Share on Facebook

Main News Page

ਤੱਤ ਗੁਰਮਤਿ ਦੇ ਪ੍ਰਚਾਰਕਾਂ ਦਾ ਵਿਰੋਧ ਕਿਉਂ ?
-: ਵਰਿੰਦਰ ਸਿੰਘ (ਗੋਲਡੀ)

ਗੁਰੂ ਗਰੰਥ ਸਾਹਿਬ ਜੀ ਨੂੰ ਪੜਨ ਅਤੇ ਵਿਚਾਰਨ ਤੋਂ ਬਾਅਦ ਪਤਾ ਲਗਦਾ ਹੈ ਕੇ ੩੫ ਦੇ ੩੫ ਮਹਾਂਪੁਰਸ਼ ਆਪਣੀ ਲਿੱਖੀ ਬਾਣੀ ਵਿੱਚ ਇੱਕੋ ਸਿਧਾਂਤ ਦੀ ਗਲ ਕਰਦੇ ਹਨ। ਉਹ ਬਾਣੀ ਭਾਵੇਂ ਭਗਤ ਫਰੀਦ ਜੀ ਦੀ ਹੋਵੇ, ਜਾਂ ਫਿਰ ਗੁਰੂ ਤੇਗ ਬਹਾਦੁਰ ਜੀ ਦੀ ਸਿਧਾਂਤ ਇੱਕੋ ਹੀ ਹੈ। ਇਸੇ ਤਰਾਂ ਬਾਣੀ ਨੂੰ ਸਮਝਣ ਵਾਲਿਆਂ ਦਾ ਸਿਧਾਂਤ ਵੀ ਸਿਰਫ ਤੇ ਸਿਰਫ ਇੱਕ ਹੀ ਹੋ ਸਕਦਾ ਹੈ, ਅਲੱਗ ਲੱਗ ਨਹੀਂ। ਗੁਰੂ ਨਾਨਕ ਸਾਹਿਬ ਜੀ ਦੇ ਸਮੇ ਤੋਂ ਹੀ ਇਸ ਵਿਚਾਰਧਾਰਾ ਦਾ ਵਿਰੋਧ ਸ਼ੁਰੂ ਹੋ ਗਿਆ ਸੀ ਤੇ ਵਿਰੋਧ ਕਰਣ ਵਾਲਾ ਕੋਈ ਹੋਰ ਨਹੀਂ ਓਹਨਾ ਦੇ ਆਪਣਾ ਪੁਤਰ ਸ੍ਰੀ ਚੰਦ ਹੀ ਸੀ।

ਸਚੁ ਜਿ ਗੁਰਿ ਫੁਰਮਾਇਆ, ਕਿਉ ਏਦੂ ਬੋਲਹੁ ਹਟੀਐ॥ ਪੁਤ੍ਰੀ ਕਉਲੁ ਨ ਪਾਲਿਓ, ਕਰਿ ਪੀਰਹੁ ਕੰਨ੍ਹ੍ਹ ਮੁਰਟੀਐ॥
ਦਿਲਿ ਖੋਟੈ ਆਕੀ ਫਿਰਨਿ੍ਹ੍ਹ, ਬੰਨਿ੍ਹ੍ਹ ਭਾਰੁ ਉਚਾਇਨਿ੍ਹ੍ਹ ਛਟੀਐ॥
{ਪੰਨਾ ੯੬੭}

ਅਰਥ : - ਗੁਰੂ ਨਾਨਕ ਸਾਹਿਬ ਜੀ ਨੇ ਜੋ ਵੀ ਹੁਕਮ ਕੀਤਾ, ਗੁਰੂ ਅੰਗਦ ਸਾਹਿਬ ਜੀ ਨੇ ਉਸ ਨੂੰ ਸੱਚ ਕਰਕੇ ਮੰਨਿਆ, ਅਤੇ ਆਪ ਨੇ ਉਸ ਦੇ ਮੰਨਣ ਤੋਂ ਕਦੇ ਨਾਂਹ ਨਹੀਂ ਕੀਤੀ। ਸਤਿਗੁਰੂ ਜੀ ਦੇ ਪੁਤ੍ਰਾਂ ਨੇ ਬਚਨ ਨਾ ਮੰਨਿਆ, ਉਹ ਗੁਰੂ ਵਲ ਪਿੱਠ ਦੇ ਕੇ ਸਦਾ ਹੁਕਮ ਹੀ ਮੋੜਦੇ ਰਹੇ। ਅਜਿਹੇ ਲੋਕ ਜੋ ਖੋਟੇ ਦਿਲਾਂ ਵਾਲੇ ਹੋਣ ਕਾਰਨ ਗੁਰੂ ਵੱਲੋਂ ਆਕੀ ਹੋਏ ਫਿਰਦੇ ਹਨ ਅਤੇ ਦੁਨੀਆ ਦੇ ਧੰਧਿਆਂ ਦੀ ਛੱਟ ਦਾ ਭਾਰ ਬੰਨ੍ਹ ਕੇ ਚੁੱਕੀ ਰੱਖਦੇ ਹਨ।

