ਕੀ ਗੁਰਬਾਣੀ ਭੂਤ ਪ੍ਰੇਤ ਬੇਤਾਲ ਆਦਿ
ਨੂੰ ਮੰਨਦੀ ਹੈ ? ਇਸਦਾ ਜਵਾਬ ਹੈ...
ਬਿਲਕੁਲ ਨਹੀਂ।
ਗੁਰਬਾਣੀ
ਸਮਝਣ ਲਈ ਕੋਈ ਗੁਰਬਾਣੀ ਹੀ ਆਧਾਰ ਹੈ, ਨਾ ਕਿ ਕੋਈ ਹੋਰ ਬ੍ਰਾਹਮਣੀ ਕਹਾਣੀਆਂ, ਸਾਰੇ
ਜਵਾਬ ਗੁਰੂ ਗ੍ਰੰਥ ਸਾਹਿਬ ਵਿੱਚ ਹੀ ਹਨ, ਸਿਰਫ ਖੋਜਣ ਦੀ ਲੋੜ ਹੈ, ਤੇ ਫਿਰ ਜੀਵਨ ਵਿੱਚ
ਉਤਾਰੋ। ਬਹੁਤਾਤ ਸਿੱਖ ਅਖਵਾਉਣ ਵਾਲੇ ਭੂਤਾਂ, ਪ੍ਰੇਤਾਂ, ਬੇਤਾਲਾਂ ਆਦਿ 'ਚ ਵਿਸ਼ਵਾਸ
ਰੱਖਦੇ ਹਨ, ਜਿਸਦਾ ਵੱਡਾ ਨਮੂਨਾ ਹੈ ਡੇਰਾ ਵਡਭਾਗ ਸਿੰਘ,
ਜਿੱਥੇ ਸਿੱਖ ਅਖਵਾਉਣ ਵਾਲੇ ਆਪਣੀ ਮੂਰਖਤਾ ਦਾ ਰੱਜ ਜੇ ਮਜ਼ਾਹਰਾ ਕਰਦੇ ਹਨ।
ਜਿਹੜੇ ਉਥੇ ਨਹੀਂ ਜਾਂਦੇ, ਉਨ੍ਹਾਂ ਦਾ ਵਿਸ਼ਵਾਸ ਹੋਰ ਤਰ੍ਹਾਂ ਦੇ ਭੂਤਾਂ ਵਿੱਚ ਹੈ,
ਤੇ ਕਈ ਸ਼ਹੀਦ ਸਿੰਘਾਂ ਦੀ ਆਤਮਾ ਕਹਿ ਕੇ ਭਰਮਾਂ ਵਿੱਚ ਪਏ ਹੋਏ ਨੇ,
ਜਿਸ ਵਿੱਚ ਗਪੌੜ ਸ਼ੰਖ ਟਕਸਾਲੀ ਠਾਕੁਰ
ਸਿੰਘ ਲੋਕਾਂ ਨੂੰ 20 ਫੁੱਟੇ ਸ਼ਹੀਦ ਸਿੰਘਾਂ ਦੀਆਂ ਗੱਪਾਂ ਸੁਣਾ ਕੇ ਭਰਮਾਂ ਵਿੱਚ ਪਾਈ
ਜਾਂਦਾ ਹੈ,
(ਸਿੰਘਾਂ ਨੇ ਸ਼ਹੀਦੀ ਦੇ ਕੇ ਆਪਣਾ ਆਪ ਸੱਚ ਨੂੰ, ਗੁਰੂ ਨੂੰ
ਸਮਰਪਿਤ ਕਰ ਦਿੱਤਾ, ਉਨ੍ਹਾਂ ਦਾ ਪਹਿਰਾ ਲਗਦਾ ਆਦਿ ਭਰਮਾਂ 'ਚ ਪਾ ਕੇ ਉਨ੍ਹਾਂ ਦਾ ਮਖੌਲ
ਨਾ ਉੜਾਓ।)
ਤੇ ਗਿਆਨੀ ਸੰਤ ਸਿੰਘ ਮਸਕੀਨ ਵਰਗੇ
ਕਥਾਕਾਰ ਵੀ ਆਪਣੇ ਨਾਲ ਪ੍ਰੇਤ ਆਤਮਾਵਾਂ ਦਾ ਜ਼ਿਕਰ ਕਰਕੇ ਫੋਕੀ ਵਾਹ ਵਾਹ ਵਾਹੀ ਖੱਟਦੇ ਸਨ।
