Share on Facebook

Main News Page

ਪਿੰਡ ਸਭਰਾ ਵਿਖੇ ਜਾਗਰੂਕ ਸੰਗਤਾਂ ਦੇ ਵਿਰੋਧ ਕਾਰਣ ਨਿਹੰਗਾਂ ਨੂੰ ਅਖੌਤੀ ਦਸਮ ਗ੍ਰੰਥ ਚੁਕਣਾ ਪਿਆ

* ਗੁਰੂ ਗ੍ਰੰਥ ਸਾਹਿਬ ਦੇ ਵਫਾਦਾਰ ਸਿੱਖਾਂ ਨੇ ਸਾਬਤ ਕਰ ਦਿੱਤਾ ਕਿ ਉਹ ਸਤਿਗੁਰੂ ਦੇ ਸਤਿਕਾਰ ਪਿੱਛੇ ਆਪਣੀਆਂ ਜਾਨਾਂ 'ਤੇ ਖੇਡਣ ਲਈ ਤਿਆਰ ਹਨ।
* ਗੁਰੂ ਗ੍ਰੰਥ ਸਾਹਿਬ ਦੇ ਵਫਾਦਾਰ ਸਿੱਖਾਂ ਨੇ ਸਾਬਤ ਕਰ ਦਿੱਤਾ ਕਿ ਉਹ ਆਪਣੇ ਸਤਿਗੁਰੂ ਦਾ ਸਤਿਕਾਰ ਬਚਾਉਣ ਬਦਲੇ ਆਪਣੀਆਂ ਜਾਨਾਂ ਨੂੰ ਤੁੱਛ ਸਮਝਦੇ ਹਨ।

ਅਸਲ ਵਿੱਚ ਤਰਨਤਾਰਨ ਜ਼ਿਲੇ ਦੀ ਪੱਟੀ ਤਹਿਸੀਲ ਵਿੱਚ ਆਉਂਦੇ ਇਤਿਹਾਸਕ ਪਿੰਡ ਸਭਰਾ ਵਿੱਚ ਇਹ ਨਾਟਕ ਚੇਟਕ ਪਿਛਲੇ ਸਾਲ ਸ਼ੁਰੂ ਹੋਇਆ ਸੀ। ਪਿੰਡ ਦੇ ਗੁਰਦੁਆਰਾ ਬਾਬਾ ਬੀਰ ਸਿੰਘ ’ਤੇ ਪਿਛਲੇ 26-27 ਸਾਲਾਂ ਤੋਂ ਦਯਾ ਸਿੰਘ ਸੁਰਸਿੰਘ ਵਾਲੇ ਨਿਹੰਗਾਂ ਦਾ ਕਬਜ਼ਾ ਚਲਿਆ ਆਉਂਦਾ ਹੈ। ਬਾਕੀ ਗੁਰਦੁਆਰਿਆਂ ਦੀ ਤਰ੍ਹਾਂ ਇਸ ਗੁਰਦੁਆਰੇ ਵਿੱਚ ਵੀ ਮੁੱਢ ਤੋਂ ਹੀ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਹੁੰਦਾ ਹੈ। ਉਨ੍ਹਾਂ ਵਲੋਂ ਹਰ ਸਾਲ ਹਾੜ (ਮਈ) ਮਹੀਨੇ ਇਕ ਵੱਡਾ ਸਮਾਗਮ ਕੀਤਾ ਜਾਂਦਾ ਹੈ ਅਤੇ ਇਸ ਮੌਕੇ ਗੁਰੂ ਗ੍ਰੰਥ ਸਾਹਿਬ ਦੀ ਪਾਵਨ ਬਾਣੀ ਦਾ ਅਖੰਡ ਪਾਠ ਵੀ ਕੀਤਾ ਜਾਂਦਾ ਹੈ।

ਹਰ ਸਾਲ ਦੀ ਤਰ੍ਹਾਂ ਪਿਛਲੇ ਸਾਲ 2015 ਵਿੱਚ ਵੀ 26-27 ਹਾੜ(ਮਈ) ਨੂੰ ਇਹ ਸਮਾਗਮ ਰਖਿਆ ਗਿਆ, ਪਰ ਪਿੰਡ ਦੇ ਕੁੱਝ ਸੁਚੇਤ ਗੁਰਸਿੱਖਾਂ ਦੀ ਹੈਰਾਨਗੀ ਦੀ ਹੱਦ ਨਾ ਰਹੀ, ਜਦੋਂ ਗੁਰਦੁਆਰੇ ਦੇ ਲਾਉਡ ਸਪੀਕਰ ਦੀ ਅਵਾਜ਼ ਉਨ੍ਹਾਂ ਦੇ ਕੰਨੀ ਪਈ, ਕਿਉਂਕਿ ਉਥੋਂ ਗੁਰਬਾਣੀ ਦਾ ਨਹੀਂ, ਸਗੋਂ ਬਚਿੱਤਰ ਨਾਟਕ ਦੀਆਂ ਰਚਨਾਵਾਂ ਦਾ ਪਾਠ ਸੁਣਾਈ ਦੇ ਰਿਹਾ ਸੀ।

ਪਿੰਡ ਦੇ ਸੁਚੇਤ ਸਿੱਖ ਫੌਰਨ ਗੁਰਦੁਆਰਾ ਕਿਲ੍ਹਾ ਸਾਹਿਬ ਵਿੱਚ ਇਕੱਤਰ ਹੋਏ ਅਤੇ ਫੈਸਲਾ ਕੀਤਾ ਕਿ ਹੁਣੇ ਜਾਕੇ ਸਚਾਈ ਦਾ ਪਤਾ ਲਾਇਆ ਜਾਵੇ। ਉਥੇ ਜਾ ਕੇ ਵੇਖਿਆਂ ਤਾਂ ਗੁਰੂ ਗ੍ਰੰਥ ਸਾਹਿਬ ਦੇ ਬਰਾਬਰ ਬਚਿੱਤ੍ਰ ਨਾਟਕ ਦਾ ਪ੍ਰਕਾਸ਼ ਕੀਤਾ ਹੋਇਆ ਸੀ ਅਤੇ ਉਸ ਦਾ ਅਖੰਡ ਪਾਠ ਕੀਤਾ ਜਾ ਰਿਹਾ ਸੀ। ਗੁਰੂ ਗ੍ਰੰਥ ਸਾਹਿਬ ਦੀ ਐਸੀ ਘੋਰ ਬੇਅਦਬੀ ਵੇਖ ਕੇ ਗੁਰਸਿੱਖਾਂ ਦੇ ਹਿਰਦੇ ਵਲੂੰਧਰੇ ਗਏ। ਉਨ੍ਹਾਂ ਗੁਰਦੁਆਰੇ ਦੇ ਪ੍ਰਬੰਧਕ ਸੱਜਣਾਂ ਨੂੰ ਕਿਹਾ ਕਿ ਇਸ ਕੁਫਰ ਨੂੰ ਫੌਰਨ ਬੰਦ ਕਰਾਇਆ ਜਾਵੇ, ਪਰ ਅੱਗੋਂ ਨਿਹੰਗ ਅੱੜ ਖਲੋਤੇ।