ਇਸ ਤੋਂ ਬਾਅਦ ਦਾਤੂ, ਦਾਸੂ, ਮੋਹਨ, ਮੋਹਰੀ, ਪ੍ਰਿਥੀਚੰਦ,ਰਾਮਰਾਏ ,ਮੇਹਰਵਾਨ,ਧੀਰਮਲ ਕੋਈ ਬਗਾਨੇ ਨਹੀਂ ਸਨ। ਫਿਰ ਅੱਜ ਸਾਨੂੰ ਸਿੱਖੀ ਸਰੂਪ ਵਾਲਿਆਂ ਦਾ ਵਿਰੋਧ ਦੇਖ ਕੇ ਇਸ ਤਰਾਂ ਕਿਉਂ ਲਗਦਾ ਹੈ ਕੇ ਸਿੱਖ ਹੀ ਸਿੱਖ ਦਾ ਦੁਸ਼ਮਣ ਹੈ ਅਸਲ ਵਿੱਚ ਲੜਾਈ ਸਿਰਫ ਵਿਚਾਰਧਾਰਾ ਦੀ ਸੀ,ਹੈ ਤੇ ਹਮੇਸ਼ਾਂ ਰਹੇਗੀ।

ਬਾਲ ਜਤੀ ਹੈ ਸਿਰੀਚੰਦੁ ਬਾਬਾਣਾ ਦੇਹੁਰਾ ਬਣਾਇਆ। ਲਖਮੀਦਾਸਹੁ ਧਰਮਚੰਦ ਪੋਤਾ ਹੁਇਕੈ ਆਪੁ ਗਣਾਇਆ।
ਮੰਜੀ ਦਾਸ ਬਹਾਲਿਆ ਦਾਤਾ ਸਿਧਾਸਣ ਸਿਖ ਆਇਆ। ਮੋਹਣੁ ਕਮਲਾ ਹੋਇਆ ਚਉਬਾਰੀ ਮੋਹਰੀ ਮਨਾਇਆ।
ਮੀਣਾ ਹੋਆ ਪਿਰਥੀਆ ਕਰਿ ਕਰਿ ਟੇਢਕ ਬਰਲੁ ਚਲਾਇਆ। ਮਹਾਦੇਉ ਅਹੰਮੇਉ ਕਰਿ ਕਰਿ ਬੇਮੁਖ ਕੁਤਾ ਭਉਕਾਇਆ। ਚੰਦਨ ਵਾਸੁ ਨ ਵਾਸ ਬੋਹਾਇਆ।
(ਵਾਰ ੨੬, ਪਉੜੀ ੩੩)

