ਕੱਲ ਜਿਹੜੀਆਂ ਨਿੱਕੀਆਂ
ਨਿੱਕੀਆਂ ਤੋਤਲੀਆਂ ਜ਼ੁਬਾਨਾਂ
ਮੰਮੀ-ਮੰਮੀ, ਪਾਪਾ-ਪਾਪਾ ਕਰਦੀਆਂ ਸੀ ।
ਅੱਜ ਸਕੂਲ ਨਾ ਜਾਣ ਦੀ ਜਿੱਦ ਵੀ ਨਈਂ ਕਰਨਗੀਆਂ ।
ਜੇਹੜੀਆਂ ਕੋਮਲ ਕਲੀਆਂ ਰਾਤ-ਰਾਤ ਮਾਂ ਦੀ ਹਿੱਕ ਨਾਲ ਚਿੰਬੜ ਕਿ ਸੌਂਦੀਆਂ ਸੀ,
ਰਾਤ ਨੂੰ ਸੁੱਤੇ ਸਿਧ ਮਾਂ ਦੀ ਬਾਂਹ ਕਿੱਤੇ ਸਿਰ ਥੱਲਿਉਂ ਨਿਕਲ ਜਾਣੀ,
ਤਾਂ ਖਿੱਚ ਕਿ ਫੇਰ ਸਿਰ ਥੱਲੇ ਕਰ ਲੈਣੀ ।
ਅੱਜ ਉਹ ਕੋਮਲ ਕਲੀਆਂ ਕਿੰਝ ਉਸ ਅਣਹੋਈ ਤੇ ਬੰਦੇਖਾਣੀ ਮੌਤ ਦਾ
ਸਾਹਮਣਾ ਕਰ ਰਹੀਆਂ ਹੋਣਗੀਆਂ !
ਕੱਲ ਘਰ ਦੇ ਕੰਮਾਂ ਤੋਂ ਛੇਤੀ ਛੇਤੀ ਵਿਹਲੀ ਹੋ ਕੇ
ਮਾਂ ਨੇ ਕਿੰਨੀ ਰੀਝ ਨਾਲ ਰੋਟੀ ਬਣਾਈ ਹੋਉਗੀ ।
..........
.............ਆਉਂਦਿਆਂ ਭੜਥੂ ਪਾ ਦਿੰਦੇ ਨੇ,
ਕੁਝ ਨਈਂ ਕਰਨ ਦਿੰਦੇ ਫਿਰ,
ਅਖੇ....
ਮੰਮੀ ਛੇਤੀ ਰੋਟੀ ਦੇਦੇ...
ਭੁੱਖ ਬੜੀ ਲੱਗੀ ਆ.......
ਵੇ ਚੰਦਰਿਆ ਤੂੰ ਤੇ ਸਾਡੀ ਉਮਰਾਂ ਦੀ ਭੁੱਖ ਨਾਲ ਲੈ ਗਿਆਂ।
ਸਾਰੀ ਉਮਰ ਦਾ ਜ਼ਖਮ.... |
ਤੇ ਪਾਪਾ ਦੀ ਛਿੰਦੀ ਧੀ ਕਹਿੰਦੀ....
ਪਾਪਾ ਸੈਂਡਲ ਲੈਣੇ ਆ..
ਤੁਸੀਂ ਵੀਰੇ ਨੂੰ ਨਵੇਂ ਬੂਟ ਲੈ ਤੇ...
ਪਿਉ ਨੇ ਘੁੱਟ ਕਿ ਸੀਨੇ ਨਾਲ ਲਾ ਲਿਆ ।
ਤੇ ਕਿਹਾ.....
ਕਿਹੋ ਜਿਹੇ ਸੈਂਡਲ ਲੈਣੇ ਆ ਮੇਰੀ ਧੀ ਨੇ..
ਕਹਿੰਦੀ.....ਪਾਪਾ ਜਿਨ੍ਹਾਂ 'ਤੇ ਅੰਗੂਰਾਂ ਦੇ ਗੁੱਛੇ ਬਣੇ ਹੁੰਦੇ ਆ..।
ਤੇ ਅਜੇ ਕੱਲ ਹੀ ਤੇ ਲੈ ਕਿ ਦਿੱਤੇ ਸੀ ..ਅਟਾਰੀਉਂ ।
ਸਵੇਰੇ ਜਿੱਦ ਕਰਨ ਲੱਗੀ..ਕਹਿੰਦੀ.. ਐਹੋ ਪਾ ਕੇ ਜਾਣਾ ਸਕੂਲ..
ਖੈਰ ਹੱਸਦੇ ਖੇਡਦੇ ਦੋਵੇਂ ਚਲੇ ਗਏ..
ਤੇ ਉਸ ਦਾ ਪਿਉ ਰੋਜ਼ ਦੀ ਤਰ੍ਹਾਂ ਦੁਪਿਹਰੇ 12 ਕੁ ਵਜੇ ਖੇਤਾਂ ਦਾ ਕੰਮ ਮੁਕਾ
ਕੇ ਘਰ ਨੂੰ ਤੁਰਿਆ ਆਵੇ
ਤਾਂ ਸਾਹਮਣੇ ਨਹਿਰ 'ਤੇ ਰੌਲਾ ਪੈਂਦਾ ਵੇਖਿਆ
ਭੱਜ ਕਿ ਅੱਗੇ ਹੋਇਆ ਤਾਂ ਏਹ ਕੀ !!!
ਉਹ ਤਾਂ ਜਿਵੇਂ ਬੋਲਾ ਹੀ ਹੋ ਗਿਆ... ਇਹ ਕੀ ਹੋਇਆ ?
ਅਜੇ ਥੋੜੇ ਦਿਨ ਪਹਿਲਾਂ ਹੀ ਤਾਂ
ਵੀਰੇ ਦੇ ਗੁੱਟ 'ਤੇ ਰੱਖੜੀ ਬੰਨੀ ਸੀ... ਮੇਰੀ ਲਾਡੋ ਧੀ ਨੇ...
ਤੇ ਅੱਜ ਉਹ ਗੁੱਟ ਨਹਿਰ ਵਿੱਚ ਡਿੱਗੀ
ਸਕੂਲ ਬੱਸ ਚੋਂ ਬਾਹਰ ਪਿਆ ਲਮਕਦਾ... ਬੇਜਾਨ ਜਿਹਾ......
ਤੇ ਲਾਡੋ ਦੀ ਜੁੱਤੀ ਦੇ ਅੰਗੂਰਾਂ ਦੇ ਗੁੱਛੇ...ਨਹਿਰ ਵਿੱਚ ਤਰਦੇ ਪਏ ਸੀ....ਸ਼ਾਇਦ
ਕਦੀ ਨਾ ਡੁੱਬਣ ਲਈ........ |