Share on Facebook

Main News Page

ਕੀ ਭਗਤ ਕਬੀਰ ਜੀ ਇਹ ਕਹਿ ਰਹੇ ਹਨ ਕਿ 'ਭੁਖੇ' ਰਹਿ ਕੇ ਭਗਤੀ ਨਹੀਂ ਹੋ ਸਕਦੀ,
ਜਾਂ 'ਸੱਚੇ' ਗਿਆਨ ਤੋਂ ਵਾਂਝੇ ਰਹਿ ਕੇ ਭਗਤੀ ਨਹੀਂ ਹੋ ਸਕਦੀ ?

-: ਆਤਮਜੀਤ ਸਿੰਘ, ਕਾਨਪੁਰ

ਅਸੀ ਨਿਤ ਇਹ ਦੋ ਸ਼ਬਦ ਪੜ੍ਹਦੇ ਹਾਂ ਭੂਖੇ ਭਗਤਿ ਨ ਕੀਜੈ.. ਗੋਪਾਲ ਤੇਰਾ ਆਰਤਾ..

ਗੁਰਬਾਣੀ ਚ ਮਿਲਦੇ ਜੁਲਦੇ ਅਰਥਾਂ ਚ ਦੋ ਸ਼ਬਦ ਆਏ ਹਨ, ਇਕ ਭਗਤ ਕਬੀਰ ਜੀ ਦਾ ਤੇ ਦੂਜਾ ਧੰਨਾ ਜੀ ਦਾ। ਦਰਅਸਲ ਇਹ ਸ਼ਬਦ ਉਹ ਹਨ, ਜਿਨ੍ਹਾਂ ਦੇ ਪ੍ਰਚਲਤ ਅਰਥ ਗੁਰਬਾਣੀ ਸਿਧਾਂਤ ਨਾਲ ਮੇਲ ਨਹੀਂ ਖਾਂਦੇ, ਜਦੋਂ ਇਨ੍ਹਾਂ ਸ਼ਬਦਾਂ ਦੇ ਅਰਥ ਗੁਰਬਣੀ ਸਿਧਾਂਤ ਦੇ ਆਧਾਰ ਤੇ ਕਰਦੇ ਹਨ, ਇਨ੍ਹਾਂ ਚੋਂ ਅਜੇਹੀ ਗੁਰਮੱਤ ਸੇਧ ਨਿਖਰ ਕੇ ਸਾਹਮਣੇ ਆਉਂਦੀ ਹੈ, ਜੋ ਸਾਡੇ ਅਜੋਕੇ ਗੁਰਮੱਤ ਪ੍ਰਚਾਰ ਢੰਗ ਨੂੰ ਵੀ ਨਿਵੇਕਲੀ ਸੇਧ ਦੇ ਰਹੀ ਹੈ।

ਗੋਪਾਲ ਤੇਰਾ ਆਰਤਾ.. ਅਸੀਂ ਪਿਛਲੇ ਲੇਖ ਵਿੱਚ ਪੜ੍ਹ ਚੁੱਕੇ ਹਾਂ ਕਿ ਭਗਤ ਧੰਨਾ ਜੀ ਇਸ ਸ਼ਬਦ ਵਿਚ ਕਿਸੀ ਦੁਨਯਾਵੀ ਪਦਾਰਥਾਂ ਦੀ ਮੰਗ ਨਹੀਂ ਕਰ ਰਹੇ, ਸਗੋਂ ਸੁੱਚਜੇ ਜੀਵਨ ਜਾਂਚ ਦੀ ਮੰਗ ਕਰ ਰਹੇ ਹਨ...