ਹਾਲਾਤ ਖਰਾਬ ਹੁੰਦੇ ਵੇਖ, ਕੁਝ ਸੂਝਵਾਨ ਵੀਰਾਂ ਨੇ ਪੁਲੀਸ ਨੂੰ ਖਬਰ ਕਰ ਦਿੱਤੀ, ਜੋ ਛੇਤੀ ਹੀ ਮੋਕੇ ਤੇ ਪਹੁੰਚ ਗਈ। ਉਧਰੋਂ ਨਗਰ ਦੇ ਕਾਫੀ ਸੂਝਵਾਨ ਵਿਅਕਤੀ ਵੀ ਉਥੇ ਪਹੁੰਚ ਗਏ। ਗੁਰਸਿੱਖ ਆਪਣੀ ਜਗ੍ਹਾ ਤੇ ਦ੍ਰਿੜ ਸਨ ਕਿ ਗੁਰੂ ਗ੍ਰੰਥ ਸਾਹਿਬ ਦੇ ਬਰਾਬਰ ਕਿਸੇ ਹੋਰ ਪੁਸਤਕ ਦਾ ਪ੍ਰਕਾਸ਼ ਨਹੀਂ ਕੀਤਾ ਜਾ ਸਕਦਾ। ਉਨ੍ਹਾਂ ਉਥੇ ਪਹੁੰਚੇ ਪ੍ਰਸ਼ਾਸਨ ਦੇ ਅਹੁਦੇਦਾਰਾਂ ਨੂੰ ਸਿਖ ਰਹਿਤ ਮਰਯਾਦਾ ਵੀ ਵਿਖਾਈ, ਜਿਸ ਵਿੱਚ ਇਹ ਮੱਦ ਸਪੱਸ਼ਟ ਲਿਖੀ ਹੋਈ ਹੈ ਕਿ “ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਾਕਰ (ਤੁੱਲ) ਕਿਸੇ ਪੁਸਤਕ ਨੂੰ ਅਸਥਾਪਨ ਨਹੀਂ ਕਰਨਾ। ਗੁਰਦੁਆਰੇ ਵਿਚ ਕੋਈ ਮੂਰਤੀਪੂਜਾ ਜਾਂ ਹੋਰ ਗੁਰਮਤਿ ਦੇ ਵਿਰੁੱਧ ਕੋਈ ਰੀਤੀ ਜਾਂ ਸੰਸਕਾਰ ਨਾ ਹੋਵੇ, ਨਾ ਹੀ ਕੋਈ ਅਨਮਤ ਦਾ ਤਿਉਹਾਰ ਮਨਾਇਆ ਜਾਵੇ ਹਾਂ, ਕਿਸੇ ਮੌਕੇ ਜਾਂ ਇੱਕਤ੍ਰਤਾ ਨੂੰ ਗੁਰਮਤਿ ਦੇ ਪ੍ਰਚਾਰ ਲਈ ਵਰਤਣਾ ਅਯੋਗ ਨਹੀਂ।” {ਸਿੱਖ ਰਹਿਤ ਮਰਯਾਦਾ ਪੰਨਾ 9, ਭਾਗ 4ਥਾ, ਸਾਧ ਸੰਗਤ ਵਿਚ ਜੁੜ ਕੇ ਗੁਰਬਾਣੀ ਦਾ ਅਭਿਆਸ ‘ਗੁਰਦੁਆਰੇ’ (ਹ)} ।

ਜਿਵੇਂ ਜਿਵੇਂ ਗੱਲ ਨਗਰ ਵਿੱਚ ਫੈਲਦੀ ਗਈ, ਗੁਰਸਿੱਖਾਂ ਦੀ ਗਿਣਤੀ ਵੀ ਵਧਦੀ ਗਈ ਅਤੇ ਦਬਾਅ ਵੀ ਵਧਦਾ ਗਿਆ। ਸੰਗਤਾਂ ਦੇ ਵਧਦੇ ਦਬਾਅ ਕਾਰਨ ਉਹ ਬਚਿੱਤ੍ਰ ਨਾਟਕ ਪੁਸਤਕ ਨੂੰ ਉਥੋਂ ਚੁਕਣ ਲਈ ਤਿਆਰ ਹੋ ਗਏ, ਪਰ ਨਿਹੰਗਾਂ ਨੇ ਇਹ ਦਲੀਲ ਦਿੱਤੀ ਕਿ ਉਨ੍ਹਾਂ ਬਚਿੱਤ੍ਰ ਨਾਟਕ ਦਾ ਅਖੰਡ ਪਾਠ ਸ਼ੁਰੂ ਕਰ ਲਿਆ ਹੈ ਅਤੇ ਉਹ ਵਿੱਚੋਂ ਬੰਦ ਨਹੀਂ ਕੀਤਾ ਜਾ ਸਕਦਾ। ਅਖੀਰ ਸੁੂਝਵਾਨ ਵਿਅਕਤੀਆਂ ਅਤੇ ਪ੍ਰਸਾਸ਼ਨ ਨੇ ਰੱਲ ਕੇ ਇਹ ਸਮਝੌਤਾ ਕਰਾ ਦਿੱਤਾ ਕਿ ਕਿਉਂਕਿ ਉਨ੍ਹਾਂ ਅਖੰਡ ਪਾਠ ਸ਼ੁਰੂ ਕਰ ਲਿਆ ਹੈ, ਉਸ ਨੂੰ ਪੂਰਨ ਹੋ ਜਾਣ ਦਿੱਤਾ ਜਾਵੇ, ਨਿਹੰਗ ਉਸ ਤੋਂ ਬਾਅਦ ਬਚਿੱਤ੍ਰ ਨਾਟਕ ਕਿਤਾਬ ਨੂੰ ਉਥੋਂ ਚੁੱਕ ਲੈਣਗੇ ਅਤੇ ਮੁੜ ਕਦੇ ਉਥੇ ਉਸ ਦਾ ਪ੍ਰਕਾਸ਼ ਕਰਨ ਦੀ ਕੋਸ਼ਿਸ਼ ਨਹੀਂ ਕਰਨਗੇ।

