Share on Facebook

Main News Page

ਭਗਤ ਕਬੀਰ ਜੀ ਨੇ ਕਿਹੜੀਆਂ ਜ਼ੰਜੀਰਾਂ ਟੁੱਟਣ ਦੀ ਗਲ ਕੀਤੀ ਹੈ ?
-:
ਆਤਮਜੀਤ ਸਿੰਘ, ਕਾਨਪੁਰ

ਸਾਖੀਕਾਰਾਂ ਨੇ ਬਹੁਤ ਝੂਠੀਆਂ ਕਹਾਣੀਆਂ ਸੁਣਾਈਆਂ ਕੇ ਕਬੀਰ ਜੀ ਨੂੰ ਜ਼ੰਜੀਰਾਂ ਨਾਲ ਬੰਨ੍ਹ ਕੇ ਪਾਣੀ ਵਿੱਚ ਸੁੱਟ ਦਿੱਤਾ, ਤਾਂ ਪਾਣੀ ਨੇ ਭਗਤ ਜੀ ਦੀਆਂ ਜ਼ੰਜੀਰਾਂ ਤੋੜ ਦਿਤੀਆਂ। ਆਉ ਗੁਰਬਾਣੀ ਦੀ ਕਸਵਟੀ 'ਤੇ ਪਰਖ ਕੇ ਜਾਣਨ ਦਾ ਜਤਨ ਕਰੀਏ, ਕਿ ਭਗਤ ਕਬੀਰ ਜੀ ਨੇ ਕਿਹੜੀਆਂ ਜੰਜੀਰਾਂ ਟੁੱਟਣ ਦੀ ਗਲ ਕੀਤੀ ਹੈ।

ਗੁਰਬਾਣੀ ਜਿਸ ਡੂੰਘਾਈ ਵਿੱਚ ਲਿਖੀ ਹੈ, ਅਸੀਂ ਉਸ ਡੂੰਘਾਈ ਵਿੱਚ ਨਹੀਂ ਪਹੁੰਚ ਪਾੳਂਦੇ, ਇਸ ਕਰਕੇ ਜਿਹੜਿਆਂ ਸਬਦਾਂ ਦੀ ਪਹਿਲਾਂ ਸਮਝ ਨਹੀਂ ਆਉਂਦੀ ਸੀ, ਤਾਂ ਉਹਨਾਂ 'ਤੇ ਕਰਾਮਾਤੀ ਸਾਖੀਆਂ ਆਪਣੇ ਕੋਲੋਂ ਹੀ ਬਣਾ ਬਣਾ ਕੇ ਇਤਿਹਾਸ ਵਿੱਚ ਭਰ ਦਿੱਤੀਆਂ, ਲੁਕਾਈ ਵੀ ਸਾਖੀਆਂ ਸੁਣਨ ਪੜ੍ਹਨ ਨੂੰ ਹੀ ਤਰਜੀਹ ਦੇਂਦੀ ਸੀ, ਜਿਵੇਂ ਹੀ ਗੁਰਬਾਣੀ ਦੁਆਰਾ ਇਸ ਦੇ ਡੂੰਘੇ ਭਾਵਾਂ ਨੂੰ ਸਮਝਣ ਦਾ ਜਤਨ ਕੀਤਾ, ਓਦੋਂ ਨਾਲ ਦੀ ਨਾਲ ਹੀ ਬਨਾਵਟੀ ਕਰਾਮਾਤੀ ਕਹਾਣੀਆਂ ਰੱਦ ਹੋਣੀਆਂ ਸ਼ੁਰੂ ਹੋ ਗਈਆਂ, ਖਾਸ ਤੌਰ 'ਤੇ ਭਗਤ ਬਾਣੀ' ਤੇ ਬਹੁਤ ਮਨਘੜਤ ਕਰਾਮਾਤੀ ਸਾਖੀਆ (ਕਹਾਣੀਆਂ) ਜੋੜੀਆਂ ਹੋਈਆਂ ਹਨ।