ਖੈਰ... ਸਿੱਖ ਕਿਸੇ ਦਾ ਪਿਛਲੱਗੂ ਨਹੀਂ, ਉਹ ਸਿਰਫ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ
ਗੁਰਬਾਣੀ ਨੂੰ ਆਧਾਰ ਮੰਨਦਾ ਹੈ। ਇੱਥੇ ਕੁੱਝ ਕੁ ਹੀ ਪ੍ਰਮਾਣ ਦਿੱਤੇ ਜਾ ਰਹੇ ਨੇ, ਜਿਨ੍ਹਾਂ
ਨੂੰ ਟੇਕ ਰੱਖਕੇ ਕੇ ਬਾਕੀ ਸ਼ਬਦ ਵੀ ਵਿਚਾਰੇ ਜਾਣ ਤਾਂ, ਸਮਝਣਾ ਸੌਖਾ ਹੋਵੇਗਾ ਕਿ
ਇਹ ਪ੍ਰੇਤ, ਬੇਤਾਲ ਉਹੀ ਜੀਅ ਹਨ,
ਜਿਨ੍ਹਾਂ ਦੇ ਵਿੱਚੋਂ ਰੱਬੀ ਗੁਣ, ਰੱਬੀ ਪਿਆਰ, ਰੱਬ ਦੀ ਸਿਫਤ ਸਲਾਹ ਦਾ ਵਾਸਾ ਨਹੀਂ।
ਗੁਰਬਾਣੀ ਪ੍ਰੇਤ
ਬੇਤਾਲਾਂ ਬਾਰੇ ਕੀ ਕਹਿੰਦੀ ਹੈ, ਆਓ ਦੇਖਿਏ :
ਭੈਰਉ ਮਹਲਾ 3 ॥
ਕਲਿ ਮਹਿ ਪ੍ਰੇਤ
ਜਿਨੀ ਰਾਮੁ ਨ ਪਛਾਤਾ ਸਤਜੁਗਿ ਪਰਮ ਹੰਸ ਬੀਚਾਰੀ ॥
ਪੰਨਾਂ 1131
ਹੇ ਭਾਈ! ਕਲਜੁਗ ਵਿਚ "ਪ੍ਰੇਤ" (ਸਿਰਫ਼ ਉਹੀ) ਹਨ, ਜਿਨ੍ਹਾਂ ਨੇ ਪਰਮਾਤਮਾ ਨੂੰ (ਆਪਣੇ
ਹਿਰਦੇ ਵਿਚ ਵੱਸਦਾ) ਨਹੀਂ ਪਛਾਣਿਆ।
(ਜੁੱਗ ਦਾ ਬਦਲਾਅ ਵੀ ਬੰਦੇ ਅੰਦਰ ਹੀ ਹੈ, ਜਿਸ ਤਰ੍ਹਾਂ ਦੀ ਬਿਰਤੀ ਕਿਸੇ ਮਨੁੱਖ ਦੀ ਹੈ,
ਉਸੇ ਤਰ੍ਹਾਂ ਦਾ ਜੁੱਗ ਬਦਲਦਾ ਰਹਿੰਦਾ ਹੈ)
ਮ:5 ਸਲੋਕ॥
ਜਿਸੁ ਬਿਸਰਤ ਤਨੁ ਭਸਮ ਹੋਇ ਕਹਤੇ ਸਭਿ
ਪ੍ਰੇਤੁ ॥ ਪੰਨਾਂ 706
ਜਿਸ ਮਨੁੱਖ ਨੂੰ ਰੱਬ ਵਿਸਰ ਜਾਂਦਾ ਹੈ, ਉਸਦਾ ਸਰੀਰ ਭਸਮ ਸਮਾਨ ਹੀ ਹੈ, ਤੇ ਉਸੇ ਨੂੰ "ਪ੍ਰੇਤ"
ਆਖਿਆ ਜਾਂਦਾ ਹੈ।
ਮ:5 ਸਲੋਕ॥
ਹਰਿ ਭਗਤਿ ਭਾਵ ਹੀਣੰ ਨਾਨਕ ਪ੍ਰਭ ਬਿਸਰਤ ਤੇ
ਪ੍ਰੇਤਤਹ ॥1॥ ਪੰਨਾਂ 706
