* ਸੰਪਟ ਪਾਠਾਂ ਤੋਂ ਬਾਅਦ ਡੇਰੇਦਾਰਾਂ ਨੇ ਠੱਗੀਆਂ ਮਾਰਨ ਲਈ ਸੁਰੂ
ਕੀਤੇ ਤੁੱਕ ਤੁੱਕ ਵਾਲੇ ਸੰਪਟ ਪਾਠ, ਸੰਗਤਾਂ ਸੁਚੇਤ ਰਹਿਣ
ਭਾਈ ਰੂਪਾ 4 ਸਤੰਬਰ ( ਅਮਨਦੀਪ ਸਿੰਘ ) : ਨੇੜਲੇ ਪਿੰਡ ਰੌਂਤਾ ਵਿਖੇ ਸਮੂਹ ਸੰਗਤਾਂ ਦੇ
ਸਹਿਯੋਗ ਨਾਲ ਕਰਵਾਏ ਗਏ ਤਿੰਨ ਦਿਨਾ ਮਹਾਨ ਧਾਰਮਿਕ ਦੀਵਾਨ ਧੂਮ ਧਾਮ ਨਾਲ ਸਮਾਪਤ ਹੋ ਗਏ,
ਜਿਸ ਦੌਰਾਨ ਸਿੱਖ ਕੌਮ ਦੇ ਉਘੇ ਪ੍ਰਚਾਰਕ ਭਾਈ ਪੰਥਪ੍ਰੀਤ
ਸਿੰਘ ਜੀ ਖਾਲਸਾ ਭਾਈ ਬਖਤੌਰ ਵਾਲਿਆਂ ਵਲੋਂ ਤਿੰਨੇ ਦਿਨ ਵਿਸੇਸ ਤੌਰ 'ਤੇ ਹਾਜਰੀ ਭਰੀ ਗਈ।
ਧਾਰਮਿਕ ਦੀਵਾਨਾਂ ਦੌਰਾਨ ਭਾਈ ਖਾਲਸਾ ਨੇ ਸਿੱਖੀ ਸਿਧਾਂਤਾ ਨੂੰ ਢਾਹ ਲਾਉਣ ਵਾਲੇ ਤੇ
ਆਪਣੀਆਂ ਅੱਡ ਮਰਿਯਾਦਾਵਾਂ ਚਲਾ ਕੇ ਲੋਕਾਂ ਨੂੰ ਕੁਰਾਹੇ ਪਾਉਣ ਵਾਲੇ ਡੇਰੇਦਾਰ ਬਾਬਿਆਂ
'ਤੇ ਟਿਪਣੀ ਕਰਦਿਆਂ ਕਿਹਾ ਕਿ ਜਿਹੜੇ ਸਾਧ ਬਾਬੇ ਪੰਥਿਕ ਰਹਿਤ ਮਰਿਯਾਦਾ ਨੂੰ ਛੱਡ ਕੇ
ਆਪਣੇ ਨਵੇਂ ਅਸੂਲ ਬਣਾਈ ਬੈਠੇ ਹਨ ਤੇ ਪੰਥਿਕ ਮਰਿਯਾਦਾ ਅਤੇ
ਗੁਰੁਬਾਣੀ ਦੀ ਸਿਖਿਆ ਦੇ ਉੱਲਟ ਇਕੋਤਰੀਆਂ ਤੇ ਸੰਪਟ ਪਾਠ ਕਰ ਰਹੇ ਹਨ, ਇਹ ਇਹਨਾ ਅਖੌਤੀ
ਸਾਧ ਬਾਬਿਆਂ ਵੱਲੋਂ ਚਲਾਇਆ ਹੋਇਆ ਠੱਗੀ ਜਾਲ ਹੈ ।
ਉਨ੍ਹਾਂ ਕਿਹਾ ਕਿ ਕਈ ਡੇਰੇਦਾਰ ਬਾਬਿਆਂ
ਨੇ ਤਾਂ ਭੋਲੇ ਭਾਲੇ ਸਿੱਖਾਂ ਨਾਲ ਠੱਗੀਆਂ ਮਾਰਨ ਲਈ ਸੰਪਟ ਪਾਠਾਂ ਤੋਂ ਬਾਅਦ ਤੁੱਕ ਤੁੱਕ
ਵਾਲੇ ਮਹਾ ਸੰਪਟ ਆਦਿ ਸ਼ੁਰੂ ਕਰ ਲਏ ਹਨ, ਸੰਗਤਾਂ ਇਨ੍ਹਾਂ ਅਖੌਤੀ ਡੇਰੇਦਾਰਾਂ ਤੋਂ ਬੱਚ
ਕੇ ਰਹਿਣ, ਕਿਉਂਕਿ ਪੂਰੀ ਗੁਰਬਾਣੀ ਵਿੱਚ ਕਿਤੇ ਵੀ ਗੁਰਬਾਣੀ ਸੁਣੇ ਤੋਂ ਬਿਨਾ ਪਾਠ
ਕਰਵਾਉਣ ਦਾ ਕੋਈ ਫਲ ਨਹੀਂ ਹੈ ਤੇ ਨਾ ਹੀ ਗਿਣਤੀਆਂ ਮਿਣਤੀਆਂ ਦੇ ਪਾਠਾਂ ਨੂੰ ਕੋਈ ਮਾਨਤਾ
ਹੈ, ਪਰ ਇਹ ਅਖੌਤੀ ਸਾਧ ਬਾਬੇ ਗੁਰਬਾਣੀ ਨੂੰ ਜਾਦੂ ਟੂਣਾ ਮੰਤਰ ਸਮਝਕੇ ਕਮਾਈ ਕਰ
