Share on Facebook

Main News Page

‘ਕਬਿਯੋ ਬਾਚ ਬੇਨਤੀ ਚੌਪਈ’ ਸ਼ਬਦ ਗੁਰੂ ਦੀ ਚੋਟ ਅੱਗੇ ਨਹੀਂ ਟਿਕਦੀ ! ਭਾਗ - ਚੌਥਾ
-: ਪ੍ਰੋ. ਕਸ਼ਮੀਰਾ ਸਿੰਘ ਯੂ.ਐਸ.ਏ.

ਪਿਛਲੇ ਭਾਗ ਵੀ ਜ਼ਰੂਰ ਪੜ੍ਹੋ : {ਭਾਗ-1}; {ਭਾਗ-2}; {ਭਾਗ-3}

ਬੰਦ ਨੰਬਰ 392:
ਤਾਕੌ ਕਰਿ ਪਾਹਨ ਅਨੁਮਾਨਤ ॥ ਮਹਾਂ ਮੂੜ੍ਹ ਕਛੁ ਭੇਦ ਨ ਜਾਨਤ ॥ ਮਹਾਂਦੇਵ ਕੌ ਕਹਤ ਸਦਾ ਸ਼ਿਵ ॥ ਨਿਰੰਕਾਰ ਕਾ ਚੀਨਤ ਨਹਿ ਭਿਵ ॥੩੯੨॥

ਅਰਥ:- ਇਹ ਗੱਲ ਚੇਤੇ ਰੱਖਣ ਵਾਲ਼ੀ ਹੈ ਕਿ ਬੰਦ ਨੰਬਰ 391 ਵਿੱਚ ਲਿਖਾਰੀ ਨੇ ਮਹਾਂਕਾਲ਼ ਨੂੰ ਨਿਰੰਕਾਰ ਦਾ ਦਰਜਾ ਦਿੱਤਾ ਹੋਇਆ ਹੈ, ਭਾਵੇਂ, ਗੁਰਮਤਿ ਇਸ ਨੂੰ ਨਹੀਂ ਮੰਨਦੀ। (ਨਿਰੰਕਾਰ ਦਾ ਦਰਜਾ) ਦੇਈ ਜਾਂਦੇ ਹਨ। ਲਿਖਾਰੀ ਕਹਿੰਦਾ ਹੈ ਕਿ ਮੂਰਖ ਲੋਕ ਮਹਾਂਕਾਲ਼ ਦੇਵਤੇ ਨੂੰ ਪੱਥਰ ਦੀ ਮੂਰਤੀ ਹੀ ਸਮਝੀ ਬੈਠੇ ਹਨ ਪਰ ਇਹ ਨਿਰੀ ਗੱਪ ਹੈ ਕਿਉਂਕਿ ਮਹਾਂਕਾਲ਼ ਦੇਵਤੇ ਦਾ ਮੰਦਰ ਉਜੈਨ ਵਿੱਚ ਹੈ ਅਤੇ ਮੂਰਤੀ ਵੀ ਹੈ। ਇਸ ਮੰਦਰੋਂ ਭੰਗ ਅਤੇ ਸ਼ਰਾਬ ਦਾ ਪ੍ਰਸ਼ਾਦ ਮਿਲ਼ਦਾ ਹੈ ।

ਨੋਟ: ਲਿਖਾਰੀ ਵਾਸਤੇ ਮਹਾਕਾਲ਼ ਦੇਵਤਾ ਹੀ ਨਿਰੰਕਾਰ ਹੈ, ਪਰ ਸਿੱਖ ਲਈ ਸਾਰਾ ਸੰਸਾਰ ਹੀ ਨਿਰੰਕਾਰ ਦੀ ਰਚਨਾ ਹੈ, ਮਹਾਂਕਾਲ਼ ਦੇਵਤੇ ਦੀ ਨਹੀਂ। ਮਹਾਂਕਾਲ਼ ਨੇ ਨਿਰੰਕਾਰ ਨੂੰ ਨਹੀਂ ਬਣਾਇਆ ਸਗੋਂ ਨਿਰੰਕਾਰ ਪ੍ਰਭੂ ਨੇ ਹੀ ਮਹਾਂਕਾਲ਼ ਦੇਵਤੇ ਨੂੰ ਬਣਾਇਆ ਹੈ। ਦੇਵੀ, ਦੇਵਤੇ, ਅਵਤਾਰ ਆਦਿਕ ਪ੍ਰਭੂ ਦਾ ਅੰਤ ਨਹੀਂ ਪਾ ਸਕਦੇ। ਮਹਾਂਕਾਲ਼ ਦੇਵਤੇ ਨੂੰ ਰੱਬ ਮੰਨਣਾ ਸਿੱਖ ਸੱਭਿਆਚਾਰ ਨਹੀਂ ਸਗੋਂ ਹਿੰਦੂ ਸੱਭਿਆਚਾਰ ਹੈ। ਚੌਪਈ ਵਿੱਚਲੇ ਮਹਾਂਕਾਲ਼ ਦੇਵਤੇ ਦੀ ਆਪੂੰ ਨਿਰੰਕਾਰ ਬਣਨ ਦੀ ਫੂਕ ਕੱਢਦੀ ਹੋਈ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੱਚੀ ਗੁਰਬਾਣੀ ਮਹਾਂਕਾਲ਼ ਦੇਵਤੇ ਨੂੰ ਨਿਰੰਕਾਰ ਮੰਨਣ ਵਾਲਿਆਂ ਦੇ ਮੂੰਹ ਉੱਤੇ ਵੀ ਗਿਆਨ ਦੀ ਕਰਾਰੀ ਚਪੇੜ ਇਉਂ ਮਾਰਦੀ ਹੈ:-

