ਕੁਝ ਸਮਾਂ ਪਹਿਲਾਂ ਦੋ ਫ਼ਿਲਮਾਂ ਵੇਖੀਆਂ,
ਇੱਕ ਸੀ 'ਉੜਤਾ ਪੰਜਾਬ' ਅਤੇ
ਦੂਜੀ ਸੀ 'ਸੁਲਤਾਨ' ਭਾਵੇਂ ਇਨ੍ਹਾਂ ਦੋਵਾਂ ਨੂੰ
ਰਿਲੀਜ਼ ਹੋਇਆਂ ਕਾਫੀ ਸਮਾਂ ਹੋ ਚੁੱਕਾ ਸੀ ਪਰ ਮੇਰਾ ਵੇਖਣ ਦਾ ਸਬੱਬ ਹੀ ਹੁਣ ਬਣਿਆ। ਇਹ
ਦੋਵੇਂ ਫ਼ਿਲਮਾਂ ਇੱਕ ਤਰ੍ਹਾਂ ਨਾਲ ਪੰਜਾਬ ਅਤੇ ਹਰਿਆਣੇ ਦੀ ਤੁਲਨਾ ਕਰਦੀਆਂ ਹਨ। ਦੋਵੇਂ
ਗੁਆਂਢੀ ਰਾਜ ਹਨ ਅਤੇ ਪਹਿਲਾਂ ਦੋਵੇਂ ਇੱਕੋ ਸਾਂਝੇ ਰਾਜ ਪੰਜਾਬ ਦਾ ਹਿੱਸਾ ਸਨ। ਇਹ ਸੱਚ
ਹੈ ਕਿ ਕਿਸੇ ਸਥਿਤੀ ਨੂੰ ਨਾਟਕੀ ਢੰਗ ਨਾਲ ਪੇਸ਼ ਕਰਨ ਜਾਂ ਫ਼ਿਲਮ ਬਣਾਉਣ ਲਈ ਸਚਾਈ ਨੂੰ
ਥੋੜ੍ਹਾ ਜਿਹਾ ਵਧਾ-ਚੜ੍ਹਾ ਕੇ ਪੇਸ਼ ਕਰਨ ਜਾਂ ਉਸ ਨੂੰ ਥੋੜ੍ਹਾ ਜਿਹਾ ਮਰੋੜਨ ਦੀ ਵੀ ਲੋੜ
ਹੁੰਦੀ ਹੈ, ਪ੍ਰੰਤੂ ਫਿਰ ਵੀ ਸਮੁੱਚੇ ਤੌਰ 'ਤੇ ਦੋਵਾਂ ਫ਼ਿਲਮਾਂ ਨੇ ਦੋਵਾਂ ਰਾਜਾਂ ਦੀ
ਦਿਸ਼ਾ ਅਤੇ ਦਸ਼ਾ ਅਤੇ ਲੋਕਾਂ ਦੀ ਮਾਨਸਿਕ ਸਥਿਤੀ ਦਾ ਚਿਤਰਨ ਕੀਤਾ ਹੈ। ਪੰਜਾਬ ਵਿਚ ਕਈ
ਲੋਕ ਇਹ ਮਹਿਸੂਸ ਕਰਦੇ ਹਨ ਕਿ ਪੰਜਾਬ ਸਹੀ ਦਿਸ਼ਾ ਵੱਲ ਨਹੀਂ ਜਾ ਰਿਹਾ। ਇਸ ਦੇ ਉਲਟ
ਹਰਿਆਣਾ ਦੇ ਲੋਕ ਆਮ ਤੌਰ 'ਤੇ ਉਤਸ਼ਾਹ ਵਾਲੀ ਸਥਿਤੀ ਵਿਚ ਪਾਏ ਜਾਂਦੇ ਹਨ।
ਮੈਨੂੰ
ਲਗਦਾ ਹੈ ਕਿ ਪੰਜਾਬ ਵਿਚ ਸਮਾਜਿਕ ਅਸਥਿਰਤਾ ਅਤੇ ਪਰਿਵਾਰਕ ਬਿਖੇਰ ਦਾ ਮੁੱਖ ਕਾਰਨ ਪੰਜਾਬ