ਇਹਨਾਂ ਕਹਾਣੀਆਂ ਵਿਚੋਂ ਇੱਕ ਕਹਾਣੀ ਹੈ ਕਿ ਕਬੀਰ ਸਾਹਿਬ ਜੀ ਨੂੰ ਪੁਜਾਰੀਆਂ ਦੀ ਸ਼ਕਾਇਤ 'ਤੇ ਸਰਕਾਰੀ ਹੁਕਮਾਂ ਦੇ ਤਹਿਤ ਜ਼ੰਜੀਰਾਂ ਨਾਲ ਬੰਨ੍ਹ ਕੇ ਗੰਗਾ ਵਿੱਚ ਸੁੱਟ ਦਿੱਤਾ ਗਿਆ। ਜਦੋਂ ਗੰਗਾਂ ਵਿੱਚ ਕਬੀਰ ਜੀ ਡੁਬਣ ਲੱਗੇ ਤਾਂ, ਉਦੋਂ ਭਗਤ ਕਬੀਰ ਜੀ ਨੇ ਪਰਮਾਤਮਾ ਨੂੰ ਯਾਦ ਕੀਤਾ, ਤਾਂ ਉਸੇ ਵੇਲੇ ਪਰਮਾਤਮਾ ਨੇ ਆਪਣੀ ਪੂਰੀ ਜ਼ਿੰਮੇਵਾਰੀ ਸਮਝਦਿਆਂ ਹੋਇਆਂ, ਗੰਗਾ ਵਿੱਚ ਡੁੱਬ ਰਹੇ ਕਬੀਰ ਸਾਹਿਬ ਦੀਆਂ ਜ਼ੰਜੀਰਾਂ ਤੋੜ ਦਿੱਤੀਆਂ ਤੇ ਡੁੱਬ ਰਹੇ ਕਬੀਰ ਜੀ ਨੂੰ ਬਚਾ ਲਿਆ। ਪਰਮਾਤਮਾ ਦੀ ਕਰਾਮਤ ਕਰਕੇ ਕਬੀਰ ਜੀ ਗੰਗਾ ਦੇ ਪਾਣੀ 'ਤੇ ਇਸ ਤਰ੍ਹਾਂ ਆ ਰਹੇ ਸਨ, ਜਿਵੇਂ ਘਰ ਵਿੱਚ ਜ਼ਮੀਨ 'ਤੇ ਵਿਛੀ ਹੋਈ ਮ੍ਰਿਗਸ਼ਾਲਾ 'ਤੇ ਕੋਈ ਮਨੁੱਖ ਬੈਠਾ ਹੋਵੇ, ਪਾਣੀ ਦੇ ਉੱਤੇ ਕਬੀਰ ਸਾਹਿਬ ਜੀ ਮ੍ਰਿਗਸ਼ਾਲਾ 'ਤੇ ਬੈਠੇ ਹੋਏ ਆਉਂਦਿਆਂ ਦੇਖ ਕੇ, ਸਾਰੇ ਲੋਕਾਂ ਨੇ ਕਬੀਰ ਸਾਹਿਬ ਜੀ ਨੂੰ ਧੰਨ ਕਿਹਾ।

ਸਵਾਲ ਪੈਦਾ ਹੁੰਦਾ ਹੈ ਕਿ ਕੀ ਪਾਣੀ ਨੇ ਕਦੇ ਇਸ ਤਰ੍ਹਾਂ ਕੀਤਾ ਹੈ, ਕਿ ਇਹ ਰੱਬ ਜੀ ਦਾ ਭਗਤ ਹੈ ਤੇ ਇਸ ਨੂੰ ਪਾਣੀ ਵਿੱਚ ਨਾ ਡੁੱਬਣ ਦਿੱਤਾ ਜਾਏ, ਪਾਣੀ ਆਪਣੇ ਕੁਦਰਤੀ ਸੁਭਾਅ ਕਰਕੇ ਕਿਸੇ ਨੂੰ ਮੁਆਫ ਨਹੀਂ ਕਰਦਾ, ਹਾਂ ਸਾਧਨ ਜੁਟਾਇਆਂ ਪਾਣੀ ਦੇ ਵਹਾ ਤੋਂ ਬਚਿਆ ਜਾ ਸਕਦਾ ਹੈ, ਇਸ ਦਾ ਅਰਥ ਹੈ ਕਿ ਹੇਠਾਂ ਦਿੱਤੇ ਸ਼ਬਦ ਦਾ ਕਰਾਮਾਤ ਨਾਲ ਕੋਈ ਸਬੰਧ ਨਹੀਂ ਹੈ, ਸਗੋਂ ਇਸ ਵਿਚੋਂ ਤਾਂ ਜੀਵਨ ਜਾਚ ਦਾ ਸੁਨੇਹਾਂ ਮਿਲਦਾ ਹੈ।

