Share on Facebook

Main News Page

ਹਾਂ... ਅਸੀਂ ਹਿੰਦੂ ਹੀ ਤਾਂ ਹਾਂ !!
-: ਗੁਰਦੇਵ ਸਿੰਘ ਬਟਾਲਵੀ
9417270965

ਭਾਈ ਕਾਹਨ ਸਿੰਘ ਨਾਭ੍ਹਾ ਜੀ ਅਤੇ ਪ੍ਰਿੰਸੀਪਲ ਲਾਭ ਸਿੰਘ ਜੀ ਨੇ ਆਪਣੀਆਂ ਪੁਸਤਕਾਂ ਵਿੱਚ ਗੁਰਬਾਣੀ ਅਤੇ ਇਤਹਾਸਕ ਹਵਾਲਿਆਂ ਰਾਹੀਂ ਬਖੂਬੀ ਲਿਖਿਆ ਹੈ ਕਿ "ਹਮ ਹਿੰਦੂ ਨਹੀਂ।" ਗੁਰੁ ਬਾਬਾ ਨਾਨਕ ਜੀ ਨੇ ਵੀ ਬੜ੍ਹੀ ਦ੍ਰਿੜਿਤਾ ਨਾਲ ਕਿਹਾ ਹੈ ਕਿ “ਨ ਹਮ ਹਿੰਦੂ ਨ ਮੁਸਲਮਾਨ” ਭਾਵ ਕਿ ਸਾਡਾ ਇਨ੍ਹਾਂ ਦੀਆਂ ਰੁਹ ਰੀਤਾਂ ਨਾਲ ਉੱਕਾ ਹੀ ਕੋਈ ਵਾਸਤਾ ਨਹੀਂ ( ਭਾਰਤ ਵਿੱਚ ਉਸ ਵੇਲੇ ਇਹ ਦੋਨੋ ਧਰਮ ਹੀ ਮੋਹਰੀ ਸਨ) ਹਾਲਾਂਕਿ ਇਕ ਗੱਲ ਸਾਡੀ ਮੁਸਲਿਮ ਭਾਈਚਾਰੇ ਨਾਲ (ਸਹੀ ਮਾਇਨੇ ਚ’ ਸਿੱਖਾਂ ਦੀ) ਸਾਂਝੀ ਹੈ ਕਿ ਇਕੋ ਅਕਾਲ ਪੁਰਖ,ਰਬ, ਖੁਦਾ ਨੂੰ ਮਨਣਾ । ਇਹ ਗੱਲਾਂ ਕਹਿਣੀਆਂ ਤੇ ਕਰਨੀਆਂ ਸੌਖੀਆਂ ਨਹੀਂਹਨ, ਸਾਰੇ ਸਮਾਜ ਵੱਲੋਂ ਬੜ੍ਹੀ ਦੁਸ਼ਮਨੀ ਝਲਣੀ ਪੈਂਦੀ ਹੈ। ਉਕਤ ਪੁਸਤਕਾਂ ਲਿਖਣ ਕਰਕੇ ਪਤਾ ਨਹੀਂ ਭਾਈ ਕਾਹਨ ਸਿੰਘ ਨਾਭ੍ਹਾ ਜੀ ਅਤੇ ਪ੍ਰਿੰਸੀਪਲ ਲਾਭ ਸਿੰਘ ਜੀ ਨੂੰ ਆਮ ਲੋਕਾਂ ਪਾਸੋਂ ਕਿਨੀਆਂ ਕੁ ਗੱਲਾਂ ਸੁਣਨੀਆਂ ਪਈਆਂ ਹੋਣਗੀਆਂ, ਕਿੰਨਾ ਕੁ ਵਿਰੋਧ ਸਹਿਣਾ ਪਇਆ ਹੋਵੇਗਾ। ਜਦਕਿ ਆਮ ਸਿੱਖ ਬਲਕਿ 99.5% ਕਥਿਤ ਸਿੱਖ ਅਜੇ ਹਿੰਦੂ ਹੀ ਹੈ, ਪਤਾ ਨਹੀਂ ਅਸੀਂ ਫਿਰ ਵੀ ਕਿਉਂ ਸਰਕਾਰ ਦੁਆਲੇ ਹੋਏ ਰਹਿੰਦੇ ਹਾਂ ਕਿ ਸਾਨੂੰ ਕੋਈ ਹਿੰਦੂ ਨਾ ਕਹੇ, ਬਲਕਿ ਸਵਿਧਾਨ ਵਿੱਚ ਵੀ ਜਿਹੜੀ ਵੀ ਕੋਈ ਕਿਸੇ ਕਿਸਮ ਦੀ ਧਾਰਾ ਜਾਂ ਕਨੂੰਨ ਸਾਨੂੰ ਹਿੰਦੂ ਦਰਸਾਉਂਦਾ ਹੈ ਉਸ ਨੂੰ ਰਦ ਕਰੋ, ਇਸ ਬਾਰੇ ਮੋਰਚੇ ਵੀ ਲਗਾਈ ਜਾਨੇ ਹਾਂ ਕਿ ਸਾਨੂੰ ਸਿੱਖ ਕਹੋ, ਹਿੰਦੂ ਨਾਹ ਆਖੋ।

