ ਜੁਗਤੀ ਜਾਣਦੇ ਹੀ ਨਹੀਂ (ਐਵੇਂ ਵੇਖੋ-ਵੇਖੀ) ਘਰ-ਘਾਟ ਛੱਡ ਜਾਂਦੇ ਹਨ: ਜਤੀ ਸਦਾਵਹਿ ਜੁਗਤਿ ਨ ਜਾਣਹਿ ਛਡਿ ਬਹਹਿ ਘਰ ਬਾਰੁ ॥     (ਆਸਾ ਕੀ ਵਾਰ ਮ: 1, ਗੁਰੂ ਗ੍ਰੰਥ ਸਾਹਿਬ - ਪੰਨਾ 469)। ਪਰ ਸ਼੍ਰੀ ਚੰਦ ਨੇ ਕਿਹਾ ਬਾਪੂ ਮੈਂ ਘਰਬਾਰ ਛੱਡ ਕੇ ਜਤੀ ਵੀ ਕਹਾਉਂਗਾ, ਸਿਰ ਵਿੱਚ ਸੁਆਹ ਵੀ ਪਾਊਂਗਾ, ਨੰਗਾ ਵੀ ਰਹੂੰਗਾ।

ਭਾਈ ਪੰਥਪ੍ਰੀਤ ਸਿੰਘ ਨੇ ਕਿਹਾ ਪਰ ਗੁਰਬਾਣੀ ਦੇ ਇਨ੍ਹਾਂ ਸ਼ਬਦਾਂ ਦੇ ਅਰਥ ਇਨ੍ਹਾਂ ਬੂਬਨਿਆਂ (ਸ਼੍ਰੀਚੰਦ ਦੇ ਚੇਲਿਆਂ) ਤੋਂ ਸੁਣੇ ਨਹੀਂ ਜਾਂਦੇ ਕਿਉਂਕਿ ਗੁਰਬਾਣੀ ਦਾ ਫੈਸਲਾ ਹੈ ਕਿ ਅਜੇਹੇ ਵਿਕਾਰਾਂ ਹੇਠ ਦੱਬਿਆ ਹੋਇਆ ਮਨੁੱਖ ਆਤਮਕ ਜੀਵਨ ਦੇਣ ਵਾਲੀਆਂ ਸਿਫ਼ਤ-ਸਾਲਾਹ ਦੀਆਂ ਗੱਲਾਂ ਸੁਣਨੀਆਂ ਪਸੰਦ ਨਹੀਂ ਕਰਦਾ, ਪਰ ਝੂਠੀ (ਕਿਸੇ ਕੰਮ ਨਾਂਹ ਆਉਣ ਵਾਲੀ) ਕਥਾ-ਕਹਾਣੀ ਵਿਚ ਲੱਗ ਕੇ (ਹੋਰਨਾਂ ਨਾਲ) ਝਗੜਾ-ਬਖੇੜਾ ਕਰਦਾ ਰਹਿੰਦਾ ਹੈ: ਸੁਨੀ ਨ ਜਾਈ ਸਚੁ ਅੰਮ੍ਰਿਤ ਕਾਥਾ ॥     ਰਾਰਿ ਕਰਤ ਝੂਠੀ ਲਗਿ ਗਾਥਾ ॥1॥ ਰਹਾਉ ॥  (ਆਸਾ ਮ: 5, ਗੁਰੂ ਗ੍ਰੰਥ ਸਾਹਿਬ - ਪੰਨਾ 376)

ਭਾਈ ਪੰਥਪ੍ਰੀਤ ਸਿੰਘ ਨੇ ਕਿਹਾ ਗੁਰਬਾਣੀ ਅਨੁਸਾਰ ਸੱਚੀ ਕਥਾ ਹੈ: ਪੁਤ੍ਰੀ ਕਉਲੁ ਨ ਪਾਲਿਓ ਕਰਿ ਪੀਰਹੁ ਕੰਨ੍‍ ਮੁਰਟੀਐ ॥ ਦਿਲਿ ਖੋਟੈ ਆਕੀ ਫਿਰਨਿ ਬੰਨਿ ਭਾਰੁ ਉਚਾਇਨਿ ਛਟੀਐ ॥ (ਰਾਮਕਲੀ ਕੀ ਵਾਰ (ਬਲਵੰਡ ਸਤਾ) ਗੁਰੂ ਗ੍ਰੰਥ ਸਾਹਿਬ - ਪੰਨਾ 967) ਸਤਿਗੁਰੂ ਜੀ ਦੇ) ਪੁਤ੍ਰਾਂ ਨੇ ਬਚਨ ਨ ਮੰਨਿਆ, ਉਹ ਗੁਰੂ ਵਲ ਪਿੱਠ ਦੇ ਕੇ  ਐਵੇਂ ਹੀ ਮੋਢੇ ਚੜ੍ਹਾਉਂਦੇ ਰਹੇ ਭਾਵ (ਹੁਕਮ) ਮੋੜਦੇ ਰਹੇ। ਉਹ ਖੋਟਾ ਦਿਲ ਹੋਣ ਦੇ ਕਾਰਨ (ਗੁਰੂ ਵੱਲੋਂ) ਆਕੀ ਹੋਏ ਫਿਰਦੇ ਹਨ ਅਤੇ (ਗੁਰੂ ਦੇ ਪੁੱਤਰ ਹੋਣ ਦੇ ਹੰਕਾਰ ਦੀ ਪੰਡ ਦਾ) ਭਾਰ ਬੰਨ੍ਹ ਕੇ ਚੁੱਕੀ ਰੱਖਦੇ ਹਨ।