ਵਿਚੋਂ ਹੋ ਰਿਹਾ ਵੱਡੇ ਪੱਧਰ ਦਾ ਪ੍ਰਵਾਸ ਹੈ। ਅੱਜ ਇਹ ਪ੍ਰਵਾਸ ਦੀ ਥਾਂ ਤੇ ਨਿਕਾਸ ਬਣ
ਚੁੱਕਾ ਹੈ। ਪੰਜਾਬ ਵਿਚੋਂ ਉਹ ਵੀ ਪ੍ਰਵਾਸ ਕਰ ਰਹੇ ਹਨ, ਜਿਨ੍ਹਾਂ ਨੂੰ ਇਥੋਂ ਦਾ ਸ੍ਰੇਸ਼ਠ
ਵਰਗ ਕਿਹਾ ਜਾ ਸਕਦਾ ਹੈ।
'ਸੁਲਤਾਨ' ਫ਼ਿਲਮ ਵਿਚ ਇਹ ਦਿਖਾਇਆ ਗਿਆ
ਹੈ ਕਿ ਹਰਿਆਣੇ ਦੇ ਨੌਜਵਾਨ ਇਹ ਮਹਿਸੂਸ ਕਰਦੇ ਹਨ ਕਿ ਇਥੇ ਰਹਿ ਕੇ ਹੀ ਬਹੁਤ ਕੁਝ ਹਾਸਲ
ਕੀਤਾ ਜਾ ਸਕਦਾ ਹੈ, ਪ੍ਰੰਤੂ ਪੰਜਾਬ ਦੇ ਨੌਜਵਾਨਾਂ
ਨੂੰ ਕਿਸੇ ਨਾ ਕਿਸੇ ਢੰਗ ਨਾਲ ਹੱਲ ਪ੍ਰਵਾਸ ਵਿਚ ਹੀ ਨਜ਼ਰ ਆ ਰਿਹਾ ਹੈ। ਆਪਣੇ
ਸੱਭਿਆਚਾਰ, ਪਰੰਪਰਾਵਾਂ, ਕਦਰਾਂ-ਕੀਮਤਾਂ ਅਤੇ ਪਰਿਵਾਰਕ ਰਿਸ਼ਤਿਆਂ ਨੂੰ ਸਾਂਭਣ ਵਿਚ
ਹਰਿਆਣਾ ਪੰਜਾਬ ਨਾਲੋਂ ਬਹੁਤ ਅੱਗੇ ਹੈ ਅਤੇ ਖ਼ਾਸ ਕਰਕੇ ਦੋਵਾਂ ਰਾਜਾਂ ਦੇ ਸਿਰਕੱਢ
ਭਾਈਚਾਰਿਆਂ ਵਿਚ ਇਹ ਫ਼ਰਕ ਹੋਰ ਵੀ ਜ਼ਿਆਦਾ ਹੈ। ਕੁਝ ਲੋਕ ਇਹ ਵੀ ਕਹਿੰਦੇ ਹਨ ਕਿ ਇਹ ਫ਼ਰਕ
ਤਾਂ ਹੈ ਕਿਉਂਕਿ ਕੇਂਦਰ ਹਰਿਆਣੇ ਨੂੰ ਉਤਸ਼ਾਹਿਤ ਕਰਦਾ ਹੈ ਅਤੇ ਪੰਜਾਬ ਨਾਲ ਪੱਖਪਾਤ ਅਤੇ
ਵਿਤਕਰਾ ਕਰਦਾ ਹੈ। ਮੈਨੂੰ ਲਗਦਾ ਹੈ ਕਿ ਇਹ ਇੱਕ ਬਹੁਤ ਗੁੰਝਲਦਾਰ ਅਤੇ ਬਹੁਪੱਖੀ ਮਸਲਾ
ਹੈ, ਜਿਸ ਦੇ ਆਰਥਿਕ, ਸਮਾਜਿਕ, ਸੱਭਿਆਚਾਰਕ ਅਤੇ ਇਤਿਹਾਸਕ ਪੱਖ ਹਨ।