ਰਾਮਕਲੀ ਮਹਲਾ 5 ॥ ਮਹਿਮਾ ਨ ਜਾਨਹਿ ਬੇਦ ॥ ਬ੍ਰਹਮੇ ਨਹੀ ਜਾਨਹਿ ਭੇਦ ॥ ਅਵਤਾਰ ਨ ਜਾਨਹਿ ਅੰਤੁ ॥ਪਰਮੇਸਰੁ ਪਾਰਬ੍ਰਹਮ ਬੇਅੰਤੁ ॥1॥ ਅਪਨੀ ਗਤਿ ਆਪਿ ਜਾਨੈ ॥ ਸੁਣਿ ਸੁਣਿ ਅਵਰ ਵਖਾਨੈ ॥1॥ ਰਹਾਉ ॥ ਸੰਕਰਾ ਨਹੀ ਜਾਨਹਿ ਭੇਵ ॥ ਖੋਜਤ ਹਾਰੇ ਦੇਵ ॥ ਦੇਵੀਆ ਨਹੀ ਜਾਨੈ ਮਰਮ ॥ ਸਭ ਊਪਰਿ ਅਲਖ ਪਾਰਬ੍ਰਹਮ ॥2॥ (ਗਗਸ 894/4)

ਬੰਦ ਨੰਬਰ 393:
ਆਪੁ ਆਪੁਨੀ ਬੁਧਿ ਹੈ ਜੇਤੀ ॥ ਬਰਨਤ ਭਿੰਨ ਭਿੰਨ ਤੁਹਿ ਤੇਤੀ ॥ ਤੁਮਰਾ ਲਖਾ ਨ ਜਾਇ ਪਸਾਰਾ ॥ ਕਿਹ ਬਿਧਿ ਸਜਾ ਪ੍ਰਥਮ ਸੰਸਾਰਾ ॥੩੯੩॥

ਅਰਥ:- ਇਹ ਚੌਪਈ ਮਹਾਂਕਾਲ਼ ਦੇਵਤੇ ਅੱਗੇ ਲਿਖਾਰੀ ਦਾ ਤਰਲਾ ਪ੍ਰਗਟ ਕਰਦੀ ਹੈ। ਲਿਖਾਰੀ ਕਹਿੰਦਾ ਹੈ ਕਿ ਹਰ ਕੋਈ ਆਪਣੀ ਬੁੱਧੀ ਅਨੁਸਾਰ ਮਹਾਂਕਾਲ਼ ਦੇਵਤੇ ਨੂੰ ਦੇਖਦਾ ਹੈ। ਲਿਖਾਰੀ ਝੂਠ ਬੋਲਦਾ ਕਹਿੰਦਾ ਹੈ ਕਿ ਮਹਾਂਕਾਲ਼ ਦੇਵਤੇ ਦੁਆਰਾ ਕੀਤੀ ਸੰਸਾਰ ਦੀ ਰਚਨਾ ਦਾ ਕਿਸੇ ਨੂੰ ਪਤਾ ਨਹੀਂ ਹੈ। ਏਸੇ ਲਿਖਾਰੀ ਨੇ ਮਹਾਂਕਾਲ਼ ਦੁਆਰਾ ਬਣਾਈ ਸ੍ਰਿਸ਼ਟੀ ਦਾ ਉਲੇਖ ਆਪਣੀਆਂ ਹੋਰ ਰਚਨਾਵਾਂ ਵਿੱਚ ਭਲੀ ਭਾਂਤੀ ਆਪ ਹੀ ਕੀਤਾ ਹੋਇਆ ਹੈ। ਦੇਖੋ ਇਹ ਪ੍ਰਮਾਣ:-

ਏਕ ਸ੍ਰਵਣ ਤੇ ਮੈਲ਼ ਨਿਕਾਰਾ। ਤਾ ਤੇ ਮਧੁ ਕੀਟਬ ਤਨ ਧਾਰਾ।ਦੁਤੀਆ ਕਾਨ ਤੇ ਮੈਲ਼ ਨਿਕਾਰੀ। ਤਾ ਤੇ ਭਈ ਸ੍ਰਿਸ਼ਟਿ ਇਹ ਸਾਰੀ। (ਕਾਲ ਉਸਤਤ ਪੰਨਾਂ 47 ਬੰਦ 13)