ਭਾਵੇਂ ਬਚਿੱਤ੍ਰ ਨਾਟਕ ਦਾ ਅਖੰਡ ਪਾਠ ਕਰਨ ਦੀ ਕੋਈ ਮਰਯਾਦਾ ਨਹੀਂ ਹੈ, ਪਰ ਨਗਰ ਦੇ ਅਮਨ ਅਮਾਨ ਅਤੇ ਸਿੱਖ ਕੌਮ ਦੀ ਆਪਸੀ ਏਕਤਾ ਦੇ ਹਿੱਤ ਵਿੱਚ ਗੁਰਸਿੱਖਾਂ ਨੇ ਇਹ ਫੈਸਲਾ ਪ੍ਰਵਾਨ ਕਰ ਲਿਆ। ਉਹ ਜ਼ਰਾ ਵੀ ਅਵੇਸਲੇ ਨਹੀਂ ਹੋਏ ਅਤੇ ਪਾਠ ਖ਼ਤਮ ਹੋਣ ਦੇ ਨਾਲ ਹੀ ਉਨ੍ਹਾਂ ਮੁੜ ਦਬਾਅ ਵਧਾ ਦਿੱਤਾ, ਨਤੀਜੇ ਵੱਜੋਂ ਨਿਹੰਗ ਬਚਿੱਤ੍ਰ ਨਾਟਕ ਨੂੰ ਉਥੋਂ ਚੁੱਕ ਕੇ ਲੈ ਗਏ।

ਭਾਵੇਂ ਬਚਿੱਤ੍ਰ ਨਾਟਕ ਦਾ ਪ੍ਰਕਾਸ਼ ਉਥੋਂ ਚੁੱਕ ਲਿਆ ਗਿਆ ਸੀ, ਪਰ ਨਗਰ ਵਾਸੀ ਸਿੱਖਾਂ ਵਿੱਚ ਇਹ ਜਗਿਆਸਾ ਹਰ ਦਿਨ ਵੱਧ ਰਹੀ ਸੀ ਕਿ ਆਖਰ ਇਸ ਕਿਤਾਬ ਵਿੱਚ ਲਿਖਿਆ ਕੀ ਹੈ?

ਗੁਰਮਤਿ ਨੂੰ ਪ੍ਰਣਾਏ ਸੂਝਵਾਨ ਸਿੱਖਾਂ ਨੇ ਸੰਗਤ ਦੀ ਲੋੜ ਨੂੰ ਮਹਿਸੂਸ ਕਰਦੇ ਹੋਏ ਜੂਨ ਮਹੀਨੇ ਵਿੱਚ ਬਚਿੱਤ੍ਰ ਨਾਟਕ ਪੁਸਤਕ ਬਾਰੇ ਇਕ ਵਿਚਾਰ ਗੋਸ਼ਟੀ ਕਿਲਾ ਸਾਹਿਬ ਗੁਰਦੁਆਰੇ ਵਿਚ ਰਖ ਲਈ। ਇਸ ਗੋਸ਼ਟੀ ਵਿਚ ਉਘੇ ਕੌਮੀ ਗੁਰਮਤਿ ਪ੍ਰਚਾਰਕ ਭਾਈ ਹਰਜਿੰਦਰ ਸਿੰਘ ਸਭਰਾ, ਚੰਡੀਗੜ੍ਹ ਤੋਂ ਵਿਦਾਵਾਨ ਵੀਰ ਜਸਬਿੰਦਰ ਸਿੰਘ ਦੁਬੱਈ, ਰਵਿੰਦਰ ਸਿੰਘ ਖਾਲਸਾ ਪੰਚਾਇਤ, ਸੁਖਦੇਵ ਸਿੰਘ ਰਣਜੀਤਗੜ੍ਹ, ਦਾਸ ਰਾਜਿੰਦਰ ਸਿੰਘ, ਸ੍ਰ. ਪ੍ਰਸ਼ੋਤਮ ਸਿੰਘ ਸੁਰਸਿੰਘ ਅਤੇ ਭਾਈ ਜਤਿੰਦਰ ਪਾਲ ਸਿੰਘ ਗੁਰਦਾਸਪੁਰ ਆਦਿ ਨੇ ਸ਼ਮੂਲੀਅਤ ਕੀਤੀ । ਜਦੋਂ ਇਨ੍ਹਾਂ ਵਿਦਵਾਨਾਂ ਨੇ ਗੁਰਦੁਆਰਾ ਕਿਲ੍ਹਾ ਸਾਹਿਬ ਦੇ ਵੱਡੇ ਭਰੇ ਹਾਲ ਵਿੱਚ ਜੁੜੀਆਂ ਸੰਗਤਾਂ ਨੂੰ ਬਚਿੱਤ੍ਰ ਨਾਟਕ ਪੁਸਤਕ ਦੇ ਸੱਚ ਬਾਰੇ ਜਾਣੂ ਕਰਵਾਇਆ, ਇਸ ਵਿਚ ਭਰੀ ਪਈ ਅਸ਼ਲੀਲਤਾ ਜਿਸ ਨੂੰ ਗੁਰੂ ਗੋਬਿੰਦ ਸਿੰਘ ਸਹਿਬ ਨਾਲ ਜੋੜ ਕੇ ਸਤਿਗੁਰੂ ਦੇ ਉੱਚੇ ਸੁੱਚੇ ਕਿਰਦਾਰ ਨੂੰ ਦਾਗ਼ਦਾਰ ਕਰਨ ਦੀ ਕੋਸ਼ਿਸ਼ ਹੋ ਰਹੀ ਹੈ, ਕਿਸ ਤਰ੍ਹਾਂ ਇਹ ਅਨਮਤੀਆਂ ਮਿਥਿਹਾਸਕ ਕਹਾਣੀਆਂ ਨਾਲ ਭਰਿਆ ਪਿਆ ਹੈ, ਜਿਨ੍ਹਾਂ ਦਾ ਸਿੱਖ ਕੌਮ ਨਾਲ ਨੇੜੇ ਤੇੜੇ ਦਾ ਸਬੰਧ ਨਹੀਂ ਅਤੇ ਕਿਵੇਂ ਗੁਰੂ ਗ੍ਰੰਥ ਸਾਹਿਬ ਦੇ ਸਤਿਕਾਰ ਨੂੰ ਘਟਾਉਣ ਦੀ ਗਹਿਰੀ ਸਾਜਿਸ਼ ਅਧੀਨ ਇਸ ਨੂੰ ਗੁਰੂ ਗ੍ਰੰਥ ਸਾਹਿਬ ਦੇ ਬਰਾਬਰ ਸਥਾਪਤ ਕਰਨ ਦੀ ਕੋਸ਼ਿਸ਼ ਹੋ ਰਹੀ ਹੈ, ਬਾਰੇ ਸੰਗਤਾਂ ਨੂੰ ਜਾਣੂ ਕਰਵਾਇਆ ਤਾਂ ਸੰਗਤਾਂ ਹੈਰਾਨ ਰਹਿ ਗਈਆਂ। ਇਸ ਨਾਲ ਨਗਰ ਵਿੱਚ ਬਚਿੱਤ੍ਰ ਨਾਟਕ ਪੁਸਤਕ ਬਾਰੇ ਚੱਲ ਰਹੀਂ ਅਲੱਗ ਅਲੱਗ ਧਾਰਨਾਵਾਂ ਅਤੇ ਚਰਚਾਵਾਂ ਨੂੰ ਕਾਫੀ ਹੱਦ ਤੱਕ ਠੱਲ੍ਹ ਪਈ।
ਆਪਣੇ ਕੀਤੇ ਹੋਏ ਵਾਅਦੇ ਤੋਂ ਮੁਨਕਰ ਹੁੰਦੇ ਹੋਏ, ਇਸ ਸਾਲ ਫੇਰ ਨਿਹੰਗਾਂ ਨੇ ਉਹੀ ਛੇੜ ਛੇੜ ਦਿੱਤੀ ਅਤੇ ਗੁਰੂ ਗ੍ਰੰਥ ਸਾਹਿਬ ਦੇ ਬਰਾਬਰ ਬਚਿੱਤ੍ਰ ਨਾਟਕ ਕਿਤਾਬ ਦਾ ਪ੍ਰਕਾਸ਼ ਕਰ ਦਿੱਤਾ। ਆਪਣੇ ਧੜੇ ਦੇ ਕੁਝ ਸਿੱਖਾਂ ਨੂੰ ਨਾਲ ਲੈ ਕੇ ਇਹ ਪ੍ਰਚਾਰ ਕੀਤਾ ਕਿ ਅਸੀਂ ਸੰਗਤ ਕੋਲੋਂ ਆਗਿਆ ਲੈ ਲਈ ਹੈ। ਉਨ੍ਹਾਂ ਇਹ ਵੀ ਪ੍ਰਭਾਵ ਦੇਣ ਦੀ ਕੋਸ਼ਿਸ਼ ਕੀਤੀ ਕਿ ਇਸ ਵਾਰੀ ਉਨ੍ਹਾਂ ਵਧੇਰੇ ਪੱਕੇ ਪੈਰੀਂ ਹੱਥ ਪਾਇਆ ਹੈ, ਜਿਸ ਦਾ ਭਾਵ ਸੀ ਕਿ ਉਨ੍ਹਾਂ ਨੇ ਪ੍ਰਸ਼ਾਸਨ, ਪੁਲੀਸ ਅਤੇ ਰਾਜਨੀਤਕ ਆਗੂਆਂ ਤੱਕ ਪਹੁੰਚ ਕਰ ਲਈ ਹੈ।

