ਦਵਿੰਦਰ ਮੋਹਨ ਬੇਦੀ
ਗਿੱਦੜਬਾਹਾ, 19 ਅਕਤੂਬਰ
ਹਲਕਾ ਗਿੱਦੜਬਾਹਾ ਅਧੀਨ ਪੈਂਦੇ ਪਿੰਡ
ਮੱਲਣ ਦੇ ਗੁਰਦੁਆਰਾ ਰਾਮਸਰ ਸਾਹਿਬ ਉਤੇ ਕਬਜ਼ੇ ਨੂੰ ਲੈ ਕੇ ਬੁੱਢਾ ਦਲ ਦੇ ਦੋ ਧੜਿਆਂ
ਵਿਚਕਾਰ ਹੋਈ ਲੜਾਈ ਵਿੱਚ ਤਿੰਨ ਵਿਅਕਤੀ ਮਾਰੇ ਗਏ ਅਤੇ ਅੱਧੀ ਦਰਜਨ ਵਿਅਕਤੀ ਜ਼ਖ਼ਮੀ ਹੋਏ
ਹਨ। ਕਾਫੀ ਸਮੇਂ ਤੋਂ ਗੁਰਦੁਆਰੇ ਦੀ ਸੇਵਾ ਸੰਭਾਲ ਕਰ ਰਹੇ ਮੱਖਣ ਸਿੰਘ ਉਤੇ
ਕੱਲ੍ਹ ਰਾਤ ਨਾਇਬ ਸਿੰਘ ਪੁੱਤਰ ਨਰ ਸਿੰਘ ਨੇ ਹਮਲਾ ਕਰਕੇ ਉਸ ਨੂੰ ਗੁਰਦੁਆਰੇ ’ਚੋਂ ਕੱਢ
ਦਿੱਤਾ ਅਤੇ ਗੁਰਦੁਆਰੇ ਨੂੰ ਆਪਣੇ ਕਬਜ਼ੇ ਵਿੱਚ ਕਰ ਲਿਆ ਸੀ। ਅੱਜ ਸਵੇਰੇ ਮੱਖਣ ਸਿੰਘ ਨੇ
ਮਾਰੂ ਹਥਿਆਰਾਂ ਨਾਲ ਲੈਸ ਤਕਰੀਬਨ 150 ਵਿਅਕਤੀਆਂ ਨੂੰ ਨਾਲ ਲੈ ਕੇ ਹਮਲਾ ਕਰ ਦਿੱਤਾ,
ਜਿਸ ਵਿੱਚ ਨਾਇਬ ਸਿੰਘ ਵਾਸੀ ਮੱਲਣ, ਉਸ ਦਾ ਪੋਤਾ ਗੁਰਵਿੰਦਰ ਸਿੰਘ ਅਤੇ ਅੰਮ੍ਰਿਤਪਾਲ
ਸਿੰਘ ਪੁੱਤਰ ਪ੍ਰੀਤਮ ਸਿੰਘ ਵਾਸੀ ਸ਼ਹਿਣਾਖੇੜਾ ਮਾਰੇ ਗਏ।
ਇਸ ਲੜਾਈ ਵਿੱਚ ਹਰਪ੍ਰੀਤ ਸਿੰਘ ਪੁੱਤਰ ਧਰਮਦੇਵ ਸਿੰਘ ਰੋਪੜ, ਸੋਨੂੰ
ਪੁੱਤਰ ਮੰਦਰ ਅਜਾਲਦੀ, ਗੁਰਦੀਪ ਸਿੰਘ ਪੁੱਤਰ ਬਲਵਿੰਦਰ ਸਿੰਘ ਵਾਸੀ ਮਾੜੀ, ਹਰਪ੍ਰੀਤ
ਸਿੰਘ ਪੁੱਤਰ ਜਗਸੀਰ ਸਿੰਘ ਭੈਣੀ ਫੱਤਾ, ਨਿਰਮਲ ਸਿੰਘ ਅਤੇ ਜਗਸੀਰ ਸਿੰਘ ਪੁੱਤਰ ਬੋਗਾ
ਸਿੰਘ ਭੈਣੀ ਜ਼ਖ਼ਮੀ ਹੋ ਗਏ। ਇਸੇ ਦੌਰਾਨ ਗੁਰਦੁਆਰੇ ਵਿੱਚ ਖੜ੍ਹੀਆਂ ਦੋ ਗੱਡੀਆਂ ਨੂੰ ਵੀ
ਅੱਗ ਲਗਾ ਦਿੱਤੀ ਗਈ। ਪੁਲੀਸ ਫੋਰਸ ਸਮੇਤ ਮੌਕੇ ਉਤੇ ਪੁੱਜੇ ਸ੍ਰੀ ਮੁਕਤਸਰ ਸਾਹਿਬ ਦੇ
ਐਸਐਸਪੀ ਗੁਰਪ੍ਰੀਤ ਸਿੰਘ ਗਿੱਲ ਨੇ ਦੱਸਿਆ ਕਿ ਦੋਵਾਂ ਧਿਰਾਂ ’ਚ ਝਗੜਾ ਚੱਲ ਰਿਹਾ ਸੀ।
ਪੁਲੀਸ ਨੇ ਲਾਸ਼ਾਂ ਕਬਜ਼ੇ ਵਿੱਚ ਲੈ ਕੇ ਜਾਂਚ ਆਰੰਭ ਦਿੱਤੀ ਹੈ। ਪੁਲੀਸ ਨੇ ਇਸ ਮਾਮਲੇ
ਵਿੱਚ ਧਾਰਾ 302/307/427/506/148/149 ਅਤੇ ਅਸਲਾ ਐਕਟ ਤਹਿਤ ਕੇਸ ਦਰਜ ਕੀਤਾ ਹੈ।