ਕਾਲ਼/ਮਹਾਂਕਾਲ਼ ਨੇ ਆਪਣੇ ਕੰਨਾਂ ਦੀ ਮੈਲ਼ ਤੋਂ ਇਹ ਸੰਸਾਰ ਰਚਿਆ ਹੈ। ਇਹ ਧਾਰਨਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸਿੱਖਿਆ ਦੇ 100 ਪ੍ਰਤੀ ਸ਼ਤ ਉਲ਼ਟ ਹੈ। ਚੌਪਈ ਦੇ ਲਿਖਾਰੀ ਦਾ ਝੂਠ ਏਥੋਂ ਫੜਿਆ ਜਾਂਦਾ ਹੈ।

ਸ੍ਰਿਸ਼ਟੀ ਦੀ ਰਚਨਾ ਬਾਰੇ ਇਹ ਸਿਧਾਂਤ ਕਿ ਕੰਨ ਚੋਂ ਮੈਲ ( ਕੇਵਲ ਸ਼ਰੀਰ-ਧਾਰੀ ਹੀ ਕੰਨ ਚੋਂ ਮੈਲ ਕਢਦਾ ਹੈ ) ਕਢ ਕੇ ਸ੍ਰਿਸਟੀ ਰਚੀ । ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਬਾਣੀ ‘ਅਰਬਦ ਨਰਬਦ ਧੁੰਧੂਕਾਰਾ’ ਅਤੇ ‘ਸਾਚੇ ਤੇ ਪਵਨਾ ਭਇਆ ਪਵਨੈ ਤੇ ਜਲੁ ਹੋਇ॥ ਜਲ ਤੇ ਤ੍ਰਿਭਵਨੁ ਸਾਜਿਆ ਘਟਿ ਘਟਿ ਜੋਤਿ ਸਮੋਇ॥’ ਨਾਲ ਉਕਾ ਮੇਲ ਨਹੀ ਖਾਂਦਾ । ਇਸ ਪੱਖੋਂ ਇਹ ਰਚਨਾ ਦਸਮ ਨਾਨਕ ਜੀ ਦੀ ਸਿੱਧ ਨਹੀਂ ਹੁੰਦੀ ।

ਬੰਦ ਨੰਬਰ 394:
ਏਕੈ ਰੂਪ ਅਨੂਪ ਸਰੂਪਾ ॥ ਰੰਕ ਭਯੋ ਰਾਵ ਕਹੀਂ ਭੂਪਾ ॥ ਅੰਡਜ ਜੇਰਜ ਸੇਤਜ ਕੀਨੀ ॥ ਉਤਭੁਜ ਖਾਨਿ ਬਹੁਰਿ ਰਚਿ ਦੀਨੀ ॥੩੯੪॥

ਅਰਥ:- ਇਹ ਚੌਪਈ ਮਹਾਂਕਾਲ਼ ਦੇਵਤੇ ਅੱਗੇ ਲਿਖਾਰੀ ਦੀ ਬੇਨਤੀ ਹੈ। ਮਹਾਂਕਾਲ਼ ਦੇਹਧਾਰੀ ਦੇਵਤਾ ਇੱਕ ਮਹਾਂ ਸੁੰਦਰੀ ਦੂਲਹ ਦੇਈ ਨਾਲ਼ ਵਿਆਹ ਰਚਾਉਣ ਲਈ ਉਸ ਦੀ ਮੱਦਦ ਕਰਦਾ ਸਵਾਸਬੀਰਜ ਦੈਂਤ ਨੂੰ ਮਾਰ ਕੇ ਜੇਤੂ ਬਣ ਜਾਂਦਾ ਹੈ। ਜੇਤੂ ਮਹਾਂਕਾਲ਼ ਅੱਗੇ ਲਿਖਾਰੀ ਆਪਣੀ ਅਤੇ ਆਪਣੇ ਪਰਿਵਾਰ ਦੀ ਰੱਖਿਆ ਲਈ ਤਰਲੇ ਕੱਢਦਾ ਹੈ। ਲਿਖਾਰੀ ਝੂਠ ਬੋਲਦਾ ਹੋਇਆ ਲਿਖਦਾ ਹੇ ਕਿ ਮਹਾਂਕਾਲ਼ ਦੇਵਤਾ ਇੱਕ ਹੈ ਜਿਸ ਦੇ ਕਈ ਰੂਪ ਹਨ। ਮਹਾਂਕਾਲ਼ ਦੇਵਤਾ ਤਾਂ ਆਪ ਹੀ ਸ਼ਿਵ ਜੀ ਦਾ ਇੱਕ ਜੋਤ੍ਰਿਲਿੰਗਮ ਹੈ ਫਿਰ ਇਸ ਦੇ ਕਈ ਰੂਪ ਹੋਣ ਦੀ ਗੱਲ ਨਿਰੀ ਗੱਪ ਹੈ। ਲਿਖਾਰੀ ਕਹਿੰਦਾ ਹੈ ਕਿ ਮਹਾਂਕਾਲ਼ ਦੇਵਤੇ ਨੇ ਹੀ ਸੰਸਾਰ ਦੀ ਪੈਦਾਇਸ਼ ਦੀਆਂ ਚਾਰਿ ਖਾਣੀਆਂ ਰਚੀਆਂ ਹਨ, ਪਰ ਇਹ ਗੁਰਮਤਿ ਅਨੁਸਾਰ ਝੂਠ ਹੈ। ਸੰਸਾਰ ਨੂੰ ਪੈਦਾ ਕਰਨ ਦੀਆਂ ਵਿਧੀਆਂ ਰਚਣ ਵਾਲ਼ਾ ਕੇਵਲ ੴ ਹੈ, ਕੋਈ ਦੇਹਧਾਰੀ ਦੇਵਤਾ ਮਹਾਂਕਾਲ਼ ਨਹੀਂ।