ਭਾਈ ਗੁਰਦਾਸ ਜੀ ਨੇ ਗੁਰਬਾਣੀ ਦੇ ਇਨ੍ਹਾਂ ਉਪਦੇਸ਼ਾਂ ਤੋਂ ਸੇਧ ਲੈ ਕੇ ਲਿਖਿਆ ਹੈ: ਪੁਤਰੀ ਕਉਲੁ ਨ ਪਾਲਿਆ ਮਨਿ ਖੋਟੇ ਆਕੀ ਨਸਿਆਰਾ। (ਵਾਰ 1 ਪਉੜੀ 38)। (ਕਿਉਂ ਜੋ) ਪੁੱਤ੍ਰਾਂ ਨੇ ਬਚਨ ਨੂੰ ਨਾ ਮੰਨਿਆਂ ਇਸ ਲਈ ਉਹ ਖੋਟੇ ਮਨ ਵਾਲੇ ਗੁਰੂ ਦੇ ਹੁਕਮਾਂ ਤੋਂ ਆਕੀ ਹੋ ਕੇ ਨੱਸਣ ਵਾਲੇ ਹੋ ਗਏ।

ਭਾਈ ਪੰਥਪ੍ਰੀਤ ਸਿੰਘ ਨੇ ਕਿਹਾ ਸੋ ਬਾਣੀ ਦਾ ਫੈਸਲਾ ਹੈ ਕਿ ਸ਼੍ਰੀਚੰਦ ਖੋਟੇ ਦਿਲ ਵਾਲਾ, ਗੁਰੂ ਤੋਂ ਬਾਗੀ ਤੇ ਭਗੌੜਾ ਹੈ ਇਸ ਲਈ ਸਿੱਖਾਂ ਦਾ ਇਸ ਨਾਲ ਕੋਈ ਸਬੰਧ ਨਹੀਂ ਹੈ। ਪਰ ਜਿਨ੍ਹਾਂ ਤੋਂ ਇਹ ਸੱਚੀ ਕਥਾ ਸੁਣੀ ਨਹੀਂ ਜਾਂਦੀ ਉਹ ਕਹਿੰਦੇ ਹਨ ਗੁਰੂ ਦੇ ਪੁੱਤਰ ਦੀ ਨਿੰਦਾ ਕਰਦੇ ਹਨ। ਉਨ੍ਹਾਂ ਕਿਹਾ ਸ਼੍ਰੀਚੰਦ ਨੂੰ ਗੁਰੂ ਨਾਨਕ ਦਾ ਪੁੱਤਰ ਕਹਿ ਕੇ ਸਤਿਕਾਰ ਦੇਣ ਵਾਲਿਆਂ ਦਾ ਪ੍ਰਿਥੀਏ, ਰਾਮਰਾਇ ਅਤੇ ਧੀਰ ਮੱਲ ਬਾਰੇ ਕੀ ਖ਼ਿਆਲ ਹੈ? ਪ੍ਰਿਥੀ ਚੰਦ ਦਾ ਤਾਂ ਚਾਰ ਗੁਰੂ ਸਾਹਿਬਾਨ ਨਾਲ ਨੇੜਲਾ ਰਿਸ਼ਤਾ ਸੀ। ਉਹ ਤੀਸਰੇ ਪਾਤਸ਼ਾਹ ਗੁਰੂ ਅਮਰਦਾਸ ਜੀ ਦੇ ਦੋਹਤਰੇ, ਚੌਥੇ ਪਾਤਸ਼ਾਹ ਗੁਰੂ ਰਾਮਦਾਸ ਜੀ ਦੇ ਪੁੱਤਰ, ਪੰਜਵੇਂ ਪਾਤਸ਼ਾਹ ਗੁਰੂ ਅਰਜੁਨ ਸਾਹਿਬ ਜੀ ਦੇ ਭਰਾ ਅਤੇ ਛੇਵੇਂ ਪਾਤਸ਼ਾਹ ਗੁਰੂ ਹਰਿਗੋਬਿੰਦ ਸਹਿਬ ਜੀ ਦਾ ਤਾਇਆ ਲਗਦਾ ਸੀ ਪਰ ਫਿਰ ਵੀ ਭਾਈ ਗੁਰਦਾਸ ਜੀ ਨੇ ਉਨ੍ਹਾਂ ਬਾਰੇ ਲਿਖਿਆ ਹੈ:

ਮੀਣਾ ਹੋਆ ਪਿਰਥੀਆ; ਕਰਿ ਕਰਿ ਟੇਢਕ, ਬਰਲੁ ਚਲਾਇਆ। 
ਮਹਾਦੇਉ ਅਹੰਮੇਉ ਕਰਿ; ਕਰਿ ਬੇਮੁਖੁ, ਕੁਤਾ ਭਉਕਾਇਆ।
ਚੰਦਨ ਵਾਸੁ, ਨ ਵਾਸ ਬੋਹਾਇਆ ॥33॥
(ਵਾਰ 26 ਪਉੜੀ 33)

ਭਾਵ ਪ੍ਰਿਥੀਆ ਮੀਣਾ (ਅਰਥਾਤ ਮੀਸਣਾ, ਕਪਟੀ) ਨਿਕਲਿਆ ਟੇਢ ਪੁਣੇ ਕਰ ਕਰ ਕੇ ਆਪਣਾ ਸੌਦਾਪੁਣਾ ਚਲਾ ਦਿੱਤਾ (ਝੂਠੇ ਹੁਕਮ ਨਾਮੇ ਲਿਖ ਭੇਜੇ)। ਮਹਾਦੇਉ ਨੇ ਹੰਕਾਰ ਕੀਤਾ, (ਉਸ ਨੂੰ ਪ੍ਰਿਥੀਏ ਨੇ) ਬੇਮੁਖ ਕਰ ਕੇ ਕੁੱਤੇ ਵਾਂਗ ਭਉਂਕਾਯਾ। ਚੰਦਨ ਦੀ ਵਾਸ਼ਨਾ ਨਾਲ ਵਾਸ ਸੁਗੰਧਤ ਨਾ ਹੋਇਆ ਭਾਵ- ਵਾਂਸ ਵਾਂਗੂੰ ਹੰਕਾਰੀ ਤੇ ਆਕੀ ਰਹੇ, ਸੋ ਗੁਰੂ ਦੇ ਕੋਲ ਰਹਿਕੇ ਵੀ ਸੁਗੰਧਤ ਨਾ ਹੋਏ।


ਰਾਮਰਾਇ ਗੁਰੂ ਹਰਿਰਾਇ ਸਾਹਿਬ ਜੀ ਦਾ ਵੱਡਾ ਪੁੱਤਰ ਸੀ। ਔਰੰਗਜ਼ੇਬ ਦੇ ਦਰਬਾਰ ਚ ਆਪਣਾ ਪ੍ਰਭਾਵ ਤੇ ਮਾਨ ਸਨਮਾਨ ਬਣਾਈ ਰੱਖਣ ਲਈ ਉਸ ਨੇ ਗੁਰਬਾਣੀ ਦੀ ਤੁਕ ਮਿਟੀ ਮੁਸਲਮਾਨ ਕੀ; ਪੇੜੈ ਪਈ ਕੁਮ੍‍ਆਿਰ ॥  {ਆਸਾ ਕੀ ਵਾਰ (ਮ: 1) ਗੁਰੂ ਗ੍ਰੰਥ ਸਾਹਿਬ -ਪੰਨਾ 466) ਨੂੰ ਬਦਲ ਕੇ  ਮਿਟੀ ਬੇਈਮਾਨ ਕੀ; ਪੇੜੈ ਪਈ ਕੁਮ੍‍ਆਿਰ ॥ ਕਰ ਦਿੱਤਾ ਤਾਂ ਇਸ ਦੀ ਖ਼ਬਰ ਗੁਰੂ ਸਾਹਿਬ ਜੀ ਨੂੰ ਮਿਲਦੇ ਸਾਰ ਹੁਕਮ ਕਰ ਦਿੱਤਾ ਕਿ ਉਹ ਮੇਰੇ ਮੱਥੇ ਨਾ ਲੱਗੇ ਤੇ ਗੁਰਿਆਈ ਛੋਟੇ ਪੁੱਤਰ (ਗੁਰੂ) ਸ਼੍ਰੀ ਹਰਿ ਕ੍ਰਿਸ਼ਨ ਜੀ ਨੂੰ ਦੇ ਦਿੱਤੀ।