ਦੁਨੀਆਂ ਦੇ ਕੁਲ ਧਰਮਾਂ ਵਿੱਚੋਂ ਸਿਰਫ ਹਿੰਦੂ ਔਰਤਾਂ ਹੀ ਸੁਹਾਗਣ ਹੋਣ ਦੀ ਨਿਸ਼ਾਨੀ ਵਜੋਂ ਮੱਥੇ ਤੇ ਸੰਧੂਰ ਲਗਾਉਂਦੀਆਂ ਹਨ । ਕਿਸੇ ਮੁਸਲਮਾਨ, ਇਸਾਈ, ਯਹੂਦੀ, ਬੋਧੀ ਔਰਤ ਦੇ ਮੱਥੇ ਤੇ ਕੋਈ ਸੰਧੂਰ ਨਹੀਂ ਮਿਲੇਗਾ ਪਰ 99.5% ਕਥਿਤ ਸਿੱਖ ਔਰਤਾਂ ਦੇ ਮੱਥੇ ਤੇ ਸੰਧੂਰ ਜਰੂਰ ਦਿਖਾਈ ਦਵੇਗਾ, ਫਿਰ ਅਸੀਂ ਸਿੱਖ ਕਿਵੇਂ ਹੋਏ ?

ਇਸੇ ਤਰ੍ਹਾਂ ਕਰਵਾ ਚੌਥ ਦਾ ਵਰਤ ਤਮਾਮ ਦੁਨੀਆਂ ਵਿੱਚ ਸਿਰਫ ਹਿੰਦੂ ਔਰਤਾਂ ਹੀ ਰਖਦੀਆਂ ਹਨ, ਅਤੇ ਇਹ ਵੀ ਸੱਚ ਹੈ ਕਿ ਇਨ੍ਹਾਂ ਵਿੱਚੋਂ ਕਿਸੇ ਦੇ ਵੀ ਪਤੀ ਦੀ ਉਮਰ ਨਹੀਂ ਵਧ ਸਕੀ। ਮੁਸਲਮਾਨ, ਇਸਾਈ, ਯਹੂਦੀ, ਬੋਧੀ ਔਰਤ ਇਹ ਵਰਤ ਨਹੀਂ ਰਖਦੀ, ਪਰ 99.5% ਕਥਿਤ ਸਿੱਖ ਔਰਤਾਂ ਇਸ ਵਰਤ ਨੂੰ ਚਾਈਂ ਚਾਈਂ ਰਖਦੀਆਂ ਹਨ ਭਾਵੇਂ ਅੱਜ ਤੱਕ ਕਿਸੇ ਦਾ ਵੀ ਸੁਹਾਗ ਸਦਾਈ ਚਿਰ ਲਈ ਜਿਊਂਦਾ ਨਹੀਂ ਰਿਹਾ, ਅਸੀਂ ਫਿਰ ਵੀ ਮਾਣ ਨਾਲ ਕਿਹੰਦੇ ਹਾਂ ਕਿ ਅਸੀਂ ਸਿੱਖ ਹਾਂ !

ਪਿਛਲੇ ਸਾਲ ਕਰਵਾਚੌਥ ਦੇ ਵਰਤ ਤੇ ਮੈਂ ਕਿਸੇ ਬਜੁਰਗ ( ਸਿੱਖ) ਬੰਦੇ ਨੂੰ ਵਰਤ ਦਾ ਸਮਾਨ ਖ੍ਰੀਦਦੇ ਨੂੰ ਪੁਛਿਆ ਕਿ ਇਹ ਕਿਸ ਵਾਸਤੇ ਲੈ ਰਹੇ ਹੋ ਓਹ ਕਿਹਣ ਲੱਗਾ ਕਿ ਹਰ ਸਾਲ ਘਰਵਾਲੀ ਦੀ ਸਿਫਾਰਿਸ਼ ਨਾਲ ਇਕ ਸਾਲ ਵਧਵਾ ਲੈਂਦਾ ਹਾਂ ਉਂਝ ਘਰਵਾਲੀ ਬੀਮਾਰ ਰਿਹੰਦੀ ਹੈ ਪਤਾ ਨਹੀਂ ਕਦੋਂ ਉਮਰ ਵਾਧੇ ਦੀ ਇਹ ਸਹੂਲਤ ਖਤਮ ਹੋ ਜਾਵੇ, ਨਾਲੇ ਹਸਣ ਲਗ ਪਿਆ। ਜਿਨ੍ਹਾਂ ਮਰਜੀ ਅਸੀਂ ਰੌਲ਼ਾ ਪਾਈ ਜਾਈਏ ਕਿ ਰਖੱੜੀ ਸਿੱਖਾਂ ਦਾ ਤਿਓਹਾਰ ਨਹੀਂ, ਪਰ ਇਸ ਨੂੰ ਮਨਾਓਣ ਤੋਂ ਹਟਣਾ ਵੀ ਨਹੀਂ। ਜਾ ਕੇ ਗੁਰਦਵਾਰਿਆਂ ਵਿੱਚ ਵੇਖ ਲਿਓ ਲਗ੍ਹ ਭਗ੍ਹ ਸਾਰੇ ਪ੍ਰਚਾਰਕਾਂ ਦੇ, ਕੀਰਤਨੀਆਂ ਦੇ, ਸੇਵਾਦਾਰਾਂ ਦੇ, ਰਖੜੀਆਂ ਬੱਝੀਆਂ ਹੋਣਗੀਆਂ। ਹੋਰ ਤੇ ਹੋਰ ਸ਼ਬਦ ਗੁਰੂ, ਗੁਰੂ ਗ੍ਰੰਥ ਸਾਹਿਬ ਦੇ ਪ੍ਹੀੜੇ ਦੇ ਪਾਵਿਆਂ ਨੂੰ ਵੀ ਰਖੜੀਆਂ ਬੱਝੀਆਂ ਹੋਣਗੀਆਂ।