ਜਿਉਂ ਹੀ ਇਹ ਖਬਰ ਨਗਰ ਵਿੱਚ ਫੈਲੀ, ਸਾਰੀ ਸਿੱਖ ਸੰਗਤ ਵਿੱਚ ਰੋਸ ਜਾਗ ਪਿਆ। ਰੋਹ ਵਿੱਚ ਆਏ ਗੁਰੂ ਗ੍ਰੰਥ ਸਾਹਿਬ ਨੂੰ ਪ੍ਰਣਾਏ ਸਿੱਖਾਂ ਨੇ ਇਹ ਫੈਸਲਾ ਕੀਤਾ ਕਿ ਅਸੀਂ ਹੁਣੇ ਜਾ ਕੇ ਸਤਿਗੁਰੂ ਦੀ ਇਹ ਘੋਰ ਬੇਅਦਬੀ ਬੰਦ ਕਰਵਾਉਣੀ ਹੈ। ਉਸੇ ਦਿਨ ਇਕ ਵੱਡੇ ਟਕਰਾ ਦੇ ਆਸਾਰ ਬਣ ਗਏ ਸਨ, ਪਰ ਨਗਰ ਦੇ ਕੁਝ ਮੁਹਤਬਰ ਬੰਦਿਆਂ, ਜਿਨ੍ਹਾਂ ਨੇ ਪਹਿਲਾਂ ਵੀ ਸ਼ਾਂਤਮਈ ਹੱਲ ਲਭਣ ਵਿੱਚ ਚੰਗਾ ਯੋਗਦਾਨ ਪਾਇਆ ਸੀ ਨੇ ਆ ਕੇ ਸਮਝਾਇਆ ਕਿ ਉਨ੍ਹਾਂ ਨੂੰ ਗੱਲਬਾਤ ਰਾਹੀਂ ਮਸਲੇ ਦਾ ਹੱਲ ਲਭਣ ਦਾ ਮੌਕਾ ਦਿਤਾ ਜਾਵੇ। ਨਾਲ ਹੀ ਉਨ੍ਹਾਂ ਇਹ ਵੀ ਸੁਝਾਅ ਦਿੱਤਾ ਕਿ ਪ੍ਰਸ਼ਾਸਨ ਦੇ ਉਹ ਅਧਿਕਾਰੀ ਜਿਨ੍ਹਾਂ ਪਿਛਲੀ ਵਾਰੀ ਫੈਸਲਾ ਕਰਵਾਇਆ ਸੀ, ਨੂੰ ਵੀ ਇਸ ਬਾਰੇ ਜਾਣੂ ਕਰਵਾਇਆ ਜਾਵੇ ਅਤੇ ਮੁੜ ਤੋਂ ਗੱਲਬਾਤ ਵਿੱਚ ਸ਼ਾਮਲ ਕੀਤਾ ਜਾਵੇ। ਗੁਰਸਿੱਖ ਵੀ ਇਹ ਸਮਝਦੇ ਸਨ ਕਿ ਇਹ ਵੱਡਾ ਟਕਰਾ ਕੌਮ ਵਾਸਤੇ ਵੱਡੇ ਦੁਖਦਾਈ ਨਤੀਜੇ ਲਿਆ ਸਕਦਾ ਹੈ। ਉਨ੍ਹਾਂ ਵੀ ਇਸ ਗੱਲ ਨੂੰ ਪ੍ਰਵਾਨਗੀ ਦੇ ਦਿੱਤੀ ਕਿ ਜੇ ਗੱਲਬਾਤ ਰਾਹੀ ਹੱਲ ਨਿਕਲ ਆਵੇ ਤਾਂ ਠੀਕ ਹੈ, ਪਰ ਨਾਲ ਹੀ ਇਹ ਵੀ ਸਪੱਸ਼ਟ ਕਰ ਦਿੱਤਾ ਕਿ ਉਨ੍ਹਾਂ ਕਿਸੇ ਹਾਲਤ ਵਿੱਚ ਵੀ ਇਹ ਬਰਦਾਸ਼ਤ ਨਹੀਂ ਕਰਨਾ ਕਿ ਗੁਰੂ ਗ੍ਰੰਥ ਸਾਹਿਬ ਦੇ ਬਰਾਬਰ ਇਸ ਕਿਤਾਬ ਬਚਿੱਤ੍ਰ ਨਾਟਕ ਦਾ ਪ੍ਰਕਾਸ਼ ਟਿੱਕਿਆ ਰਹੇ। ਉਹ ਆਪਣੇ ਸਤਿਗੁਰੂ ਦੇ ਅਦਬ ਦੇ ਵਾਸਤੇ ਕੋਈ ਵੀ ਕੁਰਬਾਨੀ ਕਰਨ ਲਈ ਤਿਆਰ ਸਨ। ਮੁਹਤਬਰ ਬੰਦਿਆਂ ਦੇ ਸੁਝਾਅ ਮੁਤਾਬਕ ਗੁਰਸਿੱਖਾਂ ਨੇ ਪੁਲੀਸ ਨੂੰ ਲਿਖਤੀ ਸ਼ਿਕਾਇਤ ਵੀ ਦੇ ਦਿੱਤੀ। ਪ੍ਰਸ਼ਾਸਨ ਨੇ ਫੌਰੀ ਤੌਰ ਤੇ ਭਾਰੀ ਪੁਲੀਸ ਫੋਰਸ ਨਗਰ ਵਿੱਚ ਤਾਇਨਾਤ ਕਰ ਦਿੱਤੀ।