ਪ੍ਰੰਤੂ ਸਾਨੂੰ ਇਸ ਤੱਥ ਨੂੰ ਧਿਆਨ ਵਿਚ
ਰੱਖਣਾ ਪਵੇਗਾ ਕਿ ਸੰਸਾਰੀਕਰਨ ਦੇ ਯੁੱਗ ਵਿਚ ਸੱਭਿਆਚਾਰਕ ਪੱਖ ਬਹੁਤ ਮਹੱਤਵਪੂਰਨ ਭੂਮਿਕਾ
ਨਿਭਾਉਂਦਾ ਹੈ। ਪੰਜਾਬ ਭਾਰਤ ਵਿਚ ਖਪਤਕਾਰੀ ਸੱਭਿਆਚਾਰ ਦਾ ਗੜ੍ਹ ਬਣ ਗਿਆ ਹੈ।
ਪੰਜਾਬ ਵਿਚ ਖਪਤਕਾਰੀ ਸੱਭਿਆਚਾਰ ਦੇ ਭਾਰੂ ਹੋਣ ਨਾਲ ਪੰਜਾਬ ਨੇ ਆਪਣਾ ਰਵਾਇਤੀ ਸੱਭਿਆਚਾਰ
ਅਤੇ ਕਦਰਾਂ-ਕੀਮਤਾਂ ਹੋਰਨਾਂ ਰਾਜਾਂ ਦੀ ਤੁਲਨਾ ਵਿਚ ਜ਼ਿਆਦਾ ਗੁਆਏ ਹਨ। ਇਸ ਕਰਕੇ ਪੰਜਾਬ
ਜ਼ਿਆਦਾ ਅਸਥਿਰ ਹੋ ਗਿਆ ਹੈ ਅਤੇ ਪੰਜਾਬ ਵਿਚ ਸਮਾਜਿਕ ਰਿਸ਼ਤੇ ਕਮਜ਼ੋਰ ਹੋਣ ਅਤੇ ਪਰਿਵਾਰਕ
ਬਿਖੇਰ ਦੀਆਂ ਪ੍ਰਕਿਰਿਆਵਾਂ ਦੂਜੇ ਰਾਜਾਂ ਨਾਲੋਂ ਜ਼ਿਆਦਾ ਤੇਜ਼ ਹੋ ਗਈਆਂ ਹਨ। ਇਸ ਤੱਥ ਨੇ
ਪੰਜਾਬੀਆਂ ਦੀ ਸਰੀਰਕ ਅਤੇ ਮਾਨਸਿਕ ਸਿਹਤ ਨੂੰ ਬਹੁਤ ਬੁਰੀ ਤਰ੍ਹਾਂ ਪ੍ਰਭਾਵਿਤ ਕੀਤਾ ਹੈ।
ਮੇਰਾ ਦਾਅਵਾ ਹੈ ਕਿ ਜੇ ਕੋਈ ਯੂਨੀਵਰਸਿਟੀ ਜਾਂ ਹੋਰ ਅਕਾਦਮਿਕ ਸੰਸਥਾ ਪੰਜਾਬ ਦੇ ਜੱਟਾਂ
ਅਤੇ ਹਰਿਆਣੇ ਦੇ ਜਾਟਾਂ ਦਾ ਤੁਲਨਾਤਮਿਕ ਅਧਿਐਨ ਕਰਵਾਏ ਤਾਂ ਸਚਾਈ ਬਿਲਕੁਲ ਸਪੱਸ਼ਟ ਹੋ
ਜਾਏਗੀ।
ਮੈਨੂੰ ਲਗਦਾ ਹੈ ਕਿ ਅਜਿਹਾ ਸਰਵੇਖਣ ਇਹ
ਸਾਬਤ ਕਰੇਗਾ ਕਿ ਪੰਜਾਬ ਦੇ ਜੱਟ ਹਰਿਆਣੇ ਦੇ ਜਾਟਾਂ ਨਾਲੋਂ ਵਸਤੂਆਂ ਦੀ ਖਪਤ ਵਿਚ ਅੱਗੇ