ਧੀਰਮੱਲ ਗੁਰੂ ਹਰਿਗੋਬਿੰਦ ਸਾਹਿਬ ਜੀ ਦਾ ਪੋਤਰਾ, ਗੁਰੂ ਹਰਿਰਾਇ ਸਾਹਿਬ ਜੀ ਦਾ ਭਰਾ, ਗੁਰੂ ਹਰਿਕ੍ਰਿਸ਼ਨ ਜੀ ਦਾ ਤਾਇਆ ਅਤੇ ਗੁਰੂ ਤੇਗ ਬਹਾਦੁਰ ਸਾਹਿਬ ਜੀ ਦਾ ਭਤੀਜਾ ਸੀ। ਗੁਰੂ ਹਰਿਕ੍ਰਿਸ਼ਨ ਜੀ ਵੱਲੋਂ ਦਿੱਲੀ ਵਿਖੇ ਜੋਤੀ ਜੋਤਿ ਸਮਾਉਣ ਵੇਲੇ ਗੁਰਗੁੱਦੀ ਦੇ ਅਗਲੇ ਵਾਰਸ ਬਾਬਾ ਬਕਾਲੇ ਦਾ ਇਸ਼ਾਰਾ ਕਰਨ ਉਪ੍ਰੰਤ ਇਹ ਗੱਦੀ ਲਾ ਕੇ ਬਹਿ ਗਿਆ ਸੀ ਤੇ ਗੁਰਗੱਦੀ ਹਥਿਆਉਣ ਲਈ ਸ਼ੀਹੇਂ ਮਸੰਦ ਤੋਂ ਗੁਰੂ ਤੇਗ ਬਹਾਦੁਰ ਸਾਹਿਬ ਜੀ ਤੇ ਗੋਲ਼ੀ ਚਲਵਾਈ ਸੀ। ਵਡਭਾਗ ਸਿੰਘ, ਧੀਰਮੱਲ ਦੀ ਪੰਜਵੀਂ ਗੱਦੀ ਤੇ ਬੈਠਾ।

ਪ੍ਰਿਥੀਚੰਦ, ਰਾਮਰਾਇ ਤੇ ਧੀਰਮੱਲ ਗੁਰੂ ਸਾਹਿਬਾਨ ਦੇ ਨੇੜਲੇ ਰਿਸ਼ਤੇਦਾਰ ਹੋਣ ਦੇ ਬਾਵਯੂਦ ਸਿੱਖ ਰਹਿਤ ਮਰਿਆਦਾ ਵਿੱਚ ਦਰਜ ਹੈ: ਮੀਣੇ (ਪ੍ਰਿਥੀਏ), ਮਸੰਦ, ਧੀਰਮੱਲੀਏ, ਰਾਮਰਾਈਏ ਆਦਿਕ ਨਾਲ ਵਰਤਣ ਵਾਲਾ ਤਨਖ਼ਾਹੀਆ ਹੋ ਜਾਂਦਾ ਹੈ। ਅੱਜ ਵੀ ਅੰਮ੍ਰਿਤ ਛਕਾਉਣ ਸਮੇਂ ਪੰਜ ਪਿਆਰੇ; ਅੰਮ੍ਰਿਤ ਅਭਿਲਾਖੀਆਂ ਨੂੰ ਹਦਾਇਤ ਕਰਦੇ ਹਨ ਕਿ ਮੀਣੇ (ਪ੍ਰਿਥੀਏ), ਮਸੰਦ, ਧੀਰਮੱਲੀਏ, ਰਾਮਰਾਈਏ ਆਦਿਕ ਨਾਲ ਰੋਟੀ ਬੇਟੀ ਦੀ ਸਾਂਝ ਨਹੀਂ ਪਾਉਣੀ।

