ਉੱਤਰ:
ਗੁਰੂ ਗ੍ਰੰਥ ਸਾਹਿਬ ਜੀ ਨੂੰ ਇੱਕ ਥਾਂ ਤੋਂ ਦੂਜੀ ਥਾਂ ਲੈ ਕੇ ਜਾਣ ਸਮੇਂ ਅੱਗੇ ਪਾਣੀ ਦੇ
ਛਿੜਕਾਉ ਦਾ ਕਾਰਨ ਕੇਵਲ ਇਤਨਾ ਹੀ ਸੀ ਕਿ ਮਿੱਟੀ ਘੱਟਾ ਨਾ ਉੱਡੇ। ਇਸ ਲਈ ਜਿਨ੍ਹਾਂ ਰਾਹਾਂ
(ਕੱਚੇ) ਥਾਣੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਲੈ ਕੇ ਲੰਘਣਾ ਹੁੰਦਾ ਸੀ,
ਉਨ੍ਹਾਂ ਥਾਂਵਾ 'ਤੇ ਪਹਿਲਾਂ ਹੀ ਚੰਗੀ
ਤਰ੍ਹਾਂ ਪਾਣੀ ਦਾ ਛਿੜਕਾਉ ਕਰ ਦਿੱਤਾ ਜਾਂਦਾ ਸੀ, ਤਾਂ ਕਿ ਉੱਥੋਂ ਲੰਘਣ ਲਗਿਆਂ ਮਿੱਟੀ
ਘੱਟਾ ਨਾ ਉੱਡੇ।
ਪਰ ਹੁਣ ਦੇਖਣ ਵਿੱਚ ਆਉਂਦਾ ਹੈ
ਕਿ ਗਿਲਾਸ ਆਦਿ ਵਿੱਚ ਪਾਣੀ ਲੈ ਕੇ ਮਹਾਰਾਜ ਦੀ ਸਵਾਰੀ ਦੇ ਅੱਗੇ ਅੱਗੇ ਪਾਣੀ ਦਾ ਤੁਪਕਾ
ਤੁਪਕਾ ਤਰੌਂਕਦੇ ਜਾਂਦੇ ਹਨ। ਇੱਕ ਇੱਕ ਬੂੰਦ ਦੇ ਤਰੌਂਕਣਾ ਨਾਲ ਮਿੱਟੀ ਘੱਟੇ ਨੂੰ ਉਡਣੋ
ਨਹੀਂ ਰੋਕਿਆ ਜਾ ਸਕਦਾ। ਫਿਰ ਪਾਣੀ ਦੇ ਛਿੜਕਣ ਦੀ ਤਾਂ ਉੱਥੇ ਜ਼ਰੂਰਤ ਹੈ ਜਿੱਥੇ ਰਸਤਾ
ਕੱਚਾ ਹੈ ਅਤੇ ਮਿੱਟੀ ਘੱਟੇ ਦੇ ਉੱਡਣ ਦੀ ਸੰਭਾਵਣਾ ਹੈ। ਜਿੱਥੇ
ਰਸਤਾ ਸਾਫ ਸੁਥਰਾ ਅਥਵਾ ਪੱਕਾ ਹੈ, ਉੱਥੇ ਤਾਂ ਪਾਣੀ ਦੇ ਛਿੜਕਣ ਦੀ ਬਿਲਕੁਲ ਹੀ ਲੋੜ ਨਹੀਂ
ਹੈ। ਚੂੰਕਿ ਅਸੀਂ ਪਾਣੀ ਦੇ ਛਿੜਕਾਉ ਨੂੰ ਇੱਕ ਕਰਮ ਕਾਂਡ ਬਣਾ ਲਿਆ ਹੈ,
ਇਸ ਲਈ ਕਈ ਵਾਰ ਤਾਂ ਅਜੇਹਾ ਵੀ ਵੇਖਣ ਵਿੱਚ ਆਉਂਦਾ ਹੈ ਕਿ
ਇੱਕ ਪਾਸੇ ਤਾਂ ਜ਼ੋਰਦਾਰ ਮੀਂਹ ਪੈ ਰਿਹਾ ਹੁਂਦਾ ਹੈ ਅਤੇ ਦੂਜੇ ਪਾਸੇ ਸ਼ਰਧਾਲੂ ਜਨ ਗੁਰੂ
ਗ੍ਰੰਥ ਸਾਹਿਬ ਦੇ ਅੱਗੇ ਅੱਗੇ ਪਾਣੀ ਦੀ ਬੂੰਦ ਬੂੰਦ ਤਰੌਂਕੀ ਜਾ ਰਿਹਾ ਹੁੰਦਾ ਹੈ।
ਭਾਈ ਕਾਨ੍ਹ ਸਿੰਘ ਨਾਭਾ ਇਸ
ਸਬੰਧ ਵਿੱਚ ਲਿੱਖਦੇ ਹਨ “ਕਈ ਸਜਨ ਰਸਤੇ ਵਿੱਚ ਸਵਾਰੀ ਦੇ ਅਗੇ ਜਲ ਛਿੜਕਦੇ ਜਾਂਦੇ ਹਨ,