ਆਓ ਸ਼ਬਦ ਦੀ ਵੀਚਾਰ ਕਰੀਏ:

ਗੰਗ ਗੁਸਾਇਨਿ ਗਹਿਰ ਗੰਭੀਰ ॥ ਜੰਜੀਰ ਬਾਂਧਿ ਕਰਿ ਖਰੇ ਕਬੀਰ ॥੧॥
ਮਨੁ ਨ ਡਿਗੈ, ਤਨੁ ਕਾਹੇ ਕਉ ਡਰਾਇ ॥ ਚਰਨ ਕਮਲ ਚਿਤੁ ਰਹਿਓ ਸਮਾਇ ॥ਰਹਾਉ॥
ਗੰਗਾ ਕੀ ਲਹਰਿ ਮੇਰੀ ਟੁਟੀ ਜੰਜੀਰ ॥ ਮ੍ਰਿਗਛਾਲਾ ਪਰ ਬੈਠੇ ਕਬੀਰ ॥੨॥
ਕਹਿ ਕੰਬੀਰ ਕੋਊ ਸੰਗ ਨ ਸਾਥ ॥ ਜਲ ਥਲ ਰਾਖਨ ਹੈ ਰਘੁਨਾਥ ॥੩॥ {੧੧੬੨}

ਇਸ ਸ਼ਬਦ ਦੇ ਰਹਾਉ ਦੇ ਬੰਦ ਵਿੱਚ ਚਾਰ ਨੁਕਤਿਆਂ ਦਾ ਜ਼ਿਕਰ ਕੀਤਾ ਗਿਆ ਹੈ,
- ਪਹਿਲਾ ਨੁਕਤਾ ਹੈ ਕਿ ਮੇਰਾ ਮਨ ਹੁਣ ਕਿਤੇ ਵੀ ਡਿੱਗੇਗਾ ਨਹੀਂ ਡੋਲੇਗਾ ਨਹੀਂ...
- ਦੂਜਾ ਨੁਕਤਾ ਹੈ ਜਦੋਂ ਮਨ ਟਿਕ ਗਿਆ ਓਦੋਂ ਤਨ ਨੂੰ ਡਰਾਇਆ ਨਹੀਂ ਜਾ ਸਕਦਾ ਭਾਵ ਗਿਆਨ ਇੰਦਰੇ ਵਿਕਾਰਾਂ ਤੋਂ ਨਹੀਂ ਡਰਨਗੇ...
- ਤੀਜਾ ਨੁਕਤਾ ਹੈ ਪ੍ਰਮਾਤਮਾ ਦੇ ਸੋਹਣੇ ਚਰਣ, ਕਮਲ ਦੇ ਫੁੱਲ ਵਰਗੇ ਹਨ ਤੇ
- ਚੌਥਾ ਨੁਕਤਾ ਮੇਰਾ ਚਿੱਤ ਕਮਲ ਦੇ ਫੁੱਲ ਵਰਗੇ ਚਰਨਾ ਨਾਲ ਜੁੜ ਗਿਆ ਹੈ