ਅਰਥ:-ਸਿਰੀ ਚੰਦ (ਗੁਰੁ ਨਾਨਕ ਦਾ ਵੱਡਾ ਪੁੱਤਰ) ਬਾਲ ਜਤੀ ਹੀ ਰਿਹਾ (ਵਿਰਕਤੀ ਪਕੜ ਲੀਤੀ) ਅਰ ਬਾਬਾਣਾ ਦੇਹੁਰਾ (ਅਰਥਾਤ ਗੁਰੁ ਨਾਨਕ ਦਾ ਦੇਹੁਰਾ ਰਾਵੀ ਦੇ ਕੰਢੇ) ਬਣਵਾ ਕੇ ਬੈਠ ਗਿਆ (ਭਾਵ ਗੁਰੂ ਕੀ ਆਗਿਆ ਦੇਹੁਰਾ ਬਣਾਉਣ ਦੀ ਨਹੀਂ ਸੀ)। ਦੂਜੇ ਪੁੱਤਰ ਲਖਮੀ ਦਾਸ (ਜੋ ਗ੍ਰਿਹਸਥ ਮਾਰਗ ਵਿਖੇ ਸੀ) ਦਾ ਪੁੱਤਰ ਧਰਮ ਚੰਦ (ਗੁਰੂ ਨਾਨਕ ਸਾਹਿਬ ਦਾ) ਪੋਤਾ ਅਖਾ ਕੇ ਆਪਣਾ ਆਪ ਗਿਣਾਉਣ ਲੱਗਾ, (ਭਾਵ ਉਸ ਨੇ ਵੀ ਆਪਾ ਨਾ ਛੱਡਿਆ)। ਦਾਸੂ ਨੂੰ (ਗੋਇੰਦਵਾਲ) ਮੰਜੀ ਪੁਰ ਬੈਠਾ ਦਿੱਤਾ ਅਰ ਦਾਤੂ ਸਿੱਧਾਸਨ ਲਾ ਬੈਠਾ (ਗੱਲ ਕੀ ਗੁਰੂ ਜੀ ਦੇ ਵਕਤ ਦੋਵੇਂ ਪੁੱਤਰ ਗੱਦੀ ਲਾਇਕ ਨਾ ਹੁੰਦੇ ਹੋਏ, ਆਪੋ ਆਪਣੀ ਵਲ ਸੰਗਤਾਂ ਨਿਵਾਉਣ ਲੱਗੇ)। ਮੋਹਨ ਕਮਲਾ ਹੋ ਗਿਆ, ਅਤੇ ਮੋਹਰੀ ਚਉਬਾਰੇ ਦੀ ਟਹਿਲ ਕਰਨ ਲੱਗਾ। ਪ੍ਰਿਥੀਆ ਮੀਣਾ (ਅਰਥਾਤ ਕਪਟੀ) ਨਿਕਲਿਆ, ਟੇਢ ਪੁਣੇ ਕਰ ਕਰ ਕੇ ਆਪਣਾ ਸੌਦਾ ਚਲਾ ਦਿੱਤਾ (ਝੂਠੇ ਹੁਕਮਨਾਮੇ ਲਿਖ ਭੇਜੇ)। ਮਹਾ ਦੇਉ (ਗੁਰੂ ਅਰਜਨ ਸਾਹਿਬ ਦੇ ਭਰਾਤਾ; ਆਪ ਹਜ਼ੂਰ ਤੋਂ ਵੱਡੇ ਅਤੇ ਪ੍ਰਿਥੀਚੰਦ ਤੋਂ ਛੋਟੇ ਸਨ) ਨੇ ਹੰਕਾਰ ਕੀਤਾ, (ਉਸ ਨੂੰ ਪ੍ਰਿਥੀਏ ਨੇ) ਬੇਮੁਖ ਕਰਕੇ ਕੁੱਤੇ ਵਾਂਗ ਭਉਕਾਇਆ। (ਪਰ ਗੁਰੂ ਰੂਪ) ਚੰਦਨ ਦੀ ਵਾਸ਼ਨਾ ਨਾਲ ਵਾਂਸ (ਭਾਵ ਗੁਰੂ ਪੁੱਤਰ) ਸੁਗੰਧਤ ਨਾ ਹੋਇਆ।

ਜਿਸ ਦਿਨ ਗੁਰੂ ਨਾਨਕ ਸਾਹਿਬ ਨੇ ਜਨੇਊ ਪਾਉਣ ਤੋਂ ਇਨਕਾਰ ਕੀਤਾ ਸੀ, ਉਨ੍ਹਾਂ ਨੇ ਬ੍ਰਾਹਮਣ ਵਿਚਾਰਧਾਰਾ ਦੇ ਵਿਰੁਧ ਬਗਾਵਤ ਦਾ ਐਲਾਨ ਕਰ ਦਿੱਤਾ ਸੀ। ਉਸੇ ਦਿਨ ਤੋਂ ਸਨਾਤਨੀ ਵਿਚਾਰਧਾਰਾ ਨੂੰ ਖਤਰਾ ਮਹਸੂਸ ਹੋਣਾ ਸ਼ੁਰੂ ਹੋ ਗਿਆ ਸੀ ਅਤੇ ਉਸ ਨੇ ਹਰ ਹੀਲਾ ਵਸੀਲਾ ਕਰਕੇ ਸਿੱਖੀ ਵਿੱਚ ਘੁਸਪੈਠ ਸ਼ੁਰੂ ਕਰ ਦਿੱਤੀ ਸੀ। ਨਿਰਮਲੇ, ਉਦਾਸੀ, ਨਾਨਕਸਰੀਏ, ਭਨਿਆਰੇ ਵਾਲੇ, ਰਾੜੇ ਵਾਲੇ, ਪਿਹੋਵੇ ਵਾਲੇ, ਬੁਲੰਦੀ ਵਾਲੇ, ਟਕਸਾਲ ਵਾਲੇ, ਸਰਸੇ ਵਾਲੇ,ਬਿਆਸ ਵਾਲੇ ਤੇ ਹੋਰ ਹਜ਼ਾਰਾਂ ਉਸੇ ਘੁਸਪੈਠ ਦਾ ਨਤੀਜਾ ਹਨ।