ਆਓ ਅੱਜ ਅਸੀਂ ਭਗਤ ਕਬੀਰ ਜੀ ਦੇ ਸ਼ਬਦ ਦੀ ਵਿਚਾਰ ਕਰੀਏ ਜੋ ਅਸੀ ਨਿਤ ਪੜ੍ਹਦੇ ਹਾਂ ਅਤੇ ਇਹ ਜਾਣਣ ਦੀ ਕੋਸ਼ਿਸ਼ ਕਰਦੇ ਹਾਂ ਕਿ ਸਾਨੂੰ ਇਹ ਸ਼ਬਦ ਕੀ ਸੇਧ ਦੇ ਰਿਹਾ ਹੈ :

ਰਾਗੁ ਸੋਰਠਿ ॥ ਭੂਖੇ ਭਗਤਿ ਨ ਕੀਜੈ ॥ ਯਹ ਮਾਲਾ ਅਪਨੀ ਲੀਜੈ ॥ ਹਉ ਮਾਂਗਉ ਸੰਤਨ ਰੇਨਾ ॥ ਮੈ ਨਾਹੀ ਕਿਸੀ ਕਾ ਦੇਨਾ ॥1॥ ਮਾਧੋ ਕੈਸੀ ਬਨੈ ਤੁਮ ਸੰਗੇ ॥ ਆਪਿ ਨ ਦੇਹੁ ਤ ਲੇਵਉ ਮੰਗੇ ॥ ਰਹਾਉ ॥ ਦੁਇ ਸੇਰ ਮਾਂਗਉ ਚੂਨਾ ॥ ਪਾਉ ਘੀਉ ਸੰਗਿ ਲੂਨਾ ॥ ਅਧ ਸੇਰੁ ਮਾਂਗਉ ਦਾਲੇ ॥ ਮੋ ਕਉ ਦੋਨਉ ਵਖਤ ਜਿਵਾਲੇ ॥2॥ ਖਾਟ ਮਾਂਗਉ ਚਉਪਾਈ ॥ ਸਿਰਹਾਨਾ ਅਵਰ ਤੁਲਾਈ ॥ ਊਪਰ ਕਉ ਮਾਂਗਉ ਖੀਂਧਾ ॥ ਤੇਰੀ ਭਗਤਿ ਕਰੈ ਜਨੁ ਥੀਧਾ ॥3॥ ਮੈ ਨਾਹੀ ਕੀਤਾ ਲਬੋ ॥ ਇਕੁ ਨਾਉ ਤੇਰਾ ਮੈ ਫਬੋ ॥ ਕਹਿ ਕਬੀਰ ਮਨੁ ਮਾਨਿਆ ॥ ਮਨੁ ਮਾਨਿਆ ਤਉ ਹਰਿ ਜਾਨਿਆ ॥4॥

ਇਸ ਦੇ ਪ੍ਰਚਲਤ ਅਰਥ ਕੀਤੇ ਜਾਂਦੇ ਹਨ, ਕਿ ਕਬੀਰ ਸਾਹਿਬ ਰੱਬ ਨੂੰ ਸੰਬੋਧਨ ਕਰਕੇ ਕਹਿ ਰਹੇ ਹਨ ਕਿ ਭੁਖੇ ਪੇਟ ਭਗਤੀ ਨਹੀਂ ਹੋ ਸਕਦੀ, ਇਹ ਤੁਸੀਂ ਅਪਣੀ ਮਾਲਾ ਵਾਪਿਸ ਲੈ ਲਵੋ, ਪਹਿਲਾ ਸ਼ੰਕਾ ਤਾਂ ਇਹ ਉਠਦਾ ਹੈ ਕਿ ਕੀ ਗੁਰਮਤਿ ਮਾਲਾ (ਸਿਮਰਨੀ) ਨਾਲ ਭਗਤੀ ਕਰਨ ਦੇ ਪ੍ਰਚਲਿਤ ਢੰਗ ਨੂੰ ਪ੍ਰਵਾਨ ਕਰਦੀ ਹੈ? ਬਿਲਕੁਲ ਨਹੀਂ, ਇਸ ਪੱਖੋਂ ਗੁਰਮਤਿ (ਸੱਚ) ਸਮਝਾਉਂਦੇ ਹੋਏ ਭਗਤ ਕਬੀਰ ਜੀ ਹੀ ਇਕ ਸਬਦ ਵਿਚ ਦਸਦੇ ਹਨ

ਕਬੀਰ ਮੇਰੀ ਸਿਮਰਨੀ ਰਸਨਾ ਊਪਰਿ ਰਾਮੁ ॥ (੧੩੬੪)