ਭਾਈ ਪੰਥਪ੍ਰੀਤ ਸਿੰਘ ਨੇ ਕਿਹਾ ਪ੍ਰਿਥੀਚੰਦ, ਧੀਰਮੱਲ, ਅਤੇ ਰਾਮਰਾਇ ਸਬੰਧੀ ਬੇਸ਼ੱਕ ਇਤਿਹਾਸ ਵਿੱਚ ਦਰਜ ਹੈ ਪਰ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਇਨ੍ਹਾਂ ਸਬੰਧੀ ਕੁਝ ਵੀ ਨਹੀਂ ਲਿਖਿਆ ਗਿਆ, ਪਰ ਇਸ ਦੇ ਬਾਵਯੂਦ ਇਨ੍ਹਾਂ ਦਾ ਸਿੱਖਾਂ ਨਾਲ ਕੋਈ ਸਬੰਧ ਨਹੀਂ ਹੈ ਤਾਂ ਸ਼੍ਰੀਚੰਦ ਜਿਸ ਸਬੰਧੀ ਗੁਰਬਾਣੀ ਵਿੱਚ ਵੀ ਦਰਜ ਹੈ ਕਿ ਉਹ ਖੋਟੇ ਦਿਲ ਵਾਲਾ, ਪਿਤਾ ਗੁਰੂ ਨਾਨਕ ਸਾਹਿਬ ਜੀ ਤੋਂ ਬਾਗੀ ਤੇ ਗੁਰਮਤਿ ਤੋਂ ਭਗੌੜਾ ਹੈ; ਉਸ ਨਾਲ ਸਾਡਾ ਕੀ ਸਬੰਧ ਹੋ ਸਕਦਾ ਹੈ?

ਭਾਈ ਪੰਥ ਪ੍ਰੀਤ ਸਿੰਘ ਨੇ ਕਿਹਾ ਧਾਰਮਿਕ ਜਗਤ ਵਿੱਚ ਗੁਰੂ ਦੇ ਅਸਲੀ ਪੁੱਤਰ ਗੁਰੂ ਦੇ ਸਿੱਖ ਹਨ ਨਾ ਕਿ ਗੁਰੂ ਦੀ ਮਤਿ ਤੋਂ ਆਕੀ ਉਸ ਦੇ ਬਿੰਦੀ ਪੁੱਤਰ। ਇਸ ਦਾ ਪ੍ਰਮਾਣ ਗੁਰਬਾਣੀ ਦੇ ਇਨ੍ਹਾਂ ਸ਼ਬਦਾਂ ਤੋਂ ਮਿਲਦਾ ਹੈ:

ਜਨ ਨਾਨਕ ਕੇ ਗੁਰਸਿਖ ਪੁਤਹਹੁ! ਹਰਿ ਜਪਿਅਹੁ, ਹਰਿ ਨਿਸਤਾਰਿਆ ॥2॥  {ਗਉੜੀ ਕੀ ਵਾਰ:1 (ਮ: 4) ਗੁਰੂ ਗ੍ਰੰਥ ਸਾਹਿਬ - ਪੰਨਾ 312}
ਸੋ ਟਿਕਾ ਸੋ ਬੈਹਣਾ ਸੋਈ ਦੀਬਾਣੁ ॥ ਪਿਯੂ ਦਾਦੇ ਜੇਵਿਹਾ ਪੋਤ੍ਰਾ ਪਰਵਾਣੁ ॥6॥      {ਰਾਮਕਲੀ ਕੀ ਵਾਰ:3 (ਬਲਵੰਡ ਸਤਾ) ਗੁਰੂ ਗ੍ਰੰਥ ਸਾਹਿਬ - ਪੰਨਾ 968}
ਨਾਨਕ ਕੁਲਿ ਨਿੰਮਲੁ ਅਵਤਰ੍ਹਿਉ; ਅੰਗਦ ਲਹਣੇ ਸੰਗਿ ਹੁਅ ॥ ਗੁਰ ਅਮਰਦਾਸ, ਤਾਰਣ ਤਰਣ; ਜਨਮ ਜਨਮ ਪਾ ਸਰਣਿ ਤੁਅ ॥2॥16॥{ਸਵਈਏ ਮਹਲੇ ਤੀਜੇ ਕੇ (ਭਟ ਕੀਰਤ) ਗੁਰੂ ਗ੍ਰੰਥ ਸਾਹਿਬ - ਪੰਨਾ 1395}
ਬਾਬਾਣੈ ਘਰਿ ਚਾਨਣੁ ਲਹਣਾ ॥6॥ (ਭਾਈ ਗੁਰਦਾਸ ਜੀ, ਵਾਰ 24 ਪਉੜੀ 6)

