Share on Facebook

Main News Page

ਖ਼ਾਲਸਾ ਨਿਊਜ਼ ਟੀਮ ਵੱਲੋਂ ਸ. ਪਰਮਜੀਤ ਸਿੰਘ ਰਾਣਾ ਨੂੰ ਅਖੌਤੀ ਦਸਮ ਗ੍ਰੰਥ ਦੇ ਵਿਸ਼ੇ 'ਤੇ ਸੰਵਾਦ ਲਈ ਹੁੰਗਾਰਾ

ਸ. ਪਰਮਜੀਤ ਸਿੰਘ ਰਾਣਾ,
ਚੇਅਰਮੈਨ ਧਰਮ ਪ੍ਰਚਾਰ ਕਮੇਟੀ
ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ

ਵਾਹਿਗੁਰੂ ਜੀ ਕਾ ਖ਼ਾਲਸਾ। ਵਾਹਿਗੁਰੂ ਜੀ ਕੀ ਫਤਿਹ।

ਅਜਕਲ ਦੇਖਿਆ ਜਾ ਰਿਹਾ ਹੈ, ਕੁੱਝ ਲੋਕਾਂ ਦੀ ਜ਼ਾਤੀ ਹਉਮੈ, ਹੰਕਾਰ ਕਾਰਣ ਕੌਮ ਵਿੱਚ ਫਜ਼ੂਲ ਦਾ ਟਕਰਾਵ ਪੈਦਾ ਕੀਤਾ ਜਾ ਰਿਹਾ ਹੈ। ਉਨ੍ਹਾਂ ਲੋਕਾਂ ਨੂੰ ਇਹ ਵੀ ਪਤਾ ਨਹੀਂ ਕਿ ਕੌਮੀ ਮਸਲੇ ਕੀ ਹਨ।  ਇਹ ਮਸਲਾ ਸਾਡਾ ਕੋਈ ਜ਼ਾਤੀ ਨਹੀਂ, ਅਸੀਂ ਤਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅਦਬ ਨੂੰ ਲੈ ਕੇ ਸੰਘਰਸ਼ ਸ਼ੁਰੂ ਕੀਤਾ ਹੋਇਆ ਹੈ। ਜਿਹੜੀ ਬੇਅਦਬੀ ਹਿੰਦੋਸਤਾਨ ਦੀ ਧਰਤੀ 'ਤੇ ਸਦੀਆਂ ਤੋਂ ਕੀਤੀ ਜਾ ਰਹੀ ਹੈ, ਤੇ ਹੁਣ ਤਾਂ ਕੁੱਝ ਦਹਾਕਿਆਂ ਤੋਂ ਲਗਾਤਾਰ ਹੋ ਰਹੀ ਹੈ, ਤੇ ਜ਼ੋਰ ਹੀ ਇਹ ਲੱਗਾ ਹੋਇਆ ਹੈ ਕਿ ਇਸਨੂੰ ਸਿੱਖੀ ਨਾਲੋਂ ਤੋੜਨ ਲਈ ਸ੍ਰੀ ਗੁਰੂ ਗ੍ਰੰਥ ਸਹਿਬ ਨਾਲੋਂ ਤੋੜਿਆ ਜਾਵੇ।

ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਸਿੱਖ ਦਾ ਜੀਵਨ ਹੈ, ਤੇ ਇਸੇ ਨੂੰ ਮਲੀਯਾਮੇਟ ਕਰਣ ਲਈ ਜਦੋਂ ਦੀ ਇਹ ਹਕੂਮਤ ਆਈ ਹੈ, ਸ੍ਰੀ ਗੁਰੂ ਗ੍ਰੰਥ ਸਹਿਬ 'ਤੇ ਹਮਲੇ ਤੇਜ਼ ਹੋਏ ਹਨ। ਕੀ ਸ੍ਰੀ ਗੁਰੂ ਗ੍ਰੰਥ ਸਾਹਿਬ ਹਿੰਦੋਸਤਾਨ ਵਿੱਚ ਹੀ ਨੇ, ਬਾਹਰਲੇ ਕਿਸੇ ਮੁਲਕ ਵਿੱਚ ਨਹੀਂ? ਇਹ ਬੇਅਦਬੀ ਹਿੰਦੋਸਤਾਨ ਵਿੱਚ ਹੀ ਕਿਉਂ ਹੋ ਰਹੀ ਹੈ, ਤੇ ਇਸ ਸਰਕਾਰ ਵੇਲੇ ਤਾਂ ਇਹ ਬਹੁਤ ਜ਼ੋਰ ਫੜ ਚੁਕੀ ਹੈ, ਜਿਹੜਾ ਸਿੱਖ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਨਾਲੋਂ ਤੋੜ ਕੇ, ਸਿੱਖੀ ਨੂੰ ਖਤਮ ਕਰਨਾ ਚਾਹੁੰਦਾ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਆਵਾਜ਼ ਨੂੰ ਖ਼ਤਮ ਕਰਨਾ ਵਕਤ ਦੀਆਂ ਸਿਆਸੀ ਸ਼ਕਤੀਆਂ ਦਾ ਕੰਮ ਹੈ। ਉਨ੍ਹਾਂ ਨੇ ਗੁਰਦੁਆਰਿਆਂ 'ਤੇ ਕਬਜ਼ਾ ਕੀਤਾ ਹੋਇਆ ਹੈ, ਤੇ ਉਹੀ ਕੁਝ ਦਿੱਲੀ ਵਿੱਚ ਹੋ ਰਿਹਾ ਹੈ, ਕਿ ਕਿਸੇ ਨਾ ਕਿਸੇ ਢੰਗ ਨਾਲ ਸ੍ਰੀ ਗੁਰੂ ਗ੍ਰੰਥ ਸਾਹਿਬ ਨਾਲੋਂ ਤੋੜੋ। ਇਨ੍ਹਾਂ ਹਾਲਾਤਾਂ ਵਿੱਚ ਜਦੋਂ ਲਗਾਤਾਰ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਇਨ੍ਹਾਂ ਹੀ ਸਰਕਾਰਾਂ ਦੇ ਤੇ ਇਨ੍ਹਾਂ ਹੀ ਅਸਥਾਨਾਂ 'ਤੇ ਸਾਡੇ ਹੀ ਚਿਹਰਿਆਂ ਵਾਲੇ ਲੋਕਾਂ ਕੋਲੋਂ ਕਰਵਾਈ ਜਾ ਰਹੀ ਹੈ, ਤੇ ਉਸ ਸਮੇਂ ਕੋਈ ਆਸ ਰੱਖ ਸਕਦੇ ਹਾਂ, ਕਿ ਹਿੰਦੋਸਤਾਨ ਦੀ ਧਰਤੀ 'ਤੇ ਬੈਠ ਕੇ ਕੋਈ ਇਨਸਾਫ ਮਿਲੇਗਾ, ਕਿ ਉਥੇ ਕੋਈ ਗਲਬਾਤ ਕਰਣ ਵਾਲੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਗਲ ਨਿਰਪੱਖ ਹੋ ਕੇ ਕਰ ਸਕਣਗੇ ??

ਸਾਡਾ ਮਸਲਾ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਅਦਬ ਦਾ ਹੈ, ਹੋਰ ਕੋਈ ਮਸਲਾ ਨਹੀਂ। ਅਸੀਂ ਜਿੱਤੀਏ ਹਾਰੀਏ, ਸਾਡਾ ਇਸ ਨਾਲ ਕੋਈ ਲੈਣਾ ਦੇਣਾ ਨਹੀਂ। ਇਸ ਲਈ ਅਸੀਂ ਸਪਸ਼ਟ ਹਾਂ ਕਿ ਜੇ ਕਿਸੇ ਨੇ ਗੱਲ ਕਰਨੀ ਹੈ ਤਾਂ ਪਹਿਲਾਂ ਨਿਸ਼ਚੈ ਕਰੇ ਕਿ ਮੈਂ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਸਿੱਖ ਹਾਂ, ਦੂਜੀ ਜਿਸਨੇ ਇਹ ਗੱਲ ਕਰਨੀ ਹੈ, ਉਹ ਕੋਈ ਅਥਾਰਟੀ authority ਹੋਵੇ, ਜਿਹੜਾ ਕੋਈ ਫੈਸਲਾ ਕਰ ਸਕੇ, ਅਸੀਂ ਕੋਈ ਲੜਾਈ ਨਹੀਂ ਕਰਣੀ। ਜਿਹੜੇ ਲੋਕ ਆਉਣ, ਕੀ ਉਨ੍ਹਾਂ 'ਚ ਕੌਮ ਦੇ ਫੈਸਲੇ ਕਰਣ ਦੀ ਅਥਾਰਟੀ ਹੈ, ਸਕਤੀ ਹੈ? ਅਸੀਂ ਤਮਾਸ਼ਬੀਨਾਂ ਨਾਲ ਗਲ ਨਹੀਂ ਕਰਨੀ, ਅਸ਼ੀਂ ਤਮਾਸ਼ਾ ਨਹੀਂ ਵਿਖਾਉਣਾ ਚਾਹੁੰਦੇ।