ਭਾਵ: ਮੇਰੇ ਹਿਰਦੇ (ਰਸਨਾ) ਵਿਚ ਪ੍ਰਭੂ ਦਾ ਵਾਸਾ (ਸੱਚ ਦੀ ਸੋਝੀ) ਹੀ ਮੇਰੀ ਮਾਲਾ (ਸਿਮਰਨੀ) ਹੈ, ਮੈਨੂੰ ਬਾਹਰੀ ਮਾਲਾ ਦੀ ਲੋੜ ਨਹੀਂ, ਇਸ ਤੁਕ ਦੇ ਅਰਥ ਕਰਦੇ ਸਮੇਂ ਜਿ਼ਆਦਾਤਰ ਵਿਦਵਾਨਾਂ ਨੇ ਲਿਖਿਆ ਹੈ ਕਿ ਕਬੀਰ ਜੀ ਜੀਭ (ਰਸਨਾ) ਉਪਰ ਪ੍ਰਭੂ ਦੇ ਨਾਂ ਨੂੰ ਹੀ ਮਾਲਾ ਸਮਝਦੇ ਹਨ, ਪਰ ਕੀ ਸਿਰਫ ਜੀਭ ਤੇ ਪ੍ਰਭੂ ਦਾ ਨਾਂ (ਮੂਹੋਂ ਪ੍ਰਭੂ ਦਾ ਨਾਂ ਲੈਂਦੇ ਰਹਿਣਾ) ਹੋਣ ਨੂੰ ਹੀ ਗੁਰਮਤਿ ਪ੍ਰਵਾਨ ਕਰਦੀ ਹੈ? ਬਿਲਕੁਲ ਨਹੀਂ, ਗੁਰਬਾਣੀ ਤਾਂ ਸਗੋਂ ਸਮਝਾਉਂਦੀ ਹੈ,

ਮੁਖਹੁ ਹਰਿ ਹਰਿ ਸਭੁ ਕੋ ਕਰੈ ਵਿਰਲੈ ਹਿਰਦੈ ਵਸਾਇਆ ॥ (੫੬੫)

ਵੈਸੇ ਵੀ ਜਿਹੜਾ ਗੂੰਗਾ ਹੈ ਉਹ ਮੁਖ ਤੋਂ ਪ੍ਰਭੂ ਦਾ ਨਾਂ ਕਿਵੇਂ ਉਚਾਰੇਗਾ? ਗੁਰਮਤਿ ਤਾਂ ਪ੍ਰਭੂ ਦਾ ਕੋਈ ਨਾਂ ਮਿੱਥ ਕੇ ਸਿਰਫ ਉਸਦੇ ਰਟਨ ਜਾਂ ਮੰਨਣ ਨੂੰ ਭਗਤੀ ਜਾਂ ਸਿਮਰਨ ਨਹੀਂ ਮੰਨਦੀ, ਗੁਰਮਤਿ ਅਨੁਸਾਰੀ ਸਿਮਰਨ ਜਾਂ ਭਗਤੀ ਦਾ ਮਤਲਬ ਚੰਗੇ 'ਗੁਣ' ਧਾਰਨ ਕਰਨਾ ਹੈ

ਵਿਣੁ ਗੁਣ ਕੀਤੇ ਭਗਤ ਨ ਹੋਇ ॥

ਚੰਗੇ ਗੁਣਾਂ ਨੂੰ ਧਾਰਨ ਕੀਤੇ ਬਿਨਾ ਭਗਤੀ ਨਹੀਂ ਹੋ ਸਕਦੀ, ਭਾਵ ਚੰਗੇ ਗੁਣਾਂ ਨੂੰ ਧਾਰਨ ਕਰਨਾ ਹੀ ਭਗਤੀ ਹੈ।

ਆਉ, ਸ਼ਬਦ ਦੀ ਵਿਚਾਰ ਵੱਲ ਪਰਤੀਏ, ਸਪਸ਼ਟ ਹੋ ਗਿਆ ਕਿ ਭਗਤ ਕਬੀਰ ਜੀ ਮਾਲਾ ਆਦਿ ਰਾਹੀਂ ਪ੍ਰਚਲਿਤ ਭਗਤੀ ਨੂੰ ਨਹੀਂ ਮੰਨਦੇ ਸਨ, ਸੋ ਮਾਲਾ ਨੂੰ ਵਾਪਿਸ ਕਰਨ ਦਾ ਸਵਾਲ ਹੀ ਨਹੀਂ ਉਠਦਾ, ਪਹਿਲੇ ਬੰਦ ਵਿਚ ਭਗਤ ਕਬੀਰ ਜੀ ਲੋਕਾਈ ਨੂੰ ਸਮਝਾ ਰਹੇ ਹਨ:

"ਭੂਖੇ ਭਗਤਿ ਨ ਕੀਜੈ"

ਜਦ ਤੱਕ ਮਨੁੱਖ 'ਸੱਚ ਦੇ ਗਿਆਨ' ਦੀ ਖੁਰਾਕ ਤੋਂ ਵਾਂਝਾ ਹੈ (ਉਸ ਪੱਖੋਂ ਭੁਖਾ ਹੈ) ਤਦੋਂ ਤਕ ਭਗਤੀ ਨਹੀਂ ਹੋ ਸਕਦੀ, ਅੱਗੇ ਭਗਤੀ ਦੇ ਨਾਂ ਹੇਠ ਪ੍ਰਚਲਿਤ ਕਰਮਕਾਂਡਾਂ ਦਾ ਖੰਡਨ ਕਰਦੇ ਹੋਏ ਸਮਝਾ ਰਹੇ ਹਨ

"ਯਹ ਮਾਲਾ ਅਪਨੀ ਲੀਜੈ"

ਮਾਲਾ ਫੇਰਨ ਆਦਿਕ ਕਰਮਕਾਂਡਾਂ ਨੂੰ ਭਗਤੀ ਸਮਝਣ ਵਾਲਿਉ! ਅਪਣੀ ਮਾਲਾ ਅਪਣੇ ਕੋਲ ਰੱਖੋ, ਮੈਨੂੰ ਇਸ ਦੀ ਲੋੜ ਨਹੀਂ, ਭਾਵ ਮੇਰਾ ਇਹਨਾਂ ਕਰਮਕਾਂਡਾਂ ਵਿਚ ਵਿਸ਼ਵਾਸ ਨਹੀਂ, ਇਹ ਕਰਮਕਾਂਡ ਤਾਂ ਸੱਚ ਦੇ ਰਾਹ ਤੋਂ ਭਟਕਾਉਂਦੇ ਹਨ, ਅਗਲੀ ਤੁੱਕ ਵਿਚ ਕਬੀਰ ਜੀ ਦਸਦੇ ਹਨ ਕਿ ਅਸਲੀ ਭਗਤੀ ਵਸਤੇ ਕੀ ਚਾਹੀਦਾ ਹੈ

"ਹਉ ਮਾਂਗਉ ਸੰਤਨ ਰੇਨਾ ॥ ਮੈ ਨਾਹੀ ਕਿਸੀ ਕਾ ਦੇਨਾ ॥"

ਕਬੀਰ ਜੀ ਦਸਦੇ ਹਨ ਕਿ ਮੈਂ ਤਾਂ ਸੱਚ ਦੀ ਵਿਚਾਰ ਵਿਚ ਜੁੱੜੇ ਮਨੁੱਖਾਂ (ਸੰਤਨ) ਦੀ ਸੰਗਤ (ਰੇਨਾ) ਹੀ ਚਾਹੁੰਦਾ ਹਾਂ, ਇਸ ਸਤਸੰਗਤ ਰਾਹੀਂ ਹੀ ਸੱਚ ਦਾ ਗਿਆਨ (ਨਾਮ) ਪ੍ਰਾਪਤ ਹੋ ਸਕਦਾ ਹੈ, ਇਥੇ 'ਰੇਨਾ' ਲਫਜ਼ ਦਾ ਅਖਰੀ ਅਰਥ ਤਾਂ ਚਰਨਧੂੜ ਹੈ ਪਰ ਭਾਵ ਅਰਥ ਸੰਗਤ ਹੀ ਬਣਦਾ ਹੈ, ਰੇਨਾ ਲਫਜ਼ ਨਿਮਰਤਾ ਵਸਤੇ ਵਰਤਿਆ ਗਿਆ ਹੈ, ਅੱਗੇ ਕਬੀਰ ਸਾਹਿਬ ਸਮਝਾਉਂਦੇ ਹਨ ਕਿ ਮੈਨੂੰ ਇਸ ਸਤਸੰਗਤ ਤੋਂ ਸਿਵਾ ਕਿਸੇ ਦੀ ਮੁਹਤਾਜੀ ਨਹੀ ਹੈ, ਭਾਵ ਹੋਰ ਕਿਸੇ ਕਰਮਕਾਂਡ, ਵਿਖਾਵੇ ਦੀ ਲੋੜ ਨਹੀਂ