ਮੈਂ ਪਿੱਛੇ ਜਿਹੇ ਇਤਹਾਸਕ ਗੁਰਧਾਮਾਂ ਦੀ ਯਾਤਰਾ ਬਾਰੇ ਪ੍ਰੋਗਰਾਮ ਬਣਾਇਆ (ਜਿਸ ਵਿੱਚ ਮੇਰਾ ਮਕਸਦ ਸੀ ਕਿ ਉਨ੍ਹਾਂ ਥਾਂਵਾਂ ਤੇ ਸੁਣਾਈਆਂ ਜਾਂਦੀਆਂ ਝੂਠੀਆਂ ਕਹਾਣੀਆਂ ਨੂੰ ਰੱਦ ਕਰਕੇ ਲੋਕਾਂ ਨੂੰ ਸੱਚ ਨਾਲ ਜੋੜਿਆ ਜਾ ਸਕੇ) ਦੇ ਸਭੰਧ ਵਿੱਚ ਕਿਸੇ ਵਿਅਕਤੀ ਦਾ ਫੋਨ ਆਇਆ ਤੇ ਕਿਹਣ ਲੱਗਾ ਕਿ ਸਾਡੀ ਧਰਮ ਪ੍ਰਚਾਰ ਸੁਸਾਇਟੀ ਹੈ ਤੇ ਅਸੀਂ ਵੀ ਕੁਝ ਮੈਂਬਰ ਤੁਹਾਡੇ ਨਾਲ ਜਾਣਾ ਚਾਂਹਦੇ ਹਾਂ, ਮੈਂ ਉਸ ਨੂੰ ਕਿਹਾ ਕਿ ਠੀਕ ਹੈ ਮੇਰੇ ਪਾਸ ਆਕੇ ਸਾਰਾ ਵੇਰਵਾ ਸਮਝ ਲਵੇ, ਓਹ ਕਹਿਣ ਲੱਗਾ ਕਿ ਅੱਜ ਸ਼ਇਦ ਮੁਸ਼ਕਿਲ ਹੈ (ਉਸ ਦਿੱਨ ਰੱਖੜੀ ਸੀ) ਕਿਉਂਕਿ ਅਜੇ ਮੈਂ ਇਕ ਭੈਣ ਤੋਂ ਰੱਖੜੀ ਬਨਵਾਈ ਹੈ ਤੇ ਦੂਜੀ ਪਾਸ ਰਖੱੜੀ ਬਨਵਾਣ ਜਾਣਾ ਹੈ। ਮੈ ਹੈਰਾਨ ਹੋਇਆ ਕਿ ਇਹ ਕਿਸ ਤਰ੍ਹਾਂ ਦਾ ਧਰਮ ਪ੍ਰਚਾਰ ਕਰਦੇ ਹੋਣਗੇ ਜਿਨ੍ਹਾਂ ਨੂੰ ਖੁਦ ਨੂੰ ਅਜੇ ਤੱਕ ਗੁਰਮਤਿ ਦੀ ਸਮਝ ਨਹੀਂ ਪਈ, ਖੈਰ ਮੈਂ ਉਸ ਨੂੰ ਰੱਖੜੀ ਬਾਰੇ ਸਮਝਾਂਣ ਦਾ ਯਤਨ ਕੀਤਾ ਪਰ ਓਹ ਨਹੀਂ ਸਮਝਿਆ ਅਤੇ ਮੇਰੇ ਪਾਸ ਆਇਆ ਵੀ ਨਹੀਂ।