ਜੋ ਜੀਵ ਪ੍ਰਭੂ ਨੂੰ ਵਿਸਾਰਦੇ ਹਨ ਉਹ (ਮਾਨੋ) ਜਿੰਨ ਭੂਤ (ਪ੍ਰੇਤ) ਹਨ।੧।
ਮ: 9
ਜਬ ਹੀ ਹੰਸ ਤਜੀ ਇਹ ਕਾਂਇਆ
ਪ੍ਰੇਤ ਪ੍ਰੇਤ ਕਰਿ ਭਾਗੀ
॥2॥ ਪੰਨਾਂ 634
ਜਦੋਂ ਹੰਸ ਰੂਪੀ ਗੁਣ ਇਸ ਤਨ ਵਿੱਚੋਂ ਨਿਕਲ ਜਾਣ, ਤਾਂ ਲੋਕ ਉਸ ਡਰਾਉਣੇ ਮਨੁੱਖ ਤੋਂ ਡਰ
ਕੇ, ਉਸਨੂੰ ਪ੍ਰੇਤ ਪ੍ਰੇਤ ਸੱਦ ਕੇ ਭੱਜ ਉਠਦੇ ਹਨ।
(ਹੰਸ ਨੂੰ ਸਮਝਣ ਲਈ ਗੁਰਬਾਣੀ ਦੀ ਇਕ ਹੋਰ ਸਤਰ ਹ
ਹੰਸਾ ਹੀਰਾ ਮੋਤੀ ਚੁਗਣਾ ਬਗੁ ਡਡਾ ਭਾਲਣ ਜਾਵੈ ॥
ਹੰਸ ਬਿਰਤੀ ਵਾਲੇ ਮਨੁੱਖ ਮੋਤੀ ਭਾਵ ਚੰਗੇ ਗੁਣ ਚੁੱਗਦੇ ਹਨ, ਤੇ ਬਗਲਾ (ਪਾਖੰਡ ਬਿਰਤੀ
ਵਲੇ) ਛੱਪੜਾਂ ਵਿੱਚੋਂ ਡੱਡੂ ਹੀ ਭਾਲਦਾ ਹੈ।
ਭੱਟ ਨਲ
ਸਤਿਗੁਰੂ ਚਰਨ ਜਿਨ੍ ਪਰਸਿਆ ਸੇ
ਪਸੁ ਪਰੇਤ ਸੁਰਿ ਨਰ ਭਇਅ
॥2॥6॥ ਪੰਨਾਂ 1399
ਜਿਨ੍ਹਾਂ ਨੇ ਸਤਿਗੁਰੂ ਦੀ ਦਾ ਉਦੇਸ਼ ਗ੍ਰਹਿਣ ਕਰ ਲਿਆ, ਉਹ ਪਸੁ ਤੇ ਪ੍ਰੇਤ ਬਿਰਤੀ ਵਾਲੇ
ਲੋਕ ਨਰ (ਬੰਦੇ) ਬਣ ਗਏ।
ਗੁਰਬਾਣੀ ਵਿੱਚ ਚਰਣ - ਗੁਰੂ ਦੇ ਉਪਦੇਸ਼ ਲਈ ਵਰਤਿਆ
ਗਿਆ ਹੈ... ਹਿਰਦੈ ਚਰਣ ਸਬਦੁ ਸਤਿਗੁਰ ਕੋ ਨਾਨਕ ਬਾਂਧਿਓ ਪਾਲ
॥
ਭਾਈ ਗੁਰਦਾਸ ਜੀ ਵੀ ਪ੍ਰੇਤ ਕੌਣ ਨੇ ਉਸ
ਬਾਰੇ ਆਪਣੀ ਵਾਰ 10 ਵਿੱਚ ਕਹਿੰਦੇ ਹਨ
ਜਿਉ ਲੋਹਾ ਪਾਰਸੁ ਛੁਹੇ ਚੰਦਨ ਵਾਸੁ
ਨਿੰਮੁ ਮਹਕਾਈ॥
ਜਿਸ ਤਰ੍ਹਾਂ ਪਾਰਸ ਦੇ ਛੂਹਣ ਨਾਲ ਲੋਹਾ ਵੀ ਪਾਰਸ ਬਣ ਜਾਂਦਾ ਹੈ, ਤੇ ਚੰਦਨ
ਦੇ ਵਾਸ ਨਾਲ ਨਿੰਮ ਦਾ ਬਿਰਖ ਵੀ ਮਹਿਜ ਜਾਂਦਾ ਹੈ।
ਪਸੂ ਪਰੇਤਹੁ
ਦੇਵ ਕਰਿ ਪੂਰੇ ਸਤਿਗੁਰ ਦੀ ਵਡਿਆਈ॥