ਗੁਰੂ ਗੋਬਿੰਦ ਸਿੰਘ ਜੀ ਨੇ ੧੬੯੯ ਦੀ ਵਿਸਾਖੀ ਤੇ ਖਾਲਸੇ ਦੀ ਸਿਰਜਨਾ ਕੀਤੀ ਸੀ ਅਤੇ ਸਿੱਖੀ ਨੂੰ ਇੱਕ ਵਿਚਾਰਧਾਰਾ, ਇੱਕ ਗਰੰਥ ਅਤੇ ਇੱਕ ਪੰਥ ਦਾ ਰਸਤਾ ਵਿਖਾਇਆ।

ਆਗਿਆ ਭਈ ਅਕਾਲ ਕੀ, ਤਬੈ ਚਲਾਇਓ ਪੰਥ,ਸਭ ਸਿੱਖਨ ਕੋ ਹੁਕਮ ਹੈ, ਗੁਰੂ ਮਾਨਿਓ ਗਰੰਥ।
ਗੁਰੂ ਗਰੰਥ ਜੀ ਮਾਨਿਓ ਪ੍ਰਗਟ ਗੁਰਾਂ ਕੀ ਦੇਹ, ਜੋ ਪ੍ਰਭ ਕੋ ਮਿਲਬੋ ਚਹੈ, ਖੋਜ ਸ਼ਬਦ ਮੇਂ ਲੇਹ।

ਪਰ ਅੱਜ ਅਸੀਂ ਜਾਣੇ ਅਨਜਾਣੇ ਕਈ ਵਿਚਾਰਧਾਰਾ, ਕਈ ਗਰੰਥ ਅਤੇ ਕਈ ਪੰਥ ਬਣਾਈ ਬੈਠੇ ਹਾਂ। ਦਮਦਮੀ ਟਕਸਾਲ ਦੇ ਇੱਕ ਗਰੁਪ ਦਾ ਕਹਣਾ ਹੈ ਕਿ ਗੁਰੂ ਗੋਬਿੰਦ ਸਿੰਘ ਜੇ ਨੇ ਦਮਦਮੀ ਟਕਸਾਲ ਦੀ ਸੰਪਾਦਨਾ ਕਰਕੇ ਭਾਈ ਮਨੀ ਸਿੰਘ ਨੂੰ ਉਸ ਦਾ ਮੁੱਖੀ ਬਣਾਇਆ ਸੀ, ਤੇ ਦੂਜੇ ਗਰੁਪ ਦਾ ਕਹਣਾ ਹੈ ਕੇ ਭਾਈ ਦੀਪ ਸਿੰਘ ਜੀ ਉਸ ਦਾ ਮੁੱਖੀ ਬਣਾਇਆ ਸੀ। ਜਦੋਂ ਕੇ ੧੯੭੦ ਤੋਂ ਪਹਲਾਂ ਦੀ ਲਿੱਖੀ ਹੋਈ ਕਿਸੇ ਕਿਤਾਬ ਜਾਂ ਕਿਸੇ ਗਰੰਥ ਵਿੱਚ ਦਮਦਮੀ ਟਕਸਾਲ ਦਾ ਨਾਮ ਤੱਕ ਨਹੀਂ ਮਿਲਦਾ। ਗੁਰੂ ਗੋਬਿੰਦ ਸਿੰਘ ਜੀ ਨੇ ਸਿਰਫ ਗੁਰੂ ਨਾਨਕ ਸਾਹਿਬ ਜੀ ਦੇ ਵਿਚਾਰਧਾਰਾ ਨੂੰ ਇੱਕ ਜੱਥੇਬੰਧਿਕ ਰੂਪ ਦਿੱਤਾ ਕਿਸੇ ਵਖਰੀ ਟਕਸਾਲ ਦੇ ਸ਼ੁਰੁਆਤ ਨਹੀਂ ਸੀ ਕੀਤੀ।