ਹਾਲਾਤ ਵੇਖ ਕੇ ਪ੍ਰਸ਼ਾਸਨ ਨੇ ਗੁਰਸਿੱਖਾਂ ਨੂੰ ਇਸ ਗੱਲ ਲਈ ਰਾਜੀ ਕਰ ਲਿਆ ਕਿ ਉਨ੍ਹਾਂ ਨੂੰ ਮਸਲਾ ਹੱਲ ਕਰਨ ਲਈ ਕੁਝ ਸਮਾਂ ਦਿੱਤਾ ਜਾਵੇ, ਵਿਸ਼ੇਸ਼ ਤੌਰ 'ਤੇ ਅਗਲੇ ਦਿਨ ਹੋਣ ਵਾਲਾ ਮੇਲਾ ਲੰਘ ਜਾਣ ਦਿੱਤਾ ਜਾਵੇ। ਮੇਲਾ ਲੰਘਣ ਤੋਂ ਬਾਅਦ ਗੁਰਸਿੱਖਾਂ ਨੇ ਪ੍ਰਸ਼ਾਸਨ ਨੂੰ ਕਾਰਵਾਈ ਕਰਨ ਅਤੇ ਬਚਿੱਤ੍ਰ ਨਾਟਕ ਨੂੰ ਉਥੋਂ ਚੁਕਵਾਉਣ ਲਈ ਜ਼ੋਰ ਪਾਉਣਾ ਸ਼ੁਰੂ ਕੀਤਾ ਪਰ ਪ੍ਰਸ਼ਾਸਨ ਨੇ ਫਿਰ ਕੁਝ ਸਮਾ ਮੰਗ ਲਿਆ। ਦੋ ਕੁ ਵਾਰੀ ਐਸਾ ਹੀ ਹੋਇਆ ਕਿ ਹੋਰ ਸਮਾਂ ਮੰਗਿਆ ਗਿਆ ਪਰ ਸਹੀ ਹੱਲ ਨਹੀਂ ਨਿਕਲਿਆ। ਨਿਹੰਗ ਬਚਿੱਤ੍ਰ ਨਾਟਕ ਪੁਸਤਕ ਨੂੰ ਸਮੇਟਣ ਦਾ ਜਿਸ ਦਿਨ ਦਾ ਵਅਦਾ ਕਰਦੇ, ਉਸ ਦਿਨ ਉਨ੍ਹਾਂ ਦਾ ਵਾਅਦਾ ਕਰਨ ਵਾਲਾ ਮੁਖੀ ਸਜਣ ਉਥੋਂ ਖਿਸਕ ਜਾਂਦਾ। ਗੁਰਸਿੱਖਾਂ ਨੇ ਇਹ ਮਹਿਸੂਸ ਕੀਤਾ ਕਿ ਪ੍ਰਸ਼ਾਸਨ ਜਾਣ ਬੁਝ ਕੇ ਲਟਕਾਊ ਨੀਤੀ ਵਰਤ ਰਿਹਾ ਹੈ ਤਾਂ ਕਿ ਸੰਗਤਾਂ ਦਾ ਜੋਸ਼ ਅਤੇ ਰੋਸ ਮੱਠਾ ਪੈ ਜਾਵੇ ਅਤੇ ਗੱਲ ਇੰਝੇ ਹੀ ਖਟਾਈ ਵਿੱਚ ਪੈ ਜਾਵੇ। ਗੁਰਸਿੱਖਾਂ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਤੱਕ ਵੀ ਪਹੁੰਚ ਕੀਤੀ, ਸ੍ਰੋਮਣੀ ਕਮੇਟੀ ਨੇ ਆਪਣਾ ਇਕ ਦੋ ਮੈਂਬਰੀ ਵਫਦ ਵੀ ਭੇਜਿਆ ਪਰ ਸਦਾ ਦੀ ਤਰ੍ਹਾਂ ਉਨ੍ਹਾਂ ਦੀ ਪਹੁੰਚ ਵੀ ਲਟਕਾਊ ਹੀ ਸੀ।