ਅਸੀਂ ਤੁਹਾਨੂੰ ਅੱਜ ਵੀ ਕਹਿੰਦੇ ਹਾਂ ਕਿ ਤੁਸੀਂ ਬੁਲਾਓ ਤੁਹਾਡੇ ਜਥੇਦਾਰ ਜਿਹੜੇ ਤੁਹਾਨੂੰ ਪਸੰਦ ਨੇ, ਜਿਹੜੇ ਵੀ ਤਖ਼ਤ ਦਾ ਤੁਹਾਡਾ ਜਥੇਦਾਰ ਤੁਹਾਨੂੰ ਲਗਦਾ ਹੈ ਕਿ ਉਹ ਮਾਹਿਰ ਹੈ, ਉਸਨੂੰ ਲਿਆਓ ਤੇ ਨਾਲ ਲਿਆਓ ਉਨਾਂ ਯੁਨੀਵਰਸੀਟੀ ਦੇ ਡਾਕਟਰਾਂ ਤੇ ਪ੍ਰੋਫੈਸਰਾਂ ਨੂੰ ਜਿਹੜੇ ਇਸ ਵਿਸ਼ੇ ਦੇ ਮਾਹਿਰ ਹਨ ਜਿਵੇਂ ਡਾ. ਜੋਧ ਸਿੰਘ, ਡਾ. ਹਰਭਜਨ ਸਿੰਘ, ਡਾ. ਹਰਪਾਲ ਸਿੰਘ ਪੰਨੂੰ, ਪ੍ਰੋ. ਅਨੁਰਾਗ ਸਿੰਘ... ਤੇ ਲਿਆਓ ਵੀ ਉਸ ਥਾਂ 'ਤੇ ਜਿਹੜੀ ਨਿਊਟਰਲ ਹੋਵੇ, ਕਿਸੇ ਬਾਹਰਲੇ ਦੇਸ਼ ਵਿੱਚ, ਉਸ ਧਰਤੀ 'ਤੇ ਨਹੀਂ ਜਿੱਥੇ ਫੈਸਲਾ ਹੀ ਹੋ ਚੁਕਾ ਹੈ ਕਿ ਉਥੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਹੋਣੀ ਹੀ ਹੋਣੀ ਹੈ।

ਦੱਸੋ ਐਨੀ ਵਾਰ ਬੇਅਦਬੀ ਹੋਈ, ਸ਼ਹੀਦੀਆਂ ਹੋਈਆਂ, ਕੋਈ ਇਨਸਾਫ ਹੋਇਆ? ਕੋਈ ਬੰਦੇ ਫੜੇ ਗਏ, ਕਿਸੇ ਨੂੰ ਸਜ਼ਾ ਹੋਈ? ਤੇ ਕਰੇ ਵੀ ਕੋਈ ਕਿਉਂ ਤੁਹਾਡੀ ਸਰਕਾਰ ਤਾਂ ਚਾਹੁੰਦੀ ਹੀ ਨਹੀਂ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਅਦਬ ਹੋਵੇ, ਬਲਕਿ ਤੁਹਾਡੀ ਸਰਕਾਰ ਤਾਂ ਚਾਹੁੰਦੀ ਹੀ ਹੈ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਆਵਾਜ਼ ਖਾਮੋਸ਼ ਹੋਵੇ ਤੇ ਅਸੀਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਆਵਾਜ਼ ਖਾਮੋਸ਼ ਕਰਣ ਲਈ ਨਹੀਂ ਜਾਣਾ, ਅਸੀਂ ਕੋਈ ਫੈਸਲਾ ਲੈਣ ਲਈ ਜਾਣਾ ਹੈ।