ਉਸੇ ਤਰ੍ਹਾਂ ਪੂਰੇ ਸਤਿਗੁਰੂ ਦੀ ਵਡਿਆਈ ਨਾਲ, ਉਪਦੇਸ਼ ਗ੍ਰਹਿਣ ਕਰਨ ਨਾਲ ਪਸੂ
ਪ੍ਰੇਤ ਬਿਰਤੀ ਵਾਲੇ, ਦੇਵਤੇ (ਰੱਬੀ ਗੁਣਾਂ ਦੇ ਧਾਰਣੀ ਮਨੁੱਖ) ਬਣ ਜਾਂਦੇ ਹਨ।
ਭਾਈ ਗੁਰਦਾਸ ਜੀ ਵਾਰ 42
'ਚ ਪਸੂ ਤੇ ਮਨੁੱਖ ਦਾ ਅੰਤਰ ਦਸਦੇ ਹਨ, ਤੇ ਕਹਿੰਦੇ ਹਨ ਕਿ:
ਪਸੂਆ ਮਨੁਖ ਦੇਹ ਅੰਤਰਿ ਅੰਤਰੁ ਇਹੈ
ਸਬਦ ਸੁਰਤਿ ਕੋ ਬਿਬੇਕ ਅਬਿਬੇਕ ਹੈ ॥
ਪਸੂ ਤੇ ਮਨੁੱਖ ਦੀ ਦੇਹ ਦੇ ਵਿੱਚ ਕੀ ਅੰਤਰ ਹੈ, ਅੰਤਰ ਇਸ ਗੱਲ ਦਾ ਹੈ ਕਿ
ਮਨੁੱਖ ਕੋਲ ਸ਼ਬਦ ਦੀ ਸੁਰਤ ਹੈ, ਭਾਵ ਅਖਰ ਹਨ, ਦਿਮਾਗ ਹੈ, ਪਰ ਪਸੂ ਕੋਲ ਨਾ ਤਾਂ ਗਿਆਨ
ਹੈ ਨਾ ਸਮਰੱਥਾ।
ਪਸੁ ਹਰਿਆਉ ਕਹਿਓ ਸੁਨਿਓ ਅਨਸੁਨਿਓ ਕਰੈ
ਮਾਨਸ ਜਨਮ ਉਪਦੇਸ ਰਿਦੈ ਟੇਕ ਹੈ ॥
ਜੇ ਪਸੂ ਨੂੰ ਹਰੀ ਘਾਹ (ਭਾਵ ਚੰਗੀ ਸਲਾਹ, ਗਿਆਨ) ਵਾਲੇ ਪਾਸੋਂ ਰੋਕੋ, ਤਾਂ ਉਹ
ਉਸ ਪਾਸੇ ਨਹੀਂ ਜਾਂਦਾ, ਪਰ ਮਨੁੱਖ ਉਹ ਗਿਆਨ, ਉਪਦੇਸ਼ ਗ੍ਰਹਿਣ ਕਰਦਾ ਹੈ।
ਪਸੂਆ ਸਬਦ ਹੀਨ ਜਿਹਬਾ ਨ ਬੋਲਿ ਸਕੈ
ਮਾਨਸ ਜਨਮ ਬੋਲੈ ਬਚਨ ਅਨੇਕ ਹੈ ॥
ਪਸੂ ਕੋਲ ਸ਼ਬਦ (ਅਖਰ) ਬੋਲਣ ਦੀ ਸਮਰੱਥਾ ਨਹੀਂ, ਪਰ ਮਨੁੱਖ ਬੋਲ ਸਕਦਾ ਹੈ, ਤੇ
ਅਨੇਕ ਬਚਨ ਬੋਲਦਾ ਹੈ।
ਸਬਦ ਸੁਰਤਿ ਸੁਨਿ ਸਮਝਿ ਬੋਲੈ ਬਿਬੇਕੀ
ਨਾਤੁਰ ਅਚੇਤ ਪਸੁ ਪ੍ਰੇਤ ਹੂੰ ਮੈ ਏਕ ਹੈ ॥200॥ ਵਾਰ 42
ਪਰ ਗੱਲ ਇੱਥੇ ਆ ਕੇ ਮੁਕਦੀ ਹੈ ਕਿ ਜੇ ਬੰਦਾ ਗੁਰੂ ਉਪਦੇਸ਼
ਸੁਣੇ, ਸਮਝੇ, ਤੇ ਬੋਲੇ ਤੇ ਉਹ ਬਿਬੇਕੀ ਹੈ, ਗਿਆਨ ਵਾਨ ਹੈ,
