ਜਬ ਲਗੁ ਦੁਨੀਆ ਰਹੀਐ ਨਾਨਕ ਕਿਛੁ
ਸੁਣੀਐ ਕਿਛੁ ਕਹੀਐ ॥
ਸੰਬਾਦਾਂ ਦੀ ਰੱਤ ਆ ਗਈ ਹੈ, ਮੈਨੂੰ ਬਹੁਤ ਖੁਸ਼ੀ ਹੈ ਕਿ ਬਹੁਤ ਪਾਸਿਆਂ ਤੋਂ ਸੰਬਾਦ ਦੀਆਂ
ਆਵਾਜ਼ਾਂ ਆ ਰਹੀਆਂ ਹਨ। ਅੱਜ ਦਿਸਦਾ ਹੈ ਲੋਕ ਸੰਬਾਦ ਲਈ ਉਠ ਖੜੇ ਹਨ, ਮੇਰਾ ਦਿਲ ਕੀਤਾ
ਸੰਬਾਦ ਦੇ ਵਿਸ਼ੇ 'ਤੇ ਕੁਛ ਲਿਖਾਂ। ਸੰਬਾਦ ਜਾਗਰਤੀ ਦੀ ਨਿਸ਼ਾਨੀ ਹੈ, ਹੋਣਾ ਚਾਹੀਦਾ ਹੈ
ਸੰਬਾਦ ਹੀ ਹਰ ਦੁਬਧਾ ਦਾ ਇਲਾਜ ਹੈ।
ਸਿੱਖ ਸੰਗਤਾਂ ਨੂੰ ਯਾਦ ਹੋਵੇਗਾ ਦਾਸ
ਜਦੋਂ ਪੰਜ ਦਸੰਬਰ 2009 ਨੂੰ ਸ੍ਰੀ ਅਕਾਲ ਤਖਤ ਦੇ ਅਸਥਾਨ 'ਤੇ ਹਜ਼ਾਰਾਂ ਸੰਗਤਾਂ ਦੀ
ਮੌਜੂਦਗੀ ਵਿੱਚ ਹਾਜ਼ਰ ਹੋਇਆ ਸੀ, ਤਾਂ ਉਸ ਵਖ਼ਤ ਸਪਸ਼ਟੀਕਰਣ ਦੇ ਨਾਲ ਆਪਣੀ ਵੀਚਾਰ
ਲਿਖਤੀ ਰੂਪ ਵਿਚ ਲੈ ਕੇ ਗਿਆ ਸੀ, ਜਿਸਨੂੰ ਇਕ ਦਿਨ ਪਹਿਲਾਂ ਪੇਪਰ ਵਿਚ ਇਸ਼ਤਿਹਾਰ ਰੂਪ
ਵਿੱਚ ਛਪਵਾ ਦਿਤਾ ਸੀ, ਤਾਂ ਕਿ ਸਾਰੀ ਸਿੱਖ ਸੰਗਤ ਤੱਕ ਪਹੁੰਚ ਜਾਵੇ, ਉਸ ਇਸ਼ਤਿਹਾਰ ਵਿੱਚ
ਖਾਸ ਤੌਰ 'ਤੇ ਬਚਿੱਤਰ ਨਾਟਕ ਦੇ ਮੁੱਦੇ 'ਤੇ ਇਹ ਲਿਖਿਆ ਸੀ।
ਜਿਸ ਅਨੁਸਾਰ ਕੇਂਦਰੀ ਅਸਥਾਨ ਅਤੇ ਫੈਸਲੇ
ਦੇ ਅਧਿਕਾਰ ਦਾ ਦਾਵਾ ਰਖਦੀ ਸੰਸਥਾ ਅਤੇ ਪਦਵੀਆਂ ਨੂੰ ਇਸ ਸੰਬਾਦ ਦੇ ਇੰਤਜ਼ਾਮ ਲਈ ਸਪਸ਼ਟ
ਕਿਹਾ ਗਿਆ ਸੀ, ਪਰ ਉਹ ਲੋਕ ਨਾ ਆਪ ਸੰਬਾਦ ਲਈ ਸੰਗਤ ਵਿੱਚ ਆਏ ਅਤੇ ਨਾ ਹੀ ਉਹਨਾ ਵਲੋਂ