ਇਹ ਕੇਵਲ ਅਵਿਦਯਾ ਹੈ, ਕਯੋਂਕਿ ਕੁਛ ਬੂੰਦਾਂ ਛਿੜਕਨ ਤੋਂ ਗਰਦ ਨਹੀਂ ਦਬ ਸਕਦੀ। ਜੇ ਕਿਸੇ
ਗੁਰੁ ਪਰਵ ਆਦਿ ਦੇ ਸਮੇਂ ਸੜਕਾਂ ਤੇ ਛਿੜਕਾਉ ਕੀਤਾ ਜਾਵੇ ਤਾਂ ਯੋਗਯ ਹੈ।” (ਗੁਰੁਮਤ
ਮਾਰਤੰਡ)
ਇਹ ਸਾਡੀ
ਬਦਕਿਸਮਤੀ ਹੀ ਹੈ ਕਿ ਗਿਆਨ (ਗੁਰੂ ਗਰੰਥ ਸਾਹਿਬ) ਨੂੰ ਆਪਣਾ ਗੁਰੂ ਮੰਨ ਕੇ ਉਸ ਅੱਗੇ
ਸੀਸ ਝੁਕਾਉਣ ਵਾਲੇ ਹੀ, ਉਸ ਵਿੱਚ ਬਖ਼ਸ਼ੇ ਗਿਆਨ ਤੋਂ ਕੋਹਾਂ ਦੂਰ ਹਾਂ। ਅੱਜ ਡਾਢੀ
(ਲੋੜ ਤਾਂ ਭਾਂਵੇ ਹਮੇਸ਼ਾਂ ਹੀ ਸੀ, ਪਰ ਅਜੋਕੇ ਯੁਗ ਵਿੱਚ ਕਈ ਕਾਰਨਾਂ ਕਾਰਨ ਵਧੇਰੇ ਹੈ।)
ਲੋੜ ਹੈ ਜੇਹੜੇ ਪ੍ਰਾਣੀ ਅਗਿਆਨਮਈ ਰਸਮਾਂ ਨੂੰ ਗੁਰੂ ਗ੍ਰੰਥ ਸਾਹਿਬ ਦਾ ਸਤਿਕਾਰ ਦਾ ਨਾਉਂ
ਦੇ ਕੇ ਇਸ ਦਾ ਪਰਚਾਰ ਕਰਦੇ ਹਨ, ਉਹਨਾਂ ਨੂੰ ਗੁਰ ਦੇ ਬਖ਼ਸ਼ੇ ਗਿਆਨ ਦੇ ਚਾਣਨੇ ਰਾਂਹੀ
ਸਪਸ਼ਟ ਕਰਨ ਦੀ ਕਿ ਇਹੋ ਜਿਹੇ ਕਰਮ ਗੁਰੂ ਮਹਾਰਾਜ ਦੇ ਸਤਿਕਾਰ ਦਾ ਚਿੰਨ ਨਹੀਂ ਹਨ। ਸਾਨੂੰ
ਗੁਰੂ ਗ੍ਰੰਥ ਸਾਹਿਬ ਤੋਂ ਸੇਧ ਲੈ ਕੇ ਚਲਣ ਦੀ ਲੋੜ ਹੈ ਨਾ ਕਿ ਅਗਿਆਨਮਈ ਕਰਮਕਾਂਡ ਦਾ
ਪਰਚਾਰ ਕਰਨ ਵਾਲਿਆਂ ਤੋਂ।
ਅਸੀਂ ਗੁਰੂ ਗ੍ਰੰਥ ਸਾਹਿਬ ਦੇ ਸਿੱਖ ਹਾਂ ਜਿਹੜੇ ਰੱਬ ਵਲ ਕਦਮ
ਪੁੱਟਣ ਵਾਲਿਆਂ ਨੂੰ ਮੁਖ਼ਾਤਬ ਕਰਦਿਆਂ ਆਖਦੇ ਹਨ:
ਸੁਣਿ ਮੁੰਧੇ ਹਰਣਾਖੀਏ ਗੂੜਾ ਵੈਣੁ
ਅਪਾਰੁ ॥ ਪਹਿਲਾ ਵਸਤੁ ਸਿਞਾਣਿ ਕੈ ਤਾਂ ਕੀਚੈ ਵਾਪਾਰੁ ॥
ਦੋਹੀ ਦਿਚੈ ਦੁਰਜਨਾ ਮਿਤ੍ਰਾਂ ਕੂੰ ਜੈਕਾਰੁ ॥ ਜਿਤੁ ਦੋਹੀ ਸਜਣ ਮਿਲਨਿ ਲਹੁ ਮੁੰਧੇ
ਵੀਚਾਰੁ ॥
ਤਨੁ ਮਨੁ ਦੀਜੈ ਸਜਣਾ ਐਸਾ ਹਸਣੁ ਸਾਰੁ ॥ ਤਿਸ ਸਉ ਨੇਹੁ ਨ ਕੀਚਈ ਜਿ ਦਿਸੈ ਚਲਣਹਾਰੁ ॥
ਨਾਨਕ ਜਿਨ੍ਹ੍ਹੀ ਇਵ ਕਰਿ ਬੁਝਿਆ ਤਿਨ੍ਹ੍ਹਾ ਵਿਟਹੁ ਕੁਰਬਾਣੁ ॥੨॥ {ਪੰਨਾ 1410}