ਇਹਨਾ ਸਾਰੀਆਂ ਜਥੇਬੰਦੀਆਂ ਨੇ ਗੁਰੂ ਗਰੰਥ ਸਾਹਿਬ ਜੀ ਦੇ ਅਰਥ ਆਪਣੀ ਆਪਣੀ ਸਹੂਲੀਅਤ ਮੁਤਾਬਿਕ ਕਰਨੇ ਸ਼ੁਰੂ ਕਰ ਦਿੱਤੇ ਅਤੇ ਓਹਨਾ ਅਰਥਾਂ ਨੂੰ ਸਹੀ ਦਰਸਾਉਣ ਵਾਸਤੇ ਮਨਘੜਤ ਸਾਖੀਆਂ ਜਾਂ ਉਥਾਨਿਕਾ ਓਹਨਾ ਸ਼ਬਦਾਂ ਨਾਲ ਜੋੜ ਦਿੱਤੀਆਂ। ਗੁਰਦਵਾਰਿਆਂ ਅਤੇ ਧਾਰਮਿਕ ਅਸਥਾਨਾ ਤੇ ਬਹੁਤਾ ਸਮਾ ਨਿਰਮਲੇ ਅਤੇ ਉਦਾਸੀਆਂ ਦਾ ਕਬਜਾ ਰਿਹਾ ਜਿਸ ਕਾਰਣ ਓਹ ਆਪਣੀ ਸੋਚ ਆਮ ਸਿੱਖ ਤੇ ਥੋਪਦੇ ਰਹੇ। ਗੁਰਦਵਾਰਾ ਸੁਧਾਰ ਲਹਰ ਤੋਂ ਬਾਹਦ ਸਿੱਖਾਂ ਨੇ ਗੁਰਦਵਾਰੇ ਤਾਂ ਅਜਾਦ ਕਰਵਾ ਲਏ ਪਰ ਆਮ ਸਿੱਖ ਦੀ ਸੋਚ ਅਜਾਦ ਨਾ ਕਰਵਾ ਸਕੇ। ਬਹੁਤਾ ਸਮਾ ਗੁਰੂ ਗਰੰਥ ਸਾਹਿਬ ਜੀ ਦੇ ਅਰਥ ਨਿਰਮਲਿਆਂ ਵਲੋਂ ਕੀਤੇ ਫਰੀਦਕੋਟ ਵਾਲੇ ਟੀਕੇ ਦੇ ਹਿਸਾਬ ਨਾਲ ਹੀ ਹੁੰਦੇ ਰਹੇ। ਪ੍ਰੋ ਸਾਹਿਬ ਸਿੰਘ ਜੀ ਨੇ ਵਿਆਕਰਣ ਤੇ ਅਧਾਰਤ ਗੁਰੂ ਗਰੰਥ ਸਾਹਿਬ ਜੀ ਦਾ ਟੀਕਾ ਕੀਤਾ ਪਰ ਬਹੁਤੇ ਡੇਰਿਆਂ, ਟਕਸਾਲਾਂ ਅਤੇ ਸੰਪ੍ਰਦਾਵਾਂ ਨੇ ਉਸ ਨੂੰ ਕਦੇ ਨਹੀਂ ਮੰਨਿਆ।

ਇਸ ਦਾ ਨਤੀਜਾ ਇਹ ਨਿਕਲਿਆ ਕੇ ਸਿੱਖੀ ਦੇ ਵਿੱਚ ਦੋ ਧੜੇ ਬਣ ਗਏ ਇੱਕ ਜਿਹੜੇ ਗੁਰੂ ਗਰੰਥ ਸਾਹਿਬ ਜੀ ਨੂੰ ਵੀ ਸਨਾਤਨੀ ਮੱਤ ਦੀ ਮੂਰਤੀ ਵਾਂਗ ਪੂਜਾ ਕਰਨ ਲੱਗ ਪਏ ਅਤੇ ਦੂਸਰੇ ਜਿਹੜੇ ਉਸ ਮੁਤਾਬਿਕ ਜਿੰਦਗੀ ਜਿਉਣ ਦੀ ਗਲ ਕਰਨ ਲੱਗ ਪਏ। ਇੱਕ ਜਿਹੜੇ ਗੁਰੂ ਗਰੰਥ ਸਾਹਿਬ ਜੀ ਨੂੰ ਸਿਰਫ ਪੜਨ ਦੀ ਗਲ ਕਰਦੇ ਹਨ ਤੇ ਦੂਜੇ ਜਿਹੜੇ ਉਸ ਨੂੰ ਵਿਚਾਰਨ ਅਤੇ ਉਸ ਮੁਤਾਬਿਕ ਜਿੰਦਗੀ ਜਿਉਣ ਦੀ ਗਲ ਕਰਦੇ ਹਨ।