ਅੱਜ ਤੱਕ ਐਸੇ ਕਿਸੇ ਯੋਗ ਸੰਬਾਦ ਦਾ ਉਪਰਾਲਾ ਕੀਤਾ ਗਿਆ। ਬਲਕਿ ਐਸੀ ਆਵਾਜ਼ ਨੂੰ
ਹਮੇਸ਼ਾਂ ਲਈ ਬੰਦ ਕਰਨ ਦੇ ਇਰਾਦੇ ਨਾਲ ਅਕਾਲ ਤਖਤ ਦੇ ਨਾਮ ਹੇਠ ਛੇਕਣ ਦਾ ਹਰਬਾ ਜ਼ਰੂਰ
ਵਰਤਿਆ। ਏਥੋਂ ਸਾਬਤ ਹੋਂਦਾ ਹੈ ਕਿ ਉਹ ਇਸ ਕੌਮੀ ਦੁਖਾਂਤ ਦਾ ਫੈਸਲਾ ਕਰਨਾ ਹੀ ਨਹੀਂ
ਚਾਹੁੰਦੇ ।
ਇਹ ਠੀਕ ਹੈ ਕਿ ਅੱਜ ਇਸ ਪੀੜਾ ਦੇ ਅਹਿਸਾਸ ਨਾਲ ਹਰ ਪਾਸਿਓਂ ਸੰਬਾਦ
ਦੀ ਆਵਾਜ਼ ਉਠ ਰਹੀ ਹੈ ਅਤੇ ਇਸ ਮੁੱਦੇ ਦਾ ਹੱਲ ਭੀ ਏਹੋ ਹੈ।
ਚੰਗਾ ਹੋਂਦਾ ਜੇ 2010 ਵਿੱਚ ਹੀ ਇਸ ਆਵਾਜ਼ ਨੂੰ ਖਾਮੋਸ਼ ਕਰਨ ਦੇ ਹਰਬੇ ਦੀ ਥਾਵੇਂ,
ਵਿਦਵਾਨਾਂ ਦੇ ਸੰਬਾਦ ਵਿਚੋਂ ਯੋਗ ਫੈਸਲਾ ਕਰ ਲਿਆ ਜਾਂਦਾ, ਨਹੀਂ ਤਾਂ ਯਾਦ ਰਖੋ ਮੇਰੇ ਉਸ
ਲਿਖੇ ਮੁਤਾਬਕ ਇਸ ਪੀੜਾ ਦੀ ਕੂਕ ਦਿਨ ਬਾ ਦਿਨ ਵਧੇਗੀ ਅਤੇ ਹਰ ਸਟੇਜ 'ਤੇ ਸੁਣੀ ਜਾਵੇਗੀ।
ਜਿਤਨੀ ਦੇਰ ਫੇਸਲਾ ਅਧਿਕਾਰੀ ਦਾਵੇਦਾਰ ਇਸ ਸੰਬਾਦ ਵਿੱਚ ਸ਼ਾਮਲ ਨਹੀਂ ਹੋਣਗੇ ਉਤਨੀ
ਦੇਰ ਇਸਦਾ ਲਾਭ ਨਾ ਹੋਕੇ ਨਵੇਂ ਦੁਖਾਂਤ ਹੀ ਪੈਦਾ ਹੋਣਗੇ।
ਇਸ ਕਾਜ਼ ਲਈ ਬਹੁਤ
ਸੁਚੇਤਤਾ ਦੀ ਲੋੜ ਹੈ, ਇਸ "ਸੰਬਾਦ" ਲਫਜ਼ ਨੂੰ ਕੁਛ ਬੇਨਾਮ ਲੋਕ ਅਪਣੇ ਨਾਮ ਦੀ
ਚਰਚਾ ਲਈ ਭੀ ਵਰਤਨਗੇ ਅਤੇ ਐਸਾ ਭੀ ਹੋ ਸਕਦਾ ਹੈ ਕਿ ਕੁੱਛ
ਬੱਚਿਤਰੀ ਸਾਜਸ਼ ਕਾਰ ਸੰਬਾਦ ਲਈ ਦੋਹਾਂ ਪਾਸਿਆਂ ਤੋਂ ਆਪਣੇ ਗਰੁੱਪ ਖੜੇ ਕਰਕੇ ਇਸ ਗੁਰੂ