ਹਨ। ਉਨ੍ਹਾਂ ਕੋਲ ਜ਼ਿਆਦਾ ਕਾਰਾਂ ਹਨ, ਟੀ.ਵੀ. ਹਨ, ਫਰਿੱਜ਼ ਹਨ, ਕੰਪਿਊਟਰ ਹਨ,
ਸਮਾਰਟ ਫੋਨ ਅਤੇ ਟੈਬਲਿਟ ਹਨ, ਪ੍ਰੰਤੂ ਜਾਟਾਂ ਕੋਲ ਜ਼ਿਆਦਾ
ਸਥਿਰ ਪਰਿਵਾਰ ਅਤੇ ਸਮਾਜ ਹਨ। ਤਲਾਕ ਅਤੇ ਅਸਫਲ ਵਿਆਹਾਂ ਵਿਚ ਜੱਟ ਜਾਟਾਂ ਨਾਲੋਂ
ਅੱਗੇ ਹਨ। ਮੈਨੂੰ ਲਗਦਾ ਹੈ ਕਿ ਸਮੁੱਚੇ ਤੌਰ 'ਤੇ ਜਾਟਾਂ ਦੀ
ਸਰੀਰਕ ਅਤੇ ਮਾਨਸਿਕ ਸਿਹਤ ਜੱਟਾਂ ਨਾਲੋਂ ਚੰਗੀ ਹੈ। ਉਨ੍ਹਾਂ ਵਿਚ ਬਲੱਡ ਪ੍ਰੈਸ਼ਰ,
ਦਿਲ ਦੇ ਰੋਗ, ਡਾਇਬਟੀਜ਼ ਅਤੇ ਕੈਂਸਰ ਜੱਟਾਂ ਨਾਲੋਂ ਘੱਟ ਹਨ। ਇਸੇ ਤਰ੍ਹਾਂ ਜਾਟਾਂ ਵਿਚ
ਮਾਨਸਿਕ ਬਿਮਾਰੀਆਂ ਜਿਵੇਂ ਐਂਗਜ਼ਾਇਟੀ (ਫ਼ਿਕਰ), ਡਿਪਰੈਸ਼ਨ (ਉਦਾਸੀ) ਜਾਟਾਂ ਵਿਚ ਜੱਟਾਂ
ਨਾਲੋਂ ਘੱਟ ਹਨ। ਖ਼ੁਦਕੁਸ਼ੀਆਂ ਦਾ ਰੁਝਾਨ ਵੀ ਹਰਿਆਣੇ ਦੇ ਕਿਸਾਨਾਂ ਵਿਚ ਪੰਜਾਬ ਦੇ ਕਿਸਾਨਾਂ
ਨਾਲੋਂ ਬਹੁਤ ਘੱਟ ਹੈ।
ਮੈਨੂੰ ਲਗਦਾ ਹੈ ਕਿ ਮੇਰੇ ਪ੍ਰਭਾਵਾਂ ਦੀ ਪੁਸ਼ਟੀ ਕਰਨ ਲਈ ਇੱਕ
ਤੁਲਨਾਤਮਿਕ ਅਧਿਐਨ ਬਹੁਤ ਜ਼ਰੂਰੀ ਹੈ। ਜੇ ਮੇਰੇ ਪ੍ਰਭਾਵ ਠੀਕ ਸਾਬਤ ਹੋ ਜਾਂਦੇ ਹਨ ਤਾਂ
ਅਸੀਂ ਇਸ ਨਤੀਜੇ 'ਤੇ ਹੀ ਪਹੁੰਚਾਂਗੇ ਕਿ ਜ਼ਿਆਦਾ ਖਪਤ ਦੀਆਂ ਵਸਤੂਆਂ ਨਾ ਤਾਂ ਜ਼ਿਆਦਾ ਖੁਸ਼ੀ
ਅਤੇ ਨਾ ਹੀ ਜ਼ਿਆਦਾ ਸਥਿਰਤਾ ਲਿਆਉਂਦੀਆਂ ਹਨ। ਅਸੀਂ ਇਹ ਨਤੀਜਾ ਵੀ ਕੱਢ ਸਕਦੇ ਹਾਂ ਕਿ