ਸੋ ਗੁਰਬਾਣੀ ਅਨੁਸਾਰ ਗੁਰੂ ਨਾਨਕ ਦਾ ਅਸਲੀ ਪੁੱਤਰ ਸ਼੍ਰੀ ਚੰਦ ਨਹੀਂ, ਬਲਕਿ ਉਸ ਦੀ ਸਿਖਿਆ ਮੰਨਣ ਵਾਲਾ ਬਾਬਾ ਲਹਿਣਾ (ਗੁਰੂ ਅੰਗਦ ਦੇਵ) ਜੀ ਅਤੇ ਪੋਤਰੇ ਗੁਰੂ ਅਮਰਦਾਸ ਜੀ ਹਨ। ਉਨ੍ਹਾਂ ਕਿਹਾ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ 1469, ਗੁਰੂ ਅੰਗਦ ਦੇਵ ਜੀ ਦਾ 1504 ਅਤੇ ਗੁਰੂ ਅਮਰਦਾਸ ਜੀ ਦਾ 1479 ਈਸਵੀ ਵਿੱਚ ਹੋਇਆ। ਇਸ ਅਨੁਸਾਰ ਗੁਰੂ ਅਮਰਦਾਸ ਜੀ ਗੁਰੂ ਨਾਨਕ ਤੋਂ ਸਿਰਫ 10 ਸਾਲ ਛੋਟੇ ਅਤੇ ਗੁਰੂ ਅੰਗਦ ਦੇਵ ਜੀ ਤੋਂ 24 ਸਾਲ 9 ਮਹੀਨੇ ਉਮਰ ਵਿੱਚ ਵੱਡੇ ਹਨ ਪਰ ਗੁਰਬਾਣੀ ਅਨੁਸਾਰ ਉਹ ਗੁਰੂ ਅੰਗਦ ਸਾਹਿਬ ਜੀ ਦੇ ਪੁੱਤਰ ਅਤੇ ਗੁਰੂ ਨਾਨਕ ਸਾਹਿਬ ਜੀ ਦੇ ਪੋਤਰੇ ਹਨ ਜਿਹੜਾ ਕਿ ਦੁਨਿਆਵੀ ਰਿਸ਼ਤਿਆਂ ਵਿੱਚ ਸੰਭਵ ਹੀ ਨਹੀਂ ਹੋ ਸਕਦਾ। 