ਅਦਬ ਦੇ ਮਜ਼ਬੂਤ ਸਿਧਾਂਤ ਅਤੇ ਸੰਘਰਸ਼ ਨੂੰ ਕਮਜ਼ੋਰ ਦਿਖਾਉਣ ਦੇ ਆਹਰ ਵਿਚ ਹੋਣ।
ਇਸ ਲਈ ਬੜੀ ਚੇਤਨਤਾ ਅਤੇ ਦੂਰ ਅੰਦੇਸ਼ੀ
ਨਾਲ ਜ਼ੁਮੇਵਾਰ ਅਤੇ ਫੈਸਲਾ ਅਧਿਕਾਰਤ ਸੰਸਥਾ ਵਲੋਂ ਹੀ ਇਹ ਕਾਜ਼ ਹੋਣਾ ਚਾਹੀਦਾ ਹੈ, ਜਿਸਦਾ
ਕੌਮ ਨੂੰ ਲਾਭ ਹੋਵੇ ਅਤੇ ਦੁਬਧਾ ਮਿਟੇ। ਬਹੁਤੇ ਸੰਬਾਦਾਂ ਦੀ ਲੋੜ ਨਹੀਂ, ਐਸਾ
ਇਕੋ ਸੰਬਾਦ ਹੀ ਕੌਮ ਦਾ ਭਵਿੱਖ ਬਣਾ ਜਾਵੇਗਾ।
ਇਸ ਲਈ ਭੀ ਅਗਵਾਈ
ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਕੋਲੋਂ ਮਿਲਦੀ ਹੈ ਇਤਹਾਸ ਮੁਤਾਬਕ ਗੁਰੂ ਨਾਨਕ ਜੀ
ਨੇ ਜੀਵਨ ਵਿੱਚ ਥਾਂ ਥਾਂ ਜਾਕੇ ਅਨੇਕਾਂ ਲੋਕਾਂ ਨਾਲ ਵੀਚਾਰਾਂ ਕੀਤੀਆਂ,
ਪਰ ਕਰਮ ਕਾਂਡੀ ਧਰਮ ਨਾਮ ਹੇਠ ਭਰਮੀ ਲੋਕਾਂ ਨਾਲ ਕੀਤੀ ਹੋਈ
ਇਕੋ ਵੀਚਾਰ ਗੋਸਟੀ {ਸੰਬਾਦ} ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਸਿਧ ਗੋਸਟ ਦੇ ਨਾਮ
ਹੇਠ ਥਾਂ ਦਿਤੀ ਅਤੇ ਉਹ ਗੋਸਟੀ ਭੀ ਬੜੇ ਸਹਿਨ ਸੀਲਤਾ ਦੇ ਮਾਹੌਲ ਵਿਚ ਹੋਈ ਜਿਸਦਾ
ਅਰੰਭ ਹੈ { ਸਿਧ ਸਭਾ ਕਰਿ ਆਸਣਿ ਬੈਠੇ ਸੰਤ ਸਭਾ ਜੈਕਾਰੋ ॥
ਐਸਾ ਹੀ ਮਹੌਲ ਸਿਰਜਿਆ ਜਾਵੇ ਕੇ “ਇਕਿ ਕਹਿ ਜਾਣਨਿ
ਕਹਿਆ ਬੁਝਨਿ ਤੇ ਨਰ ਸੁਘੜ ਸਰੂਪ ॥” ਨਹੀਂ ਤਾਂ ਸਾਜਸ਼ੀ ਅਤੇ ਨਾਮ ਕਮਾਊ ਸੰਬਾਦਾਂ
ਵਿਚੋਂ ਕੁਛ ਨਹੀਂ ਲੱਭਣਾ, ਫਿਰ ਗੁਰੂ ਆਖੇਗਾ:
ਕਹਿਆ ਸੁਣਹਿ ਨ ਖਾਇਆ ਮਾਨਹਿ ਤਿਨਾ ਹੀ
ਸੇਤੀ ਵਾਸਾ ॥