ਕੁੱਝ ਸਵਾਲ ਪੈਦਾ ਹੁੰਦੇ ਹਨ ਕਿ ਪ੍ਰਮਾਤਮਾ ਦਾ ਕੋਈ ਰੂਪ ਰੰਗ ਨਹੀਂ ਹੈ, ਤਾਂ ਫਿਰ ਉਸ ਦੇ ਚਰਣ ਕਿਹੋ ਜੇਹੇ ਹੋਣਗੇ? ਗੁਰਬਾਣੀ ਦੇ ਭਾਵਅਰਥਾਂ ਅਨੁਸਾਰ ਚਰਨ-ਕਮਲ ਦਾ ਅਰਥ ਹੈ ਰੱਬੀ ਗਿਆਨ "ਹਿਰਦੈ ਚਰਣ ਸਬਦੁ ਸਤਿਗੁਰ ਕੋ ਨਾਨਕ ਬਾਂਧਿਓ ਪਾਲ ॥" ਜੋ ਗੁਣਾਂ ਕਰਕੇ ਸਮਝੇ ਜਾ ਸਕਦੇ ਹਨ, ਇਹਨਾਂ ਗੁਣਾਂ ਦੀ ਗੁਰਬਾਣੀ ਵਿਚੋਂ ਸਹਿਜੇ ਸਮਝ ਆ ਸਕਦੀ ਹੈ, ਚਿੱਤ ਜੁੜਨ ਦਾ ਅਰਥ ਹੈ ਗੁਰ-ਉਪਦੇਸ਼ ਨਾਲ ਸਾਂਝ ਬਣ ਗਈ, ਜਿਸ ਨੂੰ ਸ਼ਬਦ ਤੇ ਸੁਰਤ ਦਾ ਸੁਮੇਲ ਕਿਹਾ ਗਿਆ ਹੈ। ਜਦੋਂ ਸ਼ੁਭ ਗੁਣਾਂ ਦੀ ਸਮਝ ਜਨਮ ਲੈਂਦੀ ਹੈ, ਤਾਂ ਮਨ ਵਿਕਾਰੀ ਬਿਰਤੀ ਦਾ ਤਿਆਗੀ ਹੁੰਦਾ ਹੈ, ਮਨ ਵਿਕਾਰਾਂ ਵਾਲੇ ਪਾਸੇ ਜਾਂਦਾ ਹੀ ਨਹੀਂ ਹੈ, ਅਵਗੁਣ ਛੋਡਿ ਗੁਣਾ ਕਉ ਧਾਵਹੁ ਕਰਿ ਅਵਗੁਣ ਪਛੁਤਾਹੀ ਜੀਉ ਜਦੋਂ ਮਨ ਬਲਵਾਨ ਹੋ ਗਿਆ, ਤਾਂ ਤਨ ਦੇ ਨਾਲ ਜੋ ਗਿਆਨ ਇੰਦ੍ਰੇ ਜਾਂ ਕਰਮ ਇੰਦ੍ਰੇ ਹਨ, ਉਹਨਾਂ ਵਿੱਚ ਟਿਕਾ ਆ ਜਾਂਦਾ ਹੈ।

ਸਮੁੱਚੇ ਤੌਰ 'ਤੇ ਕਿਹਾ ਜਾ ਸਕਦਾ ਹੈ ਕਿ ਜਦੋਂ ਗੁਰਬਾਣੀ ਉਪਦੇਸ਼ ਦੀ ਸਮਝ ਲੱਗਦੀ ਹੈ, ਤਾਂ ਮਨੁੱਖ ਅੰਦਰੋਂ ਬਾਹਰੋਂ ਇਕੋ ਜਿਹਾ ਹੋ ਜਾਂਦਾ ਹੈ, ਸਹਿਜੇ ਸਮਝਣ ਲਈ 'ਰਹਾਉ' ਦੀਆਂ ਤੁਕਾਂ ਵਿੱਚ ਇਹ ਸਮਝਾਇਆ ਗਿਆ ਹੈ ਕਿ ਗੁਰਬਾਣੀ ਉਪਦੇਸ਼ ਅਨੁਸਾਰੀ ਹੋਣ ਨਾਲ ਮਨ ਤੇ ਤਨ ਦੋਨੋਂ ਵਿਕਾਰਾਂ ਵਲੋਂ ਬੱਚ ਜਾਂਦੇ ਹਨ ...