ਝਗੜਾ ਕਰਨ ਵਾਲੇ ਜਿਹੜੇ ਗੁਰੂ ਗ੍ਰੰਥ ਸਾਹਿਬ ਜੀ ਦੀ ਇਸ ਸੱਚੀ ਕਥਾ ਨੂੰ ਨਹੀਂ ਸੁਣ ਸਕਦੇ ਉਹ ਇਸ ਨੂੰ ਤਾਂ ਨਿੰਦਾ ਦੱਸ ਰਹੇ ਹਨ, ਪਰ ਆਪ ਗੁਰੂ ਦੀ ਨਿੰਦਾ ਕਰਨ ਲਈ ਹੋਰ ਹੀ ਨਕਲੀ ਗ੍ਰੰਥ ਰਚ ਕੇ ਬੈਠ ਗਏ ਹਨ ਤੇ ਨਕਲੀ ਗ੍ਰੰਥਾਂ ਦੇ ਅਧਾਰ ਤੇ ਸੱਚੀ ਕਥਾ ਕਰਨ ਵਾਲਿਆਂ ਨਾਲ ਝਗੜਾ ਕਰ ਰਹੇ ਹਨ। ਉਨ੍ਹਾਂ ਕਿਹਾ ਗੁਰੂ ਗ੍ਰੰਥ ਸਾਹਿਬ ਜੀ ਦੀ ਸੱਚੀ ਅੰਮ੍ਰਿਤ ਕਥਾ ਸੁਣਨ ਤੋਂ ਆਕੀ ਬੂਬਨਿਆਂ ਨੇ ਸੁਖਮਨੀ ਸਾਹਿਬ ਦੇ ਗੁਟਕੇ ਛਾਪਣ ਵੇਲੇ ਸੁਖਮਨੀ ਸਾਹਿਬ ਦੀ ਬਾਣੀ ਤਾਂ ਬਾਅਦ ਵਿੱਚ ਛਾਪੀ ਹੈ ਪਰ ਗੁਰੂ ਅਰਜੁਨ ਸਾਹਿਬ ਜੀ ਦੀ ਨਿੰਦਾ ਪਹਿਲਾਂ ਹੀ ਲਿਖ ਦਿੱਤੀ ਹੈ ਕਿ ਸੁਖਮਨੀ ਸਾਹਿਬ ਦੀ ਬਾਣੀ ਉਚਾਰਣ ਸਮੇਂ 16 ਅਸਟਪਦੀਆਂ ਤੋਂ ਬਾਅਦ ਗੁਰੂ ਜੀ ਨੂੰ ਬਾਣੀ ਉਤਰਨੀ ਬੰਦ ਹੋ ਗਈ ਤਾਂ ਉਹ ਬਾਬਾ ਸ਼੍ਰੀਚੰਦ ਜੀ ਕੋਲ ਆਏ ਤੇ ਉਨ੍ਹਾਂ ਨੇ 17ਵਾਂ ਸਲੋਕ ਆਦਿ ਸਚੁ ਜੁਗਾਦਿ ਸਚੁ ॥ ਹੈ ਭਿ ਸਚੁ ਨਾਨਕ ਹੋਸੀ ਭਿ ਸਚੁ ॥1॥ ਉਚਾਰਣ ਕੀਤਾ ਜਿਸ ਪਿੱਛੋਂ ਗੁਰੂ ਅਰਜੁਨ ਸਾਹਿਬ ਜੀ ਨੂੰ ਫਿਰ ਬਾਣੀ ਉਤਰਨੀ ਸ਼ੁਰੂ ਹੋਈ ਤੇ ਉਨ੍ਹਾਂ ਸੁਖਮਨੀ ਸਾਹਿਬ ਪੂਰੀ ਕੀਤੀ। ਭਾਈ ਪੰਥਪ੍ਰੀਤ ਸਿੰਘ ਜੀ ਨੇ ਕਿਹਾ ਬੂਬਨਿਆਂ ਵੱਲੋਂ ਇਹ ਗੁਰੂ ਅਰਜੁਨ ਸਾਹਿਬ ਜੀ ਦੀ ਘੋਰ ਨਿੰਦਾ ਹੈ ਜਿਸ ਵਿੱਚ ਗੁਰੂ ਅਰਜੁਨ ਸਾਹਿਬ ਜੀ ਨਾਲੋਂ ਗੁਰੂ ਨਾਨਕ ਦੇ ਬਾਗੀ ਪੁੱਤਰ ਅਤੇ ਗੁਰਮਤਿ ਤੋਂ ਭਗੌੜੇ; ਖੋਟੇ ਦਿਲ ਵਾਲੇ ਸ਼੍ਰੀਚੰਦ ਨੂੰ ਮਹਾਨ ਵਿਖਾਇਆ ਗਿਆ ਹੈ। ਉਨ੍ਹਾਂ ਕਿਹਾ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਦਰਜ ਹਰ ਸ਼ਬਦ ਤੋਂ ਪਹਿਲਾਂ ਇਹ ਲਿਖਿਆ ਗਿਆ ਹੈ ਕਿ ਸ਼ਬਦ ਕਿਸ ਮਹਾਂਪੁਰਖ਼ ਦਾ ਉਚਾਰਣ ਕੀਤਾ ਗਿਆ ਹੈ। ਇਸ ਨਿਯਮ ਅਧੀਨ ਜੇ ਇਹ ਸਲੋਕ ਬਾਬਾ ਸ਼੍ਰੀਚੰਦ ਜੀ ਦਾ ਉਚਾਰਣ ਕੀਤਾ ਹੋਇਆ ਹੁੰਦਾ ਤਾਂ ਗੁਰੂ ਸਾਹਿਬ ਜੀ ਨੇ ਜਰੂਰ ਹੀ ਇਸ ਤੋਂ ਪਹਿਲਾਂ ਉਨ੍ਹਾਂ ਦਾ ਨਾਮ ਲਿਖ ਦਿੱਤਾ ਹੁੰਦਾ। ਜੇ ਉਨ੍ਹਾਂ ਦਾ ਨਾਮ ਨਹੀਂ ਲਿਖਿਆ ਤਾਂ ਇਹ ਸਲੋਕ ਵੀ ਗੁਰੂ ਅਰਜੁਨ ਸਾਹਿਬ ਜੀ ਦਾ ਹੀ ਹੈ ਕਿਉਂਕਿ ਬਾਣੀ ਸ਼ੁਰੂ ਕਰਨ ਤੋਂ ਪਹਿਲਾਂ ਮਹਲਾ 5॥ ਲਿਖਿਆ ਹੋਇਆ ਹੈ।