ਗੁਰਸਿੱਖਾਂ ਨੇ ਸੰਘਰਸ਼ ਨੂੰ ਇਕ ਨਿਰਣਾਇਕ ਮੋੜ ਦੇਣ ਲਈ ਅਤੇ ਸੰਗਤਾਂ ਦਾ ਵਧ ਤੋਂ ਵਧ ਸਹਿਯੋਗ ਲੈਣ ਲਈ, ਨਗਰ ਵਿਚ ਇਕ ਵੱਡਾ ਰੋਸ ਮਾਰਚ ਕੱਢਿਆ, ਜਿਸ ਵਿੱਚ ਥਾਂ ਥਾਂ ਤੇ ਉਘੇ ਵਿਚਾਰਵਾਨਾਂ ਨੇ ਸਾਰੇ ਮਸਲੇ ਦੀ ਜਾਣਕਾਰੀ ਨਗਰ ਵਾਸੀਆਂ ਨੂੰ ਦਿੱਤੀ ਅਤੇ ਸੰਗਤਾਂ ਨੂੰ ਆਪਣੇ ਸਤਿਗੁਰੂ ਦੀ ਅਜ਼ਮਤ ਦੇ ਵਾਸਤੇ ਕੋਈ ਵੀ ਕੁਰਬਾਨੀ ਕਰਨ ਲਈ ਤਿਆਰ ਰਹਿਣ ਦਾ ਸਦਾ ਦਿੱਤਾ। ਇਸ ਰੋਸ ਮਾਰਚ ਨੇ ਸਾਰੇ ਨਗਰ ਵਿੱਚ ਇਕ ਨਵਾਂ ਜੋਸ਼ ਭਰ ਦਿੱਤਾ ਅਤੇ ਨਾਲ ਹੀ ਪ੍ਰਸ਼ਾਸਨ ਅਤੇ ਨਿਹੰਗਾਂ ਨੂੰ ਵੀ ਇਹ ਸਪੱਸ਼ਟ ਸੰਦੇਸ਼ ਮਿਲ ਗਿਆ ਕਿ ਜੇ ਉਹ ਸਮਝਦੇ ਹਨ ਕਿ ਗੱਲ ਨੂੰ ਲਟਕਾ ਕੇ ਉਹ ਮਸਲੇ ਨੂੰ ਠੰਡਾ ਕਰ ਦੇਣਗੇ ਤਾਂ ਉਹ ਵੱਡੀ ਗਲਤ ਫਹਿਮੀ ਵਿੱਚ ਹਨ। ਨਗਰ ਨਿਵਾਸੀਆਂ ਵਿੱਚ ਨਿਹੰਗਾਂ ਪ੍ਰਤੀ ਇਸ ਗੱਲ ਦਾ ਵੀ ਰੋਸ ਸੀ ਕਿ ਉਹ ਨਗਰ ਵਿੱਚ ਕਈ ਤਰ੍ਹਾਂ ਦੇ ਨਸ਼ੇ ਸਪਲਾਈ ਕਰਦੇ ਸਨ, ਜਿਸ ਨਾਲ ਇਲਾਕੇ ਦੇ ਨੌਜੁਆਨਾਂ ਦਾ ਭਵਿੱਖ ਧੁੰਦਲਾ ਹੁੰਦਾ ਜਾ ਰਿਹਾ ਸੀ। ਉਨ੍ਹਾਂ ਨਿਹੰਗਾਂ ਦਾ ਇਕ ਪੂਰਬਲਾ ਮੁੱਖੀ ਨਸ਼ਿਆਂ ਦਾ ਵਪਾਰ ਕਰਨ ਕਾਰਨ ਜੇਲ੍ਹ ਵੀ ਕੱਟ ਕੇ ਆਇਆ ਸੀ। ਇਸ ਕਾਰਨ ਇਹ ਮੰਗ ਵੀ ਉਠਣ ਲੱਗ ਪਈ ਸੀ ਕਿ ਇਨ੍ਹਾਂ ਨਿਹੰਗਾਂ ਕੋਲੋਂ ਗੁਰਦੁਆਰਾ ਮੁਕਤ ਕਰਾਇਆ ਜਾਵੇ ਅਤੇ ਨਗਰ ਦੇ ਆਪਣੇ ਪ੍ਰਬੰਧਕ ਹੀ ਗੁਰਦੁਆਰੇ ਦਾ ਪ੍ਰਬੰਧ ਚਲਾਉਣ।

ਨਗਰ ਪੰਚਾਇਤ ਦੇ ਬਹੁਤੇ ਮੈਂਬਰ ਵੀ ਇਸ ਗੱਲ ਨਾਲ ਪੂਰੀ ਤਰ੍ਹਾਂ ਸਹਿਮਤ ਸਨ ਕਿ ਗੁਰੂ ਗ੍ਰੰਥ ਸਾਹਿਬ ਦੇ ਬਰਾਬਰ ਕਿਸੇ ਹੋਰ ਪੁਸਤਕ ਦਾ ਪ੍ਰਕਾਸ਼ ਨਹੀਂ ਕੀਤਾ ਜਾ ਸਕਦਾ ਅਤੇ ਬਚਿੱਤ੍ਰ ਨਾਟਕ ਨੂੰ ਉਥੋਂ ਜ਼ਰੂਰ ਚੁਕਿਆ ਜਾਣਾ ਚਾਹੀਦਾ ਹੈ ਪਰ ਉਹ ਚਾਹੁੰਦੇ ਸਨ ਕਿ ਨਗਰ ਦੇ ਹਾਲਾਤ ਨਾ ਵਿਗੜਨ ਅਤੇ ਇਹ ਮਸਲਾ ਪਿਆਰ ਮੁਹੱਬਤ ਨਾਲ ਹੱਲ ਹੋਵੇ। ਨਗਰ ਦੀ ਪੰਚਾਇਤ ਦੇ ਸਰਪੰਚ ਡਾ: ਰਾਜਿੰਦਰ ਸਿੰਘ, ਸਾਬਕਾ ਸਰਪੰਚ ਸੁਰਜੀਤ ਸਿੰਘ, ਸ਼ਿੰਗਾਰਾ ਸਿੰਘ, ਭੋਲਾ ਸਿੰਘ ਅਤੇ ਹੋਰ ਸਰਗਰਮ ਮੈਂਬਰ ਆਪਣਾ ਪੂਰਾ ਹਾਂ ਪੱਖੀ ਫਰਜ਼ ਨਿਭਾਅ ਰਹੇ ਸਨ।