ਰਹਾਉ ਵਾਲੇ ਬੰਦ ਵਿਚ :
ਮਾਧੋ ਕੈਸੀ ਬਨੈ ਤੁਮ ਸੰਗੇ ॥ ਆਪਿ ਨ ਦੇਹੁ ਤ ਲੇਵਉ ਮੰਗੇ ॥

ਇਸ ਤੁੱਕ ਦੇ ਪ੍ਰਚਲਿਤ ਅਰਥ ਕੀਤੇ ਜਾਂਦੇ ਹਨ ਕਿ ਰੱਬ ਜੀ ਮੇਰੀ ਤੁਹਾਡੇ ਨਾਲ ਐਸੀ ਬਣ ਗਈ ਹੈ ਕਿ ਜੇ ਤੁਸੀ ਨਹੀਂ ਦੇਵੋਗੇ ਤਾਂ ਮੈ ਮੰਗ ਕੇ ਲੈ ਲਵਾਂਗਾ, ਇਹ ਅਰਥ ਤਾਂ ਤੋਂ ਉਲਟ ਹਨ, ਗੁਰਮਤਿ ਤਾਂ ਸਮਝਾਉਂਦੀ ਹੈ

(੧) ਮਾਗਨਾ ਮਾਗਨੁ ਨੀਕਾ ਹਰਿ ਜਸੁ ਗੁਰ ਤੇ ਮਾਗਨਾ ॥ (੧੦੧੮)
(੨) ਵਿਣੁ ਬੋਲਿਆ ਸਭੁ ਕਿਛੁ ਜਾਣਦਾ ਕਿਸੁ ਆਗੈ ਕੀਚੈ ਅਰਦਾਸਿ ॥