ਸ਼ਬਦ ਦੀ ਪਹਿਲੇ ਬੰਦ ਵਿੱਚ 'ਗੰਗਾ' ਸ਼ਬਦ ਆਇਆ ਹੈ, ਇਸ ਤੋਂ ਅੰਦਾਜ਼ਾ ਲਗਾ ਲਿਆ ਕਿ ਕਬੀਰ ਸਾਹਿਬ ਜੀ ਨੂੰ ਗੰਗਾ ਵਿੱਚ ਜੰਜੀਰਾਂ ਨਾਲ ਬੰਨ੍ਹ ਕਿ ਸੁੱਟਿਆ ਗਿਆ ਸੀ,

ਗੰਗ ਗੁਸਾਇਨਿ ਗਹਿਰ ਗੰਭੀਰ॥ ਜੰਜੀਰ ਬਾਂਧਿ ਕਰਿ ਖਰੇ ਕਬੀਰ॥੧॥

ਹੁਣ ਜ਼ਰਾ ਕੁ ਗੁਰਬਾਣੀ ਵਿਚੋਂ ਕੁੱਝ ਹੋਰ ਪ੍ਰਮਾਣ ਵੀ ਦੇਖਾਂਗੇ ਕਿ ਗੰਗਾ ਸ਼ਬਦ ਰੱਬੀ ਨਾਮ ਲਈ ਆਇਆ ਹੈ---

ਭੈਰਉ ਮਹਲਾ ੫
ਗੰਗਾ ਜਲੁ ਗੁਰ ਗੋਬਿੰਦ ਨਾਮ ॥
ਜੋ ਸਿਮਰੈ ਤਿਸ ਕੀ ਗਤਿ ਹੋਵੈ ਪੀਵਤ ਬਹੁੜਿ ਨ ਜੋਨਿ ਭ੍ਰਮਾਮ ॥1॥ ਰਹਾਉ ॥ {ਪੰਨਾਂ ੧੧੩੭}

ਉਪਰੋਕਤ ਤੁਕਾਂ ਵਿੱਚ "ਗੰਗਾ ਜਲ" ਪ੍ਰਮਾਤਮਾ ਦੇ ਨਾਮ ਨੂੰ ਕਿਹਾ ਹੈ, ਇਸ ਗੰਗਾ ਜਲ ਪੀਣ ਵਾਲਾ ਮੁੜ ਭਰਮ ਵਾਲੀਆਂ ਜੂਨਾਂ ਵਿੱਚ ਨਹੀਂ ਪੈਂਦਾ, ---

ਭਟ ਹਰਬੰਸ ਸਵੈਏ ਮ:5
ਅਜੈ ਗੰਗ ਜਲੁ ਅਟਲੁ ਸਿਖ ਸੰਗਤਿ ਸਭ ਨਾਵੈ ॥ {ਪੰਨਾਂ ੧੪੦੯}

(ਗੁਰੂ ਅਰਜੁਨ ਸਾਹਿਬ ਜੀ ਦੀ ਦਰਗਾਹ ਵਿਚ) ਕਦੇ ਨਾਹ ਮੁੱਕਣ ਵਾਲਾ (ਨਾਮ-ਰੂਪ) ਗੰਗਾ ਜਲ (ਵਹਿ ਰਿਹਾ ਹੈ, ਜਿਸ ਵਿਚ) ਸਾਰੀ ਸੰਗਤਿ ਇਸ਼ਨਾਨ ਕਰਦੀ ਹੈ:
ਗੰਗ ਗੁਸਾਇਨਿ ਗਹਿਰ ਗੰਭੀਰ ॥ ਜੰਜੀਰ ਬਾਂਧਿ ਕਰਿ ਖਰੇ ਕਬੀਰ ॥੧॥