ਨਹੀਂ ਤਾਂ ਉਹ ਵੀ ਉਨ੍ਹਾਂ ਪਸੂ ਪ੍ਰੇਤਾਂ ਵਰਗਾ ਹੀ ਇੱਕ ਹੈ।
ਬੇਤਾਲ ਦਾ ਅਖਰੀ ਅਰਥ ਹੈ :
ਤਾਲ ਤੋਂ ਖੁੰਝੇ ਹੋਏ, ਸਹੀ ਜੀਵਨ-ਚਾਲ ਤੋਂ ਖੁੰਝੇ ਹੋਏ
।
ਮ: 4
ਸਚੁ ਸਚਾ ਜਿਨੀ ਅਰਾਧਿਆ ਸੇ ਜਾਇ ਰਲੇ ਸਚ ਨਾਲੇ ॥ ਸਚੁ ਸਚਾ
ਜਿਨੀ ਨ ਸੇਵਿਆ ਸੇ ਮਨਮੁਖ ਮੂੜ ਬੇਤਾਲੇ
॥ ਓਹ ਆਲੁ ਪਤਾਲੁ ਮੁਹਹੁ ਬੋਲਦੇ ਜਿਉ ਪੀਤੈ ਮਦਿ ਮਤਵਾਲੇ ॥
ਪੰਨਾਂ 311
ਪ੍ਰੋਫੈਸਰ ਸਾਹਿਬ ਸਿੰਘ ਇਸ ਸਭਦ ਦਾ ਅਰਥ ਇਓਂ ਕਰਦੇ ਹਨ :ਜਿਨ੍ਹਾਂ ਨੇ ਸੱਚ-ਮੁਚ ਸੱਚਾ
ਹਰੀ ਸੇਵਿਆ ਹੈ, ਉਹ ਉਸ ਸੱਚੇ ਦੇ ਨਾਲ ਜਾ ਰਲੇ ਹਨ । ਜਿਨ੍ਹਾਂ ਨੇ ਸੱਚੇ ਹਰੀ ਨੂੰ ਨਹੀਂ
ਸੇਵਿਆ, ਉਹ ਮਨਮੁਖ ਮੂਰਖ ਤੇ ਭੂਤਨੇ ਮੂੰਹੋਂ ਅਜਿਹਾ ਬਕਵਾਸ ਕਰਦੇ ਹਨ, ਜਿਵੇਂ ਸ਼ਰਾਬ
ਪੀਤਿਆਂ ਸ਼ਰਾਬੀ (ਬਕਵਾਸ ਕਰਦੇ ਹਨ) ।19।
ਮ: 5
ਨਸਿ ਵੰਞਹੁ ਕਿਲਵਿਖਹੁ ਕਰਤਾ ਘਰਿ ਆਇਆ ॥
ਦੂਤਹ ਦਹਨੁ ਭਇਆ
ਗੋਵਿੰਦੁ ਪ੍ਰਗਟਾਇਆ ॥ ਪੰਨਾਂ 460
ਹੇ ਪਾਪੋ! (ਮੇਰੇ ਹਿਰਦੇ) ਘਰ ਵਿੱਚ (ਮੇਰਾ) ਕਰਤਾਰ ਆ ਵੱਸਿਆ ਹੈ (ਹੁਣ ਤੁਸੀਂ ਮੇਰੇ
ਹਿਰਦੇ ਵਿਚੋਂ) ਚਲੇ ਜਾਵੋ ।
ਇਸ ਨਾਲ ਮੇਰੇ ਅੰਦਰੋਂ ਦੂਤ (ਭੂਤ) ਸੜ ਗਏ ਹਨ, ਤੇ ਗੋਬਿੰਦ (ਰੱਬ) ਦੇ ਗੁਣਾਂ ਦਾ
ਪ੍ਰਗਟਾਵਾ ਹੋ ਚੁਕਾ ਹੈ।
ਮਾਰੂ ਮਹਲਾ 1 ॥
ਦੁੰਦਰ ਦੂਤ ਭੂਤ
ਭੀਹਾਲੇ ॥ ਖਿੰਚੋਤਾਣਿ ਕਰਹਿ ਬੇਤਾਲੇ
॥ ਸਬਦ ਸੁਰਤਿ ਬਿਨੁ ਆਵੈ ਜਾਵੈ ਪਤਿ ਖੋਈ ਆਵਤ ਜਾਤਾ ਹੇ ॥8॥