ਬੰਦ ਨੰਬਰ 395:
ਕਹੂੰ ਫੂਲਿ ਰਾਜਾ ਹ੍ਵੈ ਬੈਠਾ ॥ ਕਹੂੰ ਸਿਮਟਿ ਭਯੋ ਸ਼ੰਕਰ ਇਕੈਠਾ ॥ ਸਗਰੀ ਸ੍ਰਿਸ਼ਟਿ ਦਿਖਾਇ ਅਚੰਭਵ ॥ ਆਦਿ ਜੁਗਾਦਿ ਸਰੂਪ ਸੁਯੰਭਵ ॥੩੯੫॥

ਅਰਥ:- ਚੌਪਈ ਦਾ ਨਾਇਕ ਦੇਹਧਾਰੀ ਦੇਵਤਾ ਮਹਾਂਕਾਲ਼ ਹੈ। ਜੋ ਦੇਹਧਾਰੀ ਹੈ ਉਹ ਅਜੂਨੀ ਨਹੀਂ ਹੋ ਸਕਦਾ। ਜੋ ਅਜੂਨੀ ਨਹੀਂ ਹੋ ਸਕਦਾ ਉਹ ਰੱਬ ਨਹੀਂ ਹੋ ਸਕਦਾ। ਲਿਖਾਰੀ ਇਸ ਬੰਦ ਵਿੱਚ ਮਹਾਂਕਾਲ਼ ਦਹਧਾਰੀ ਦੇਵਤੇ ਨੂੰ ਰੱਬ ਦੇ ਵਿਸ਼ੇਸ਼ਣਾਂ ਨਾਲ਼ ਸ਼ਿੰਗਾਰਦਾ ਹੈ ਜੋ ਗੁਰਮਤਿ ਅਨੁਸਾਰ ਨਹੀਂ ਹੈ। ਮਹਾਂਕਾਲ਼ ਦੇਵਤੇ ਨੂੰ ਕਿਤੇ ਬਣਿਆਂ ਰਾਜਾ ਅਤੇ ਕਿਤੇ ਸ਼ਿਵ ਜੀ ਦੇ ਰੂਪ ਵਿੱਚ ਸਿਮਟਿਆ ਹੋਇਆ ( ਸ਼ਿਵ ਜੀ ਦੇ 12 ਜੋਤ੍ਰਿਲਿੰਗਮ ਸਿਮਟ ਕੇ ਮੁੜ ਸ਼ਿਵ ਜੀ ਹੀ ਬਣ ਜਾਂਦਾ ਹੈ) ਲਿਖਿਆ ਹੈ। ਮਹਾਂਕਾਲ਼ ਦੇਵਤੇ ਨੂੰ ਆਦਿ, ਜੁਗਾਦਿ, ਸੁਯੰਭਵ(ਸੈਭੰ) ਕਰਕੇ ਵੀ ਲਿਖਿਆ ਹੈ ਜੋ ਗੁਰਮਤਿ ਦੇ ਉਲ਼ਟ ਹੈ। ਕੇਵਲ ੴ ਹੀ ਆਦਿ, ਜੁਗਾਦਿ ਅਤੇ ਸੈਭੰ ਹੈ, ਕੋਈ ਦੇਹਧਾਰੀ ਮਹਾਂਕਾਲ਼ ਨਹੀਂ ਜੋ ਇਸ ਚੌਪਈ ਵਿੱਚ ਦੂਲਹ ਦੇਈ ਸੁੰਦਰੀ ਦਾ ਪਿਆਰਾ ਮਹਾਂ ਨਾਇਕ ਹੈ। ਚੌਪਈ ਗੁਰਬਾਣੀ ਸੱਭਿਆਚਾਰ ਦੀ ਲਿਖਤ ਨਹੀਂ ਹੈ।