ਗੁਰਸਿੱਖਾਂ ਦਾ ਸਬਰ ਵੀ ਖਤਮ ਹੋ ਰਿਹਾ ਸੀ, ਉਨ੍ਹਾਂ ਨੇ ਤਿੰਨ ਦਿਨ ਦਾ ਸਮਾਂ ਦੇ ਦਿੱਤਾ ਕਿ ਇਸ ਵਿੱਚ ਬਚਿੱਤ੍ਰ ਨਾਟਕ ਕਿਤਾਬ ਨੂੰ ਉਥੋਂ ਹਟਾ ਲਿਆ ਜਾਵੇ, ਨਹੀਂ ਤਾ ਉਹ ਆਪ ਉਸ ਨੂੰ ਹਟਾਉਣ ਲਈ ਜਾਣਗੇ, ਨਤੀਜਾ ਭਾਵੇਂ ਜੋ ਵੀ ਹੋਵੇ। ਪ੍ਰਸਾਸ਼ਨ ਅਤੇ ਨਿਹੰਗ ਇਹ ਸਮਝ ਚੁੱਕੇ ਸਨ ਕਿ ਸੰਗਤ ਦੇ ਰੋਹ ਨੂੰ ਹੁਣ ਰੋਕਿਆ ਨਹੀਂ ਜਾ ਸਕਦਾ। ਸੰਗਤ ਵਿੱਚ ਹੋਰ ਕੋਈ ਮਾੜਾ ਮੋਟਾ ਮਤਭੇਦ ਹੋਵੇ ਵੀ ਤਾਂ ਇਕ ਗੱਲ ਤੇ ਸਾਰੀ ਸੰਗਤ ਇਕੱਠੀ ਸੀ ਕਿ ਗੁਰੂ ਗ੍ਰੰਥ ਸਾਹਿਬ ਦੇ ਬਰਾਬਰ ਹੋਰ ਕਿਸੇ ਦਾ ਪ੍ਰਕਾਸ਼ ਨਹੀਂ ਕੀਤਾ ਜਾ ਸਕਦਾ। ਹਾਲਾਤ ਦਾ ਜਾਇਜ਼ਾ ਲੈ ਕੇ ਪ੍ਰਸ਼ਾਸਨ ਹਰਕਤ ਵਿੱਚ ਆਇਆ ਐਸ.ਡੀ.ਐਮ. ਪੱਟੀ ਅਤੇ ਐਸ. ਐਚ. ਓ. ਪੱਟੀ ਨੇ ਬੜੀ ਸਿਆਣਪ ਨਾਲ ਹਾਲਾਤ ਨੂੰ ਸੰਭਾਲਦਿਆਂ ਨਿਹੰਗਾਂ ਤੇ ਜ਼ੋਰ ਵਧਾਇਆ ਅਤੇ ਅਖੀਰ ਗੁਰੂ ਗ੍ਰੰਥ ਸਾਹਿਬ ਦੇ ਬਰਾਬਰ ਤੋਂ ਬਚਿੱਤ੍ਰ ਨਾਟਕ ਨੂੰ ਚੁੱਕ ਲਿਆ ਗਿਆ ਪਰ ਉਸ ਨੂੰ ਦੂਸਰੇ ਕਿਸੇ ਕਮਰੇ ਵਿੱਚ ਉਂਝ ਹੀ ਪ੍ਰਕਾਸ਼ ਕਰ ਦਿੱਤਾ ਗਿਆ।

ਪ੍ਰਸ਼ਾਸਨ ਨੇ ਸੋਚਿਆ ਸੀ ਕਿ ਸ਼ਾਇਦ ਇਸ ਨਾਲ ਸਿੱਖ ਸੰਗਤਾਂ ਦੀ ਤਸੱਲੀ ਹੋ ਜਾਵੇਗੀ, ਲੇਕਿਨ ਗੁਰਸਿੱਖਾਂ ਨੇ ਇਹ ਸਪੱਸ਼ਟ ਕਰ ਦਿੱਤਾ ਕਿ ਜਿਨਾਂ ਚਿਰ ਬਚਿੱਤ੍ਰ ਨਾਟਕ ਦਾ ਪ੍ਰਕਾਸ਼ ਨਹੀਂ ਹਟਾਇਆ ਜਾਂਦਾ, ਉਹ ਸ਼ਾਂਤ ਨਹੀਂ ਹੋਣਗੇ, ਕਿਉਂਕਿ ਸਿੱਖ ਰਹਿਤ ਮਰਯਾਦਾ ਵਿੱਚ ਇਹ ਸਪੱਸ਼ਟ ਲਿਖਿਆ ਹੈ ਕਿ “ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਾਕਰ (ਤੁੱਲ) ਕਿਸੇ ਪੁਸਤਕ ਨੂੰ ਅਸਥਾਪਨ ਨਹੀਂ ਕਰਨਾ।” ਪ੍ਰਸ਼ਾਸਨ ਨੇ ਯਕੀਨ ਦਿਵਾਇਆ ਕਿ ਉਹ ਇਹ ਵੀ ਕਰਵਾ ਦੇਣਗੇ ਪਰ ਉਨ੍ਹਾਂ ਨੂੰ ਕੁਝ ਸਮਾਂ ਹੋਰ ਦਿੱਤਾ ਜਾਵੇ। ਸੰਗਤਾਂ ਦੀ ਅਗਵਾਈ ਕਰ ਰਹੇ ਭਾਈ ਸੁਖਵਿੰਦਰ ਸਿੰਘ ਸਭਰਾ, ਬੋਹੜ ਸਿੰਘ, ਸੁਰਜੀਤ ਸਿੰਘ, ਹਰਪ੍ਰੀਤ ਸਿੰਘ, ਬਲਦੇਵ ਸਿੰਘ, ਸੁਖਮਿੰਦਰ ਸਿੰਘ, ਅਮਰ ਸਿੰਘ, ਕਰਨੈਲ ਸਿੰਘ, ਸੁਖਦੇਵ ਸਿੰਘ, ਜਰਨੈਲ ਸਿੰਘ, ਦਰਬਾਰਾ ਸਿੰਘ, ਗੁਰਮਤਿ ਪਰਚਾਰਕ ਭਾਈ ਹਰਜਿੰਦਰ ਸਿੰਘ ਸਭਰਾ ਆਦਿ ਵੀਰਾਂ ਨੇ ਵਿਚਾਰਾਂ ਕੀਤੀਆਂ ਕਿ ਪ੍ਰਸ਼ਾਸਨ ਵਿਸ਼ੇਸ਼ ਕਰ ਕੇ ਐਸ.ਡੀ.ਐਮ. ਪੱਟੀ ਅਤੇ ਐਸ.ਐਚ.ਓ. ਪੱਟੀ ਪੂਰੀ ਨੇਕ ਨੀਤੀ ਨਾਲ ਮਸਲੇ ਨੂੰ ਸ਼ਾਂਤਮਈ ਤਰੀਕੇ ਨਾਲ ਹੱਲ ਕਰਾਉਣ ਦੀ ਕੋਸ਼ਿਸ਼ ਕਰ ਰਹੇ ਹਨ, ਸੋ ਉਨ੍ਹਾਂ ਨੂੰ ਕੁਝ ਸਮਾਂ ਹੋਰ ਦੇ ਦੇਣਾ ਚਾਹੀਦਾ ਹੈ ਪਰ ਆਪ ਵੀ ਸੁਚੇਤ ਰਹਿਣਾ ਚਾਹੀਦਾ ਹੈ। ਗੁਰੂ ਗ੍ਰੰਥ ਸਾਹਿਬ ਸਤਿਕਾਰ ਕਮੇਟੀ ਦੇ ਵੀਰਾਂ ਨੇ ਵੀ ਸਿੱਖ ਸੰਗਤਾਂ ਦਾ ਪੂਰਾ ਸਾਥ ਦਿੱਤਾ ਅਤੇ ਸਾਬਤ ਕਰ ਦਿੱਤਾ ਕਿ ਉਹ ਹਮੇਸ਼ਾਂ ਗੁਰੂ ਗ੍ਰੰਥ ਸਾਹਿਬ ਦੇ ਸਤਿਕਾਰ ਲਈ ਕੁਰਬਾਨੀਆਂ ਕਰਨ ਲਈ ਤੱਤਪਰ ਹਨ।