ਪੰਨਾਂ 1031
ਜਿਸ ਮਨੁੱਖ ਦੇ ਅੰਦਰ ਰੌਲਾ ਪਾਣ ਵਾਲੇ ਤੇ ਡਰਾਉਣੇ ਭੂਤਾਂ ਵਰਗੇ ਕਾਮਾਦਿਕ ਵੈਰੀ ਵੱਸਦੇ
ਹੋਣ ਤੇ ਉਹ ਭੂਤ ਆਪੋ ਆਪਣੇ ਪਾਸੇ ਵਲ ਖਿੱਚਾ-ਖਿੱਚੀ ਕਰ ਰਹੇ ਹੋਣ, ਉਹ ਮਨੁੱਖ ਗੁਰੂ ਦੇ
ਸ਼ਬਦ ਦੀ ਸੁਰਤਿ-ਸੂਝ ਤੋਂ ਵਾਂਝਿਆਂ ਰਹਿ ਕੇ ਜੰਮਦਾ ਮਰਦਾ ਰਹਿੰਦਾ ਹੈ, ਆਪਣੀ ਇੱਜ਼ਤ ਗਵਾ
ਲੈਂਦਾ ਹੈ, ਜਨਮ ਮਰਨ ਦੇ ਗੇੜ ਵਿਚ ਪਿਆ ਰਹਿੰਦਾ ਹੈ ।8।
ਸਲੋਕ ਮ: 4 ॥
ਜਿਨਾ ਸਤਿਗੁਰ ਕਾ ਆਖਿਆ ਸੁਖਾਵੈ ਨਾਹੀ ਤਿਨਾ ਮੁਹ ਭਲੇਰੇ
ਫਿਰਹਿ ਦਯਿ ਗਾਲੇ ॥
ਜਿਨ ਅੰਦਰਿ ਪ੍ਰੀਤਿ ਨਹੀ ਹਰਿ ਕੇਰੀ ਸੇ ਕਿਚਰਕੁ ਵੇਰਾਈਅਨਿ
ਮਨਮੁਖ ਬੇਤਾਲੇ ॥
ਪੰਨਾਂ 304
ਜਿਨ੍ਹਾਂ ਮਨੁੱਖਾਂ ਨੂੰ ਸਤਿਗੁਰੂ ਦੇ ਬਚਨ ਚੰਗੇ ਨਹੀ ਲੱਗਦੇ ਉਹਨਾਂ ਦੇ ਮੂੰਹ ਭਰਿਸ਼ਟੇ
ਹੋਏ ਹੁੰਦੇ ਹਨ, ਉਹ ਖਸਮ ਵਲੋਂ ਫਿਟਕਾਰੇ ਹੋਏ ਫਿਰਦੇ ਹਨ । ਜਿਨ੍ਹਾਂ ਦੇ ਹਿਰਦੇ ਵਿਚ
ਪ੍ਰਭੂ ਦਾ ਪਿਆਰ ਨਹੀ, ਕਦ ਤਾਈਂ ਉਹਨਾਂ ਨੂੰ ਧੀਰਜ ਦਿੱਤੀ ਜਾ ਸਕਦੀ ਹੈ? ਉਹ ਮਨ ਦੇ
ਮੁਰੀਦ ਬੰਦੇ "ਭੂਤਾਂ" ਵਾਂਗ ਹੀ ਭਟਕਦੇ ਹਨ ।
ਉਪਰ ਦਿਤੇ ਗੁਰਬਾਣੀ ਪ੍ਰਮਾਣਾਂ ਨਾਲ ਇਹ
ਗਲ ਸਾਫ ਹੋ ਜਾਂਦੀ ਹੈ ਕਿ ਪ੍ਰੇਤ ਬੂਤ ਬੇਤਾਲ ਕੋਈ ਵਖਰੀ ਡਰਾਉਣੀ ਸ਼ੈਅ ਨਹੀਂ, ਸਗੋਂ
ਮਨੁੱਖੀ ਸਰੀਰ ਅੰਦਰ ਵਸਦੇ ਅਵਗੁਣ ਹੀ ਹਨ, ਜਿਹੜੇ ਗੁਰੂ ਉਪਦੇਸ਼ ਨਾਲ ਗੁਰੂ ਦੀ ਮਤਿ 'ਚ
ਤਬਦੀਲ ਹੋ ਸਕਦੇ ਹਨ, ਤੇ ਉਹ ਜੀਅ ਹੀ ਮਨੁੱਖ ਬਣ ਸਕਦੇ ਹਨ।