ਐਸਾ ਨਹੀਂ ਹੈ ਕਿ ਇਹੋ ਜਹੀਆਂ ਮੁਰਖਤਾਈਆਂ ਮੈਂ ਨਹੀਂ ਕੀਤੀਆਂ, 1983 ਤੱਕ ਮੈਂ ਵੀ ਇਹ ਸਭ ਕਰਦਾ ਹੁੰਦਾ ਸੀ। ਜੂਨ 1984 ਅਤੇ ਨਵੰਬਰ 1984 ਦੀਆਂ ਘਟਨਾਵਾਂ ਨੇ ਸਿੱਖ ਮਾਨਸਿਕਤਾ ਨੂੰ ਬਹੁਤ ਝੰਜੋੜਿਆ ਸੀ ਅਤੇ ਕੁਝ ਲੋਕਾਂ ਨੇ ਅਪੀਲਾਂ ਕੀਤੀਆਂ ਸੀ ਕਿ ਇਸ ਵਾਰ ਰੱਖੜੀ ਨਾਹ ਮਨਾਈ ਜਾਵੇ ਕਿਉਂਕਿ ਬਹੁਤ ਭੈਣਾਂ ਦੇ ਬੇਕਸੂਰ ਵੀਰ ਮਾਰੇ ਗਏ ਹਨ, ਉਸ ਵੇਲੇ ਤਕ ਮੈਂ ਵੀ ਹਿੰਦੂ (ਵਿਚਾਰਕ ਪੱਖੋਂ) ਹੀ ਸੀ ਸਿਰਫ ਕੇਸ ਰੱਖੇ ਹੋਣ ਕਰਕੇ ਜਾਂ ਕਦੇ ਕਦਾਈਂ ਪਾਠ ਕਰ ਲੈਣਾ ਜਾਂ ਕਦੇ ਕਦੇ ਗੁਰਦਵਾਰੇ ਚਲੇ ਜਾਣਾ, ਬਸ ਇਸੇ ਨੂੰ ਹੀ ਸਿੱਖੀ ਸਮਝੀ ਬੈਠਾ ਸੀ ।ਬਸ ਇਸ ਨੂੰ ਵੱਡ੍ਹੇ ਭਾਗ ਹੀ ਸਮਝਦਾ ਹਾਂ ਕਿ ਜੂਨ 1985 ਵਿੱਚ ਮਰਹੂਮ ਜਥੇਦਾਰ ਇੰਦਰਪਾਲ ਸਿੰਘ ਖਾਲਸਾ (ਸਾਬਕਾ ਸਰਪ੍ਰਸਤ ਸ਼੍ਰੋਮਣੀ ਅਕਾਲੀ ਦਲ) ਅਤੇ ਕੁਝ ਹੋਰ ਸਿੱਖਾਂ ਦਾ ਸਾਥ ਮਿਲਿਆ ਤੇ ਸਿੱਖੀ ਬਾਰੇ ਸਮਝ ਆਉਣੀ ਸ਼ੁਰੂ ਹੋ ਗਈ।

ਪਿੱਛੇ ਜਿਹੇ ਹੋਏ ਸਰਵੇਖਣ ਵਿੱਚ ਕੁਲ ਦੁਨੀਆਂ ਦੀ ਕੁਲ ਅਬਾਦੀ ਵਿੱਚ ਸਿੱਖਾਂ ਦੀ ਗਿਣਤੀ ਕਰੀਬ 2 ਕਰੋੜ ਬਣਦੀ ਹੈ ਅਤੇ ਕਾਫੀ ਸਮੇ ਤੋਂ ਇਹੋ ਹੀ ਸੁਣਦੇ ਆ ਰਹੇ ਹਾਂ। ਪਰ ਸਹੀ ਮਾਇਨੇ ਵਿੱਚ ਸਿੱਖਾਂ ਦੀ ਅਬਾਦੀ ਸ਼ਾਇਦ ਹਜ਼ਾਰਾਂ ਵਿੱਚ ਵੀ ਮੁਸ਼ਕਿਲ ਨਾਲ ਹੀ ਹੋਵੇਗੀ ਜੋ ਬਾਬੇ ਨਾਨਕ ਦੇ ਫਲਸਫੇ ਨੂੰ ਸਹੀ ਅਰਥਾਂ ਵਿੱਚ ਮਨਦੇ ਹਨ, ਬਾਕੀ ਤੇ ਦੇਖਾ ਦੇਖੀ ਅਤੇ ਬਹੁਤੇ ਭੇਖੀ ਹੀ ਹਨ। ਗੁਰਬਾਣੀ ਅਨੂਸਾਰ “ਥਿਤੀ ਵਾਰ ਸੇਵਹਿ ਮੁਗਧ ਗਵਾਰ ॥È ਦੇ ਸਿਧਾਂਤ ਨੂੰ ਤਿਲਾਂਜਲੀ ਦਿੰਦੇ ਹੋਏ ਤਕਰੀਬਨ ਹਰ ਗੁਰਦਵਾਰੇ ਵਿੱਚ ਮਸਿਆ, ਸੰਗਰਾਂਦ, ਪੂਰਨਮਾਸੀ, ਪੰਚਮੀ ਆਦ ਦੀਆਂ ਤਰੀਕਾਂ ਦਰਸਾਉਂਦਾ ਹੋਇਆ ਫੱਟਾ (ਬੋਰਡ) ਅਸਾਨੀ ਨਾਲ ਨਜ਼ਰੀ ਪੈ ਜਾਂਦਾ ਹੈ।ਅਤੇ ਸਿੱਖ ਇਸ ਨੂੰ ਬਿਨ੍ਹਾਂ ਕਿਸੇ ਸਮਝ ਦੇ ਮੰਨੀ ਤੁਰਿਆ ਜਾ ਰਿਹਾ ਹੈ। ਅਜੇ ਵੀ ਬਹੁਗਿਣਤੀ ਸਿੱਖ ਵਿਆਹ ਸ਼ਾਦੀਆਂ ਲਈ ਰਿਸ਼ਤੇ ਵਾਸਤੇ ਪੰਡਤਾਂ ਪਾਸੋਂ ਟੇਵੇ ਤੇ ਕੁੰਡਲੀਆਂ ਮਿਲਾਉਂਦਾ ਹੈ, ਕੀ ਅਸੀਂ ਸਿੱਖ ਹਾਂ ?