ਅੱਜ ਜਿਹੜੇ ਪ੍ਰਚਾਰਕ ਗੁਰੂ ਗਰੰਥ ਸਾਹਿਬ ਜੇ ਸ਼ਬਦਾਂ ਦੇ ਸਹੀ ਅਰਥ ਕਰਦੇ ਹਨ ਜਾਂ ਉਸ ਦੀ ਵਿਚਾਰਧਾਰਾ ਦੀ ਗਲ ਕਰਦੇ ਹਨ ਓਹਨਾ ਦਾ ਇਹ ਦੂਸਰੀ ਕਿਸਮ ਦੇ ਲੋਕ ਵਿਰੋਧ ਕਰਨਾ ਸ਼ੁਰੂ ਕਰ ਦੇਂਦੇ ਹਨ। ਕਿਉਂਕੇ ਇਹਨਾ ਦਾ ਮੰਨਣਾ ਹੈ ਕੇ ਗੁਰੂ ਗਰੰਥ ਸਾਹਿਬ ਜੀ ਵਿੱਚ ਵਿਆਕਰਣ ਨਾਮ ਦੀ ਕੋਈ ਚੀਜ਼ ਨਹੀਂ ਹੈ ਤੇ ਜਿਹੜੇ ਵਿਆਕਰਣ ਮੁਤਾਬਿਕ ਇਸ ਦੇ ਅਰਥ ਕਰਦੇ ਹਨ ਓਹ ਗਲਤ ਹਨ ਅਤੇ ਜਿਸ ਤਰਾਂ ਲਿਖਿਆ ਹੈ ਉਸੇ ਤਰਾਂ ਪੜੋ ਕੋਈ ਬਿੰਦੀ ਜਾਂ ਅੱਧਕ ਲਾ ਕੇ ਨਹੀਂ ਪੜ ਸਕਦੇ। (ਪਰ ਇਹ ਲੋਕ ਆਪਣੀ ਸਹੂਲੀਅਤ ਵਾਸਤੇ ਜਦੋਂ ਮਰਜ਼ੀ ਬਿੰਦੀ ਜਾਂ ਅੱਧਕ ਲਾ ਵੀ ਲੈਂਦੇ ਹਨ)

ਭਾਈ ਰਣਜੀਤ ਸਿੰਘ ਢੱਡਰੀਆਂ ਵਾਲੇ ਇਸ ਦੀ ਤਾਜਾ ਉਧਾਰਨ ਹਨ। ਜਦੋਂ ਭਾਈ ਸਾਹਿਬ ਕਈ ਸਾਲ ਸਟੇਜਾਂ ਤੋਂ ਮਨਘੜਤ ਸਾਖੀਆਂ ਸੁਣਾਉਂਦੇ ਰਹੇ ਤਾਂ ਓਹਨਾ ਦਾ ਇਹਨਾ ਨੇ ਕਦੇ ਵਿਰੋਧ ਨਹੀਂ ਕੀਤਾ ਪਰ ਜਦੋਂ ਓਹਨਾ ਨੇ ਗੁਰਬਾਣੀ ਦੇ ਸਹੀ ਅਰਥ ਸੰਗਤ ਤੱਕ ਪਹੁੰਚਾਉਣੇ ਸ਼ੁਰੂ ਕੀਤੇ ਤਾਂ ਇਹਨਾ ਟਕਸਾਲਾਂ ਅਤੇ ਸੰਪ੍ਰਦਾਵਾਂ ਵਲੋਂ ਓਹਨਾ ਦੇ ਵਿਰੋਧ ਦਾ ਸਿਲਸਿਲਾ ਸ਼ੁਰੂ ਹੋ ਗਿਆ।