ਆਖੀਰ ਸੰਗਤਾਂ ਦੇ ਸਿੱਖੀ ਸਿਦੱਕ ਅੱਗੇ ਨਿਹੰਗਾਂ ਦਾ ਮਨਮਤੀ ਹੱਠ ਹਾਰ ਗਿਆ ਅਤੇ ਗੁਰਦੁਆਰਾ ਬਾਬਾ ਬੀਰ ਸਿੰਘ ਵਿੱਚੋਂ ਬਚਿੱਤ੍ਰ ਨਾਟਕ ਦਾ ਪ੍ਰਕਾਸ਼ ਪੂਰੀ ਤਰ੍ਹਾਂ ਚੁੱਕ ਦਿੱਤਾ ਗਿਆ। ਨਗਰ ਦੀਆਂ ਸੰਗਤਾਂ ਨੇ ਅਕਾਲ ਪੁਰਖ ਦਾ ਸ਼ੁਕਰਾਨਾ ਕੀਤਾ ਕਿ ਗੁਰੂ ਗ੍ਰੰਥ ਸਾਹਿਬ ਦੀ ਘੋਰ ਬੇਅਦਬੀ ਦਾ ਜੋ ਕਲੰਕ ਉਨ੍ਹਾਂ ਦੇ ਮੱਥੇ ਲੱਗ ਗਿਆ ਸੀ, ਸਤਿਗੁਰੂ ਨੇ ਆਪ ਬਖਸ਼ਿਸ਼ ਕਰ ਕੇ ਉਹ ਮੇਟ ਦਿੱਤਾ ਹੈ।

ਇਸ ਸਾਰੇ ਸੰਘਰਸ਼ ਵਿੱਚ ਸਿੱਖ ਸੰਗਤਾਂ ਤੋਂ ਇਲਾਵਾ ਨਗਰ ਦੇ ਮੌਜੂਦਾ ਅਤੇ ਸਾਬਕਾ ਪੰਚਾਇਤ ਮੈਂਬਰਾਂ ਦਾ ਰੋਲ ਅਤੇ ਸਹਿਯੋਗ ਸ਼ਲਾਘਾ ਯੋਗ ਰਿਹਾ, ਉਥੇ ਨਾਲ ਹੀ ਐਸ.ਡੀ.ਐਮ. ਪੱਟੀ ਅਤੇ ਐਸ. ਐਚ. ਓ. ਪੱਟੀ ਨੇ ਬੜੀ ਸਿਆਣਪ ਅਤੇ ਨੇਕ ਨੀਤੀ ਨਾਲ ਸਾਰੇ ਮਸਲੇ ਨੂੰ ਸੰਭਾਲਿਆ। ਉਨ੍ਹਾਂ ਦੀ ਸੁਹਿਰਦਤਾ ਦੀ ਵੀ ਤਾਰੀਫ ਕਰਨੀ ਬਣਦੀ ਹੈ। ਇਸ ਦੇ ਨਾਲ ਹੀ ਕੁਝ ਪੰਜਾਬੀ ਅਖਬਾਰਾਂ ਨੇ ਸਾਰੇ ਮਸਲੇ ਦੇ ਅਤੇ ਨਗਰ ਦੇ ਅਸਲੀ ਨਿਰਪੱਖ ਹਲਾਤ ਛਾਪ ਕੇ ਵੱਡਾ ਯੋਗਦਾਨ ਪਾਇਆ।

ਸਭ ਤੋਂ ਵਧੇਰੇ ਤਾਰੀਫ ਸਭਰਾ ਨਗਰ ਦੇ ਗੁਰਸਿੱਖ ਵੀਰਾਂ ਦੀ ਕਰਨੀ ਬਣਦੀ ਹੈ, ਜਿਨ੍ਹਾਂ ਸਾਰੀ ਕੌਮ ਵਾਸਤੇ ਖੂਬਸੂਰਤ ਲੀਹਾਂ ਪਾ ਦਿੱਤੀਆਂ ਹਨ ਅਤੇ ਸਾਜਿਸ਼ੀ ਲੋਕਾਂ ਨੂੰ ਇਹ ਸਿੱਧਾ ਸੁਣੇਹਾ ਦੇ ਦਿੱਤਾ ਹੈ ਕਿ ਅੱਜ ਵੀ ਹਰ ਸਿੱਖ ਆਪਣੇ ਸਤਿਗੁਰੂ, ਗੁਰੂ ਗ੍ਰੰਥ ਸਾਹਿਬ ਦੀ ਅਜ਼ਮਤ ਦੀ ਰਾਖੀ ਵਾਸਤੇ ਆਪਣੀ ਜਾਨ ਵਾਰਨ ਲਈ ਤੱਤਪਰ ਹੈ।

ਵਾਹਿਗੁਰੂ ਜੀ ਕਾ ਖਾਲਸਾ ॥ ਵਾਹਿਗੁਰੂ ਜੀ ਕੀ ਫਤਹਿ ॥

ਰਾਜਿੰਦਰ ਸਿੰਘ (ਮੁੱਖ ਸੇਵਾਦਾਰ)
ਸ਼੍ਰੋਮਣੀ ਖਾਲਸਾ ਪੰਚਾਇਤ
ਮੋਬਾਇਲ: 9876104726


ਜੇ ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ।


ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org  and cannot be held responsible for their views.  Read full details....

Go to Top