ਤੁਹਾਡੀ ਯਾਦ ਤਾਜ਼ਾ ਕਰਣ ਲਈ ਦੱਸ ਦਈਏ ਕਿ 08 ਅਕਤੂਬਰ ਨੂੰ ਤੁਸੀਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ (ਕਹੀ ਜਾਂਦੀ ਬਾਣੀ 'ਤੇ ਕਿੰਤੂ ਕਰਣ ਵਾਲਿਆਂ ਨੂੰ "ਚੇਤਾਵਨੀ" ਦਿੱਤੀ ਸੀ, ਜਿਸਦਾ ਜਵਾਬ ਖ਼ਾਲਸਾ ਨਿਊਜ਼ ਟੀਮ ਨੇ 10 ਅਕਤੂਬਰ ਨੂੰ ਦਿੱਤਾ ਸੀ, ਤੇ ਤੁਹਾਨੂ ਸੱਦਾ ਦਿੱਤਾ ਸੀ, ਜਿਸਦੇ ਜਵਾਬ ਵਿੱਚ ਇੱਕ ਪੋਸਟਰ ਆਇਆ ਸੀ, ਜਿਸ ਵਿੱਚ ਆਪ ਜੀ ਫੋਟੋ ਦੇ ਨਾਲ ਕੋਈ ਬੰਤਾ ਸਿੰਘ, ਗੁਰਪ੍ਰੀਤ ਕੈਲੀਫੋਰਨੀਆ, ਤੇ ਪ੍ਰੋ. ਅਨੁਰਾਗ ਸਿੰਘ ਬਾਰੇ ਲਿਖਿਆ ਗਿਆ ਸੀ।

ਜਿਸਦੇ ਜਵਾਬ ਵਿੱਚ ਤੁਹਾਨੂੰ ਖ਼ਾਲਸਾ ਨਿਊਜ਼ ਟੀਮ ਨੇ ਜਵਾਬ ਦਿੱਤਾ ਸੀ ਕਿ "ਅਸੀਂ ਪਰਮਜੀਤ ਸਿੰਘ ਰਾਣਾ, ਜੋ ਕਿ ਦਿੱਲੀ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੀ ਧਰਮ ਪ੍ਰਚਾਰ ਕਮੇਟੀ ਦੇ ਚੇਅਰਮੈਨ ਹਨ, ਉਨ੍ਹਾਂ ਨਾਲ ਤੇ ਇਸ ਗ੍ਰੰਥ ਦੇ ਅਖਵਾਏ ਜਾਂਦੇ ਮਾਹਿਰ ਪ੍ਰੋ. ਅਨੁਰਾਗ ਸਿੰਘ ਨਾਲ ਸੰਵਾਦ ਕਰਣ ਲਈ ਤਿਆਰ ਹਾਂ। ਸੰਵਾਦ ਕੇਵਲ "ਅਖੌਤੀ ਦਸਮ ਗ੍ਰੰਥ" ਦੇ ਵਿਸ਼ੇ 'ਤੇ ਹੋਵੇਗਾ।" ਨਾਲ ਇਹ ਵੀ ਲਿਖਿਆ ਸੀ ਕਿ "ਇਹ ਇੱਕ ਬਹੁਤ ਹੀ ਸੰਜੀਦਾ ਮਸਲਾ ਹੈ, ਜਿਸ ਵਿੱਚ ਦੋਵੇਂ ਪਾਸਿਆਂ ਤੋਂ ਸਿਰਫ ਜ਼ੁੰਮੇਵਾਰ ਤੇ ਸਭਿਯਕ ਵਿਅਕਤੀ ਹੀ ਸ਼ਾਮਿਲ ਹੋ ਸਕਦੇ ਹਨ... ਇਹ ਕੋਈ ਬਦਮਾਸ਼ੀ ਦਾ ਅਖਾੜਾ ਨਹੀਂ , ਕਿ ਗੁਰਪ੍ਰੀਤ ਕੈਲੀਫੋਰਨੀਆ ਤੇ ਬੰਤਾ ਸਿੰਘ ਵਰਗੇ ਲੱਲੀ ਛੱਲੀ ਨੂੰ ਸੱਦਾ ਦਿੱਤਾ ਜਾਵੇ।"