ਬੰਦ ਨੰਬਰ 396:
ਅਬ ਰੱਛਾ ਮੇਰੀ ਤੁਮ ਕਰੋ ॥ ਸਿੱਖਯ ਉਬਾਰਿ ਅਸਿੱਖਯ ਸੱਘਰੋ ॥ ਦੁਸ਼ਟ ਜਿਤੇ ਉਠਵਤ ਉਤਪਾਤਾ ॥ ਸਕਲ ਮਲੇਛ ਕਰੋ ਰਣ ਘਾਤਾ ॥੩੯੬॥

ਅਰਥ:- ਲਿਖਾਰੀ ਹੁਣ, ਦੈਤਾਂ ਨੂੰ ਮਾਰਨ ਵਾਲ਼ੇ ਮਹਾਂਕਾਲ਼ ਦੇਵਤੇ ਅੱਗੇ, ਆਪਣੀ ਰੱਖਿਆ ਲਈ ਵੀ ਬੇਨਤੀ ਕਰਦਾ ਹੈ। ਲਿਖਾਰੀ ਚਾਹੁੰਦਾ ਹੈ ਕਿ ਤੁਸੀਂ, ਮਹਾਂਕਾਲ਼ ਜੀ, ਆਪਣੇ ਸਿੱਖਾਂ (ਭੰਗ ਸ਼ਰਾਬ ਪੀ ਕੇ ਬਣੇ ਚੇਲਿਆਂ ਨੂੰ, ਕਿਉਂਕਿ ਮਹਾਂਕਾਲ਼ ਦਾ ਸਿੱਖ ਬਣਨ ਲਈ ਭੰਗ ਸ਼ਰਾਬ ਦਾ ਸੇਵਨ ਜ਼ਰੂਰੀ ਹੈ- ਤ੍ਰਿਯਾ ਚਰਿਤ੍ਰ ਨੰ: 266 ਦਾ ਅਖੀਰਲਾ ਦੋਹਰਾ “ਮਹਾਕਾਲ ਕੋ ਸਿਖਯ ਕਰਿ ਮਦਿਰਾ ਭਾਂਗ ਪਿਵਾਇ॥” ਸਿਧ ਕਰਦਾ ਹੈ ਕਿ ਮਹਾਕਾਲ ਦਾ ਅਰਥ ਵਾਹਿਗੁਰੂ ਜਾਂ ਅਕਾਲਪੁਰਖੁ ਨਹੀ ਕਿਉਕਿ ਸਤਿ ਨਾਮੁ ਜਪਣ ਵਾਲਿਆਂ ਨੂੰ ਭੰਗ, ਸ਼ਰਾਬ ਆਦਿਕ ਨਸ਼ੇ ਵਰਤਣ ਦੀ ਸਖ਼ਤ ਮਨਾਹੀ ਹੈ) ਨੂੰ ਬਚਾ ਕੇ ਬਾਕੀ ਸਾਰਿਆਂ ਨੂੰ ਮਾਰ ਦਿਓ। ਜਿਹੜੇ ਵੀ ਉਪੱਦ੍ਰ ਕਰਨ ਵਾਲ਼ੇ ਦੁਸ਼ਟ ਉੱਠਦੇ ਹਨ ਉਨ੍ਹਾਂ ਮਲੇਛਾਂ ਨੂੰ ਜੰਗ ਕਰਕੇ ਮਾਰ ਦਿਓ ਜਿਵੇਂ ਤੁਸੀ ਦੇਂਤਾਂ ਨੂੰ ਮਾਰ ਕੇ ਦੂਲਹ ਦੇਈ ਦੀ ਰੱਖਿਆ ਕੀਤੀ ਹੈ। ਗੁਰਮਤਿ ਵਿੱਚ ਸਰਬੱਤ ਦੇ ਭਲੇ ਦੀ ਗੱਲ ਹੈ ਨਾ ਕਿ ਸਿੱਖਾਂ ਨੂੰ ਬਚਾਉਣ ਅਤੇ ਗ਼ੈਰ-ਸਿੱਖਾਂ ਨੂੰ ਮਾਰ ਦੇਣ ਦੀ। ਇਸ ਤਰ੍ਹਾਂ ਦੀ ਬੇਨਤੀ ਹੀ ਗ਼ਲਤ ਹੈ।

ਬੰਦ ਨੰਬਰ 397:
ਜੇ ਅਸਿਧੁਜ ਤਵ ਸ਼ਰਨੀ ਪਰੇ ॥ ਤਿਨ ਕੇ ਦੁਸ਼ਟ ਦੁਖਿਤ ਹ੍ਵੈ ਮਰੇ ॥ ਪੁਰਖ ਜਵਨ ਪਗੁ ਪਰੇ ਤਿਹਾਰੇ ॥ ਤਿਨ ਕੇ ਤੁਮ ਸੰਕਟ ਸਭ ਟਾਰੇ ॥੩੯੭॥