ਹੁਣ ਸਵਾਲ ਇਹ ਹੈ ਕਿ ਸਾਨੂੰ ਹਿੰਦੂ ਕਿਉਂ ਕਿਹਾ ਜਾ ਰਿਹਾ ਹੈ?

ਅਸੀਂ ਕਦੇ ਕਿਸੇ ਮੁਸਲਿਮ ਤਿਓਹਾਰ ਈਦ ਵਗੈਰ੍ਹਾ ਨੂੰ ਮਨਾਇਆ ਹੈ, ਜਵਾਬ ਨਾਹ ਵਿੱਚ ਹੀ ਹੋਵੇਗਾ,

ਕੀ ਕਦੇ ਅਸੀਂ ਇਸਾਈ ਮਤਿ ਦੇ ਕਿਸੇ ਤਿਓਹਾਰ ਨੂੰ ਮਨਾਇਆ ਹੈ ਜਵਾਬ ਨਾਹ ਵਿੱਚ ਹੀ ਹੋਵੇਗਾ,

ਕੀ ਕਦੇ ਬੁਧ ਧਰਮ ਦੇ ਕਿਸੇ ਤਿਓਹਾਰ ਨੂੰ ਮਨਾਇਆ ਹੈ, ਜਵਾਬ ਨਾਹ ਵਿੱਚ ਹੀ ਹੋਵੇਗਾ।

ਪਰ ਕਦੇ ਕਿਸੇ ਹਿੰਦੂ ਧਰਮ ਦੇ ਤਿਓਹਾਰ ਨੂੰ ਮਨਾਓਣ ਤੋਂ ਪਿੱਛੇ ਹਟੇ ਹਾਂ, ਜਵਾਬ ਨਾਹ ਵਿੱਚ ਹੀ ਹੋਵੇਗਾ।

ਇਸੇ ਕਰਕੇ ਕਦੇ ਕਿਸੇ ਮੁਸਲਮਾਨ ਨੇ ਨਹੀਂ ਆਖਿਆ ਕਿ ਸਿੱਖ ਵੀ ਮੁਸਲਮਾਨ ਹੀ ਹੈ, ਫਿਰ ਬਹੁਗਿਣਤੀ ਦਾ ਸਾਨੂੰ ਹਿੰਦੂ ਕਿਹਣਾ ਕਿਵੇਂ ਗਲਤ ਹੋਇਆ ?

ਸਿੱਖ ਦਾ ਹੋਰ ਨਿਆਰਾਪਨ ਇਹ ਹੈ :

- ਹਿੰਦੂ ਮੰਦਰ ਵਿੱਚ ਮੂਰਤੀ ਨੂੰ ਚਮਕੀਲੇ ਤੇ ਭੜਕੀਲੇ ਲਿਬਾਸ ਪਾਉਂਦਾ, ਅਸੀਂ ਸ਼ਬਦ ਗੁਰੂ ਨੂੰ ਚਮਕੀਲੇ ਤੇ ਭੜਕੀਲੇ ਰੁਮਾਲੇ ਦੇ ਰੂਪ ਚ’ ਲਿਬਾਸ ਪਾਉਂਦੇ ਹਾਂ,

- ਹਿੰਦੂ ਮੂਰਤੀ ਨੂੰ ਸੋਨੇ ਦੇ ਗਹਿਣੇ ਪਾਉਂਦਾ ਹੈ ਅਸੀਂ ਵੀ ਸੋਨੇ ਦੀਆਂ ਚੈਨੀਆਂ ਅਤੇ ਛਤਰ ਪਾਉਂਦੇ ਹਾਂ,