ਰਹੇ ਹਨ ਤੇ ਸੰਗਤਾਂ ਤੋਂ ਪਾਠਾਂ ਦੇ ਨਾਮ 'ਤੇ ਹਜ਼ਾਰਾਂ ਰੁਪੈ ਇਕੱਠੇ ਕਰ ਰਹੇ ਹਨ, ਜਿਸ
ਨਾਲ ਇਹ ਲਗਜ਼ਰੀ ਗੱਡੀਆਂ, ਆਲੀਸ਼ਾਨ ਡੇਰੇ, ਮਹਿੰਗੇ ਚੋਲੇ, ਕਾਜੂ ਬਦਾਮ ਆਦਿ ਦੀਆਂ ਸਹੂਲਤਾਂ
ਮਾਨ ਰਹੇ ਹਨ ਕਈ ਠੱਗ ਬਾਬਿਆਂ ਨੇ ਸੰਪਟ ਪਾਠਾਂ ਦੇ ਨਾਮ 'ਤੇ ਠੱਗੀਆਂ ਮਾਰ ਮਾਰ ਕੇ ਦਿੱਲੀ
ਤੱਕ ਜ਼ਮੀਨਾਂ ਜਾਇਦਾਦਾਂ ਬਣਾ ਲਈਆਂ ਹਨ। ਸੰਗਤਾਂ ਇਨ੍ਹਾਂ ਅਖੌਤੀ ਸਾਧ ਬਾਬਿਆਂ ਦਾ ਖਹਿੜਾ
ਛੱਡ ਕੇ ਸੁਚੇਤ ਹੋਣ ਤੇ ਆਪ ਗੁਰਬਾਣੀ ਪੜ, ਸੁਣ, ਮੰਨ ਕੇ ਆਪਣੇ ਜੀਵਨ ਵਿਚ ਲਾਗੂ ਕਰਨ,
ਫਿਰ ਹੀ ਸਾਡੇ ਜੀਵਨ ਦਾ ਆਧਾਰ ਹੋਣਾ ਹੈ।
ਉਹਨਾ ਕਿਹਾ ਕਿ ਗੁਰਬਾਣੀ ਦੀ ਆੜ ਵਿੱਚ ਠੱਗੀਆਂ ਮਾਰਨ ਲਈ ਕਈ ਡੇਰੇਦਾਰ ਬਾਬਿਆਂ ਨੇ ਤਾਂ
ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਬਰਾਬਰ ਆਪਣੀਆਂ ਗੱਦੀਆਂ ਲਗਾਉਣੀ ਸ਼ੁਰੂ ਕਰ ਦਿੱਤੀਆਂ ਹਨ,
ਸੰਗਤਾਂ ਅਜਿਹੇ ਸਾਧ ਬਾਬਿਆਂ ਤੋਂ ਵੀ ਸੁਚੇਤ ਰਹਿਣ ਜੋ ਗੁਰੂ ਸਾਹਿਬ ਦੇ ਸਰੀਕ ਬਣੇ ਬੈਠੇ
ਹਨ, ਕਿਉਂਕਿ ਸਿੱਖੀ ਸਿਧਾਂਤਾਂ ਅਤੇ ਪੰਥਕ ਰਹਿਤ ਮਰਿਯਾਦਾ ਦੇ
ਅਨੁਸਾਰ ਗੁਰੂ ਸਾਹਿਬ ਦੇ ਬਰਾਬਰ ਕਿਸੇ ਡੇਰੇਦਾਰ ਬਾਬੇ ਦੀ ਗੱਦੀ, ਕਿਸੇ ਮੂਰਤੀ ਜਾਂ ਕਿਸੇ
ਗਰੰਥ ਦਾ ਪ੍ਰਕਾਸ਼ ਨਹੀਂ ਹੋ ਸਕਦਾ, ਨਾਲ ਹੀ ਉਹਨਾ ਨੇ ਸਿੱਖ ਵਿਰਸੇ ਨਾਲੋਂ ਟੁੱਟ
ਚੁੱਕੇ ਨੌਜਵਾਨਾਂ ਨੂੰ ਆਪਣੇ ਮਹਾਨ ਵਿਰਸੇ ਨਾਲ ਜੁੜਨ ਲਈ ਪ੍ਰੇਰਿਤ ਕੀਤਾ।
ਉਪਰੰਤ ਤਿੰਨੇ ਦਿਨ ਗੁਰੂ ਕਾ ਲੰਗਰ ਅਤੁੱਟ ਵਰਤਾਇਆ ਗਿਆ ਅਤੇ ਭਾਈ ਰੂਪ ਚੰਦ ਸੇਵਾ
ਸੁਸਾਇਟੀ ਭਾਈ ਰੂਪਾ ਵਲੋਂ ਜੋੜਾ ਘਰ ਦੀ ਸੇਵਾ ਕੀਤੀ ਗਈ। ਧਾਰਮਿਕ ਦੀਵਾਨਾਂ ਤੋਂ ਉਪਰੰਤ
ਖੰਡੇ ਬਾਟੇ ਦੀ ਪਾਹੁਲ ਵੀ ਛਕਾਈ ਗਈ, ਜਿਸ ਦੌਰਾਨ 85 ਪ੍ਰਾਣੀ ਅਮ੍ਰਿੰਤ ਛੱਕ ਕੇ ਗੁਰੂ
ਵਾਲੇ ਬਣੇ।