ਇਹਨਾਂ ਤੁਕਾਂ ਵਿੱਚ ਗੰਗਾ ਸ਼ਬਦ ਤੇ ਜੰਜੀਰ ਦੇ ਆਉਣ ਨਾਲ ਸਾਖੀ ਬਣਾ ਲਈ ਹੈ, ਕਿ ਕਬੀਰ ਸਹਿਬ ਜੀ ਨੂੰ ਜ਼ੰਜੀਰਾਂ ਨਾਲ ਬੰਨ੍ਹ ਕੇ ਗੰਗਾ ਵਿੱਚ ਰੋੜ ਦਿੱਤਾ ਗਿਆ ਸੀ। ਹੁਣ ਜੇ ਇਹਨਾਂ ਤੁਕਾਂ ਦੇ ਭਾਵ ਅਰਥਾਂ ਨੂੰ ਸਮਝਣ ਦਾ ਯਤਨ ਕਰਾਂਗੇ, ਤਾਂ ਸਹਿਜੇ ਹੀ ਸਮਝ ਆ ਸਕਦੀ ਹੈ, ਮਾਲਕ-ਪ੍ਰਭੂ ਬਹੁਤ ਡੂੰਘੇ ਗੁਣਾਂ ਨਾਲ ਭਰਪੂਰ ਅਤੇ ਸਰਬ ਵਿਆਪਕ ਹੈ, ਜਿਸ ਤਰ੍ਹਾਂ ਜ਼ੰਜੀਰ ਦੀਆਂ ਕੜੀਆਂ ਆਪਸ ਵਿੱਚ ਜੁੜੀਆਂ ਹੁੰਦੀਆਂ ਹਨ, ਉਸੇ ਤਰ੍ਹਾਂ ਮੇਰੀ ਸੁਰਤ ਦੀਆਂ ਕੜੀਆਂ ਪਰਮਾਤਮਾ ਨਾਲ ਜੁੜ ਗਈਆਂ ਹਨ ਤੇ ਮੇਰੇ ਜੀਵਨ ਵਿੱਚ ਸਹਿਜ ਅਵਸਥਾ ਆ ਗਈ ਹੈ, ਜ਼ੰਜੀਰ ਦਾ ਪ੍ਰਤੀਕ ਵੀ ਬੜਾ ਪਿਆਰਾ ਗੁਰਬਾਣੀ ਵਿੱਚ ਆਇਆ ਹੈ:

ਸਲੋਕ ਕਬੀਰ ਜੀ
ਕਬੀਰ ਕੂਕਰੁ ਰਾਮ ਕੋ, ਮੁਤੀਆ ਮੇਰੋ ਨਾਉ ॥
ਗਲੇ ਹਮਾਰੇ ਜੇਵਰੀ, ਜਹ ਖਿੰਚੈ ਤਹ ਜਾਉ ॥
੭੪॥ {ਪੰਨਾਂ ੧੩੬੮}

"ਗਲੇ ਹਮਾਰੀ ਜੇਵਰੀ" ਦਾ ਭਾਵ ਅਰਥ ਹੈ ਕਿ ਮੇਰੇ ਹਿਰਦੇ ਵਿੱਚ ਭਾਵ ਮਨ ਵਿੱਚ ਰੱਬੀ ਗੁਣ ਵੱਸ ਗਏ ਹਨ, ਇਹਨਾਂ ਗੁਣਾਂ ਦੀ ਬਦੌਲਤ ਹੀ ਉਹ ਹੀ ਕੰਮ ਕਰ ਰਿਹਾਂ ਹਾਂ, ਜੋ ਰੱਬ ਜੀ ਨੂੰ ਚੰਗੇ ਲਗਦੇ ਹਨ, ਹੁਣ ਮਨੁੱਖ ਨਾ ਤਾਂ ਕੁੱਤਾ ਹੈ, ਤੇ ਨਾ ਹੀ ਇਸ ਦੇ ਗਲ ਵਿੱਚ ਕੋਈ ਪਟਾ ਪਿਆ ਹੋਇਆ ਹੈ, ਇਹ ਤੇ ਸਾਰੇ ਪ੍ਰਤੀਕ ਹਨ, ਜਿਸ ਤਰ੍ਹਾਂ ਕੁੱਤਾ ਆਪਣੇ ਮਾਲਕ ਦੀ ਰਜ਼ਾ ਵਿੱਚ ਚੱਲਦਾ ਹੈ ਏਸੇ ਤਰ੍ਹਾਂ ਮੈਂ ਆਪਣੇ ਰੱਬ ਜੀ ਦੀ ਰਜ਼ਾ ਵਿੱਚ ਚੱਲਦਾ ਹਾਂ,