- ਹਿੰਦੂ ਜਗਰਾਤੇ ਕਰਦਾ ਹੈ, ਅਸੀਂ ਰੈਣ ਸਬਾਈ ਕਰਦੇ ਹਾਂ, ਕੀਰਤਨ ਦਰਬਾਰ ਕਰਦੇ ਹਾਂ,

- ਹਿੰਦੂ ਸ਼ੋਭਾ ਯਾਤਰਾ ਕਢਦਾ ਹੈ, ਅਸੀਂ ਨਗਰ ਕੀਰਤਨ ਕਢਦੇ ਹਾਂ,

- ਹਿੰਦੂ ਪਹਾੜਾਂ ਵਾਲੀ ਮਾਤਾ ਦੇ ਜਾਂਦਾ ਹੈ, ਅਸੀਂ ਹੇਮਕੁੰਟ (ਸਾਹਬ) ਜਾਂਦੇ ਹਾਂ ।

- ਲੰਗਰ ਦੀ ਪ੍ਰਥਾ ਲੋੜਵੰਦ ਵਾਸਤੇ ਸੀ, ਹੁਣ (ਜ਼ਿਆਦਾਤਰ) ਵੇਹਲੜਾਂ ਵਾਸਤੇ ਹੈ, ਅਤੇ ਇਹ ਸਾਰਾ ਕੁਝ (ਅਨ੍ਹੀ) ਸ਼ਰਧਾ ਦੇ ਨਾਮ 'ਤੇ ਹੁੰਦਾ ਹੈ ।

ਹਿੰਦੂਆਂ ਦੇ 33 ਕ੍ਰੋੜ ਦੇਵੀ ਦੇਵਤੇ ਹਨ ਤੇ ਸਾਡੇ 66 ਕ੍ਰੋੜ ਤੋਂ ਵੀ ਸ਼ਾਇਦ ਵੱਧ। ਕਦੇ ਕਿਸੇ ਨੇ ਸੁਣਿਆਂ ਹੈ ਕਿ ਕਿਸੇ ਨੇ ਅਯੁਦਿਆ ਨੂੰ ਅਯੁਦਿਆ ਸਾਹਬ ਕਿਹਾ ਹੋਵੇ, ਮਥਰਾ ਨੂੰ ਮਥਰਾ ਸਾਹਬ ਕਿਹਾ ਹੋਵੇ ਕਾਂਸ਼ੀ, ਬਨਾਰਸ, ਪੁਰੀ ਨੂੰ ਵੀ ਸਾਹਬ ਲਗਾ ਕੇ ਸੰਬੋਧਨ ਕੀਤਾ ਹੋਵੇ।

...ਪਰ ਸਿੱਖ ਦਾ ਨਿਆਰਾਪਨ ਇਹ ਹੈ, ਬੜੂ ਵੀ ਸਾਹਬ ਹੈ, ਰਾੜਾ ਵੀ ਸਾਹਬ ਹੈ, ਸਰਹਾਲ਼ੀ ਵੀ ਸਾਹਬ ਹੈ, ਤੀਰ ਵੀ ਸਾਹਬ ਹੈ, ਸਿਰੀ (ਕ੍ਰਿਪਾਨ) ਵੀ ਸਾਹਬ ਹੈ, ਨਲਕਾ ਸਾਹਬ (ਇਕ ਡੇਰੇ ਤੇ) ਜੌੜਾ (ਜੁੱਤੀ) ਸਾਹਬ, ਝਾੜ ਸਾਹਬ, ਜੰਡ ਸਾਹਬ, ਅੰਬ ਵੀ ਸਾਹਬ ਹੈ, ਫਲਾਹੀ ਵੀ ਸਾਹਬ ਹੈ, ਮੰਜੀ ਵੀ ਸਾਹਬ ਹੈ, ਕੰਧ ਵੀ ਸਾਹਬ ਹੈ ਕਈ ਪਿੰਡ ਵੀ ਸਾਹਬ ਹਨ ਕਈ ਸ਼ਹਿਰ ਵੀ ਸਾਹਬ ਹਨ। ਇਨ੍ਹਾਂ ਸਾਹਬਾਂ ਦੀ ਕਤਾਰ ਬਹੁਤ ਲੰਬੀ ਹੈ।ਪਰ ਕਦੇ ਇਹ ਵੀ ਸੋਚਿਆ ਹੈ ਡਾਲਰ, ਡਾਲਰ ਹੈ ਤੇ ਰੁਪਿਆ, ਰੁਪਿਆ ਹੈ, ਪੋਂਡ, ਪੋਂਡ ਹੀ ਹੈ। ਹਰ ਚੀਜ਼ ਸਾਹਿਬ ਨਹੀਂ ਹੋ ਸਕਦੀ, ਫਿਰ ਸਿੱਖ ਇਕ ਅਕਾਲ ਦਾ ਪੁਜਾਰੀ ਕਿਵੇਂ ਹੋਇਆ ? ਸਾਹਿਬ ਸਿਰਫ ਤੇ ਸਿਰਫ ਅਕਾਲ ਪੁਰਖ ਹੀ ਹੋ ਸਕਦਾ ਹੈ, ਕੋਈ ਹੋਰ ਨਹੀਂ।