ਅਰਥ:- ਲਿਖਾਰੀ ਨੇ ਆਪਣੇ ਇਸ਼ਟ ਮਹਾਂਕਾਲ਼ ਨੂੰ ਬੇਨਤੀ ਚੌਪਈ ਵਾਲ਼ੇ ਤ੍ਰਿਅ ਚਰਿੱਤ੍ਰ ਨੰਬਰ 404 ਵਿਚ ਅਸਿਧੁਜ ਵੀ ਲਿਖਿਆ ਹੈ। ਲਿਖਾਰੀ ਮਹਾਂਕਾਲ਼ ਅਸਿਧੁਜ ਦੀ ਸਿਫ਼ਤਿ ਕਰਦਾ ਆਖਦਾ ਹੈ ਕਿ ਉਸ ਦੀ ਸਰਨ ਵਿੱਚ ਆਉਣ ਵਾਲ਼ਿਆਂ ਦੇ ਸੰਕਟ ਦੂਰ ਹੁੰਦੇ ਹਨ ਅਤੇ ਕਰਾਮਾਤ ਰਾਹੀਂ ਦੁਸ਼ਟ ਦੁਖੀ ਹੋ ਕੇ ਮਰਦੇ ਹਨ। ਗੁਰਮਤਿ ਅਨੁਸਾਰ ਜੋ ਪ੍ਰਭੂ ਪਾਤਿਸ਼ਾਹ ਜੀ ਦੀ ਸ਼ਰਨ ਵਿੱਚ ਆਉਂਦੇ ਹਨ ਉਹ ਆਪਿ ਭੀ ਭਵਜਲ ਤਰਦੇ ਹਨ ਅਤੇ ਉਨ੍ਹਾਂ ਦੇ ਸੰਗੀ ਸਾਥੀ ਭੀ ਕੀਤੀ ਸੰਗਤਿ ਸਦਕਾ ਮੋਹ ਮਾਇਆ ਤੋਂ ਨਿਰਲੇਪ ਹੋ ਜਾਂਦੇ ਹਨ, ਕਿਸੇ ਕਰਾਮਾਤ ਦੀ ਗੱਲ ਨਹੀਂ ਹੈ। ਇਹ ਅੰਤਰ ਹੈ ਮਹਾਂਕਾਲ਼ ਦੇਵਤੇ ਅਤੇ ਪ੍ਰਭੂ ਪਾਤਿਸ਼ਾਹ ਦੀ ਸ਼ਰਨ ਵਿੱਚ ਆਉਣ ਦਾ।

ਬੰਦ ਨੰਬਰ 398:
ਜੋ ਕਲਿ ਕੌ ਇਕ ਬਾਰ ਧਿਐਹੈ ॥ ਤਾ ਕੇ ਕਾਲ ਨਿਕਟਿ ਨਹਿ ਐਹੈ ॥ ਰੱਛਾ ਹੋਇ ਤਾਹਿ ਸਭ ਕਾਲਾ ॥ ਦੁਸ਼ਟ ਅਰਿਸ਼ਟ ਟਰੇ ਤਤਕਾਲਾ ॥੩੯੮॥

ਅਰਥ:- ਗੁਰਮਤਿ ਵਿੱਚ ਕਿਸੇ ‘ਕਲਿ’ ਨੂੰ ਧਿਆਉਣ ਦਾ ਕੋਈ ਵਿਧਾਨ ਨਹੀਂ। ਕਲਿ. ਕਾਲ਼, ਮਹਾਂਕਾਲ਼ ਆਦਿਕ ਨੂੰ ਹਿੰਦੂ ਮੱਤ ਵਿੱਚ ਭਾਵੇਂ ਮਾਨਤਾ ਹੋਵੇ, ਸਿੱਖੀ ਵਿੱਚ ਕੋਈ ਮਾਨਤਾ ਨਹੀਂ ਹੈ। ਲਿਖਾਰੀ ਮਹਾਂਕਾਲ਼ ਦੀ ਵਡਿਆਈ ਕਰਦਾ ਕਹਿੰਦਾ ਹੈ ਕਿ ਮਹਾਂਕਾਲ਼ ਨੂੰ ਇਕ ਵਾਰ ਯਾਦ ਕਰਨ ਵਾਲ਼ੇ ਦੇ ਮੌਤ ਨੇੜੇ ਨਹੀਂ ਆਉਂਦੀ, ਉਸ ਦੀ ਰਾਖੀ ਹੁੰਦੀ ਹੈ ਅਤੇ ਉਸ ਦੇ ਸਾਰੇ ਦੁਸ਼ਟ ਅਤੇ ਵਿਘਨ ਟਲ਼ ਜਾਂਦੇ ਹਨ। ਗੁਰਮਤਿ ਕਿਸੇ ਦੇਵਤੇ ਨੂੰ ਪੂਜਣ ਲਈ ਅਤੇ ਉਸ ਤੋਂ ਕੁੱਝ ਮੰਗਣ ਲਈ ਸਿੱਖ ਨੂੰ ਕਤੱਈ ਨਹੀਂ ਪ੍ਰੇਰਦੀ। ਸਿੱਖ ਗੁਰ ਪ੍ਰਮੇਸ਼ਰ ਤੋਂ ਹੀ ਸੱਭ ਇੱਛਾਵਾਂ ਦੀ ਪੂਰਤੀ ਕਰਦਾ ਹੈ। ਗੁਰੂ ਦਾ ਸਿੱਖ ਦਾ ਕਿਸੇ ਮਹਾਂਕਾਲ਼/ਅਸਿਧੁਜ ਦੇਵਤੇ ਨਾਲ਼ ਕੋਈ ਲੈਣ ਦੇਣ ਨਹੀਂ ਹੈ।