ਦੂਸਰੇ ਬੰਦ ਵਿੱਚ
ਗੰਗਾ ਕੀ ਲਹਰਿ ਮੇਰੀ ਟੁਟੀ ਜੰਜੀਰ ॥ ਮ੍ਰਿਗਛਾਲਾ ਪਰ ਬੈਠੇ ਕਬੀਰ ॥੨॥

ਗੰਗਾ ਕੀ ਲਹਿਰ ਨਾਲ ਜੰਜੀਰ ਟੁੱਟਣ ਦਾ ਭਾਵ ਹੈ ਕਿ ਰੱਬੀ ਗਿਆਨ ਨਾਲ ਵਿਕਾਰੀ ਸੋਚ ਤੇ ਕਰਮਕਾਂਡੀ ਬਿਰਤੀ ਦਾ ਖਾਤਮਾ ਹੋ ਗਿਆ ਹੈ, ਮ੍ਰਿਗਸ਼ਾਲ 'ਤੇ ਬੈਠਣ ਦਾ ਅਰਥ ਹੈ ਸਹਿਜ ਅਵਸਥਾ ਵਿੱਚ ਆ ਗਿਆ ਹਾਂ।

ਗੰਗ ਕੀ ਲਹਿਰ ਦਾ ਭਾਵ ਅਰਥ ਹੈ ਗਿਆਨ ਦੀ ਹਨੇਰੀ ਜਿਸ ਨੂੰ ਕਬੀਰ ਸਾਹਿਬ ਜੀ ਨੇ
ਬਾਣੀ ਕਬੀਰ ਜੀ ਕੀ
ਦੇਖੌ ਭਾਈ, ਗ੍ਯ੍ਯਾਨ ਕੀ ਆਈ ਆਂਧੀ ॥ ਸਭੈ ਉਡਾਨੀ ਭ੍ਰਮ ਕੀ ਟਾਟੀ, ਰਹੈ ਨ ਮਾਇਆ ਬਾਂਧੀ।। ੧ ॥ਰਹਾਉ॥ {ਪੰਨਾਂ ੩੩੧}

ਗਿਆਨ ਦੀ ਹਨੇਰੀ ਭਾਵ ਗੰਗਾ ਕੀ ਲਹਿਰ ਨਾਲ ਵਿਕਾਰੀ ਤੇ ਕਰਮਕਾਂਡੀ ਸੋਚ ਤੋਂ ਛੁਟਕਾਰਾ ਹੋ ਗਿਆ, ਮੈਂ ਜਿੱਥੇ ਵੀ ਜਾਂਵਾਂਗਾ ਓੱਥੇ ਹੀ ਰੱਬ ਜੀ ਮੇਰੇ ਨਾਲ ਹੋਣਗੇ-
ਕਹਿ ਕੰਬੀਰ ਕੋਊ ਸੰਗ ਨ ਸਾਥ ॥ ਜਲ ਥਲ ਰਾਖਨ ਹੈ ਰਘੁਨਾਥ ॥੩॥

ਜਦੋਂ ਮੇਰਾ ਚਿੱਤ ਚਰਨਾ ਨਾਲ ਜੁੜ ਗਿਆ, ਹਰੇਕ ਥਾਂ 'ਤੇ ਰੱਬੀ ਗੁਣ ਮੇਰੀ ਸਹਾਇਤਾ ਲਈ ਖੜੇ ਰਹਿੰਦੇ ਹਨ ਤੇ ਵਿਕਾਰਾਂ ਵਲੋਂ ਬੰਨਾਂ ਵੱਜ ਗਿਆ ਹੈ,
ਸ਼ਬਦ ਦੀਆਂ ਰਹਾਉ ਦੀਆਂ ਤੁਕਾਂ ਵਿੱਚ ਕਿ ਮੇਰਾ ਮਨ ਪ੍ਰਭੂ ਜੀ ਦੇ ਗੁਣਾਂ ਨਾਲ ਜੁੜ ਗਿਆ ਹੈ, ਹੁਣ ਮੇਰਾ ਮਨ ਤੇ ਤਨ ਅੰਦਰੋਂ ਬਾਹਰੋਂ ਇੱਕ ਹੋ ਗਿਆ ਹੈ, ਵਿਕਾਰੀ ਸੋਚ ਸਦਾ ਲਈ ਖਤਮ ਹੋ ਗਈ ਹੈ, ਜੀਵਨ ਵਿੱਚ ਸਹਿਜ ਅਵਸਥਾ ਆ ਗਈ ਹੈ।