ਭਾਈ ਪੰਥਪ੍ਰੀਤ ਸਿੰਘ ਨੇ ਕਿਹਾ ਜਿਹੜੇ ਗੁਰੂ ਨਾਨਕ ਦੀ ਇੱਕ ਵੀ ਗੱਲ ਨਹੀਂ ਮੰਨਦੇ, ਉਨ੍ਹਾਂ ਬੂਬਨਿਆਂ ਨੇ ਸਿੱਖਾਂ ਨੂੰ ਫਸਾਉਣ ਲਈ ਗੁਰੂ ਨਾਨਕ ਸਾਹਿਬ ਜੀ ਦੀਆਂ ਫੋਟੋਆਂ ਆਪਣਿਆਂ ਡੇਰਿਆਂ ਵਿੱਚ ਉਸੇ ਤਰ੍ਹਾਂ ਹੀ ਲਾਈਆਂ ਹੋਈਆਂ ਹਨ, ਜਿਵੇਂ ਬੋਧੀਆਂ ਨੂੰ ਫਸਾਉਣ ਲਈ ਵੇਸਵਾ ਨੇ ਆਪਣੇ ਕੋਠੇ ਅੱਗੇ ਮਹਾਤਮਾਂ ਬੁੱਧ ਦੀ ਵੱਡੀ ਸਾਰੀ ਫੋਟੋ ਲਾਈ ਸੀ। ਉਨ੍ਹਾਂ ਕਿਹਾ ਮੇਰੇ ਵੱਲੋਂ ਕਹੀ ਹੋਈ ਕਿਸੇ ਗੱਲ ਨੂੰ ਕੋਈ ਸਿਰਫ ਇਸ ਕਰਕੇ ਠੀਕ ਨਾ ਮੰਨੇ ਕਿ ਇਹ ਪੰਥਪ੍ਰੀਤ ਸਿੰਘ ਨੇ ਕਹੀ ਹੈ। ਉਨ੍ਹਾਂ ਕਿਹਾ ਮੇਰੀ ਕੋਈ ਪਾਇਆਂ ਨਹੀਂ ਮੈਂ ਤਾਂ ਸਿਰਫ ਗੁਰਬਾਣੀ ਦੀ ਸੱਚੀ ਕਥਾ ਕਰਕੇ ਸੁਣਾ ਰਿਹਾ ਹਾਂ ਇਸ ਲਈ ਉਹ ਕੁਝ ਮੰਨੋ ਜੋ ਗੁਰਬਾਣੀ ਵਿੱਚ ਲਿਖਿਆ ਹੈ।

ਗੁਰੂ ਨਾਨਕ ਤੋਂ ਆਕੀ ਤੇ ਬਾਗੀ ਸ਼੍ਰੀ ਚੰਦ ਨਾਲ ਸਾਡਾ ਕੋਈ ਸਬੰਧ ਨਹੀਂ ਹੈ ਤੇ ਨਾ ਹੀ ਉਨ੍ਹਾਂ ਦੇ ਚੇਲੇ ਚਾਟੜੇ ਬੂਬਨਿਆਂ ਜਾਂ ਉਨ੍ਹਾਂ ਵੱਲੋਂ ਤਿਆਰ ਕੀਤੇ ਗ੍ਰੰਥਾਂ ਨਾਲ ਕੋਈ ਸਬੰਧ ਹੈ। ਗੁਰੂ ਗੋਬਿੰਦ ਸਾਹਿਬ ਜੀ ਦੇ ਚਾਰੇ ਸਾਹਿਬਜ਼ਾਦਿਆਂ ਨੂੰ ਜੇ ਸਿੱਖ ਇਤਿਹਾਸ ਵਿੱਚ ਵਿਸ਼ੇਸ਼ ਸਨਮਾਨ ਹਾਸਲ ਹੈ ਤਾਂ ਇਸ ਕਰਕੇ ਨਹੀਂ ਕਿ ਉਹ ਗੁਰੂ ਸਾਹਿਬ ਜੀ ਦੇ ਬਿੰਦੀ ਪੁੱਤਰ ਸਨ ਬਲਕਿ ਇਸ ਲਈ ਕਿ ਉਹ ਗੁਰੂ ਸਾਹਿਬ ਜੀ ਦੇ ਆਗਿਆਕਾਰੀ ਸਪੁੱਤਰ ਸਨ ਤੇ ਉਨ੍ਹਾਂ ਨੇ ਗੁਰੂ ਸਿਧਾਂਤਾਂ ਤੇ ਚਲਦੇ ਹੋਏ ਕਰਨੀ ਕਰਕੇ ਵਿਖਾਈ। ਸੋ ਸਿੱਖੀ ਵਿੱਚ ਬਿੰਦੀ ਕੁਲ ਨਹੀਂ, ਕਰਨੀ ਪ੍ਰਧਾਨ ਹੈ।


ਜੇ ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ।


ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org  and cannot be held responsible for their views.  Read full details....

Go to Top