ਇਸੇ ਤਰਾਂ ਭਾਈ ਸਰਬਜੀਤ ਸਿੰਘ ਧੁੰਦਾ, ਭਾਈ ਪੰਥਪ੍ਰੀਤ ਸਿੰਘ ਅਤੇ ਕੁਝ ਹੋਰ ਪ੍ਰਚਾਰਕ ਜੋ ਨਿਧੜਕ ਹੋ ਕੇ ਗੁਰਬਾਣੀ ਦਾ ਸੱਚ ਸੰਗਤ ਅੱਗੇ ਰਖਦੇ ਹਨ, ਉਨ੍ਹਾਂ ਦਾ ਹਮੇਸ਼ਾਂ ਵਿਰੋਧ ਕੀਤਾ ਜਾਂਦਾ ਹੈ। ਇਸ ਦੇ ਉਲਟ ਠਾਕੁਰ ਸਿੰਘ ਅਤੇ ਰੰਧਾਵੇ ਵਾਲੇ ਵਰਗੇ ਪ੍ਰਚਾਰਕ ਜਿਹੜੇ ਸਟੇਜਾਂ ਤੇ ਸ਼ਰੇਆਮ ਝੂਠੀਆਂ ਕਹਾਣੀਆਂ ਸੁਣਾਉਂਦੇ ਹਨ ਉਨ੍ਹਾਂ ਦਾ ਕਦੇ ਵਿਰੋਧ ਨਹੀਂ ਕੀਤਾ ਜਾਂਦਾ।

ਅੱਜ ਸਿੱਖਾਂ ਵਿੱਚ ਸ਼ੀਆ ਅਤੇ ਸੁੰਨੀ ਵਾਂਗ ਦੋ ਧੜੇ ਬਣ ਚੁੱਕੇ ਹਨ, ਜਿਸ ਵਿੱਚ ਆਮ ਸਿੱਖ ਪਿੱਸ ਕੇ ਰਹ ਗਿਆ ਹੈ। ਇਹਨਾ ਗਲਾਂ ਦਾ ਫੈਸਲਾ ਕਰਨ ਵਾਲੀ ਸ਼੍ਰੋਮਣੀ ਕਮੇਟੀ ਅਤੇ ਪੰਥ ਦੇ ਜਥੇਦਾਰ ਵੀ ਅੱਜ ਆਰ.ਐਸ.ਐਸ. ਦੇ ਹੱਥਾਂ ਵਿੱਚ ਖੇਡ ਰਹੇ ਹਨ, ਇਸ ਲਈ ਉਨ੍ਹਾਂ ਤੋਂ ਵੀ ਕੋਈ ਉਮੀਦ ਨਹੀਂ ਰੱਖੀ ਜਾ ਸਕਦੀ।

ਅੱਜ ਹਰ ਸਿੱਖ ਦੀ ਆਪਣੀ ਜ਼ਿੰਮੇਵਾਰੀ ਬਣਦੀ ਹੈ ਕੇ ਆਪ ਗੁਰੂ ਗਰੰਥ ਸਾਹਿਬ ਜੀ ਨੂੰ ਸਮਝ ਕੇ ਪੜਨਾ ਸ਼ੁਰੂ ਕਰੇ ਤਾਂ ਕੇ ਸਹੀ ਅਤੇ ਗਲਤ ਦੀ ਪਹਚਾਨ ਕਰ ਸਕੇ ਨਹੀਂ ਤਾਂ ਤੁਹਾਡਾ ਸੋਸ਼ਣ ਹੁੰਦਾ ਹੀ ਰਹੇਗਾ।

ਅਕਲੀ ਸਾਹਿਬ ਸੇਵੀਐ ਅਕਲੀ ਪਾਈਐ ਮਾਨੁ॥
ਅਕਲੀ ਪੜਿ ਕੈ ਬੁਝੀਐ ਅਕਲੀ ਕੀਚੈ ਦਾਨੁ॥
ਨਾਨਕੁ ਆਖੈ ਰਾਹੁ ਏਹੁ ਹੋਰਿ ਗਲਾਂ ਸੈਤਾਨੁ॥


ਭੁੱਲ ਚੂਕ ਦੀ ਖਿਮਾ


ਜੇ ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ।


ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org  and cannot be held responsible for their views.  Read full details....

Go to Top