ਪਰ ਇਥੇ ਤਾਂ ਉਲਟ ਦੁਨਆਵੀ ਵਸਤਾਂ ਮੰਗਣ ਦੀ ਪ੍ਰੋੜਤਾ ਕਰਦੇ ਅਰਥ ਕੀਤੇ ਜਾ ਰਹੇ ਹਨ, ਸ਼ੰਕਾ ਪੈਦਾ ਹੁੰਦਾ ਹੈ ਕਿ ਰਬ ਬਿਨਾਂ ਮੰਗਿਆਂ ਸਾਰਿਆਂ ਨੂੰ ਇਹ ਦੁਨਿਆਵੀ ਦਾਤਾਂ ਨਹੀਂ ਦੇ ਰਿਹਾ? ਉਹ ਤਾਂ ਬਲਕਿ ਉਹਨਾਂ ਨੂੰ ਵੀ ਬਿਨਾਂ ਵਿੱਤਕਰੇ ਦੇ ਰਿਹਾ ਹੈ (ਅਪਨੇ ਬਣਾਏ ਨਿਯਮਾਂ ਅਧੀਨ) ਜੋ ਉਸਦੀ ਹੋਂਦ ਤੋਂ ਹੀ ਮੁਨਕਰ ਹਨ, ਅਸਲ ਵਿਚ ਇਸ ਤੁਕ ਦੇ ਅਰਥ ਬਿਲਕੁਲ ਉਲਟੇ ਪ੍ਰਚਾਰੇ ਗਏ, ਇਸ ਤੁਕ ਦੇ ਦੁਜੇ (ਆਪਿ ਨ ਦੇਹੁ ਤ ਲੇਵਉ ਮੰਗੇ) ਨੂੰ ਠੀਕ ਤਰ੍ਹਾਂ ਨਹੀਂ ਸਮਝਿਆ ਗਿਆ ਤਾਂ ਹੀ ਭੁਲੇਖੇ ਪੈਦਾ ਹੋਏ, ਤੁਕ ਦਾ ਇਹ ਹਿੱਸਾ ਪ੍ਰਸ਼ਨਵਾਚਕ(?) ਹੈ, ਅਰਥ ਬਣਦੇ ਹਨ ਕਿ ਮੈਂ ਇਹ ਇਹ ਦਾਤਾਂ ਮੰਗ ਕੇ ਤਾਂ ਲਵਾਂ ਜੇ ਤੂੰ ਆਪ ਨ ਦੇਂਦਾ ਹੋਵੈ? ਇਹ ਸਭ ਤਾਂ ਤੂੰ ਆਪ ਹੀ (ਅਪਨੇ ਬਣਾਏ ਨਿਯਮਾਂ ਅਧੀਨ) ਬਿਨਾ ਮੰਗਿਆਂ ਸਾਰਿਆਂ ਨੂੰ ਦੇ ਰਿਹਾ ਹੈਂ, ਰਹਾਉ ਵਾਲੀ ਤੁੱਕ ਦੇ ਸਮੁੱਚੇ ਭਾਵ ਅਰਥ ਹਨ "ਹੇ ਪ੍ਰਭੂ! ਮੇਰੀ ਤਾਂ ਤੇਰੇ ਨਾਲ ਬਣ ਗਈ ਹੈ, ਨਿਭ ਗਈ ਹੈ, ਭਾਵ ਮੈਂ ਤੇਰੇ ਨਾਲ ਹੀ ਜੁੜ ਹੋਇਆ ਹਾਂ, ਇਸ ਜੁੜਨ ਕਰਕੇ ਹੀ ਮੈਨੂੰ ਇਹ ਸੱਚ ਸਮਝ ਆਇਆ ਹੈ ਕਿ ਇਹ ਦੁਨਿਆਵੀ ਦਾਤਾਂ ਤਾਂ ਮੈਂ ਤਦ ਮੰਗਾ ਜੇ ਤੂੰ ਆਪ ਨਾ ਦੇਂਦਾ ਹੋਵੇਂ, ਇਹ ਸਭ ਤਾਂ ਤੂੰ ਆਪ ਬਿਨਾਂ ਮੰਗਾ ਦੇਈ ਜਾ ਰਿਹਾ ਹੈਂ, ਕੀ ਸਾੱਨੂੰ ਆਕਸੀਜਨ (ਸਾਹ ਵਸਤੁ) ਮੰਗਣ ਦੀ ਲੋੜ ਪੈਂਦੀ ਹੈ? ਕੀ ਸਾੱਨੂੰ ਸੂਰਜ ਤੋਂ ਧੁੱਪ ਮੰਗਣ ਦੀ ਲੋੜ ਪੈਂਦੀ ਹੈ?