ਦਿਵਾਲੀ, ਰਖੱੜੀ ਅਤੇ ਲ਼ੋਹੜੀ ਸਿੱਖ ਤਿਓਹਾਰ ਤੇ ਬਿਲਕੁਲ ਹੀ ਨਹੀਂ, ਕੁਝ ਲੋਕਾਂ ਵਲੋਂ ਇਹ ਦਲੀਲ ਦਿੱਤੀ ਜਾਂਦੀ ਹੈ ਕਿ ਚਲੋ ਇਸੇ ਬਹਾਨੇ ਲੜਕੀਆਂ ਨੂੰ ਕੁਝ ਦਿੱਤਾ ਜਾਂਦਾ ਹੈ।

ਪਹਿਲੀ ਗਲ ਕਿ ਇਨ੍ਹਾਂ ਦਿਨ੍ਹਾਂ ਤੇ ਹੀ ਕਿਉਂ ਅੱਗੇ ਪਿੱਛੇ ਕਿਉਂ ਨਹੀਂ ।

ਦੂਜੀ ਗਲ ਅਗਰ ਕਿਸੇ ਧੀ ਭੈਣ ਨੂੰ ਕਿਸੇ ਚੀਜ਼ ਦੀ ਲੋੜ ਹੈ ਤੇ ਉਸ ਦੀ ਜਰੂਰਤ ਉਸੇ ਵੇਲੇ ਪੂਰੀ ਕਰਨੀ ਚਾਹੀਦੀ ਹੈ ਜਾਂ ਕਿ ਉਕਤ ਕਥਿਤ ਹਿੰਦੂ ਤਿਓਹਾਰਾਂ ਨੂੰ ਉਡੀਕਣਾ ਪਵੇਗਾ ? ਕਿਸੇ ਵੀ ਵਸਤੂ ਦੀ ਮਹੱਤਤਾ ਲੋੜ ਵੇਲੇ ਹੀ ਹੁੰਦੀ ਹੈ ਇਕ ਕਹਾਵਤ ਹੈ ਕਿ ‘ਈਦ ਪਿੱਛੋਂ ਤੰਬਾ ਫੂਕਣਾਂ’ ਭਾਵ ਜੇ ਈਦ ਲੰਘ ਗਈ ਤੇ ਫਿਰ ਤੰਬੇ (ਚਾਦਰਾ) ਦਾ ਕੀ ਕਰਨਾ । ਦਿਵਾਲੀ ਸਿੱਖ ਦਾ ਤਿਓਹਾਰ ਨਹੀਂ ਪਰ ਇਹ ਭੁਲੇਖਾ ਪਾਕੇ ਇਸ ਨੂੰ ਬੰਦੀ ਛੋੜ ਦਿਵਸ ਵਜੋਂ ਮਨਾਉਂਦੇ ਹਨ ਕਿ ਇਸ ਦਿਨ ਗੁਰੁ ਹਰਗੋਬਿੰਦ ਸਾਹਬ ਗਵਾਲੀਅਰ ਦੇ ਕਿਲੇ ਚੋਂ ਜਹਾਂਗੀਰ ਦੀ ਕੈਦ ਚੋਂ ਰਿਹਾ ਹੋਪਏ ਸੀ ਪਹਿਲੀ ਗਲ ਕਿ ਦੋਨਾਂ ਘਟਨਾਵਾਂ ਦੀਆਂ ਮਿਤੀਆਂ ਵਿੱਚ ਬਹੁਤ ਅੰਤਰ ਹੈ, ਅਗਰ ਇਸ ਗਲ ਨੂੰ ਮਨ ਵੀ ਲਿਆ ਜਾਏ ਤੇ ਕਦੇ ਗੁਰੂ ਤੇਗ਼ ਬਹਾਦੁਰ ਸਾਹਬ ਦੀ ਵੀ ਇਕ ਵਾਰੀ ਜੇਲ੍ਹ ਚੋਂ ਰਿਹਾਈ ਹੋਈ ਸੀ, ਬਾਬਾ ਨਾਨਕ ਜੀ ਵੀ ਬਾਬਰ ਦੀ ਕੈਦ ਚੋਂ ਰਿਹਾ ਹੋਏ ਸੀ ਉਨ੍ਹਾਂ ਰਿਹਾਈਆਂ ਬਾਰੇ ਤੇ ਕਦੇ ਕਿਸੇ ਨੇ ਦੀਪਮਾਲਾ ਨਹੀਂ ਕੀਤੀ, ਕਿਉਂਕਿ ਸਾਡੇ ਵਿੱਚਲਾ ਹਿੰਦੁਵਾਦ ਅਜੇ ਮੁੱਕਾ ਨਹੀਂ।