ਆਰਥਿਕ ਲਾਭ ਅਤੇ ਸੱਭਿਆਚਾਰ ਦਾ ਨੁਕਸਾਨ ਸਮੁੱਚੇ ਤੌਰ 'ਤੇ ਘਾਟੇ ਦਾ ਸੌਦਾ ਹੈ। ਮੈਨੂੰ
ਇਹ ਵੀ ਲਗਦਾ ਹੈ ਕਿ ਫ਼ਿਲਮਾਂ 'ਉੜਤਾ ਪੰਜਾਬ' ਅਤੇ 'ਸੁਲਤਾਨ' ਇੱਕ-ਦੂਜੇ ਦੀਆਂ ਪੂਰਕ ਹਨ।
ਇੱਕ ਫ਼ਿਲਮ ਇਹ ਸਾਬਤ ਕਰਦੀ ਹੈ ਕਿ ਜੇ ਮਨੁੱਖੀ ਜਜ਼ਬਾ ਕਮਜ਼ੋਰ ਹੋ ਗਿਆ ਤਾਂ ਡਰੱਗਸ ਦੇ
ਦੁਖਾਂਤ ਨੇ ਸਾਨੂੰ ਘੇਰ ਲਿਆ। ਦੂਜੀ ਫ਼ਿਲਮ ਇਹ ਸਾਬਤ ਕਰ ਰਹੀ ਹੈ ਕਿ ਜੇ ਮਨੁੱਖੀ ਜਜ਼ਬਾ
ਕਾਇਮ ਹੈ ਤਾਂ ਕੁਝ ਵੀ ਹਾਸਲ ਕੀਤਾ ਜਾ ਸਕਦਾ ਹੈ ਅਤੇ ਜੀਵਨ ਅਰਥਪੂਰਨ ਬਣ ਸਕਦਾ ਹੈ।
ਹੁਣ ਸਵਾਲ ਇਹ ਹੈ
ਕਿ ਪੰਜਾਬ ਵਿਚ ਮਨੁੱਖੀ ਜਜ਼ਬਾ ਕਿਉਂ ਕਮਜ਼ੋਰ ਹੋ ਗਿਆ ਹੈ? ਇਸ ਬਾਰੇ ਮੈਂ ਆਪਣੀਆਂ
ਧਾਰਨਾਵਾਂ ਸਾਂਝੀਆਂ ਕਰਨਾ ਚਾਹਾਂਗਾ।
ਮੈਨੂੰ ਲਗਦਾ ਹੈ ਕਿ ਸਿਰਕੱਢ ਭਾਈਚਾਰਾ ਹੋਣ ਕਾਰਨ ਜੱਟ ਭਾਈਚਾਰਾ
ਪੰਜਾਬੀ ਸੱਭਿਆਚਾਰ ਅਤੇ ਪੰਜਾਬੀ ਜੀਵਨ ਢੰਗ ਨੂੰ ਪ੍ਰਭਾਵਿਤ ਕਰਦਾ ਹੈ। ਮੈਨੂੰ ਇਹ ਵੀ
ਲਗਦਾ ਹੈ ਕਿ ਇਸ ਭਾਈਚਾਰੇ ਦੇ ਇਤਿਹਾਸਕ ਵਿਕਾਸ ਵਿਚ ਦੂਜੇ ਭਾਈਚਾਰਿਆਂ ਨਾਲੋਂ ਫ਼ਰਕ ਹੈ।
ਇਸ ਭਾਈਚਾਰੇ ਨੂੰ ਭਾਰਤੀ ਮੁੱਖਧਾਰਾ ਵਿਚ ਲਿਆਉਣ ਵਾਲਾ ਸਿੱਖ ਧਰਮ ਹੈ ਜਦੋਂ ਕਿ ਦੂਜੇ
ਭਾਈਚਾਰੇ ਸਿੱਖ ਧਰਮ ਦੇ ਹੋਂਦ ਵਿਚ ਆਉਣ ਤੋਂ ਪਹਿਲਾਂ ਭਾਰਤੀ ਮੁੱਖਧਾਰਾ ਦਾ ਅੰਗ ਬਣ