ਸ਼ਬਦ ਦੀਆਂ ਅਗਲੀ ਤੁੱਕਾਂ ਵਿਚ ਮਨੁੱਖ ਦੀ ਬੁਨਆਦੀ ਲੋੜਾਂ ਦਾ ਜ਼ਿਕਰ ਹੈ, ਭਾਵ ਅਰਥ ਹਨ ਕਿ ਇਕ ਮਨੁੱਖ ਨੂੰ ਜੀਵਨ ਵਸਤੇ ਵੱਧ ਤੋਂ ਵੱਧ ਕੀ ਚਾਹੀਦਾ ਹੈ?
ਦੋ ਸੇਰ ਆਟਾ, ਅੱਧ ਪਾ ਘਿਉ, ਥੋੜਾ ਲੂਣ, ਅੱਧ ਸੇਰ ਦਾਲ, ਇਕ ਦਿਨ ਦੇ ਭੋਜਨ ਵਸਤੇ ਇਹ ਬਹੁਤ ਹੈ, ਗੁਜ਼ਾਰੇ ਵਸਤੇ ਹੋਰ ਕੀ ਚਾਹੀਦਾ ਹੈ? ਇਕ ਮੰਜਾ, ਸਿਰਹਾਨਾ ਅਤੇ ਤਲਾਈ, ਸਰਦੀ ਵਿਚ ਉਪਰ ਲੈਣ ਵਸਤੇ ਰਜਾਈ, ਭਾਵ ਮਨੁੱਖ ਦੀ ਬੁਨਆਦੀ ਲੋੜਾਂ ਬਹੁਤ ਘੱਟ ਨੇ, ਪਰ ਮਨੁੱਖ ਇਹਨਾਂ ਸੰਤੁਸ਼ਟ ਨਹੀਂ ਹੁੰਦਾ, ਬਲਕਿ ਪਦਾਰਥਾਂ ਦੇ ਢੇਰ ਇਕੱਠੇ ਕਰਨ ਦੀ ਅੰਨ੍ਹੀ ਦੋੜ ਵਿਚ ਫਸਕੇ 'ਸੱਚ ਦੇ ਰਾਹ' ਤੋਂ ਭਟਕ ਜਾਂਦਾ ਹੈ, ਜਿਹੜੇ ਮਨੁੱਖ ਸੱਚ ਦੇ ਗਿਆਨ ਰਾਹੀਂ ਪ੍ਰਭੂ ਨਾਲ ਜੁੜੇ ਹੁੰਦੇ ਹਨ (ਜਨ) ਉਹ ਇਹਨਾਂ ਪਦਾਰਥ ਨੂੰ ਇਕੱਠੇ ਕਰਨ ਲਈ ਸੱਚ ਦੀ ਰਾਹ ਤੋਂ ਨਹੀਂ ਭਟਕਦੇ, ਇਥੇ ਇਹ ਸਪਸ਼ਟ ਹੋਣਾ ਜਰੂਰੀ ਹੈ ਕਿ ਗੁਰਮਤਿ ਅਮੀਰ ਜਾਂ ਦੁਨਿਆਵੀ ਸੁਖ ਦੇ ਪ੍ਰਾਪਤ ਕਰਨ ਦੇ ਖਿਲਾਫ ਨਹੀਂ, ਪਰ ਸਿਰਫ ਇਹਨਾਂ ਵਿਚ ਹੀ ਖੱਚਤ ਰਹਿਣ ਜਾਂ ਇਹਨਾਂ ਦੀ ਪ੍ਰਾਪਤੀ ਵਾਸਤੇ ਨਜ਼ਾਇਜ ਤਰੀਕੇ ਅਪਨਾਉਣ ਦਾ ਗੁਰਮਤਿ ਖੰਡਨ ਕਰਦੀ ਹੈ,

ਸ਼ਬਦ ਦੇ ਆਖਿਰ ਬੰਦ ਵਿੱਚ
ਮੈ ਨਾਹੀ ਕੀਤਾ ਲਬੋ ॥ ਇਕੁ ਨਾਉ ਤੇਰਾ ਮੈ ਫਬੋ ॥ ਕਹਿ ਕਬੀਰ ਮਨੁ ਮਾਨਿਆ ॥ ਮਨੁ ਮਾਨਿਆ ਤਉ ਹਰਿ ਜਾਨਿਆ ॥
ਭਗਤ ਕਬੀਰ ਜੀ ਕਹਿੰਦੇ ਹਨ ਕਿ ਮੈਨੂੰ ਇਹਨਾਂ ਦੁਨਿਆਵੀ ਪਦਾਰਥਾਂ ਦਾ ਲੋਭ ਨਹੀਂ ਹੈ, ਮੈਨੂੰ ਤਾਂ ਤੇਰਾ ਬਖਸ਼ਿਆ ਸੱਚ ਦਾ ਗਿਆਨ (ਨਾਮ) ਹੀ ਭਾਉਂਦਾ ਹੈ, ਚੰਗਾ ਲਗਦਾ ਹੈ, ਅੰਤਮ ਤੁੱਕ ਵਿਚ ਭਗਤ ਕਬੀਰ ਜੀ ਸਮਝਾਉਂਦੇ ਹਨ ਕਿ ਜਦ ਮਨ 'ਸੱਚ ਦੇ ਗਿਆਨ' ਨੂੰ ਦ੍ਰਿੜ ਕਰ ਲੈਂਦਾ ਹੈ ਤਾਂ ਪ੍ਰਭੂ (ਦੇ ਰਾਹ) ਹੀ ਸੋਝੀ ਹੁੰਦੀ ਹੈ।


ਜੇ ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ।


ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org  and cannot be held responsible for their views.  Read full details....

Go to Top