ਬੰਦ ਨੰਬਰ 399:
ਕ੍ਰਿਪਾ ਦ੍ਰਿਸ਼ਾਟਿ ਤਨ ਜਾਹਿ ਨਿਹਰਿਹੋ ॥ ਤਾਕੇ ਤਾਪ ਤਨਕ ਮਹਿ ਹਰਿਹੋ ॥ ਰਿਧਿ ਸਿਧਿ ਘਰ ਮੋਂ ਸਭ ਹੋਈ ॥ ਦੁਸ਼ਟ ਛਾਹ ਛ੍ਵੈ ਸਕੈ ਨ ਕੋਈ ॥੩੯੯॥

ਅਰਥ:- ਦੂਲਹ ਦੇਈ ਮਹਾਂ ਸੁੰਦਰੀ ਨਾਲ਼ ਵਿਆਹ ਰਚਾਉਣ ਲਈ ਮਹਾਂਕਾਲ਼ ਦੈਂਤਾਂ ਨਾਲ਼ ਯੁੱਧ ਕਰਦਾ ਕਦੀ ਦੈਂਤਾਂ ਲਈ ਤਾਪ ਆਦਿਕ ਬਿਮਾਰੀਆਂ ਪੈਦਾ ਕਰਦਾ ਹੈ ਅਤੇ ਕਦੀ ਮਿਹਰ ਕਰ ਕੇ ਜੜੀਆਂ ਬੂਟੀਆਂ ਨਾਲ਼ ਬਿਮਾਰੀਆਂ ਦੂਰ ਕਰਦਾ ਹੈ। ਮਹਾਂਕਾਲ਼ ਦੇ ਇਸ ਗੁਣ ਨੂੰ ਲਿਖਾਰੀ ਨੇ ਇੱਥੇ ਬਿਆਨ ਕੀਤਾ ਹੈ। ਜਿੱਥੋਂ ਤਕ ਰਿਧੀਆਂ ਸਿੱਧੀਆਂ ਦੇ ਘਰ ਵਿੱਚ ਆਉਣ ਦੀ ਗੱਲ ਹੈ ਗੁਰਮਤਿ ਵਿੱਚ ਇਹ ਵਿਚਾਰਧਾਰਾ ਨਹੀਂ ਹੈ। ਗੁਰਬਾਣੀ ਤਾਂ ਗਿਆਨ ਬਖ਼ਸ਼ਦੀ ਹੈ - ਰਿਧਿ ਸਿਧਿ ਸਭ ਮੋਹੁ ਹੈ ਨਾਮੁ ਨ ਵਸੈ ਮਨਿ ਆਇ॥ (ਗਗਸ 593/18)।ਰਿਧੀਆਂ ਸਿੱਧੀਆਂ ਪ੍ਰਭੂ ਪਿਆਰ ਤੋਂ ਪ੍ਰਾਣੀ ਨੂੰ ਤੋੜ ਕੇ ਦੁਨਿਆਵੀ ਸੁਆਦਾਂ ਵਿੱਚ ਪਾ ਦਿੰਦੀਆਂ ਹਨ। ‘ਜਪੁ, ਬਾਣੀ ਵਿੱਚ ਇਹ ਅਗਵਾਈ ਦਿੱਤੀ ਗਈ ਹੈ, ਜਿਵੇਂ:- “ ਆਪਿ ਨਾਥੁ ਨਾਥੀ ਸਭ ਜਾ ਕੀ ਰਿਧਿ ਸਿਧਿ ਅਵਰਾ ਸਾਦ”॥ ਰਹੀ ਗੱਲ ਮਹਾਂਕਾਲ਼ ਦੀ ਕਿਰਪਾ ਨਾਲ਼ ਦੁਸ਼ਟਾਂ ਦਾ ਪਰਛਾਵਾਂ ਵੀ ਨਾ ਪੈਣ ਦੀ ਕਰਾਮਾਤ ਦੀ। ਇਹ ਬਿੱਲਕੁੱਲ ਝੂਠ ਹੈ। ਸੱਚੇ ਗੁਰੂ ਦੀ ਹਜ਼ੂਰੀ ਵਿੱਚ ਰਹਿੰਦਿਆਂ ਸਿੱਖਾਂ ਨੇ ਹਮਲਾ ਕਰਨ ਆਇਆਂ ਦਾ ਮੂੰਹ ਵੀ ਭੰਨਿਆਂ ਅਤੇ ਉਨ੍ਹਾਂ ਹੱਥੋਂ ਸ਼ਹੀਦੀ ਜਾਮ ਵੀ ਪੀਤੇ। ਦੁਸ਼ਟਾਂ ਦਾ ਪਰਛਵਾਂ ਪੈਂਦਾ ਹੈ ਕਿ ਨਹੀਂ ਇਹ ਤਾਂ ਜੰਗ ਦੇ ਮੈਦਾਨ ਵਿੱਚ ਗਿਆਂ ਹੀ ਪਤਾ ਲੱਗਦਾ ਹੈ ਕਿ ਚੜ੍ਹ ਕੇ ਆਇਆ ਦੁਸ਼ਮਣ ਕਿਵੇਂ ਵਾਰ ਕਰਦਾ ਆਪਣਾ ਪਰਛਾਵਾਂ ਪਾਉਂਦਾ ਹੈ। ਸਿੱਖੀ ਵਿੱਚ ਕਰਾਮਾਤ ਨੂੰ ਕੋਈ ਥਾਂ ਨਹੀਂ ਹੈ। ਛਾਹ- ਪਰਛਾਵਾਂ। ਛ੍ਵੈ- ਛੁਹਣਾ।