ਚੁੱਕੇ ਹਨ। ਇਸ ਲਈ ਜੱਟ ਭਾਈਚਾਰੇ ਦੀ ਮੁਕੰਮਲ ਪਛਾਣ ਜੱਟ ਸਿੱਖ ਹੈ ਅਤੇ ਆਪਣੀ ਸਿੱਖ
ਪਛਾਣ ਤੋਂ ਬਿਨਾਂ ਇਸ ਦੀ ਪਛਾਣ ਅਧੂਰੀ ਹੋ ਜਾਂਦੀ ਹੈ। ਇਹ ਵੀ ਕਿਹਾ ਜਾ ਸਕਦਾ ਹੈ ਕਿ
ਜੱਟ ਇਤਿਹਾਸਕ ਪਛਾਣ ਹੈ ਅਤੇ ਸਿੱਖੀ ਸਿਧਾਂਤਕ ਜਾਂ ਫਲਸਫੇ ਦੀ ਪਛਾਣ ਹੈ। ਜਿੰਨਾ ਚਿਰ
ਫਲਸਫਾ ਇਤਿਹਾਸ ਤੋਂ ਉੱਪਰ ਰਹੇਗਾ, ਓਨਾ ਚਿਰ ਉੱਨਤੀ ਹੋਏਗੀ। ਪੰਜਾਬ ਦੇ ਇਤਿਹਾਸ 'ਤੇ
ਇੱਕ ਸੰਖੇਪ ਝਾਤ ਮਾਰਨ ਨਾਲ ਹੀ ਇਸ ਤੱਥ ਦੀ ਪੁਸ਼ਟੀ ਹੋ ਜਾਏਗੀ ਕਿ
ਜਦੋਂ ਜੱਟ ਸਿੱਖ ਸਮੀਕਰਨ ਵਿਚ ਸਿੱਖ ਪੱਖ ਭਾਰੂ ਰਿਹਾ ਤਾਂ ਇਸ
ਭਾਈਚਾਰੇ ਅਤੇ ਸਮੁੱਚੇ ਪੰਜਾਬ ਨੇ ਬੇਮਿਸਾਲ ਉੱਨਤੀ ਕੀਤੀ।
ਬਦਕਿਸਮਤੀ ਨਾਲ ਇਹ ਵੀ ਸੱਚ ਸਾਬਤ ਹੋ ਰਿਹਾ ਹੈ ਕਿ ਜੇ ਇਹ
ਸਮੀਕਰਨ ਉਲਟ ਹੋ ਗਏ ਅਰਥਾਤ ਜੱਟ ਪੱਖ ਸਿੱਖ ਪੱਖ 'ਤੇ ਭਾਰੂ ਹੋ ਗਿਆ ਤਾਂ ਪੰਜਾਬ ਅਤੇ
ਪੰਜਾਬੀਆਂ ਦਾ ਬਹੁਤ ਨੁਕਸਾਨ ਹੋ ਸਕਦਾ ਹੈ। ਸਾਡੇ
ਮਹਾਨ ਵਿਦਵਾਨ ਪ੍ਰੋਫੈਸਰ ਪੂਰਨ ਸਿੰਘ ਨੇ ਇਸ ਸਚਾਈ ਨੂੰ ਬਹੁਤ ਸਮਾਂ ਪਹਿਲਾਂ ਹੀ
ਬੁੱਝ ਲਿਆ ਸੀ ਜਦੋਂ ਉਨ੍ਹਾਂ ਨੇ ਲਿਖਿਆ ਕਿ ਪੰਜਾਬ ਜਿਊਂਦਾ ਗੁਰਾਂ ਦੇ ਨਾਂਅ 'ਤੇ ਅਰਥਾਤ
ਜਿੰਨਾ ਚਿਰ ਫਲਸਫਾ ਰੋਜ਼ਾਨਾ ਦੀ ਜੀਵਨ-ਸ਼ੈਲੀ ਵਿਚ ਭਾਰੂ ਰਹੇਗਾ, ਓਨੀ ਦੇਰ ਪੰਜਾਬ ਕਾਇਮ
ਰਹੇਗਾ ਅਤੇ ਪ੍ਰਫੁੱਲਿਤ ਰਹੇਗਾ।