ਸੋਚਣ ਦੀ ਲੋੜ ਹੈ ਸਿੱਖ ਨੇ ਮੱਥਾ ਤੇ ਸਿਰਫ ਗੁਰੁ ਗ੍ਰੰਥ ਸਾਹਬ ਅੱਗੇ ਟੇਕਣਾਂ ਸੀ, ਪਰ ਅਕਲੋਂ ਖਾਲੀ ਤੇ ਸਿਰਫ ਭੇਖਧਾਰੀ ਸ਼ਰਧਾਲੂ ਸਿੱਖ ਰੁਮਾਲੇ ਨੂੰ, ਚਵਰ (ਚੌਰ) ਨੂੰ, ਪੀੜ੍ਹੇ ਨੂੰ, ਦੀਵੇ ਨੂੰ, ਨਿਸ਼ਾਨ (ਸਾਹਬ) ਨੂੰ, ਥੜੇ ਨੂੰ, ਲੰਗਰ ਦੇ ਭਾਂਡਿਆਂ ਨੂੰ, ਖੂਹ ਨੂੰ, ਸਸ਼ਤਰਾਂ ਨੂੰ, ਘੋੜਿਆਂ ਨੂੰ, ਬਸਤਰਾਂ ਨੂੰ, ਦਰਖਤਾਂ ਨੂੰ, ਨਲਕੇ ਨੂੰ, ਦੁਕਾਨ ਦੇ ਦਰਵਾਜੇ (ਛਟਰ) ਨੂੰ, ਮੁਰਦੇ ਨੂੰ, ਕੀ ਕੀ ਲਿਖਾਂ ਗਿਣਤੀ ਬਹੁਤ ਲੰਬੀ ਹੈ ਅਨਗਿਣਤ ਚੀਜ਼ਾਂ ਹਨ ਜਿਨ੍ਹਾਂ ਨੂੰ ਬਸ ਦੇਖਾ ਦੇਖੀ ਸਿੱਖ ਮੱਥਾ ਟੇਕੀ ਜਾ ਰਿਹਾ ਹੈ ।ਕਿਤੇ ਦੁਪਹਿਰੇ ਚੁਪਹਿਰੇ ਕਟਾਏ ਜਾਂਦੇ ਹਨ ਕਿਤੇ 68 ਤੀਰਥਾ ਤੋਂ ਪਾਣੀ (ਜਲ) ਲਿਆਕੇ ਸਰੋਵਰ ਵਿੱਚ ਪਾਇਆ ਹੋਇਆ ਹੈ । ਇਹ ਸਭ ਸਿੱਖੀ ਨੂੰ ਖਤਮ, ਮਲੀਆਮੇਟ ਕਰਨ ਦੀਆਂ ਸਾਜ਼ਸ਼ਾ ਤੇ ਨਹੀਂ, ਵਿਚਾਰਨ ਦੀ ਲੋੜ ਹੈ।

ਭਗਤ ਨਾਮਦੇਵ ਜੀ ਨੇ ਆਪਣੀ ਬਾਣੀ ਵਿੱਚ ਜੋ ਕਿਹਾ ਹੈ “ਹਿੰਦੂ ਅੰਨ੍ਹਾ ਤੁਰਕੂ ਕਾਣਾ ॥" ਕੀ ਇਹ ਸਾਡੇ ਤੇ ਨਹੀਂ ਢੁਕਦਾ ? ਅਤੇ ਜਿਹੜਾ ਇਹ ਸਭ ਨਹੀਂ ਕਰਦਾ ਉਸ ਨੂੰ ਕਟੱੜ ਕਿਹ ਕੇ ਨਵਾਜਿਆ ਜਾਂਦਾ ਹੈ।ਤੇ ਬਾਬੇ ਨਾਨਕ ਜੀ ਦੀ ਸਾਰੀ ਘਾਲਣਾਂ ਅਸਫਲ! ਸਿੱਖ ਬਾਣੀ ਨਾਲ ਹਿਰਦੇ ਤੋਂ ਨਹੀਂ ਜੁੜਿਆ, ਸਿਰਫ ਤੋਤਾ ਰਟਨ ਤੱਕ ਹੈ ਓਹ ਵੀ ਇਹ ਸੋਚ ਕੇ ਕਿ ਕੰਮ ਕਾਰ ਠੀਕ ਚੱਲੇ, ਮਾਇਆ ਆਉਂਦੀ ਰਹੇ, ਕੋਈ ਬੀਮਾਰੀ ਨੇੜੇ ਨਾ ਆਵੇ ਵਗੈਰ੍ਹਾ ਵਗੈਰ੍ਹਾ। ਹੁਣ ਇਹ ਕਹਿਣ ਚ’ ਕੋਈ ਬੁਰਾਈ ਹੈ ਕਿ ਸਿੱਖ ਹਿੰਦੂ ਹੀ ਹੈ?


ਜੇ ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ।


ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org  and cannot be held responsible for their views.  Read full details....

Go to Top