ਦੋ ਕੁ ਦਿਨਾਂ ਬਾਅਦ ਤੁਹਾਡੀ ਇੱਕ ਵੀਡੀਓ ਜੋ ਕਿ ਗੁਰਦੁਆਰਾ ਬੰਗਲਾ ਸਾਹਿਬ 'ਤੋਂ ਬੋਲਦਿਆਂ ਦੀ ਸੀ, ਜਿਸ ਵਿੱਚ ਤੁਸੀਂ ਖ਼ਾਲਸਾ ਨਿਊਜ਼ ਟੀਮ ਦਾ ਬਿਨਾਂ ਨਾਮ ਲਏ ਇਹ ਚੈਲੇਂਜ (ਸਾਡੇ ਵੱਲੋਂ ਸੱਦਾ ਸੀ, ਚੈਲੇਂਜ ਤੁਸੀਂ ਬਣਾ ਲਿਆ) ਕਬੂਲ ਕੀਤਾ, ਤੇ ਦਿੱਲੀ ਵਿੱਚ ਹੀ 31 ਅਕਤੂਬਰ ਤੋਂ 3 ਨਵੰਬਰ ਤੱਕ ਉਹੀ ਲੋਕਾਂ ਨਾਲ ਸੰਵਾਦ ਕਰਣ ਦੀ ਗੱਲ ਕਹੀ ਗਈ, ਜਿਸ ਬਾਰੇ ਖ਼ਾਲਸਾ ਨਿਊਜ਼ ਟੀਮ ਲਿੱਖ ਚੁਕੀ ਸੀ ਕਿ ਅਸੀਂ, ਇਨ੍ਹਾਂ ਨਾਲ ਸੰਵਾਦ ਨਹੀਂ ਕਰਨਾ, ਤੁਸੀਂ ਮਾਹਿਰਾਂ ਨੂੰ ਸੱਦੋ, ਜਿਹੜੇ ਫੈਲਸਾ ਲੈਣ ਦੀ ਸਮਰੱਥਾ ਰੱਖਦੇ ਹੋਣ। ਨਾਲ ਇਹ ਵੀ ਸਾਫ ਲਿਖਿਆ ਸੀ ਕਿ :

"ਖ਼ਾਲਸਾ ਨਿਊਜ਼ ਟੀਮ ਆਪਣੇ ਕਹੇ 'ਤੇ ਅਡਿੱਗ ਹੈ, ਪਰ ਜਿਨ੍ਹਾਂ ਨੇ ਚੇਤਾਵਨੀ ਦਿੱਤੀ ਹੈ, ਉਨ੍ਹਾਂ ਨਾਲ ਤੇ ਵਿਸ਼ੇ ਦੇ ਮਾਹਿਰਾਂ ਨਾਲ ਹੀ ਸੰਵਾਦ ਕਰੇਗੀ। "

ਇਸ ਲਈ ਇੱਕ ਵਾਰੀ ਫਿਰ ਦੁਹਰਾ ਦੇਈਏ ਕਿ ਅਸੀਂ ਤੁਹਾਡੇ ਨਾਲ ਸੰਵਾਦ ਕਰਣ ਲਈ ਤਿਆਰ ਹਾਂ, ਕੌਮ ਦਾ ਇਹ ਮਸਲਾ ਨਜਿੱਠਣ ਲਈ ਤੱਤਪਰ ਹੋਏ ਹਾਂ, ਬਸ਼ਰਤੇ ਕਿ ਉਹ ਲੋਕ ਫੈਸਲਾ ਕਰਣ ਦੇ ਅਧਿਕਾਰੀ ਹੋਣ। ਸਾਨੂੰ ਕੋਈ ਕਾਹਲ਼ੀ ਨਹੀਂ, ਪਰ ਅਸੀਂ ਸੰਵਾਦ ਤੁਹਾਡੇ ਸਮੇਤ, ਯੁਨੀਵਰਸਿਟੀ ਦੇ ਵਿਦਵਾਨਾਂ ਨਾਲ, ਤੁਹਾਡੇ ਜਥੇਦਾਰਾਂ ਨਾਲ ਹੀ ਕਰਾਂਗੇ, ਉਹ ਵੀ ਹਿੰਦੋਸਤਾਨ ਤੋਂ ਬਾਹਰ ਕਿਸੇ ਮੁਲਕ 'ਚ ਜਿੱਥੇ ਤੁਹਾਡੀ ਸਰਕਾਰ, ਤੁਹਾਡੇ ਲੋਕਾਂ ਦੀ ਕੋਈ ਦਖਲਅੰਦਾਜ਼ੀ ਨਾ ਹੋਵੇ। ਜੋ ਵੀ ਫੈਸਲਾ ਹੋਵੇ,. ਉਹ ਕੌਮ 'ਤੇ ਲਾਗੂ ਹੋਵੇ।

ਆਸ ਹੈ ਕਿ ਤੁਸੀਂ ਇਸ ਮਸਲੇ ਦੀ ਗੰਭੀਰਤਾ ਨੂੰ ਮੁੱਖ ਰੱਖਦੇ ਹੋਏ, ਦੀਰਘ ਵੀਚਾਰ ਕਰੋਗੇ।


ਜੇ ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ।


ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org  and cannot be held responsible for their views.  Read full details....

Go to Top