ਬੰਦ ਨੰਬਰ 400:
ਏਕ ਬਾਰ ਜਿਨ ਤੁਮੈਂ ਸੰਭਾਰਾ ॥ ਕਾਲ ਫਾਸ ਤੇ ਤਾਹਿ ਉਬਾਰਾ ॥ ਜਿਨ ਨਰ ਨਾਮ ਤਿਹਾਰੋ ਕਹਾ ॥ ਦਾਰਿਦ ਦੁਸ਼ਟ ਦੋਖ ਤੇ ਰਹਾ ॥੪੦੦॥

ਅਰਥ:- ਦੂਲਹ ਦੇਈ ਸੁੰਦਰੀ ਦੇ ਪਿਆਰੇ ਮਹਾਂਕਾਲ਼/ਅਸਿਧੁਜ ਦੇਵਤੇ ਦੀ ਸਿਫ਼ਤਿ ਕੇਵਲ ਮਹਾਂਕਾਲ਼ ਦੇਵਤੇ ਦਾ ਪੁਜਾਰੀ ਹੀ ਕਰ ਸਕਦਾ ਹੈ। ਸ਼ਬਦ-ਗੁਰੂ ਦੇ ਸਿੱਖ ਮਹਾਂਕਾਲ਼ ਦੇਵਤੇ ਦੇ ਪੁਜਾਰੀ ਨਹੀਂ ਹੁੰਦੇ। ਮਹਾਂਕਾਲ਼ ਦਾ ਪੁਜਾਰੀ ਲਿਖਾਰੀ ਮਹਾਂਕਾਲ਼ ਦੇਵਤੇ ਦੀ ਸਿਫ਼ਤਿ ਕਰਦਾ ਲਿਖਦਾ ਹੈ ਕਿ ਉਸ ਦੇ ਪੁਜਾਰੀ ਮੌਤ ਦੀ ਫਾਹੀ ਤੋਂ ਬਚਦੇ, ਗ਼ਰੀਬੀ ਦੂਰ ਕਰਦੇ ਅਤੇ ਦੁਸ਼ਟਾਂ ਦੁੱਖਾਂ ਤੋਂ ਬਚ ਜਾਂਦੇ ਹਨ।

ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਿੱਖ ਕਿਸੇ ਮਹਾਂਕਾਲ਼/ਅਸਿਧੁਜ ਦੇਵਤੇ ਤੋਂ ਕਦੇ ਕੁੱਝ ਨਹੀਂ ਮੰਗਦੇ। ਗੁਰੂ ਦੇ ਸਿੱਖਾਂ ਲਈ ਗੁਰ ਪਰਮੇਸ਼ਰ ਹੀ ਸਾਰੀਆਂ ਇੱਛਾਵਾ ਪੂਰੀਆਂ ਕਰਨ ਵਾਲ਼ਾ ਹੈ, ਯਥਾ:- ਸਰਬ ਸੁਖਾ ਕਾ ਦਾਤਾ ਸਤਿਗੁਰੁ ਤਾ ਕੀ ਸਰਨੀ ਪਾਈਐ॥ ਦਰਸਨੁ ਭੇਟਤ ਹੋਤ ਅਨੰਦਾ ਦੂਖੁ ਗਇਆ ਹਰਿ ਗਾਈਐ॥ (ਗਗਸ 630/5)

ਚਲਦਾ...


ਜੇ ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ।


ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org  and cannot be held responsible for their views.  Read full details....

Go to Top