ਸ਼ਬਦ ਦੇ ਪਹਿਲੇ ਬੰਦ ਵਿੱਚ ਗੰਗ-ਗੁਸਾਇਣ ਰੱਬੀ ਗੁਣਾਂ ਦੀ ਵਿਸ਼ਾਲਤਾ ਦੱਸੀ ਗਈ ਹੈ, ਇਹਨਾਂ ਗੁਣਾਂ ਨਾਲ ਮੇਰੀ ਸੁਰਤ ਜੁੜੀ ਗਈ ਹੈ,
ਸ਼ਬਦ ਦੇ ਤੀਸਰੇ ਬੰਦ ਵਿੱਚ ਰੱਬੀ ਗਿਆਨ ਨਾਲ ਕਰਮ-ਕਾਂਡੀ ਤੇ ਵਿਕਾਰੀ ਬਿਰਤੀ ਸਦਾ ਲਈ ਤਿਆਗ ਦਿੱਤੀ ਹੈ ਜੋ ਸਹਿਜ ਅਵਸਥਾ ਵਿੱਚ ਤਬਦੀਲ ਹੋ ਗਈ ਹੈ,
ਸ਼ਬਦ ਦੇ ਅਖੀਰੀਲੇ ਬੰਦ ਵਿੱਚ ਕਬੀਰ ਸਾਹਿਬ ਜੀ ਫਰਮਾਉਂਦੇ ਹਨ ਕਿ ਹੁਣ ਕੋਈ ਵੀ ਵਿਕਾਰ ਮੇਰੇ ਨਾਲ ਨਹੀਂ ਰਹੇਗਾ ਤੇ ਰੱਬੀ ਗੁਣ ਹਰ ਥਾਂ ਮੇਰੀ ਸਹਾਇਤਾ ਕਰਨਗੇ ...

ਹੁਣ ਤੁਸੀਂ ਆਪ ਸੋਚੋ ਜਦੋਂ ਪਾਣੀ ਦਾ ਹੜ੍ਹ ਆਉਂਦਾ ਹੈ, ਤੇ ਉਹ ਇਹ ਨਹੀਂ ਵੇਖਦਾ ਕੀ ਸਾਹਮਣੇ ਕੀ ਹੈ ਉਹ ਸਭ ਕੁੱਝ ਰੋੜ ਕੇ ਲੈ ਜਾਂਦਾ ਹੈ। ਅਸੀਂ ਆਪਣੀ ਅੱਖਾਂ ਨਾਲ ਵੇਖਦੇ ਹਾਂ ਕਿ ਜਦ ਕੋਈ ਹੱੜ੍ਹ ਆਉਂਦਾਂ ਹੈ ਜਾਂ ਸੁਨਾਮੀ ਲਹਿਰਾਂ ਆਉਦੀਆਂ ਹਨ ਤੇ ਉਹ ਸਭ ਕੁੱਝ ਰੋੜ੍ਹ ਕੇ ਲੈ ਜਾਂਦੀਆ ਹਨ, ਉਹ ਸਾਹਮਣੇ ਇਹ ਨਹੀਂ ਵੇਖਦੀਆਂ ਕੀ ਸਾਹਮਣੇ ਕੌਣ ਹੈ, ਕਿਉਂਕਿ ਪਾਣੀ ਆਪਣਾ ਸੁਭਾਅ ਕਦੇ ਵੀ ਨਹੀਂ ਬਦਲਦਾ।


ਜੇ ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ।


ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org  and cannot be held responsible for their views.  Read full details....

Go to Top